You’re viewing a text-only version of this website that uses less data. View the main version of the website including all images and videos.
ਰੂਸ-ਯੁਕਰੇਨ ਜੰਗ 'ਚ ਲੜਦਿਆਂ ਲਾਪਤਾ ਹੋਏ ਪੰਜਾਬੀਆਂ ਦੇ ਪਰਿਵਾਰ ਕਿਵੇਂ ਇੱਕ-ਦੂਜੇ ਦੀ ਮਦਦ ਨਾਲ ਆਪਣਿਆਂ ਦੀ ਭਾਲ ਵਿੱਚ ਲੱਗੇ
- ਲੇਖਕ, ਹਰਮਨਦੀਪ ਸਿੰਘ, ਬੀਬੀਸੀ ਪੱਤਰਕਾਰ
- ਰੋਲ, ਬੀਬੀਸੀ ਸਹਿਯੋਗੀ ਪਰਦੀਪ ਸ਼ਰਮਾ
"ਮੈਂ ਪਿਛਲੇ ਕਈ ਸਾਲਾਂ ਤੋਂ ਬੁੱਧਰਾਮ ਨੂੰ ਨਹੀਂ ਦੇਖਿਆ। ਮੈਂ ਉਸ ਨੂੰ ਵਾਪਸ ਆਉਣ ਲਈ ਕਿਹਾ ਸੀ ਅਤੇ ਜਵਾਬ ਵਿੱਚ ਬੁੱਧਰਾਮ ਨੇ ਕਿਹਾ ਸੀ ਕਿ ਉਹ ਕੁਝ ਬਣਕੇ ਹੀ ਵਾਪਸ ਆਵੇਗਾ,ਪਰ ਹੁਣ ਫੋਨ ਵੀ ਨਹੀਂ ਆਉਂਦਾ।"
ਆਪਣੇ ਪੁੱਤ ਬੁੱਧਰਾਮ ਬਾਰੇ ਦੱਸਦੇ ਹੋਏ ਸ਼ਿੰਦਰਪਾਲ ਕੌਰ ਦੀਆਂ ਅੱਖਾਂ ਭਰ ਆਉਂਦੀਆਂ ਹਨ।
ਬੁੱਧਰਾਮ ਉਨ੍ਹਾਂ ਕੁਝ ਨੌਜਵਾਨਾਂ ਵਿੱਚੋਂ ਹੈ ਜੋ ਯੂਕਰੇਨ ਖ਼ਿਲਾਫ ਰੂਸ ਦੀ ਫੌਜ ਵੱਲੋਂ ਲੜਦਿਆਂ ਲਾਪਤਾ ਹੋਏ ਹਨ ਅਤੇ ਉਨ੍ਹਾਂ ਬਾਰੇ ਕੁਝ ਪਤਾ ਨਹੀਂ ਲੱਗ ਪਾ ਰਿਹਾ।
ਬੁੱਧਰਾਮ ਦਾ ਪਰਿਵਾਰ ਮਲੇਰਕੋਟਲੇ ਜ਼ਿਲ੍ਹੇ ਦੇ ਪਿੰਡ ਕਲਿਆਣ ਦਾ ਹੈ। ਇਸ ਪਿੰਡ ਦੇ ਰਹਿਣ ਵਾਲੇ ਬੁੱਧਰਾਮ ਮਾਰਚ ਮਹੀਨੇ ਵਿੱਚ ਰੂਸ ਲਾਪਤਾ ਹੋ ਗਏ ਸਨ। ਪਰਿਵਾਰ ਮੁਤਾਬਕ ਪਿਛਲੇ 10 ਮਹੀਨਿਆਂ ਤੋਂ ਬੁੱਧਰਾਮ ਦੀ ਕੋਈ ਖ਼ਬਰ ਨਹੀਂ ਮਿਲੀ ਹੈ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਪਰਿਵਾਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਬੁੱਧਰਾਮ ਦੀ ਭਾਲ ਰਹੇ ਪਰਿਵਾਰ ਤੋਂ ਉਨ੍ਹਾਂ ਦੀ ਮਾਂ ਸ਼ਿੰਦਰਪਾਲ ਕੌਰ ਦੇ ਡੀਐੱਨਏ ਸੈਂਪਲ ਮੰਗੇ ਗਏ ਹਨ।
ਰਿਪੋਰਟਾਂ ਮੁਤਾਬਕ ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ ਦੇ ਨੌਜਵਾਨਾਂ ਨੂੰ ਮਜ਼ਬੂਰ ਕਰਕੇ ਜਾਂ ਲਾਲਚ ਦੇਕੇ ਰੂਸ ਵੱਲੋਂ ਜੰਗ ਦੇ ਮੈਦਾਨ ਵਿੱਚ ਉਤਾਰਿਆ ਗਿਆ। ਹਲਾਂਕਿ ਕਈ ਨੌਜਵਾਨ ਆਪਣੀ ਮਰਜ਼ੀ ਨਾਲ ਵੀ ਰੂਸੀ ਫੌਜ ਵਿੱਚ ਭਰਤੀ ਹੋਏ।
ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਨੂੰ ਆਪਣੇ ਵਰਗੇ ਇੱਕ ਪੀੜਤ ਪਰਿਵਾਰ ਤੋਂ ਹੀ ਪਤਾ ਲੱਗਾ ਹੈ ਕਿ ਰੂਸ ਦੇ ਅਧਿਕਾਰੀਆਂ ਨੇ ਡੀਐੱਨਏ ਸੈਂਪਲਾਂ ਦੀ ਮੰਗ ਕੀਤੀ ਹੈ।
ਡੀਐੱਨਏ ਸੈਂਪਲ ਦੀ ਮੰਗ ਬਾਰੇ ਕਿਵੇਂ ਪਤਾ ਲੱਗਿਆ
ਬੁੱਧਰਾਮ ਦੀ ਭਾਬੀ ਸੁਖਪ੍ਰੀਤ ਨੇ ਦੱਸਿਆ, "ਜਲੰਧਰ ਜ਼ਿਲ੍ਹੇ ਦਾ ਇੱਕ ਨੌਜਵਾਨ ਵੀ ਰੂਸ ਯੂਕਰੇਨ ਦੀ ਜੰਗ ਦੌਰਾਨ ਮੇਰੇ ਦਿਓਰ ਵਾਂਗ ਲਾਪਤਾ ਹੈ। ਉਸ ਨੌਜਵਾਨ ਦੇ ਭਰਾ ਜਗਦੀਪ ਨੇ ਹੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਰੂਸ ਦੇ ਅਧਿਕਾਰੀਆਂ ਵੱਲੋਂ ਡੀਐੱਨਏ ਸੈਂਪਲਾਂ ਦੀ ਮੰਗ ਕੀਤੀ ਗਈ ਹੈ।"
ਜਾਣਕਾਰੀ ਮੁਤਾਬਕ ਡੀਐੱਨਏ ਦੀ ਮੰਗ ਵਾਲੀ ਈਮੇਲ ਮਾਸਕੋ ਵਿੱਚ ਭਾਰਤੀ ਅੰਬੈਸੀ ਵੱਲੋਂ ਆਈ ਹੈ। ਜਗਦੀਪ ਮੁਤਾਬਕ ਅੰਬੈਸੀ ਵੱਲੋਂ ਮੇਲ ਗ੍ਰਹਿ ਮੰਤਰਾਲੇ ਅਤੇ ਪੰਜਾਬ ਸਰਕਾਰ ਨੂੰ ਵੀ ਭੇਜੀ ਗਈ ਹੈ ।
ਗੁਰਾਇਆ ਦੇ ਰਹਿਣ ਵਾਲੇ ਜਗਦੀਪ ਉਨ੍ਹਾਂ ਪਰਿਵਾਰਾਂ ਦੀ ਅਗਵਾਈ ਕਰ ਰਹੇ ਹਨ, ਜਿਨ੍ਹਾਂ ਦੇ ਮੈਂਬਰ ਰੂਸ ਵੱਲੋਂ ਲੜਦਿਆਂ ਲਾਪਤਾ ਹੋ ਗਏ ਸਨ। ਜਗਦੀਪ ਸਿੰਘ ਨੇ ਹੀ ਬੁੱਧਰਾਮ ਦੇ ਪਰਿਵਾਰ ਨੂੰ ਡੀਐੱਨਏ ਮੰਗੇ ਜਾਣ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ।
ਜਗਦੀਪ ਦਾ ਆਪਣਾ ਭਰਾ ਮਨਦੀਪ ਵੀ ਇਸ ਜੰਗ ਵਿੱਚ ਪਿਛਲੇ ਸਾਲ ਲਾਪਤਾ ਹੋ ਗਿਆ ਸੀ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਜਗਦੀਪ ਨੇ ਕਿਹਾ, "ਮੇਰਾ ਭਰਾ 3 ਮਾਰਚ 2024 ਤੋਂ ਲਾਪਤਾ ਹੈ। ਮੈਂ ਉਨ੍ਹਾਂ ਸਾਰੇ ਪਰਿਵਾਰਾਂ ਨੂੰ ਨਾਲ ਲੈ ਕੇ ਚੱਲ ਰਿਹਾ ਹਾਂ, ਜਿਨ੍ਹਾਂ ਦੇ ਮੈਂਬਰ ਇਸ ਜੰਗ ਵਿੱਚ ਲਾਪਤਾ ਹੋਏ ਹਨ।"
ਬੁੱਧਰਾਮ ਦੇ ਰੂਸ ਦੀ ਫੌਜ ਵਿੱਚ ਪਹੁੰਚਣ ਬਾਰੇ ਪਰਿਵਾਰ ਨੇ ਕੀ ਦੱਸਿਆ
ਬੁੱਧਰਾਮ ਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਉਹ ਘਰ ਦੀ ਗੁਰਬੱਤ ਖ਼ਤਮ ਕਰਨ ਲਈ ਉਹ ਬਹਿਰੀਨ ਗਿਆ ਸੀ ਜਿੱਥੇ ਉਸਨੇ ਪੰਜ ਸਾਲ ਮਜ਼ਦੂਰੀ ਕੀਤੀ।
ਬੁੱਧਰਾਮ ਦੇ ਪਿਤਾ ਗੁਰਮੇਲ ਨੇ ਦੱਸਿਆ ਕਿ ਇੱਕ ਏਜੰਟ ਨੇ ਉਸਦੇ ਪੁੱਤਰ ਨੂੰ ਜਰਮਨੀ ਭੇਜਣ ਦੇ ਸੁਨਹਿਰੀ ਸੁਪਨੇ ਦਿਖਾਏ ਅਤੇ ਉਹ ਏਜੰਟ ਦੇ ਜਾਲ ਵਿੱਚ ਫਸ ਗਿਆ।
ਗੁਰਮੇਲ ਕਹਿੰਦੇ ਹਨ, "ਏਜੰਟ ਨੇ ਬੁੱਧਰਾਮ ਨੂੰ ਤਿੰਨ ਮਹੀਨਿਆਂ ਦਾ ਰੂਸ ਦਾ "ਟੂਰਿਸਟ ਵੀਜ਼ਾ" ਦਵਾ ਦਿੱਤਾ। ਉਸ ਨੇ ਵਾਅਦਾ ਕੀਤਾ ਸੀ ਕਿ ਉਹ ਮੇਰੇ ਪੁੱਤ ਨੂੰ ਇਨ੍ਹਾਂ ਤਿੰਨ ਮਹੀਨਿਆਂ ਵਿੱਚ ਰੂਸ ਦੀ ਸਰਹੱਦ ਪਾਰ ਕਰਵਾ ਕੇ ਜਰਮਨੀ ਪਹੁੰਚਾ ਦੇਵੇਗਾ। ਪਰ ਉਸਨੇ ਅਜਿਹਾ ਨਹੀਂ ਕੀਤਾ।"
"ਏਜੰਟ ਵੱਲੋਂ ਮਦਦ ਨਾ ਮਿਲਣ ਕਰਕੇ ਬੁੱਧਰਾਮ ਨੇ ਖੁਦ ਹੀ ਜਰਮਨੀ ਜਾਣ ਦੀ ਇੱਕ-ਦੋ ਵਾਰ ਅਸਫਲ ਕੋਸ਼ਿਸ਼ ਕੀਤੀ। ਇੱਕ ਵਾਰੀ ਉਹ ਰੂਸ ਦੀ ਫੌਜ ਦੇ ਹੱਥ ਚੜ੍ਹ ਗਿਆ ਸੀ ਅਤੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਵਿੱਚ ਫੌਜ ਵਿੱਚ ਭਰਤੀ ਹੋ ਗਿਆ ਸੀ।"
ਗੁਰਮੇਲ ਨੇ ਕਿਹਾ ਕਿ ਬੁੱਧਰਾਮ ਦਸੰਬਰ 2023 ਵਿੱਚ ਭਰਤੀ ਹੋਇਆ ਸੀ।
ਪਿਤਾ ਚੇਤੇ ਕਰਦੇ ਹਨ ਕਿ, "ਬੁੱਧਰਾਮ ਕਹਿੰਦਾ ਸੀ ਕਿ ਉਹ ਤਰੱਕੀ ਕਰੇਗਾ ਅਤੇ ਵਧੀਆ ਘਰ ਬਣਾ ਕੇ ਦੇਵੇਗਾ ਪਰ ਹੁਣ ਤਾਂ ਸਾਰੇ ਸੁਪਨੇ ਹੀ ਟੁੱਟ ਗਏ।"
ਉਨ੍ਹਾਂ ਦੱਸਿਆ ਕਿ ਬੁੱਧਰਾਮ ਨੇ ਤਿੰਨ ਮਹੀਨਿਆਂ ਦੀ ਸਿਖਲਾਈ ਦੌਰਾਨ ਇੱਕ ਮਹੀਨੇ ਦੀ ਤਨਖ਼ਾਹ ਵੀ ਭੇਜੀ ਸੀ।
ਪ੍ਰਸ਼ਾਸਨ ਤੋਂ ਬੁੱਧਰਾਮ ਦੇ ਪਰਿਵਾਰ ਨੂੰ ਕੀ ਸਹਿਯੋਗ ਮਿਲਿਆ
ਡੀਐੱਨਏ ਸੈਂਪਲ ਮੰਗੇ ਜਾਣ ਮਗਰੋਂ ਬੁੱਧਰਾਮ ਦੇ ਪਿਤਾ ਗੁਰਮੇਲ ਨੇ ਮਲੇਰਕੋਟਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਪੱਲਵੀ ਨੂੰ ਅਰਜ਼ੀ ਦੇ ਕੇ ਸਹਾਇਤਾ ਦੀ ਮੰਗ ਕੀਤੀ ਹੈ।
ਉਨ੍ਹਾਂ ਮੰਗ ਕੀਤੀ ਕਿ ਡੀਐੱਨਏ ਸੈਂਪਲ ਭਿਜਵਾਉਣ ਅਤੇ ਉਸਦੇ ਪੁੱਤ ਨੂੰ ਲੱਭਣ ਵਿੱਚ ਮਦਦ ਕੀਤੀ ਜਾਵੇ। ਗੁਰਮੇਲ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਮਦਦ ਕਰਨ ਦਾ ਭਰੋਸਾ ਦਿੱਤਾ ਹੈ।
ਬੀਬੀਸੀ ਵੱਲੋਂ ਵਾਰ-ਵਾਰ ਡਿਪਟੀ ਕਮਿਸ਼ਨਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਦੇ ਬਾਵਜੂਦ ਸੰਪਰਕ ਨਹੀਂ ਹੋ ਸਕਿਆ।
ਜ਼ਿਕਰਯੋਗ ਹੈ ਕਿ ਪੰਜਾਬ, ਹਰਿਆਣਾ ਅਤੇ ਭਾਰਤ ਦੇ ਹੋਰਨਾਂ ਸੂਬਿਆਂ ਦੇ ਕਈ ਨੌਜਵਾਨ ਟਰੈਵਲ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਏ ਹਨ।
ਭਾਰਤ ਦੇ ਕੁਝ ਨੌਜਵਾਨਾਂ ਦੀ ਇਸ ਜੰਗ ਵਿੱਚ ਮੌਤ ਵੀ ਹੋ ਚੁੱਕੀ ਹੈ। ਪੰਜਾਬ ਦੇ ਅੰਮ੍ਰਿਤਸਰ ਦਾ ਰਹਿਣ ਵਾਲੇ ਤੇਜਪਾਲ ਸਿੰਘ ਵੀ ਅਜਿਹੇ ਨੌਜਵਾਨਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੇ ਰੂਸ ਲਈ ਲੜਦਿਆਂ ਆਪਣੀ ਜਾਨ ਗਵਾਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਰੂਸ ਦੌਰੇ ਦੌਰਾਨ ਇਹ ਮਸਲਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਸਮੇਂ ਉਠਾਇਆ ਸੀ। ਜਿਨ੍ਹਾਂ ਇਸ ਮਸਲੇ ਦਾ ਫੌਰੀ ਹੱਲ ਕਰਨ ਦਾ ਭਰੋਸਾ ਦਿੱਤਾ ਸੀ।
ਮਨਦੀਪ ਦੀ ਭਾਲ 'ਚ ਲੱਗੇ ਪਰਿਵਾਰ ਨੂੰ ਮਿਲੇ ਆਪਣੇ ਵਰਗੇ ਪੀੜਤ ਪਰਿਵਾਰ
ਮਨਦੀਪ ਦੇ ਭਰਾ ਜਗਦੀਪ ਦੇ ਅਨੁਸਾਰ, "ਮਨਦੀਪ 4 ਹੋਰ ਜਾਣਿਆਂ ਨਾਲ ਅਕਤੂਬਰ 2023 'ਚ ਅਰਮੀਨੀਆ ਵਾਸਤੇ ਘਰੋਂ ਗਿਆ ਸੀ, ਪਰ ਉੱਥੇ ਤਨਖ਼ਾਹ ਘੱਟ ਹੋਣ ਕਰਕੇ ਉਨ੍ਹਾਂ ਨੇ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਇਟਲੀ ਜਾਣ ਦੀ ਵਿਓਂਤ ਘੜੀ।"
ਜਗਦੀਪ ਕਹਿੰਦੇ ਹਨ ਕਿ ਏਜੰਟ ਨੇ ਮਨਦੀਪ ਸਣੇ 5 ਲੋਕਾਂ ਨੂੰ ਇਟਲੀ ਪਹੁੰਚਾ ਕੇ ਪੈਸੇ ਲੈਣ ਦਾ ਵਾਅਦਾ ਕੀਤਾ ਸੀ ਪਰ ਰੂਸ ਲੈ ਜਾ ਕੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਨੇ 31 ਲੱਖ ਤੋਂ ਵੱਧ ਰੁਪਏ ਦਿੱਤੇ ਵੀ।
ਜਗਦੀਪ ਨੇ ਇਹ ਵੀ ਇਲਜ਼ਾਮ ਲਾਏ ਕਿ ਏਜੰਟ ਮਨਦੀਪ ਸਿੰਘ ਨਾਲ ਕੁੱਟਮਾਰ ਕਰਦੇ ਸਨ ਅਤੇ ਹੋਰ ਪੈਸਿਆਂ ਦੀ ਮੰਗ ਕਰਦੇ ਸਨ।
ਜਗਦੀਪ ਨੇ ਕੁਝ ਵੀਡੀਓ ਵੀ ਸਾਂਝੀਆਂ ਕੀਤੀਆਂ ਜਿਸ ਵਿੱਚ ਮਨਦੀਪ ਆਪਣੇ ਨਾਲ ਕੁੱਟਮਾਰ ਹੋਣ ਅਤੇ ਖਾਣਾ ਨਾ ਦਿੱਤੇ ਜਾਣ ਦੀ ਗੱਲ ਕਹਿ ਰਹੇ ਹਨ।
ਜਗਦੀਪ ਅਗਾਂਹ ਦੱਸਦੇ ਹਨ ਕਿ, "ਏਜੰਟਾਂ ਨੇ ਕਿਹਾ ਕਿ ਰੂਸ ਵਿੱਚ ਦੋ ਦਿਨ ਰੁਕਣਾ ਪਰ ਸਾਨੂੰ ਕੀ ਪਤਾ ਸੀ ਕਿ ਸਾਡਾ ਫਿਰ ਉਸ ਨਾਲ ਗੱਲ ਕਰਨਾ ਵੀ ਮੁਸ਼ਕਿਲ ਹੋ ਜਾਵੇਗਾ।"
ਮਨਦੀਪ ਦੀ ਆਪਣੇ ਘਰ ਵਾਲਿਆਂ ਨਾਲ 3 ਮਾਰਚ 2024 'ਚ ਆਖ਼ਰੀ ਵਾਰ ਗੱਲਬਾਤ ਹੋਈ ਸੀ। ਜਗਦੀਪ ਮੁਤਾਬਕ ਇਸ ਆਖ਼ਰੀ ਕਾਲ ਵਿੱਚ ਮਨਦੀਪ ਨੇ ਕਿਹਾ ਸੀ ਕਿ ਏਜੰਟਾਂ ਨੇ ਉਸ ਨੂੰ ਰੂਸ ਦੀ ਫੌਜ ਵਿੱਚ ਭਰਤੀ ਕਰਵਾ ਦਿੱਤਾ।
ਮਨਦੀਪ ਦੇ ਭਰਾ ਜਗਦੀਪ ਮੁਤਾਬਕ,"ਅਸੀਂ ਮੁੱਖ ਮੰਤਰੀ ਸਾਹਬ, ਸੰਤ ਸੀਚੇਵਾਲ ਅਤੇ ਹੋਰ ਕਾਫੀ ਬੰਦਿਆਂ ਕੋਲ ਵੀ ਗਏ । ਫਿਰ ਸੀਚੇਵਾਲ ਨੇ ਰਾਹ ਦੱਸਿਆ ਕਿ ਮਨਦੀਪ ਨੂੰ ਵਾਪਸ ਲਿਉਣ ਦੀ ਪ੍ਰਕਿਰਿਆ ਕਿਵੇਂ ਸ਼ੁਰੂ ਕੀਤੀ ਜਾ ਸਕਦੀ।"
ਜਗਦੀਪ ਵੱਲੋਂ ਸੋਸ਼ਲ ਮੀਡੀਆ ਉੱਤੇ ਮਨਦੀਪ ਦੀ ਕਹਾਣੀ ਸਾਂਝੀ ਕੀਤੀ ਤਾਂ ਰੂਸ ਦੀ ਜੰਗ ਵਿੱਚ ਸ਼ਾਮਿਲ ਆਜ਼ਮਗੜ੍ਹ ਦੇ ਇੱਕ ਸ਼ਖ਼ਸ ਨੇ ਜਗਦੀਪ ਨਾਲ ਸੰਪਰਕ ਕੀਤਾ। ਜਗਦੀਪ ਨੇ ਫਿਰ ਦਿੱਲੀ ਜਾ ਕੇ ਵਿਦੇਸ਼ ਮੰਤਰਾਲੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ।
ਜਗਦੀਪ ਕਹਿੰਦੇ ਹਨ ਕਿ ਹੁਣ ਕੁਝ ਪਰਿਵਾਰਾਂ ਨੂੰ ਈਮੇਲਾਂ ਆਈਆਂ ਹਨ ਕਿ ਡੀਐੱਨਏ ਸੈਂਪਲ ਭੇਜੇ ਜਾਣ।
ਜਗਦੀਪ ਕਹਿੰਦੇ ਹਨ ਕਿ ਉਹ ਪੀੜਤ ਪਰਿਵਾਰਾਂ ਨਾਲ ਮਿਲ ਕੇ ਆਪਣਿਆਂ ਨੂੰ ਲੱਭਣ ਲਈ ਰੂਸ ਜਾਣ ਦੀ ਯੋਜਨਾ ਵੀ ਬਣਾ ਰਹੇ ਹਨ
ਰੂਸੀ ਦੂਤਾਵਾਸ ਨੇ ਕੀ ਕਿਹਾ ਸੀ
ਜੁਲਾਈ 2024 ਵਿੱਚ ਰੂਸੀ ਫ਼ੌਜ ਵਿੱਚ ਸ਼ਾਮਲ ਭਾਰਤੀਆਂ ਦੇ ਮੁੱਦੇ ਉੱਤੇ ਭਾਰਤ ਵਿਚਲੇ ਰੂਸੀ ਦੂਤਾਵਾਸ ਦਾ ਰਸਮੀ ਬਿਆਨ ਆਇਆ ਸੀ।
ਰੂਸੀ ਅਧਿਕਾਰੀ ਰੋਮਨ ਬਾਡੂਸ਼ਕਿਨ ਨੇ ਕਿਹਾ ਸੀ ਕਿ ਬਹੁਤੇ ਭਾਰਤੀਆਂ ਦਾ ਵੀਜ਼ਾ ਕਾਨੂੰਨੀ ਨਹੀਂ ਹੈ। ਰੂਸ ਨੇ ਜਾਣ-ਬੁੱਝ ਕੇ ਭਾਰਤੀਆਂ ਨੂੰ ਫੌਜ ਵਿੱਚ ਭਰਤੀ ਨਹੀਂ ਕੀਤਾ ਹੈ।
"ਉਹ ਜੰਗ ਵਿੱਚ ਕੋਈ ਭੂਮਿਕਾ ਵੀ ਅਦਾ ਨਹੀਂ ਕਰ ਰਹੇ ਹਨ। ਉਹ ਆਪਣੇ ਕਮਰਸ਼ੀਅਲ ਹਿੱਤਾਂ ਲਈ ਉੱਥੇ ਮੌਜੂਦ ਹਨ।ਰੂਸ, ਭਾਰਤ ਸਰਕਾਰ ਨਾਲ ਖੜ੍ਹਾ ਹੈ ਅਤੇ ਇਸ ਮਸਲੇ ਦਾ ਹੱਲ ਅਸਾਨੀ ਨਾਲ ਕੱਢਣ ਦਾ ਇਛੁੱਕ ਹੈ।"
ਰੂਸ ਦਾ ਇਹ ਬਿਆਨ ਭਾਰਤ-ਰੂਸ ਦੇ ਸਲਾਨਾ ਸੰਮੇਲਨ ਤੋਂ ਬਾਅਦ ਆਇਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ