ਦੂਜੀ ਵਿਸ਼ਵ ਜੰਗ ਮਗਰੋਂ ਜਰਮਨੀ ਵਿੱਚ ਪਹਿਲੀ ਵਾਰ ਸੱਜੇ ਪੱਖੀ ਪਾਰਟੀਆਂ ਨੇ ਵੱਡੀ ਸਫ਼ਲਤਾ ਹਾਸਲ ਕੀਤੀ, ਕਿਉਂ ਉਨ੍ਹਾਂ ਦੀ ਹਮਾਇਤ ਵਧੀ

ਜਰਮਨੀ ਚੋਣਾਂ ਵਿੱਚ ਵਿਰੋਧੀ ਧਿਰ ਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਫਰੈਡਰਿਕ ਮਰਜ਼ ਨੇ ਜਿੱਤ ਦਰਜ ਕਰਵਾਈ ਹੈ।

ਸੱਜੇ-ਪੱਖੀ ਪਾਰਟੀ ਅਲਟਰਨੇਟਿਵ ਫ਼ਾਰ ਜਰਮਨੀ (ਏਐੱਫਡੀ) ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦਾ ਸਭ ਤੋਂ ਚੰਗਾ ਪ੍ਰਦਰਸ਼ਨ ਕੀਤਾ ਹੈ।

ਜਰਮਨੀ ਦੇ ਚਾਂਸਲਰ ਓਲਫ ਸ਼ੁਲਜ਼ ਦੀ ਖੱਬੇਪੱਖੀ ਸੋਸ਼ਲ ਡੈਮੋਕਰੈਟਸ ਪਾਰਟੀ ਨੂੰ ਸੰਸਦੀ ਚੋਣਾਂ ਵਿੱਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਨ੍ਹਾਂ ਦੀ ਪਾਰਟੀ ਤੀਜੇ ਸਥਾਨ 'ਤੇ ਰਹੀ ਹੈ।

ਸੀਡੀਯੂ ਆਗੂ ਫ੍ਰੈਡਰਿਕ ਮਰਜ਼ ਨੇ ਜਿੱਤ ਤੋਂ ਬਾਅਦ ਕਿਹਾ,"ਹੁਣ ਅਸੀਂ ਅਡੇਨੌਰ ਹਾਊਸ 'ਚ ਜਸ਼ਨ ਮਨਾਵਾਂਗੇ। ਅੱਜ ਰਾਤ ਅਸੀਂ ਜਸ਼ਨ ਮਨਾਵਾਂਗੇ, ਕੱਲ ਸਵੇਰੇ ਅਸੀਂ ਕੰਮ ਕਰਨਾ ਸ਼ੁਰੂ ਕਰਾਂਗੇ।"

ਮਰਜ਼ ਜਰਮਨੀ ਦੇ ਅਗਲੇ ਚਾਂਸਲਰ ਬਣਨ ਲਈ ਤਿਆਰ ਹਨ। ਸੀਡੀਯੂ ਦਾ 28.6 ਫ਼ੀਸਦ ਵੋਟਾਂ ਦੇ ਨਾਲ ਸੰਸਦ ਵਿੱਚ ਸਭ ਤੋਂ ਵੱਡੀ ਪਾਰਟੀ ਬਣਨਾ ਤੈਅ ਹੈ।

ਪਰ ਸੱਜੇ ਪੱਖੀ ਪਾਰਟੀ ਅਲਟਰਨੇਟਿਵ ਫ਼ਾਰ ਜਰਮਨੀ (ਏਐੱਫ਼ਡੀ) ਵੀ ਇੱਕ ਵੱਡੀ ਕਾਮਯਾਬੀ ਨਾਲ ਸਾਹਮਣੇ ਆਈ ਸੀ।

ਏਐੱਫ਼ਡੀ ਨੂੰ 20.8 ਫ਼ੀਸਦ ਵੋਟਾਂ ਮਿਲੀਆਂ ਹਨ ਅਤੇ ਇਹ ਦੂਜੇ ਨੰਬਰ ਉੱਤੇ ਰਹੀ ਹੈ।

ਏਐੱਫ਼ਡੀ ਆਗੂ ਅਲਾਈਸ ਵੇਡੇਲ ਨੇ ਕਿਹਾ,"ਅਸੀਂ ਇਤਿਹਾਸਕ ਨਤੀਜਾ ਹਾਸਲ ਕੀਤਾ ਹੈ। ਅਸੀਂ ਸੰਘੀ ਸਰਕਾਰ ਵਿੱਚ ਕਦੇ ਵੀ ਮਜ਼ਬੂਤ ਨਹੀਂ ਰਹੇ। ਏਐੱਫ਼ਡੀ 20.8 ਫ਼ੀਸਦ ਵੋਟਾਂ ਖਿੱਚੀਆਂ ਅਤੇ ਦੂਜੇ ਨੰਬਰ 'ਤੇ ਆਇਆ।"

ਹੁਣ ਸੰਸਦ ਵਿੱਚ ਉਨ੍ਹਾਂ ਦੀ ਗਿਣਤੀ ਪਹਿਲਾਂ ਦੇ ਮੁਕਾਲਬੇ ਦੁੱਗਣੀ ਹੋਵੇਗੀ।

ਦੂਜੀ ਵਿਸ਼ਵ ਜੰਗ ਤੋਂ ਬਾਅਦ ਜਰਮਨੀ ਵਿੱਚ ਕਿਸੇ ਸੱਜੇ-ਪੱਖੀ ਪਾਰਟੀ ਹਿੱਸੇ ਆਈ ਹੁਣ ਤੱਕ ਦੀ ਸਭ ਤੋਂ ਵੱਡੀ ਕਾਮਯਾਬੀ ਹੈ।

ਆਰਥਿਕਤਾ ਤੇ ਇਮੀਗ੍ਰੇਸ਼ਨ ਵਰਗੇ ਮੁੱਦੇ ਰਹੇ ਹਾਵੀ

ਇਨ੍ਹਾਂ ਚੋਣਾਂ ਵਿੱਚ ਸਭ ਤੋਂ ਵੱਡਾ ਮੁੱਦਾ ਆਰਥਿਕਤਾ ਅਤੇ ਇਮੀਗ੍ਰੇਸ਼ਨ ਸਨ।

ਯੂਰਪ ਦੀ ਸਭ ਤੋਂ ਵੱਡੀ ਅਰਥਵਿਵਸਥਾ ਦੋ ਸਾਲਾਂ ਤੋਂ ਗਿਰਾਵਟ ਵਿੱਚ ਹੈ ਇਸ ਲਈ ਜਰਮਨ ਉਦਯੋਗ ਨੂੰ ਮੁੜ ਸੁਰਜੀਤ ਕਰਨਾ ਪਾਰਟੀਆਂ ਦੇ ਏਜੰਡੇ 'ਤੇ ਸਭ ਤੋਂ ਸਿਖ਼ਰ 'ਤੇ ਰਿਹਾ ਹੈ।

ਚੋਣਾਂ ਤੋਂ ਪਹਿਲਾਂ ਹੋਏ ਘਾਤਕ ਹਮਲਿਆਂ ਦੀ ਇੱਕ ਲੜੀ ਨੇ ਇਮੀਗ੍ਰੇਸ਼ਨ 'ਤੇ ਧਿਆਨ ਕੇਂਦਰਿਤ ਕੀਤਾ।

ਏਐੱਫ਼ਡੀ ਨੂੰ ਇਨ੍ਹਾਂ ਦੋਵਾਂ ਮੁੱਦਿਆਂ ਨੂੰ ਚੁੱਕਣ ਬਦਲੇ ਨਾਟਕੀ ਢੰਗ ਨਾਲ ਸਮਰਥਨ ਮਿਲਿਆ।

ਅਲਾਈਸ ਕਹਿੰਦੇ ਹਨ ਕਿ ਸਰਕਾਰਾਂ ਦੀਆਂ ਗ਼ਲਤੀਆਂ ਕਾਰਨ ਜਿਸ ਤਬਕੇ ਨੂੰ ਤਕਲੀਫ਼ ਝੱਲਣੀ ਪੈਂਦੀ ਹੈ ਸਿਆਸਤਦਾਨ ਉਸ ਖੇਮੇ ਵਿੱਚ ਨਹੀਂ ਹਨ।

ਏਐੱਫ਼ਡੀ ਦੀ ਸਥਾਪਨਾ 2013 ਵਿੱਚ ਕੀਤੀ ਗਈ ਸੀ। ਪਹਿਲੀ ਵਾਰ ਸੰਸਦ ਤੱਕ ਪਹੁੰਚ 2017 ਵਿੱਚ ਹੋਈ ਸੀ ਜਦੋਂ ਇਸ ਦੇ ਹਿੱਸੇ ਕੁਝ ਸੀਟਾਂ ਆਈਆਂ ਸਨ।

ਪਾਰਟੀ ਦਾ ਪਰਵਾਸੀਆਂ ਖ਼ਾਸ ਕਰਕੇ ਮੁਸਲਮਾਨਾਂ ਪ੍ਰਤੀ ਸਖ਼ਤ ਰੁਖ ਰਿਹਾ ਹੈ।

ਇਸ ਦੀ ਆਗੂ ਐਲਿਸ ਵੇਡੇਲ ਨੇ ਹਾਲ ਹੀ ਵਿੱਚ ਇਮੀਗ੍ਰੇਸ਼ਨ ਨੀਤੀ ਵਿੱਚ ਬਦਲਾਅ ਸੁਝਾਉਂਦੀ ਆਪਣਾ ਮਤਾ ਪ੍ਰਸਤਾਵਿਤ ਕੀਤਾ ਹੈ। ਉਨ੍ਹਾਂ ਇਸ ਨੂੰ 'ਰਿਮਾਈਗ੍ਰੇਸ਼ਨ' ਦਾ ਨਾਮ ਦਿੱਤਾ ਹੈ।

ਰਿਮਾਈਗ੍ਰੇਸ਼ਨ ਸੱਜੇ ਪੱਖੀ ਵਰਤਾਰੇ ਨੂੰ ਦਰਸਾਉਂਦਾ ਸ਼ਬਦ ਹੈ। ਜਿਸਦਾ ਅਸਲ ਵਿੱਚ ਮਤਲਬ ਹੈ ਕਿ ਕਿਸੇ ਵੀ ਪਰਵਾਸੀ ਵਿਅਕਤੀ ਨੂੰ ਫ਼ਿਰ ਚਾਹੇ ਉਸ ਕੋਲ ਇੱਕ ਜਰਮਨ ਪਾਸਪੋਰਟ ਹੋਵੇ ਜਾਂ ਨਹੀਂ ਤਾਂ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਣਾ ਚਾਹੀਦਾ ਹੈ।

ਪਾਰਟੀ ਹਿੱਸੇ ਆਈ ਸਫ਼ਲਤਾ

ਹਾਲ ਹੀ ਵਿੱਚ ਪਾਰਟੀ ਨੇ ਕਈ ਅਹਿਮ ਸਫ਼ਲਤਾਵਾਂ ਹਾਸਲ ਕੀਤੀਆਂ ਹਨ।

ਹੁਣ ਪਾਰਟੀ ਯੂਰਪੀਅਨ ਚੋਣਾਂ ਵਿੱਚ ਦੂਜੇ ਨੰਬਰ 'ਤੇ ਰਹੀ ਅਤੇ ਖੇਤਰੀ ਇਲਾਕਿਆਂ ਵਿੱਚ 33 ਫ਼ੀਸਦ ਵੋਟਾਂ ਆਪਣੇ ਹੱਕ ਵਿੱਚ ਕਰਨ ਦੇ ਕਾਮਯਾਬ ਰਹੀ।

ਇਹ ਯੂਰਪੀਅਨ ਯੂਨੀਅਨ ਨੂੰ ਇੱਕ ਸੁਖਾਲੇ ਵਪਾਰਕ ਬਲਾਕ ਨਾਲ ਬਦਲਣਾ ਚਾਹੁੰਦਾ ਹੈ ਅਤੇ ਯੂਰੋ ਮੁਦਰਾ ਨੂੰ ਵੀ ਛੱਡਣ ਦੇ ਹੱਕ ਵਿੱਚ ਹੈ।

ਇਸ ਤੋਂ ਇਲਾਵਾ ਪਾਰਟੀ ਦਾ ਕਹਿਣਾ ਹੈ ਯੂਕਰੇਨ ਨੂੰ ਹਥਿਆਰਬੰਦ ਕਰਨਾ ਬੰਦ ਕੀਤਾ ਜਾਵੇ, ਰੂਸ 'ਤੇ ਪਾਬੰਦੀਆਂ ਹਟਾਈਆ ਜਾਣ, ਇੰਨਾ ਹੀ ਨਹੀਂ ਪਾਰਟੀ ਐੱਲਜੀਬੀਟੀ ਅਧਿਕਾਰਾਂ ਨੂੰ ਰੱਦ ਕਰਨ ਦੀ ਹਾਮੀ ਭਰਦੀ ਹੈ।

ਪਰ ਏਐੱਫ਼ਡੀ ਆਗੂ ਅਲਾਈਸ ਵੇਡੇਲ ਖ਼ੁਦ ਸਮਲਿੰਗੀ ਹੈ ਅਤੇ ਉਨ੍ਹਾਂ ਦੀ ਇੱਕ ਸ਼੍ਰੀਲੰਕਾਈ ਸਾਥੀ ਸਾਰਾਹ ਬੋਸਾਰਡ ਹੈ।

ਉਹ ਪੱਛਮੀ ਜਰਮਨੀ ਦੀ ਇੱਕ ਪਾਰਟੀ ਦੀ ਅਗਵਾਈ ਕਰ ਰਹੀ ਹੈ ਜੋ ਅੱਜ ਦੇ ਸਮੇਂ ਵਿੱਚ ਸਾਬਕਾ ਕਮਿਊਨਿਸਟ ਪੂਰਬ ਵਿੱਚ ਸਭ ਤੋਂ ਮਜ਼ਬੂਤ ਹੈ।

ਉਨ੍ਹਾਂ ਨੂੰ ਟੇਸਲਾ ਦੇ ਸੀਈਓ ਇਲੋਨ ਮਸਕ ਵਰਗੀਆਂ ਹਸਤੀਆਂ ਦਾ ਸਮਰਥਨ ਪ੍ਰਾਪਤ ਹੈ।

ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਅਲਾਈਸ ਦੀ ਅਸਾਧਾਰਨ ਸ਼ਖ਼ਸੀਅਤ ਹੀ ਉਨ੍ਹਾਂ ਨੂੰ ਪਾਰਟੀ ਲਈ ਅਹਿਮ ਬਣਾਉਂਦੀ ਹੈ।

ਜਰਮਨਾਂ ਦੀ ਵੱਡੀ ਬਹੁਗਿਣਤੀ ਅਜੇ ਵੀ ਏਐੱਫ਼ਡੀ ਦੇ ਹੱਕ ਵਿੱਚ ਨਹੀਂ ਹੈ।

ਫ਼ਿਰ ਵੀ, ਪਾਰਟੀ ਲਗਾਤਾਰ ਆਪਣੀ ਪਕੜ ਮਜ਼ਬੂਤ ਬਣਾ ਰਹੀ ਹੈ ਅਤੇ ਸੋਸ਼ਲ ਮੀਡੀਆ 'ਤੇ ਵੀ ਹਮਾਇਤ ਹਾਸਲ ਕਰ ਰਹੀ ਹੈ।

ਨਵੀਂ ਪੀੜੀ ਦੀ ਹਮਾਇਤ

ਸੇਲੀਨਾ ਰਵਾਇਤੀ ਕਦਰਾਂ-ਕੀਮਤਾਂ ਦੀ ਵਕਾਲਤ ਕਰਦੇ ਹਨ ਅਤੇ ਇਸ ਵਿਸ਼ੇ ਉੱਤੇ ਵੀਡੀਓਜ਼ ਬਣਾਉਂਦੇ ਹਨ। ਉਹ ਵੀ ਏਐੱਫ਼ਡੀ ਦੀ ਸ਼ਲਾਘਾ ਕਰਦੇ ਹਨ।

ਸੇਲੀਨਾ ਕਹਿੰਦੇ ਹਨ,"ਮੈਨੂੰ ਨਹੀਂ ਲੱਗਦਾ ਕਿ ਏਐੱਫ਼ਡੀ ਖ਼ਤਰਨਾਕ ਹਨ। ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਬਦਲਾਅ ਤੋਂ ਡਰਦੇ ਹਨ।"

ਇਕੋ ਚੀਜ਼ ਜੋ ਉਨ੍ਹਾਂ ਨੂੰ ਖ਼ਤਰਨਾਕ ਬਣਾ ਸਕਦੀ ਹੈ ਉਹ ਇਹ ਹੈ ਕਿ ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਬੁਨਿਆਦੀ ਤੌਰ 'ਤੇ ਲਾਗੂ ਕਰ ਸਕਦੇ ਹਨ ਪਰ ਮੈਨੂੰ ਲੱਗਦਾ ਹੈ ਕਿ ਜਰਮਨੀ ਨੂੰ ਬਿਲਕੁਲ ਇਸ ਦੀ ਹੀ ਲੋੜ ਹੈ।

ਜਰਮਨ ਸ਼ਬਦ 'ਬਰੈਂਡਮਾਯੂਰ' ਦਾ ਅਰਥ ਹੈ "ਫਾਇਰਵਾਲ"।

ਇਹ ਮੁੱਖ ਧਾਰਾ ਦੇ ਸਿਆਸਤਦਾਨਾਂ ਵੱਲੋਂ ਏਐੱਫ਼ਡੀ ਵਰਗੀਆਂ ਕੱਟੜਪੰਥੀ ਪਾਰਟੀਆਂ ਨੂੰ ਅਲੱਗ-ਥਲੱਗ ਕਰਨ ਲਈ ਸਹਿਮਤੀ ਜਤਾਉਂਦਾ ਇੱਕ ਸਮਝੌਤਾ ਹੈ।

ਪਰ ਪਰਵਾਸ ਵਿਰੋਧੀ ਭਾਵਨਾ ਦੇ ਵਧਣ ਨਾਲ ਇਸ ਸਮਝੌਤੇ ਦੇ ਹੱਕ ਵਿੱਚ ਬਹੁਤ ਜ਼ਿਆਦਾ ਲੋਕ ਨਹੀਂ ਰਹੇ ਹਨ।

ਜਨਵਰੀ ਵਿੱਚ, ਫ਼ਰਿਡਰਿਕ ਮਰਜ਼ ਨੇ ਏਐੱਫ਼ਡੀ ਦੇ ਸਮਰਥਨ ਨਾਲ ਇੱਕ ਮਾਈਗ੍ਰੇਸ਼ਨ ਬਿੱਲ ਵੀ ਪੇਸ਼ ਕੀਤਾ ਸੀ।

ਆਖਰਕਾਰ, ਪ੍ਰੋਜੈਕਟ ਨੂੰ ਰੱਦ ਕਰ ਦਿੱਤਾ ਗਿਆ ਸੀ। ਪਰ ਇਸਨੇ ਜਰਮਨ ਸਿਆਸਤ ਵਿੱਚ ਤਿੱਖੀ ਪ੍ਰਤੀਕਿਰਿਆ ਨੂੰ ਜਨਮ ਦਿੱਤਾ।

ਉਦੋਂ ਤੋਂ, ਮਰਜ਼ ਨੇ ਦੁਹਰਾਇਆ ਹੈ ਕਿ ਉਹ ਏਐਫਡੀ ਨਾਲ ਗੱਠਜੋੜ ਕਰਨ ਦਾ ਇਰਾਦਾ ਨਹੀਂ ਰੱਖਦਾ ਹੈ।

ਮਰਜ਼ ਕਹਿੰਦੇ ਹਨ, "ਸਾਡੇ ਅਤੇ ਏਐੱਫ਼ਡੀ ਵਿੱਚ ਸਹਿਯੋਗ ਦਾ ਸਵਾਲ ਹੀ ਖੜਾ ਨਹੀਂ ਹੁੰਦਾ ਹੈ।"

"ਅਸੀਂ ਏਐੱਫ਼ਡੀ ਨਾਲ ਕੰਮ ਨਹੀਂ ਕਰਾਂਗੇ।ਨਾ ਚੋਣਾਂ ਤੋਂ ਪਹਿਲਾਂ, ਨਾ ਬਾਅਦ ਵਿੱਚ...ਕਦੇ ਵੀ ਨਹੀਂ। ਇਹ ਸਵਾਲ ਹੀ ਪੈਦਾ ਨਹੀਂ ਹੁੰਦਾ।"

ਆਪਣੀ ਸਫਲਤਾ ਦੇ ਬਾਵਜੂਦ, ਏਐੱਫ਼ਡੀ ਅਗਲੀ ਸਰਕਾਰ ਦਾ ਹਿੱਸਾ ਨਹੀਂ ਬਣ ਸਕਦੀ।

ਪਰ ਜਰਮਨ ਸਿਆਸਤ 'ਤੇ ਇਸ ਦਾ ਪ੍ਰਭਾਵ ਅਗਲੇ ਚਾਰ ਸਾਲਾਂ ਤੱਕ ਰਹੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)