ਕਈ ਸਕੂਲਾਂ ਤੇ ਮੋਦੀ ਸਟੇਡੀਅਮ ਨੂੰ ਬੰਬ ਨਾਲ ਉਡਾਉਣ ਦੀ ਜਾਅਲੀ ਧਮਕੀ ਭੇਜਣ ਵਾਲੀ ਮਹਿਲਾ ਕੌਣ ਹੈ, ਜੋ ਨਿੱਕੇ ਜਿਹੇ ਸੁਰਾਗ ਨਾਲ ਫੜੀ ਗਈ

ਤਸਵੀਰ ਸਰੋਤ, Ahmedabad Police
- ਲੇਖਕ, ਵਿਜਯਾਨੰਦ ਅਰੁਮੁਗਮ
- ਰੋਲ, ਬੀਬੀਸੀ ਤਮਿਲ
ਅਹਿਮਦਾਬਾਦ ਪੁਲਿਸ ਨੇ ਚੇੱਨਈ ਤੋਂ ਇੱਕ ਮਹਿਲਾ ਇੰਜੀਨੀਅਰ ਨੂੰ ਦੇਸ਼ ਭਰ ਵਿੱਚ ਵੀਹ ਤੋਂ ਵੱਧ ਥਾਵਾਂ 'ਤੇ ਜਾਅਲੀ ਈਮੇਲਾਂ ਰਾਹੀਂ ਬੰਬ ਦੀ ਧਮਕੀ ਭੇਜਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਅਹਿਮਦਾਬਾਦ ਦੇ ਜੁਆਇੰਟ ਕਮਿਸ਼ਨਰ ਆਫ਼ ਕ੍ਰਾਈਮ ਬ੍ਰਾਂਚ ਨੇ ਦੱਸਿਆ ਕਿ ਮਹਿਲਾ ਨੇ ਆਪਣੇ ਬੁਆਏਫ੍ਰੈਂਡ ਤੋਂ ਬਦਲਾ ਲੈਣ ਲਈ ਡਾਰਕ ਵੈੱਬ ਰਾਹੀਂ ਜਾਅਲੀ ਈਮੇਲ ਭੇਜੇ ਸਨ। ਇਹ ਮਹਿਲਾ ਇੰਜੀਨੀਅਰ ਕੌਣ ਹੈ? ਤੇ ਉਹ ਇੱਕ ਛੋਟੀ ਜਿਹੀ ਗਲਤੀ ਨਾਲ ਕਿਵੇਂ ਫੜੀ ਗਈ?
ਗੁਜਰਾਤ ਦੇ ਅਹਿਮਦਾਬਾਦ ਵਿੱਚ ਜੇਨੇਵਾ ਲਿਬਰਲ ਸਕੂਲ ਨੂੰ 3 ਜੂਨ ਨੂੰ ਇੱਕ ਈਮੇਲ ਮਿਲੀ। ਇਸ ਵਿੱਚ ਕਿਹਾ ਗਿਆ ਸੀ ਕਿ ਸਕੂਲ ਦੇ ਕੰਪਲੈਕਸ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ ਅਤੇ "ਪੁਲਿਸ ਸੌਂ ਰਹੀ ਹੈ ਤੇ ਤੁਸੀਂ ਕੁਝ ਨਹੀਂ ਕਰ ਸਕਦੇ।"
ਈਮੇਲ ਰਾਹੀਂ ਧਮਕੀ

ਤਸਵੀਰ ਸਰੋਤ, Getty Images
ਇਸ ਤੋਂ ਬਾਅਦ, ਸਕੂਲ ਦੀ ਤਲਾਸ਼ੀ ਲੈਣ 'ਤੇ ਪਤਾ ਲੱਗਾ ਕਿ ਬੰਬ ਦੀ ਧਮਕੀ ਦੀ ਅਫਵਾਹ ਸੀ। ਅਗਲੇ ਦਿਨਾਂ ਵਿੱਚ, ਸਕੂਲ ਨੂੰ ਧਮਕੀ ਭਰੇ ਈਮੇਲ ਮਿਲਣੇ ਸ਼ੁਰੂ ਹੋ ਗਏ।
ਅਹਿਮਦਾਬਾਦ ਏਅਰ ਇੰਡੀਆ ਹਾਦਸੇ ਤੋਂ ਬਾਅਦ, ਬੀਜੇ ਮੈਡੀਕਲ ਕਾਲਜ ਨੂੰ ਵੀ ਇਸੇ ਤਰ੍ਹਾਂ ਦੇ ਈਮੇਲ ਮਿਲੇ। ਇੱਕ ਈਮੇਲ ਵਿੱਚ ਕਿਹਾ ਗਿਆ, "ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਅਧਿਕਾਰ ਕੀ ਹੈ," ਅਤੇ ਅੱਗੇ ਕਿਹਾ ਗਿਆ, "ਸਾਡੇ ਪਾਇਲਟ ਨੂੰ ਵਧਾਈਆਂ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕੋਈ ਗੇਮ ਨਹੀਂ ਖੇਡ ਰਹੇ।"
13 ਦਿਨਾਂ ਵਿੱਚ ਕਈ ਈਮੇਲਾਂ

ਤਸਵੀਰ ਸਰੋਤ, Ahmedabad Police
ਇਸ ਤੋਂ ਇਲਾਵਾ, ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਅਤੇ ਬੀਜੇ ਮੈਡੀਕਲ ਕਾਲਜ ਸਮੇਤ ਵੀਹ ਤੋਂ ਵੱਧ ਥਾਵਾਂ 'ਤੇ ਬੰਬ ਧਮਕੀ ਵਾਲੇ ਈਮੇਲ ਪ੍ਰਾਪਤ ਹੋਏ ਹਨ, ਜਿਸ ਵਿੱਚ ਤਾਮਿਲਨਾਡੂ, ਕੇਰਲ, ਰਾਜਸਥਾਨ, ਮਹਾਰਾਸ਼ਟਰ ਅਤੇ ਦਿੱਲੀ ਸ਼ਾਮਲ ਹਨ।
ਅਹਿਮਦਾਬਾਦ ਤੋਂ ਬਾਅਦ, ਦਿੱਲੀ, ਬੰਗਲੁਰੂ, ਮੁੰਬਈ ਅਤੇ ਕੋਚੀ ਦੇ ਖੇਡ ਸਟੇਡੀਅਮਾਂ, ਸਕੂਲਾਂ ਅਤੇ ਮੈਡੀਕਲ ਕਾਲਜਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਈਮੇਲਾਂ ਵਿੱਚ ਬੰਬ ਧਮਕੀਆਂ ਦਿੱਤੀਆਂ ਗਈਆਂ।
ਅਹਿਮਦਾਬਾਦ ਪੁਲਿਸ ਨੇ ਦੱਸਿਆ ਕਿ ਸਭ ਤੋਂ ਵੱਧ ਈਮੇਲ 3 ਤੋਂ 15 ਜੂਨ ਦੇ ਵਿਚਕਾਰ ਭੇਜੇ ਗਏ ਸਨ।
ਇਸ ਤੋਂ ਬਾਅਦ, ਅਹਿਮਦਾਬਾਦ ਪੁਲਿਸ ਨੇ ਈਮੇਲ ਦੇ ਪਿਛੋਕੜ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ। ਉਹ ਇਸ ਸਬੰਧ ਵਿੱਚ ਵੱਖ-ਵੱਖ ਸੂਬਿਆਂ ਦੀ ਪੁਲਿਸ ਨਾਲ ਤਾਲਮੇਲ ਬਣਾਏ ਹੋਏ ਸਨ।
ਕੌਣ ਹੈ ਰੇਨੇ ਜੋਸ਼ੀਲਦਾ?
ਇਸ ਪੂਰੇ ਮਾਮਲੇ ਵਿੱਚ, ਚੇੱਨਈ ਤੋਂ ਰੇਨੇ ਜੋਸ਼ੀਲਦਾ ਨਾਮ ਦੀ ਇੱਕ 30 ਸਾਲਾ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਜਰਾਤ ਪੁਲਿਸ ਦੀ ਇੱਕ ਮਹਿਲਾ ਇੰਸਪੈਕਟਰ ਦੀ ਅਗਵਾਈ ਵਾਲੀ ਇੱਕ ਵਿਸ਼ੇਸ਼ ਪੁਲਿਸ ਫੋਰਸ ਨੇ ਰੇਨੇ ਨੂੰ ਲੰਘੀ 21 ਜੂਨ ਨੂੰ ਗ੍ਰਿਫ਼ਤਾਰ ਕੀਤਾ ਹੈ।
ਰੋਬੋਟਿਕਸ ਇੰਜੀਨੀਅਰਿੰਗ ਵਿੱਚ ਮਾਹਰ ਰੇਨੇ ਜੋਸ਼ੀਲਦਾ ਨੇ ਚੇੱਨਈ ਵਿੱਚ ਹੀ ਆਪਣੀ ਡਿਗਰੀ ਪੂਰੀ ਕੀਤੀ ਅਤੇ 2022 ਤੋਂ ਉਹ ਚੇੱਨਈ ਵਿੱਚ ਇੱਕ ਮਸ਼ਹੂਰ ਮਲਟੀਨੈਸ਼ਨਲ ਕੰਪਨੀ ਵਿੱਚ ਸੀਨੀਅਰ ਸਲਾਹਕਾਰ ਵਜੋਂ ਕੰਮ ਕਰ ਰਹੀ ਹੈ।
ਗੁਜਰਾਤ ਸਪੈਸ਼ਲ ਪੁਲਿਸ ਨੇ ਚੇੱਨਈ ਦੇ ਕੇਕੇ ਨਗਰ ਵਿੱਚ ਰੇਨੇ ਜੋਸ਼ੀਲਦਾ ਦੇ ਘਰ ਅਤੇ ਕੋਡੰਬੱਕਮ ਵਿੱਚ ਉਨ੍ਹਾਂ ਦੇ ਪਿਤਾ ਦੇ ਘਰ ਦੀ ਤਲਾਸ਼ੀ ਲਈ ਹੈ।
ਪੁੱਛਗਿੱਛ ਤੋਂ ਬਾਅਦ, ਰੇਨੇ ਜੋਸ਼ੀਲਦਾ ਅਤੇ ਉਨ੍ਹਾਂ ਦੇ ਪਿਤਾ ਐਲਵਿਨ ਜੋਸਫ਼ ਨੂੰ ਗੁਜਰਾਤ ਲਿਜਾਇਆ ਗਿਆ ਹੈ।
ਅਹਿਮਦਾਬਾਦ ਦੇ ਸੰਯੁਕਤ ਕਮਿਸ਼ਨਰ ਨੇ ਕੀ ਕਿਹਾ?

ਤਸਵੀਰ ਸਰੋਤ, Getty Images
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਦੇ ਸੰਯੁਕਤ ਕਮਿਸ਼ਨਰ ਸਰਥ ਸਿੰਘਲ ਨੇ ਕਿਹਾ, "ਰੇਨੇ, ਦਿਵਿਜ ਪ੍ਰਭਾਕਰ ਨਾਮ ਦੇ ਇੱਕ ਆਦਮੀ ਨਾਲ ਵਿਆਹ ਕਰਨਾ ਚਾਹੁੰਦੀ ਸੀ। ਪਰ ਇਹ ਇੱਕ ਪਾਸੜ ਪਿਆਰ ਦਾ ਮਾਮਲਾ ਸੀ।"
ਅਹਿਮਦਾਬਾਦ ਪੁਲਿਸ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਰੇਨੇ ਜੋਸ਼ੀਲਦਾ ਦਿਵਿਜ ਪ੍ਰਭਾਕਰ ਤੋਂ ਬਦਲਾ ਲੈਣ ਦੀ ਯੋਜਨਾ ਬਣਾ ਰਹੀ ਸੀ, ਜਿਸ ਨੇ ਲੰਘੀ ਫਰਵਰੀ ਵਿੱਚ ਕਿਸੇ ਹੋਰ ਮਹਿਲਾ ਨਾਲ ਵਿਆਹ ਕਰ ਲਿਆ ਸੀ।
ਅਹਿਮਦਾਬਾਦ ਪੁਲਿਸ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਪੱਤਰਕਾਰਾਂ ਨੂੰ ਦੱਸਿਆ, "ਰੇਨੇ ਨੇ ਦਿਵਿਜ ਪ੍ਰਭਾਕਰ ਦੀ ਜ਼ਿੰਦਗੀ ਨੂੰ ਤਬਾਹ ਕਰਨ ਦੇ ਉਦੇਸ਼ ਨਾਲ ਜਾਅਲੀ ਈਮੇਲ ਅਡਰੈਸ ਬਣਾਏ। ਇਹ ਦਿਵਿਜ ਪ੍ਰਭਾਕਰ ਦੇ ਨਾਮ 'ਤੇ ਬਣਾਏ ਗਏ ਸਨ।''

ਪੁਲਿਸ ਨੇ ਕਿਹਾ ਕਿ ਰੇਨੇ ਨੇ ਇੱਕ ਵਟਸਐਪ ਗਰੁੱਪ 'ਤੇ ਦਫਤਰ ਦੇ ਦੋਸਤਾਂ ਨੂੰ ਇੱਕ ਜਾਅਲੀ ਵਿਆਹ ਦਾ ਸਰਟੀਫਿਕੇਟ ਵੰਡਿਆ ਸੀ, ਜਿਸ ਵਿੱਚ ਉਸ ਨੇ ਖੁਦ ਨੂੰ ਦਿਵਿਜ ਪ੍ਰਭਾਕਰ ਦੀ ਪਤਨੀ ਵਜੋਂ ਪੇਸ਼ ਕੀਤਾ ਗਿਆ ਸੀ। ਨਾਲ ਹੀ ਰੇਨੇ ਨੇ ਪ੍ਰਭਾਕਰ ਨਾਲ ਦੋਸਤੀ ਰੱਖਣ ਵਾਲੀਆਂ ਮਹਿਲਾਵਾਂ ਨੂੰ ਵੀ ਪਰੇਸ਼ਾਨ ਕੀਤਾ ਸੀ।
ਅਹਿਮਦਾਬਾਦ ਪੁਲਿਸ ਨੇ ਇਹ ਵੀ ਦੱਸਿਆ ਕਿ ਰੇਨੇ ਨੇ ਇਸ ਉਦੇਸ਼ ਲਈ 2021 ਅਤੇ 2022 ਵਿੱਚ ਵਰਚੁਅਲ ਨੰਬਰਾਂ ਦੀ ਵਰਤੋਂ ਕਰਕੇ ਜਾਅਲੀ ਵਟਸਐਪ ਅਤੇ ਇੰਸਟਾਗ੍ਰਾਮ ਅਕਾਊਂਟ ਬਣਾਏ ਸਨ।
ਹਾਲਾਂਕਿ, ਪੁਲਿਸ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਰੇਨੇ ਦੇ ਸੋਸ਼ਲ ਮੀਡੀਆ ਅਕਾਊਂਟ ਅਤੇ ਕੰਮਕਾਜ ਦੇ ਖੇਤਰ ਵਿੱਚ ਉਸਦੀ ਜਾਂਚ ਕੀਤੀ, ਤਾਂ ਉਨ੍ਹਾਂ ਨੂੰ ਕੋਈ ਸੰਕੇਤ ਨਹੀਂ ਮਿਲਿਆ ਕਿ ਉਸਨੇ ਕੋਈ ਬੰਬ ਧਮਕੀ ਦਿੱਤੀ ਸੀ।
ਵੀਪੀਐਨ ਤਕਨੀਕ... ਡਾਰਕ ਵੈੱਬ

ਤਸਵੀਰ ਸਰੋਤ, Getty Images
ਅਹਿਮਦਾਬਾਦ ਪੁਲਿਸ ਨੇ ਕਿਹਾ ਕਿ ਰੇਨੇ ਜੋਸ਼ੀਲਦਾ ਨੇ ਵੀਪੀਐਨ (ਵਰਚੁਅਲ ਪ੍ਰਾਈਵੇਟ ਨੈੱਟਵਰਕ) ਤਕਨੀਕ ਦੀ ਵਰਤੋਂ ਕਰਕੇ ਡਾਰਕ ਵੈੱਬ ਰਾਹੀਂ ਈਮੇਲ ਭੇਜੇ ਸਨ। ਉਸਨੇ ਆਪਣੀ ਪਛਾਣ ਲੁਕਾਉਣ ਲਈ ਏਨਕ੍ਰਿਪਟਡ ਈਮੇਲ ਅਡਰੈਸ ਦੀ ਵਰਤੋਂ ਕੀਤੀ ਸੀ।
ਪੁਲਿਸ ਦਾ ਕਹਿਣਾ ਹੈ ਕਿ ਉਸਨੇ ਅੱਸੀ ਤੋਂ ਵੱਧ ਵਰਚੁਅਲ ਨੰਬਰ ਖਰੀਦੇ ਅਤੇ ਸੈਂਕੜੇ ਈਮੇਲ ਭੇਜੇ।
ਪੁਲਿਸ ਨੇ ਦੱਸਿਆ ਕਿ ਰੇਨੇ ਨੇ ਗੁਜਰਾਤ ਦੇ ਨਰਿੰਦਰ ਮੋਦੀ ਸਟੇਡੀਅਮ ਨੂੰ ਇੱਕ ਜਾਅਲੀ ਈਮੇਲ, ਜਿਨੇਵਾ ਲਿਬਰਲ ਸਕੂਲ ਨੂੰ ਚਾਰ ਈਮੇਲ, ਦਿਵਿਆ ਜਯੋਤੀ ਸਕੂਲ ਨੂੰ ਤਿੰਨ ਈਮੇਲ ਅਤੇ ਪੀਜੇ ਮੈਡੀਕਲ ਕਾਲਜ ਨੂੰ ਇੱਕ ਈਮੇਲ ਭੇਜੀ।
ਨਰਿੰਦਰ ਮੋਦੀ ਸਟੇਡੀਅਮ ਦੇ ਪ੍ਰਬੰਧਨ ਨੂੰ ਭੇਜੀ ਗਈ ਇੱਕ ਈਮੇਲ ਵਿੱਚ ਕਿਹਾ ਗਿਆ ਸੀ, "ਬੰਬ ਨੂੰ ਸਫਲਤਾਪੂਰਵਕ ਬੇਅਸਰ ਕਰ ਦਿੱਤਾ ਗਿਆ ਹੈ। ਬਚਾਅ ਸਕਦੇ ਹੋ ਤਾਂ ਸਟੇਡੀਅਮ ਨੂੰ ਬਚਾ ਲਓ।"
ਪੁਲਿਸ ਕਿਵੇਂ ਪਹੁੰਚੀ ਰੇਨੇ ਤੱਕ?

ਤਸਵੀਰ ਸਰੋਤ, Getty Images
ਕੰਪਿਊਟਰ ਸਾਫਟਵੇਅਰ ਦੇ ਮਾਹਰ ਰੇਨੇ ਜੋਸ਼ੀਲਦਾ ਇੱਕ ਮਾਮੂਲੀ ਗਲਤੀ ਕਾਰਨ ਪੁਲਿਸ ਦੇ ਹੱਥੇ ਚੜ੍ਹ ਗਏ। ਉਨ੍ਹਾਂ ਨੂੰ ਚੇੱਨਈ ਵਿੱਚ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਅਹਿਮਦਾਬਾਦ ਕ੍ਰਾਈਮ ਬ੍ਰਾਂਚ ਦੇ ਸੰਯੁਕਤ ਪੁਲਿਸ ਕਮਿਸ਼ਨਰ ਸਰਥ ਸਿੰਘਲ ਨੇ ਕਿਹਾ ਕਿ ਡਿਜੀਟਲ ਟਰੇਸ ਨੂੰ ਨਸ਼ਟ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਫੜੀ ਗਈ।
ਸਾਰਥ ਸਿੰਘਲ ਨੇ ਦੱਸਿਆ, ਰੇਨੇ ਜੋਸ਼ੀਲਦਾ ਨਕਲੀ ਈਮੇਲ ਅਤੇ ਅਸਲੀ ਈਮੇਲ ਭੇਜਣ ਲਈ ਉਸੇ ਕੰਪਿਊਟਰ ਦੀ ਵਰਤੋਂ ਕਰ ਰਹੀ ਸੀ। ਇਹੀ ਉਸਦੀ ਗ੍ਰਿਫਤਾਰੀ ਦਾ ਕਾਰਨ ਬਣਿਆ। ਅਸੀਂ ਕੁਝ ਹਫ਼ਤਿਆਂ ਤੱਕ ਉਸਦੇ ਆਈਪੀ ਪਤੇ ਦੀ ਨਿਗਰਾਨੀ ਕਰਨ ਤੋਂ ਬਾਅਦ 21 ਤਰੀਕ ਨੂੰ ਉਸਨੂੰ ਗ੍ਰਿਫਤਾਰ ਕਰ ਲਿਆ।
ਸਾਰਥ ਸਿੰਘਲ ਨੇ ਕਿਹਾ ਕਿ ਰੇਨੇ ਜੋਸ਼ੀਲਦਾ ਦੇ ਘਰ ਤੋਂ ਡਿਜੀਟਲ ਅਤੇ ਕੁਝ ਹੋਰ ਚੀਜ਼ਾਂ ਵੀ ਜ਼ਬਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ, "ਅਸੀਂ ਇਸ ਗ੍ਰਿਫਤਾਰੀ ਨਾਲ ਇੱਕ ਬਹੁਤ ਵੱਡੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਹੈ।"
ਉਨ੍ਹਾਂ ਪੱਤਰਕਾਰਾਂ ਨੂੰ ਇਹ ਵੀ ਦੱਸਿਆ ਕਿ ਦੂਜੇ ਸੂਬਿਆਂ ਦੀ ਪੁਲਿਸ ਇਸ ਸਮੇਂ ਮਾਮਲੇ ਦੀ ਹੋਰ ਜਾਂਚ ਲਈ ਉਨ੍ਹਾਂ ਨਾਲ ਕੰਮ ਕਰ ਰਹੀ ਹੈ।
ਅਹਿਮਦਾਬਾਦ ਪੁਲਿਸ ਨੇ ਕਿਹਾ ਕਿ ਰੇਨੇ ਜੋਸ਼ੀਲਦਾ, ਜੋ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹੈ, 'ਤੇ ਸੂਚਨਾ ਤਕਨਾਲੋਜੀ ਐਕਟ (ਆਈਟੀ ਐਕਟ) ਦੀਆਂ ਧਾਰਾਵਾਂ, ਅਪਰਾਧਿਕ ਧਮਕੀਆਂ ਅਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












