ਰੂਸ ਦੇ ਹਮਲੇ ਕਾਰਨ ਯੂਕਰੇਨ ਵਿੱਚ ਪਤੀ-ਪਤਨੀ ਇੱਕ-ਦੂਜੇ ਨੂੰ ਵੇਖਣ ਲਈ ਤਰਸੇ, ਫਰੰਟ ਲਾਈਨ 'ਤੇ ਆਉਣ ਲਈ ਮਜਬੂਰ ਔਰਤਾਂ

    • ਲੇਖਕ, ਇਲੋਨਾ ਹੋਮਲਿਯੂਕ
    • ਰੋਲ, ਬੀਬੀਸੀ ਪੱਤਰਕਾਰ

ਇੱਕ ਮਹਿਲਾ ਫੌਜੀ ਵਰਦੀ ਪਾਏ ਆਦਮੀ ਨੂੰ ਜੱਫੀ ਪਾ ਰਹੀ ਹੈ ਅਤੇ ਚੁੰਮ ਰਹੀ ਹੈ। ਇਹ ਦ੍ਰਿਸ਼ ਦੂਜੇ ਵਿਸ਼ਵ ਯੁੱਧ ਦੇ ਸਮੇਂ ਦੀ ਫਿਲਮ ਵਰਗਾ ਲੱਗ ਸਕਦਾ ਹੈ, ਪਰ ਇਹ ਯੂਕਰੇਨ ਵਿੱਚ ਆਮ ਜਨ-ਜੀਵਨ ਦੀ ਅਸਲੀਅਤ ਹੈ।

ਇਸ ਫਰਵਰੀ ਨੂੰ ਯੂਕਰੇਨ 'ਤੇ ਰੂਸ ਦਰਮਿਆਨ ਯੁੱਧ ਨੂੰ ਤਿੰਨ ਸਾਲ ਪੂਰੇ ਹੋ ਜਾਣਗੇ। ਇਹ ਜੰਗ ਯੂਕਰੇਨ ਦੇ ਸੈਨਿਕਾਂ ਲਈ ਹੀ ਨਹੀਂ ਸਗੋਂ ਉਨ੍ਹਾਂ ਦਾ ਇੰਤਜ਼ਾਰ ਕਰ ਰਹੀਆਂ ਉਨ੍ਹਾਂ ਦੀਆਂ ਪਤਨੀਆਂ ਲਈ ਵੀ ਮੁਸ਼ਕਲਾਂ ਭਰਪੂਰ ਹੈ।

ਯੁੱਧ ਸ਼ੁਰੂ ਹੋਣ ਸਮੇਂ ਓਕਸਾਨਾ ਅਤੇ ਆਰਤੇਮ ਦੇ ਵਿਆਹ ਨੂੰ 18 ਮਹੀਨੇ ਹੋਏ ਸਨ। ਆਰਤੇਮ ਨੂੰ ਯੁੱਧ ਸ਼ੁਰੂ ਹੋਣ ਤੋਂ ਬਾਅਦ ਯੂਕਰੇਨੀ ਫੌਜ ਵਿਚ ਭਰਤੀ ਹੋਣਾ ਪਿਆ ਸੀ।

ਇਹ ਦੋਵੇਂ ਬੱਚਾ ਪੈਦਾ ਕਰਨਾ ਬਾਰੇ ਸੋਚ ਰਹੇ ਸਨ ਪਰ ਯੁੱਧ ਸ਼ੁਰੂ ਹੋਣ ਕਰਕੇ ਇੱਕ ਦੂਜੇ ਨੂੰ ਮਿਲ ਨਹੀਂ ਪਾਉਦੇ ਸਨ। ਆਰਤੇਮ ਨੂੰ ਯੁੱਧ ਦੇ ਦੌਰਾਨ ਸਿਰਫ਼ ਥੋੜ੍ਹੇ ਸਮੇਂ ਲਈ ਛੁੱਟੀ ਲੈਣ ਦੀ ਇਜਾਜ਼ਤ ਹੁੰਦੀ ਸੀ।

ਅਜਿਹੇ 'ਚ ਓਕਸਾਨਾ ਆਪਣੇ ਪਤੀ ਨੂੰ ਮਿਲਣ ਲਈ ਬਿਲਾ ਤਸੇਰਕਵਾ ਸ਼ਹਿਰ ਵਿੱਚ ਆਪਣੇ ਘਰ ਤੋਂ ਸੈਂਕੜਿਆਂ ਕਿਲੋਮੀਟਰ ਦੂਰ ਖਾਰਕਿਵ ਇਲਾਕੇ 'ਚ ਜਾਂਦੇ ਸਨ ਅਤੇ ਇੱਥੋਂ ਫਿਰ ਪੂਰਬੀ ਯੂਕਰੇਨ ਦੇ ਦੋਨੇਤਸਕ ਸ਼ਹਿਰ ਜਾਂਦੇ ਸਨ।

ਓਕਸਾਨਾ ਦੋਨੇਤਸਕ ਵਿਚ ਤਾਇਨਾਤ ਆਪਣੇ ਪਤੀ ਨਾਲ ਸਿਰਫ ਕੁਝ ਸਮਾਂ ਹੀ ਬਿਤਾ ਪਾਉਂਦੇ ਸਨ।

ਓਕਸਾਨਾ ਆਪਣੇ ਪਤੀ ਨਾਲ ਪਹਿਲਾ ਅਪ੍ਰੈਲ 2022 ਵਿੱਚ ਮਿਲੇ ਸਨ ਅਤੇ ਫਿਰ ਦੂਜੀ ਵਾਰ ਨਵੰਬਰ ਵਿੱਚ ਮਿਲੇ ਸਨ। ਇਸ ਸਮੇਂ ਦੌਰਾਨ ਹੀ ਆਰਤੇਮ ਜ਼ਖਮੀ ਹੋ ਗਏ ਅਤੇ ਓਕਸਾਨਾ ਨੂੰ ਗਰਭਪਾਤ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਸਮਾਂ ਦੋਨਾਂ ਲਈ ਮੁਸ਼ਕਿਲਾਂ ਭਰਿਆ ਸੀ। ਓਕਸਾਨਾ ਆਪਣੇ ਪਤੀ ਨੂੰ ਮਿਲਣ ਲਈ ਫਰੰਟ ਲਾਈਨ 'ਤੇ ਆਉਂਦੇ ਰਹਿੰਦੇ ਸਨ, ਪਰ ਉਨ੍ਹਾਂ ਦੇ ਪਤੀ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਸਨ।

ਓਕਸਾਨਾ ਨੇ ਬੀਬੀਸੀ ਨੂੰ ਦੱਸਿਆ, "ਮੈਂ ਆਪਣੇ ਪਤੀ ਨੂੰ ਬਿਨਾਂ ਵੇਖਿਆ ਆਪਣੀ ਜ਼ਿੰਦਗੀ ਦੀ ਕਲਪਨਾ ਨਹੀਂ ਕਰ ਸਕਦੀ। ਇਹ ਦਿਨ ਹੁੰਦੇ ਹਨ,ਜਦੋਂ ਮੈਂ ਜੀਵਿਤ ਮਹਿਸੂਸ ਕਰਦੀ ਹਾਂ।"

ਦੋਵੇਂ ਜੰਗ ਦੇ ਨੇੜੇ ਕਿਸੇ ਪਿੰਡ ਜਾਂ ਕਸਬੇ ਵਿੱਚ ਮੁਲਾਕਾਤ ਕਰਦੇ ਸਨ। ਉਹ ਦੋਵੇਂ ਰਾਤ ਦੇ ਸਮੇਂ ਲਈ ਸਥਾਨਕ ਘਰਾਂ ਵਿੱਚ ਠਹਿਰਦੇ ਸਨ, ਉਹ ਘਰਾਂ 'ਚ ਜਿਨ੍ਹਾਂ ਦੇ ਮਾਲਕ ਵੱਲੋਂ ਪੈਸੇ ਨਹੀਂ ਲਏ ਜਾਂਦੇ ਸਨ। ਇਹ ਘਰ ਜੰਗ ਤੋਂ ਪਹਿਲਾਂ ਗੁਲਜ਼ਾਰ ਹੁੰਦੇ ਸਨ।

ਤਲਾਕ ਦੇ ਮਾਮਲੇ ਵਧੇ

ਰੂਸ ਨੇ ਫਰਵਰੀ 2022 ਵਿੱਚ ਯੂਕਰੇਨ ਉੱਤੇ ਹਮਲਾ ਕੀਤਾ ਸੀ। ਉਸ ਸਮੇਂ ਤੋਂ ਲੈ ਕੇ ਯੂਕਰੇਨ ਵਿੱਚ ਤਲਾਕ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਸੰਯੁਕਤ ਰਾਸ਼ਟਰ ਦੇ ਮੁਤਾਬਕ ਯੂਕਰੇਨ ਦੇ 60 ਲੱਖ ਲੋਕ ਦੇਸ਼ ਛੱਡ ਚੁੱਕੇ ਹਨ। ਅੰਦਾਜ਼ੇ ਲਈ ਇਹ ਅੰਕੜਾ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਦੀ ਆਬਾਦੀ ਦਾ 15 ਫੀਸਦੀ ਹੈ।

ਯੂਕਰੇਨ ਛੱਡਣ ਵਾਲਿਆਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਅਜਿਹਾ ਇਸ ਲਈ ਕਿਉਂਕਿ ਮਾਰਸ਼ਲ ਲਾਅ ਦੇ ਤਹਿਤ 18 ਤੋਂ 60 ਸਾਲ ਦੀ ਉਮਰ ਦੇ ਮਰਦਾਂ ਨੂੰ ਦੇਸ਼ ਛੱਡਣ 'ਤੇ ਰੋਕ ਹੈ।

ਜੰਗ ਵਿੱਚ ਤੈਨਾਤ ਫੌਜੀ ਸਾਲ ਭਰ ਵਿੱਚ ਸਿਰਫ਼ 30 ਛੁੱਟੀਆਂ ਹੀ ਲੈ ਸਕਦੇ ਹਨ ਅਤੇ ਪਰਿਵਾਰ ਵਿੱਚ ਕੋਈ ਸਮੱਸਿਆ ਹੋਣ ਦੀ ਸੂਰਤ ਵਿੱਚ ਵਾਧੂ ਦਸ ਦਿਨਾਂ ਦੀ ਛੁੱਟੀ ਲਈ ਜਾ ਸਕਦੀ ਹੈ।

ਇਸ ਸਭ ਵਿਚਾਲੇ ਯੂਕਰੇਨ ਵਿੱਚ ਜਨਮ ਦਰ ਵੀ ਲਗਾਤਾਰ ਘੱਟ ਹੋ ਰਹੀ ਹੈ।

ਸੋਵੀਅਤ ਸੰਘ ਦੇ ਟੁੱਟਣ ਮਗਰੋਂ 1991 ਵਿੱਚ ਯੂਕਰੇਨ ਦੇਸ਼ ਹੋਂਦ ਵਿੱਚ ਆਇਆ ਸੀ। ਉਸ ਸਾਲ ਯੂਕਰੇਨ ਵਿੱਚ 630,000 ਬੱਚਿਆਂ ਨੇ ਜਨਮ ਲਿਆ ਸੀ ਪਰ ਉਸ ਸਮੇਂ ਤੋਂ ਲੈ ਕੇ ਜਨਮ ਦਰ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ।

ਯੂਕਰੇਨ ਵਿੱਚ ਸਾਲ 2019 ਵਿੱਚ 309,000 ਬੱਚੇ ਪੈਦਾ ਹੋਏ ਸਨ ਅਤੇ ਰੂਸ-ਯੂਕਰੇਨ ਯੁੱਧ ਦੇ ਇੱਕ ਸਾਲ ਬਾਅਦ 2023 ਵਿੱਚ ਬੱਚੇ ਪੈਦਾ ਹੋਣ ਦਾ ਅੰਕੜਾ ਘੱਟ ਕੇ 187,000 ਤੱਕ ਪਹੁੰਚ ਗਿਆ ਸੀ।

ਇਸ ਦੇ ਨਾਲ ਹੀ ਤਲਾਕ ਦੇ ਮਾਮਲੇ ਵੀ ਵੱਧ ਰਹੇ ਹਨ। ਯੂਕਰੇਨ ਦੇ ਨਿਆਂ ਮੰਤਰਾਲੇ ਦੇ ਅਨੁਸਾਰ 2023 ਦੇ ਪਹਿਲੇ ਛੇ ਮਹੀਨਿਆਂ ਦੇ ਮੁਕਾਬਲੇ 2024 ਦੇ ਪਹਿਲੇ ਛੇ ਮਹੀਨਿਆਂ ਵਿੱਚ ਤਲਾਕ ਦੀ ਗਿਣਤੀ ਵਿੱਚ 50 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ।

ਕਈ ਮਹਿਲਾਵਾਂ ਲਈ ਫਰੰਟ ਲਾਈਨ 'ਤੇ ਤਾਇਨਾਤ ਆਪਣੇ ਪਤੀ ਕੋਲ ਪਹੁੰਚ ਕੇ ਹੀ ਵਿਆਹ ਬਚਾਉਣਾ ਅਤੇ ਪਰਿਵਾਰ ਨੂੰ ਇਕੱਠੇ ਰੱਖਣ ਦਾ ਇੱਕੋ ਇੱਕ ਤਰੀਕਾ ਹੈ।

ਫਰਜ਼ ਨਾਲ ਬੰਨ੍ਹੇ ਹੋਏ

ਕਈ ਲੋਕਾਂ ਨੂੰ ਫਰੰਟ ਲਾਈਨ ਤੱਕ ਪਹੁੰਚਣ ਲਈ ਸੈਂਕੜੇ ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ। ਇਹ ਪੈਂਡਾ ਮੁਸ਼ਕਲ ਹੈ ਅਤੇ ਇਸ ਦੌਰਾਨ ਉਨ੍ਹਾਂ ਨੂੰ ਕਈ ਜੋਖਮ ਵੀ ਉਠਾਉਣੇ ਪੈਂਦੇ ਹਨ।

ਅਕਸਰ ਔਰਤਾਂ ਵੱਲੋਂ ਫਰੰਟਲਾਈਨ ਦੇ ਨੇੜੇ ਪਹੁੰਚਣ ਲਈ ਰੇਲ ਰਾਹੀਂ ਸਫ਼ਰ ਕੀਤੀ ਜਾਂਦਾ ਹੈ ਅਤੇ ਫਿਰ ਬਾਕੀ ਦਾ ਸਫ਼ਰ ਬੱਸ ਜਾ ਟੈਕਸੀ ਰਾਹੀਂ ਪੂਰਾ ਕੀਤਾ ਜਾਂਦਾ ਹੈ।

ਉਨ੍ਹਾਂ ਦੇ ਸਫ਼ਰ 'ਤੇ ਲੱਗੇ ਦਿਨ ਮੁਲਾਕਾਤ ਦੇ ਸਮੇਂ ਤੋਂ ਕਿਤੇ ਵੱਧ ਹੁੰਦੇ ਹਨ। ਕਿਉਂਕਿ ਕਿਸੇ ਫੌਜੀ ਨੂੰ ਸਿਰਫ ਥੋੜਾ ਸਮਾਂ ਹੀ ਬ੍ਰੇਕ ਵਜੋਂ ਮਿਲਦਾ ਹੈ।

ਨਤਾਲੀਆ ਆਪਣੇ ਪਤੀ ਨੂੰ ਮਿਲਣ ਲਈ ਪੱਛਮੀ ਯੂਕਰੇਨ ਦੇ ਸ਼ਹਿਰ ਲਵੀਵ ਤੋਂ ਪੂਰਬੀ ਸ਼ਹਿਰ ਕ੍ਰਾਮਾਟੋਰਸਕ ਜਾਂਦੇ ਹਨ। ਉਨ੍ਹਾਂ ਦਾ ਸਫ਼ਰ 1230 ਕਿਲੋਮੀਟਰ ਦਾ ਹੁੰਦਾ ਹੈ।

ਉਨ੍ਹਾਂ ਨੂੰ ਲਵੀਵ ਤੋਂ ਕ੍ਰਾਮਾਟੋਰਸਕ ਪਹੁੰਚਣ ਲਈ ਦੋ ਦਿਨਾਂ ਤੋਂ ਵੀ ਵਧੇਰਾ ਸਮਾਂ ਲੱਗਦਾ ਹੈ, ਪਰ ਫਿਰ ਵੀ ਉਹ ਆਪਣੇ ਪਤੀ ਨੂੰ ਥੋੜ੍ਹੇ ਸਮੇਂ ਲਈ ਹੀ ਦੇਖ ਸਕਦੇ ਹਨ।

ਅਜਿਹਾ ਇਸ ਲਈ ਕਿਉਂਕਿ ਨੇੜਲੇ ਸਰਹੱਦੀ ਸ਼ਹਿਰਾਂ ਵਿੱਚ ਲਗਾਤਾਰ ਗੋਲੀਬਾਰੀ ਹੁੰਦੀ ਰਹਿੰਦੀ ਹੈ।

ਨਤਾਲੀਆ ਨੇ ਆਪਣੇ ਹੰਝੂ ਪੂੰਝਦੇ ਹੋਏ ਕਿਹਾ, "ਅਸੀਂ ਪਲੇਟਫਾਰਮ 'ਤੇ ਸਿਰਫ਼ 50 ਮਿੰਟ ਹੀ ਠਹਿਰਦੇ ਹਨ,ਫਿਰ ਉਨ੍ਹਾਂ ਨੇ ਮੈਨੂੰ ਉਸੇ ਰੇਲਗੱਡੀ 'ਤੇ ਬਿਠਾ ਦਿੱਤਾ, ਜਿਸ ਰਾਹੀਂ ਮੈਂ ਆਈ ਸੀ।"

"ਪਰ ਫਿਰ ਵੀ, ਇਹ 50 ਮਿੰਟ ਬਹੁਤ ਹਨ।"

ਹਾਲਾਂਕਿ, ਇਸ ਸਫ਼ਰ ਵਿੱਚ 120 ਡਾਲਰ ਦਾ ਖਰਚ ਆਉਦਾ ਹੈ, ਜੋ ਕਿ ਯੂਕਰੇਨ ਵਿੱਚ ਔਸਤ ਮਾਸਿਕ ਤਨਖਾਹ ਦਾ ਲਗਭਗ ਇੱਕ ਚੌਥਾਈ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਹਰ ਦੋ-ਤਿੰਨ ਮਹੀਨਿਆਂ ਬਾਅਦ ਆਪਣੇ ਪਤੀ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹਨ।

ਨਤਾਲੀਆ ਦੇ ਵਿਆਹ ਨੂੰ 22 ਸਾਲ ਹੋ ਗਏ ਹਨ ਅਤੇ ਉਨ੍ਹਾਂ ਦੇ ਦੋ ਵੱਡੇ ਬੱਚੇ ਹਨ।

ਉਨ੍ਹਾਂ ਨੇ ਕਿਹਾ, "ਇਹ ਸਫਰ ਫਿਰ ਇੱਕ ਪਰਿਵਾਰ ਵਾਂਗ ਮਹਿਸੂਸ ਕਰਨ ਦਾ ਮੌਕਾ ਹੈ"

ਇਹ ਮੁਲਾਕਾਤ ਹਰ ਕਿਸੇ ਲਈ ਸੁੱਖਦ ਨਹੀਂ ਹੁੰਦੀ। ਕਈ ਔਰਤਾਂ ਨੂੰ ਆਪਣੇ ਸਾਥੀਆਂ ਨੂੰ ਮਿਲਣ ਲਈ ਖਤਰਨਾਕ ਸਫਰ ਤੈਅ ਕਰਨੇ ਪੈਂਦੇ ਹਨ।

ਸਾਲ 2014 ਵਿੱਚ ਰੂਸ ਤੇ ਯੂਕਰੇਨ ਯੁੱਧ ਸਮੇਂ ਮਾਰੀਆ (ਇਹ ਅਸਲੀ ਨਾਮ ਨਹੀਂ ਹੈ) ਦੇ ਪਤੀ ਫਰੰਟਲਾਈਨ 'ਤੇ ਤਾਇਨਾਤ ਸਨ।

ਉਹ ਪੂਰਬੀ ਯੂਕਰੇਨ ਵਿੱਚ ਆਪਣੇ ਪਤੀ ਨੂੰ ਮਿਲਣ ਲਈ ਕੀਵ ਤੋਂ ਤਿੰਨ ਦਿਨਾਂ ਦਾ ਸਫਰ ਕਰਦੇ ਸਨ, ਪਰ ਫਿਰ ਕੁਝ ਮੁਸ਼ਕਿਲਾਂ ਦਰਪੇਸ਼ ਆਉਣ ਲੱਗੀਆਂ। ਉਨ੍ਹਾਂ ਦੇ ਪਤੀ ਪੋਸਟ-ਟਰੌਮੈਟਿਕ ਸਟ੍ਰੈਸ ਸਿੰਡਰੋਮ (ਪੀਟੀਐੱਸਡੀ) ਤੋਂ ਗੁਜ਼ਰਨ ਲੱਗੇ।

ਜਦੋਂ ਉਨ੍ਹਾਂ ਦੇ ਪਤੀ ਫੌਜ ਤੋਂ ਵਾਪਸ ਘਰ ਆਉਂਦੇ ਸਨ, ਤਾਂ ਆਪਣੀ ਪਤਨੀ (ਮਾਰੀਆ) ਅਤੇ ਬੱਚੇ ਨਾਲ ਹਿੰਸਕ ਹੋ ਜਾਂਦੇ ਸਨ। ਇਸ ਤੋਂ ਬਾਅਦ ਦੋਹਾਂ ਦਾ ਤਲਾਕ ਹੋ ਗਿਆ ਸੀ।

ਮਾਰੀਆ ਨੇ ਦੂਜਾ ਵਿਆਹ ਕਰਵਾ ਲਿਆ ਪਰ ਹੁਣ ਉਹ ਆਪਣੇ ਪਤੀ ਨਾਲ ਮੁਲਾਕਾਤ ਬਾਰੇ ਨਹੀਂ ਸੋਚਦੇ ਹਨ।

ਉਹ ਕਹਿੰਦੇ ਹਨ, "ਫਰੰਟਲਾਈਨ 'ਤੇ ਜਾਕੇ ਮਿਲਣਾ ਪਰਿਵਾਰ ਨੂੰ ਨਹੀਂ ਬਚਾ ਸਕਦਾ। ਤੁਸੀਂ ਪਰਿਵਾਰ ਨੂੰ ਤਾਂ ਹੀ ਬਚਾ ਸਕਦੇ ਹੋ ਜੇਕਰ ਤੁਹਾਡੇ ਕੋਲ ਇੱਕੋ ਜਿਹੀ ਸੋਚ ਹੈ ਅਤੇ ਤੁਸੀਂ ਜ਼ਿੰਦਗੀ ਦੇ ਆਪਣੇ ਟੀਚਿਆਂ ਬਾਰੇ ਗੱਲ ਕਰ ਸਕਦੇ ਹੋ।"

ਬੇਅੰਤ ਉਡੀਕ

ਦੋ ਵਾਰ ਗਰਭਪਾਤ ਦਾ ਸਾਹਮਣਾ ਕਰ ਚੁੱਕੇ ਓਕਸਾਨਾ ਨੇ ਹਾਲ ਹੀ ਵਿੱਚ ਇੱਕ ਲੜਕੇ ਨੂੰ ਜਨਮ ਦਿੱਤਾ ਹੈ। ਉਹ ਲੰਬੇ ਸਮੇਂ ਤੋਂ ਆਪਣੇ ਪਹਿਲੇ ਬੱਚੇ ਦੀ ਉਡੀਕ ਕਰ ਰਹੇ ਸਨ।

ਉਨ੍ਹਾਂ ਨੂੰ ਉਮੀਦ ਸੀ ਕਿ ਉਨ੍ਹਾਂ ਦੇ ਪਤੀ ਆਰਤੇਮ ਬੱਚੇ ਦੇ ਜਨਮ ਦੌਰਾਨ ਉਨ੍ਹਾਂ ਕੋਲ ਮੌਜੂਦ ਰਹਿਣਗੇ, ਪਰ ਉਨ੍ਹਾਂ ਦੇ ਪਤੀ ਨੂੰ ਛੁੱਟੀ ਨਹੀਂ ਮਿਲੀ।

ਓਕਸਾਨਾ ਨੇ ਬੱਚੇ ਨੂੰ ਜਨਮ ਦੇਣ ਤੋਂ ਥੋੜ੍ਹੀ ਦੇਰ ਪਹਿਲਾਂ ਮੈਨੂੰ ਦੱਸਿਆ, "ਹਾਂ, ਹਰ ਪਤਨੀ ਅਜਿਹੇ ਸਮੇਂ 'ਤੇ ਆਪਣੇ ਪਤੀ ਨੂੰ ਆਪਣੇ ਕੋਲ ਚਾਹੁੰਦੀ ਹੈ।"

ਹੁਣ ਉਹ ਆਪਣੇ ਪਤੀ ਨੂੰ ਮਿਲਣ ਲਈ ਬੱਚੇ ਨੂੰ ਲੈ ਕੇ ਆਏ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)