ਬਜਟ:ਪੁਰਾਣੀ ਬਨਾਮ ਨਵੀਂ ਟੈਕਸ ਪ੍ਰਣਾਲੀ-ਤੁਹਾਨੂੰ ਕਿਹੜਾ ਬਦਲ ਚੁਣਨ ਨਾਲ ਹੋਵੇਗਾ ਫਾਇਦਾ

ਲੋਕ ਸਭਾ ਵਿੱਚ ਮੰਗਲਵਾਰ ਨੂੰ ਪੇਸ਼ ਹੋਏ ਆਮ ਬਜਟ ਵਿੱਚ ਨਵੀਂ ਟੈਕਸ ਪ੍ਰਣਾਲੀ ਅਪਣਾਉਣ ਵਾਲਿਆਂ ਨੂੰ ਕੁਝ ਆਮਦਨ ਕਰ ਵਿੱਚ ਰਾਹਤ ਦਿੱਤੀ ਗਈ ਹੈ ।

ਨਵੀਂ ਟੈਕਸ ਪ੍ਰਣਾਲੀ ਤਹਿਤ ਹੁਣ 3 ਲੱਖ ਤੋਂ 7 ਲੱਖ ਰੁਪਏ ਦੀ ਆਮਦਨ ਉੱਤੇ 5 ਫੀਸਦ ਦੇ ਹਿਸਾਬ ਨਾਲ ਟੈਕਸ ਦੇਣਾ ਹੋਵੇਗਾ।

ਪਹਿਲਾਂ ਇਹ ਸਲੈਬ 6 ਲੱਖ ਰੁਪਏ ਤੱਕ ਸੀ ,ਨਵੀਂ ਟੈਕਸ ਪ੍ਰਣਾਲੀ ਦੇ ਹੋਰ ਸਲੈਬਜ਼ ਵਿੱਚ ਵੀ ਕੁਝ ਬਦਲਾਅ ਕੀਤਾ ਗਿਆ ਹੈ।

ਇਸ ਦੇ ਇਲਾਵਾ ਸਟੈਂਡਰਡ ਡਿਡਕਸ਼ਨ ਨੂੰ ਵੀ 50 ਹਜ਼ਾਰ ਤੋਂ ਵਧਾ ਕੇ 75 ਹਜ਼ਾਰ ਰੁਪਏ ਕਰ ਦਿੱਤਾ ਹੈ।

ਇਨ੍ਹਾਂ ਦੋਵੇਂ ਬਦਲਾਵਾਂ ਨਾਲ ਕਰਦਾਤਾਵਾਂ ਨੂੰ ਵੱਧ ਤੋਂ ਵੱਧ 17,500 ਰੁਪਏ ਤੱਕ ਦਾ ਫਾਇਦਾ ਹੋਵੇਗਾ।

ਹਾਲਾਂਕਿ ਪੁਰਾਣੀ ਟੈਕਸ ਪ੍ਰਣਾਲੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਤਿੰਨ ਲੱਖ ਰੁਪਏ ਤੱਕ ਦੀ ਆਮਦਨੀ ਉੱਤੇ ਕੋਈ ਟੈਕਸ ਨਹੀਂ ਦੇਣਾ ਹੋਵੇਗਾ।

ਨਵੀਂ ਟੈਕਸ ਪ੍ਰਣਾਲੀ ਵਿੱਚ ਕੀ ਬਦਲਿਆ ?

ਨਵੀਂ ਟੈਕਸ ਪ੍ਰਣਾਲੀ ਵਿੱਚ 7 ਲੱਖ ਰੁਪਏ ਤੱਕ ਦੀ ਇਨਕਮ ਟੈਕਸ ਮੁਕਤ ਹੋਵੇਗੀ ।

ਇਸ ਦਾ ਹਿਸਾਬ ਕਿਤਾਬ ਕੁਝ ਇਸ ਤਰ੍ਹਾਂ ਹੈ ।

ਤਿੰਨ ਲੱਖ ਰੁਪਏ ਦੀ ਕਮਾਈ ਉੱਤੇ ਤਾਂ ਕੋਈ ਟੈਕਸ ਦੇਣਾ ਹੀ ਨਹੀਂ ਹੈ। ਤਿੰਨ ਲੱਖ ਤੋਂ 7 ਲੱਖ ਰੁਪਏ ਤੱਕ ਟੈਕਸ ਦਰ 5 ਫੀਸਦ ਹੈ, ਮਤਲਬ ਇਸ ਸਲੈਬ ਦੇ 4 ਲੱਖ ਰੁਪਏ ਉੱਤੇ 5 ਫੀਸਦ ਦੀ ਦਰ ਨਾਲ ਟੈਕਸ ਹੋਇਆ 20 ਹਜ਼ਾਰ ਰੁਪਏ।

ਸੈਕਸ਼ਨ 87 ਏ ਦੇ ਤਹਿਤ ਇਹ 20 ਹਜ਼ਾਰ ਰੁਪਏ ਦਾ ਟੈਕਸ ਸਰਕਾਰ ਮਾਫ਼ ਕਰ ਦਿੰਦੀ ਹੈ, ਮਤਲਬ ਕੋਈ ਟੈਕਸ ਨਹੀਂ ਦੇਣਾ ਹੈ।

ਤਨਖਾਹਦਾਰਾਂ ਨੂੰ 75 ਹਜ਼ਾਰ ਰੁਪਏ ਤੱਕ ਦੇ ਸਟੈਂਡਰਡ ਡਿਡਕਸ਼ਨ ਦਾ ਵੀ ਫਾਇਦਾ ਦਿੱਤਾ ਗਿਆ ਹੈ, ਤਾਂ ਕੁੱਲ ਮਿਲਾ ਕੇ 7 ਲੱਖ 75 ਹਜ਼ਾਰ ਰੁਪਏ ਤੱਕ ਦੀ ਆਮਦਨ ਹੋ ਗਈ ਟੈਕਸ ਮੁਕਤ।

ਕਿਵੇਂ 7 ਲੱਖ ਰੁਪਏ ਤੱਕ ਦੀ ਆਮਦਨ ਟੈਕਸ ਮੁਕਤ ਹੋਵੇਗੀ

7 ਲੱਖ ਤੱਕ ਦੀ ਆਮਦਨ ਉੱਪਰ ਟੈਕਸ 20 ਹਜ਼ਾਰ ਰੁਪਏ ਬਣਦਾ ਹੈ ਪਰ ਆਮਦਨ ਕਰ ਐਕਟ ਦੇ ਸੈਕਸ਼ਨ 87ਏ ਦੇ ਤਹਿਤ ਸਰਕਾਰ 20 ਹਜ਼ਾਰ ਰੁਪਏ ਦੀ ਛੋਟ ਦਿੰਦੀ ਹੈ।

ਤਨਖ਼ਾਹਦਾਰ ਲੋਕਾਂ ਨੂੰ 75 ਹਜ਼ਾਰ ਰੁਪਏ ਦਾ ਸਟੈਂਡਰਡ ਡਿਡਕਸ਼ਨ ਵੀ ਮਿਲੇਗਾ, ਇਸ ਲਈ ਉਨ੍ਹਾਂ ਦੀ 7.75 ਲੱਖ ਰੁਪਏ ਤੱਕ ਦੀ ਆਮਦਨ ਟੈਕਸ ਮੁਕਤ ਹੋਵੇਗੀ।

ਜੇਕਰ ਤੁਸੀਂ 10 ਲੱਖ ਰੁਪਏ ਦੀ ਕਮਾਈ ਦਾ ਪੂਰਾ ਪੈਸਾ ਬਚਾਉਣਾ ਚਾਹੁੰਦੇ ਹੋ ਤਾਂ ਪੁਰਾਣੀ ਟੈਕਸ ਪ੍ਰਣਾਲੀ ਵਿੱਚ ਅਜਿਹਾ ਸੰਭਵ ਹੈ।

ਹਾਲਾਂਕਿ ਇਸਦੇ ਲਈ ਕਈ ਤਰ੍ਹਾਂ ਦੀਆਂ ਛੋਟਾਂ ਨੂੰ ਹਾਸਲ ਕਰਨ ਦੇ ਲਈ ਨਿਵੇਸ਼ ਕਰਨਾ ਹੋਵੇਗਾ।

ਪਰ ਜੇਕਰ ਨਿਵੇਸ਼ ਨਹੀਂ ਕਰ ਸਕਦੇ ਤਾਂ ਪੁਰਾਣੀ ਟੈਕਸ ਪ੍ਰਣਾਲੀ ਵਿੱਚ ਸਲੈਬ ਦੇ ਮੁਤਾਬਿਕ ਟੈਕਸ ਦੇਣਾ ਹੋਵੇਗਾ।

ਪੁਰਾਣੀ ਟੈਕਸ ਪ੍ਰਣਾਲੀ ਵਿੱਚ ਕਿਵੇਂ ਬਚਾ ਸਕਦੇ ਹੋ ਟੈਕਸ

ਸਰਕਾਰ ਨੇ ਇਸ ਬੰਦੋਬਸਤ ਦੇ ਤਹਿਤ 50 ਹਜ਼ਾਰ ਰੁਪਏ ਦਾ ਸਟੈਂਡਰਡ ਡਿਡਕਸ਼ਨ ਦਿੱਤਾ ਹੈ । ਮਤਲਬ 10 ਲੱਖ ਵਿੱਚੋਂ 50 ਹਜ਼ਾਰ ਰੁਪਏ ਘਟਾ ਦਿਓ ਤਾਂ ਹੁਣ ਟੈਕਸ ਦੇ ਦਾਇਰੇ ਵਿੱਚ ਆਉਣ ਵਾਲੀ ਆਮਦਨ 9.5 ਲੱਖ ਰੁਪਏ ਰਹਿ ਜਾਏਗੀ।

ਇਨਕਮ ਟੈਕਸ ਦੇ ਸੈਕਸ਼ਨ 80C ਦੇ ਤਹਿਤ 1.5 ਲੱਖ ਤੱਕ ਦੀ ਟੈਕਸ ਬੱਚਤ ਕਰ ਸਕਦੇ ਹੋ। ਇੰਪਲਾਈ ਪ੍ਰੌਵੀਡੈਂਟ ਫੰਡ (PPF) , ਇਕਵਿਟੀ ਲਿੰਕਡ ਸੇਵਿੰਗ ਸਕੀਮ (ELSS) , ਸੁਕੰਨਿਆ ਸਮਰਿਧੀ ਯੋਜਨਾ (EPF), ਨੈਸ਼ਨਲ ਸੇਵਿੰਗ ਸਰਟੀਫੀਕੇਟ, ਪੰਜ ਸਾਲ ਦੇ ਫਿਕਸਡ ਡਿਪੌਜਿਟਸ , ਸੀਨੀਅਰ ਸਿਟੀਜਨ ਸੇਵਿੰਗ ਸਕੀਮ ਵਿੱਚ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਟੈਕਸ ਛੋਟ ਮਿਲ ਸਕਦੀ ਹੈ।

ਇਨ੍ਹਾਂ ਵਿੱਚੋਂ ਕਿਸੇ ਇੱਕ ਜਾਂ ਕਈ ਸਕੀਮਾਂ ਵਿੱਚ ਕੁੱਲ ਮਿਲਾ ਕੇ ਵੱਧ ਤੋਂ ਵੱਧ ਡੇਢ ਲੱਖ ਰੁਪਏ ਤੱਕ ਦਾ ਨਿਵੇਸ਼ ਕਰਨਾ ਹੋਵੇਗਾ।

ਜੇਕਰ ਤੁਸੀਂ ਇਹ ਕੀਤਾ ਹੈ,ਤਾਂ ਹੁਣ ਸਾਢੇ 9 ਲੱਖ ਰੁਪਏ ਵਿੱਚੋਂ 1.50 ਰੁਪਏ ਹੋਰ ਘਟਾ ਦਿਓ। ਹੁਣ ਟੈਕਸ ਦੇ ਦਾਇਰੇ ਵਿੱਚ ਆਉਣ ਵਾਲੀ ਇਨਕਮ 8 ਲੱਖ ਰੁਪਏ ਰਹਿ ਜਾਏਗੀ।

ਹੋਮ ਲੋਨ ਅਤੇ ਸਿਹਤ ਬੀਮੇ ਨਾਲ ਕਰ ਸਕਦੇ ਟੈਕਸ ਬੱਚਤ

ਘਰ ਲੈਣ ਲਈ ਕਰਜ਼ਾ ਲਿਆ ਤਾਂ ਤੁਸੀਂ ਉਸ ਉੱਤੇ ਅਦਾ ਕੀਤੇ ਵਿਆਜ ਤੇ ਟੈਕਸ ਛੋਟ ਲੈ ਸਕਦੇ ਹੋ।

ਆਮਦਨ ਕਰ ਦੇ ਸੈਕਸ਼ਨ 24ਬੀ ਦੇ ਤਹਿਤ ਇੱਕ ਵਿੱਤੀ ਵਰ੍ਹੇ ਵਿੱਚ 2 ਲੱਖ ਦੇ ਵਿਆਜ਼ ਉੱਤੇ ਟੈਕਸ ਛੋਟ ਲੈ ਸਕਦੇ ਹੋ। ਇਸ ਨੂੰ ਵੀ ਆਪਣੇ ਕਰ ਯੋਗ ਆਮਦਨ ਵਿੱਚੋਂ ਘਟਾ ਦਿਆ, ਮਤਲਬ ਹੁਣ ਟੈਕਸ ਦੇ ਦਾਇਰੇ ਵਿੱਚ ਆਉਣ ਵਾਲੀ ਆਮਦਮ 6 ਲੱਖ ਰੁਪਏ ਰਹਿ ਜਾਏਗੀ।

ਆਮਦਨ ਕਰ ਦੇ ਸੈਕਸ਼ਨ 80 ਡੀ ਦੇ ਤਹਿਤ ਮੈਡੀਕਲ ਪੌਲਿਸੀ ਲੈ ਕੇ 25 ਹਜ਼ਾਰ ਰੁਪਏ ਤੱਕ ਦਾ ਟੈਕਸ ਬਚਾ ਸਕਦੇ ਹੋ। ਇਸ ਸਿਹਤ ਬੀਮੇ ਵਿੱਚ ਖੁਦ, ਪਤਨੀ ਜਾਂ ਪਤੀ ਅਤੇ ਬੱਚਿਆਂ ਦਾ ਨਾਮ ਹੋਣਾ ਚਾਹੀਦਾ ਹੈ।

ਇਸਦੇ ਇਲਾਵਾ ਜੇਕਰ ਮਾਤਾ-ਪਿਤਾ ਸੀਨੀਅਰ ਸਿਟੀਜਨ ਦੇ ਦਾਇਰੇ ਵਿੱਚ ਆਉਂਦੇ ਹਨ ਤਾਂ ਫਿਰ ਉਨ੍ਹਾਂ ਦੇ ਨਾਮ ਉੱਤੇ ਮੈਡੀਕਲ ਪਾਲਿਸੀ ਖ਼ਰੀਦ ਕੇ 50 ਹਜ਼ਾਰ ਰੁਪਏ ਤੱਕ ਦੀ ਵਾਧੂ ਛੋਟ ਲਈ ਜਾ ਸਕਦੀ ਹੈ। ਮਤਲਬ ਕੁੱਲ 75 ਹਜ਼ਾਰ ਰੁਪਏ ਦੀ ਰਕਮ ਟੈਕਸ ਮੁਕਤ ਹੋ ਸਕਦੀ ਹੈ।

ਹੁਣ ਟੈਕਸ ਦੇ ਦਾਇਰੇ ਵਿੱਚ ਆਉਣ ਵਾਲੀ ਆਮਦਨ 5 ਲੱਖ 25 ਹਜ਼ਾਰ ਰੁਪਏ ਰਹਿ ਜਾਏਗੀ।

ਨੈਸ਼ਨਲ ਪੈਨਸ਼ਨ ਸਿਸਟਮ ਵਿੱਚ ਨਿਵੇਸ਼ ਉੱਤੇ 50 ਹਜ਼ਾਰ ਦੀ ਟੈਕਸ ਛੋਟ

ਜੇਕਰ ਵੱਖ ਤੋਂ ਨੈਸ਼ਨਲ ਪੈਨਸ਼ਨ ਸਿਸਟਮ ਮਤਲਬ ਐੱਨਪੀਐੱਸ ਵਿੱਚ ਸਲਾਨਾ 50 ਹਜ਼ਾਰ ਰੁਪਏ ਤੱਕ ਨਿਵੇਸ਼ ਕਰਦੇ ਹੋ ਤਾਂ,ਆਮਦਨ ਦੇ ਸੈਸ਼ਨ 80 ਸੀਸੀਡੀ(1ਬੀ) ਦੇ ਤਹਿਤ ਵਾਧੂ 50 ਹਜ਼ਾਰ ਰੁਪਏ ਦੀ ਛੋਟ ਮਿਲ ਜਾਏਗੀ।

ਮਤਲਬ ਹੁਣ ਟੈਕਸ ਦੇ ਦਾਇਰੇ ਵਿੱਚ ਆਉਣ ਵਾਲੀ ਇਨਕਮ 4 ਲੱਖ 75 ਹਜ਼ਾਰ ਰੁਪਏ ਰਹਿ ਜਾਏਗੀ।

5 ਲੱਖ ਰੁਪਏ ਤੱਕ ਦੀ ਆਮਦਨ ਉੱਤੇ ਲੱਗਣ ਵਾਲੇ 12,500 ਰੁਪਏ ਦੇ ਟੈਕਸ ਉੱਤੇ ਛੋਟ ਹੈ,ਮਤਲਬ 5 ਲੱਖ ਰੁਪਏ ਤੱਕ ਦੀ ਇਨਕਮ ਟੈਕਸ ਮੁਕਤ ਹੈ।

ਅਜਿਹੇ ਵਿੱਚ ਕਿਉਂਕਿ ਹੁਣ ਤੁਹਾਡੀ ਕਰ ਯੋਗ ਆਮਦਨ 4 ਲੱਖ 75 ਹਜ਼ਾਰ ਰੁਪਏ ਹੈ। ਇਸ ਲਈ ਤੁਹਾਡੀ ਆਮਦਨ ਉੱਤੇ ਕਰ ਦੇਣਦਾਰੀ ਨਹੀਂ ਬਣਦੀ ਹੈ।

ਨਵੀਂ ਟੈਕਸ ਪ੍ਰਣਾਲੀ ਵਿੱਚ 10 ਲੱਖ ਦੀ ਕਮਾਈ 'ਤੇ ਕਿੰਨਾ ਟੈਕਸ ਦੇਣਾ ਹੋਵੇਗਾ

ਭਾਵੇਂ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਨਵੀਂ ਟੈਕਸ ਪ੍ਰਣਾਲੀ ਦੀਆਂ ਟੈਕਸ ਸਲੈਬਜ਼ ਵਿੱਚ ਬਦਲਾਅ ਕੀਤਾ ਹੈ ਅਤੇ ਸਟੈਂਡਰਡ ਡਿਡਕਸ਼ਨ ਵਧਾ ਦਿੱਤਾ ਹੈ, ਫਿਰ ਵੀ 10 ਲੱਖ ਦੀ ਕਮਾਈ ਉੱਤੇ ਤੁਹਾਨੂੰ ਟੈਕਸ ਦੇਣਾ ਹੀ ਪਵੇਗਾ।

ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਕਿਸੇ ਵੀ ਤਰ੍ਹਾਂ ਦੇ ਨਿਵੇਸ਼ ਉੱਤੇ ਟੈਕਸ ਛੋਟ ਦਾ ਲਾਭ ਨਹੀਂ ਮਿਲ ਸਕਦਾ।

ਜੇਕਰ ਤੁਸੀਂ ਨਵੀਂ ਪ੍ਰਣਾਲੀ ਦਾ ਬਦਲ ਚੁਣਿਆ ਤਾਂ ਹੁਣ 50 ਹਜ਼ਾਰ ਦੀ ਥਾਂ 75000 ਰੁਪਏ ਦਾ ਸਟੈਂਡਰਡ ਡਿਡਕਸ਼ਨ ਮਿਲੇਗਾ, ਮਤਲਬ ਕੁੱਲ 9 ਲੱਖ 25 ਹਜ਼ਾਰ ਰੁਪਏ ਦੀ ਆਮਦਨ ਉੱਤੇ ਟੈਕਸ ਲੱਗੇਗਾ।

ਪਹਿਲਾਂ ਜਿਨ੍ਹਾਂ ਨੂੰ ਇਸ ਆਮਦਨ ਉੱਤੇ 52,500 ਰੁਪਏ ਦੀ ਟੈਕਸ ਦੇਣਾ ਪੈਂਦਾ ਸੀ ਹੁਣ ਉਨ੍ਹਾਂ ਨੂੰ ਸਿਰਫ 42,500 ਰੁਪਏ ਟੈਕਸ ਦੇਣਾ ਪਵੇਗਾ।

ਮਤਲਬ ਨਵੀਂ ਟੈਕਸ ਪ੍ਰਣਾਲੀ ਤਹਿਤ ਸਲਾਨਾ 10 ਲੱਖ ਰੁਪਏ ਤੱਕ ਦੀ ਆਮਦਨ ਕਰਨ ਵਾਲੇ 10 ਹਜ਼ਾਰ ਹੋਰ ਬਚਾ ਲੈਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)