ਕੈਨੇਡਾ : ਬੱਚਿਆਂ ਕੋਲ ਜਾ ਵੱਸਣ ਦੇ ਇਛੁੱਕ ਲੋਕਾਂ ਲਈ ਖੜੀ ਹੋਈ ਨਵੀਂ ਮੁਸ਼ਕਿਲ, ਟਰੂਡੋ ਸਰਕਾਰ ਨੇ ਕਿਹੜਾ ਨਵਾਂ ਫ਼ੈਸਲਾ ਲਿਆ

ਬੀਤੇ ਛੇ ਮਹੀਨਿਆਂ ਵਿੱਚ ਕੈਨੇਡਾ ਵਲੋਂ ਉੱਥੇ ਰਹਿਣ ਜਾਂ ਆਉਣ ਵਾਲੇ ਪ੍ਰਵਾਸੀਆਂ ਲਈ ਬਹੁਤ ਸਾਰੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਇੱਕ ਹੋਰ ਅਜਿਹੇ ਹੀ ਨਿਰਦੇਸ਼ ਤਹਿਤ ਕੈਨੇਡਾ ਨੇ ਮਾਪਿਆਂ ਅਤੇ ਗਰੈਂਡਪੈਰੇਂਟਸ ਦੀ ਪੀਆਰ ਸਪੌਂਸਰਸ਼ਿਪ ਅਰਜ਼ੀਆਂ 'ਤੇ ਰੋਕ ਲੱਗਾ ਦਿੱਤੀ ਹੈ।

ਅਸਰ ਵਜੋਂ ਹੁਣ ਕੈਨੇਡਾ ਵਿੱਚ ਰਹਿ ਰਹੇ ਪੱਕੇ ਵਸਨੀਕਾਂ ਦੇ ਮਾਪੇ ਅਤੇ ਗਰੈਂਡਪੈਰੇਂਟਸ ਪੀਆਰ ਨਹੀਂ ਹਾਸਲ ਕਰ ਸਕਣਗੇ।

ਇਸ ਨਿਰਦੇਸ਼ ਮੁਤਾਬਕ ਕੈਨੇਡਾ ਦਾ ਡਿਪਾਰਟਮੈਂਟ ਆਫ ਸਿਟਿਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਮਾਪਿਆਂ ਅਤੇ ਗਰੈਂਡਪੈਰੈਂਟਸ ਦੀਆਂ ਸਪੌਂਸਰਸ਼ਿਪ ਦੀਆਂ ਉਨ੍ਹਾਂ ਅਰਜ਼ੀਆਂ ਦੀ ਹੀ ਪ੍ਰਕਿਰਿਆ ਪੂਰੀ ਕਰੇਗਾ ਜਿਹੜੀਆਂ ਕਿ ਸਾਲ 2024 ਵਿੱਚ ਹਾਸਲ ਹੋਈਆਂ ਸਨ।

ਇਹ ਨਿਰਦੇਸ਼ ਅਗਲੀ ਜਾਣਕਾਰੀ ਤੱਕ ਲਾਗੂ ਰਹਿਣਗੇ।

ਕੈਨੇਡਾ ਵਿੱਚ ਮਾਪਿਆਂ ਅਤੇ ਗਰੈਂਡਪੈਰੇਂਟਸ ਦੀਆਂ ਪੀਆਰ ਅਰਜ਼ੀਆਂ ਫੈਮਲੀ ਕਲਾਸ ਕੈਟੇਗਰੀ ਤਹਿਤ ਆਉਂਦੀਆਂ ਹਨ।

ਜਾਰੀ ਕੀਤੇ ਗਏ ਨਿਰਦੇਸ਼ 'ਚ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਇਸ ਨਾਲ ਸਰਕਾਰ ਨੂੰ ਇਮੀਗ੍ਰੇਸ਼ਨ ਅਤੇ ਫੈਮਲੀ ਯੂਨੀਫਿਕੇਸ਼ਨ ( ਪਰਿਵਾਰਾਂ ਦੇ ਮਿਲਾਪ) ਦੇ ਆਲੇ ਦੁਆਲੇ ਦੇ ਟੀਚਿਆਂ ਨੂੰ "ਸਭ ਤੋਂ ਵਧੀਆ ਸਮਰਥਨ" ਮਿਲੇਗਾ।

ਮੌਜੂਦਾ ਬੈਕਲਾਗ ਦੇ ਮਸਲੇ ਨੂੰ ਹੱਲ ਕਰਨ ਲਈ ਹੋਰ ਇਮੀਗ੍ਰੇਸ਼ਨ ਸਟ੍ਰੀਮਜ਼ ਹੇਠ ਆਉਂਦੀਆਂ ਨਵੀਆਂ ਸਪਾਂਸਰਸ਼ਿਪਾਂ ਨੂੰ ਵੀ ਰੋਕਿਆ ਗਿਆ ਹੈ।

ਅਗਲੇ ਤਿੰਨ ਸਾਲਾਂ 'ਚ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਲਈ ਬਣਾਈ ਗਈ ਸਰਕਾਰ ਦੀ ਇਮੀਗ੍ਰੇਸ਼ਨ ਯੋਜਨਾ ਦੇ ਤਹਿਤ ਇਸ ਸਾਲ ਪੈਰੇਂਟਸ ਤੇ ਗਰੈਂਡਪੈਰੇਂਟਸ ਸਟ੍ਰੀਮ ਰਾਹੀਂ 24,000 ਤੋਂ ਵੱਧ ਲੋਕਾਂ ਨੂੰ ਦੇਸ ਵਿੱਚ ਦਾਖਲ ਹੋਣ ਦੇਣ ਦਾ ਟੀਚਾ ਹੈ।

ਜ਼ਿਕਰਯੋਗ ਹੈ ਕਿ ਇਸ ਪ੍ਰੋਗਰਾਮ ਦੇ ਤਹਿਤ ਸਾਲ 2024 ਵਿੱਚ ਰੈਂਡਮਲੀ ਚੁਣੇ ਗਏ 35,700 ਲੋਕਾਂ ਨੂੰ ਅਜਿਹੀਆਂ ਅਰਜ਼ੀਆਂ ਜਮ੍ਹਾਂ ਕਰਾਉਣ ਲਈ ਸੱਦਾ ਦਿੱਤਾ ਗਿਆ ਸੀ।

ਇਨ੍ਹਾਂ ਅਰਜ਼ੀਆਂ 'ਚੋ 20,500 ਅਰਜ਼ੀਆਂ ਨੂੰ ਸਵੀਕਾਰ ਕਰਨ ਦਾ ਟੀਚਾ ਮਿਥਿਆ ਗਿਆ ਸੀ।

ਪਰ ਹੁਣ ਨਵੇਂ ਨਿਰਦੇਸ਼ ਵਿੱਚ ਕਿਹਾ ਗਿਆ ਹੈ ਕਿ 2024 ਵਿਚ ਫੈਮਿਲੀ ਯੂਨੀਫਿਕੇਸ਼ਨ ਪ੍ਰੋਗਰਾਮ ਰਾਹੀਂ ਦਿੱਤੀਆਂ ਗਈਆਂ ਵੱਧ ਤੋਂ ਵੱਧ 15,000 ਅਰਜ਼ੀਆਂ 'ਤੇ ਕਾਰਵਾਈ ਕੀਤੀ ਜਾਵੇਗੀ।

ਮਿਲਰ ਦੁਆਰਾ ਸੰਸਦ 'ਚ ਪੇਸ਼ ਕੀਤੀ ਗਈ 2024 ਦੀ ਇਮੀਗ੍ਰੇਸ਼ਨ ਰਿਪੋਰਟ ਦੇ ਅਨੁਸਾਰ, 2023 ਦੇ ਅੰਤ ਤੱਕ 40,000 ਤੋਂ ਵੱਧ ਪੈਰੇਂਟਸ ਤੇ ਗਰੈਂਡਪੈਰੇਂਟਸ ਪੀਆਰ ਸਪੌਂਸਰਸ਼ਿਪ ਅਰਜ਼ੀਆਂ ਬੈਕਲੋਗ 'ਚ ਹਨ।

ਇਹ ਰਿਪੋਰਟ ਅਨੁਸਾਰ ਸਪੌਂਸਰਸ਼ਿਪ ਅਰਜ਼ੀ ਲਈ ਔਸਤ ਪ੍ਰਕਿਰਿਆ ਦਾ ਸਮਾਂ 24 ਮਹੀਨੇ ਦਾ ਸੀ।

ਕੈਨੇਡਾ ਅਤੇ ਪਰਵਾਸ

ਬੀਤੇ ਸਮੇਂ ਦੌਰਾਨ ਪਰਵਾਸੀਆਂ ਦੀ ਵੱਧਦੀ ਆਮਦ ਅਤੇ ਇਸ ਕਾਰਨ ਰਿਹਾਇਸ਼ ਅਤੇ ਅਰਥਚਾਰੇ ਉੱਤੇ ਪਿਆ ਸੰਭਾਵਤ ਅਸਰ ਕੈਨੇਡੀਆਈ ਸਿਆਸਤ ਦੇ ਮੁੱਖ ਮੁੱਦਿਆਂ ਵਿੱਚ ਰਿਹਾ ਹੈ।

ਇਸ ਕਾਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਕੈਨੇਡੀਆਈ ਸਰਕਾਰ ਵੱਲੋਂ ਕਈ ਅਹਿਮ ਫ਼ੈਸਲੇ ਲਏ ਗਏ ਹਨ।

ਜਿਨ੍ਹਾਂ ਦਾ ਅਸਰ ਕੈਨੇਡਾ ਵਿੱਚ ਰਹਿੰਦੇ ਕੌਮਾਂਤਰੀ ਵਿਦਿਆਰਥੀਆਂ ਅਤੇ ਅਸਥਾਈ ਕਾਮਿਆਂ 'ਤੇ ਪਿਆ ਹੈ ।ਪ੍ਰਭਾਵਿਤ ਹੋਏ ਲੋਕਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਵੀ ਸ਼ਾਮਲ ਹਨ।

2024 ਵਿੱਚ ਕੈਨੇਡਾ ਵੱਲੋਂ ਐਲਾਨੇ ਗਏ ਪੀਆਰ ਟੀਚਿਆਂ ਮੁਤਾਬਕ ਕੈਨੇਡਾ 2025 ਵਿੱਚ ਕੁਲ 3 ਲੱਖ 95 ਹਜ਼ਾਰ ਲੋਕਾਂ ਨੂੰ ਹੀ ਪੀਆਰ ਦੇਵੇਗਾ।

2026 ਲਈ ਇਹ ਅੰਕੜਾ 3 ਲੱਖ 80 ਹਜ਼ਾਰ ਅਤੇ 2027 ਲਈ 3 ਲੱਖ 75 ਹਜ਼ਾਰ ਹੈ।

ਇਹ ਅੰਕੜਾ ਸਾਲ 2022 ਨਾਲੋਂ ਕਰੀਬ 4 ਫ਼ੀਸਦ ਵੱਧ ਸੀ।

ਕੀ ਹੁੰਦਾ ਹੈ ਸੁਪਰ ਵੀਜ਼ਾ

ਇਸ ਰਿਪੋਰਟ ਮੁਤਾਬਕ ਪੇਰੈਂਟ ਐਂਡ ਗਰੈਂਡਪੇਰੈਂਟ ਸੁਪਰ ਵੀਜ਼ਾ ਤਹਿਤ ਵੀ ਅਪਲਾਈ ਕਰ ਸਕਦੇ ਹਨ।

ਸੁਪਰ ਵੀਜ਼ਾ ਇੱਕ ਮਲਟੀ ਐਂਟਰੀ ਅਸਥਾਈ ਵੀਜ਼ਾ ਹੈ।

ਕੈਨੇਡਾ ਵੱਲੋਂ ਅਕਤੂਬਰ 2024 ਵਿੱਚ ਜਾਰੀ ਕੀਤੇ ਗਏ ਇਮੀਗ੍ਰੇਸ਼ਨ ਲੈਵਲ ਪਲਾਨਜ਼ ਮੁਤਾਬਕ ਪੈਰੈਂਟ ਅਤੇ ਗਰੈਂਟਪੈਰਂਟ ਕੈਟੇਗਰੀ ਤਹਿਤ ਪੀਆਰ ਦੇਣ ਦਾ ਟੀਜ਼ਾ 24,500 ਰੱਖਿਆ ਗਿਆ ਸੀ।

ਸਾਲ 2026 ਲਈ ਇਹ ਟੀਚਾ ਘਟਾ ਕੇ 21,500 ਰੱਖਿਆ ਗਿਆ ਜਦਕਿ 2027 ਲਈ ਇਹ 20000 ਹੈ।

2025 ਵਿੱਚ ਕੈਨੇਡਾ 'ਚ ਅਸਥਾਈ ਵਸਨੀਕਾਂ ਦਾ ਟੀਚਾ 6 ਲੱਖ 73 ਹਜ਼ਾਰ 650 ਮਿੱਥਿਆ ਗਿਆ ਹੈ, ਇਸ ਵਿੱਚ 3 ਲੱਖ 5 ਹਜ਼ਾਰ 900 ਵਿਦਿਆਰਥੀ ਵੀ ਸ਼ਾਮਲ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)