ਟੈਰਿਫ਼ ਕੀ ਹਨ ਅਤੇ ਟਰੰਪ ਇਸ ਦੀ ਵਰਤੋਂ ਕਿਉਂ ਕਰ ਰਹੇ, ਉਨ੍ਹਾਂ ਦੇ ਇਸ ਫੈਸਲੇ ਨਾਲ ਕਿਹੜੇ ਉਤਪਾਦਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ

ਡੌਨਲਡ ਟਰੰਪ ਨੇ ਮੈਕਸੀਕੋ ਅਤੇ ਕੈਨੇਡਾ ਤੋਂ ਆਯਾਤ 'ਤੇ ਨਵੇਂ ਟੈਰਿਫ਼ ਲਗਾਏ ਹਨ ਅਤੇ ਹਾਲ ਹੀ ਵਿੱਚ ਚੀਨੀ ਸਮਾਨ ਤੋਂ ਹੋਣ ਵਾਲੀ ਉਗਰਾਹੀ ਨੂੰ ਦੁੱਗਣਾ ਕਰ ਦਿੱਤਾ ਗਿਆ ਹੈ।

ਰਾਸ਼ਟਰਪਤੀ ਟਰੰਪ, ਟੈਰਿਫ਼ ਯਾਨਿ ਆਯਾਤ 'ਤੇ ਸਰਹੱਦੀ ਟੈਕਸ ਨੂੰ ਅਮਰੀਕੀ ਨਿਰਮਾਣ ਦੀ ਰੱਖਿਆ ਅਤੇ ਵਪਾਰ ਅਸੰਤੁਲਨ ਨੂੰ ਠੀਕ ਕਰਨ ਦੇ ਤਰੀਕੇ ਵਜੋਂ ਵੇਖਦੇ ਹਨ।

ਅਮਰੀਕਾ ਵੱਲੋਂ ਸਾਰੇ ਸਟੀਲ ਅਤੇ ਐਲੂਮੀਨੀਅਮ ਆਯਾਤ 'ਤੇ ਲਗਾਏ ਗਏ ਟੈਰਿਫ਼ ਤੋਂ ਬਾਅਦ ਹੁਣ ਇਨ੍ਹਾਂ ਟੈਰਿਫ਼ਾਂ ਬਾਰੇ ਫੈਸਲਾ ਲਿਆ ਗਿਆ ਹੈ।

ਕੈਨੇਡਾ ਅਤੇ ਚੀਨ ਨੇ ਜਵਾਬੀ ਕਾਰਵਾਈ ਵਜੋਂ ਅਮਰੀਕੀ ਸਮਾਨ ਉੱਤੇ ਟੈਰਿਫ਼ ਲਗਾਏ ਹਨ। ਜਿਸ ਨੇ ਵਿਸ਼ਵਵਿਆਪੀ ਵਪਾਰ ਯੁੱਧ ਅਤੇ ਉੱਚੀਆਂ ਕੀਮਤਾਂ ਦਾ ਖਦਸ਼ਾ ਪੈਦਾ ਕਰ ਦਿੱਤਾ ਹੈ।

ਟੈਰਿਫ਼ ਕੀ ਹਨ ਅਤੇ ਉਹ ਕਿਵੇਂ ਕੰਮ ਕਰਦੇ ਹਨ?

ਟੈਰਿਫ਼ ਦੂਜੇ ਦੇਸ਼ਾਂ ਤੋਂ ਆਯਾਤ ਕੀਤੇ ਗਏ ਸਮਾਨ 'ਤੇ ਲਗਾਏ ਜਾਣਾ ਵਾਲਾ ਟੈਕਸ ਹੁੰਦਾ ਹੈ।

ਵਿਦੇਸ਼ੀ ਸਮਾਨ ਨੂੰ ਦੇਸ਼ ਵਿੱਚ ਲਿਆਉਣ ਵਾਲੀਆਂ ਕੰਪਨੀਆਂ ਸਰਕਾਰ ਨੂੰ ਟੈਕਸ ਅਦਾ ਕਰਦੀਆਂ ਹਨ।

ਆਮ ਤੌਰ 'ਤੇ, ਟੈਰਿਫ ਇੱਕ ਉਤਪਾਦ ਦੇ ਮੁੱਲ ਦਾ ਫੀਸਦ ਹੁੰਦਾ ਹੈ। ਚੀਨੀ ਸਮਾਨ 'ਤੇ 20 ਫੀਸਦ ਟੈਰਿਫ਼ ਲਗਾਉਣ ਦਾ ਮਤਲਬ ਹੈ ਕਿ 10 ਡਾਲਰ ਦੇ ਉਤਪਾਦ 'ਤੇ 2 ਡਾਲਰ ਦਾ ਵਾਧੂ ਚਾਰਜ ਲਗਾਇਆ ਜਾਵੇਗਾ।

ਫਰਮਾਂ ਟੈਰਿਫ਼ ਦੀ ਕੁਝ ਜਾਂ ਸਾਰੀ ਲਾਗਤ ਗਾਹਕਾਂ ਤੋਂ ਵਸੂਲਣ ਦੀ ਚੋਣ ਕਰ ਸਕਦੀਆਂ ਹਨ।

ਅਮਰੀਕਾ ਨੇ ਆਮ ਤੌਰ 'ਤੇ ਦੂਜੇ ਦੇਸ਼ਾਂ ਦੇ ਮੁਕਾਬਲੇ ਵਸਤੂਆਂ 'ਤੇ ਘੱਟ ਟੈਰਿਫ਼ ਲਗਾਏ ਹਨ, ਜਿਸ ਦਾ ਮਤਲਬ ਹੈ ਕਿ ਉਸ ਦੀ ਪਰਸਪਰ ਯੋਜਨਾ ਟੈਕਸ ਦਰਾਂ ਵਿੱਚ ਅਚਾਨਕ ਅਤੇ ਤੇਜ਼ ਵਾਧਾ ਕਰ ਸਕਦੀ ਹੈ।

ਟਰੰਪ ਟੈਰਿਫ਼ ਦੀ ਵਰਤੋਂ ਕਿਉਂ ਕਰ ਰਹੇ ਹਨ?

ਟੈਰਿਫ਼ ਟਰੰਪ ਦੀਆਂ ਆਰਥਿਕ ਯੋਜਨਾਵਾਂ ਦਾ ਕੇਂਦਰੀ ਹਿੱਸਾ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਟੈਰਿਫ਼ ਅਮਰੀਕੀ ਨਿਰਮਾਣ ਨੂੰ ਹੁਲਾਰਾ ਦੇਣਗੇ ਅਤੇ ਨੌਕਰੀਆਂ ਦੀ ਰੱਖਿਆ ਕਰਨਗੇ, ਨਾਲ ਹੀ ਟੈਕਸ ਮਾਲੀਆ ਵਿੱਚ ਵਾਧਾ ਹੋਵੇਗਾ ਅਤੇ ਅਰਥਵਿਵਸਥਾ ਵੀ ਵਧੇਗੀ।

ਚੀਨ, ਮੈਕਸੀਕੋ ਅਤੇ ਕੈਨੇਡਾ ਤੋਂ ਆਉਣ ਵਾਲੀਆਂ ਵਸਤਾਂ 2024 ਵਿੱਚ ਅਮਰੀਕਾ ਦੇ ਆਯਾਤ ਦਾ 40 ਫੀਸਦ ਹਿੱਸਾ ਸਨ।

ਜਦੋਂ ਉਨ੍ਹਾਂ ਨੇ ਪਹਿਲੀ ਵਾਰ ਨਵੇਂ ਟੈਰਿਫਾਂ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ, ਤਾਂ ਵ੍ਹਾਈਟ ਹਾਊਸ ਨੇ ਕਿਹਾ ਸੀ ਕਿ ਰਾਸ਼ਟਰਪਤੀ "ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਅਤੇ ਜ਼ਹਿਰੀਲੇ ਫੈਂਟੇਨਾਇਲ ਅਤੇ ਹੋਰ ਨਸ਼ਿਆਂ ਨੂੰ ਸਾਡੇ ਦੇਸ਼ ਵਿੱਚ ਆਉਣ ਤੋਂ ਰੋਕਣ ਦੇ ਆਪਣੇ ਵਾਅਦਿਆਂ ਲਈ ਦਲੇਰਾਨਾ ਕਦਮ ਚੁੱਕ ਰਹੇ ਹਨ।"

ਫੈਂਟੇਨਾਇਲ ਨੂੰ ਅਮਰੀਕਾ ਵਿੱਚ ਓਵਰਡੋਜ਼ ਨਾਲ ਹੋਣ ਵਾਲੀਆਂ ਹਜ਼ਾਰਾਂ ਮੌਤਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ।

ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਰਸਾਇਣ ਚੀਨ ਤੋਂ ਆਉਂਦੇ ਹਨ, ਜਦਕਿ ਮੈਕਸੀਕਨ ਗਿਰੋਹ ਇਸ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਸਪਲਾਈ ਕਰਦੇ ਹਨ ਅਤੇ ਕੈਨੇਡਾ ਵਿੱਚ ਫੈਂਟੇਨਾਇਲ ਲੈਬਾਂ ਚਲਾਉਂਦੇ ਹਨ।

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਵਿੱਚ 1 ਫੀਸਦ ਤੋਂ ਵੀ ਘੱਟ ਫੈਂਟਾਨਿਲ ਦੇ ਦਾਖ਼ਲ ਹੋਣ ਲਈ ਜ਼ਿੰਮੇਵਾਰ ਹੈ, ਇਸ ਵਿੱਚੋਂ ਵੀ ਜ਼ਿਆਦਾਤਰ ਮੈਕਸੀਕੋ ਤੋਂ ਆਉਂਦਾ ਹੈ।

ਚੀਨ ਖ਼ਿਲਾਫ਼ ਟੈਰਿਫ਼ਾਂ ਨਾਲ ਕੀ ਹੋ ਰਿਹਾ ਹੈ?

ਚੀਨ ਤੋਂ ਆਯਾਤ ਕੀਤੇ ਜਾਣ ਵਾਲੇ ਸਾਰੇ ਸਮਾਨ 'ਤੇ 10 ਫੀਸਦ ਚਾਰਜ 4 ਫਰਵਰੀ ਤੋਂ ਸ਼ੁਰੂ ਹੋਇਆ।

ਟਰੰਪ ਨੇ ਬਾਅਦ ਵਿੱਚ ਕਿਹਾ ਕਿ 800 ਡਾਲਰ ਤੋਂ ਘੱਟ ਮੁੱਲ ਦੀਆਂ ਸ਼ਿਪਮੈਂਟਾਂ 'ਤੇ ਛੋਟ ਹੋਵੇਗੀ।

10 ਫਰਵਰੀ ਨੂੰ, ਚੀਨ ਨੇ ਆਪਣੇ ਟੈਰਿਫ਼ਾਂ ਦੇ ਨਾਲ ਜਵਾਬ ਦਿੱਤਾ, ਜਿਸ ਵਿੱਚ ਕੁਝ ਅਮਰੀਕੀ ਖੇਤੀਬਾੜੀ ਵਸਤੂਆਂ 'ਤੇ 10-15 ਫੀਸਦ ਟੈਕਸ ਸ਼ਾਮਲ ਸੀ।

ਬੀਜਿੰਗ ਨੇ ਕਈ ਅਮਰੀਕੀ ਹਵਾਬਾਜ਼ੀ, ਰੱਖਿਆ ਅਤੇ ਤਕਨੀਕੀ ਫਰਮਾਂ ਨੂੰ "ਬੇਭਰੋਸੇਯੋਗ ਲਿਸਟ" ਵਿੱਚ ਸ਼ਾਮਲ ਕਰ ਕੇ ਅਤੇ ਨਿਰਯਾਤ ਕੰਟਰੋਲ ਲਗਾ ਕੇ ਵੀ ਨਿਸ਼ਾਨਾ ਬਣਾਇਆ ਹੈ।

4 ਮਾਰਚ ਤੋਂ 10 ਫੀਸਦ ਲੇਵੀ ਦੁੱਗਣੀ ਹੋ ਕੇ 20 ਫੀਸਦ ਹੋ ਗਈ ਹੈ।

ਚੀਨ ਨੇ ਅਮਰੀਕਾ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਬੀਜਿੰਗ ਨਾਲ ਗੱਲਬਾਤ 'ਤੇ ਵਾਪਸ ਆਵੇ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਚੇਤਾਵਨੀ ਦਿੱਤੀ, "ਜੇਕਰ ਅਮਰੀਕਾ... ਟੈਰਿਫ਼ ਯੁੱਧ, ਵਪਾਰ ਯੁੱਧ, ਜਾਂ ਕਿਸੇ ਹੋਰ ਕਿਸਮ ਦੀ ਜੰਗ ਛੇੜਦਾ ਰਹਿੰਦਾ ਹੈ, ਤਾਂ ਚੀਨੀ ਪੱਖ ਉਨ੍ਹਾਂ ਨਾਲ ਅੰਤ ਤੱਕ ਲੜੇਗਾ।"

ਕੈਨੇਡਾ ਖ਼ਿਲਾਫ਼ ਟੈਰਿਫ਼ਾਂ ਨਾਲ ਕੀ ਹੋ ਰਿਹਾ ਹੈ?

ਟਰੰਪ ਨੇ ਅਮਰੀਕਾ ਦੇ ਦੋਵਾਂ ਗੁਆਂਢੀਆਂ, ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੀਆਂ ਵਸਤਾਂ 'ਤੇ 25 ਫੀਸਦ ਟੈਰਿਫ਼ ਲਗਾਏ ਹਨ। ਇਹ ਅਸਲ ਵਿੱਚ 4 ਫਰਵਰੀ ਨੂੰ ਸ਼ੁਰੂ ਹੋਣ ਵਾਲੇ ਸਨ ਪਰ ਆਖ਼ਰਕਾਰ ਇਹ 4 ਮਾਰਚ ਨੂੰ ਸ਼ੁਰੂ ਹੋ ਗਏ।

ਇਸ ਦੌਰਾਨ, ਕੈਨੇਡੀਅਨ ਊਰਜਾ ਆਯਾਤ 'ਤੇ 10 ਫੀਸਦ ਟੈਰਿਫ਼ ਲਗਾਇਆ ਜਾ ਰਿਹਾ ਹੈ।

ਟਰੰਪ ਨੇ ਪਹਿਲਾਂ ਕਿਹਾ ਸੀ ਕਿ ਇੱਕ ਮਹੀਨੇ ਦੀ ਦੇਰੀ ਨਾਲ ਅਮਰੀਕਾ ਨੂੰ ਇਹ ਦੇਖਣ ਦਾ ਮੌਕਾ ਮਿਲੇਗਾ ਕਿ "ਕੈਨੇਡਾ ਨਾਲ ਅੰਤਮ ਆਰਥਿਕ ਸਮਝੌਤਾ ਹੋ ਸਕਦਾ ਹੈ ਜਾਂ ਨਹੀਂ"।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟੈਰਿਫ਼ਾਂ ਦੀ ਆਲੋਚਨਾ ਕਰਦੇ ਹੋਏ ਇਸ ਨੂੰ "ਮੂਰਖਤਾਪੂਰਨ ਕੰਮ ਦੱਸਿਆ" ਅਤੇ ਟਰੰਪ 'ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਹੈ, "ਕੈਨੇਡੀਅਨ ਅਰਥਵਿਵਸਥਾ ਨੂੰ ਪੂਰੀ ਤਰ੍ਹਾਂ ਢਾਹੁਣ ਦੀ ਯੋਜਨਾ ਬਣਾਈ ਹੈ ਕਿਉਂਕਿ ਇਸ ਨਾਲ ਸਾਨੂੰ ਕਾਬੂ ਕਰਨਾ ਅਸਾਨ ਹੋਵੇਗਾ।"

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਤੋਂ ਆਉਣ ਵਾਲੇ ਉਤਪਾਦਾਂ ਉੱਤੇ ਤਤਕਾਲ 30 ਬਿਲੀਅਨ ਕੈਨੇਡੀਅਨ ਡਾਲਰ ਦਾ ਟੀਚਾ ਰੱਖੇਗਾ ਅਤੇ 21 ਦਿਨਾਂ ਵਿੱਚ 125 ਬਿਲੀਅਨ ਕੈਨੇਡੀਅਨ ਡਾਲਰ ਦੇ ਹੋਰ ਸਮਾਨ ਨੂੰ ਤੁਰੰਤ ਨਿਸ਼ਾਨਾ ਬਣਾਏਗਾ।

ਕੈਨੇਡਾ ਆਪਣੀ ਊਰਜਾ ਤੱਕ ਅਮਰੀਕਾ ਦੀ ਪਹੁੰਚ ਨੂੰ ਵੀ ਸੀਮਤ ਕਰ ਸਕਦਾ ਹੈ। ਇਹ ਅਮਰੀਕਾ ਨੂੰ ਤੇਲ ਦਾ ਸਭ ਤੋਂ ਵੱਡਾ ਸਪਲਾਇਰ ਹੈ ਅਤੇ 3 ਫੀਸਦ ਸੂਬਿਆਂ ਨੂੰ ਕੁਝ ਬਿਜਲੀ ਵੀ ਪ੍ਰਦਾਨ ਕਰਦਾ ਹੈ।

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਉਹ ਤਿੰਨ ਅਮਰੀਕੀ ਸਟੇਟਾਂ- ਮਿਸ਼ੀਗਨ, ਨਿਊਯਾਰਕ ਅਤੇ ਮਿਨੇਸੋਟਾ ਨੂੰ ਕੈਨੇਡੀਅਨ ਬਿਜਲੀ ਨਿਰਯਾਤ 'ਤੇ ਆਪਣਾ 25 ਫੀਸਦ ਸਰਚਾਰਜ ਲਾਗੂ ਕਰਨਗੇ।

ਉਨ੍ਹਾਂ ਨੇ ਕਿਹਾ ਕਿ ਜੇਕਰ ਅਮਰੀਕੀ ਟੈਰਿਫ਼ ਵੱਧਦੇ ਹਨ ਤਾਂ ਉਹ ਉਨ੍ਹਾਂ ਸਟੇਟਾਂ ਨੂੰ ਕੈਨੇਡੀਅਨ ਬਿਜਲੀ ਤੋਂ ਪੂਰੀ ਤਰ੍ਹਾਂ ਵੱਖ ਕਰਨ ਬਾਰੇ ਵਿਚਾਰ ਕਰੇਗਾ।

ਮੈਕਸੀਕੋ ਖ਼ਿਲਾਫ਼ ਟੈਰਿਫ਼ਾਂ ਨਾਲ ਕੀ ਹੋ ਰਿਹਾ ਹੈ?

ਮੈਕਸੀਕੋ ਨੇ ਵੀ ਸ਼ੁਰੂਆਤੀ ਅਮਰੀਕੀ ਰੋਕ ਤੋਂ ਬਾਅਦ ਅਮਰੀਕੀ ਸਾਮਾਨ 'ਤੇ ਜਵਾਬੀ ਟੈਰਿਫ਼ ਲਗਾਉਣ ਵਿੱਚ ਦੇਰੀ ਕੀਤੀ ਹੈ।

ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ "ਨਸ਼ੀਲੇ ਪਦਾਰਥਾਂ, ਖ਼ਾਸ ਤੌਰ 'ਤੇ ਫੈਂਟੇਨਾਇਲ ਦੀ ਤਸਕਰੀ ਨੂੰ ਰੋਕਣ ਲਈ" ਅਮਰੀਕਾ-ਮੈਕਸੀਕਨ ਸਰਹੱਦ 'ਤੇ ਨੈਸ਼ਨਲ ਗਾਰਡ ਦੇ 10,000 ਮੈਂਬਰਾਂ ਨੂੰ ਭੇਜਣ 'ਤੇ ਸਹਿਮਤੀ ਪ੍ਰਗਟਾਈ।

ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੇ ਬਦਲੇ ਵਿੱਚ ਮੈਕਸੀਕੋ ਵਿੱਚ ਉੱਚ-ਸ਼ਕਤੀ ਵਾਲੇ ਅਮਰੀਕੀ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਹੱਲ ਕੱਢਣ 'ਤੇ ਸਹਿਮਤੀ ਪ੍ਰਗਟਾਈ ਹੈ।

4 ਮਾਰਚ ਨੂੰ ਟਰੰਪ ਦੇ ਟੈਰਿਫ਼ ਲਾਗੂ ਹੋਣ ਤੋਂ ਬਾਅਦ ਬੋਲਦੇ ਹੋਏ, ਸ਼ੀਨਬੌਮ ਨੇ ਕਿਹਾ ਕਿ ਅਮਰੀਕਾ ਦੇ 2 ਫੀਸਦ ਟੈਕਸ ਲਗਾਉਣ ਦਾ ਫ਼ੈਸਲਾ "ਕੋਈ ਜਾਇਜ਼ ਨਹੀਂ" ਹੈ, ਇਹ ਵੀ ਕਿਹਾ ਕਿ ਮੈਕਸੀਕੋ ਆਪਣੇ ਉੱਤਰੀ ਗੁਆਂਢੀ ਤੋਂ ਸਤਿਕਾਰ ਚਾਹੁੰਦਾ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਮੈਕਸੀਕੋ ਜਵਾਬ ਵਿੱਚ "ਟੈਰਿਫ਼ ਅਤੇ ਗ਼ੈਰ-ਟੈਰਿਫ਼ ਉਪਾਅ" ਲਾਗੂ ਕਰੇਗਾ ਅਤੇ 9 ਮਾਰਚ ਨੂੰ ਹੋਰ ਜਾਣਕਾਰੀ ਦੇਣ ਦਾ ਵਾਅਦਾ ਕੀਤਾ।

ਸਟੀਲ ਅਤੇ ਐਲੂਮੀਨੀਅਮ ਟੈਰਿਫ ਕਿਵੇਂ ਕੰਮ ਕਰਨਗੇ?

ਟਰੰਪ ਨੇ ਕਿਹਾ ਕਿ ਦੋਵਾਂ ਧਾਤਾਂ 'ਤੇ , ਬਿਨਾਂ ਕਿਸੇ ਅਪਵਾਦ ਦੇ 25 ਫੀਸਦ ਟੈਰਿਫ 12 ਮਾਰਚ ਤੋਂ ਲਾਗੂ ਹੋਵੇਗਾ। ਅਮਰੀਕਾ ਦੁਨੀਆਂ ਦਾ ਸਭ ਤੋਂ ਵੱਡਾ ਸਟੀਲ ਆਯਾਤਕ ਹੈ, ਕੈਨੇਡਾ, ਬ੍ਰਾਜ਼ੀਲ ਅਤੇ ਮੈਕਸੀਕੋ ਇਸ ਦੇ ਤਿੰਨ ਪ੍ਰਮੁੱਖ ਸਪਲਾਇਰ ਹਨ।

ਕੈਨੇਡਾ ਨੇ 2024 ਵਿੱਚ ਅਮਰੀਕਾ ਨੂੰ ਆਯਾਤ ਕੀਤੇ ਗਏ ਐਲੂਮੀਨੀਅਮ ਵਿੱਚ 50 ਫੀਸਦ ਤੋਂ ਵਧ ਹਿੱਸਾ ਪਾਇਆ ਸੀ।

ਉਹ ਅਮਰੀਕੀ ਕੰਪਨੀਆਂ ਜੋ ਸਟੀਲ ਅਤੇ ਐਲੂਮੀਨੀਅਮ ਦੇ ਉਤਪਾਦ ਬਣਾਉਂਦੀਆਂ ਹਨ ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ।

ਕੈਨੇਡੀਅਨ ਸਰਕਾਰ ਨੇ ਕਿਹਾ ਕਿ ਟੈਰਿਫ "ਪੂਰੀ ਤਰ੍ਹਾਂ ਨਾਜਾਇਜ਼" ਸਨ ਅਤੇ ਤੁਰੰਤ ਜਵਾਬੀ ਕਾਰਵਾਈ ਦੀ ਸਹੁੰ ਖਾਧੀ ਸੀ।

2018 ਵਿੱਚ ਰਾਸ਼ਟਰਪਤੀ ਵਜੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਟਰੰਪ ਨੇ ਸਟੀਲ 'ਤੇ 25 ਫੀਸਦ ਅਤੇ ਐਲੂਮੀਨੀਅਮ 'ਤੇ 15 ਫੀਸਦ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਹਾਲਾਂਕਿ, ਉਨ੍ਹਾਂ ਨੇ ਬਾਅਦ ਵਿੱਚ ਆਸਟ੍ਰੇਲੀਆ, ਕੈਨੇਡਾ ਅਤੇ ਮੈਕਸੀਕੋ ਸਮੇਤ ਕਈ ਦੇਸ਼ਾਂ ਨਾਲ ਅਪਵਾਦਾਂ 'ਤੇ ਗੱਲਬਾਤ ਕੀਤੀ।

ਛੋਟਾਂ ਦੇ ਬਾਵਜੂਦ, ਯੂਐੱਸ ਇੰਟਰਨੈਸ਼ਨਲ ਟ੍ਰੇਡ ਕਮਿਸ਼ਨ ਦੇ ਅਨੁਸਾਰ, ਟੈਰਿਫ ਨੇ ਅਮਰੀਕਾ ਵਿੱਚ ਸਟੀਲ ਅਤੇ ਐਲੂਮੀਨੀਅਮ ਦੀ ਔਸਤ ਕੀਮਤ ਕ੍ਰਮਵਾਰ 2.4 ਫੀਸਦ ਅਤੇ 1.6 ਫੀਸਦ ਵਧਾ ਦਿੱਤੀ।

ਕਿਹੜੇ ਉਤਪਾਦ ਪ੍ਰਭਾਵਿਤ ਹੋਣਗੇ ਅਤੇ ਕਿੰਨੀਆਂ ਕੀਮਤਾਂ ਵਧਣਗੀਆਂ?

800 ਡਾਲਰ ਤੋਂ ਵਧ ਮੁੱਲ ਦੇ ਚੀਨ ਤੋਂ ਆਉਣ ਵਾਲੇ ਸਾਰੇ ਸਾਮਾਨ ਟੈਰਿਫ ਦੇ ਘੇਰੇ ਵਿੱਚ ਆਉਂਦੇ ਹਨ।

ਦੁਨੀਆਂ ਭਰ ਤੋਂ ਆਉਣ ਵਾਲੇ ਸਾਰੇ ਸਟੀਲ ਆਯਾਤ 'ਤੇ 25 ਫੀਸਦ ਟੈਕਸ ਲੱਗਦਾ ਹੈ।

ਮੈਕਸੀਕਨ ਅਤੇ ਕੈਨੇਡੀਅਨ ਸਾਮਾਨਾਂ 'ਤੇ ਵੀ 25 ਫੀਸਦ ਟੈਕਸ ਲਗਾਇਆ ਜਾਵੇਗਾ। ਕੈਨੇਡੀਅਨ ਊਰਜਾ ਨਿਰਯਾਤ ਵਿੱਚ 10 ਫੀਸਦ ਟੈਰਿਫ ਲਗਾਇਆ ਗਿਆ ਹੈ।

ਕਾਰ ਨਿਰਮਾਣ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚ ਸਕਦਾ ਹੈ। ਵਾਹਨ ਦੇ ਪੁਰਜ਼ੇ ਵਾਹਨ ਦੇ ਪੂਰੀ ਤਰ੍ਹਾਂ ਬਣਨ ਤੋਂ ਪਹਿਲਾਂ ਕਈ ਵਾਰ ਅਮਰੀਕਾ, ਮੈਕਸੀਕਨ ਅਤੇ ਕੈਨੇਡੀਅਨ ਸਰਹੱਦਾਂ ਨੂੰ ਪਾਰ ਕਰਦੇ ਹਨ।

ਵਿੱਤੀ ਵਿਸ਼ਲੇਸ਼ਕ ਟੀਡੀ ਇਕਨਾਮਿਕਸ ਨੇ ਸੁਝਾਅ ਦਿੱਤਾ ਕਿ ਆਯਾਤ ਟੈਕਸਾਂ ਕਾਰਨ ਔਸਤ ਅਮਰੀਕੀ ਕਾਰ ਦੀ ਕੀਮਤ 3,000 ਡਾਲਰ ਤੱਕ ਵਧ ਸਕਦੀ ਹੈ।

ਮੈਕਸੀਕੋ ਤੋਂ ਆਉਣ ਵਾਲੀਆਂ ਵਸਤਾਂ ਜਿਨ੍ਹਾਂ 'ਤੇ ਇਹ ਅਸਰ ਪੈ ਸਕਦਾ ਹੈ, ਉਨ੍ਹਾਂ ਵਿੱਚ ਫ਼ਲ, ਸਬਜ਼ੀਆਂ, ਸ਼ਰਾਬ ਅਤੇ ਬੀਅਰ ਸ਼ਾਮਲ ਹਨ।

ਸਟੀਲ ਤੋਂ ਇਲਾਵਾ, ਲੱਕੜ, ਅਨਾਜ ਅਤੇ ਆਲੂ ਵਰਗੇ ਕੈਨੇਡੀਅਨ ਸਾਮਾਨ ਵੀ ਮਹਿੰਗੇ ਹੋਣ ਦੀ ਸੰਭਾਵਨਾ ਹੈ।

ਕੈਨੇਡੀਅਨ ਤੇਲ ਅਤੇ ਬਿਜਲੀ ਦੀ ਕੀਮਤ ਵਿੱਚ ਵਾਧੇ ਨਾਲ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ।

ਸਰਕਾਰੀ ਅੰਕੜਿਆਂ ਅਨੁਸਾਰ, 2018 ਅਤੇ 2023 ਦੇ ਵਿਚਕਾਰ ਆਯਾਤ ਕੀਤੀਆਂ ਵਾਸ਼ਿੰਗ ਮਸ਼ੀਨਾਂ 'ਤੇ ਅਮਰੀਕੀ ਟੈਰਿਫ ਨੇ ਲਾਂਡਰੀ ਉਪਕਰਣਾਂ ਦੀ ਕੀਮਤ ਵਿੱਚ 34 ਫੀਸਦ ਦਾ ਵਾਧਾ ਕੀਤਾ। ਟੈਰਿਫ ਦੀ ਮਿਆਦ ਪੁੱਗਣ ਤੋਂ ਬਾਅਦ ਕੀਮਤਾਂ ਵਿੱਚ ਗਿਰਾਵਟ ਆਈ।

ਐਟਲਾਂਟਾ ਦੇ ਫੈਡਰਲ ਰਿਜ਼ਰਵ ਨੇ ਅੰਦਾਜ਼ਾ ਲਗਾਇਆ ਹੈ ਕਿ ਮੈਕਸੀਕੋ ਅਤੇ ਕੈਨੇਡਾ ਟੈਰਿਫ, ਚੀਨੀ ਸਮਾਨ 'ਤੇ ਹੋਰ 10 ਫੀਸਦ ਟੈਰਿਫ ਜੋੜਨ ਦੇ ਨਾਲ, ਰੋਜ਼ਾਨਾ ਖਰੀਦਦਾਰੀ 'ਤੇ ਕੀਮਤਾਂ 0.81 ਫੀਸਦ ਤੋਂ 1.63 ਫੀਸਦ ਤੱਕ ਵਧ ਸਕਦੀਆਂ ਹਨ।

ਕੁਝ ਮਾਹਰ ਸੁਝਾਅ ਦਿੰਦੇ ਹਨ ਕਿ ਟਰੰਪ ਦੇ ਟੈਰਿਫ ਦਾ ਨਵਾਂ ਦੌਰ ਇੱਕ ਵਿਆਪਕ ਵਪਾਰ ਯੁੱਧ ਨੂੰ ਉਤਸ਼ਾਹਿਤ ਕਰ ਸਕਦਾ ਹੈ ਜੋ ਕੀਮਤਾਂ ਨੂੰ ਆਮ ਤੌਰ 'ਤੇ ਹੋਰ ਵਧਾ ਸਕਦਾ ਹੈ।

ਕੈਪੀਟਲ ਇਕਨਾਮਿਕਸ ਨੇ ਕਿਹਾ ਕਿ ਅਮਰੀਕੀ ਮਹਿੰਗਾਈ ਦੀ ਸਾਲਾਨਾ ਦਰ 2.9% ਤੋਂ ਵਧ ਕੇ 4 ਫੀਸਦ ਤੱਕ ਵਧ ਸਕਦੀ ਹੈ।

ਕੀ ਯੂਕੇ ਅਤੇ ਯੂਰਪ ਨੂੰ ਟੈਰਿਫ ਅਦਾ ਕਰਨੇ ਪੈਣਗੇ?

ਟਰੰਪ ਨੇ ਪਹਿਲਾਂ ਬੀਬੀਸੀ ਨੂੰ ਦੱਸਿਆ ਸੀ ਕਿ ਯੂਕੇ "ਲਾਈਨ ਤੋਂ ਬਾਹਰ" ਹੈ, ਪਰ ਸੁਝਾਅ ਦਿੱਤਾ ਸੀ ਕਿ ਇੱਕ ਹੱਲ ਉੱਤੇ "ਕੰਮ ਕੀਤਾ ਜਾ ਸਕਦਾ ਹੈ।"

ਯੂਕੇ ਅਮਰੀਕਾ ਨੂੰ ਫਾਰਮਾਸਿਊਟੀਕਲ ਉਤਪਾਦ, ਕਾਰਾਂ ਅਤੇ ਵਿਗਿਆਨਕ ਯੰਤਰਾਂ ਦਾ ਨਿਰਯਾਤ ਕਰਦਾ ਹੈ।

ਵਪਾਰ ਸਕੱਤਰ ਜੋਨਾਥਨ ਰੇਨੋਲਡਜ਼ ਨੇ ਕਿਹਾ ਕਿ ਯੂਕੇ ਨੂੰ ਟੈਰਿਫ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਉੱਥੇ ਵੇਚਣ ਨਾਲੋਂ ਅਮਰੀਕਾ ਤੋਂ ਜ਼ਿਆਦਾ ਖਰੀਦਦਾ ਹੈ।

ਸਟੀਲ ਅਤੇ ਐਲੂਮੀਨੀਅਮ ਟੈਰਿਫ ਦੇ ਐਲਾਨ ਤੋਂ ਬਾਅਦ ਸੰਸਦ ਵਿੱਚ ਬੋਲਦੇ ਹੋਏ, ਵਪਾਰ ਮੰਤਰੀ ਡਗਲਸ ਅਲੈਗਜ਼ੈਂਡਰ ਨੇ "ਸ਼ਾਂਤ ਅਤੇ ਸਪੱਸ਼ਟ ਸੋਚ" ਜਵਾਬ ਦੇਣ ਦਾ ਵਾਅਦਾ ਕੀਤਾ।

26 ਫਰਵਰੀ ਦੀ ਆਪਣੀ ਕੈਬਨਿਟ ਮੀਟਿੰਗ ਦੌਰਾਨ, ਟਰੰਪ ਨੇ ਕਿਹਾ ਕਿ ਉਹ "ਬਹੁਤ ਜਲਦੀ" ਯੂਰਪੀ ਸੰਘ ਦੇ ਸਾਮਾਨਾਂ 'ਤੇ ਪਾਬੰਦੀਆਂ ਦਾ ਐਲਾਨ ਕਰਨਗੇ।

"ਇਹ ਆਮ ਤੌਰ 'ਤੇ 25 ਫੀਸਦ ਹੋਵੇਗਾ ਅਤੇ ਇਹ ਕਾਰਾਂ ਅਤੇ ਹੋਰ ਸਾਰੀਆਂ ਚੀਜ਼ਾਂ 'ਤੇ ਹੋਵੇਗਾ।"

2024 ਵਿੱਚ ਅਮਰੀਕਾ ਦਾ ਯੂਰਪੀ ਸੰਘ ਨਾਲ 213 ਡਾਲਰ ਬਿਲੀਅਨ ਦਾ ਵਪਾਰ ਘਾਟਾ ਸੀ। ਜਿਸ ਨੂੰ ਟਰੰਪ ਨੇ ਪਹਿਲਾਂ "ਇੱਕ ਅੱਤਿਆਚਾਰ" ਦੱਸਿਆ ਹੈ।

ਜਵਾਬ ਵਿੱਚ, ਯੂਰਪੀ ਕਮਿਸ਼ਨ ਨੇ ਕਿਹਾ ਕਿ ਉਹ "ਨਜਾਇਜ਼ ਟੈਰਿਫਾਂ ਵਿਰੁੱਧ ਸਖ਼ਤੀ ਨਾਲ ਅਤੇ ਤੁਰੰਤ" ਪ੍ਰਤੀਕਿਰਿਆ ਕਰਨਗੇ।

ਅਮਰੀਕੀ ਕੰਪਨੀਆਂ ਹਾਰਲੇ ਡੇਵਿਡਸਨ ਅਤੇ ਜੈਕ ਡੈਨੀਅਲ ਪਹਿਲਾਂ ਯੂਰਪੀ ਸੰਘ ਦੇ ਟੈਰਿਫਾਂ ਦਾ ਸਾਹਮਣਾ ਕਰ ਚੁੱਕੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)