ਪੰਜਾਬ 'ਚ ਕਪੂਰਥਲਾ ਦੇ ਕਈ ਪਿੰਡਾਂ ਵਿੱਚ ਵੜਿਆ ਪਾਣੀ, ਲੋਕਾਂ ਦਾ ਸਵਾਲ, 'ਪਾਣੀ ਛੱਡਣ ਤੋਂ ਪਹਿਲਾਂ ਸਾਨੂੰ ਸੁਚੇਤ ਕਿਉਂ ਨਹੀਂ ਕੀਤਾ ਜਾਂਦਾ'

- ਲੇਖਕ, ਪ੍ਰਦੀਪ ਸ਼ਰਮਾ
- ਰੋਲ, ਬੀਬੀਸੀ ਸਹਿਯੋਗੀ
ਹਿਮਾਚਲ ਵਿੱਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਪੰਜਾਬ ਵਿੱਚ ਸਤਲੁਜ ਅਤੇ ਬਿਆਸ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਹੈ।
ਪਾਣੀ ਦੇ ਵੱਧਣ ਕਾਰਨ ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਕਈ ਇਲਾਕਿਆਂ ਵਿੱਚ ਹੜ੍ਹ ਜਿਹੇ ਹਾਲਾਤ ਬਣ ਗਏ ਹਨ।
ਕਰੀਬ ਦੋ ਸਾਲ ਪਹਿਲਾਂ ਵੀ ਹਿਮਾਚਲ ʼਚ ਭਾਰੀ ਮੀਂਹ ਕਾਰਨ ਕਾਫੀ ਤਬਾਹੀ ਹੋਈ ਸੀ। ਇਸ ਵਾਰ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਰਕੇ ਪਾਣੀ ਸੁਲਤਾਨਪੁਰ ਲੋਧੀ ਦੇ ਨੇੜਲੇ ਕਰੀਬ 20 ਪਿੰਡਾਂ ਵਿੱਚ ਪਾਣੀ ਵੜ੍ਹ ਗਿਆ ਹੈ।
ਪਿੰਡਾਂ ਵਿੱਚ ਪਾਣੀ ਦਾ ਪੱਧਰ ਕਿਤੇ 3, ਕਿਤੇ 4 ਅਤੇ ਕਿਤੇ 6 ਫੁੱਟ ਤੱਕ ਪਹੁੰਚ ਗਿਆ ਹੈ।
ਜ਼ਿਆਦਾਤਰ ਖ਼ਰਾਬ ਹਾਲਾਤ ਸੁਲਤਾਨਪੁਰ ਦੇ ਨੇੜਲੇ ਪਿੰਡ ਬਾਊਪੁਰ ਜਦੀਦ, ਕਦੀਮ, ਰਾਮਪੁਰ, ਬਹਾਦਰਪੁਰ, ਕਸਿਮਵਾਲਾ ਤੇ ਕਾਦਰ ਬਖ਼ਸ਼ ਸਣੇ ਕਈ ਪਿੰਡਾਂ ਦੇ ਹਨ।
ਹਾਲਾਂਕਿ, ਪ੍ਰਸ਼ਾਸਨ ਦਾ ਕਹਿਣਾ ਹੈ 16 ਪਿੰਡਾਂ ਵਿੱਚ ਪਾਣੀ ਵੜਿਆ ਹੈ।
ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਾਊਪੁਰ ਦੇ ਕੋਲੋਂ ਲੰਘਦੇ ਬਿਆਸ ਦਰਿਆ ਦਾ ਪਾਣੀ ਕਈ ਪਿੰਡਾਂ ਵਿੱਚ ਵੜ੍ਹ ਗਿਆ ਹੈ ਅਤੇ ਕਰੀਬ ਤਿੰਨ ਫੁੱਟ ਤੋਂ ਛੇ ਫੁੱਟ ਤੱਕ ਪਾਣੀ ਦਾ ਪੱਧਰ ਵੱਧ ਚੁੱਕਾ ਹੈ।
ਪਿਛਲੇ ਚਾਰ ਦਿਨਾਂ ਤੋਂ ਪਾਣੀ ਦਾ ਪੱਧਰ ਹੌਲੀ-ਹੌਲੀ ਵੱਧ ਰਿਹਾ ਹੈ। ਪਿੰਡ ਵਾਸੀਆਂ ਅਨੁਸਾਰ ਕਰੀਬ ਹਰ ਦੋ ਤਿੰਨ ਸਾਲ ਬਾਅਦ ਪਾਣੀ ਆ ਜਾਂਦਾ ਹੈ।

ਪਾਣੀ ਦੇ ਆਉਣ ਨਾਲ ਇਸ ਪਿੰਡ ਵਿੱਚ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ। ਘਰਾਂ ਵਿੱਚ ਵੀ ਪਾਣੀ ਪਹੁੰਚ ਗਿਆ ਹੈ।
ਪਿੰਡ ਬਾਊਪੁਰ ਦੇ ਰਹਿਣ ਵਾਲੇ ਕਿਸਾਨ ਪਰਮਜੀਤ ਸਿੰਘ ਨੇ ਕਿਹਾ, "ਅਸੀਂ ਮੰਡ ਖੇਤਰ ਦੇ ਇਲਾਕੇ ਵਿੱਚ ਜਿਹੜੇ ਆਰਜ਼ੀ ਬੰਨ੍ਹ ਲਗਾਏ ਸਨ, ਉਹ ਜ਼ਿਆਦਾ ਪਾਣੀ ਆਉਣ ਕਰਕੇ ਟੁੱਟ ਗਏ। ਇਨ੍ਹਾਂ ਦੇ ਟੁੱਟਣ ਨਾਲ ਨੇੜਲੇ 16 ਪਿੰਡਾਂ ਦਾ ਬਹੁਤ ਨੁਕਸਾਨ ਹੋ ਗਿਆ ਹੈ। ਫ਼ਸਲਾਂ ਦਾ ਤਾਂ ਨੁਕਸਾਨ ਹੋਇਆ ਹੀ ਹੈ ਪਰ ਪਾਣੀ ਘਰਾਂ ਵਿੱਚ ਵੀ ਵੜ੍ਹ ਗਿਆ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਹਾਲਾਤ ਬੇਹੱਦ ਗੰਭੀਰ ਹਨ। ਪ੍ਰਸ਼ਾਸਨ ਅੱਗੇ ਅਸੀਂ ਵਾਰ-ਵਾਰ ਬੇਨਤੀ ਕੀਤੀ ਹੈ ਕਿ ਸਾਨੂੰ ਖਾਣ-ਪੀਣ ਦੀ ਸਮੱਗਰੀ ਦੀ ਲੋੜ ਨਹੀਂ ਹੈ ਪਰ ਇੱਥੋਂ ਪਾਣੀ ਅੱਗੇ ਛੱਡਿਆ ਜਾਵੇ ਤਾਂ ਜੋ ਅਸੀਂ ਆਪਣੀ ਜ਼ਿੰਦਗੀ ਬਚਾ ਸਕੀਏ।"
"ਕਿਉਂਕਿ ਇਸ ਨਾਲ ਕਈ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਹੈ। ਜੇਕਰ ਪ੍ਰਸ਼ਾਸਨ ਕੋਈ ਕਦਮ ਚੁੱਕਦਾ ਹੈ ਤਾਂ ਅਸੀਂ ਆਪਣੀ ਅਗਲੀ ਝੋਨੇ ਦੀ ਫ਼ਸਲ ਬੀਜ ਸਕੀਏ ਅਤੇ ਆਪਣੇ ਬੱਚਿਆਂ ਬਾਰੇ ਸੋਚ ਸਕੀਏ।"

ਇਸ ਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ, "ਅਸੀਂ ਹੜ੍ਹ ਪੀੜਤ ਤਾਂ ਹੋ ਗਏ ਹਾਂ ਪਰ ਸਾਨੂੰ ਕਿਤੇ ਪਾਣੀ ਖਾਤਰ ਕੋਈ ਵੱਖਰੀ ਲੜਾਈ ਨਾ ਵਿੱਢਣੀ ਪਏ। ਇਸ ਲਈ ਜਿੰਨਾਂ ਛੇਤੀ ਹੋ ਸਕੇ ਇੱਥੋਂ ਪਾਣੀ ਕੱਢਿਆ ਜਾਵੇ।"
ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਹਰੀਕੇ ਹੈੱਡ ਤੋਂ ਪਾਣੀ ਨਹੀਂ ਛੱਡਿਆ ਜਾ ਰਿਹਾ ਜਿਸ ਕਾਰਨ ਉਨ੍ਹਾਂ ਦੇ ਪਿੰਡ ਵਿੱਚ ਪਾਣੀ ਆ ਗਿਆ ਹੈ ਅਤੇ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਪਾਣੀ ਤੁਰੰਤ ਛੱਡਿਆ ਜਾਵੇ।

ਬਾਊਪੁਰ ਦੇ ਹੀ ਗੁਰਮੇਲ ਸਿੰਘ ਕਹਿਣਾ ਹੈ, "ਇੱਥੇ 2023 ਵਿੱਚ ਵੀ ਪਾਣੀ ਆਇਆ, ਉਦੋਂ ਵੀ ਸਾਡੀ ਕੋਈ ਸਹਾਇਤਾ ਨਹੀਂ ਹੋਈ। ਉਸ ਤੋਂ ਪਹਿਲਾਂ ਵੀ ਪਾਣੀ ਆਇਆ ਹੈ, ਕਿਸੇ ਸਰਕਾਰ ਨੇ ਸਾਡੀ ਅਜੇ ਤੱਕ ਕੋਈ ਮਦਦ ਨਹੀਂ ਕੀਤੀ।"
"ਸਾਡੇ ਆਪਣੇ ਹੀ ਭੈਣ-ਭਰਾ ਸਾਨੂੰ ਆਪਣੀਆਂ ਬੇੜੀਆਂ ਵਿੱਚ ਲੈ ਕੇ ਜਾਂਦੇ ਰਹੇ ਹਨ। ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਸਾਡੇ ਨੁਕਸਾਨ ਦਾ ਸਾਨੂੰ ਮਆਵਜ਼ਾ ਦਿੱਤਾ ਜਾਵੇ।"
ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਸਮਾਨ ਕੋਠੇ ʼਤੇ ਰੱਖਿਆ ਹੋਇਆ ਅਤੇ ਆਪਣੇ ਡੰਗਰ ਸੁਰੱਖਿਅਤ ਥਾਂ ʼਤੇ ਪਹੁੰਚਾਏ ਹਨ ਕਿਉਂਕਿ ਉਨ੍ਹਾਂ ਦੇ ਘਰਾਂ ਵਿੱਚ ਅਜੇ ਵੀ ਪਾਣੀ ਹੈ।
ਉਧਰ ਰਾਮਪੁਰ ਦੇ ਮਨਜਿੰਦਰ ਸਿੰਘ ਕਹਿਣਾ ਹੈ, "ਸਰਕਾਰ ਨੇ ਸਾਨੂੰ ਕੋਈ ਚਿਤਾਵਨੀ ਨਹੀਂ ਦਿੱਤੀ। ਜੇਕਰ ਸਰਕਾਰ ਪਹਿਲਾਂ ਚਿਤਾਵਨੀ ਦੇ ਦੇਵੇ ਤਾਂ ਬੰਦਾ ਕੁਝ ਹੀਲਾ ਕਰ ਲੈਂਦਾ ਹੈ। ਪਰ ਸਾਨੂੰ ਕੁਝ ਨਹੀਂ ਦੱਸਿਆ ਗਿਆ, ਹੁਣ ਬੰਨ੍ਹ ਟੁੱਟਣ ਨਾਲ ਇਹ ਹਾਲ ਹੋ ਗਿਆ ਹੈ।
ਗਰਭਵਤੀ ਔਰਤਾਂ ਲਈ ਔਖਿਆਈ

ਇਨ੍ਹਾਂ ਦਾ ਪਿੰਡਾਂ ਵਿੱਚ ਪਾਣੀ ਦੇ ਆਉਣ ਨਾਲ ਇਨ੍ਹਾਂ ਦਾ ਮੁੱਖ ਸੜਕ ਨਾਲੋਂ ਸੰਪਰਕ ਟੁੱਟ ਗਿਆ ਹੈ। ਪਿਛਲੇ ਚਾਰ ਦਿਨਾਂ ਤੋਂ ਲੋਕ ਬੇੜੀਆਂ ਰਾਹੀਂ ਆ ਜਾ ਰਹੇ ਹਨ ਅਤੇ ਬੇੜੀਆਂ ਰਾਹੀਂ ਲੋਕ ਆਪਣੇ ਘਰ ਤੇ ਪਸ਼ੂਆਂ ਦੇ ਗੁਜ਼ਾਰੇ ਲਈ ਸਮਾਨ ਲਿਆ ਰਹੇ ਹਨ।
ਸਭ ਤੋਂ ਜ਼ਿਆਦਾ ਔਖਾ ਸਮਾਂ ਗਰਭਵਤੀ ਔਰਤਾਂ ਲਈ ਹੈ। ਬਾਊਪੁਰ ਦੇ ਰਹਿਣ ਵਾਲੇ ਰਜਵੰਤ ਕੌਰ ਨੇ ਕਿਹਾ, “ਇਸ ਵਿਚਾਲੇ ਜੇਕਰ ਕਿਸੇ ਨੂੰ ਸਿਹਤ ਸਬੰਧੀ ਸਮੱਸਿਆ ਆਉਂਦੀ ਹੈ ਤਾਂ ਹਸਪਤਾਲ ਤੱਕ ਪਹੁੰਚ ਕਰਨੀ ਔਖੀ ਹੈ। ਸਭ ਤੋਂ ਔਖਾ ਸਮਾਂ ਗਰਭਵਤੀ ਔਰਤਾਂ ਲਈ ਹੈ, ਜਿਨ੍ਹਾਂ ਨੂੰ ਲੋੜ ਪੈਣ ʼਤੇ ਡਾਕਟਰ ਤੱਕ ਪਹੁੰਚਣਾ ਇਸ ਵੇਲੇ ਮੁਸ਼ਕਲ ਜਾਪ ਰਿਹਾ ਹੈ।”
ਉਨ੍ਹਾਂ ਦਾ ਕਹਿਣਾ ਹੈ, "ਪਹਿਲਾਂ ਅਸੀਂ ਬੇੜੀ ਦਾ ਰਾਹ ਤੱਕਾਂਗੇ। ਫਿਰ ਉਸ ਤੋਂ ਬਾਅਦ ਅੱਗੇ ਲਈ ਕੋਈ ਸੰਦ (ਆਵਾਜਾਈ ਦਾ ਸਾਧਨ) ਦੇਖਾਂਗੇ। ਉਸ ਦੌਰਾਨ ਸਿਹਤ ਸਮੱਸਿਆ ਵਧ ਸਕਦੀ ਹੈ।"

ਪੀਣ ਵਾਲੇ ਪਾਣੀ ਦੀ ਸਮੱਸਿਆ
ਪਾਣੀ ਦੇ ਆਉਣ ਨਾਲ ਸਭ ਤੋਂ ਵੱਡੀ ਸਮੱਸਿਆ ਜੋ ਸਾਹਮਣੇ ਆ ਰਹੀ ਹੈ ਉਹ ਹੈ ਪੀਣ ਵਾਲੇ ਪਾਣੀ ਦੀ ਸਮੱਸਿਆ।
ਰਜਵੰਤ ਕੌਰ ਦਾ ਕਹਿਣਾ ਹੈ ਕਿ ਬਿਨਾਂ ਪਾਣੀ ਤੋਂ ਕੁਝ ਵੀ ਨਹੀਂ ਹੋ ਸਕਦਾ ਹੈ। ਬਿਜਲੀ ਦੇ ਜਾਣ ਨਾਲ ਪਾਣੀ ਦੀ ਸਮੱਸਿਆ ਵਧ ਗਈ ਹੈ।
ਉਹ ਕਹਿੰਦੇ ਹਨ, "ਜਿੰਨ੍ਹਾਂ ਦੇ ਘਰਾਂ ਵਿੱਚ ਨਲਕੇ ਹਨ ਉਹ ਵੀ ਪਾਣੀ ਆਉਣ ਕਾਰਨ ਦੱਬ ਜਾਂਦੇ ਹਨ। ਜਿਸ ਨਾਲ ਪੀਣ ਵਾਲਾ ਪਾਣੀ ਨਹੀਂ ਮਿਲਦਾ। ਪਾਣੀ ਤੋਂ ਬਿਨਾਂ ਦਾ ਕਿਸੇ ਦਾ ਗੁਜ਼ਾਰਾ ਨਹੀਂ ਹੈ।"
"ਸਾਡੀ ਸਰਕਾਰ ਕੋਲੋਂ ਮੰਗ ਹੈ ਕਿ ਸਾਡੀ ਇਸ ਸਮੱਸਿਆ ਦਾ ਹੱਲ ਕਰੇ। ਹਰ ਸਾਲ ਪਾਣੀ ਆਉਣ ਨਾਲ ਸਾਡੀਆਂ ਫ਼ਸਲਾਂ ਦਾ ਬਹੁਤ ਨੁਕਸਾਨ ਹੁੰਦਾ ਹੈ। ਕੋਈ-ਕੋਈ ਤਾਂ ਇੱਕ-ਇੱਕ ਕਿੱਲੇ ’ਤੇ ਗੁਜ਼ਾਰਾ ਕਰਦਾ ਹੈ, ਉਸ ਦਾ ਕੀ ਹੋਵੇਗਾ।"

ਇਸ ਵੇਲੇ ਪਾਣੀ ਆਉਣ ਕਾਰਨ ਬੇੜੀ ਹੀ ਆਵਾਜਾਈ ਦਾ ਮੁੱਖ ਸਾਧਨ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਮਹੀਨਾ-ਡੇਢ ਮਹੀਨਾ ਦੋ ਮੋਟਰ ਬੋਟਸ ਦਿੱਤੀਆਂ ਸਨ ਅਤੇ ਬਾਕੀ ਪਿੰਡ ਵਾਲਿਆਂ ਦੀਆਂ ਆਪਣੀਆਂ ਹਨ, ਜੋ ਹੱਥਾਂ ਨਾਲ ਚੱਲਦੀਆਂ ਹਨ।
ਇਨ੍ਹਾਂ ਤੋਂ ਇਲਾਵਾ ਉਨ੍ਹਾਂ ਕੋਲ ਪਿੰਡੋਂ ਬਾਹਰ ਨਿਕਲਣ ਲਈ ਹੋਰ ਜ਼ਰੀਆ ਨਹੀਂ ਹੈ।
ਹਾਲਾਂਕਿ, ਐੱਸਡੀਆਰਐੱਫ ਦੀਆਂ ਟੀਮਾਂ ਮਦਦ ਲਈ ਪਹੁੰਚੀਆਂ ਤਾਂ ਹਨ ਪਰ ਉਹ ਪਿੰਡ ਦੇ ਬਾਹਰ ਹੀ ਬੈਠੀਆਂ ਹਨ ਅੰਦਰ ਨਹੀਂ ਆਈਆਂ।
ਪ੍ਰਸ਼ਾਸਨ ਦਾ ਕੀ ਕਹਿਣਾ ਹੈ

ਜ਼ਿਲ੍ਹਾ ਕਪੂਰਥਲਾ ਦੇ ਡੀਸੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਹਰੇਕ ਘੰਟੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ, "ਪਿਛਲੇ ਤਕਰੀਬਨ 12 ਘੰਟੇ ਤੋਂ ਇੱਕ ਲੱਖ ਪੰਜ ਹਜ਼ਾਰ ਕਿਊਸਿਕ ਪਾਣੀ ਹੀ ਚੱਲ ਰਿਹਾ ਹੈ ਇਸ ਤੋਂ ਵਧਿਆ ਨਹੀਂ ਹੈ। ਅਸੀਂ ਲੋਕਾਂ ਦੇ ਨਾਲ ਖੜ੍ਹੇ ਹਾਂ ਅਤੇ ਹਰ ਯੋਗ ਕਦਮ ਜੋ ਅਸੀਂ ਚੁੱਕ ਸਕਦੇ ਹਾਂ ਚੁੱਕਿਆ ਜਾਵੇਗਾ।"
"ਸਮੇਂ-ਸਮੇਂ ʼਤੇ ਪਾਣੀ ਛੱਡਿਆ ਵੀ ਜਾ ਰਿਹਾ ਹੈ। ਅਸੀਂ ਲੋਕਾਂ ਨਾਲ ਰਾਬਤੇ ਵਿੱਚ ਹਾਂ। ਅਸੀਂ ਰਾਹਤ ਸੈਂਟਰ ਵੀ ਬਣਾਏ ਹੋਏ ਹਨ ਤਾਂ ਜੋ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।"
ਪੰਜਾਬ ਦੇ ਹੋਰਨਾਂ ਇਲਾਕਿਆਂ ਦਾ ਹਾਲ

ਇਹੀ ਹਾਲਾਤ ਪਠਾਨਕੋਟ ਇਲਾਕੇ ਵਿੱਚ ਵੀ ਹਨ। ਬਰਸਾਤ ਕਾਰਨ ਪਠਾਨਕੋਟ ਸ਼ਹਿਰ ਵਿੱਚ ਸੜਕਾਂ ʼਤੇ ਪਾਣੀ ਨਜ਼ਰ ਆਇਆ।
ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਦੀ ਰਿਪੋਰਟ ਮੁਤਾਬਕ ਪੰਜਾਬ ਦੇ ਪਠਾਨਕੋਟ, ਹੁਸ਼ਿਆਰਪੁਰ ਤੇ ਫਾਜ਼ਿਲਕਾ ਦੇ ਇਲਾਕੇ ਮੀਂਹ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਕਈ ਪਿੰਡਾਂ ਦੇ ਖੇਤ ਪਾਣੀ ਵਿੱਚ ਡੁੱਬ ਗਏ ਅਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ। ਆਵਾਜਾਈ ਵੀ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਲੋਕ ਖੱਜਲ-ਖੁਆਰ ਹੋ ਰਹੇ ਹਨ।
ਸਰਹੱਦੀ ਖੇਤਰ ਬਮਿਆਲ ਦੇ ਨਜ਼ਦੀਕ ਪੈਂਦੇ ਜਲਾਲੀਆ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ।
ਸਥਾਨਕ ਵਾਸੀ ਰਾਮ ਸਿੰਘ ਦਾ ਕਹਿਣਾ ਹੈ, "ਬਰਸਾਤ ਨੇ ਸਾਨੂੰ ਆਪਣਾ ਸਮਾਨ ਸਾਂਭਣ ਦਾ ਮੌਕਾ ਹੀ ਨਹੀਂ ਦਿੱਤਾ। ਸਾਡਾ ਸਾਰਾ ਰਾਸ਼ਨ-ਪਾਣੀ ਬਰਬਾਦ ਹੋ ਗਿਆ। ਬੜੀ ਮੁਸ਼ਕਲ ਨਾਲ ਅਸੀਂ ਆਪਣੇ ਪਰਿਵਾਰਾਂ ਨੂੰ ਬਾਹਰ ਕੱਢਿਆ।"

ਉਧਰ ਹੁਸ਼ਿਆਰਪੁਰ ਦੇ ਟਾਂਡਾ ਵਿੱਚ ਇਹੀ ਹਾਲ ਹੈ ਜਿੱਥੇ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਇਲਾਕੇ ਵਿੱਚ ਪਾਣੀ ਆ ਗਿਆ ਹੈ। ਇਸ ਵਿਚਾਲੇ ਲੋਕਾਂ ਨੇ ਆਪਣਾ ਜ਼ਰੂਰੀ ਸਮਾਨ ਅਤੇ ਪਰਿਵਾਰ ਪਿੰਡੋਂ ਬਾਹਰ ਕੱਢਣੇ ਸ਼ੁਰੂ ਕਰ ਦਿੱਤੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਝੋਨੇ ਦੀ ਫ਼ਸਲ ਬਰਬਾਦ ਹੋ ਗਈ ਹੈ।

ਅਜਿਹਾ ਹੀ ਕੁਝ ਹਾਲ ਜ਼ਿਲ੍ਹਾ ਫਾਜ਼ਿਲਕਾ ਦਾ ਵੀ ਹੈ, ਜਿੱਥੇ ਕਿਸਾਨ ਪਾਣੀ ਕਾਰਨ ਬਰਬਾਦ ਹੋਈਆਂ ਆਪਣੀਆਂ ਫ਼ਸਲਾਂ ਦਾ ਮੁਆਵਜ਼ਾ ਸਰਕਾਰ ਕੋਲੋਂ ਮੰਗ ਰਹੀ ਹੈ।
ਕੁਲਦੀਪ ਬਰਾੜ ਦੀ ਰਿਪੋਰਟ ਮੁਤਾਬਕ ਇਲਾਕੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਪਾਣੀ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਹੀ ਸਰਕਾਰ ਨੇ ਉਨ੍ਹਾਂ ਦੀ ਕੋਈ ਸਾਰ ਲਈ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












