ਭਾਰਤੀ ਮੂਲ ਦਾ ਬ੍ਰਿਟਿਸ਼ ਨਾਗਰਿਕ, ਜਿਸ ਨੇ 38 ਸਾਲ ਅਮਰੀਕਾ ਦੀ ਜੇਲ੍ਹ ʼਚ ਅਣਕੀਤੇ ਗ਼ੁਨਾਹ ਲਈ ਕੱਟੇ ਤੇ ਮਰ ਗਿਆ

ਕ੍ਰਿਸ਼ਨ ਮਹਾਰਾਜ
ਤਸਵੀਰ ਕੈਪਸ਼ਨ, ਕ੍ਰਿਸ਼ਨ ਮਹਾਰਾਜ ਨੇ ਉਸ ਅਪਰਾਧ ਲਈ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਅਮਰੀਕਾ ਦੀ ਜੇਲ੍ਹ ਵਿੱਚ ਬਿਤਾਇਆ ਜਿਸ ਨੂੰ ਉਸ ਨੇ ਨਹੀਂ ਕੀਤਾ ਸੀ
    • ਲੇਖਕ, ਰੀਡੈਸ਼ਿਓਨ
    • ਰੋਲ, ਬੀਬੀਸੀ ਪੱਤਰਕਾਰ

"ਮੈਂ ਬੇਕਸੂਰ ਹਾਂ।"

38 ਸਾਲਾਂ ਤੱਕ ਬ੍ਰਿਟਿਸ਼ ਨਾਗਰਿਕ ਕ੍ਰਿਸ਼ਨ ਮਹਾਰਾਜ ਇਹੀ ਗੱਲ ਅਦਾਲਤ, ਮੀਡੀਆ ਅਤੇ ਆਪਣੇ ਵਕੀਲਾਂ ਨੂੰ ਕਹਿੰਦੇ ਰਹੇ ਕਿ ਉਹ ਬੇਕਸੂਰ ਹਨ।

ਇਹ ਪੂਰੇ ਸਮੇਂ ਦੌਰਾਨ ਉਹ ਸੰਯੁਕਤ ਰਾਜ ਅਮਰੀਕਾ ਦੇ ਫੋਲਰੀਡਾ ਰਾਜ ਦੀ ਜੇਲ੍ਹ ਵਿੱਚ ਕੈਦ ਸਨ, ਜਿੱਥੇ ਉਨ੍ਹਾਂ ਨੂੰ 1986 ਵਿੱਚ ਮਿਆਮੀ ਵਿੱਚ ਦੋ ਲੋਕਾਂ ਦੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਸੀ।

ਬੇਸ਼ੱਕ ਇੱਕ ਜੱਜ ਨੇ ਉਸਦੀ ਬੇਗ਼ੁਨਾਹੀ ਦੇ ਸਬੂਤ ਨੂੰ ਸਵੀਕਾਰ ਕਰ ਲਿਆ ਸੀ (ਇਹ ਅਪਰਾਧ ਕਥਿਤ ਤੌਰ 'ਤੇ ਪਾਬਲੋ ਐਸਕੋਬਾਰ ਦੀ ਅਗਵਾਈ ਵਾਲੇ ਮੇਡੇਲਿਨ ਕਾਰਟੈਲ ਦੇ ਮੈਂਬਰਾਂ ਦੁਆਰਾ ਕੀਤਾ ਗਿਆ ਸੀ), ਪਰ ਮਹਾਰਾਜ ਕਦੇ ਵੀ ਆਪਣੀ ਆਜ਼ਾਦੀ ਨੂੰ ਮੁੜ ਹਾਸਿਲ ਨਹੀਂ ਕਰ ਸਕੇ।

5 ਅਗਸਤ ਨੂੰ 85 ਸਾਲ ਦੀ ਉਮਰ ਵਿੱਚ ਮਹਾਰਾਜ ਦਾ ਜੇਲ੍ਹ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ, ਜਿੱਥੇ ਉਨ੍ਹਾਂ ਨੂੰ ਰੱਖਿਆ ਗਿਆ ਸੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਮਹਾਰਾਜ ਨੇ ਬੀਬੀਸੀ ਨੂੰ 2019 ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ, “ਜਦੋਂ ਮੈਨੂੰ ਮੌਤ ਦੀ ਸਜ਼ਾ ਸੁਣਾਈ ਗਈ ਤਾਂ ਮੈਂ ਅਦਾਲਤ ਦੇ ਫਰਸ਼ 'ਤੇ ਡਿੱਗ ਗਿਆ ਕਿਉਂਕਿ ਉਹ ਮੇਰੀ ਪਹਿਲੀ ਸਜ਼ਾ ਸੀ।"

"ਮੈਨੂੰ ਵਿਸ਼ਵਾਸ ਨਹੀਂ ਹੋਇਆ ਸੀ ਕਿ ਮੈਨੂੰ ਇੱਕ ਅਜਿਹੇ ਅਪਰਾਧ ਲਈ ਸਜ਼ਾ ਸੁਣਾਈ ਗਈ ਸੀ, ਜਿਸ ਬਾਰੇ ਮੈਂ ਕੁਝ ਨਹੀਂ ਜਾਣਦਾ ਹੀ ਸੀ ਅਤੇ ਬੇਸ਼ੱਕ, ਜੋ ਮੈਂ ਕਦੇ ਵੀ ਨਹੀਂ ਕੀਤਾ।”

ਮਹਾਰਾਜ ਦੇ ਵਕੀਲ ਕਲਾਈਵ ਸਟੈਫੋਰਡ ਸਮਿਥ ਨੇ ਸਫ਼ਲਤਾਪੂਰਵਕ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਵਾ ਲਿਆ ਸੀ ਅਤੇ ਆਖ਼ਰਕਾਰ ਅਦਾਲਤ ਨੇ ਫ਼ੈਸਲੇ ਵਿੱਚ ਕਿਹਾ ਸੀ ਕਿ ਮਹਾਰਾਜ ਦਾ ਉਸ ਦੋਹਰੇ ਕਤਲ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਜਿਸ ਵਿੱਚ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ।

ਹਾਲਾਂਕਿ, ਉਹ ਉਨ੍ਹਾਂ ਨੂੰ ਜੇਲ੍ਹ ਵਿੱਚੋਂ ਬਾਹਰ ਨਹੀਂ ਕੱਢ ਸਕੇ ਸਨ।

ਸਟੈਫੋਰਡ ਨੇ ਗਾਰਡੀਅਨ ਨੂੰ ਦੱਸਿਆ, "ਅਦਾਲਤ ਨੇ ਕਿਹਾ ਕਿ ਹਾਲਾਂਕਿ ਮਹਾਰਾਜ ਦੀ ਬੇਗ਼ੁਨਾਹੀ ਨੂੰ ਦਰਸਾਉਣ ਵਾਲੇ ਸਬੂਤ ਪੁਖਤਾ ਸਨ, ਪਰ ਉਨ੍ਹਾਂ ਨੂੰ ਰਿਹਾਅ ਕਰਨ ਲਈ ਕਾਫੀ ਨਹੀਂ ਸਨ।"

ਹੁਣ, ਮਹਾਰਾਜ ਦੀ ਪਤਨੀ ਮੈਰੀਟਾ ਅਤੇ ਸਟੈਫੋਰਡ ਉਨ੍ਹਾਂ ਦੀ ਦੇਹ ਨੂੰ ਉਨ੍ਹਾਂ ਦੇ ਦੇਸ ਵਾਪਸ ਭੇਜਣ ਲਈ ਪ੍ਰਬੰਧ ਕਰ ਰਹੇ ਹਨ।

ਕਲਾਈਵ ਸਟੈਫੋਰਡ ਸਮਿਥ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਮਨੁੱਖੀ ਅਧਿਕਾਰਾਂ ਦੇ ਵਕੀਲ ਕਲਾਈਵ ਸਟੈਫੋਰਡ ਸਮਿਥ ਨੇ 1993 ਵਿੱਚ ਮਹਾਰਾਜ ਦਾ ਕੇਸ ਚੁੱਕਿਆ ਸੀ

ਮਿਆਮੀ ਵਿੱਚ ਕਤਲ

16 ਅਕਤੂਬਰ, 1986 ਨੂੰ ਜਮਾਇਕਾ ਵਿੱਚ ਜਨਮੇ ਡੇਰਿਕ ਮੂ ਯੰਗ ਅਤੇ ਉਨ੍ਹਾਂ ਦੇ ਪੁੱਤਰ ਡੁਏਨ ਮਿਆਮੀ ਵਿੱਚ ਡਿਊਪੋਂਟ ਪਲਾਜ਼ਾ ਹੋਟਲ ਦੇ ਇੱਕ ਕਮਰੇ ਵਿੱਚ ਮਰੇ ਹੋੋਏ ਮਿਲੇ ਸਨ।

ਦੋਵਾਂ ਦੇ ਸਰੀਰ ਦੇ ਗੋਲੀਆਂ ਦੇ ਜਖ਼ਮ ਸਨ। ਜਲਦੀ ਹੀ ਜਾਂਚ ਸ਼ੁਰੂ ਹੋ ਗਈ, ਜਿਸ ਵਿੱਚ ਮਹਾਰਾਜ ਨੂੰ ਦੋਸ਼ੀ ਠਹਿਰਾਇਆ ਗਿਆ।

ਮਹਾਰਾਜ, ਇੱਕ ਭਾਰਤੀ ਮੂਲ ਦੇ ਬ੍ਰਿਟਿਸ਼ ਸਨ, ਜੋ ਆਪਣੇ ਕੇਲੇ ਦੀ ਦਰਾਮਦ ਦੇ ਕਾਰੋਬਾਰ ਕਰ ਕੇ ਕਰੋੜਪਤੀ ਬਣੇ ਸਨ ਅਤੇ ਉਨ੍ਹਾਂ ਦਾ ਮੂ ਯੰਗ ਨਾਲ ਵਪਾਰਕ ਝਗੜਾ ਸੀ।

ਪੁਲਿਸ ਦੀ ਜਾਣਕਾਰੀ ਮੁਤਾਬਕ ਮਹਾਰਾਜ ਨੇ ਹੋਟਲ ਦੇ ਇੱਕ ਕਮਰੇ 'ਚ ਮੂ ਯੰਗ ਨੂੰ ਮਿਲਣ ਦਾ ਇੰਤਜ਼ਾਮ ਕੀਤਾ ਸੀ।

ਇੱਕ ਗਵਾਹ ਅਨੁਸਾਰ ਕਮਰੇ ਦੇ ਅੰਦਰ ਵੜਦਿਆਂ ਹੀ ਮਹਾਰਾਜ ਨੇ ਮੂ ਯੰਗ ਅਤੇ ਉਸ ਦੇ ਪੁੱਤਰ ਨੂੰ ਗੋਲੀ ਮਾਰ ਦਿੱਤੀ।

ਇਰਾਦਾ ਕਥਿਤ ਤੌਰ 'ਤੇ ਪੈਸੇ ਨੂੰ ਲੈ ਕੇ ਬਹਿਸ ਸੀ, ਜੋ ਮੂ ਯੰਗ ਨੇ ਤ੍ਰਿਨੀਦਾਦ ਟਾਪੂ 'ਤੇ ਮਹਾਰਾਜ ਦੇ ਕੁਝ ਰਿਸ਼ਤੇਦਾਰਾਂ ਤੋਂ ਧੋਖੇ ਨਾਲ ਲਿਆ ਸੀ ਅਤੇ ਮਹਾਰਾਜ ਉਸ ਨੂੰ ਵਾਪਸ ਲੈਣਾ ਚਾਹੁੰਦੇ ਸਨ।

ਵਕੀਲ

ਮਹਾਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਦੋਹਰੇ ਕਤਲ ਦਾ ਦੋਸ਼ ਲਗਾਇਆ ਗਿਆ ਅਤੇ ਇੱਕ ਸਾਲ ਦੇ ਅੰਦਰ ਦੋਹਰੇ ਕਤਲ ਲਈ ਮੌਤ ਦੀ ਸਜ਼ਾ ਵੀ ਸੁਣਾ ਦਿੱਤੀ ਗਈ।

ਮਹਾਰਾਜ ਨੇ 2019 ਵਿੱਚ ਬੀਬੀਸੀ ਨੂੰ ਦੱਸਿਆ, “ਮੈਂ ਉੱਥੇ ਨਹੀਂ ਸੀ। ਘੱਟੋ-ਘੱਟ ਛੇ ਲੋਕਾਂ ਨੇ ਕਿਹਾ ਕਿ ਮੈਂ ਉਸ ਦਿਨ ਹੋਟਲ ਤੋਂ 30 ਕਿਲੋਮੀਟਰ ਤੋਂ ਜ਼ਿਆਦਾ ਦੂਰ ਕਿਤੇ ਹੋਰ ਸੀ। ਮੈਂ ਵਿਸ਼ਵਾਸ ਨਹੀਂ ਕਰ ਸਕਦਾ ਸੀ ਕਿ ਮੈਨੂੰ ਦੋਸ਼ੀ ਠਹਿਰਾਇਆ ਗਿਆ ਸੀ।”

ʻਮੈਂ ਬੇਕਸੂਰ ਹਾਂʼ ਉਹ ਲਗਾਤਾਰ ਦੁਹਰਾ ਰਹੇ ਸਨ

ਛੇ ਸਾਲਾਂ ਤੱਕ, ਦੋਸ਼ੀ ਵੱਲੋਂ ਆਪਣੀ ਬੇਗ਼ੁਨਾਹੀ ਸਾਬਤ ਕਰਨ ਅਤੇ ਮੌਤ ਦੀ ਸਜ਼ਾ ਤੋਂ ਬਚਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਕੁਝ ਨਹੀਂ ਬਦਲਿਆ। 1993 ਤੱਕ, ਜਦੋਂ ਸਟੈਫੋਰਡ ਨੇ ਕੇਸ ਨੂੰ ਸੰਭਾਲਣ ਦਾ ਫ਼ੈਸਲਾ ਨਹੀਂ ਲਿਆ।

ਸਟੈਫੋਰਡ ਮਨੁੱਖੀ ਅਧਿਕਾਰਾਂ ਦੇ ਵਕੀਲ ਵਜੋਂ ਕੰਮ ਕਰਦੇ ਸਨ।

ਇਹ ਵੀ ਪੜ੍ਹੋ-

ਮੇਡੇਲਿਨ ਪੋਸਟਰ

ਸਟੈਫੋਰਡ ਦਾ ਪਹਿਲਾ ਕਦਮ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਲਈ ਅਪੀਲ ਦਾਇਰ ਕਰਨਾ ਸੀ, ਜਿਸ ਨੂੰ ਉਹ 2002 ਵਿੱਚ ਕਰਨ ਵਿੱਚ ਸਫ਼ਲ ਵੀ ਰਹੇ। ਫਿਰ ਉਨ੍ਹਾਂ ਨੇ ਮਹਾਰਾਜ ਦੀ ਬੇਗ਼ੁਨਾਹੀ ਨੂੰ ਸਾਬਤ ਕਰਨ ਵੱਲ ਧਿਆਨ ਦਿੱਤਾ।

ਇਹ ਅਪਰਾਧ 1980 ਦੇ ਦਹਾਕੇ ਵਿੱਚ, ਮਿਆਮੀ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਉਛਾਲ ਦੌਰਾਨ ਹੋਇਆ ਸੀ ਅਤੇ ਇੰਨਾ ਹੀ ਨਹੀਂ ਕਾਰੋਬਾਰ ਦੇ ਨਿਯੰਤਰਣ ਨੂੰ ਲੈ ਕੇ ਕੋਲੰਬੀਆ ਦੇ ਗਿਰੋਹਾਂ ਅਤੇ ਕਿਊਬਾ ਦੇ ਨਸ਼ੀਲੇ ਪਦਾਰਥਾਂ ਦੇ ਮਾਲਕਾਂ ਵਿਚਕਾਰ ਇੱਕ ਗੁਪਤ ਜੰਗ ਵੀ ਚਾਲੂ ਸੀ।

ਸਟੈਫੋਰਡ ਨੂੰ ਇਸ ਗੱਲ ਦੇ ਸਬੂਤ ਮਿਲੇ ਹਨ ਕਿ ਮੂ ਯੰਗ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਲਈ ਜਾਣਿਆ-ਪਛਾਣਿਆ ਮਖੌਟਾ ਸੀ ਅਤੇ ਉਸ ਦਾ ਕਤਲ ਕਥਿਤ ਤੌਰ 'ਤੇ ਮੇਡੇਲਿਨ ਗਿਰੋਹ ਦੇ ਮੈਂਬਰਾਂ ਵੱਲੋਂ ਕੀਤਾ ਗਿਆ ਸੀ।

ਅਸਲ ਵਿੱਚ, ਇਸਦਾ ਹੁਕਮ ਪਾਬਲੋ ਐਸਕੋਬਾਰ ਦੁਆਰਾ ਦਿੱਤਾ ਗਿਆ ਸੀ ਅਤੇ ਉਸ ਦੇ ਗੁੰਡਿਆਂ ਨੇ ਇਸ ਨੂੰ ਅੰਜ਼ਾਮ ਦਿੱਤਾ ਸੀ।

ਮਹਾਰਾਜ
ਤਸਵੀਰ ਕੈਪਸ਼ਨ, ਮਹਾਰਾਜ ਨੂੰ 1987 ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ, 2002 ਵਿੱਚ ਸਜ਼ਾ ਨੂੰ ਉਮਰ ਕੈਦ ਵਿਚ ਬਦਲੀ ਗਈ

ਸਟੈਫੋਰਡ ਨੇ ਬੀਬੀਸੀ ਨੂੰ ਦੱਸਿਆ, "ਮੈਂ ਮੇਡੇਲਿਨ ਗਿਆ ਸੀ ਤਾਂ ਜੋ ਸਾਬਕਾ ਕਾਰਟੇਲ ਮੈਂਬਰ ਜੋ ਅਜੇ ਵੀ ਜ਼ਿੰਦਾ ਸਨ, ਉਨ੍ਹਾਂ ਗਵਾਹੀ ਦੇਣ ਲਈ ਰਾਜ਼ੀ ਕੀਤਾ ਜਾ ਸਕੇ ਕਿ ਮਹਾਰਾਜ ਦਾ ਇਸ ਅਪਰਾਧ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।"

ਕਈ ਸਾਲਾਂ ਤੱਕ, ਵਕੀਲ ਮਹਾਰਾਜ ਦੇ ਕੇਸ ਨੂੰ ਮੋੜ ਦਿਵਾਉਣ ਲਈ ਤਰੀਕਾ ਭਾਲਦੇ ਰਹੇ।

ਇਕੱਠੇ ਕੀਤੇ ਗਏ ਸਾਰੇ ਸਬੂਤਾਂ ਨੂੰ ਧਿਆਨ ਵਿੱਚ ਰੱਖਿਆ ਗਿਆ, ਜੋ ਸੰਕੇਤ ਦਿੰਦੇ ਸਨ ਕਿ ਮੂ ਯੰਗ ਨੂੰ ਮਾਰਨ ਵਿੱਚ ਹੋਰ ਲੋਕ ਸ਼ਾਮਲ ਸਨ ਅਤੇ ਸਭ ਤੋਂ ਵੱਧ, ਛੇ ਗਵਾਹੀਆਂ, ਜੋ ਇਸ ਗੱਲ ਦੀ ਪੁਸ਼ਟੀ ਕਰਦੀਆਂ ਸਨ ਕਿ ਮਹਾਰਾਜ ਉੱਥੋਂ ਬਹੁਤ ਦੂਰ ਸੀ, ਜਿੱਥੇ ਕਤਲ ਹੋਏ ਸਨ।

ਹਾਲਾਂਕਿ, ਮੁਆਫ਼ੀਨਾਮੇ ਲਈ ਕਿਸੇ ਬੇਨਤੀ ਜਾਂ ਕੋਸ਼ਿਸ਼ ਦੀ ਅਪੀਲ ਦੇ ਜਵਾਬ ਵਿੱਚ, ਜਵਾਬ ਹਮੇਸ਼ਾ ਨਕਾਰਾਤਮਕ ਹੁੰਦਾ ਸੀ।

ਸਟੈਫੋਰਡ ਨੇ ਬੀਬੀਸੀ ਨੂੰ ਦੱਸਿਆ, "ਇਹ ਤੱਥ ਕਿ ਫੈਡਰਲ ਸਰਕਾਰ ਸਬੂਤਾਂ ਨੂੰ ਸੁਣਨ ਲਈ ਤਿਆਰ ਨਹੀਂ ਸੀ ਅਤੇ ਇੱਕ ਨਿਰਦੋਸ਼ ਵਿਅਕਤੀ ਨੂੰ ਆਜ਼ਾਦ ਕਰਨਾ ਤਰਸ ਦਾ ਮਸਲਾ ਸੀ।"

ਪੋਪਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੋਪਈ ਮੇਡੇਲਿਨ ਕਾਰਟੇਲ ਦੇ ਨੇਤਾ ਪਾਬਲੋ ਐਸਕੋਬਾਰ ਦਾ ਲੈਫਟੀਨੈਂਟ ਸੀ

ਪੋਪਈ

ਨਵੰਬਰ 2017 ਵਿੱਚ, ਇੱਕ ਸਾਬਕਾ ਡੀਈਏ ਏਜੰਟ ਨੇ ਇੱਕ ਅਦਾਲਤ ਨੂੰ ਦੱਸਿਆ ਕਿ ਪਾਬਲੋ ਐਸਕੋਬਾਰ ਨਾਲ ਜੁੜੇ ਲੋਕ ਕਤਲ ਵਾਲੇ ਦਿਨ ਡਿਓਪੋਂਟ ਪਲਾਜ਼ਾ ਹੋਟਲ ਦੇ ਇੱਕ ਕਮਰੇ ਵਿੱਚ ਰੁਕੇ ਹੋਏ ਸਨ।

ਸਾਬਕਾ ਏਜੰਟ ਦੇ ਬਿਆਨ ਦੇ ਅਨੁਸਾਰ, ਐਸਕੋਬਾਰ ਨੇ ਮੂ ਯੰਗ ਦੇ ਕਤਲ ਦਾ ਆਦੇਸ਼ ਦਿੱਤਾ ਸੀ ਕਿਉਂਕਿ ਉਸ ਨੇ ਗਿਰੋਹ ਸਬੰਧੀ ਪੈਸਾ ਰੱਖਿਆ ਸੀ ਅਤੇ ਉਸ ਨੇ ਮਨੀ ਲਾਂਡਰਿੰਗ ਰਾਹੀਂ ਇਸ ਨੂੰ ਕਾਨੂੰਨੀ ਬਣਾਉਣ ਵਿੱਚ ਮਦਦ ਕੀਤੀ ਸੀ।

ਉਸ ਨੇ ਇਹ ਵੀ ਕਿਹਾ ਕਿ ਉਸ ਨੇ ਇਹ ਜਾਣਕਾਰੀ ਜੌਨ ਜੈਰੋ ਵੇਲਾਸਕਵੇਜ਼ ਤੋਂ ਹਾਸਿਲ ਕੀਤੀ ਸੀ, ਜੋ ਕਿ ਪੋਪਈ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ

ਪੋਪਈ 23 ਸਾਲ ਦੀ ਕੈਦ ਦੀ ਸਜ਼ਾ ਕੱਟਣ ਤੋਂ ਬਾਅਦ ਅਗਸਤ 2014 ਵਿੱਚ ਆਜ਼ਾਦ ਹੋਇਆ ਸੀ।

ਪੋਪਈ ਐਸਕੋਬਾਰ ਦੇ ਚੋਟੀ ਦੇ ਜਰਨੈਲਾਂ ਵਿੱਚੋਂ ਇੱਕ ਸੀ ਅਤੇ ਸਾਬਕਾ ਏਜੰਟ ਦੀ ਗਵਾਹੀ ਦੇ ਅਨੁਸਾਰ ਇਹ ਵਿਚਾਰ "ਉਸਦੀ ਜ਼ਮੀਰ ਨੂੰ ਸਾਫ਼" ਕਰਨਾ ਸੀ ਅਤੇ ਇਹ ਪ੍ਰਗਟ ਕਰਨਾ ਸੀ ਕਿ ਅਮਰੀਕੀ ਨਿਆਂ ਤੋਂ ਬਚਣ ਲਈ ਮਹਾਰਾਜ ʼਤੇ ਗਿਰੋਹ ਦੁਆਰਾ ਝੂਠਾ ਇਲਜ਼ਾਮ ਲਗਾਇਆ ਗਿਆ ਸੀ।

ਇਸ ਨਵੇਂ ਸਬੂਤ ਦੇ ਨਾਲ, ਜੋ ਪਹਿਲਾਂ ਤੋਂ ਸਾਹਮਣੇ ਆਏ ਸਬੂਤਾਂ ਨਾਲੋਂ ਕਿਤੇ ਜ਼ਿਆਦਾ ਮਜਬੂਤ ਸੀ, ਵਕੀਲ ਇਹ ਯਕੀਨੀ ਬਣਾਉਣ ਵਿੱਚ ਕਾਮਯਾਬ ਰਹੇ ਕਿ 2019 ਵਿੱਚ ਜੁਰਮ ਕੀਤੇ ਜਾਣ ਦੇ 33 ਸਾਲਾਂ ਬਾਅਦ ਮਹਾਰਾਜ ਦੀ ਸੁਣਵਾਈ ਹੋ ਸਕੇ।

ਜਿਸ ਵਿੱਚ ਉਨ੍ਹਾਂ ਨੇ ਮਾਮਲੇ ਦੀ ਸਮੀਖਿਆ ਕੀਤੀ ਜਾਵੇ ਤਾਂ ਜੋ ਉਸ ਦੀ ਬੇਗ਼ੁਨਾਹੀ ਨੂੰ ਸਾਬਤ ਕਰ ਸਕੇ ਅਤੇ ਉਨ੍ਹਾਂ ਦੀ ਘਰ ਵਾਪਸੀ ਹੋ ਸਕੇ।

ਮਿਆਮੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਅਪਰਾਧ ਮਿਆਮੀ ਦੇ ਡਾਊਨਟਾਊਨ ਦੇ ਇੱਕ ਹੋਟਲ ਵਿੱਚ ਕੀਤਾ ਗਿਆ ਸੀ

ਉਸੇ ਸਾਲ ਦੋ ਵਿਰੋਧਾਭਾਸੀ ਘਟਨਾਵਾਂ ਵਾਪਰੀਆਂ, ਪਹਿਲੀ, 11ਵੇਂ ਸਰਕਟ ਲਈ ਯੂਐੱਸ ਕੋਰਟ ਆਫ਼ ਅਪੀਲਜ਼ ਦੇ ਇੱਕ ਜੱਜ ਨੇ ਫ਼ੈਸਲਾ ਸੁਣਾਇਆ ਕਿ ਮਹਾਰਾਜ ਦੀ ਬੇਗ਼ੁਨਾਹੀ ਸਾਬਤ ਕਰਨ ਵਾਲੇ ਸਬੂਤ ਮੌਜੂਦ ਹਨ।

ਹਾਲਾਂਕਿ, ਜਦੋਂ ਕੇਸ ਨੂੰ ਅਜਿਹੀ ਕਾਰਵਾਈ ਲਈ ਸਰਵਉੱਚ ਅਦਾਲਤ, ਫੈਡਰਲ ਕੋਰਟ ਆਫ ਅਪੀਲਜ਼ ਵਿੱਚ ਲੈ ਕੇ ਗਏ ਤਾਂ ਅਦਾਲਤ ਨੇ ਫ਼ੈਸਲਾ ਲਿਆ ਕਿ "ਜੱਜ ਦਾ ਫ਼ੈਸਲਾ ਮਹਾਰਾਜ ਨੂੰ ਰਿਹਾਅ ਕਰਨ ਲਈ ਕਾਫੀ ਨਹੀਂ ਸੀ।"

ਮਹਾਰਾਜ ਦੀ ਪਤਨੀ ਮੈਰੀਟਾ 38 ਸਾਲਾਂ ਤੋਂ ਉਨ੍ਹਾਂ ਨੂੰ ਮਿਲਣ ਆ ਰਹੀ ਸੀ, ਕੁਝ ਸਾਲ ਪਹਿਲਾਂ ਇਸ ਉਮੀਦ ਨਾਲ ਯੂਕੇ ਚਲੀ ਗਈ ਸੀ ਕਿ ਉਸ ਦੇ ਪਤੀ ਨੂੰ ਬ੍ਰਿਟਿਸ਼ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।

ਪਰ 5 ਅਗਸਤ ਨੂੰ, ਕਈ ਸਿਹਤ ਸਮੱਸਿਆਵਾਂ ਤੋਂ ਮਗਰੋਂ ਮਹਾਰਾਜ ਦੀ ਜੇਲ੍ਹ ਦੇ ਹਸਪਤਾਲ ਵਿੱਚ ਮੌਤ ਹੋ ਗਈ, ਜਿੱਥੇ ਉਨ੍ਹਾਂ ਨੂੰ ਰੱਖਿਆ ਗਿਆ ਸੀ।

ਸਟੈਫੋਰਡ ਨੇ ਦਿ ਗਾਰਡੀਅਨ ਨੂੰ ਦੱਸਿਆ, "ਮੈਂ ਇਸ ਨੂੰ ਆਪਣੀਆਂ ਵੱਡੀਆਂ ਅਸਫ਼ਲਤਾਵਾਂ ਵਿੱਚੋਂ ਇੱਕ ਦੇ ਰੂਪ ਵਿੱਚ ਦੇਖਦਾ ਹਾਂ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)