ਤੁਹਾਡੇ ਫ਼ੋਨ ਤੋਂ ਲੈ ਕੇ ਲੈਪਟਾਪ ਤੱਕ ਕਈ ਚੀਜ਼ਾਂ 2026 ਵਿੱਚ ਮਹਿੰਗੀਆਂ ਕਿਉਂ ਹੋ ਸਕਦੀਆਂ ਹਨ

    • ਲੇਖਕ, ਟੌਮ ਗੇਰਕਨ

ਰੈਮ ਤੁਹਾਡੇ ਦੁਆਰਾ ਵਰਤੇ ਜਾਣ ਵਾਲੇ ਹਰ ਕੰਪਿਊਟਰ ਦਾ ਇੱਕ ਲਾਜ਼ਮੀ ਹਿੱਸਾ ਹੈ।

ਸਾਡੇ ਸਾਰਿਆਂ ਦੁਆਰਾ ਵਰਤੇ ਜਾਣ ਵਾਲੇ ਬਹੁਤ ਸਾਰੇ ਉਪਕਰਣਾਂ ਦੀਆਂ ਕੀਮਤਾਂ 2026 ਵਿੱਚ ਵਧਣ ਲਈ ਮਜਬੂਰ ਹੋ ਸਕਦੀਆਂ ਹਨ। ਅਜਿਹਾ ਇਸ ਲਈ ਕਿਉਂਕਿ ਰੈਮ- ਜੋ ਕਦੇ ਕੰਪਿਊਟਰ ਦੇ ਸਭ ਤੋਂ ਸਸਤੇ ਪੁਰਜ਼ਿਆਂ ਵਿੱਚੋਂ ਇੱਕ ਸੀ, ਪਿਛਲੇ ਸਾਲ ਭਾਵ 2025 ਦੇ ਅਕਤੂਬਰ ਵਿੱਚ ਇਸ ਦੀ ਕੀਮਤ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ।

ਇਹ ਤਕਨੀਕ ਸਮਾਰਟਫੋਨ ਤੋਂ ਲੈ ਕੇ ਸਮਾਰਟ ਟੀਵੀ ਦੇ ਤੋਂ ਇਲਾਵਾ ਮੈਡੀਕਲ ਉਪਕਰਣਾਂ ਤੱਕ ਹਰ ਚੀਜ਼ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ।

ਇਸਦੀ ਕੀਮਤ ਏਆਈ ਡੇਟਾ ਸੈਂਟਰਾਂ ਵਿੱਚ ਹੋਏ ਬਹੁਤ ਜ਼ਿਆਦਾ ਵਾਧੇ ਕਾਰਨ ਵਧੀ ਹੈ। ਇਨ੍ਹਾਂ ਸੈਂਟਰਾਂ ਨੂੰ ਰੈਮ ਦੀ ਵੀ ਲੋੜ ਹੁੰਦੀ ਹੈ। ਇਸ ਕਾਰਨ ਮੰਗ ਅਤੇ ਪੂਰਤੀ ਵਿਚਕਾਰ ਅਸੰਤੁਲਨ ਪੈਦਾ ਹੋ ਗਿਆ ਹੈ। ਨਤੀਜੇ ਵਜੋਂ ਹਰ ਕਿਸੇ ਨੂੰ ਜ਼ਿਆਦਾ ਭੁਗਤਾਨ ਕਰਨਾ ਪਵੇਗਾ।

ਨਿਰਮਾਤਾ ਅਕਸਰ ਲਾਗਤ ਵਿੱਚ ਮਾਮੂਲੀ ਵਾਧੇ ਨੂੰ ਖੁਦ ਸਹਿਣ ਕਰ ਲੈਂਦੇ ਹਨ, ਪਰ ਵੱਡੇ ਵਾਧੇ ਆਮ ਤੌਰ 'ਤੇ ਖਪਤਕਾਰਾਂ 'ਤੇ ਪਾ ਦਿੱਤੇ ਜਾਂਦੇ ਹਨ। ਲੇਕਿਨ ਇਸ ਵਾਰ ਦੇ ਵਾਧੇ ਕਿਸੇ ਵੀ ਲਿਹਾਜ਼ ਨਾਲ ਛੋਟੇ ਨਹੀਂ ਹਨ।

ਕੰਪਿਊਟਰ ਬਣਾਉਣ ਵਾਲੀ ਕੰਪਨੀ ਸਾਈਬਰਪਾਵਰ-ਪੀਸੀ ਦੇ ਮੁਖੀ ਸਟੀਵ ਮੇਸਨ ਨੇ ਦੱਸਿਆ, "ਸਾਨੂੰ ਅਜਿਹੀਆਂ ਕੀਮਤਾਂ ਦੱਸੀਆਂ ਜਾ ਰਹੀਆਂ ਹਨ ਜੋ ਸਿਰਫ਼ ਕੁਝ ਮਹੀਨੇ ਪਹਿਲਾਂ ਦੇ ਮੁਕਾਬਲੇ ਲਗਭਗ 500% ਵਧੇਰੇ ਹਨ।"

ਉਨ੍ਹਾਂ ਨੇ ਕਿਹਾ ਕਿ "ਇੱਕ ਸਮਾਂ ਅਜਿਹਾ ਆਵੇਗਾ" ਜਿੱਥੇ ਪੁਰਜ਼ਿਆਂ ਦੀਆਂ ਇਹ ਵਧੀਆਂ ਹੋਈਆਂ ਕੀਮਤਾਂ ਨਿਰਮਾਤਾਵਾਂ ਨੂੰ "ਕੀਮਤਾਂ ਬਾਰੇ ਫੈਸਲੇ ਲੈਣ" ਲਈ "ਮਜਬੂਰ" ਕਰ ਦੇਣਗੀਆਂ।

ਉਨ੍ਹਾਂ ਕਿਹਾ, "ਜੇਕਰ ਕੋਈ ਚੀਜ਼ ਮੈਮੋਰੀ ਜਾਂ ਸਟੋਰੇਜ ਦੀ ਵਰਤੋਂ ਕਰਦੀ ਹੈ, ਤਾਂ ਕੀਮਤਾਂ ਵਧਣ ਦੀ ਸੰਭਾਵਨਾ ਹੈ।"

"ਨਿਰਮਾਤਾਵਾਂ ਨੂੰ ਚੋਣ ਕਰਨੀ ਪਵੇਗੀ ਅਤੇ ਖਪਤਕਾਰਾਂ ਨੂੰ ਵੀ।"

ਰੈਮ - ਜਾਂ ਰੈਂਡਮ ਐਕਸੈਸ ਮੈਮੋਰੀ - ਦੀ ਵਰਤੋਂ ਤੁਹਾਡੀ ਵਰਤੋਂ ਦੌਰਾਨ ਕੋਡ ਨੂੰ ਆਰਜੀ ਤੌਰ ਉੱਤੇ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਇਹ ਲਗਭਗ ਹਰ ਕਿਸਮ ਦੇ ਕੰਪਿਊਟਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

ਉਦਾਹਰਣ ਵਜੋਂ, ਇਸਦੇ ਬਿਨਾਂ ਤੁਹਾਡੇ ਲਈ ਇਹ ਲੇਖ ਪੜ੍ਹਨਾ ਅਸੰਭਵ ਹੋ ਜਾਵੇਗਾ।

ਇਸ ਪੁਰਜ਼ੇ ਦੇ ਹਰ ਪਾਸੇ ਮੌਜੂਦ ਹੋਣ ਕਾਰਨ, ਕੰਪਿਊਟਰ ਬਣਾਉਣ ਵਾਲੀ ਸਾਈਟ ਪੀਸੀ-ਸਪੈਸ਼ਲਿਸਟ ਦੇ ਡੈਨੀ ਵਿਲੀਅਮਜ਼ ਨੂੰ ਉਮੀਦ ਹੈ ਕਿ ਕੀਮਤਾਂ ਵਿੱਚ ਵਾਧਾ "2026 ਵਿੱਚ ਵੀ" ਜਾਰੀ ਰਹੇਗਾ।

ਉਨ੍ਹਾਂ ਕਿਹਾ, "2025 ਵਿੱਚ ਮਾਰਕੀਟ ਬਹੁਤ ਤੇਜ਼ ਰਹੀ ਹੈ ਅਤੇ ਜੇਕਰ ਮੈਮੋਰੀ ਦੀਆਂ ਕੀਮਤਾਂ ਘੱਟ ਨਹੀਂ ਹੁੰਦੀਆਂ, ਤਾਂ ਮੈਨੂੰ 2026 ਵਿੱਚ ਗਾਹਕਾਂ ਦੀ ਮੰਗ ਵਿੱਚ ਕਮੀ ਦੀ ਉਮੀਦ ਹੈ।"

ਉਨ੍ਹਾਂ ਨੇ ਵੱਖ-ਵੱਖ ਰੈਮ ਉਤਪਾਦਕਾਂ ਵਿੱਚ "ਵੱਖੋ-ਵੱਖਰਾ ਪ੍ਰਭਾਵ" ਦੇਖਿਆ ਹੈ।

ਉਨ੍ਹਾਂ ਕਿਹਾ, "ਕੁਝ ਵਿਕਰੇਤਾਵਾਂ ਕੋਲ ਵੱਡਾ ਸਟਾਕ (ਇਨਵੈਂਟਰੀ) ਹੈ ਅਤੇ ਇਸ ਲਈ ਉਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਸ਼ਾਇਦ 1.5 ਗੁਣਾ ਤੋਂ 2 ਗੁਣਾ ਤੱਕ ਮਾਮੂਲੀ ਹੈ।"

ਲੇਕਿਨ ਉਨ੍ਹਾਂ ਨੇ ਕਿਹਾ ਕਿ ਹੋਰ ਫਰਮਾਂ ਕੋਲ ਇੰਨੀ ਵੱਡੀ ਮਾਤਰਾ ਵਿੱਚ ਸਟਾਕ ਨਹੀਂ ਸੀ - ਅਤੇ ਉਨ੍ਹਾਂ ਨੇ ਕੀਮਤਾਂ ਵਿੱਚ "5 ਗੁਣਾ ਤੱਕ" ਵਾਧਾ ਕੀਤਾ ਸੀ।

ਰੈਮ ਦੀਆਂ ਕੀਮਤਾਂ ਏਆਈ ਕਾਰਨ ਵਧ ਰਹੀਆਂ ਹਨ

'ਚਿੱਪ ਵਾਰ' ਦੇ ਲੇਖਕ ਕ੍ਰਿਸ ਮਿਲਰ ਮੁਤਾਬਕ ਏਆਈ ਕੰਪਿਊਟਰ ਮੈਮੋਰੀ ਦੀ ਮੰਗ ਵਧਾਉਣ ਵਾਲਾ "ਮੁੱਖ ਕਾਰਕ" ਹੈ।

ਉਨ੍ਹਾਂ ਕਿਹਾ, "ਮੈਮੋਰੀ ਚਿੱਪਾਂ ਦੀ ਮੰਗ ਵਿੱਚ ਜੋ ਉਛਾਲ ਆਇਆ ਹੈ, ਉਸ ਵਿੱਚ ਸਭ ਤੋਂ ਵੱਡਾ ਯੋਗਦਾਨ ਹਾਈ-ਐਂਡ ਹਾਈ ਬੈਂਡਵਿਡਥ ਮੈਮੋਰੀ ਦਾ ਰਿਹਾ ਹੈ ਜਿਸਦੀ ਲੋੜ ਏਆਈ ਨੂੰ ਹੁੰਦੀ ਹੈ। ਇਸ ਨਾਲ ਵੱਖ-ਵੱਖ ਕਿਸਮਾਂ ਦੀਆਂ ਮੈਮੋਰੀ ਚਿੱਪਸ ਦੀਆਂ ਕੀਮਤਾਂ ਵਧੀਆਂ ਹਨ।"

ਉਨ੍ਹਾਂ ਕਿਹਾ ਕਿ ਕੀਮਤਾਂ ਅਕਸਰ "ਮੰਗ ਅਤੇ ਪੂਰਤੀ" ਦੇ ਅਧਾਰ 'ਤੇ "ਨਾਟਕੀ ਢੰਗ ਨਾਲ ਬਦਲਦੀਆਂ ਹਨ"। ਇਸ ਸਮੇਂ ਮੰਗ ਕਾਫ਼ੀ ਜ਼ਿਆਦਾ ਹੈ।

ਟੈੱਕ ਇਨਸਾਈਟਸ ਦੇ ਮਾਈਕ ਹਾਵਰਡ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਕਲਾਉਡ ਸੇਵਾ ਦੇਣ ਵਾਲਿਆਂ ਵੱਲੋਂ 2026 ਅਤੇ 2027 ਲਈ ਆਪਣੀਆਂ ਮੈਮੋਰੀ ਜ਼ਰੂਰਤਾਂ ਨੂੰ ਅੰਤਿਮ ਰੂਪ ਦੇਣ ਕਾਰਨ ਹੋਇਆ ਹੈ।

ਉਨ੍ਹਾਂ ਕਿਹਾ ਕਿ ਇਸ ਨਾਲ ਰੈਮ ਨਿਰਮਾਤਿਆਂ ਨੂੰ ਮੰਗ ਦੀ ਸਪਸ਼ਟ ਤਸਵੀਰ ਮਿਲੀ ਹੈ - ਅਤੇ ਇਹ "ਸਪਸ਼ਟ" ਹੈ ਕਿ ਪੂਰਤੀ "ਉਨ੍ਹਾਂ ਪੱਧਰਾਂ ਨੂੰ ਪੂਰਾ ਨਹੀਂ ਕਰੇਗੀ ਜਿਨ੍ਹਾਂ ਦੀ ਐਮਾਜ਼ਾਨ, ਗੂਗਲ ਅਤੇ ਹੋਰ "ਹਾਈਪਰਸਕੇਲਰ" ਯੋਜਨਾ ਬਣਾ ਰਹੇ ਹਨ।"

ਹਾਈਪਰਸਕੇਲਰ— ਉਹ ਵੱਡੀਆਂ ਕੰਪਨੀਆਂ ਹਨ (ਜਿਵੇਂ ਐਮਾਜ਼ਾਨ, ਗੂਗਲ ਅਤੇ ਮਾਈਕ੍ਰੋਸਾਫਟ) ਜੋ ਦੁਨੀਆ ਭਰ ਵਿੱਚ ਬਹੁਤ ਵੱਡੇ ਪੱਧਰ 'ਤੇ ਕਲਾਉਡ ਸੇਵਾਵਾਂ ਅਤੇ ਡੇਟਾ ਸੈਂਟਰ ਚਲਾਉਂਦੀਆਂ ਹਨ। ਇਹ ਕੰਪਨੀਆਂ ਏਆਈ ਲਈ ਇੰਨੀ ਜ਼ਿਆਦਾ ਰੈਮ ਖ਼ਰੀਦ ਰਹੀਆਂ ਹਨ ਕਿ ਆਮ ਲੈਪਟਾਪ ਅਤੇ ਫ਼ੋਨ ਬਣਾਉਣ ਵਾਲੀਆਂ ਕੰਪਨੀਆਂ ਲਈ ਸਟਾਕ ਘਟ ਰਿਹਾ ਹੈ, ਜਿਸ ਕਾਰਨ ਕੀਮਤਾਂ ਵਧ ਰਹੀਆਂ ਹਨ।

ਉਨ੍ਹਾਂ ਕਿਹਾ, "ਮੰਗ ਦੀ ਸਪਸ਼ਟਤਾ ਅਤੇ ਪੂਰਤੀ ਦੀਆਂ ਰੁਕਾਵਟਾਂ ਦੇ ਸੰਜੋਗ ਕਾਰਨ, ਪੂਰਤੀਕਾਰਾਂ ਨੇ ਲਗਾਤਾਰ ਕੀਮਤਾਂ ਨੂੰ ਕੁਝ ਮਾਮਲਿਆਂ ਵਿੱਚ ਬਹੁਤ ਜ਼ਿਆਦਾ ਉੱਪਰ ਵੱਲ ਧੱਕਿਆ ਹੈ।"

"ਕੁਝ ਸਪਲਾਇਰਾਂ ਨੇ ਕੀਮਤਾਂ ਦੀਆਂ ਕੋਟੇਸ਼ਨਾਂ ਜਾਰੀ ਕਰਨਾ ਵੀ ਰੋਕ ਦਿੱਤਾ ਹੈ, ਜੋ ਕਿ ਇੱਕ ਦੁਰਲੱਭ ਕਦਮ ਹੈ ਜੋ ਇਸ ਭਰੋਸੇ ਦਾ ਸੰਕੇਤ ਦਿੰਦਾ ਹੈ ਕਿ ਭਵਿੱਖ ਵਿੱਚ ਕੀਮਤਾਂ ਹੋਰ ਵਧਣਗੀਆਂ।"

ਉਨ੍ਹਾਂ ਕਿਹਾ ਕਿ ਕੁਝ ਨਿਰਮਾਤਾਵਾਂ ਨੇ ਸ਼ਾਇਦ ਇਸਦੀ ਪੇਸ਼ੇਨਗੋਈ ਕਰ ਲਈ ਹੋਵੇਗੀ ਅਤੇ ਕੀਮਤਾਂ ਦੇ ਵਾਧੇ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਸਮੇਂ ਤੋਂ ਪਹਿਲਾਂ ਆਪਣਾ ਸਟਾਕ ਤਿਆਰ ਕਰ ਲਿਆ ਹੋਵੇਗਾ। ਲੇਕਿਨ ਮਾਈਕ ਮੁਤਾਬਕ ਅਜਿਹੀਆਂ ਫਰਮਾਂ "ਅਪਵਾਦ" ਹਨ।

ਉਨ੍ਹਾਂ ਨੇ ਕਿਹਾ, "ਪੀਸੀ ਵਿੱਚ, ਮੈਮੋਰੀ ਆਮ ਤੌਰ 'ਤੇ ਕੁੱਲ ਲਾਗਤ ਦਾ 15 ਤੋਂ 20 ਫੀਸਦ ਹੁੰਦੀ ਹੈ, ਪਰ ਮੌਜੂਦਾ ਕੀਮਤਾਂ ਨੇ ਇਸ ਨੂੰ 30 ਤੋਂ 40 ਫੀਸਦੀ ਵੱਲ ਧੱਕ ਦਿੱਤਾ ਹੈ। ਜ਼ਿਆਦਾਤਰ ਗਾਹਕ ਵਰਗਾਂ ਵਿੱਚ ਮੁਨਾਫਾ ਇੰਨਾ ਜ਼ਿਆਦਾ ਨਹੀਂ ਹੁੰਦਾ ਕਿ ਇਨ੍ਹਾਂ ਵਾਧਿਆਂ ਨੂੰ ਜਜ਼ਬ ਕੀਤਾ ਜਾ ਸਕੇ।"

ਸਾਲ 2026 ਲਈ ਨਿਰਨਾ

ਕੀਮਤਾਂ ਵਧਣ ਦੇ ਰੁਝਾਨ ਦੇ ਨਾਲ, ਗਾਹਕਾਂ ਕੋਲ ਸ਼ਾਇਦ ਇਹੀ ਫੈਸਲਾ ਕਰਨ ਦਾ ਵਿਕਲਪ ਰਹਿ ਜਾਵੇਗਾ ਕਿ ਉਹ ਜ਼ਿਆਦਾ ਕੀਮਤ ਤਾਰਨ ਜਾਂ ਘੱਟ ਸ਼ਕਤੀਸ਼ਾਲੀ ਉਪਕਰਨਾਂ ਨੂੰ ਸਵੀਕਾਰ ਕਰਨ।

ਮੇਸਨ ਨੇ ਕਿਹਾ, "ਸਾਨੂੰ ਮਾਰਕੀਟ ਬਾਰੇ ਪ੍ਰਾਪਤ ਹੋਈ ਜ਼ਿਆਦਾਤਰ ਜਾਣਕਾਰੀ ਤਾਂ ਇਹੀ ਦੱਸਦੀ ਹੈ ਕਿ 2026 ਤੋਂ 2027 ਤੱਕ ਦੁਨੀਆ ਭਰ ਵਿੱਚ ਕੀਮਤ ਅਤੇ ਪੂਰਤੀ ਇੱਕ ਚੁਣੌਤੀ ਬਣੀ ਰਹੇਗੀ।"

ਕੁਝ ਵੱਡੀਆਂ ਫਰਮਾਂ ਨੇ ਗਾਹਕ ਬਾਜ਼ਾਰ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਲਿਆ ਹੈ।

ਮਾਈਕ੍ਰੋਨ, ਜੋ ਪਹਿਲਾਂ ਰੈਮ ਦੇ ਸਭ ਤੋਂ ਵੱਡੇ ਵਿਕਰੇਤਿਆਂ ਵਿੱਚੋਂ ਇੱਕ ਸੀ, ਨੇ ਦਸੰਬਰ ਵਿੱਚ ਘੋਸ਼ਣਾ ਕੀਤੀ ਸੀ ਕਿ ਉਹ ਏਆਈ ਦੀ ਮੰਗ 'ਤੇ ਧਿਆਨ ਕੇਂਦਰਿਤ ਕਰਨ ਲਈ ਆਪਣੇ 'ਕਰੂਸ਼ੀਅਲ' ਬ੍ਰਾਂਡ ਨੂੰ ਵੇਚਣਾ ਬੰਦ ਕਰ ਦੇਵੇਗਾ

ਮੇਸਨ ਨੇ ਕਿਹਾ, "ਇਸ ਨੇ ਮਾਰਕੀਟ ਵਿੱਚੋਂ ਸਭ ਤੋਂ ਵੱਡੇ ਖਿਡਾਰੀਆਂ ਵਿੱਚੋਂ ਇੱਕ ਨੂੰ ਹਟਾ ਦਿੰਦਾ ਹੈ।"

"ਇੱਕ ਪਾਸੇ, ਇਹ ਗਾਹਕਾਂ ਲਈ ਇਸਦਾ ਮਤਲਬ ਹੈ, ਘੱਟ ਵਿਕਲਪ - ਦੂਜੇ ਪਾਸੇ, ਜੇਕਰ ਉਨ੍ਹਾਂ ਦਾ ਸਾਰਾ ਉਤਪਾਦਨ ਏਆਈ ਵਿੱਚ ਖਪ ਜਾਂਦਾ ਹੈ, ਤਾਂ ਇਸ ਨਾਲ ਦੂਜਿਆਂ ਲਈ ਗਾਹਕਾਂ ਵਾਸਤੇ ਉਤਪਾਦਨ ਵਧਾਉਣ ਦੀ ਸਮਰੱਥਾ ਬਚ ਜਾਣੀ ਚਾਹੀਦੀ ਹੈ, ਇਸ ਨਾਲ ਇਹ ਸੰਤੁਲਿਤ ਕਾਇਮ ਹੋ ਸਕਦਾ ਹੈ।"

ਹਾਵਰਡ ਨੇ ਕਿਹਾ ਕਿ 16 ਜੀਬੀ ਰੈਮ ਵਾਲੇ ਇੱਕ ਆਮ ਲੈਪਟਾਪ ਦੀ ਨਿਰਮਾਣ ਲਾਗਤ 2026 ਵਿੱਚ 40 ਅਮਰੀਕੀ ਡਾਲਰ ਤੋਂ 50 ਅਮਰੀਕੀ ਡਾਲਰ ਤੱਕ ਵਧ ਸਕਦੀ ਹੈ - ਅਤੇ ਇਹ "ਸੰਭਾਵਤ ਤੌਰ 'ਤੇ ਗਾਹਕਾਂ ਉੱਤੇ ਪਾ ਦਿੱਤੀ ਜਾਵੇਗੀ।"

ਉਨ੍ਹਾਂ ਨੇ ਕਿਹਾ, "ਸਮਾਰਟਫੋਨਾਂ ਦੀਆਂ ਕੀਮਤਾਂ 'ਤੇ ਵੀ ਵਧਣ ਦਾ ਦਬਾਅ ਦੇਖਣ ਨੂੰ ਮਿਲੇਗਾ।"

"ਇੱਕ ਆਮ ਸਮਾਰਟਫੋਨ ਦੇ ਬਣਾਉਣ ਦੀ ਲਾਗਤ ਵਿੱਚ 30 ਅਮਰੀਕੀ ਡਾਲਰ ਦਾ ਵਾਧਾ ਹੋ ਸਕਦਾ ਹੈ ਜੋ ਕਿ, ਫਿਰ ਤੋਂ, ਸੰਭਾਵਤ ਤੌਰ 'ਤੇ ਸਿੱਧਾ ਗਾਹਕਾਂ 'ਤੇ ਪਾਇਆ ਜਾਵੇਗਾ।"

ਵਿਲੀਅਮਜ਼ ਨੇ ਕਿਹਾ ਕਿ ਵਧੀਆਂ ਕੀਮਤਾਂ ਦਾ ਇੱਕ ਹੋਰ ਨਤੀਜਾ ਵੀ ਹੋ ਸਕਦਾ ਹੈ।

ਉਨ੍ਹਾਂ ਨੇ ਕਿਹਾ, "ਕੰਪਿਊਟਰ ਇੱਕ ਵਸਤੂ ਹਨ - ਇੱਕ ਰੋਜ਼ਾਨਾ ਦੀ ਚੀਜ਼ ਜਿਸਦੀ ਲੋਕਾਂ ਨੂੰ ਆਧੁਨਿਕ ਦੁਨੀਆ ਵਿੱਚ ਲੋੜ ਹੈ।"

"ਮੈਮੋਰੀ ਦੀਆਂ ਕੀਮਤਾਂ ਵਿੱਚ ਵਾਧੇ ਦੇ ਨਾਲ, ਗਾਹਕਾਂ ਨੂੰ ਇਹ ਫੈਸਲਾ ਕਰਨਾ ਪਵੇਗਾ ਕਿ ਜਾਂ ਤਾਂ ਉਹ ਆਪਣੀ ਲੋੜੀਂਦੀ ਪਰਫਾਰਮੈਂਸ (ਕਾਰਗੁਜ਼ਾਰੀ) ਲਈ ਉੱਚੀ ਕੀਮਤ ਤਾਰਨ, ਜਾਂ ਘੱਟ ਪਰਫਾਰਮੈਂਸ ਵਾਲੇ ਉਪਕਰਨ ਨਾਲ ਸਮਝੌਤਾ ਕਰਨ।"

ਵਿਲੀਅਮਜ਼ ਕਹਿੰਦੇ ਹਨ ਕਿ ਬੇਸ਼ੱਕ, ਇੱਕ ਹੋਰ ਰਾਹ ਵੀ ਹੈ – ਗਾਹਕਾਂ ਨੂੰ "ਕੁਝ ਸਮੇਂ ਲਈ ਪੁਰਾਣੀ ਤਕਨੀਕ ਨਾਲ ਹੀ ਗੁਜ਼ਾਰਾ ਕਰਨਾ" ਪੈ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)