ਭਾਰਤ 'ਚ ਬਜ਼ੁਰਗ ਹੋਣਾ ਕਿਵੇਂ ਮੁਸ਼ਕਲ ਹੈ, ਬੁਢਾਪੇ ਲਈ ਪੈਸੇ ਇਕੱਠੇ ਕਰਨ ਤੋਂ ਲੈ ਕੇ ਸਿਹਤ ਤੱਕ ਕਿਹੜੀਆਂ ਤਿਆਰੀਆਂ ਜ਼ਰੂਰੀ ਹਨ

ਬੁਢਾਪਾ

ਤਸਵੀਰ ਸਰੋਤ, Getty Images

    • ਲੇਖਕ, ਡਿੰਕਲ ਪੋਪਲੀ
    • ਰੋਲ, ਬੀਬੀਸੀ ਪੱਤਰਕਾਰ

ਸਾਲ 2050 ਤੱਕ ਭਾਰਤ ਵਿੱਚ ਲਗਭਗ 35 ਕਰੋੜ ਬਜ਼ੁਰਗ ਹੋ ਜਾਣਗੇ। ਉਦੋਂ ਹਰ ਪੰਜ ਵਿੱਚੋਂ ਇੱਕ ਨਾਗਰਿਕ ਬਜ਼ੁਰਗ ਯਾਨੀ 60 ਸਾਲ ਤੋਂ ਵੱਧ ਦੀ ਉਮਰ ਦਾ ਹੋਵੇਗਾ। ਉਮਰ ਦੇ ਲਿਹਾਜ ਨਾਲ ਆਬਾਦੀ ਵਿੱਚ ਆਉਣ ਵਾਲੀ ਇਹ ਤਬਦੀਲੀ ਬਹੁਤ ਸਾਰੀਆਂ ਨੀਤੀਗਤ ਚੁਣੌਤੀਆਂ ਪੈਦਾ ਕਰ ਸਕਦੀ ਹੈ।

ਇਹ ਅੰਕੜੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ (ਐੱਨਐੱਚਆਰਸੀ) ਦੇ ਹਨ।

ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ (ਐੱਨਐੱਚਆਰਸੀ), ਨੀਤੀ ਆਯੋਗ ਅਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਅਤੇ ਸਿਹਤ ਅਤੇ ਪਰਿਵਾਰ ਭਲਾਈ ਦੇ ਕੇਂਦਰੀ ਮੰਤਰਾਲਿਆਂ ਨਾਲ ਸਾਂਝੇਦਾਰੀ ਵਿੱਚ ਸੰਕਲਾ ਫਾਊਂਡੇਸ਼ਨ ਨੇ 1 ਅਗਸਤ ਨੂੰ 'ਏਜਿੰਗ ਇੰਨ ਇੰਡੀਆ' ਨਾਂ ਦੀ ਇੱਕ ਰਿਪੋਰਟ ਜਾਰੀ ਕੀਤੀ ਹੈ।

ਇਸ ਰਿਪੋਰਟ 'ਚ ਉਨ੍ਹਾਂ ਨੇ ਭਾਰਤ ਵਿਚ ਵਧ ਰਹੀ ਬਜ਼ੁਰਗਾਂ ਦੀ ਆਬਾਦੀ ਬਾਰੇ ਗੱਲ ਕੀਤੀ ਹੈ।

ਰਿਪੋਰਟ ਦੇ ਮੁਤਾਬਕ, ਭਾਰਤ ਦੀ ਬਜ਼ੁਰਗਾਂ ਦੀ ਆਬਾਦੀ ਦਾ ਇੱਕ ਵੱਡਾ ਹਿੱਸਾ ਕਈ ਸਿਹਤ, ਆਰਥਿਕ ਅਤੇ ਸਮਾਜਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ।

ਵੈਸੇ ਤਾਂ ਰਵਾਇਤੀ ਤੌਰ 'ਤੇ ਭਾਰਤ 'ਚ ਪਰਿਵਾਰ ਆਪਣੇ ਵੱਡਿਆਂ ਦੀ ਸੰਭਾਲ ਕਰਦੇ ਆਏ ਹਨ, ਪਰ ਹੁਣ ਸਮਾਂ ਤੇਜ਼ੀ ਨਾਲ ਬਦਲ ਰਿਹਾ ਹੈ।

ਛੋਟੇ ਪਰਿਵਾਰਾਂ ਦਾ ਰੁਝਾਨ ਵਧ ਰਿਹਾ ਹੈ। ਪਰ ਇਸ ਦੇ ਬਾਵਜੂਦ ਬਜ਼ੁਰਗਾਂ ਦੀ ਇੱਕ ਵੱਡੀ ਗਿਣਤੀ ਅਜੇ ਵੀ ਵਿੱਤੀ ਤੌਰ 'ਤੇ ਆਪਣੇ ਪਰਿਵਾਰਕ ਮੈਂਬਰਾਂ 'ਤੇ ਨਿਰਭਰ ਹੈ।

ਉਮਰ ਦੇ ਨਾਲ-ਨਾਲ ਉਹ ਸਿਹਤ ਸੰਬੰਧੀ ਸਮੱਸਿਆਵਾਂ ਅਤੇ ਸਮਾਜਿਕ ਵਿਤਕਰਿਆਂ ਦਾ ਵੀ ਸਾਹਮਣਾ ਕਰਦੇ ਹਨ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ 'ਤੇ ਡੂੰਘਾ ਅਸਰ ਪੈਂਦਾ ਹੈ।

ਸਿਹਤ ਨਾਲ ਜੁੜੀਆਂ ਮੁਸ਼ਕਲਾਂ

ਸਿਹਤ ਨਾਲ ਜੁੜੀਆਂ ਮੁਸ਼ਕਲਾਂ

ਤਸਵੀਰ ਸਰੋਤ, Getty Images

'ਏਜਿੰਗ ਇੰਨ ਇੰਡੀਆ' ਰਿਪੋਰਟ ਮੁਤਾਬਕ, 60 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚੋਂ 35.6 ਫੀਸਦੀ ਲੋਕ ਦਿਲ ਦੀਆਂ ਬਿਮਾਰੀਆਂ ਨਾਲ, 32 ਫੀਸਦੀ ਹਾਈਪਰਟੈਨਸ਼ਨ ਨਾਲ, ਅਤੇ 13.2 ਫੀਸਦੀ ਲੋਕ ਸ਼ੂਗਰ ਦੀ ਸਮੱਸਿਆ ਨਾਲ ਗ੍ਰਸਤ ਹਨ।

ਜੇਕਰ ਮਾਨਸਿਕ ਸਿਹਤ ਦੀ ਗੱਲ ਕੀਤੀ ਜਾਵੇ ਤਾਂ ਇਸ ਆਬਾਦੀ ਦਾ 30 ਫੀਸਦੀ ਹਿੱਸਾ ਤਣਾਅ ਦੇ ਲੱਛਣਾਂ ਅਤੇ 8 ਫੀਸਦੀ ਹਿੱਸਾ ਗੰਭੀਰ ਮਨੋ-ਅਵਸਾਦ ਨਾਲ ਗ੍ਰਸਤ ਹੈ।

ਉੱਥੇ ਹੀ ਪੰਜਾਬ 'ਚ 28 ਫੀਸਦੀ ਅਤੇ ਚੰਡੀਗੜ੍ਹ ਵਿੱਚ 21.5 ਫੀਸਦੀ ਬਜ਼ੁਰਗਾਂ ਦੀ ਆਬਾਦੀ ਮੋਟਾਪੇ ਸਬੰਧਤ ਬਿਮਾਰੀਆਂ ਤੋਂ ਪ੍ਰਭਾਵਿਤ ਹੈ, ਜੋ ਕਿ ਦੇਸ਼ 'ਚ ਸਭ ਤੋਂ ਜ਼ਿਆਦਾ ਹੈ।

ਗੋਆ ਅਤੇ ਕੇਰਲਾ ਵਿੱਚ ਦਿਲ ਦੀਆਂ ਬਿਮਾਰੀਆਂ ਦੀ ਦਰ ਸਭ ਤੋਂ ਵੱਧ, ਕ੍ਰਮਵਾਰ 60 ਫੀਸਦੀ ਅਤੇ 57 ਫੀਸਦੀ ਰਿਪੋਰਟ ਕੀਤੀ ਗਈ ਹੈ। ਜਦੋਂ ਕਿ ਸ਼ੂਗਰ ਦੀ ਬਿਮਾਰੀ ਤੋਂ ਕੇਰਲਾ ਵਿੱਚ 35 ਫੀਸਦੀ, ਪੁਡੂਚੇਰੀ 'ਚ 28 ਫੀਸਦੀ ਅਤੇ ਦਿੱਲੀ 'ਚ 26 ਫੀਸਦੀ ਬਜ਼ੁਰਗ ਪ੍ਰਭਾਵਿਤ ਹਨ ।

ਸਿਹਤ

ਤਸਵੀਰ ਸਰੋਤ, Getty Images

ਓਡੀਸ਼ਾ 'ਚ 37.1% ਅਤੇ ਉੱਤਰ ਪ੍ਰਦੇਸ਼ 36.6% ਘੱਟ ਭਾਰ ਵਾਲੇ ਬਜ਼ੁਰਗਾਂ ਦੀ ਗਿਣਤੀ ਸਭ ਤੋਂ ਵੱਧ ਰਿਪੋਰਟ ਕੀਤੀ ਗਈ ਹੈ, ਜਦੋਂਕਿ ਦਾਦਰਾ ਅਤੇ ਨਗਰ ਹਵੇਲੀ 40.1% ਦੇ ਨਾਲ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਸਭ ਤੋਂ ਅੱਗੇ ਹੈ।

ਹੱਡੀਆਂ ਅਤੇ ਜੋੜਾਂ ਦੀਆਂ ਸਮੱਸਿਆਵਾਂ ਇੱਕ ਹੋਰ ਚਿੰਤਾ ਦਾ ਵਿਸ਼ਾ ਹਨ, 19% ਬਜ਼ੁਰਗ ਅਜਿਹੀਆਂ ਸਥਿਤੀਆਂ ਤੋਂ ਪੀੜਤ ਹਨ। ਇਸ ਸਮੱਸਿਆ ਦੇ ਮਾਮਲੇ 'ਚ ਤੇਲੰਗਾਨਾ 33% ਦੇ ਨਾਲ ਸਭ ਤੋਂ ਅੱਗੇ ਹੈ, ਜਦਕਿ ਗਠੀਆ ਸਭ ਤੋਂ ਵੱਧ ਜੰਮੂ ਅਤੇ ਕਸ਼ਮੀਰ ਵਿੱਚ 22% ਰਿਪੋਰਟ ਕੀਤਾ ਗਿਆ ਹੈ।

ਇਨ੍ਹਾਂ ਸਮਸਿਆਵਾਂ ਨੂੰ ਹੋਰ ਗੰਭੀਰ ਬਣਾਉਂਦਾ ਹੈ ਰਿਪੋਰਟ 'ਚ ਦਿੱਤਾ ਗਿਆ ਸਿਹਤ ਬੀਮਾ ਸੰਬੰਧੀ ਡੇਟਾ, ਜਿਸਦੇ ਮੁਤਾਬਕ ਪੇਂਡੂ ਖੇਤਰਾਂ 'ਚ ਸਿਰਫ 18.6% ਅਤੇ ਸ਼ਹਿਰੀ ਖੇਤਰਾਂ 'ਚ 17.3% ਬਜ਼ੁਰਗਾਂ ਕੋਲ ਹੀ ਸਿਹਤ ਸੁਰੱਖਿਆ ਬੀਮਾ ਉਪਲੱਬਧ ਹੈ।

ਜਿਨ੍ਹਾਂ ਬਜ਼ੁਰਗਾਂ ਨੂੰ ਨਜ਼ਰ ਜਾਂ ਸੁਣਨ ਸੰਬਧੀ ਪਰੇਸ਼ਾਨੀ ਹੁੰਦੀ ਹੈ, ਉਨ੍ਹਾਂ ਕੋਲ ਅਸਿਸਟਿਵ ਡਿਵਾਈਸਸ (ਉਹ ਡਿਵਾਈਸ ਜਾਂ ਮਸ਼ੀਨਾਂ ਜੋ ਬਜ਼ੁਰਗਾਂ ਜਾਂ ਅਪਾਹਿਜ ਵਿਅਕਤੀਆਂ ਨੂੰ ਦੈਨਿਕ ਕੰਮਕਾਜ ਲਈ ਮਦਦ ਕਰਦੀਆਂ ਹਨ - ਜਿਵੇਂ ਕੰਨ ਦੀ ਮਸ਼ੀਨ, ਵ੍ਹੀਲ ਚੇਅਰ ਆਦਿ) ਦੀ ਵੱਡੀ ਘਾਟ ਦਰਜ ਕੀਤੀ ਗਈ ਹੈ। ਰਿਪੋਰਟ ਮੁਤਾਬਕ, 24% ਬਜ਼ੁਰਗ ਅੱਖਾਂ ਤੇ 92% ਬਜ਼ੁਰਗ ਸੁਣਨ ਦੇ ਯੰਤਰਾਂ ਤੋਂ ਵਾਂਝੇ ਹਨ।

ਵਿੱਤੀ ਨਿਰਭਰਤਾ ਤੇ ਹੋਰ ਸਮੱਸਿਆਵਾਂ

ਪੈਸੇ

ਤਸਵੀਰ ਸਰੋਤ, Getty Images

ਬਜ਼ੁਰਗਾਂ ਦੀ 70% ਆਬਾਦੀ ਆਪਣੀਆਂ ਵਿੱਤੀ ਲੋੜਾਂ ਲਈ ਪੈਨਸ਼ਨ ਜਾਂ ਪਰਿਵਾਰਕ ਮੈਂਬਰਾਂ 'ਤੇ ਨਿਰਭਰ ਕਰਦੀ ਹੈ।

ਇਨ੍ਹਾਂ 'ਚੋਂ ਜ਼ਿਆਦਾਤਰ ਪਰਿਵਾਰਕ ਮੈਂਬਰਾਂ 'ਤੇ ਹੀ ਨਿਰਭਰ ਕਰਦੇ ਹਨ, ਕਿਉਂਕਿ ਅਜਿਹੀ 78% ਆਬਾਦੀ ਕੋਲ ਪੈਨਸ਼ਨ ਦੀ ਕੋਈ ਸਹੂਲਤ ਨਹੀਂ ਹੈ।

ਇਹ ਵੀ ਇੱਕ ਮੁੱਖ ਕਾਰਨ ਹੈ ਕਿ ਪੇਂਡੂ ਖੇਤਰਾਂ 'ਚ 40% ਅਤੇ ਸ਼ਹਿਰੀ ਖੇਤਰਾਂ 'ਚ 26% ਆਬਾਦੀ 60 ਸਾਲ ਦੀ ਉਮਰ ਤੋਂ ਬਾਅਦ ਵੀ ਕੰਮ ਕਰਦੀ ਰਹਿੰਦੀ ਹੈ।

ਸ਼ਹਿਰੀ ਖ਼ੇਤਰ ਵਿੱਚ ਤਾਂ 4 'ਚੋਂ 1 ਬਜ਼ੁਰਗ ਕਰਜ਼ੇ ਹੇਠ ਹੈ ਕਿਉਂਕਿ ਉਨ੍ਹਾਂ ਨੂੰ ਆਪਣੇ ਇਲਾਜ ਲਈ ਪੈਸੇ ਉਧਾਰ ਲੈਣੇ ਪੈਂਦੇ ਹਨ।

ਸਮਾਜਿਕ ਵਿਤਕਰਾ

ਬਜ਼ੁਰਗ

ਤਸਵੀਰ ਸਰੋਤ, Getty Images

ਸਮਾਜਿਕ ਵਿਤਕਰਾ ਵਧ ਰਿਹਾ ਹੈ। 18.7% ਬਜ਼ੁਰਗ ਮਹਿਲਾਵਾਂ ਅਤੇ 5.1% ਪੁਰਸ਼ ਹੁਣ ਇਕੱਲੇ ਰਹਿ ਰਹੇ ਹਨ।

ਸੰਯੁਕਤ ਪਰਿਵਾਰਕ ਢਾਂਚੇ ਦੇ ਖਾਤਮੇ ਨੇ ਇਕੱਲਤਾ ਨੂੰ ਹੋਰ ਵਧਾ ਦਿੱਤਾ ਹੈ, ਖਾਸ ਕਰਕੇ ਬਜ਼ੁਰਗ ਮਹਿਲਾਵਾਂ ਲਈ।

ਉਮਰ-ਅਧਾਰਤ ਵਿਤਕਰਾ ਕਾਫ਼ੀ ਵੱਡੇ ਤੌਰ 'ਤੇ ਦੇਖਣ ਨੂੰ ਮਿਲਦਾ ਹੈ, ਖਾਸ ਕਰਕੇ ਦਿੱਲੀ ਵਿੱਚ ਜਿੱਥੇ 12.9 ਫੀਸਦੀ ਬਜ਼ੁਰਗ ਕਿਸੇ ਨਾ ਕਿਸ ਕਿਸਮ ਦੇ ਵਿਤਕਰੇ ਦਾ ਅਨੁਭਵ ਕਰਦੇ ਹਨ ।

ਅਜਿਹੇ ਵਿਤਕਰੇ ਦੇ ਮਾਮਲੇ 'ਚ ਕੇਰਲਾ ਉਮਰਦਰਾਜ਼ ਆਬਾਦੀ ਦੇ 16.5% ਦੇ ਨਾਲ ਚਾਰਟ ਵਿੱਚ ਸਿਖਰ 'ਤੇ ਹੈ, ਇਸ ਤੋਂ ਬਾਅਦ ਤਾਮਿਲਨਾਡੂ (13.6%), ਹਿਮਾਚਲ ਪ੍ਰਦੇਸ਼ (13.1%), ਅਤੇ ਪੰਜਾਬ (12.6%) ਹਨ। ਬਿਹਾਰ (7.7%), ਉੱਤਰ ਪ੍ਰਦੇਸ਼ (8.1%), ਅਤੇ ਅਸਾਮ (8.2%) ਲਈ ਸਭ ਤੋਂ ਘੱਟ ਅਨੁਪਾਤ ਦੀ ਰਿਪੋਰਟ ਕੀਤੀ ਗਈ ਹੈ।

ਬਜ਼ੁਰਗਾਂ ਦੇ ਇਕੱਲੇ ਰਹਿ ਜਾਣ ਦਾ ਵੀ ਰੁਝਾਨ ਵਧ ਰਿਹਾ ਹੈ। ਸਾਂਝੇ ਪਰਿਵਾਰ ਘਟ ਰਹੇ ਹਨ; 2.5% ਬਜ਼ੁਰਗ ਪੁਰਸ਼ ਅਤੇ 8.6% ਮਹਿਲਾਵਾਂ ਇਕੱਲੇ ਰਹਿੰਦੀਆਂ ਹਨ।

ਇਸਦੇ ਨਾਲ ਹੀ ਬਹੁਤ ਸਾਰੇ ਬਜ਼ੁਰਗ ਅਨਪੜ੍ਹ ਹਨ। 93.7% ਬਜ਼ੁਰਗ ਡਿਜੀਟਲ ਐਕਟੀਵਿਟੀ ਨਹੀਂ ਕਰ ਪਾਉਂਦੇ, ਜਿਸ ਕਾਰਨ ਉਨ੍ਹਾਂ ਨਾਲ ਧੋਖਾਧੜੀ ਹੋਣ ਦਾ ਖ਼ਤਰਾ ਬਹੁਤ ਜ਼ਿਆਦਾ ਹੁੰਦਾ ਹੈ।

ਕਿਉਂ ਵਧ ਰਹੀ ਹੈ ਬਜ਼ੁਰਗਾਂ ਦੀ ਆਬਾਦੀ ?

ਦੁਨੀਆਂ ਭਰ ਵਿੱਚ ਪ੍ਰਜਣਨ ਦਰ ਲਗਾਤਰ ਘਟ ਰਹੀ ਹੈ।

ਪਰ ਮੈਡੀਕਲ ਸਾਇੰਸ ਨੇ ਬੀਤੇ ਦਹਾਕਿਆਂ 'ਚ ਜੋ ਤਰੱਕੀ ਕੀਤੀ ਹੈ, ਉਸ ਨਾਲ ਜੀਵਨ ਦੀ ਸੰਭਾਵਨਾ ਯਾਨੀ ਉਮਰ ਦੀ ਦਰ 'ਚ ਕਾਫੀ ਵੱਡਾ ਵਾਧਾ ਹੋਇਆ ਹੈ।

ਇਹੀ ਕਾਰਨ ਹੈ ਕਿ ਦੁਨੀਆਂ ਭਰ ਵਿੱਚ ਬਜ਼ੁਰਗਾਂ ਦੀ ਆਬਾਦੀ ਤੇਜ਼ੀ ਨਾਲ ਵਧ ਰਹੀ ਹੈ।

ਜਪਾਨ, ਇਟਲੀ ਅਤੇ ਜਰਮਨੀ ਵਰਗੇ ਉੱਚ-ਆਮਦਨ ਵਾਲੇ ਦੇਸ਼ਾਂ ਵਿੱਚ ਬਜ਼ੁਰਗਾਂ ਦੀ ਗਿਣਤੀ ਸਭ ਤੋਂ ਵੱਧ ਹੈ। ਉਨ੍ਹਾਂ ਦੀ ਕੁੱਲ ਆਬਾਦੀ ਦੇ 20 ਫ਼ੀਸਦ ਨਾਗਰਿਕ ਬਜ਼ੁਰਗ ਯਾਨੀ 60 ਸਾਲ ਤੋਂ ਵੱਧ ਉਮਰ ਦੇ ਹਨ।

ਵਿਕਾਸਸ਼ੀਲ ਦੇਸ਼ ਵੀ ਇਸ ਸਮੇਂ ਜਨਸੰਖਿਆ ਵਿੱਚ ਆ ਰਹੀ ਇਸ ਵੱਡੀ ਤਬਦੀਲੀ ਵੱਲ ਵਧ ਰਹੇ ਹਨ।

ਨਤੀਜੇ ਵਜੋਂ 2050 ਤੱਕ ਘੱਟ ਅਤੇ ਮੱਧ-ਆਮਦਨ ਵਾਲੇ ਦੇਸ਼ਾਂ ਦੀ ਦੋ-ਤਿਹਾਈ ਆਬਾਦੀ ਬਜ਼ੁਰਗ ਹੋਵੇਗੀ।

ਮਾਹਰ ਕੀ ਸੁਝਾਅ ਦਿੰਦੇ ਹਨ

ਡਾਕਟਰ ਬਿੰਦੂ ਡੋਗਰਾ
ਤਸਵੀਰ ਕੈਪਸ਼ਨ, ਡਾਕਟਰ ਬਿੰਦੂ ਡੋਗਰਾ

ਉਮਰ ਦੇ ਇਸ ਪੜਾਅ ਨੂੰ ਤਾਂ ਨਹੀਂ ਪਰ ਇਸ ਨਾਲ ਆਉਣ ਵਾਲਿਆਂ ਸੱਮਸਿਆਵਾਂ ਨੂੰ ਜ਼ਰੂਰ ਟਾਲਿਆ ਜਾ ਸਕਦਾ ਹੈ।

ਮੇਹਰ ਚੰਦ ਮਹਾਜਨ ਡੀਏਵੀ ਕਾਲਜ ਫਾਰ ਵੂਮੈਨ,ਚੰਡੀਗੜ੍ਹ ਵਿਖੇ ਸਮਾਜ ਸ਼ਾਸਤਰ ਵਿਭਾਗ 'ਚ ਸੀਨੀਅਰ ਸਹਾਇਕ ਪ੍ਰੋਫੈਸਰ ਡਾਕਟਰ ਬਿੰਦੂ ਡੋਗਰਾ ਕਹਿੰਦੇ ਹਨ ਕਿ ਛੋਟੇ ਪਰਿਵਾਰ ਦੇ ਉੱਭਰਦੇ ਰੁਝਾਨਾਂ ਕਰਕੇ ਇਹ ਸਮੱਸਿਆ ਹੋਰ ਵਧ ਗਈ ਹੈ।

ਉਹ ਕਹਿੰਦੇ ਹਨ, "ਪਹਿਲਾਂ ਵੱਡੇ ਪਰਿਵਾਰ ਹੁੰਦੇ ਸਨ। ਘਰ ਦੇ ਬਜ਼ੁਰਗਾਂ ਕੋਲ ਗੱਲਬਾਤ ਕਰਨ ਲਈ, ਉਨ੍ਹਾਂ ਦਾ ਧਿਆਨ ਰੱਖਣ ਲਈ ਹੋਰ ਪਰਿਵਾਰਕ ਮੇਂਬਰ ਹੁੰਦੇ ਸਨ। ਪਰ ਹੁਣ ਸਮਾਂ ਬਦਲ ਗਿਆ। ਅੱਜ ਦੇ ਜ਼ਮਾਨੇ 'ਚ ਸਿਰਫ਼ ਮਰਦ ਹੀ ਨਹੀਂ ਔਰਤਾਂ ਵੀ ਕੰਮ ਲਈ ਘਰੋਂ ਬਾਹਰ ਰਹਿੰਦੀਆਂ ਹਨ, ਜਿਸ ਕਰਕੇ ਘਰ ਦੇ ਵੱਡਿਆ 'ਚ ਇਕੱਲਾਪਣ ਅਤੇ ਮਾਨਸਿਕ ਤਣਾਅ ਹੋਣ ਦਾ ਖ਼ਦਸ਼ਾ ਪਹਿਲਾ ਨਾਲੋਂ ਹੋਰ ਵੀ ਵਧ ਗਿਆ ਹੈ।"

ਡਾਕਟਰ ਬਿੰਦੂ ਡੋਗਰਾ

ਡਾਕਟਰ ਬਿੰਦੂ ਡੋਗਰਾ ਨੇ ਇਨ੍ਹਾਂ ਪਰੇਸ਼ਾਨੀਆਂ ਨੂੰ ਟਾਲਣ ਦੇ ਕੁਝ ਸੁਝਾਅ ਸਾਂਝੇ ਕੀਤੇ ਹਨ -

1. ਵਿੱਤੀ ਰੂਪ ਤੋਂ ਤਿਆਰ ਰਹੋ

ਡਾਕਟਰ ਬਿੰਦੂ ਮੁਤਾਬਕ, ਉਮਰ ਦੇ ਇਸ ਪੜਾਅ ਲਈ ਸਭ ਤੋਂ ਵਧੀਆ ਤਿਆਰੀ ਹੈ ਆਪਣੇ ਆਪ ਨੂੰ ਵਿੱਤੀ ਤੌਰ 'ਤੇ ਸੁਰੱਖਿਅਤ ਰੱਖਣਾ।

ਉਹ ਕਹਿੰਦੇ ਹਨ, "ਇਨਸਾਨ ਸਾਰੀ ਉਮਰ ਆਪਣੇ ਬੱਚਿਆਂ 'ਤੇ, ਘਰ 'ਤੇ ਜਾਂ ਗੱਡੀ ਲੈਣ ਵਰਗੀ ਸਹੂਲਤ ਉੱਤੇ ਪਤਾ ਨਹੀਂ ਕਿੰਨੇ ਰੁਪਏ ਨਿਵੇਸ਼ ਕਰਦਾ ਹੈ। ਬਹੁਤ ਜ਼ਰੂਰੀ ਹੈ ਕਿ ਉਹ ਸਮਾਂ ਰਹਿੰਦੀਆਂ ਇੱਕ ਚੰਗਾ ਸਹਿਤ ਬੀਮਾ ਅਤੇ ਪੈਨਸ਼ਨ ਯੋਜਨਾ 'ਚ ਵੀ ਨਿਵੇਸ਼ ਕਰਨ ਤਾਂ ਜੋ ਬੁੱਢਾਪੇ ਵੇਲੇ ਕਿਸੇ ਹੋਰ 'ਤੇ ਨਿਰਭਰਤਾ ਨਾ ਪਵੇ।"

ਉਨ੍ਹਾਂ ਕਿਹਾ, " ਜੇਕਰ ਕੋਈ ਬਜ਼ੁਰਗ ਵਿਅਕਤੀ ਵਿੱਤੀ ਤੌਰ 'ਤੇ ਸੌਖਾ ਹੋਵੇਗਾ ਤਾਂ ਉਸ ਨੂੰ ਚੰਗੇ ਇਲਾਜ, ਖੁਰਾਕ ਲਈ ਕਿਸੇ 'ਤੇ ਨਿਰਭਰ ਨਹੀਂ ਰਹਿਣਾ ਪਵੇਗਾ।"

2. ਆਪਣੀ ਖੁਰਾਕ ਦਾ ਧਿਆਨ ਰੱਖੋ

ਚੰਗੀ ਖੁਰਾਕ ਰੋਗਾਂ ਤੋਂ ਬਚਾ ਕੇ ਰੱਖੇਗੀ, ਜਿਸ ਨਾਲ ਦੂਜਿਆਂ 'ਤੇ ਨਿਰਭਰ ਹੋਣ ਦਾ ਖਦਸ਼ਾ ਆਪਣੇ ਆਪ ਘਟ ਜਾਵੇਗਾ। ਚੰਗੀ ਖੁਰਾਕ ਨਾਲ ਮਾਨਸਿਕ ਸਹਿਤ ਵੀ ਵਧੀਆ ਰਹੇਗੀ।

ਖੇਡ

ਤਸਵੀਰ ਸਰੋਤ, Getty Images

3. ਸਰੀਰਕ ਕਸਰਤ ਨੂੰ ਨਜ਼ਰਅੰਦਾਜ਼ ਨਾ ਕਰੋ

ਡਾਕਟਰ ਬਿੰਦੂ ਕਹਿੰਦੇ ਹਨ ਕਿ ਵਧਦੀ ਉਮਰ ਨਾਲ ਬਹੁਤ ਸਾਰੇ ਲੋਕ ਸਰੀਰਕ ਗਤੀਵਿਧੀਆਂ ਘਟਾ ਦਿੰਦੇ ਹਨ, ਜਿਸ ਨਾਲ ਸਰੀਰ ਨੂੰ ਰੋਗ ਲੱਗਣ ਦਾ ਖਦਸ਼ਾ ਵਧ ਜਾਂਦਾ ਹੈ।

"ਹਲਕੀ-ਫੁਲਕੀ ਕਸਰਤ ਤੇ ਸੈਰ ਨੂੰ ਆਪਣੇ ਜੀਵਨ ਦਾ ਹਿੱਸਾ ਜ਼ਰੂਰ ਬਣਾਓ।"

4. ਆਪਣੇ ਦੋਸਤਾਂ ਅਤੇ ਹੋਰ ਸਾਮਜਿਕ ਸਾਂਝ ਨੂੰ ਬਰਕਰਾਰ ਰੱਖੋ

"ਕਦੇ ਕੰਮ ਅਤੇ ਕਦੇ ਬੱਚਿਆਂ ਦੇ ਰੁਝੇਵੇਂ, ਇਨਸਾਨ ਨੂੰ ਆਪਣੇ ਦੋਸਤਾਂ ਅਤੇ ਸਮਜਿਕ ਸਾਂਝਾਂ ਤੋਂ ਦੂਰ ਕਰ ਦਿੰਦੇ ਹਨ।"

"ਪਰ ਇਸ ਗੱਲ ਦਾ ਧਿਆਨ ਰੱਖੋ ਕਿ ਬੱਚੇ ਆਪਣੇ ਕੰਮ ਜਾਂ ਪੜ੍ਹਾਈ 'ਚ ਰੁੱਝ ਜਾਣਗੇ ਤਾਂ ਹੋ ਸਕਦਾ ਹੈ ਕਿ ਉਨ੍ਹਾਂ ਕੋਲ ਤੁਹਾਡੇ ਲਈ ਜ਼ਿਆਦਾ ਸਮਾਂ ਨਾ ਹੋਵੇ, ਜਾਂ ਉਹ ਘਰ ਤੋਂ ਬਹੁਤ ਦੂਰ ਰਹਿਣ ਲੱਗ ਜਾਣ। ਅਜਿਹੇ 'ਚ ਆਪਣਾ ਸੋਸ਼ਲ ਸਰਕਲ ਹੋਣਾ ਬੇਹੱਦ ਜ਼ਰੂਰੀ ਹੈ।"

ਦੋਸਤ

ਤਸਵੀਰ ਸਰੋਤ, Getty Images

5. ਆਪਣੇ ਆਪ ਨੂੰ ਵਿਅਸਤ ਰੱਖੋ

ਜਦੋਂ ਵਿਅਕਤੀ ਆਪਣੀ ਉਮਰ ਦੇ ਇਸ ਪੜਾਅ 'ਤੇ ਪਹੁੰਚਦਾ ਹੈ ਤਾਂ ਉਸ ਨੂੰ ਕਈ ਵਾਰ ਇੱਕ ਦਮ ਅਹਿਸਾਸ ਹੁੰਦਾ ਕਿ ਹੁਣ ਲੋਕ ਉਨ੍ਹਾਂ ਨੂੰ ਇੰਨੀ ਤਵੱਜੋ ਨਹੀਂ ਦੇ ਰਹੇ। ਕਈ ਵਾਰ ਉਨ੍ਹਾਂ ਦੀ ਰਾਇ ਵੀ ਨਹੀਂ ਲਈ ਜਾਂਦੀ।"

''ਇਹ ਗੱਲ ਬੰਦੇ ਨੂੰ ਬਹੁਤ ਮਾਯੂਸ ਕਰ ਸਕਦੀ ਹੈ। ਇਸ ਲਈ ਕੋਸ਼ਿਸ ਕਰਨੀ ਚਾਹੀਦੀ ਹੈ ਆਪਣੇ ਆਪ ਨੂੰ ਵਿਅਸਤ ਰੱਖਿਆ ਜਾਵੇ। ਆਪਣੇ ਕਿਸੇ ਸ਼ੌਕ ਨੂੰ ਮੁੜ ਸੁਰਜੀਤ ਕਰੋ।"

"ਵਿਅਸਤ ਰਹਿਣ ਨਾਲ ਨਾ ਸਿਰਫ ਮਾਨਸਿਕ ਤਣਾਅ ਦਾ ਖਦਸ਼ਾ ਘਟਦਾ ਹੈ ਸਗੋਂ ਇਨਸਾਨ ਐਕਟਿਵ ਰਹਿੰਦਾ ਹੈ ਜਿਸ ਨਾਲ ਉਸ ਦੀ ਸਮੁੱਚੀ ਜ਼ਿੰਦਗੀ ਬਿਹਤਰ ਹੋ ਜਾਂਦੀ ਹੈ। "

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)