ਜ਼ੇਲੇਂਸਕੀ, ਟਰੰਪ ਨਾਲ ਉਲਝਣ ਤੋਂ ਬਾਅਦ ਹੁਣ ਕੀ ਪ੍ਰਭਾਵ ਦੇਣ ਦੀ ਕੋਸ਼ਿਸ਼ ਵਿੱਚ ਹਨ, ਉਹ ਯੂਰਪ ਦੌਰੇ ਦੌਰਾਨ ਕੀ ਕਹਿ ਰਹੇ

    • ਲੇਖਕ, ਲੌਰਾ ਕੁਏਨਸਬਰਗ
    • ਰੋਲ, ਪੇਸ਼ਕਾਰ, ਸੰਡੇਅ ਵਿਦ ਲੌਰਾ ਕੁਏਨਸਬਰਗ

ਵੋਲੋਦੀਮੀਰ ਜ਼ੇਲੇਂਸਕੀ ਜਦੋਂ ਲੰਡਨ ਦੇ ਸਟੈਨਸਟੇਡ ਹਵਾਈ ਅੱਡੇ 'ਤੇ ਪਹੁੰਚੇ ਤਾਂ ਪੱਤਰਕਾਰਾਂ ਦੇ ਇੱਕ ਛੋਟੇ ਸਮੂਹ ਨੇ ਉਨ੍ਹਾਂ ਨੂੰ ਘੇਰ ਲਿਆ।

ਜ਼ੇਲੇਂਸਕੀ ਉਸ ਵੇਲੇ ਕਿਵੇਂ ਮਹਿਸੂਸ ਕਰ ਰਹੇ ਸਨ, ਇਸ ਬਾਰੇ ਜ਼ੇਲੇਂਸਕੀ ਦੇ ਸਾਥੀਆਂ ਵਿੱਚੋਂ ਇੱਕ ਨੇ ਕਿਹਾ ਕਿ - ਉਹ "ਜ਼ਖ਼ਮੀ ਪਰ ਪ੍ਰੇਰਿਤ" ਹਨ।

ਇੱਕ ਸਰਕਾਰੀ ਸੂਤਰ ਨੇ ਸਾਨੂੰ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਡੌਨਲਡ ਟਰੰਪ ਅਤੇ ਜੇਡੀ ਵੈਂਸ ਨਾਲ ਬਹਿਸ ਮਗਰੋਂ ਜਦੋਂ ਯੂਕਰੇਨੀ ਰਾਸ਼ਟਰਪਤੀ 18 ਵਿਸ਼ਵ ਆਗੂਆਂ ਨਾਲ ਇੱਕ ਸੰਮੇਲਨ ਲਈ ਯੂਕੇ ਪਹੁੰਚੇ ਤਾਂ ਬ੍ਰਿਟਿਸ਼ ਰਾਜ ਨੇ ਉਨ੍ਹਾਂ ਦਾ ਹਰ ਤਰ੍ਹਾਂ ਨਾਲ ਚੰਗਾ ਸਵਾਗਤ ਕੀਤਾ।

ਜ਼ੇਲੇਂਸਕੀ ਨੇ ਯੂਕੇ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨਾਲ ਉਨ੍ਹਾਂ ਦੇ ਨਿਵਾਸ 10 ਡਾਊਨਿੰਗ ਸਟ੍ਰੀਟ ਅੱਗੇ ਜੱਫੀ ਪਾਈ। ਜਿੱਥੇ ਉਨ੍ਹਾਂ ਦਾ ਸਵਾਗਤ ਭੀੜ ਨੇ ਵੀ ਕੀਤਾ ਜਿਨ੍ਹਾਂ ਨੇ ਉਨ੍ਹਾਂ ਲਈ ਤਾੜੀਆਂ ਪਾਈਆਂ। ਨਾਲ ਹੀ ਉਨ੍ਹਾਂ ਨੇ ਕਿੰਗ ਚਾਰਲਸ ਨਾਲ ਵੀ ਚਾਹ 'ਤੇ ਮੁਲਾਕਾਤ ਕੀਤੀ।

ਪਰ ਇਹ ਗੱਲ ਸਪਸ਼ਟ ਸੀ ਕਿ ਘਰ ਵਾਪਸੀ ਤੋਂ 90 ਮਿੰਟ ਪਹਿਲਾਂ, ਜ਼ੇਲੇਂਸਕੀ ਦੁਨੀਆਂ ਦੇ ਸਾਹਮਣੇ ਆਪਣੀ ਗੱਲ ਰੱਖਣਾ ਚਾਹੁੰਦੇ ਸਨ ਅਤੇ ਇਸ ਵਾਰ ਉਹ ਸਿਰਫ ਯੂਕਰੇਨੀ ਭਾਸ਼ਾ ਵਿੱਚ ਬੋਲ ਰਹੇ ਸਨ। ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਨੂੰ ਗਲਤ ਸਮਝਿਆ ਜਾਵੇ।

ਵ੍ਹਾਈਟ ਹਾਊਸ ਵਿੱਚ ਨਿੰਦਾ ਕੀਤੇ ਜਾਣ ਤੋਂ ਬਾਅਦ ਅਤੇ ਫਿਰ ਯੂਕੇ ਵਿੱਚ ਸਵਾਗਤ ਕੀਤੇ ਜਾਣ ਤੋਂ ਬਾਅਦ, ਘੱਟੋ-ਘੱਟ ਜਨਤਕ ਤੌਰ 'ਤੇ ਉਹ ਨਿਰਾਸ਼ ਨਜ਼ਰ ਨਹੀਂ ਆ ਰਹੇ ਸਨ।

ਜ਼ੇਲੇਂਸਕੀ ਨੇ ਕਿਹਾ, "ਜੇ ਅਸੀਂ ਆਪਣੇ ਹੌਂਸਲੇ ਨੂੰ ਬੁਲੰਦ ਨਹੀਂ ਰੱਖਦੇ, ਤਾਂ ਅਸੀਂ ਸਾਰਿਆਂ ਨੂੰ ਨਿਰਾਸ਼ ਕਰਦੇ ਹਾਂ।''

ਉਨ੍ਹਾਂ ਨੇ ਕੀਅਰ ਸਟਾਰਮਰ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਇਸ ਯੋਜਨਾ ਬਾਰੇ ਸਕਾਰਾਤਮਕ ਸੰਦੇਸ਼ ਦਿੱਤਾ ਕਿ ਉਹ ਸ਼ਾਂਤੀ ਯੋਜਨਾਵਾਂ ਨੂੰ ਅਮਰੀਕਾ ਅੱਗੇ ਪੇਸ਼ ਕਰਨ ਤੋਂ ਪਹਿਲਾਂ ਆਪ ਅਪਣਾਉਣਾ ਚਾਹੁੰਦੇ ਹਨ, ਤਾਂ ਜੋ ਯੂਰਪ ਆਪਣੀ ਰਣਨੀਤੀ ਨੂੰ ਅੱਗੇ ਵਧਾ ਸਕੇ ਅਤੇ ਆਪਣੀਆਂ ਹੋਰ ਠੋਸ ਸੁਰੱਖਿਆ ਗਾਰੰਟੀਆਂ ਵਿਕਸਤ ਕਰ ਸਕੇ।

ਜ਼ੇਲੇਂਸਕੀ ਨੇ ਸਾਨੂੰ ਦੱਸਿਆ ਕਿ ਉਹ ਡੌਨਲਡ ਟਰੰਪ ਦੀਆਂ ਮੰਗਾਂ ਵਿੱਚੋਂ ਇੱਕ ਨੂੰ ਪੂਰਾ ਕਰਨ ਲਈ ਤਿਆਰ ਹਨ - ਭਾਵ ਇੱਕ ਖਣਿਜ ਸਮਝੌਤੇ 'ਤੇ ਦਸਤਖ਼ਤ ਕਰਨਾ, ਜੋ ਅਮਰੀਕਾ ਨੂੰ ਯੂਕਰੇਨ ਦੇ ਕੁਝ ਸਰੋਤਾਂ ਤੱਕ ਪਹੁੰਚ ਦੇਵੇਗਾ।

ਇਸ ਤੋਂ ਇਲਾਵਾ, ਤਿੰਨ ਸਾਲਾਂ ਦੀ ਜੰਗ ਦੇ ਦਬਾਅ ਦੇ ਬਾਵਜੂਦ ਅਤੇ ਵ੍ਹਾਈਟ ਹਾਊਸ ਦੀਆਂ ਸਾਰੀਆਂ ਮੰਗਾਂ ਦੇ ਬਾਵਜੂਦ, ਨਿਰਪੱਖ ਜਾਂ ਅਨੁਚਿਤ ਤੌਰ 'ਤੇ ਜਿਸ ਕੋਲ ਉਨ੍ਹਾਂ ਦੇ ਦੇਸ਼ ਦੀ ਰੱਖਿਆ ਕਰਨ ਜਾਂ ਨਾ ਕਰਨ ਦੀ ਸ਼ਕਤੀ ਹੈ, ਜ਼ੇਲੇਂਸਕੀ ਐਤਵਾਰ ਰਾਤ ਨੂੰ ਦ੍ਰਿੜਤਾ ਨਾਲ ਖੜ੍ਹੇ ਦਿਖਾਈ ਦਿੱਤੇ।

ਉਨ੍ਹਾਂ ਕਿਹਾ ਕਿ ਇਸ ਸਮੇਂ ਰੂਸ ਦੁਆਰਾ ਕਬਜ਼ੇ ਵਾਲੇ ਇਲਾਕੇ ਨੂੰ ਵਾਪਸ ਪ੍ਰਾਪਤ ਕਰਨ ਬਾਰੇ ਚਰਚਾ ਕਰਨਾ ਗਲਤ ਸੀ ਅਤੇ "ਸਰਹੱਦਾਂ ਬਾਰੇ ਗੱਲ ਕਰਨਾ" ਵੀ ਬਹੁਤ ਜਲਦਬਾਜ਼ੀ ਹੋਵੇਗੀ।

ਇਸ ਬਾਰੇ ਜ਼ੇਲੇਂਸਕੀ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਨ।

ਉਹ ਟਰੰਪ ਤੋਂ ਮੁਆਫ਼ੀ ਨਹੀਂ ਮੰਗਣਗੇ ਅਤੇ ਨਾ ਹੀ ਓਵਲ ਦਫ਼ਤਰ ਵਿੱਚ ਵਾਪਰੀ ਕਿਸੇ ਵੀ ਘਟਨਾ ਲਈ ਅਫ਼ਸੋਸ ਪ੍ਰਗਟ ਕਰਨਗੇ, ਜਿਸਦੀ ਇਸ ਸਮੇਂ ਅਮਰੀਕੀ ਰਾਸ਼ਟਰਪਤੀ ਦੇ ਕੈਂਪ ਵੱਲੋਂ ਵਾਰ-ਵਾਰ ਮੰਗ ਕੀਤੀ ਜਾ ਰਹੀ ਹੈ।

ਇੱਥੋਂ ਤੱਕ ਕਿ ਨਾਟੋ ਮੁਖੀ ਨੇ ਵੀ ਜ਼ੇਲੇਂਸਕੀ ਨੂੰ ਅਮਰੀਕੀ ਆਗੂ ਨਾਲ ਆਪਣੇ ਸਬੰਧਾਂ ਨੂੰ ਸੁਧਾਰਨ ਦਾ ਤਰੀਕਾ ਲੱਭਣ ਲਈ ਕਿਹਾ ਹੈ।

ਫਿਰ ਵੀ, ਸਟੈਨਸਟੇਡ ਦੇ ਭਰੇ ਕਮਰੇ ਵਿੱਚ ਜ਼ੇਲੇਂਸਕੀ ਦੇ ਸੁਰਾਂ ਵਿੱਚ ਅਜਿਹਾ ਕੁਝ ਵੀ ਨਹੀਂ ਸੀ ਜੋ ਇਹ ਦਰਸਾਉਂਦਾ ਹੋਵੇ ਕਿ ਉਹ ਜ਼ਿਆਦਾ ਚੰਗਾ ਬਣਨ ਵਿਚ ਰੁਚੀ ਰੱਖਦੇ ਹੋਣ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵ੍ਹਾਈਟ ਹਾਊਸ ਪਹੁੰਚਣ ਲਈ ਕਈ ਘੰਟੇ ਸਫ਼ਰ ਕੀਤਾ - ਉਨ੍ਹਾਂ ਦਾ ਇਹ ਦੌਰਾ ਸਨਮਾਨ ਵਜੋਂ ਸੀ।

ਉਨ੍ਹਾਂ ਇਹ ਵੀ ਕਿਹਾ ਕਿ ਉਹ ਕਦੇ ਵੀ "ਕਿਸੇ ਦਾ ਨਿਰਾਦਰ" ਨਹੀਂ ਕਰਨਗੇ ਅਤੇ ਜਿਸ ਤਰ੍ਹਾਂ ਗੱਲਬਾਤ ਸ਼ੁਰੂ ਹੋਈ ਉਹ ਕਿਸੇ ਲਈ ਵੀ ਸਕਾਰਾਤਮਕ ਨਹੀਂ ਸੀ।

ਇਸ ਸੰਬੋਧਨ ਦੌਰਾਨ, ਜ਼ੇਲੇਂਸਕੀ ਨੇ ਸ਼ਬਦਾਂ ਦਾ ਬਹੁਤ ਧਿਆਨ ਨਾਲ ਇਸਤੇਮਾਲ ਕੀਤਾ। ਕੁਝ ਹੱਦ ਤੱਕ, ਉਨ੍ਹਾਂ ਨੇ ਕੋਸ਼ਿਸ਼ ਕੀਤੀ ਕਿ ਜੋ ਕੁਝ ਵੀ ਹੋਇਆ ਸੀ ਹੁਣ ਉਸਦਾ ਪੋਸਟਮਾਰਟਮ ਨਾ ਕੀਤਾ ਜਾਵੇ।

ਉਨ੍ਹਾਂ ਨੇ ਟਰੰਪ ਪ੍ਰਤੀ ਕੋਈ ਕੌੜਾ ਬੋਲ ਨਹੀਂ ਬੋਲਿਆ, ਇੱਥੋਂ ਤੱਕ ਕਿ ਉਨ੍ਹਾਂ ਨੇ ਉਨ੍ਹਾਂ ਦਾ ਨਾਮ ਵੀ ਨਹੀਂ ਲਿਆ ਅਤੇ ਇਹੀ ਕਿਹਾ ਕਿ ਤਣਾਅ ਵਾਲਾ ਇਹ ਸਮਾਂ ਵੀ ਲੰਘ ਜਾਵੇਗਾ।

ਜੇ ਤੁਸੀਂ ਓਵਲ ਆਫਿਸ ਵਿੱਚ ਵਾਪਰੀ ਸਾਰੀ ਬਹਿਸ ਨੂੰ ਦੇਖਿਆ-ਸੁਣਿਆ ਹੋਵੇ, ਤਾਂ ਤੁਸੀਂ ਸ਼ਾਇਦ ਜ਼ੇਲੇਂਸਕੀ ਨੂੰ ਇਹ ਮਹਿਸੂਸ ਕਰਨ ਲਈ ਦੋਸ਼ੀ ਨਹੀਂ ਠਹਿਰਾਉਂਗੇ ਕਿ ਉਨ੍ਹਾਂ ਨੂੰ ਮੁਆਫੀ ਨਹੀਂ ਮੰਗਣੀ ਚਾਹੀਦੀ।

ਜੇ ਤੁਸੀਂ ਉਨ੍ਹਾਂ ਨੂੰ ਆਪਣੇ ਦੇਸ਼ ਨਾਲ ਵਾਪਰੀਆਂ ਘਟਨਾਵਾਂ ਬਾਰੇ ਗੱਲ ਕਰਦੇ ਸੁਣਦੇ ਹੋ, ਤਾਂ ਤੁਸੀਂ ਸਮਝ ਸਕਦੇ ਹੋ ਕਿ ਇਸ ਸਮੇਂ ਉਨ੍ਹਾਂ ਲਈ ਯੁੱਧ ਨੂੰ ਖਤਮ ਕਰਨ ਵਾਲੇ ਸਮਝੌਤੇ ਸਵੀਕਾਰ ਕਰਨਾ ਅਸੰਭਵ ਕਿਉਂ ਜਾਪਦਾ ਹੈ।

ਉਨ੍ਹਾਂ ਨੂੰ ਨਿੱਜੀ ਤੌਰ 'ਤੇ ਹਿੰਸਾ ਅਤੇ ਦਰਦ ਬਾਰੇ ਗੱਲ ਕਰਦਿਆਂ ਦੇਖ ਕੇ ਤੁਹਾਨੂੰ ਇਸ 'ਤੇ ਪੂਰੀ ਬੇਭਰੋਸਗੀ ਦਾ ਅਹਿਸਾਸ ਹੁੰਦਾ ਹੈ ਕਿ ਕੋਈ ਵੀ ਵਿਅਕਤੀ ਦੁਨੀਆਂ ਨੂੰ ਉਨ੍ਹਾਂ ਦੀ ਨਜ਼ਰ ਨਾਲ ਨਹੀਂ ਦੇਖ ਸਕਦਾ, ਜਿੱਥੇ ਰੂਸ ਦੇ ਹਮਲਾਵਰ ਹੋਣ ਦਾ ਮਤਲਬ ਹੈ ਕਿ ਪੁਤਿਨ ਨੂੰ ਸਜ਼ਾ ਤੋਂ ਬਗੈਰ ਬਖਸ਼ਿਆ ਨਹੀਂ ਜਾਣਾ ਚਾਹੀਦਾ ਅਤੇ ਉਨ੍ਹਾਂ ਦੇ ਲੋਕਾਂ ਨੂੰ ਹਰ ਕੀਮਤ 'ਤੇ ਸੁਰੱਖਿਆ ਮਿਲਣੀ ਚਾਹੀਦੀ ਹੈ।

ਪਰ ਅਸਲੀਅਤ ਕੀ ਹੈ? ਨਾ ਤਾਂ ਜ਼ੇਲੇਂਸਕੀ ਅਤੇ ਨਾ ਹੀ ਕਿਸੇ ਪੱਛਮੀ ਆਗੂ ਨੇ ਹੁਣ ਤੱਕ ਟਰੰਪ ਨੂੰ ਇਸ ਯੁੱਧ 'ਤੇ ਨੈਤਿਕ ਸਪਸ਼ਟਤਾ ਅਪਣਾਉਣ ਲਈ ਰਾਜ਼ੀ ਕੀਤਾ ਹੈ। ਅਤੇ ਭਾਵੇਂ ਇਹ ਦੁਖਦਾਈ ਹੈ, ਪਰ ਸਮਝੌਤਾ ਕਰਨ ਦੀ ਇੱਛਾ ਤੋਂ ਬਿਨਾਂ ਇਸ ਯੁੱਧ ਦਾ ਅੰਤ ਦੇਖਣਾ ਮੁਸ਼ਕਲ ਹੈ।

ਹਾਲਾਂਕਿ ਜ਼ੇਲੇਂਸਕੀ ਕੋਲ ਆਪਣੀ ਗੱਲ ਦਮਦਾਰ ਢੰਗ ਨਾਲ ਕਹਿਣ ਦਾ ਹੁਨਰ ਹੈ ਅਤੇ ਬੇਸ਼ੱਕ, ਉਹ ਸੱਚੇ ਹਨ, ਪਰ ਉਹ ਪੇਸ਼ੇ ਤੋਂ ਉਹ ਇੱਕ ਕਲਾਕਾਰ ਵੀ ਹਨ।

ਜ਼ੇਲੇਂਸਕੀ ਨੇ ਆਤਮ-ਸਮਰਪਣ ਨਾ ਕਰਨ ਦੇ ਸੰਦੇਸ਼ ਦਾ ਸੰਕੇਤ ਦਿੰਦੇ ਹੋਏ ਅਤੇ ਖਣਿਜ ਸੌਦੇ 'ਤੇ ਦਸਤਖਤ ਕਰਨ ਦੀ ਇੱਛਾ ਜਤਾਉਂਦੇ ਹੋਏ ਕਿਹਾ ਕਿ "ਸਾਡੀਆਂ ਆਜ਼ਾਦੀਆਂ ਅਤੇ ਕਦਰਾਂ-ਕੀਮਤਾਂ ਵਿਕਾਊ ਨਹੀਂ ਹਨ''।

ਉਨ੍ਹਾਂ ਇੱਕ ਵਾਰ ਫਿਰ ਅਮਰੀਕਾ ਅਤੇ ਹੋਰ ਦੇਸ਼ਾਂ ਦੇ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ।

ਪਰ ਇੱਥੇ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਆਗੂਆਂ ਨਾਲ ਜਨਤਕ ਤੌਰ 'ਤੇ ਜਿੰਨੀਆਂ ਵੀ ਮੀਟਿੰਗਾਂ ਅਸੀਂ (ਪੱਤਰਕਾਰ) ਕਰਦੇ ਹਾਂ, ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਮੀਟਿੰਗਾਂ ਅਜਿਹੀਆਂ ਹੁੰਦੀਆਂ ਹਨ ਜੋ ਉਨ੍ਹਾਂ (ਆਗੂਆਂ) ਅਤੇ ਉਨ੍ਹਾਂ ਦੀਆਂ ਟੀਮਾਂ ਵਿਚਕਾਰ ਬੰਦ ਦਰਵਾਜ਼ਿਆਂ ਦੇ ਪਿੱਛੇ ਹੁੰਦੀਆਂ ਹਨ।

ਜਿਵੇਂ ਹੀ ਸਾਡੀ ਗੱਲਬਾਤ ਖਤਮ ਹੋਣ ਵਾਲੀ ਸੀ, ਮੈਨੂੰ ਇੱਕ ਫੋਨ ਆਇਆ ਜਿਸ ਵਿੱਚ ਸੰਕੇਤ ਦਿੱਤਾ ਗਿਆ ਕਿ ਮੈਕਰੋਨ ਅਤੇ ਕੀਅਰ ਸ਼ਾਂਤੀ ਲਈ ਆਪਣੀ ਯੋਜਨਾ ਦੇ ਹਿੱਸੇ ਵਜੋਂ ਇੱਕ ਮਹੀਨੇ ਦੀ ਜੰਗਬੰਦੀ ਦਾ ਪ੍ਰਸਤਾਵ ਦੇ ਰਹੇ ਹਨ।

ਮੈਂ ਪੁੱਛਿਆ ਕਿ ਕੀ ਰਾਸ਼ਟਰਪਤੀ ਜ਼ੇਲੇਂਸਕੀ ਇਸ ਬਾਰੇ ਜਾਣਦੇ ਹਨ ਅਤੇ ਕੀ ਉਹ ਇਸ ਸੌਦੇ ਲਈ ਸਹਿਮਤ ਹੋਣਗੇ।

ਅੱਗੋਂ ਮਜ਼ਾਕ ਵਿੱਚ ਉਨ੍ਹਾਂ (ਜ਼ੇਲੇਂਸਕੀ ਨੇ) ਕਿਹਾ, "ਮੈਨੂੰ ਸਭ ਕੁਝ ਪਤਾ ਹੈ''। ਇਸ ਨਾਲ ਕਮਰੇ ਵਿੱਚ ਹਾਸਾ ਫੈਲ ਗਿਆ ਅਤੇ ਫਿਰ ਉਨ੍ਹਾਂ ਨੇ ਹੱਥ ਮਿਲਾਏ, ਫੋਟੋਆਂ ਖਿਚਵਾਈਆਂ ਤੇ ਜਹਾਜ਼ ਵੱਲ ਚਲੇ ਗਏ।

ਉਹ ਸ਼ਾਇਦ ਇੱਕ ਨਾਟਕੀ ਅਤੇ ਮੁਸ਼ਕਲ ਹਫ਼ਤੇ ਦੇ ਅੰਤ ਵਿੱਚ ਆਖਰੀ ਫੈਸਲਾ ਲੈਣਾ ਚਾਹੁੰਦੇ ਸਨ। ਪਰ ਇਸ ਟਕਰਾਅ ਬਾਰੇ ਗੱਲਬਾਤ ਮਹੀਨਿਆਂ ਤੱਕ ਨਹੀਂ ਤਾਂ ਕਈ ਹਫ਼ਤਿਆਂ ਤੱਕ ਤਾਂ ਜ਼ਰੂਰ ਚੱਲੇਗੀ।

(ਇਹ ਰਿਪੋਰਟ ਬੀਬੀਸੀ ਪੱਤਰਕਾਰ ਵੱਲੋਂ ਜ਼ੇਲੇਂਸਕੀ ਨਾਲ ਕੀਤੀ ਗੱਲਬਾਤ ਉੱਤੇ ਆਧਾਰਿਤ ਹੈ)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)