ਪੰਜਾਬ: ਮਾਲਵੇ 'ਚ ਕਿਸਾਨਾਂ ਦਾ ਸੋਲਰ ਟਿਊਬਵੈੱਲਾਂ ਵੱਲ ਝੁਕਾਅ ਵਧਿਆ, ਮਾਹਰ ਕਿਉਂ ਹੋਏ ਫ਼ਿਕਰਮੰਦ

    • ਲੇਖਕ, ਗਗਨਦੀਪ ਸਿੰਘ ਜੱਸੋਵਾਲ
    • ਰੋਲ, ਬੀਬੀਸੀ ਪੱਤਰਕਾਰ

ਖੇਤੀ ਲਈ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਕਿਸਾਨ ਹਰ ਹੀਲਾ ਕਰਦੇ ਹਨ। ਪਰ ਕਈ ਵਾਰ ਮੌਨਸੂਨ ਦੀ ਦੇਰੀ ਜਾਂ ਕਮੀ ਅਤੇ ਕਈ ਵਾਰ ਬਿਜਲੀ ਦੀ ਸੀਮਤ ਸਪਲਾਈ ਇਸ ਵਿੱਚ ਰੁਕਾਵਟ ਬਣਦੀ ਹੈ।

ਹੁਣ ਪੰਜਾਬ ਦੇ ਕਿਸਾਨਾਂ ਨੇ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੂਰਜੀ ਊਰਜਾ ਦਾ ਰੁਖ਼ ਕੀਤਾ ਹੈ।

ਬੀਤੇ ਦੋ ਸਾਲਾਂ ਤੋਂ ਪੰਜਾਬ, ਖ਼ਾਸ ਕਰ ਮਾਲਵਾ ਖਿੱਤੇ ਦੇ ਕਿਸਾਨ ਸੂਰਜੀ ਊਰਜਾ ਨਾਲ ਚੱਲਣ ਵਾਲੇ ਟਿਊਬਵੈੱਲ ਲਗਾ ਕੇ ਖੇਤੀ ਕਰ ਰਹੇ ਹਨ।

ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਭਲਾਈ ਕੇ ਦੇ ਰਹਿਣ ਵਾਲੇ ਨਸੀਬ ਸਿੰਘ ਸੋਲਰ ਪੈਨਲ ਦੀ ਸਹੂਲਤ ਬਾਰੇ ਕਹਿੰਦੇ ਹਨ, “ਜਦੋਂ ਨਰਮੇ ਦੀ ਫ਼ਸਲ ਵਿੱਚ ਨੁਕਸਾਨ ਹੋਣ ਤੋਂ ਬਾਅਦ, ਅਸੀਂ ਝੋਨੇ ਜਾਂ ਮੱਕੀ ਦੀ ਬਿਜਾਈ ਸ਼ੁਰੂ ਕਰ ਦਿੱਤੀ। ਉਸ ਸਮੇਂ ਸੂਰਜੀ ਊਰਜਾ ਜਾਂ ਸੋਲਰ ਵਾਲੇ ਟਿਊਬਵੈੱਲ ਸਾਡੇ ਲਈ ਬਹੁਤ ਸਹਾਈ ਹੋਏ ਹਨ।"

ਹਾਲਾਂਕਿ, ਕਿਸਾਨਾਂ ਦੇ ਇਸ ਹੱਲ ਨਾਲ ਮਾਹਰ ਇਤਫ਼ਾਕ ਨਹੀਂ ਰੱਖਦੇ।

ਕਿਸਾਨ ਸੂਰਜੀ ਊਰਜਾ ਵਾਲੇ ਟਿਊਬਵੈੱਲ ਨੂੰ ਸਿੰਚਾਈ ਲਈ ਲਾਹੇਵੰਦ ਦੱਸ ਰਹੇ ਹਨ, ਪਰ ਖੇਤੀ ਮਾਹਰ ਇਨ੍ਹਾਂ ਨਾਲ ਧਰਤੀ ਹੇਠਲੇ ਪਾਣੀ ਨੁਕਸਾਨ ਹੋਣ ਦਾ ਖ਼ਦਸ਼ਾ ਜ਼ਾਹਰ ਕਰ ਰਹੇ ਹਨ।

ਕਿਸਾਨਾਂ ਦਾ ਪੱਖ

ਕਿਸਾਨ ਸੋਲਰ ਪੈਨਲ ਲਗਾਵਾਉਣ ਵੱਲ ਝੁਕਾਅ ਲਈ ਆਪਣਾ ਤਰਕ ਦਿੰਦੇ ਹਨ।

ਉਨ੍ਹਾਂ ਮੁਤਾਬਕ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਤੋਂ ਟਿਊਬਵੈੱਲ ਵਾਸਤੇ ਬਿਜਲੀ ਦਾ ਕਨੈਕਸ਼ਨ ਲੈਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਅੱਜ ਕੱਲ੍ਹ ਬਹੁਤ ਘੱਟ ਕਨੈਕਸ਼ਨ ਮਿਲਦੇ ਹਨ, ਇਸ ਲਈ ਸੋਲਰ ਪੈਨਲ ਇੱਕ ਬਦਲ ਵਜੋਂ ਕੰਮ ਕਰ ਰਿਹਾ ਹੈ।

ਬੀਬੀਸੀ ਨੇ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਕਿਸਾਨਾਂ ਨਾਲ ਗੱਲ ਕੀਤੀ, ਜਿਨ੍ਹਾਂ ਨੇ ਸੂਰਜੀ ਊਰਜਾ ਵਾਲੇ ਟਿਊਬਵੈੱਲ ਲਗਾਏ ਹੋਏ ਹਨ।

ਇਨ੍ਹਾਂ ਟਿਊਬਵੈੱਲਜ਼ ਦੇ ਲਾਭਾਂ ਬਾਰੇ ਗੱਲ ਕਰਦੇ ਹੋਏ ਨਸੀਬ ਸਿੰਘ ਦੱਸਦੇ ਹਨ, “ਸਾਡੇ ਪਿੰਡ ਵਿੱਚ ਤਕਰੀਬਨ 50 ਟਿਊਬਵੈੱਲ ਸੂਰਜੀ ਊਰਜਾ ਉੱਤੇ ਚੱਲਦੇ ਹਨ।”

“ਪਹਿਲਾਂ ਅਸੀਂ ਟਿਊਬਵੈੱਲ ਚਲਾਉਣ ਲਈ ਟਰੈਕਟਰਾਂ 'ਤੇ 1.5 ਲੀਟਰ ਡੀਜ਼ਲ ਖ਼ਰਚ ਕਰਦੇ ਸੀ ਪਰ ਹੁਣ ਸੂਰਜੀ ਊਰਜਾ ਦੀ ਵਰਤੋਂ ਨਾਲ ਸਾਨੂੰ ਫ਼ਸਲ ਦੀ ਦੇਖਭਾਲ ਦੇ ਨਾਲ-ਨਾਲ ਵਿੱਤੀ ਫਾਇਦਾ ਵੀ ਹੋ ਰਿਹਾ ਹੈ।"

ਨਸੀਬ ਨੇ ਦੋ ਮਹੀਨੇ ਪਹਿਲਾਂ ਆਪਣੇ ਟਿਊਬਵੈੱਲ 'ਤੇ ਸੋਲਰ ਸਿਸਟਮ ਲਗਾਇਆ ਹੈ ਅਤੇ ਇਸ 'ਤੇ ਉਨ੍ਹਾਂ ਦਾ ਡੇਢ ਲੱਖ ਰੁਪਏ ਦਾ ਖਰਚਾ ਆਇਆ ਸੀ।

ਨਸੀਬ ਸਿੰਘ ਕਹਿੰਦੇ ਹਨ, “ਜਦੋਂ ਵੀ ਅਸੀਂ ਸੰਗਰੂਰ ਜ਼ਿਲ੍ਹੇ ਜਾਂ ਹਰਿਆਣਾ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਜਾਂਦੇ ਸਾਂ ਉੱਥੇ ਅਸੀਂ ਉਨ੍ਹਾਂ ਦੇ ਟਿਊਬਵੈੱਲ ਵੇਖਦੇ ਸੀ, ਹੁਣ ਸਾਡੇ ਕੋਲ ਵੀ ਟਿਊਬਵੈੱਲ ਹੈ।”

ਉਨ੍ਹਾਂ ਦਾ ਦਾਅਵਾ ਹੈ ਕਿ ਸਰਕਾਰ ਨੇ ਲੰਬੇ ਸਮੇਂ ਤੋਂ ਟਿਊਬਵੈੱਲਾਂ ਲਈ ਬਿਜਲੀ ਕੁਨੈਕਸ਼ਨ ਜਾਰੀ ਨਹੀਂ ਕੀਤਾ ਸਨ।

ਨਸੀਬ ਦੇ ਪਿੰਡ ਦੇ ਇੱਕ ਹੋਰ ਕਿਸਾਨ ਹਰਪ੍ਰੀਤ ਸਿੰਘ ਦਾ ਕਹਿਣਾ ਹੈ, “ਸੋਲਰ ਟਿਊਬਵੈੱਲ ਪ੍ਰਦੂਸ਼ਣ ਰਹਿਤ ਹਨ ਅਤੇ ਇਸਦਾ ਆਰਥਿਕ ਲਾਭ ਵੀ ਹਨ ਕਿਉਂਕਿ ਪਹਿਲਾਂ ਹਰ ਸਾਲ ਸਾਡਾ ਟਿਊਬਵੈੱਲ ਚਲਾਉਣ ਤੇ 1.5 ਲੱਖ ਦਾ ਡੀਜ਼ਲ ਖਰਚ ਹੁੰਦਾ ਸੀ।”

“ਹੁਣ ਸੂਰਜੀ ਊਰਜਾ ਵਾਲੇ ਟਿਊਬਵੈੱਲ ਦੀ ਵਰਤੋਂ ਕਰਦੇ ਹਾਂ। ਜਿਸ ਨਾਲ ਖਰਚਾ ਘਟਿਆ ਹੈ।"

ਨੌਜਵਾਨ ਕਿਸਾਨ ਅਰਸ਼ਪ੍ਰੀਤ ਸਿੰਘ ਦਾ ਕਹਿਣਾ ਹੈ ਕਿ, “ਬੇਸ਼ੱਕ ਸੋਲਰ ਪੈਨਕ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਹਾਲਾਂਕਿ, ਖ਼ਰਾਬ ਮੌਸਮ ਦੌਰਾਨ ਇਹ ਘੱਟ ਕੰਮ ਕਰਦੇ ਹਨ।”

ਮਾਨਸਾ ਵਿੱਚ ਕਿਸਾਨਾਂ ਨੇ ਬੀਬੀਸੀ ਨੂੰ ਦੱਸਿਆ ਕਿ ਪਹਿਲਾਂ ਉਹ ਨਰਮੇ ਦੀ ਖੇਤੀ ਕਰਦੇ ਸਨ। ਪਰ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਤੋਂ ਫ਼ਸਲਾ ਪ੍ਰਭਾਵਿਤ ਹੋਣ ਕਾਰਨ, ਕਿਸਾਨਾਂ ਨੇ ਝੋਨੇ ਵੱਲ ਰੁਖ਼ ਕੀਤਾ ਅਤੇ ਉਸ ਤੋਂ ਬਾਅਦ ਇਸ ਇਲਾਕੇ ਵਿੱਚ ਟਿਊਬਵੈੱਲਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।

ਧਰਤੀ ਹੇਠਲੇ ਪਾਣੀ ਦਾ ਸੰਕਟ

ਪੰਜਾਬ ਵਿੱਚ ਪਹਿਲਾਂ ਹੀ ਕਰੀਬ 14 ਲੱਖ ਬਿਜਲੀ ਵਾਲੇ ਟਿਊਬਵੈੱਲ ਚੱਲ ਰਹੇ ਹਨ।

ਪੰਜਾਬ ਸਰਕਾਰ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਸੂਬੇ ਵਿੱਚ 14 ਲੱਖ ਦੇ ਕਰੀਬ ਟਿਊਬਵੈੱਲ ਕਨੈਕਸ਼ਨ ਹਨ ਜਦੋਂਕਿ ਡੇਢ ਲੱਖ ਟਿਊਬਵੈੱਲ ਡੀਜ਼ਲ ਇੰਜਣਾਂ ਨਾਲ ਚੱਲਦੇ ਹਨ।

ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਵਿੱਚ 37 ਲੱਖ ਹੈਕਟੇਅਰ ਰਕਬਾ ਖੇਤੀ ਅਧੀਨ ਹੈ, ਜਦੋਂ ਕਿ 3 ਲੱਖ ਹੈਕਟੇਅਰ ਬਾਗਬਾਨੀ ਹੇਠ ਹੈ।

ਕੇਂਦਰੀ ਜ਼ਮੀਨੀ ਜਲ ਬੋਰਡ ਦੀ 2024 ਦੀ ਜ਼ਮੀਨ ਹੇਠਲੇ ਪਾਣੀ ਦੀ ਰਿਪੋਰਟ ਮੁਤਾਬਕ, ਪੰਜਾਬ ਦੇ ਕੁੱਲ 153 ਬਲਾਕਾਂ ਵਿਚੋਂ 117 ਵਿੱਚ ਜ਼ਮੀਨੀ ਪਾਣੀ ਦੀ ਸਥਿਤੀ ਓਵਰ ਐਕਸਪਲੋਇਟਡ (ਯਾਨੀ ਨਿਰਧਾਰਿਤ ਸੀਮਾਂ ਤੋਂ ਵੱਧ ਵਰਤੋਂ ਹੋ ਚੁੱਕੀ ਹੈ), ਜਦਕਿ 3 ਬਲਾਕਾਂ ਵਿੱਚ ਨਾਜ਼ੁਕ, ਅਤੇ 13 ਬਲਾਕਾਂ ਵਿਚ ਅਰਧ-ਨਾਜ਼ੁਕ ਤੇ 20 ਬਲਾਕ ਸੁਰੱਖਿਅਤ ਹਨ।

ਕੇਂਦਰ ਸਰਕਾਰ ਨੇ ਵੀ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਉੱਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।

ਪੰਜਾਬ ਨਾਲ ਸਬੰਧਤ ਅੰਕੜੇ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਰਾਜ ਭੂਸ਼ਣ ਚੌਧਰੀ ਨੇ ਸੰਸਦ ਦੇ ਚੱਲ ਰਹੇ ਮਾਨਸੂਨ ਸੈਸ਼ਨ ਦੌਰਾਨ ਰਾਜ ਸਭਾ ਵਿੱਚ ਪੇਸ਼ ਕੀਤੇ।

ਇਸ ਵਿੱਚ ਖੁਲਾਸਾ ਹੋਇਆ ਕਿ ਪੰਜਾਬ ਦੇ 176 ਨਿਗਰਾਨ ਖੂਹਾਂ ਵਿੱਚੋਂ 115 (65 ਫੀਸਦੀ) ਵਿੱਚ ਪਾਣੀ ਦੇ ਪੱਧਰ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।

ਕੇਂਦਰੀ ਮੰਤਰੀ ਨੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਇਹ ਅੰਕੜਾ ਸਾਂਝੇ ਕੀਤੇ। ਜੋ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਗੰਭੀਰ ਸੰਕਟ ਵੱਲ ਇਸ਼ਾਰਾ ਕਰਦਾ ਹੈ।

ਜਾਣਕਾਰ ਮੰਨਦੇ ਹਨ ਕਿ ਸੋਲਰ ਊਰਜਾ ਨਾਲ ਚੱਲਣ ਵਾਲੇ ਟਿਊਬਵੈੱਲਾਂ ਉੱਤੇ ਪਾਣੀ ਕੱਢਣ ਦੀ ਕੋਈ ਰੋਕ ਟੋਕ ਨਹੀਂ ਹੋਵੇਗੀ ਜੋ ਧਰਤੀ ਹੇਠਲੇ ਜਲ ਸੰਕਟ ਨੂੰ ਹੋ ਗਹਿਰਾ ਕਰਨਗੇ।

ਪਾਣੀ ਦੀ ਖ਼ਪਤ ਪਹਿਲਾਂ ਜਿੰਨੀ ਹੀ ਰਹੇਗੀ

ਬਠਿੰਡੇ ਜ਼ਿਲ੍ਹੇ ਵਿੱਚ ਅਸੀਂ ਤਲਵੰਡੀ ਸਾਬੋ ਨੇੜੇ ਪਿੰਡ ਭਾਗੀਵਾਂਦਰ ਗਏ ਜਿੱਥੇ ਕਿਸਾਨਾਂ ਨਾਲ ਗੱਲਬਾਤ ਕੀਤੀ।

ਹਰਦੀਪ ਸਿੰਘ ਦਾ ਕਹਿਣਾ ਹੈ, “ਪੰਜਾਬ ਸਰਕਾਰ ਨੇ ਟਿਊਬਵੈੱਲਾਂ ਲਈ ਬਿਜਲੀ ਕੁਨੈਕਸ਼ਨ ਜਾਰੀ ਨਹੀਂ ਕੀਤਾ, ਇਸ ਲਈ ਅਸੀਂ ਸੂਰਜੀ ਊਰਜਾ ਦੀ ਚੋਣ ਕੀਤੀ ਕਿਉਂਕਿ ਡੀਜ਼ਲ ਪੰਪਾਂ ਦੀ ਵਰਤੋਂ ਬਹੁਤ ਮਹਿੰਗੀ ਹੈ।”

ਉਹ ਦੱਸਦੇ ਹਨ, "ਸੋਲਰ ਟਿਊਬਵੈੱਲ ਸਾਡੇ ਲਈ ਲਾਹੇਵੰਦ ਹਨ। ਅਸੀਂ ਮਾਰਚ ਜਾਂ ਅਪ੍ਰੈਲ ਮਹੀਨੇ ਵਿੱਚ ਮੱਕੀ ਜਾਂ ਸਬਜ਼ੀਆਂ ਦੀ ਬਿਜਾਈ ਸਮੇ ਇਨ੍ਹਾਂ ਦੀ ਵਰਤੋਂ ਕਰਦੇ ਹਾਂ।।"

ਧਰਤੀ ਹੇਠਲੇ ਪਾਣੀ 'ਤੇ ਸੋਲਰ ਟਿਊਬਵੈੱਲਾਂ ਨਾਲ ਪ੍ਰਭਾਵ ਬਾਰੇ ਪੁੱਛੇ ਜਾਣ 'ਤੇ, ਹਰਦੀਪ ਨੇ ਦਾਅਵਾ ਕੀਤਾ, "ਹਰ ਫ਼ਸਲ ਨੂੰ ਪਾਣੀ ਦੀ ਲੋੜ ਹੁੰਦੀ ਹੈ, ਜੇਕਰ ਕਿਸਾਨਾਂ ਕੋਲ ਸੋਲਰ ਟਿਊਬਵੈੱਲ ਨਹੀਂ ਹੋਣਗੇ ਤਾਂ ਉਹ ਸਿੰਚਾਈ ਲਈ ਕੋਈ ਹੋਰ ਤਰੀਕਾ ਚੁਣਨਗੇ, ਇਸ ਕਰਕੇ ਪਾਣੀ ਦੀ ਖ਼ਪਤ ਤਾਂ ਬਰਾਬਰ ਹੀ ਰਹੇਗੀ"।

ਭਾਗੀਵਾਂਦਰ ਪਿੰਡ ਦੇ ਇੱਕ ਹੋਰ ਕਿਸਾਨ ਜਗਜੀਤ ਸਿੰਘ ਦਾ ਕਹਿਣਾ ਹੈ, “ਬਿਜਲੀ ਦਾ ਟਿਊਬਵੈੱਲ ਕੁਨੈਕਸ਼ਨ ਲੈਣਾ ਆਮ ਲੋਕਾਂ ਲਈ ਬਹੁਤ ਮਹਿੰਗਾ ਹੋ ਗਿਆ ਹੈ ਕਿਉਂਕਿ ਇਸ ਦੀ ਕੀਮਤ 14-15 ਲੱਖ ਤੱਕ ਹੈ। ਇਸੇ ਲਈ ਅਸੀਂ ਸੋਲਰ ਪੈਨਲ ਦੀ ਚੋਣ ਕਰ ਰਹੇ ਹਾਂ।”

ਅਯੋਗ ਪਾਣੀ ਮਿੱਟੀ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ

ਬਠਿੰਡਾ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਜਗਸੀਰ ਸਿੰਘ ਕਹਿੰਦੇ ਹਨ, “ਸਾਡੇ ਖੇਤਰ ਵਿੱਚ ਇਨ੍ਹਾਂ ਸਾਲਾਂ ਵਿੱਚ ਸੂਰਜੀ ਟਿਊਬਵੈੱਲ ਕਾਫ਼ੀ ਪ੍ਰਚਲਿਤ ਹੋਏ ਹਨ। ਜਿੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਹੈ, ਉੱਥੇ ਇਹ ਟਿਊਬਵੈੱਲ ਸਫ਼ਲ ਹਨ।”

ਉਹ ਅੱਗੇ ਦੱਸਦੇ ਹਨ, “ਜਦੋਂ ਕਿ ਕੁਝ ਕਾਰਨਾਂ ਕਰਕੇ ਕਿਸਾਨਾਂ ਨੇ ਕਪਾਹ ਦੀ ਫ਼ਸਲ ਨੂੰ ਛੱਡ ਕੇ ਮੱਕੀ, ਬਾਸਮਤੀ ਤੇ ਝੋਨਾ ਵਰਗੀਆਂ ਫਸਲਾਂ ਦੀ ਚੋਣ ਕੀਤੀ।”

“ਸੂਰਜੀ ਟਿਊਬਵੈੱਲ ਤੁਲਨਾਤਮਕ ਤੌਰ 'ਤੇ ਸਸਤੇ ਹਨ ਅਤੇ ਛੋਟੀ ਖੇਤੀ ਵਾਲੇ ਤੇ ਮੱਧ ਵਰਗੀ ਕਿਸਾਨਾਂ ਦੀ ਪਹੁੰਚ ’ਚ ਹਨ, ਇਸ ਲਈ ਇਹ ਪ੍ਰਚਲਿਤ ਹੋ ਗਏ ਹਨ।”

ਸੂਰਜੀ ਟਿਊਬਵੈੱਲਾਂ ਦੇ ਮਾੜੇ ਪ੍ਰਭਾਵਾਂ ਬਾਰੇ ਗੱਲ ਕਰਦਿਆਂ, ਜਗਸੀਰ ਸਿੰਘ ਕਹਿੰਦੇ ਹਨ, “ਯਕੀਨਨ ਇਸ ਦਾ ਵੀ ਮਾੜਾ ਪ੍ਰਭਾਵ ਹੁੰਦਾ ਹੈ ਜੇਕਰ ਕਿਸਾਨ ਨਾਵਰਤੋਂਯੋਗ ਪਾਣੀ ਨਾਲ ਸਿੰਚਾਈ ਕਰਦੇ ਹਨ, ਤਾਂ ਇਹ ਮਿੱਟੀ ਦੀ ਗੁਣਵੱਤਾ ਨੂੰ ਨੁਕਸਾਨ ਪਹੁੰਚਾਉਂਦਾ ਹੈ।”

“ਅਸੀਂ ਕਿਸਾਨਾਂ ਨੂੰ ਸਲਾਹ ਦੇਵਾਂਗੇ ਕਿ ਜੇਕਰ ਉਹ ਸੋਲਰ ਟਿਊਬਵੈੱਲ ਲਗਾਉਂਦੇ ਹਨ ਤਾਂ ਆਪਣੇ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਵਾਉਣ।”

ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਦੇ ਡਾਇਰੈਕਟਰ ਐੱਮਪੀ ਸਿੰਘ ਦੱਸਦੇ ਹਨ, “ਅਸੀਂ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਕੁਸਮ ਸਕੀਮ ਤਹਿਤ ਸੋਲਰ ਟਿਊਬਵੈੱਲ ਕਿਸਾਨਾਂ ਨੂੰ ਦਿੰਦੇ ਹਾਂ।”

“ਇਹ ਸਕੀਮ ਸਿਰਫ਼ ਪੰਜਾਬ ਦੇ ਉਨ੍ਹਾਂ ਬਲਾਕਾਂ ਲਈ ਹੈ ਜਿੱਥੇ ਜ਼ਮੀਨੀ ਪਾਣੀ ਸੁਰੱਖਿਅਤ ਕੈਟਾਗਰੀ ਵਿੱਚ ਹਨ।

ਪਰ ਜਿਹੜੇ ਬਲਾਕ ਡਾਰਕ ਜ਼ੋਨ ਵਿੱਚ ਹਨ, ਉੱਥੇਦੇ ਕਿਸਾਨਾਂ ਨੂੰ ਇਹ ਲਿਖ ਕੇ ਦੇਣਾ ਪੈਂਦਾ ਹੈ ਕਿ ਡਰਿਪ ਸਿੰਚਾਈ ਦੀ ਵਰਤੋਂ ਕਰਨਗੇ।”

ਉਨ੍ਹਾਂ ਨੇ ਅੱਗੇ ਕਿਹਾ, "ਪੰਜਾਬ ਵਿੱਚ 2 ਲੱਖ ਤੱਕ ਡੀਜ਼ਲ ਨਾਲ ਚੱਲਣ ਵਾਲੇ ਟਿਊਬਵੈੱਲ ਹਨ, ਜਦੋਂ ਕਿ ਸੋਲਰ ਪੰਪ ਜ਼ਿਆਦਾਤਰ ਇਨ੍ਹਾਂ ਦਾ ਬਦਲ ਹਨ, ਜਦੋਂ ਕਿ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉੱਚਾ ਹੋਣ 'ਤੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ।"

ਧਰਤੀ ਹੇਠਲੇ ਪਾਣੀ ਲਈ ਨੁਕਸਾਨਦੇਹ

ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਵੀ ਪ੍ਰਧਾਨ ਮੰਤਰੀ ਕੁਸਮ ਸਕੀਮ ਤਹਿਤ ਕਿਸਾਨਾਂ ਨੂੰ ਸੋਲਰ ਟਿਊਬਵੈੱਲ ਦਿੰਦੀ ਹੈ। ਪਰ ਸੋਲਰ ਪੈਨਲ ਲਾਉਣ ਲਈ ਅਧਿਕਾਰਿਤ ਮਾਪਦੰਡ ਹਨ।

ਮਾਹਰਾਂ ਮੁਤਾਬਕ ਦਿੱਕਤ ਉਸ ਸਮੇਂ ਆਉਂਦੀ ਹੈ ਜਦੋਂ ਕਿਸਾਨ ਪ੍ਰਾਈਵੇਟ ਕੰਪਨੀਆਂ ਤੋਂ ਵੀ ਟਿਊਬਵੈੱਲ ਤੇ ਸੋਲਰ ਲਗਵਾ ਰਹੇ ਹਨ।

ਖੇਤੀਬਾੜੀ ਮਾਹਰ ਸਰਦਾਰਾ ਸਿੰਘ ਜੌਹਲ ਨੇ ਇਸ ਮਸਲੇ ਉੱਤੇ ਦੱਸਿਆ ਕਿ ਜੇਕਰ ਕਿਸਾਨਾਂ 'ਤੇ ਇਹ ਕੰਟਰੋਲ ਨਹੀਂ ਹੋਵੇਗਾ ਤਾਂ ਇਹ ਧਰਤੀ ਹੇਠਲੇ ਪਾਣੀ ਦੀ ਬੇਕਾਬੂ ਵਰਤੋਂ ਹੋਵੇਗੀ, ਜਿਸ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਅੱਗੇ ਕਿਹਾ, “ਸੂਰਜੀ ਟਿਊਬਵੈੱਲ ਚੰਗੇ ਹਨ ਜੇਕਰ ਸੂਬੇ ਵਿੱਚ ਝੋਨੇ ਜਾਂ ਪਾਣੀ ਉੱਤੇ ਨਿਰਭਰ ਫ਼ਸਲ ਨਹੀਂ ਹੈ।”

“ਮੈਂ ਪੰਜਾਬ ਸਰਕਾਰ ਨੂੰ ਸੁਝਾਅ ਦੇਵਾਂਗਾ ਕਿ ਸੂਬੇ ਵਿੱਚੋਂ ਝੋਨੇ ਦੀ ਫ਼ਸਲ ਨੂੰ ਖ਼ਤਮ ਕਰਨ ਵੱਲ ਕਦਮ ਵਧਾਉਣ। ਉਂਝ ਵੀ ਇਹ ਸਾਡੀ ਫ਼ਸਲ ਨਹੀਂ ਹੈ।“

ਜੌਹਲ ਕਹਿੰਦੇ ਹਨ, “ਜੇ ਅਸੀਂ ਇਸ ਮਸਲੇ ਉੱਤੇ ਕੰਮ ਨਹੀਂ ਕਰਦੇ ਤਾਂ ਦਹਾਕੇ ਦੇ ਅੰਦਰ ਅਸੀਂ ਧਰਤੀ ਹੇਠਲੇ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰਾਂਗੇ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)