ਟਰੰਪ ਦੇ ਸਾਥ ਤੋਂ ਬਿਨਾਂ ਕੀ ਯੂਰਪ ਪੁਤਿਨ ਨੂੰ ਰੋਕ ਸਕੇਗਾ?

    • ਲੇਖਕ, ਜੌਨਾਥਨ ਬੈਲੇ
    • ਰੋਲ, ਬੀਬੀਸੀ ਪੱਤਰਕਾਰ

ਡੌਨਲਡ ਟਰੰਪ ਨੂੰ ਬ੍ਰਿਟੇਨ ਦੀਆਂ ਹਥਿਆਰਬੰਦ ਫ਼ੌਜਾਂ ਦੀ ਸਮਰੱਥਾ 'ਤੇ ਆਪਣੇ ਕੁਝ ਜਨਰਲਾਂ ਅਤੇ ਬ੍ਰਿਟੇਨ ਦੇ ਬਹੁਤ ਸਾਰੇ ਸੇਵਾਮੁਕਤ ਉੱਚ ਫ਼ੌਜੀ ਅਧਿਕਾਰੀਆਂ ਨਾਲੋਂ ਵਧੇਰੇ ਭਰੋਸਾ ਲੱਗਦਾ ਹੈ।

ਜਦੋਂ ਯੂਕੇ ਦੇ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੀ ਪ੍ਰੈੱਸ ਕਾਨਫਰੰਸ ਵਿੱਚ ਯੂਕਰੇਨ ਲਈ ਅਮਰੀਕੀ ਸੁਰੱਖਿਆ ਗਾਰੰਟੀ ਬਾਰੇ ਪੁੱਛਿਆ ਗਿਆ, ਤਾਂ ਟਰੰਪ ਨੇ ਕਿਹਾ, "ਬਰਤਾਨੀਆਂ ਕੋਲ ਸ਼ਾਨਦਾਰ ਸੈਨਿਕ ਅਤੇ ਸ਼ਾਨਦਾਰ ਫ਼ੌਜ ਹੈ ਅਤੇ ਉਹ ਆਪਣੀ ਦੇਖਭਾਲ ਕਰ ਸਕਦੇ ਹਨ।"

ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਬ੍ਰਿਟੇਨ ਦੀ ਫ਼ੌਜ ਰੂਸ ਦਾ ਮੁਕਾਬਲਾ ਕਰ ਸਕਦੀ ਹੈ ਤਾਂ ਉਨ੍ਹਾਂ ਕੋਈ ਪੁਖ਼ਤਾ ਜਵਾਬ ਨਹੀਂ ਦਿੱਤਾ।

ਜਨਤਕ ਤੌਰ 'ਤੇ ਸੀਨੀਅਰ ਅਮਰੀਕੀ ਫ਼ੌਜੀ ਅਧਿਕਾਰੀ ਬ੍ਰਿਟੇਨ ਦੀਆਂ ਹਥਿਆਰਬੰਦ ਫ਼ੌਜਾਂ ਦੀ ਪੇਸ਼ੇਵਰਤਾ ਦੀ ਪ੍ਰਸ਼ੰਸਾ ਕਰਦੇ ਨਜ਼ਰ ਆਏ।

ਪਰ ਅਕਸਰ ਨਿੱਜੀ ਤੌਰ 'ਤੇ ਉਹ ਫ਼ੌਜ ਦੇ ਆਕਾਰ ਵਿੱਚ ਹਾਲ ਹੀ 'ਚ ਕੀਤੀ ਗਈ ਕਟੌਤੀ ਦੀ ਬਹੁਤ ਜ਼ਿਆਦਾ ਆਲੋਚਨਾ ਕਰਦੇ ਹਨ, ਖ਼ਾਸ ਤੌਰ 'ਤੇ ਬ੍ਰਿਟਿਸ਼ ਫ਼ੌਜ ਦੀ ਜਿਸ ਕੋਲ ਹੁਣ ਮਹਿਜ਼ 70,000 ਦੇ ਕਰੀਬ ਫ਼ੌਜੀ ਹਨ।

ਇੱਕ ਬਹੁਤ ਹੀ ਸੀਨੀਅਰ ਅਮਰੀਕੀ ਜਨਰਲ ਨੇ ਯੂਕੇ ਦੇ ਦੌਰੇ 'ਤੇ ਇੱਕ ਨਿੱਜੀ ਬ੍ਰੀਫਿੰਗ ਵਿੱਚ ਬਰਤਾਨਵੀ ਫ਼ੌਜ ਬਾਰੇ ਕਿਹਾ ਸੀ,"ਬਹੁਤ ਛੋਟੀ"।

ਰੂਸ ਦਾ ਹਥਿਆਰਾਂ ਲਈ ਖਰਚਾ

ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਸਟ੍ਰੈਟੇਜਿਕ ਸਟੱਡੀਜ਼ ਦੇ ਮੁਤਾਬਕ, ਹਥਿਆਰਾਂ ਤੇ ਇਸ ਦੇ ਲਈ ਲੋੜੀਂਦੇ ਸਮਾਨ ਦੀ ਖਰੀਦ ਦੇ ਮਾਮਲੇ ਵਿੱਚ, ਰੂਸ ਦਾ ਫ਼ੌਜੀ ਖਰਚਾ ਹੁਣ ਯੂਰਪ ਦੇ ਕੁੱਲ ਰੱਖਿਆ ਖਰਚਿਆਂ ਨਾਲੋਂ ਵੱਧ ਹੈ।

ਇਹ 41 ਫ਼ੀਸਦ ਵਧਿਆ ਹੈ ਅਤੇ ਹੁਣ 6.7 ਫ਼ੀਸਦ ਜੀਡੀਪੀ ਦੇ ਬਰਾਬਰ ਹੈ। ਇਸਦੇ ਉਲਟ, ਯੂਕੇ 2027 ਤੱਕ ਸਿਰਫ 2.5 ਫ਼ੀਸਦ ਖਰਚ ਕਰੇਗਾ।

ਰਾਸ਼ਟਰਪਤੀ ਟਰੰਪ ਦੀਆਂ ਟਿੱਪਣੀਆਂ ਉਨ੍ਹਾਂ ਦੇ ਉਸ ਬਿਆਨ ਵੱਲ ਵੀ ਧਿਆਨ ਖਿੱਚਦੀਆਂ ਹਨ ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਉਹ ਕਿਸੇ ਵੀ ਜੰਗਬੰਦੀ ਲਈ ਯੂਕਰੇਨ ਵਿੱਚ ਜ਼ਮੀਨ 'ਤੇ ਅਮਰੀਕੀ ਸੈਨਿਕਾਂ ਨੂੰ ਭੇਜਣ ਬਾਰੇ ਵਿਚਾਰ ਨਹੀਂ ਕਰ ਰਹੇ ਹਨ।

ਕੋਈ ਵੀ ਅਮਰੀਕੀ ਮੌਜੂਦਗੀ ਆਰਥਿਕ ਪੱਖ ਤੋਂ ਹੋਵੇਗੀ ਅਤੇ ਮਾਈਨਿੰਗ ਨਾਲ ਜੁੜੇ ਹਿੱਤਾਂ ਨਾਲ ਸਬੰਧਿਤ ਹੋਵੇਗੀ।

ਉਨ੍ਹਾਂ ਸੁਝਾਅ ਦਿੱਤਾ ਕਿ ਇਹ ਆਪਣੇ ਆਪ ਵਿੱਚ ਰੂਸ ਨੂੰ ਦੁਬਾਰਾ ਹਮਲਾ ਕਰਨ ਲਈ ਇੱਕ ਰੁਕਾਵਟ ਬਣ ਸਕਦਾ ਹੈ, ਪਰ ਉਨ੍ਹਾਂ ਦਾ ਪ੍ਰਸ਼ਾਸਨ ਸੋਚਦਾ ਹੈ ਕਿ ਇੱਥੇ ਕੁਝ ਸਖ਼ਤ ਬਲ ਦੀ ਵਰਤੋਂ ਵੀ ਹੋਣੀ ਚਾਹੀਦੀ ਹੈ ਜੋ ਦੂਜਿਆਂ ਵਲੋਂ ਮੁਹੱਈਆ ਕਰਵਾਇਆ ਗਿਆ ਹੋਵੇ।

ਅਜਿਹਾ ਕਰਨਾ ਯੂਰਪੀਅਨ ਦੇਸ਼ਾਂ 'ਤੇ ਨਿਰਭਰ ਕਰੇਗਾ।

ਸਵਾਲ ਸਿਰਫ਼ ਇਹ ਨਹੀਂ ਹੈ ਕਿ ਕੀ ਯੂਰਪ ਦੀ ਇੱਛਾ ਹੈ, ਸਵਾਲ ਇਹ ਵੀ ਹੈ ਕਿ ਕੀ ਇਸ ਕੋਲ ਉਨੇਂ ਫ਼ੌਜੀ ਤੇ ਹਥਿਆਰ ਹਨ?

ਪਹਿਲਾ ਜਵਾਬ ਤਾਂ ਨਾ ਹੀ ਹੈ।

ਇਸੇ ਲਈ ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੁਨੀਆ ਦੀ ਸਭ ਤੋਂ ਤਾਕਤਵਰ ਫ਼ੌਜ ਤੋਂ ਵਾਧੂ ਅਮਰੀਕੀ ਸੁਰੱਖਿਆ ਗਾਰੰਟੀ ਲਈ ਦਬਾਅ ਪਾ ਰਹੇ ਹਨ।

ਬ੍ਰਿਟੇਨ ਇਕੱਲਾ ਅਜਿਹਾ ਦੇਸ਼ ਨਹੀਂ ਹੈ ਜਿਸ ਨੇ ਸ਼ੀਤ ਯੁੱਧ ਖ਼ਤਮ ਹੋਣ ਤੋਂ ਬਾਅਦ ਆਪਣੀ ਫ਼ੌਜ ਛੋਟੀ ਕੀਤੀ ਹੋਵੇ।

ਪਰ ਯੂਰਪ ਵਿੱਚ ਇਹ ਰੁਝਾਨ ਹੌਲੀ-ਹੌਲੀ ਉਲਟਾ ਹੋ ਰਿਹਾ ਹੈ, ਹੋਰ ਦੇਸ਼ਾਂ ਵਿੱਚ ਰੱਖਿਆ ਖਰਚਿਆਂ ਵਿੱਚ ਵਾਧਾ ਹੋਇਆ ਹੈ।

ਯੂਰਪ ਕਿੰਨੀ ਕੁ ਫ਼ੌਜੀ ਸਹਾਇਤਾ ਕਰ ਸਕੇਗਾ

ਯੂਰਪ, ਆਪਣੇ ਆਪ ਵਿੱਚ 100-200,000 ਕੌਮਾਂਤਰੀ ਫ਼ੌਜ ਦੀ ਮੁਹੱਈਆ ਕਰਨ ਦੇ ਯੋਗ ਨਹੀਂ ਹੋਵੇਗਾ। ਇਹ ਸੁਝਾਅ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀਨੇ ਨੇ ਦਿੱਤਾ ਸੀ ਕਿ ਰੂਸ ਨੂੰ ਦੁਬਾਰਾ ਹਮਲਾ ਕਰਨ ਤੋਂ ਰੋਕਣ ਲਈ ਇਸਦੀ ਲੋੜ ਹੋਵੇਗੀ।

ਇਸ ਦੀ ਬਜਾਇ, ਪੱਛਮੀ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ 30,000 ਸੈਨਿਕਾਂ ਦੀ ਫ਼ੌਜ ਬਾਰੇ ਸੋਚ ਰਹੇ ਹਨ।

ਯੂਰਪੀਅਨ ਜੈੱਟ ਅਤੇ ਜੰਗੀ ਜਹਾਜ਼ ਯੂਕਰੇਨ ਦੇ ਹਵਾਈ ਖੇਤਰ ਅਤੇ ਸ਼ਿਪਿੰਗ ਲੇਨਾਂ ਦੀ ਨਿਗਰਾਨੀ ਕਰਨ ਵਿੱਚ ਮਦਦ ਕਰਨਗੇ।

ਇਹ ਫ਼ੋਰਸ ਮੁੱਖ ਸਥਾਨਾਂ ਯੂਕਰੇਨ ਦੇ ਸ਼ਹਿਰਾਂ, ਬੰਦਰਗਾਹਾਂ ਅਤੇ ਪ੍ਰਮਾਣੂ ਪਾਵਰ ਸਟੇਸ਼ਨਾਂ 'ਤੇ ਕੇਂਦ੍ਰਿਤ ਹੋਵੇਗੀ।

ਉਨ੍ਹਾਂ ਨੂੰ ਪੂਰਬੀ ਯੂਕਰੇਨ ਵਿੱਚ ਮੌਜੂਦਾ ਫਰੰਟ ਲਾਈਨਾਂ ਦੇ ਨੇੜੇ ਕਿਤੇ ਵੀ ਨਹੀਂ ਰੱਖਿਆ ਜਾਵੇਗਾ।

ਯੂਰਪੀਅਨ ਲੜਾਕੂ ਜਹਾਜ਼ ਅਤੇ ਜੰਗੀ ਜਹਾਜ਼ ਯੂਕਰੇਨ ਦੇ ਹਵਾਈ ਖੇਤਰ ਅਤੇ ਸ਼ਿਪਿੰਗ ਲੇਨਾਂ ਦੀ ਵੀ ਨਿਗਰਾਨੀ ਕਰਨਗੇ।

ਪਰ ਉਹੀ ਪੱਛਮੀ ਅਧਿਕਾਰੀ ਇਹ ਵੀ ਮੰਨਦੇ ਹਨ ਕਿ ਇਹ ਕਾਫ਼ੀ ਨਹੀਂ ਹੋਵੇਗਾ। ਇਸ ਲਈ ਅਮਰੀਕਾ ਤੋਂ 'ਬੈਕਸਟੌਪ' ਦੀ ਮੰਗ ਕੀਤੀ ਗਈ ਹੈ ਤਾਂ ਜੋ ਇਹ ਭਰੋਸਾ ਬਣ ਸਕੇ ਕਿ ਜੋ ਵੀ ਫ਼ੌਜਾਂ ਤਾਇਨਾਤ ਕੀਤੀਆਂ ਗਈਆਂ ਹਨ ਉਨ੍ਹਾਂ ਨੂੰ ਰੂਸ ਚੁਣੌਤੀ ਨਹੀਂ ਦੇਵੇਗਾ।

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੂੰ ਵਿਸ਼ਵਾਸ ਵੀ ਹੋਵੇਗਾ ਕਿ ਉਹ ਬ੍ਰਿਟਿਸ਼ ਫ਼ੌਜਾਂ ਨੂੰ ਸੁਰੱਖਿਅਤ ਢੰਗ ਨਾਲ ਤਾਇਨਾਤ ਕਰ ਸਕਦੇ ਹਨ।

ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇ ਬਿਲਕੁਲ ਘੱਟ ਵੀ ਹੋਵੇ ਤਾਂ ਵੀ ਅਮਰੀਕਾ ਕਿਸੇ ਵੀ ਯੂਰਪੀਅਨ ਫ਼ੋਰਸ ਨੂੰ ਕਮਾਂਡ ਅਤੇ ਨਿਯੰਤਰਣ ਕਰਨ ਦੀ ਨਿਗਰਾਨੀ ਪ੍ਰਦਾਨ ਕਰ ਸਕਦਾ ਹੈ ਅਤੇ ਅਮਰੀਕੀ ਲੜਾਕੂ ਜਹਾਜ਼ ਪੋਲੈਂਡ ਅਤੇ ਰੋਮਾਨੀਆ ਵਿੱਚ ਉਸਦੇ ਏਅਰਬੇਸ ਤੋਂ ਜਵਾਬ ਦੇਣ ਲਈ ਤਿਆਰ ਹਨ।

ਯੂਰਪ ਅਮਰੀਕੀ ਪੁਲਾੜ-ਅਧਾਰਤ ਨਿਗਰਾਨੀ ਜਾਂ ਖੁਫ਼ੀਆ ਜਾਣਕਾਰੀ ਇਕੱਠੀ ਕਰਨ ਦੀ ਸਮਰੱਥਾ ਦਾ ਮੁਕਾਲਬਾ ਨਹੀਂ ਕਰ ਸਕਦਾ।

ਇਹ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਜਾਰੀ ਰੱਖਣ ਲਈ ਵੀ ਸਹਿਮਤ ਹੋ ਸਕਦਾ ਹੈ।

ਜਦੋਂ ਕਿ ਯੂਰਪ ਨੇ ਹਾਲ ਹੀ ਵਿੱਚ ਯੂਕਰੇਨ ਨੂੰ ਸਪਲਾਈ ਕੀਤੇ ਪੱਛਮੀ ਹਥਿਆਰਾਂ ਦੇ ਅਨੁਪਾਤ ਦੇ ਮਾਮਲੇ ਵਿੱਚ ਅਮਰੀਕਾ ਨੂੰ ਪਛਾੜ ਦਿੱਤਾ ਹੈ।

ਇੱਕ ਪੱਛਮੀ ਸਰੋਤ ਮੁਤਾਬਕ ਅਮਰੀਕਾ ਨੇ 'ਬਿਹਤਰੀਨ' ਹਥਿਆਰ ਮੁਹੱਈਆ ਕਰਵਾਏ, ਜਿਵੇਂ ਕਿ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਅਤੇ ਹਵਾਈ ਰੱਖਿਆ ਪ੍ਰਣਾਲੀਆਂ।

ਯੂਰਪੀਅਨ ਦੇਸ਼ਾਂ ਕੋਲ ਵੀ ਆਪਣੇ ਤੌਰ 'ਤੇ ਵੱਡੇ ਪੱਧਰ 'ਤੇ ਫ਼ੌਜੀ ਕਾਰਵਾਈਆਂ ਕਰਨ ਲਈ ਲੋੜੀਂਦੇ ਸਮਰਥਕ ਨਹੀਂ ਹਨ।

ਨਾਟੋ ਦੀ ਭੂਮਿਕਾ

ਯੂਕਰੇਨ ਨੂੰ ਪੱਛਮੀ ਹਥਿਆਰਾਂ ਦੀ ਸਪਲਾਈ ਅਮਰੀਕੀ ਲੌਜਿਸਟਿਕਸ 'ਤੇ ਨਿਰਭਰ ਰਹੀ ਹੈ।

2011 ਵਿੱਚ ਲੀਬੀਆ ਉੱਤੇ ਨਾਟੋ ਦੀ ਬੰਬਾਰੀ ਮੁਹਿੰਮ ਨੇ ਵੀ ਕਈ ਕਮੀਆਂ ਨੂੰ ਉਜਾਗਰ ਕੀਤਾ ਸੀ। ਮੰਨਿਆਂ ਜਾਂਦਾ ਹੈ ਕਿ ਇਸ ਵਿੱਚ ਯੂਰਪੀਅਨ ਦੇਸ਼ਾਂ ਅਗਵਾਈ ਕਰ ਰਹੇ ਹਨ, ਪਰ ਉਹ ਵੀ ਅਮਰੀਕੀ ਸਮਰਥਨ 'ਤੇ ਨਿਰਭਰ ਹਨ।

ਦੂਜੇ ਪਾਸੇ ਕੀਰ ਸਟਾਰਮਰ ਅਮਰੀਕੀ ਫ਼ੌਜੀ ਸਹਾਇਤਾ ਦੀ ਕਿਸੇ ਗਾਰੰਟੀ ਦੇ ਬਿਨਾਂ ਵਾਸ਼ਿੰਗਟਨ ਤੋਂ ਚਲੇ ਗਏ ਨਜ਼ਰ ਆ ਰਹੇ ਹਨ।

ਸ਼ਨੀਵਾਰ ਸਵੇਰੇ ਬੀਬੀਸੀ ਨਾਲ ਗੱਲ ਕਰਦਿਆਂ, ਯੂਕੇ ਦੇ ਸਿਹਤ ਸਕੱਤਰ ਵੇਸ ਸਟ੍ਰੀਟਿੰਗ ਨੇ ਕਿਹਾ ਕਿ ਡੌਨਲਡ ਟਰੰਪ ਦੀ ਨਾਟੋ ਦੇ ਆਰਟੀਕਲ 5 ਪ੍ਰਤੀ ਮੁੜ ਵਚਨਬੱਧਤਾ ਹੈ। ਜਿਸ ਵਿੱਚ ਇੱਕ ਸਹਿਯੋਗੀ 'ਤੇ ਹਮਲੇ ਨੂੰ ਸਾਰਿਆਂ 'ਤੇ ਸਾਂਝੇ ਹਮਲੇ ਵਜੋਂ ਸਮਝਿਆ ਜਾਵੇਗਾ।

ਪਰ ਅਮਰੀਕੀ ਰੱਖਿਆ ਮੰਤਰੀ, ਪੀਟ ਹੇਗਸੇਥ, ਨੇ ਪਹਿਲਾਂ ਕਿਹਾ ਹੈ ਕਿ ਯੂਕਰੇਨ ਵਿੱਚ ਭੇਜੀ ਜਾਣ ਵਾਲੀ ਕੋਈ ਵੀ ਕੌਮਾਂਤਰੀ ਫ਼ੌਜ ਨਾ ਤਾਂ ਨਾਟੋ ਫੋਰਸ ਹੋਵੇਗੀ ਅਤੇ ਨਾ ਹੀ ਇਸ ਦੀ ਸੰਧੀ ਵਿੱਚ ਸ਼ਾਮਲ ਹੋਵੇਗੀ।

ਵਰਤਮਾਨ ਵਿੱਚ, ਅਜਿਹੀ ਕੋਈ ਨਾਟੋ ਅਧਾਰਿਤ ਸੁਰੱਖਿਆ ਗਾਰੰਟੀ ਨਹੀਂ ਹੈ।

ਯੂਰਪ ਦੀ ਇੱਛਾ ਸ਼ਕਤੀ ਦੀ ਪਰਖ਼ ਕੀਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ, ਜੋ ਇਸ ਹਫ਼ਤੇ ਦੇ ਅੰਤ ਵਿੱਚ ਆਗੂਆਂ ਦੀ ਇੱਕ ਮੀਟਿੰਗ ਬੁਲਾ ਰਹੇ ਹਨ, ਜਲਦੀ ਹੀ ਇਹ ਪਤਾ ਲਗਾਉਣਗੇ ਕਿ ਕੀ ਡੌਨਲਡ ਟਰੰਪ ਦੇ ਨਿੱਘੇ ਸ਼ਬਦ ਜ਼ਮੀਨੀ ਪੱਧਰ ਉੱਤੇ ਯੂਕੇ ਨਾਲ ਕਾਰਵਾਈ ਕਰਨ ਵਿੱਚ ਦੂਜਿਆਂ ਨੂੰ ਮਨਾਉਣ ਲਈ ਕਾਫ਼ੀ ਹਨ ਜਾਂ ਨਹੀਂ।

ਫ਼ਰਾਂਸ ਹੀ ਇੱਕ ਹੋਰ ਵੱਡੀ ਯੂਰਪੀਅਨ ਸ਼ਕਤੀ ਹੈ ਜੋ ਹੁਣ ਤੱਕ ਅਜਿਹਾ ਕਰਨ ਲਈ ਤਿਆਰ ਲੱਗਦੀ ਹੈ।

ਕੁਝ ਉੱਤਰੀ ਯੂਰਪੀਅਨ ਦੇਸ਼ ਡੈਨਮਾਰਕ, ਸਵੀਡਨ ਅਤੇ ਬਾਲਟਿਕ ਇੱਕ ਵਚਨਬੱਧਤਾ 'ਤੇ ਵਿਚਾਰ ਕਰਨ ਲਈ ਤਿਆਰ ਹਨ, ਪਰ ਦੁਬਾਰਾ ਅਮਰੀਕੀ ਸੁਰੱਖਿਆ ਗਾਰੰਟੀ ਚਾਹੁੰਦੇ ਹਨ।

ਸਪੇਨ, ਇਟਲੀ ਅਤੇ ਜਰਮਨੀ ਹੁਣ ਤੱਕ ਵਿਰੋਧ ਕਰ ਰਹੇ ਹਨ।

ਕੀਰ ਨੂੰ ਅਜੇ ਵੀ ਭਰੋਸਾ ਹੋ ਸਕਦਾ ਹੈ ਕਿ ਗੱਲਬਾਤ ਲਈ ਗੁੰਜਾਇਸ਼ ਹੈ ਅਤੇ ਅਮਰੀਕਾ ਅਜੇ ਵੀ ਯੂਰਪੀਅਨ ਫ਼ੋਰਸ ਦਾ ਸਮਰਥਨ ਕਰਨ ਲਈ ਤਿਆਰ ਹੋ ਸਕਦਾ ਹੈ।

ਪਰ ਜਿਵੇਂ ਕਿ ਡੌਨਲਡ ਟਰੰਪ ਨੂੰ ਸਵਾਲ ਕੀਤਾ ਗਿਆ ਸੀ ਕਿ ਕੀ ਬ੍ਰਿਟੇਨ ਰੂਸ ਦੀ ਫ਼ੌਜ ਦਾ ਮੁਕਾਬਲਾ ਕਰਨ ਦੇ ਯੋਗ ਹੋਵੇਗਾ?

ਭਾਵੇਂ ਰੂਸੀ ਫ਼ੌਜਾਂ ਕਮਜ਼ੋਰ ਹੋ ਗਈਆਂ ਹਨ, ਇਸ ਦਾ ਜਵਾਬ ਨਹੀਂ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)