You’re viewing a text-only version of this website that uses less data. View the main version of the website including all images and videos.
ਕੈਨੇਡਾ ਵਿੱਚ ਦੁਕਾਨਾਂ ਤੋਂ ਘਿਓ-ਮੱਖਣ ਚੋਰੀ ਕਰਨ ਦੇ ਇਲਜ਼ਾਮਾਂ ਵਿੱਚ 6 ਪੰਜਾਬੀ ਗ੍ਰਿਫ਼ਤਾਰ, ਕੀ ਹੈ ਪੂਰਾ ਮਾਮਲਾ
ਕੈਨੇਡਾ ਦੀ ਪੀਲ ਪੁਲਿਸ ਵੱਲੋਂ 60 ਹਜ਼ਾਰ ਡਾਲਰਾਂ (36,03,453 ਭਾਰਤੀ ਰੁਪਏ) ਦੇ ਦੇਸੀ ਘਿਓ ਦੀ ਚੋਰੀ ਦੇ ਇਲਜ਼ਾਮ ਤਹਿਤ 6 ਪੰਜਾਬੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਮੁਲਜ਼ਮਾਂ ਨੂੰ ਬ੍ਰੈਮਪਟਨ ਦੇ ਓਨਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ ਕੀਤੇ ਜਾਣਾ ਹੈ।
ਦਰਅਸਲ, ਪੀਲ ਪੁਲਿਸ ਵੱਲੋਂ ਜਾਰੀ ਕੀਤੀ ਗਈ ਮੀਡੀਆ ਰਿਲੀਜ਼ ਵਿੱਚ ਦੱਸਿਆ ਗਿਆ ਹੈ ਕਿ ਦਸੰਬਰ 2024 ਵਿੱਚ ਉਨ੍ਹਾਂ ਨੂੰ ਜਾਣਕਾਰੀ ਸੀ ਕਿ ਇੱਕ ਸਟੋਰ ਵਿੱਚੋਂ ਚੋਰੀ ਕਾਰਨ 60 ਹਜ਼ਾਰ ਡਾਲਰ ਦਾ ਨੁਕਸਾਨ ਹੋਇਆ ਹੈ।
ਇਹ ਸਾਲ 2023 ਦੇ ਮੁਕਾਬਲੇ 135 ਫੀਸਦ ਦੇ ਕਰੀਬ ਵਾਧਾ ਹੈ ਅਤੇ ਪੀਲ ਪੁਲਿਸ ਨੂੰ ਅਜਿਹੀਆਂ 180 ਤੋਂ ਵੱਧ ਘਟਨਾਵਾਂ ਦੀ ਸੂਚਨਾ ਮਿਲੀ ਹੈ।
ਇਸੇ ਦੇ ਤਹਿਤ ਉਨ੍ਹਾਂ ਨੇ ਪ੍ਰੋਜੈਕਟ ਫਲੈਰਿਟੀ ਨਾਮ ਦੇ ਹੇਠ ਇਨਵੈਸਟੀਗੇਸ਼ਨ ਕਰ ਦਿੱਤੀ ਸੀ।
ਬੀਤੇ ਬੁੱਧਵਾਰ ਨੂੰ ਪੀਲ ਪੁਲਿਸ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਫੜ ਲਿਆ ਹੈ, ਜਿਨ੍ਹਾਂ ਕੋਲੋਂ ਚੋਰੀ ਕੀਤਾ ਹੋਇਆ ਦੇਸੀ ਘਿਓ ਬਰਾਮਦ ਹੋਇਆ।
ਇਹ ਤਿੰਨੇ ਪੰਜਾਬੀ ਮੂਲ ਦੇ ਹਨ। ਪੁਲਿਸ ਵੱਲੋਂ ਇਨ੍ਹਾਂ ਦੇ ਨਾਮ 22 ਸਾਲਾ ਵਿਸ਼ਵਜੀਤ ਸਿੰਘ, 23 ਸਾਲਾ ਸੁਖਮੰਦਰ ਸਿੰਘ, 28 ਸਾਲਾ ਦਲਵਾਲ ਸਿੱਧੂ ਹਨ।
ਇਸ ਦੇ ਨਾਲ ਹੀ ਤਿੰਨ ਹੋਰ ਪੰਜਾਬੀ ਵਿਅਕਤੀ ਵੀ ਗ੍ਰਿਫਤਾਰ ਕੀਤੇ ਹਨ ਜਿਨ੍ਹਾਂ ’ਤੇ ਪੰਜ ਹਜ਼ਾਰ ਡਾਲਰ ਤੋਂ ਘੱਟ ਦੀ ਦੇਸੀ ਘਿਓ ਦੀ ਚੋਰੀ ਦੇ ਇਲਜ਼ਾਮ ਹੈ। ਇਨ੍ਹਾਂ ਦੀ ਪਛਾਣ 22 ਸਾਲਾ ਨਵਦੀਪ ਚੌਧਰੀ, 38 ਸਾਲਾ ਕਮਲਦੀਪ ਸਿੰਘ, ਅਤੇ 25 ਸਾਲਾ ਹਰਕੀਰਤ ਸਿੰਘ ਵਜੋਂ ਹੋਈ ਹੈ।
ਇਨ੍ਹਾਂ ਛੇ ਜਣਿਆਂ ਨੂੰ ਬਾਅਦ ਵਿੱਚ ਬਰੈਂਪਟਨ ਦੇ ਓਨਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ ਕੀਤਾ ਗਿਆ।
ਇਨ੍ਹਾਂ ਚੋਰੀ ਦੀਆਂ ਘਟਨਾਵਾਂ ਨੂੰ ਕੈਨੇਡਾ ਵਿੱਚ ਖਾਣੇ ਦੀਆਂ ਚੀਜ਼ਾਂ ਦੀ ਵਧਦੀ ਮਹਿੰਗਾਈ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ।
ਸੀਆਈਬੀ ਇਨ੍ਹਾਂ ਘਟਨਾਵਾਂ ਦੀ ਜਾਂਚ ਅਜੇ ਵੀ ਜਾਰੀ ਰੱਖ ਰਹੀ ਹੈ। ਇਸ ਮਾਮਲੇ ਵਿੱਚ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਚੋਰੀ ਕੀਤੇ ਹੋਏ ਉਤਪਾਦਾਂ ਨੂੰ ਕੌਣ ਲੈ ਰਿਹਾ ਹੈ।
ਘਿਓ-ਮੱਖਣ ਦੀ ਚੋਰੀ ਦੁਕਾਨਦਾਰਾਂ ਲਈ ਬਣੀ ਸਿਰਦਰਦੀ
ਬੀਬੀਸੀ ਪੱਤਰਕਾਰ ਖੁਸ਼ਹਾਲ ਲਾਲੀ ਨੇ ਕੁਝ ਮਹੀਨੇ ਪਹਿਲਾਂ ਕੀਤੀ ਆਪਣੀ ਕੈਨੇਡਾ ਫੇਰੀ ਦੌਰਾਨ ਦੇਖਿਆ ਕਿ ਗਰੋਸਰੀ ਸਟੋਰਾਂ (ਰਾਸ਼ਨ ਵਾਲੇ ਸੋਟਰ) ਵਿੱਚ ਹੋਰਨਾਂ ਸਮਾਨਾਂ ਦੇ ਉਲਟ ਦੇਸੀ ਘਿਓ ਅਤੇ ਮੱਖਣ ਨੂੰ ਲੌਕ ਲਗਾ ਕੇ ਰੱਖਿਆ ਜਾਂਦਾ ਹੈ।
ਜਦੋਂ ਦੁਕਾਨਦਾਰਾਂ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਬਾਕੀ ਸਾਮਾਨ ਦੀ ਥਾਂ ਘਿਓ ਤੇ ਮੱਖਣ ਉਨ੍ਹਾਂ ਦੇ ਸਟੋਰਾਂ ਤੋਂ ਵੱਧ ਚੋਰੀ ਹੁੰਦਾ ਹੈ, ਇਸ ਕਰਕੇ ਉਨ੍ਹਾਂ ਨੂੰ ਤਾਲਾ ਲਾ ਕੇ ਰੱਖਣਾ ਪੈਂਦਾ ਹੈ।
ਇਸ ਤੋਂ ਇਲਾਵਾ ਜਦੋਂ ਰਾਸ਼ਨ ਦਾ ਬਿੱਲ ਬਣਦਾ ਹੈ ਤਾਂ ਉਸ ਤੋਂ ਬਾਅਦ ਖਰੀਦੇ ਗਏ ਸਮਾਨ ਨੂੰ ਬਾਹਰ ਲੈ ਕੇ ਜਾਣ ਵੇਲੇ ਕੋਈ ਜਾਂਚ ਨਹੀਂ ਹੁੰਦੀ ਹੈ।
ਇਸ ਦੇ ਨਾਲ ਹੀ ਖਰੀਦੇ ਗਏ ਸਮਾਨ ਦਾ ਬਿੱਲ ਨਾਲ ਕੋਈ ਮੇਲ ਨਹੀਂ ਕਰਦਾ ਇਸ ਲਈ ਚੋਰੀ ਕੀਤੇ ਸਮਾਨ ਨੂੰ ਲੈ ਕੇ ਜਾਣਾ ਹੋਰ ਵੀ ਸੌਖਾ ਹੋ ਜਾਂਦਾ ਹੈ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨਿਤ ਚੋਰੀ ਹੋ ਰਹੇ ਘਿਓ-ਮੱਖਣ ਕਾਰਨ ਉਨ੍ਹਾਂ ਨੂੰ ਖ਼ਾਸਾ ਨੁਕਸਾਨ ਝੱਲਣਾ ਪੈਂਦਾ ਹੈ ਅਤੇ ਉਹ ਚਾਹੁੰਦੇ ਹਨ ਕਿ ਇਸ ਦਾ ਕੋਈ ਸਥਾਈ ਹੱਲ ਹੋਣਾ ਚਾਹੀਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ