You’re viewing a text-only version of this website that uses less data. View the main version of the website including all images and videos.
ਰੂਸੀ ਕੁੜੀਆਂ 'ਤੇ ਤਸ਼ੱਦਦ ਕਰਨ ਵਾਲੇ ਦਾ ਉਨ੍ਹਾਂ ਨੇ ਇਸ ਤਰ੍ਹਾਂ ਕੀਤਾ ਪਰਦਾਫ਼ਾਸ਼
- ਲੇਖਕ, ਜੇਕ ਟੈਚੀ ਅਤੇ ਵਿਕਟੋਰੀਆ ਅਰਾਕੇਲੀਅਨ
- ਰੋਲ, ਬੀਬੀਸੀ ਆਈ ਇਨਵੈਸਟੀਗੇਸ਼ਨਜ਼
ਇੱਕ ਰੂਸੀ ਪੁਲਿਸ ਅਧਿਕਾਰੀ ਦਾ ਟੇਕਅਵੇ ਫੂਡ ਆਰਡਰ ਇੱਕ ਕੇਸ ਨੂੰ ਸੁਲਝਾਉਣ ਵਿੱਚ ਸਫ਼ਲ ਸੁਰਾਗ ਸਾਬਤ ਹੋਇਆ ਜਿਸ ਨੇ ਕੁੜੀਆਂ ਦੇ ਇੱਕ ਗਰੁੱਪ ਦੀ ਮਦਦ ਕੀਤੀ।
ਇਸ ਵਿਅਕਤੀ ਨੇ ਇਨ੍ਹਾਂ ਕੁੜੀਆਂ ਨੂੰ ਆਪਣੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਸੀ, ਇਸੇ ਵਿਅਕਤੀ ਦੀ ਹੁਣ ਅਸਲ ਪਛਾਣ ਸਾਹਮਣੇ ਆਈ ਹੈ। ਬੀਬੀਸੀ ਇਨਵੈਸਟੀਗੇਸ਼ਨਜ਼ ਦੀ ਰਿਪੋਰਟ ਪਹਿਲੀ ਵਾਰ ਇਹ ਦੱਸ ਰਹੀ ਹੈ ਕਿ ਉਨ੍ਹਾਂ ਕੁੜੀਆਂ ਨੇ ਉਸ ਨੂੰ ਕਿਵੇਂ ਲੱਭਿਆ।
ਜ਼ਿਆਦਾਤਰ ਕੁੜੀਆਂ ਦੀ ਉਮਰ 19 ਤੋਂ 25 ਸਾਲ ਦੇ ਵਿਚਕਾਰ ਸੀ ਅਤੇ ਇਨ੍ਹਾਂ ਨੇ ਯੂਕਰੇਨ 'ਤੇ ਰੂਸ ਦੇ ਹਮਲੇ ਦੇ ਖਿਲਾਫ਼ ਮੌਸਕੋ ਵਿੱਚ ਮਾਰਚ ਮਹੀਨੇ ਇੱਕ ਰੈਲੀ ਵਿੱਚ ਹਿੱਸਾ ਲਿਆ ਸੀ। ਅਧਿਕਾਰੀਆਂ ਨੇ ਇਨ੍ਹਾਂ ਕੁੜੀਆਂ ਨੂੰ ਤੁਰੰਤ ਘੇਰ ਲਿਆ ਅਤੇ ਪੁਲਿਸ ਵੈਨ ਵਿੱਚ ਪਿੱਛੇ ਬਿਠਾ ਦਿੱਤਾ।
ਇਨ੍ਹਾਂ ਵਿੱਚੋਂ ਬਹੁਤੀਆਂ ਇੱਕ ਦੂਜੇ ਨੂੰ ਜਾਣਦੀਆਂ ਨਹੀਂ ਸਨ, ਪਰ ਹਾਲਾਤ ਦੇ ਬਾਵਜੂਦ ਮਾਹੌਲ ਉਤਸ਼ਾਹਿਤ ਕਰਨ ਵਾਲਾ ਸੀ। ਇੱਥੋਂ ਤੱਕ ਕਿ ਇਨ੍ਹਾਂ ਨੇ ਇੱਕ ਟੈਲੀਗ੍ਰਾਮ ਗਰੁੱਪ ਚੈਟ ਵੀ ਬਣਾਇਆ ਜਦੋਂ ਉਹ ਪੂਰੇ ਸ਼ਹਿਰ ਵਿੱਚੋਂ ਲੰਘਦਿਆਂ ਬ੍ਰੇਟੇਏਵੋ ਪੁਲਿਸ ਸਟੇਸ਼ਨ ਤੱਕ ਗਈਆਂ।
ਅੱਗੇ ਜੋ ਹੋਇਆ ਉਹ ਉਨ੍ਹਾਂ ਦੀ ਉਮੀਦ ਨਾਲੋਂ ਕਿਤੇ ਜ਼ਿਆਦਾ ਮਾੜਾ ਸੀ।
"ਮੈਨ ਇਨ ਬਲੈਕ" ਨੇ ਢਾਹੇ ਤਸੀਹੇ
ਅਗਲੇ ਛੇ ਘੰਟਿਆਂ ਵਿੱਚ ਉਨ੍ਹਾਂ ਨੂੰ ਜ਼ੁਬਾਨੀ ਅਤੇ ਸਰੀਰਕ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ, ਜੋ ਕਿ ਕੁਝ ਮਾਮਲਿਆਂ ਵਿੱਚ ਤਸੀਹਿਆਂ ਦੇ ਬਰਾਬਰ ਸੀ। ਇੱਕ ਕੁੜੀ ਨੇ ਕਿਹਾ ਕਿ ਜਦੋਂ ਉਸ ਦੇ ਸਿਰ ਉੱਤੇ ਲਿਫ਼ਾਫਾ ਚੜ੍ਹਾਇਆ ਗਿਆ ਤਾਂ ਉਸ ਨੂੰ ਵਾਰ-ਵਾਰ ਆਕਸੀਜਨ ਦੀ ਘਾਟ ਮਹਿਸੂਸ ਹੋਈ।
ਦੁਰਵਿਵਹਾਰ ਉਸ ਅਣਪਛਾਤੇ ਸਾਦੇ ਕੱਪੜਿਆਂ ਵਾਲੇ ਅਫ਼ਸਰ ਵੱਲੋਂ ਕੀਤਾ ਗਿਆ ਸੀ ਜੋ ਲੰਬਾ, ਐਥਲੈਟਿਕ ਦਿਖ ਵਾਲਾ ਸੀ ਅਤੇ ਉਸ ਨੇ ਕਾਲੀ ਪੋਲੋ ਨੈੱਕ ਵਾਲੀ ਟੀ-ਸ਼ਰਟ ਪਹਿਨੀ ਹੋਈ ਸੀ। ਆਪਣੇ ਗਰੁੱਪ ਚੈਟ ਵਿੱਚ ਕੁੜੀਆਂ ਨੇ ਉਸ ਨੂੰ "ਮੈਨ ਇਨ ਬਲੈਕ" ਉਪਨਾਮ ਦਿੱਤਾ ਸੀ।
ਦੋ ਕੁੜੀਆਂ ਮਰੀਨਾ ਅਤੇ ਅਲੈਗਜ਼ੈਂਡਰਾ ਨੇ ਗੁਪਤ ਤੌਰ 'ਤੇ ਆਪਣੇ ਫੋਨ 'ਤੇ ਆਡੀਓ ਰਿਕਾਰਡ ਕੀਤੀ। ਇੱਕ ਰਿਕਾਰਡਿੰਗ ਵਿੱਚ ਅਧਿਕਾਰੀ ਨੂੰ "ਪੂਰਨ ਮੁਕਤੀ" ਬਾਰੇ ਰੌਲਾ ਪਾਉਂਦੇ ਸੁਣਿਆ ਜਾ ਸਕਦਾ ਹੈ।
ਪਰ ਜੇ ਉਸ ਵਿਅਕਤੀ ਦਾ ਮਕਸਦ ਉਨ੍ਹਾਂ ਨੂੰ ਡਰਾ ਧਮਕਾ ਕੇ ਚੁੱਪ ਕਰਾਉਣਾ ਸੀ ਤਾਂ ਉਹ ਇਸ ਵਿੱਚ ਅਸਫਲ ਹੋ ਜਾਵੇਗਾ।
- ਯੂਕਰੇਨ 'ਤੇ ਰੂਸ ਦੇ ਹਮਲੇ ਖਿਲਾਫ ਰੈਲੀ ਵਿੱਚ ਸ਼ਾਮਲ ਕੁਝ ਕੁੜੀਆਂ ਨੂੰ ਪੁਲਿਸ ਸਟੇਸ਼ਨ ਲਿਜਾਇਆ ਗਿਆ।
- ਜ਼ਿਆਦਾਤਰ ਕੁੜੀਆਂ ਦੀ ਉਮਰ 19 ਤੋਂ 25 ਸਾਲ ਸੀ।
- ਪੁਲਿਸ ਸਟੇਸ਼ਨ ਵਿੱਚ ਕੁੜੀਆਂ ਨੂੰ ਜ਼ੁਬਾਨੀ ਅਤੇ ਸਰੀਰਕ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ।
- ਕੁੜੀਆਂ ਨੇ ਟੈਲੀਗ੍ਰਾਮ 'ਤੇ ਗਰੁਪ ਬਣਾ ਕੇ ਉਸ ਸ਼ਖਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਿਸ ਨੇ ਉਨ੍ਹਾਂ 'ਤੇ ਤਸੀਹੇ ਢਾਹੇ।
- ਇਨ੍ਹਾਂ ਕੁੜੀਆਂ ਨੇ ਉਸ ਸ਼ਖਸ ਨੂੰ "ਮੈਨ ਇਨ ਬਲੈਕ" ਨਾਮ ਦਿੱਤਾ।
ਰਿਹਾਈ ਤੋਂ ਬਾਅਦ ਕੁੜੀਆਂ ਨੇ ਟੈਲੀਗ੍ਰਾਮ ਗਰੁੱਪ 'ਤੇ ਚਰਚਾ ਕੀਤੀ ਕਿ ਉਹ ਕਿਵੇਂ ਪਤਾ ਲਗਾ ਸਕਦੀਆਂ ਹਨ ਕਿ ਉਹ ਕੌਣ ਸੀ।
22 ਸਾਲ ਦੀ ਵਿਦਿਆਰਥਣ ਮਰੀਨਾ ਦਾ ਕਹਿਣਾ ਹੈ, "ਜੇ ਅਸੀਂ ਇਸ ਤਰ੍ਹਾਂ ਜਿਉਂਦੇ ਰਹੇ ਕਿ ਅਜਿਹਾ ਕੁਝ ਹੋਇਆ ਹੀ ਨਹੀਂ ਸੀ, ਜੇ ਅਸੀਂ [ਰਿਕਾਰਡਿੰਗ] ਪ੍ਰਕਾਸ਼ਿਤ ਕੀਤੀ... ਜ਼ਿਆਦਾਤਰ ਸੰਭਾਵਤ ਤੌਰ 'ਤੇ ਸੋਚਣਗੇ ਕਿ ਉਹ ਦੁਬਾਰਾ ਅਜਿਹਾ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਜ਼ਾ ਨਹੀਂ ਮਿਲੇਗੀ।"
ਇਹ ਵੀ ਪੜ੍ਹੋ:
ਉਸ ਪੁਲਿਸ ਅਫ਼ਸਰ ਦੀ ਤਸਵੀਰ ਕੁੜੀਆਂ ਦੇ ਮਨਾਂ ਵਿੱਚ ਛਪੀ ਹੋਈ ਸੀ, ਪਰ ਉਨ੍ਹਾਂ ਨੂੰ ਪੁਲਿਸ ਦੀਆਂ ਵੈੱਬਸਾਈਟਾਂ 'ਤੇ ਉਸ ਦਾ ਕੋਈ ਥਹੁ ਪਤਾ ਨਹੀਂ ਮਿਲਿਆ। ਬਿਨਾਂ ਕੋਈ ਨਾਮ ਪਤਾ ਹੋਣ ਦੇ, ਸੋਸ਼ਲ ਮੀਡੀਆ 'ਤੇ ਵੀ ਉਸ ਨੂੰ ਲੱਭਣਾ ਮੁਸ਼ਕਿਲ ਸੀ। 15 ਦਿਨਾਂ ਤੋਂ ਵੱਧ ਦੀ ਭਾਲ ਤੋਂ ਬਾਅਦ, ਉਹ ਹਾਰ ਮੰਨਣ ਦੇ ਕਰੀਬ ਸਨ।
ਅਤੇ ਫਿਰ ਕੁੜੀਆਂ ਨੂੰ ਇੱਕ ਸਫਲਤਾ ਮਿਲੀ।
ਮਾਰਚ ਦੇ ਅਖੀਰ ਵਿੱਚ ਪ੍ਰਸਿੱਧ ਰੂਸੀ ਫੂਡ ਡਿਲੀਵਰੀ ਐਪ ਯਾਂਡੇਕਸ ਫੂਡ ਤੋਂ ਵੱਡੇ ਪੱਧਰ 'ਤੇ ਵਿਸ਼ਾਲ ਡੇਟਾ ਲੀਕ ਹੋਇਆ ਸੀ। ਇਸ ਗਰੁੱਪ ਨੂੰ ਇੱਕ ਵਿਚਾਰ ਆਇਆ।
ਉਨ੍ਹਾਂ ਨੇ ਡੇਟਾ ਜ਼ਰੀਏ ਇਹ ਦੇਖਣਾ ਸ਼ੁਰੂ ਕਰ ਦਿੱਤਾ ਕਿ ਕੀ ਪਿਛਲੇ ਸਾਲ ਦੌਰਾਨ ਬ੍ਰੇਟੇਏਵੋ ਪੁਲਿਸ ਸਟੇਸ਼ਨ ਨੂੰ ਕੋਈ ਆਰਡਰ ਦਿੱਤਾ ਗਿਆ ਸੀ। ਉਨ੍ਹਾਂ ਨੇ ਦੇਖਿਆ ਕਿ ਉੱਥੇ ਨੌਂ ਵੱਖ-ਵੱਖ ਗਾਹਕਾਂ ਵੱਲੋਂ ਆਰਡਰ ਦਿੱਤੇ ਗਏ ਸੀ। ਕੀ ਉਨ੍ਹਾਂ ਵਿੱਚੋਂ ਇੱਕ "ਮੈਨ ਇਨ ਬਲੈਕ" ਹੋ ਸਕਦਾ ਸੀ?
ਜ਼ਿਆਦਾਤਰ ਯਾਂਡੇਕਸ ਡੇਟਾ ਵਿੱਚ ਸਿਰਫ਼ ਪਹਿਲੇ ਨਾਮ ਅਤੇ ਇੱਕ ਫੋਨ ਨੰਬਰ ਸ਼ਾਮਲ ਹੁੰਦਾ ਹੈ। ਕੁੜੀਆਂ ਦੇ ਗਰੁੱਪ ਨੇ ਪੁਲਿਸ ਸਟੇਸ਼ਨ ਦੇ ਸਟਾਫ ਲਈ ਕਈ ਸੋਸ਼ਲ ਮੀਡੀਆ ਦੇ ਪ੍ਰੋਫਾਈਲ ਲੱਭਣ ਲਈ ਇਸ ਜਾਣਕਾਰੀ ਦੀ ਵਰਤੋਂ ਕੀਤੀ, ਪਰ ਕੋਈ ਵੀ ਤਸਵੀਰ ਉਨ੍ਹਾਂ ਦੀ ਭਾਲ ਵਾਲੇ ਵਿਅਕਤੀ ਨਾਲ ਮਿਲਦੀ-ਜੁਲਦੀ ਨਹੀਂ ਸੀ।
ਅੰਤ ਵਿੱਚ ਉਸ ਸੂਚੀ ਵਿੱਚ ਆਖਰੀ ਨਾਮਾਂ ਵਿੱਚੋਂ ਇੱਕ ਇਵਾਨ 'ਤੇ ਉਨ੍ਹਾਂ ਦੀ ਨਜ਼ਰ ਪਈ। ਇਵਾਨ, ਇੱਕ ਪ੍ਰਸਿੱਧ ਰੂਸੀ ਨਾਮ ਹੈ, ਇਸ ਲਈ ਇਸ ਸਬੰਧੀ ਭਾਲ ਕਰਨਾ ਸਭ ਤੋਂ ਮੁਸ਼ਕਲ ਹੈ।
ਇਵਾਨ ਦੇ ਫੋਨ ਨੰਬਰ ਨੇ ਇੱਕ ਔਨਲਾਈਨ ਸੁਰਾਗ ਦਿੱਤਾ- ਰੂਸੀ ਟਰੇਡਿੰਗ ਵੈੱਬਸਾਈਟ Avito.ru ਤੋਂ ਛੇ ਕਲਾਸੀਫਾਈਡ ਇਸ਼ਤਿਹਾਰ ਦਿੱਤੇ ਗਏ ਸਨ, ਪਰ ਜ਼ਿਆਦਾਤਰ ਇਸ਼ਤਿਹਾਰਾਂ ਨੇ ਉਨ੍ਹਾਂ ਨੂੰ ਕੇਵਲ ਉਹੀ ਜਾਣਕਾਰੀ ਦਿੱਤੀ ਜੋ ਉਹ ਪਹਿਲਾਂ ਹੀ ਜਾਣਦੀਆਂ ਸਨ - ਸਿਰਫ਼ ਪਹਿਲਾ ਨਾਮ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਹਾਲਾਂਕਿ, ਇਨ੍ਹਾਂ ਵਿੱਚੋਂ ਇੱਕ 2018 ਵਿੱਚ ਬ੍ਰੇਟੇਏਵੋ ਪੁਲਿਸ ਸਟੇਸ਼ਨ ਤੋਂ 10 ਮਿੰਟ ਦੀ ਦੂਰੀ 'ਤੇ ਵੇਚੀ ਗਈ ਇੱਕ ਸਕੋਡਾ ਰੈਪਿਡ ਕਾਰ ਲਈ ਸੀ। ਇਸ ਵਿੱਚ ਵਿਕਰੇਤਾ ਦਾ ਪੂਰਾ ਨਾਮ ਸੀ: ਇਵਾਨ ਰਯਾਬੋਵ।
ਹੁਣ ਉਹ ਇੱਕ ਉਪਨਾਮ ਦੇ ਨਾਲ ਤਸਵੀਰ ਲੱਭ ਸਕਦੀ ਸੀ ਅਤੇ ਲਗਭਗ ਤੁਰੰਤ 19 ਸਾਲਾ ਅਨਾਸਤਾਸੀਆ ਨੇ ਉਸ ਨੂੰ ਪਛਾਣ ਲਿਆ।
"ਮੈਂ ਰੋਣ ਲੱਗ ਪਈ। ਮੈਨੂੰ ਯਕੀਨ ਨਹੀਂ ਆ ਰਿਹਾ ਸੀ...ਕਿ ਮੈਂ ਇਹ ਕਰਨ ਵਿੱਚ ਕਾਮਯਾਬ ਹੋ ਗਈ।"
ਉਸ ਨੇ ਇਹ ਤਸਵੀਰ ਮਰੀਨਾ, ਅਲੈਗਜ਼ੈਂਡਰਾ ਅਤੇ ਟੈਲੀਗ੍ਰਾਮ ਗਰੁੱਪ ਵਿੱਚ ਹੋਰਾਂ ਨੂੰ ਭੇਜੀ, ਜੋ ਸਹਿਮਤ ਹੋਈਆਂ ਕਿ ਉਨ੍ਹਾਂ ਨੂੰ ਉਨ੍ਹਾਂ ਦਾ "ਮੈਨ ਇਨ ਬਲੈਕ" ਮਿਲ ਗਿਆ ਹੈ।
ਉਨ੍ਹਾਂ ਨੂੰ ਉਮੀਦ ਸੀ ਕਿ ਇਹ ਆਖਰਕਾਰ ਅਧਿਕਾਰੀਆਂ ਨੂੰ ਅਪਰਾਧਿਕ ਜਾਂਚ ਖੋਲ੍ਹਣ ਲਈ ਪ੍ਰੇਰਿਤ ਕਰੇਗਾ।
'ਮੇਰੇ ਚਿਹਰੇ 'ਤੇ ਬੰਦੂਕ ਰੱਖੀ ਹੋਈ ਸੀ'
ਆਡਿਓ ਰਿਕਾਰਡਿੰਗ ਨਾਲ ਕੁੜੀਆਂ ਦੇ ਸ਼ੋਸ਼ਣ ਬਾਰੇ ਗਹਿਰੀ ਜਾਣਕਾਰੀ ਮਿਲਦੀ ਹੈ।
ਰਯਾਬੋਵ ਨੂੰ ਮਰੀਨਾ ਨੂੰ ਆਪਣੇ ਸਵਾਲਾਂ ਦੇ ਜਵਾਬ ਦੇਣ ਲਈ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ਇਸ ਤੋਂ ਪਹਿਲਾਂ ਕਿ "ਮੈਂ ਆਪਣਾ ਬੂਟ ਉਤਾਰ ਦੇਵਾਂ ਅਤੇ ਇਸ ਨਾਲ ਤੇਰੇ ਸਿਰ 'ਤੇ ਵਾਰ ਕਰਾਂ।"
14 ਮਿੰਟਾਂ ਲਈ, ਮਰੀਨਾ ਕਹਿੰਦੀ ਹੈ ਕਿ ਰਯਾਬੋਵ ਉਸ 'ਤੇ ਚੀਕਿਆ ਅਤੇ ਲੱਤ ਮਾਰੀ - ਉਸ ਦੇ ਚਿਹਰੇ 'ਤੇ ਇੱਕ ਪਿਸਤੌਲ ਰੱਖੀ ਹੋਈ ਸੀ।
ਅਨਾਸਤਾਸੀਆ, ਬਾਹਰ ਇੰਤਜ਼ਾਰ ਕਰ ਰਹੀ ਸੀ, ਉਹ ਚੀਕਣ ਅਤੇ ਮਾਰਕੁੱਟ ਦੀ ਆਵਾਜ਼ ਸੁਣ ਰਹੀ ਸੀ। ਜਦੋਂ ਉਸ ਨੇ ਵੀ ਪੁੱਛਗਿੱਛ ਵਿੱਚ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਕਹਿੰਦੀ ਹੈ ਕਿ ਰਯਾਬੋਵ ਨੇ ਉਸ ਦੇ ਸਿਰ 'ਤੇ ਪਾਣੀ ਦੀ ਬੋਤਲ ਨਾਲ ਵਾਰ ਕੀਤਾ, ਉਸ ਨੂੰ ਉਸ ਦੇ ਸਿਰ ਉੱਪਰ ਹੀ ਖਾਲ੍ਹੀ ਕਰ ਦਿੱਤਾ ਅਤੇ ਫਿਰ ਇੱਕ ਪਲਾਸਟਿਕ ਦਾ ਬੈਗ ਉਸ ਦੇ ਭਿੱਜੇ ਹੋਏ ਸਿਰ 'ਤੇ ਖਿੱਚ ਲਿਆ, ਜਿੱਥੇ ਉਸ ਨੇ ਇਸ ਨਾਲ ਉਸ ਦੇ ਨੱਕ ਅਤੇ ਮੂੰਹ ਨੂੰ ਲਗਾਤਾਰ 30-40 ਸਕਿੰਟਾਂ ਲਈ ਫੜ ਲਿਆ।
ਉਹ ਕਹਿੰਦੀ ਹੈ, "ਤੁਸੀਂ ਖੁਦ ਸੋਚੋ - ਮੈਂ ਇਸ ਨੂੰ ਕਿੰਨਾ ਸਮਾਂ ਸਹਾਰ ਸਕਦੀ ਸਾਂ?"
26 ਸਾਲਾ ਅਲੈਗਜ਼ੈਂਡਰਾ ਨੇ ਵੀ ਆਪਣੇ ਨਾਲ ਹੋਏ ਦੁਰਵਿਵਹਾਰ ਨੂੰ ਰਿਕਾਰਡ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਅਤੇ ਉਸ ਦੇ ਆਡੀਓ ਵਿੱਚ ਅਸੀਂ ਸੁਣਦੇ ਹਾਂ ਕਿ ਰਯਾਬੋਵ ਉਸ ਨੂੰ ਸਜ਼ਾ ਤੋਂ ਮੁਕਤੀ ਦੇਣ ਦੀ ਸ਼ੇਖੀ ਮਾਰਦਾ ਹੈ।
"ਤੁਹਾਨੂੰ ਲੱਗਦਾ ਹੈ ਕਿ ਅਸੀਂ ਇਸ ਲਈ ਮੁਸੀਬਤ ਵਿੱਚ ਪੈਣ ਵਾਲੇ ਹਾਂ? ਪੁਤਿਨ ਨੇ ਸਾਨੂੰ ਤੁਹਾਡੇ ਵਰਗੇ ਸਾਰੇ ਲੋਕਾਂ ਨੂੰ ਮਾਰਨ ਲਈ ਕਿਹਾ ਹੈ। ਬਸ! ਪੁਤਿਨ ਸਾਡੇ ਨਾਲ ਹੈ।"
ਉਹ ਫਿਰ ਉਸ ਨੂੰ ਮਾਰਨ ਦੀ ਧਮਕੀ ਦਿੰਦੇ ਹੋਏ ਕਹਿੰਦਾ ਹੈ: "ਅਤੇ ਫਿਰ ਉਹ ਮੈਨੂੰ ਇਸ ਲਈ ਇੱਕ ਬੋਨਸ ਵੀ ਦੇਣਗੇ।"
ਘੱਟੋ-ਘੱਟ 11 ਨਜ਼ਰਬੰਦਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ "ਮੈਨ ਇਨ ਬਲੈਕ" ਦੇ ਹੱਥੋਂ ਸਰੀਰਕ ਸ਼ੋਸ਼ਣ ਦਾ ਅਨੁਭਵ ਹੋਇਆ।
ਸਬੂਤਾਂ ਨੂੰ ਨਾਕਾਫੀ ਮੰਨਿਆ ਗਿਆ
ਜਦੋਂ ਕੁੜੀਆਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਆਪਣੇ ਫੋਨ 'ਤੇ ਰਿਕਾਰਡ ਕੀਤੇ ਆਡੀਓ ਨੂੰ ਜਨਤਕ ਤੌਰ 'ਤੇ ਜਾਰੀ ਕੀਤਾ ਤਾਂ ਇੱਕ ਰੂਸੀ ਸਿਆਸਤਦਾਨ ਨੇ ਕਾਰਵਾਈ ਦੀ ਮੰਗ ਕੀਤੀ।
ਪਰ ਦੇਸ਼ ਦੀ ਜਾਂਚ ਕਮੇਟੀ ਨੇ ਇਸ ਮਾਮਲੇ ਵਿੱਚ ਅਪਰਾਧਿਕ ਜਾਂਚ ਸ਼ੁਰੂ ਕਰਨ ਲਈ ਇਸ ਨੂੰ "ਨਾਕਾਫ਼ੀ ਸਬੂਤ" ਮੰਨਿਆ।
ਕੁੜੀਆਂ ਇਹ ਵੀ ਜਾਣਨਾ ਚਾਹੁੰਦੀਆਂ ਸਨ ਕਿ ਉਸ ਦਿਨ ਰਯਾਬੋਵ ਕਿਸ ਅਧਿਕਾਰੀ ਦੇ ਅਧੀਨ ਸੀ ਅਤੇ ਉਸ ਵਿਅਕਤੀ ਨੂੰ ਕਿਉਂ ਨਹੀਂ ਰੋਕਿਆ ਗਿਆ।
ਅਨਾਸਤਾਸੀਆ ਨੇ ਪੂਰਾ ਸਮਾਂ ਉੱਥੇ ਇੱਕ ਹੋਰ ਆਦਮੀ ਦੀ ਮੌਜੂਦਗੀ ਨੂੰ ਮਹਿਸੂਸ ਕੀਤਾ - ਜਿਸ ਨੂੰ ਔਰਤਾਂ ਨੇ "ਮੈਨ ਇਨ ਬੇਜ" ਕਿਹਾ। ਉਹ ਉਸ ਸ਼ਾਮ ਨੂੰ ਇੰਚਾਰਜ ਸੀ।
ਹਾਲਾਂਕਿ ਉਹ ਕਮਰਾ ਨੰਬਰ 103 ਦੇ ਅੰਦਰ ਮੌਜੂਦ ਨਹੀਂ ਸੀ ਜਿੱਥੇ ਲੜਕੀਆਂ 'ਤੇ ਤਸ਼ੱਦਦ ਕੀਤਾ ਗਿਆ ਸੀ। ਉਹ ਕਹਿੰਦੀ ਹੈ "ਸਾਰਾ ਸੰਚਾਰ ਉਸ ਵੱਲੋਂ ਹੀ ਹੋਇਆ ਸੀ।''
ਬੰਦੀਆਂ ਵਿੱਚੋਂ ਇੱਕ ਨੇ ਚੋਰੀ ਨਾਲ ਸਟੇਸ਼ਨ ਦੇ ਵੇਟਿੰਗ ਰੂਮ ਵਿੱਚ ਉਸ ਦੀ ਵੀਡਿਓ ਬਣਾ ਲਈ ਸੀ। ਪਰ ਹਿੱਲਣ ਵਾਲੀ ਵੀਡੀਓ 'ਤੇ ਦੇਖਿਆ ਜਾ ਸਕਣ ਵਾਲਾ ਬਹੁਤਾ ਕੁਝ ਨਹੀਂ ਸੀ।
ਕੁੜੀਆਂ ਨੂੰ ਜਵਾਬਦੇਹੀ ਦਾ ਹੈ ਇੰਤਜ਼ਾਰ
ਬੀਬੀਸੀ ਨੇ 6 ਮਾਰਚ ਤੋਂ ਗ੍ਰਿਫ਼ਤਾਰੀ ਦੀ ਰਿਪੋਰਟ ਪ੍ਰਾਪਤ ਕੀਤੀ, ਜਿਸ 'ਤੇ ਪੁਲਿਸ ਸਟੇਸ਼ਨ ਦੇ ਕਾਰਜਕਾਰੀ ਮੁਖੀ: ਲੈਫਟੀਨੈਂਟ ਕਰਨਲ ਏਜੀ ਫੇਡੋਰਿਨੋਵ ਨੇ ਦਸਤਖ਼ਤ ਕੀਤੇ ਹੋਏ ਸਨ।
ਫਿਰ ਸਾਨੂੰ 2012 ਦੀ ਇੱਕ ਸਥਾਨਕ ਅਖ਼ਬਾਰ ਦੀ ਰਿਪੋਰਟ ਮਿਲੀ ਜਿਸ ਵਿੱਚ ਅਲੈਗਜ਼ੈਂਡਰ ਜੋਰਜੀਵਿਚ ਫੇਡੋਰਿਨੋਵ ਦਾ ਜ਼ਿਕਰ ਕੀਤਾ ਗਿਆ ਸੀ, ਜਿਸ ਦੇ ਨਾਲ ਇੱਕ ਫੋਟੋ ਹੈ ਜੋ ਉਸ ਦੀ ਤਸਵੀਰ ਨਾਲ ਮੇਲ ਖਾਂਦੀ ਪ੍ਰਤੀਤ ਹੁੰਦੀ ਹੈ।
ਕਿਉਂਕਿ ਫੋਟੋ 10 ਸਾਲ ਪੁਰਾਣੀ ਸੀ, ਇਸ ਲਈ ਬੀਬੀਸੀ ਨੇ ਚਿਹਰੇ ਦੀ ਪਛਾਣ ਕਰਨ ਵਾਲੇ ਸੌਫਟਵੇਅਰ ਦੀ ਵਰਤੋਂ ਨਾਲ ਦੁਬਾਰਾ ਜਾਂਚ ਕੀਤੀ ਅਤੇ ਦੇਖਿਆ ਕਿ ਵੀਡੀਓ ਵਿੱਚ "ਮੈਨ ਇਨ ਬੇਜ" ਨਾਲ ਮੇਲ ਖਾਣ ਵਾਲੀਆਂ ਫੋਟੋਆਂ ਅਲੈਗਜ਼ੈਂਡਰ ਫੇਡੋਰਿਨੋਵ ਦੇ ਨਾਮ ਦੇ ਇੱਕ ਸੋਸ਼ਲ ਮੀਡੀਆ ਅਕਾਉਂਟ ਨਾਲ ਲਿੰਕ ਕੀਤੀਆਂ ਗਈਆਂ ਸਨ।
ਬ੍ਰੇਟੇਏਵੋ ਪੁਲਿਸ ਸਟੇਸ਼ਨ ਵਿੱਚ ਨੌਕਰੀ ਦੀਆਂ ਅਸਾਮੀਆਂ ਲਈ ਇੱਕ ਔਨਲਾਈਨ ਇਸ਼ਤਿਹਾਰ ਵਿੱਚ ਉਸੇ ਅਕਾਉਂਟ ਨੂੰ ਟੈਗ ਕੀਤਾ ਗਿਆ ਸੀ।
ਬੀਬੀਸੀ ਨੇ ਰੂਸ ਦੀ ਜਾਂਚ ਕਮੇਟੀ ਅੱਗੇ ਦੋਸ਼ ਲਾਇਆ ਕਿ ਪੁਲਿਸ ਅਧਿਕਾਰੀ ਇਵਾਨ ਰਯਾਬੋਵ ਨੇ ਨਜ਼ਰਬੰਦਾਂ ਨਾਲ ਦੁਰਵਿਵਹਾਰ ਦੀ ਸ਼ੁਰੂਆਤ ਕੀਤੀ ਅਤੇ ਇਸ ਵਿੱਚ ਹਿੱਸਾ ਲਿਆ ਅਤੇ ਕੁਝ ਮਾਮਲਿਆਂ ਵਿੱਚ ਇਹ ਦੁਰਵਿਵਹਾਰ ਤਸ਼ੱਦਦ ਦੇ ਬਰਾਬਰ ਸੀ। ਜਾਂਚ ਕਮੇਟੀ ਦਾ ਕੋਈ ਜਵਾਬ ਨਹੀਂ ਆਇਆ।
ਆਪਣੇ ਨਾਲ ਦੁਰਵਿਵਹਾਰ ਕਰਨ ਵਾਲੇ ਦੀ ਪਛਾਣ ਦਾ ਪਰਦਾਫਾਸ਼ ਕਰਕੇ ਮਰੀਨਾ, ਅਨਾਸਤਾਸੀਆ ਅਤੇ ਅਲੈਗਜ਼ੈਂਡਰਾ ਨੂੰ ਉਮੀਦ ਹੈ ਕਿ ਨਿਆਂ ਅਤੇ ਜਵਾਬਦੇਹੀ ਦਾ ਕੋਈ ਨਾ ਕੋਈ ਰੂਪ ਜ਼ਰੂਰ ਸਾਹਮਣੇ ਆਵੇਗਾ।
ਮਰੀਨਾ ਕਹਿੰਦੀ ਹੈ, "ਅਸੀਂ ਕੁਝ ਅਜਿਹਾ ਬਣਾਉਣਾ ਚਾਹੁੰਦੇ ਹਾਂ ਕਿ ਕਾਨੂੰਨ ਉਨ੍ਹਾਂ ਨੂੰ ਪ੍ਰਭਾਵਿਤ ਕਰੇ।"
"ਕੋਈ ਵੀ ਵਿਅਕਤੀ ਕਿਸੇ ਹੋਰ ਵਿਅਕਤੀ ਨਾਲ ਅਜਿਹਾ ਨਹੀਂ ਕਰ ਸਕਦਾ, ਭਾਵੇਂ ਉਹ ਸਰਕਾਰੀ ਅਧਿਕਾਰੀ ਹੀ ਕਿਉਂ ਨਾ ਹੋਵੇ।"
ਇਹ ਵੀ ਪੜ੍ਹੋ: