You’re viewing a text-only version of this website that uses less data. View the main version of the website including all images and videos.
ਯੂਰਪ ਵਿੱਚ ਯਾਤਰਾ ਦੀ ਪਲਾਨਿੰਗ ਕਰ ਰਹੇ ਹੋ ਤਾਂ ਇਨ੍ਹਾਂ ਨਵੇਂ ਨਿਯਮਾਂ ਨੂੰ ਪਹਿਲਾਂ ਜਾਣ ਲਵੋ
- ਲੇਖਕ, ਲਿਨ ਬ੍ਰਾਊਨ
- ਰੋਲ, ਬੀਬੀਸੀ ਨਿਊਜ਼
ਬਹੁਤ ਸਾਰੇ ਕੌਮਾਂਤਰੀ ਯਾਤਰੀਆਂ ਨੂੰ ਜਲਦੀ ਹੀ ਯੂਕੇ ਜਾਂ ਕਈ ਯੂਰਪੀਅਨ ਯੂਨੀਅਨ (ਈਯੂ) ਦੇਸ਼ਾਂ ਵਿੱਚ ਜਾਣ ਤੋਂ ਪਹਿਲਾਂ ਔਨਲਾਈਨ ਰਜਿਸਟਰ ਕਰਨਾ ਪਵੇਗਾ।
ਯੂਕੇ ਦੀ ਯਾਤਰਾ ਦੀ ਯੋਜਨਾ ਬਣਾ ਰਹੇ ਲੱਖਾਂ ਯਾਤਰੀਆਂ ਨੂੰ ਯੂਕੇ ਦੀ ਧਰਤੀ ʼਤੇ ਪੈਰ ਰੱਖਣ ਤੋਂ ਪਹਿਲਾਂ ਔਨਲਾਈਨ ਓਥੋਰਾਈਜੇਸ਼ਨ ਲਈ ਰਜਿਸਟਰ ਕਰਨ ਦੀ ਲੋੜ ਹੋਵੇਗੀ, ਫਿਰ ਭਾਵੇਂ ਕਿਸੇ ਦੂਜੇ ਦੇਸ਼ ਜਾਣ ਲਈ ਹੀ ਉੱਥੇ ਉਨ੍ਹਾਂ ਦਾ ਸਟੇਅ ਹੀ ਕਿਉਂ ਨਾ ਹੋਵੇ।
8 ਜਨਵਰੀ 2025 ਤੋਂ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਹੋਰ ਗ਼ੈਰ-ਯੂਰਪੀਅਨ ਦੇਸ਼ਾਂ ਦੇ ਸੈਲਾਨੀ ਜਿਨ੍ਹਾਂ ਨੂੰ ਵਰਤਮਾਨ ਵਿੱਚ ਯੂਕੇ ਵਿੱਚ ਥੋੜ੍ਹੇ ਸਮੇਂ ਦੇ ਠਹਿਰਾਅ ਲਈ ਵੀਜ਼ੇ ਦੀ ਲੋੜ ਨਹੀਂ ਹੁੰਦੀ, ਹੁਣ ਉਨ੍ਹਾਂ ਨੂੰ ਵੀ ਦੇਸ਼ ਵਿੱਚ ਦਾਖ਼ਲ ਹੋਣ ਲਈ ਇੱਕ ਇਲੈਕਟ੍ਰਾਨਿਕ ਟਰੈਵਲ ਓਥੋਰਾਈਜੇਸ਼ਨ (ਈਟੀਏ) ਦੀ ਲੋੜ ਪਵੇਗੀ।
ਈਟੀਏ ਲਈ ਯਾਤਰੀ ਨੂੰ ਔਨਲਾਈਨ ਫਾਰਮ ਭਰਨਾ ਪਵੇਗਾ ਅਤੇ ਇਸ ਲਈ 10 ਪਾਉਂਡ (ਕਰੀਬ 1100 ਰੁਪਏ) ਦੀ ਫੀਸ ਵੀ ਰੱਖੀ ਗਈ ਹੈ।
ਬਿਨੇਕਾਰਾਂ ਨੂੰ ਕੁਝ ਘੰਟਿਆਂ ਵਿੱਚ ਹੀ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਦੀ ਓਥੋਰਾਈਜੇਸ਼ਨ ਨੂੰ ਮਨਜ਼ੂਰੀ ਦਿੱਤੀ ਗਈ ਹੈ ਪਰ ਕਈ ਮਾਮਲਿਆਂ ਵਿੱਚ ਫ਼ੈਸਲਾ ਲੈਣ ਲਈ 3 ਕੰਮਕਾਜ਼ੀ ਦਿਨਾਂ ਦਾ ਵਕਤ ਵੀ ਲੱਗ ਸਕਦਾ ਹੈ।
ਓਥੋਰਾਈਜੇਸ਼ਨ ਯੂਕੇ ਵਿੱਚ 6 ਮਹੀਨਿਆਂ ਤੱਕ ਮਲਟੀਪਲ ਐਂਟਰੀਜ਼ ਲਈ ਅਤੇ ਦੋ ਸਾਲਾਂ ਦੀ ਮਿਆਦ ਲਈ ਜਾਂ ਯਾਤਰੀ ਦੇ ਪਾਸਪੋਰਟ ਦੀ ਮਿਆਦ ਪੁੱਗਣ (ਜੋ ਵੀ ਪਹਿਲਾਂ ਆ ਜਾਵੇ) ਤੱਕ ਵੈਧ ਰਹੇਗਾ।
ਇਹ ਨਵਾਂ ਓਥੋਰਾਈਜੇਸ਼ਨ ਸਿਰਫ਼ ਗ਼ੈਰ-ਯੂਰਪੀ ਲੋਕਾਂ ਲਈ ਹੀ ਨਹੀਂ ਹੈ, ਬਲਕਿ 2 ਅਪ੍ਰੈਲ, 2025 ਤੋਂ ਯੂਰਪੀ ਸੰਘ ਦੇ ਲੋਕਾਂ ਨੂੰ ਵੀ ਯੂਕੇ ਵਿੱਚ ਦਾਖ਼ਲ ਹੋਣ ਲਈ ਈਟੀਏ ਕਰਵਾਉਣਾ ਪਵੇਗਾ।
ਹਾਲਾਂਕਿ, ਇਸ ਲਈ ਯੂਕੇ, ਆਇਰਲੈਂਡ ਅਤੇ ਵੈਧ ਯੂਕੇ ਵੀਜ਼ਾ ਵਾਲੇ ਲੋਕਾਂ ਨੂੰ ਇਸ ਰਾਹਤ ਰਹੇਗੀ।
ਇਸ ਦਾ ਉਦੇਸ਼
ਯੂਕੇ ਸਰਕਾਰ ਦੇ ਗ੍ਰਹਿ ਦਫ਼ਤਰ ਮੁਤਾਬਕ, ਈਟੀਏ ਸਕੀਮ (ਜੋ ਪਹਿਲਾਂ 7 ਮੱਧ ਪੂਰਵੀ ਦੇਸ਼ਾਂ ਦੇ ਨਾਗਰਿਕਾਂ ʼਤੇ ਲਾਗੂ ਸੀ) ਦੇ ਵਿਸਥਾਰ ਦਾ ਉਦੇਸ਼ ਯਾਤਰੀਆਂ ਦੀ ਉਨ੍ਹਾਂ ਦੇ ਮੂਲ ਦੇਸ਼ ਨੂੰ ਛੱਡਣ ਤੋਂ ਪਹਿਲਾਂ ਯੂਕੇ ਵਿੱਚ ਪ੍ਰਵੇਸ਼ ਕਰਨ ਦੀ ਯੋਗਤਾ ਦੀ ਤਸਦੀਕ ਕਰ ਕੇ ਇੱਕ ਵਧੇਰੇ ਸੁਚਾਰੂ ਪ੍ਰਵੇਸ਼ ਪ੍ਰਣਾਲੀ ਬਣਾਉਣਾ ਹੈ।
ਜਦੋਂ ਤੁਸੀਂ ਯੂਕੇ ਲਈ ਜਹਾਜ਼ ਵਿੱਚ ਸਵਾਰ ਹੋਵੋਗੇ ਤਾਂ ਗੇਟ ʼਤੇ ਖੜ੍ਹੇ ਏਜੰਟ ਤੁਹਾਡੇ ਪਾਸਪੋਰਟ ਦੇ ਡਿਜੀਟਲ ਲਿੰਕ ਰਾਹੀਂ ਤੁਹਾਡੇ ਈਟੀਏ ਸਥਿਤੀ ਦੀ ਪੁਸ਼ਟੀ ਕਰਨਗੇ, ਜਿਸ ਨਾਲ ਬਾਰਡਰ ਕ੍ਰਾਸਿੰਗਾਂ 'ਤੇ ਸਮਾਂ ਅਤੇ ਉਲਝਣ ਘਟੇਗੀ।
ਹੋਮ ਆਫਿਸ ਦਾ ਇਹ ਵੀ ਕਹਿਣਾ ਹੈ ਕਿ ਅਰਜ਼ੀਆਂ ਦੀ ਪ੍ਰਕਿਰਿਆ ਦੌਰਾਨ ਇਕੱਠੇ ਕੀਤੇ ਗਏ ਬਾਓਗ੍ਰਾਫਿਕ, ਬਾਇਓਮੈਟ੍ਰਿਕ ਅਤੇ ਸੰਪਰਕ ਵੇਰਵੇ ਵੀ ਯਾਤਰੀਆਂ ਦੀਆਂ ਗਤੀਵਿਧੀਆਂ ਨੂੰ ਬਿਹਤਰ ਢੰਗ ਨਾਲ ਟਰੈਕ ਕਰਕੇ ਸੁਰੱਖਿਆ ਨੂੰ ਵਧਾਉਣ ਵਿੱਚ ਮਦਦ ਕਰਨਗੇ।
ਯੂਕੇ ਦੇ ਮਾਈਗ੍ਰੇਸ਼ਨ ਅਤੇ ਸਿਟੀਜ਼ਨ ਮਾਮਲਿਆਂ ਦੀ ਮੰਤਰੀ ਸੀਮਾ ਮਲਹੋਤਰਾ ਨੇ ਬਿਆਨ ਵਿੱਚ ਕਿਹਾ ਹੈ, "ਈਟੀਏ ਦਾ ਇਹ ਵਿਸਥਾਰ ਇੱਕ ਅਜਿਹੀ ਸੀਮਾ ਪ੍ਰਦਾਨ ਕਰਨ ਦੀ ਦਿਸ਼ਾ ਵੱਲ ਇੱਕ ਅਹਿਮ ਕਦਮ ਹੈ ਜੋ ਕੁਸ਼ਲ ਅਤੇ ਡਿਜੀਟਲ ਦੁਨੀਆਂ ਲਈ ਲਾਹੇਵੰਦ ਹੈ।"
"ਯੂਕੇ ਵਿੱਚ ਲੋਕਾਂ ਦੇ ਪੈਰ ਪੈਣ ਤੋਂ ਪਹਿਲਾਂ ਮਾੜੀ-ਮੋਟੀ ਸਕ੍ਰੀਨਿੰਗ ਰਾਹੀਂ ਹੀ ਅਸੀਂ ਆਪਣੇ ਦੇਸ਼ ਨੂੰ ਸੁਰੱਖਿਅਤ ਰੱਖਾਂਗੇ ਅਤੇ ਇਹ ਯਕੀਨੀ ਬਣਾਵਾਂਗੇ ਕਿ ਯਾਤਰੀਆਂ ਨੂੰ ਇੱਕ ਸਹਿਜ ਹਵਾਈ ਯਾਤਰਾ ਦਾ ਤਜਰਬਾ ਮਿਲੇ।"
ਯੂਕੇ ਦਾ ਈਟੀਏ ਵਿਸਥਾਰ ਦੁਨੀਆਂ ਭਰ ਵਿੱਚ ਸ਼ੁਰੂ ਕੀਤੇ ਜਾ ਰਹੇ ਕਈ ਨਵੇਂ ਇਲੈਕਟ੍ਰਾਨਿਕ ਐਂਟਰੀ ਪ੍ਰੋਗਰਾਮਾਂ ਦਾ ਇੱਕ ਉਦਾਹਰਣ ਮਾਤਰ ਹੈ।
ਯੂਰਪੀ ਸੰਘ ਦੇ ਦੇਸ਼ਾਂ ਲਈ ਵੀ ਹੋਵੇਗੀ ਓਥੋਰਾਈਜੇਸ਼ਨ
30 ਈਯੂ ਦੇਸ਼ਾਂ ਵਿੱਚ ਐਂਟਰੀ ਲਈ ਸਾਲ 2025 ਦੀ ਬਸੰਤ ਤੋਂ ਇੱਕ ਅਜਿਹਾ ਕਦਮ ਚੁੱਕਿਆ ਜਾ ਰਿਹਾ ਹੈ। ਈਯੂ ਨੂੰ 60 ਦੇਸ਼ਾਂ (ਇਨ੍ਹਾਂ ਵਿੱਚ ਯੂਕੇ, ਯੂਐੱਸ, ਕੈਨੇਡਾ ਅਤੇ ਆਸਟ੍ਰੇਲੀਆ ਵੀ ਸ਼ਾਮਲ ਹੈ) ਦੇ ਵੀਜ਼ਾ ਫ੍ਰੀ ਵਿਦੇਸ਼ੀਆਂ ਲਈ ਇੱਕ ਨਵੇਂ ਯਾਤਰੀ ਓਥੋਰਾਈਜੇਸ਼ਨ ਦੀ ਲੋੜ ਹੋਵੇਗੀ।
ਈਟੀਏ ਵਾਂਗ ਹੀ ਇਸ ਨਵੇਂ ਪ੍ਰੋਗਰਾਮ ਨੂੰ ਯੂਰਪੀਅਨ ਟ੍ਰੈਵਲ ਇਨਫੋਰਮੇਸ਼ਨ ਐਂਡ ਓਥੋਰਾਈਜੇਸ਼ਨ ਸਿਸਟਮ (ਈਟੀਆਈਏਐੱਸ) ਦਾ ਨਾਮ ਦਿੱਤਾ ਹੈ।
ਇਸ ਦੇ ਤਹਿਤ ਥੋੜ੍ਹੇ ਸਮੇਂ ਲਈ ਆਉਣ ਵਾਲੇ ਯਾਤਰੀਆਂ ਨੂੰ ਔਨਲਾਈਨ ਅਰਜ਼ੀ ਭਰਨੀ ਹੋਵੇਗੀ ਅਤੇ 7 ਪਾਉਂਡ (ਕਰੀਬ 654 ਰੁਪਏ) ਦੀ ਫੀਸ ਅਦਾ ਕਰਨੀ ਹੋਵੇਗੀ।
ਇਸ ਤੋਂ ਬਾਅਦ ਅਰਜ਼ੀ ਦੀ ਮਨਜ਼ੂਰੀ ਲਈ 96 ਘੰਟਿਆਂ ਦਾ ਇੰਤਜ਼ਾਰ ਕਰਨ ਪਵੇਗਾ।
ਯੂਰਪੀ ਸੰਘ ਐਂਟਰੀ/ਐਗਜ਼ਿਟ ਸਿਸਟਮ (ਈਈਐੱਸ) ਨਾਮ ਨਾਲ ਇੱਕ ਵੱਖਰਾ ਡਿਜੀਟਲ ਨਿਗਰਾਨੀ ਪਹਿਲ ਕਰਨ ਜਾ ਰਿਹਾ ਹੈ, ਜੋ ਗ਼ੈਰ-ਯੂਰਪੀ ਸੰਘ ਦੇ ਨਾਗਰਿਕਾਂ ਦੀ ਪਛਾਣ ਕਰਨ ਲਈ ਪਾਸਪੋਰਟ ਦੀ ਬਜਾਇ ਚਿਹਰੇ ਅਤੇ ਫਿੰਗਰਪ੍ਰਿੰਟ ਸਕੈਨ ਦੀ ਵਰਤੋਂ ਕਰੇਗਾ।
ਈਟੀਆਈਏਐੱਸ ਦੇ ਉਲਟ ਇਹ ਨਵਾਂ ਸੁਰੱਖਿਆ ਕਦਮ (ਜਿਸ ਨੂੰ ਨਵੰਬਰ 2024 ਤੋਂ ਲਾਗੂ ਕਰਨਾ ਸੀ, ਪਰ 2025 ਲਈ ਟਾਲ ਦਿੱਤਾ ਗਿਆ) ਯਾਤਰੀਆਂ ਨੂੰ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਵੀ ਚੀਜ਼ ਲਈ ਅਰਜ਼ ਦੇਣ ਦੀ ਲੋੜ ਨਹੀਂ ਹੈ।
ਇਸ ਦੀ ਬਜਾਇ ਸਿਸਟਮ ਦੀ ਵਰਤੋਂ ਕਰ ਕੇ 29 ਯੂਰਪੀ ਸੰਘ ਦੇਸ਼ਾਂ ਵਿੱਚੋਂ ਕਿਸੇ ਦੇਸ਼ ਵਿੱਚ ਵੀ ਐਂਟਰੀ ਕਰਨ ʼਤੇ ਯਾਤਰੀਆਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ।
ਈਯੂ ਟ੍ਰੇਵਲ ਇਨਫਾਰਮੇਸ਼ਨ ਵੈਬਸਾਈਟ ਮੁਤਾਬਕ, ਈਈਐੱਸ ਦਾ ਉਦੇਸ਼ ਬਾਰਡਰ ਪਾਰ ਕਰਨ ਦਾ ਆਧੁਨਿਕੀਕਰਨ ਕਰਨਾ ਅਤੇ ਲੰਬੀਆਂ ਇਮੀਗ੍ਰੇਸ਼ਨ ਲਾਈਨਾਂ ਨੂੰ ਤੇਜ਼ੀ ਨਾਲ ਨਿਪਟਾਉਣਾ ਹੈ ਜੋ ਮਹਾਂਮਾਰੀ ਤੋਂ ਬਾਅਦ ਵਧੀਆਂ ਹਨ।
ਆਲੋਚਕਾਂ ਦੀ ਰਾਇ
ਵਿਸ਼ਵ ਭਰ ਵਿੱਚ ਸਾਲਾਂ ਤੋਂ ਲਾਗੂ ਹੋਰ ਡਿਜ਼ੀਟਲ ਐਂਟਰੀ ਪ੍ਰਣਾਲੀਆਂ ਵਾਂਗ ( ਜਿਵੇਂ ਕਿ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਵਿੱਚ) ਨਵੀਂ ਐਂਟਰੀ ਪ੍ਰਣਾਲੀ ਦਾ ਉਦੇਸ਼ ਪਛਾਣ ਦੀ ਧੋਖਾਧੜੀ ਅਤੇ ਈਯੂ ਵਿੱਚ ਵੱਧ ਰਹਿਣ ਵਾਲੇ ਲੋਕਾਂ ਦੀ ਗਿਣਤੀ ਨਾਲ ਨਜਿੱਠਣਾ ਵੀ ਹੈ।
ਹਾਲਾਂਕਿ, ਸਰਹੱਦ ਟੱਪਣ ਲਈ ਡਿਜੀਟਲ ਹੋਣ ਦੀਆਂ ਵਧੇਰੇ ਨੀਤੀਆਂ ਤੋਂ ਹਰ ਕੋਈ ਖੁਸ਼ ਨਹੀਂ ਹੈ।
ਵਿਸਤ੍ਰਿਤ ਈਟੀਏ ਸਕੀਮ ਦੇ ਆਲੋਚਕ ਚਿੰਤਤ ਹਨ ਕਿ ਵਾਧੂ ਪ੍ਰਕਿਰਿਆ ਅਤੇ ਫੀਸ ਛੋਟੇ ਤੇ ਘੱਟ ਅਮੀਰ ਯਾਤਰੀਆਂ ਲਈ ਇੱਕ ਰੁਕਾਵਟ ਹੋ ਸਕਦੀ ਹੈ।
ਹੋਰਨਾਂ ਨੂੰ ਚਿੰਤਾ ਹੈ ਕਿ ਜਿਵੇਂ ਕਿ ਰਾਸ਼ਟਰ ਅਤੇ ਖੇਤਰ ਔਨਲਾਈਨ ਐਂਟਰੀ ਫਾਰਮਾਂ ਵੱਲ ਵਧ ਰਹੇ ਹਨ ਅਤੇ ਇਸ ਨਾਲ ਹੁਣ ਪਾਸਪੋਰਟ ਸਟੈਂਪ ਨਹੀਂ ਲੱਗੇਗੀ, ਜਿਸ ਦੀ ਲੰਬੇ ਸਮੇਂ ਤੋਂ ਯਾਤਰੀਆਂ ਵਿੱਚ ਇੱਕ ਭਾਵਨਾਤਮਕ ਥਾਂ ਰਹੀ ਹੈ। ਜੇਕਰ ਕੋਈ ਤਕਨੀਕੀ ਗੜਬੜ ਹੋ ਜਾਂਦੀ ਹੈ ਤਾਂ ਕੀ ਹੋਵੇਗਾ, ਇਸ ਬਾਰੇ ਵੀ ਇੱਕ ਆਮ ਚਿੰਤਾ ਵੀ ਹੈ।
ਅਕਸਰ ਯਾਤਰਾ ਕਰਨ ਵਾਲੇ ਕੀਤਾ ਜੀਨ ਕਹਿੰਦੇ ਹਨ, "ਮੈਂ ਯਾਤਰਾ (ਡਿਜੀਟਲਾਈਜੇਸ਼ਨ) ਬਾਰੇ ਉਦਾਸ ਅਤੇ ਚਿੰਤਤ ਹਾਂ। ਪਾਸਪੋਰਟ ʼਤੇ ਸਟੈਂਪ ਲੱਗਣਾ ਯਾਦਾਂ ਦਾ ਦਸਤਾਵੇਜ਼ ਬਣਾਉਂਦੀਆਂ ਹੈ ਅਤੇ ਸ਼ਾਨਦਾਰ ਯਾਦਗਾਰ ਹੁੰਦੀ ਹੈ। ਇਸ ਦੇ ਨਾਲ ਹੀ ਇਹ ਪ੍ਰਕਿਰਿਆ ਅਤੇ ਤਕਨੀਕ ਦੇ ਫੇਲ੍ਹ ਹੋਣ ʼਤੇ ਵੀ ਵਧੀਆ ਰਹਿੰਦੀ ਹੈ।"
ਕੀਤਾ ਨੋਮੈਡਨੇਸ ਟ੍ਰੈਵਲ ਟ੍ਰਾਈਬ ਦੀ ਮੈਂਬਰ ਵੀ ਹਨ।
ਜਿਵੇਂ ਕਿ ਹੋਰ ਥਾਵਾਂ ਉੱਤੇ ਡਿਜੀਟਲ ਐਂਟਰੀ ਪ੍ਰਣਾਲੀਆਂ ਅਤੇ ਫੀਸਾਂ ਲਾਗੂ ਕੀਤੀਆਂ ਜਾ ਰਹੀਆਂ ਹਨ, ਕੇਵਲ ਸਮੇਂ ਹੀ ਦੱਸੇਗਾ ਕਿ ਕੀ ਇਹ ਨਵੇਂ ਬਦਲਾਅ ਸਰਹੱਦ ਟੱਪਣ ਨੂੰ ਵਧੇਰੇ ਕਾਰਗਰ ਬਣਾਉਣ ਵਿੱਚ ਸਹਾਇਕ ਹੋਣਗੇ ਜਾਂ ਯਾਤਰੀ ਇਨ੍ਹਾਂ ਨੂੰ ਅਕੁਸ਼ਲ ਅਤੇ ਬੇਲੋੜੀ ਪ੍ਰਕਿਰਿਆ ਵਜੋਂ ਦੇਖਣਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ