You’re viewing a text-only version of this website that uses less data. View the main version of the website including all images and videos.
ਨਿਊਜ਼ੀਲੈਂਡ ਨੇ ਇੱਕ ਖ਼ਾਸ ਤਰੀਕੇ ਦੇ ਵੀਜ਼ੇ ਲਈ ਨਿਯਮਾਂ ਨੂੰ ਕੀਤਾ ਸੌਖਾ, ਜਾਣੋ ਕਿਹੜੀਆਂ ਸ਼ਰਤਾਂ ਵਿੱਚ ਢਿੱਲ ਦਿੱਤੀ
- ਲੇਖਕ, ਸਹਿਰ ਅਸਫ਼ ਅਤੇ ਕੈਥਰੀਨ ਆਰਮਸਟ੍ਰੋਂਗ
- ਰੋਲ, ਬੀਬੀਸੀ ਪੱਤਰਕਾਰ
ਨਿਊਜ਼ੀਲੈਂਡ ਨੇ ਸੈਰ-ਸਪਾਟੇ ਨੂੰ ਵਧਾਉਣ ਦੀ ਕੋਸ਼ਿਸ਼ ਵਿੱਚ 'ਡਿਜੀਟਲ ਨੌਮੈਡ' ਲੋਕਾਂ ਲਈ ਆਕਰਸ਼ਿਤ ਵੀਜ਼ਾ ਢਿੱਲ ਦਿੱਤੀ ਗਈ ਹੈ। 'ਡਿਜੀਟਲ ਨੌਮੈਡ' ਉਹ ਲੋਕ ਹਨ ਜੋ ਰਿਮੋਟ ਕੰਮ ਕਰਦੇ ਹਨ ਯਾਨੀ ਆਪਣਾ ਕੰਮ ਆਨਲਾਈਨ ਕਰਦੇ ਹਨ ਅਤੇ ਇਸ ਦੌਰਾਨ ਯਾਤਰਾ 'ਤੇ ਰਹਿੰਦੇ ਹਨ।
ਨਿਊਜ਼ੀਲੈਂਡ ਸਰਕਾਰ ਦੇ ਨਵੇਂ ਨਿਯਮਾਂ ਦੇ ਤਹਿਤ, ਸੈਲਾਨੀ 90 ਦਿਨਾਂ ਤੱਕ ਦੇਸ਼ ਵਿੱਚ ਛੁੱਟੀਆਂ ਮਨਾਉਂਦੇ ਹੋਏ ਕਿਸੇ ਵਿਦੇਸ਼ੀ ਰੁਜ਼ਗਾਰਦਾਤਾ ਲਈ ਰਿਮੋਟ ਕੰਮ ਕਰ ਸਕਦੇ ਹਨ। ਪਰ ਇਸ ਤੋਂ ਬਾਅਦ ਉਨ੍ਹਾਂ ਨੂੰ ਨਿਵਾਸੀ ਟੈਕਸ ਦਾ ਭੁਗਤਾਨ ਕਰਨਾ ਪੈ ਸਕਦਾ ਹੈ।
ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਏਰਿਕਾ ਸਟੈਨਫ਼ੋਰਡ ਨੇ ਕਿਹਾ, "ਬਦਲਾਅ ਦੇ ਕਾਰਨ ਬਹੁਤ ਸਾਰੇ ਸੈਲਾਨੀ ਇੱਥੇ ਲੰਬਾ ਸਮਾਂ ਰਹਿਣ ਦੇ ਯੋਗ ਹੋ ਜਾਣਗੇ ਜਿਸ ਨਾਲ ਦੇਸ਼ ਵਿੱਚ ਵਧੇਰੇ ਪੈਸਾ ਖ਼ਰਚ ਹੋਵੇਗਾ।"
ਨਿਊਜ਼ੀਲੈਂਡ ਇਸ ਸਮੇਂ ਆਰਥਿਕ ਮੰਦੀ ਨਾਲ ਜੂਝ ਰਿਹਾ ਹੈ। ਕੋਵਿਡ-19 ਮਹਾਂਮਾਰੀ ਦੌਰਾਨ ਇਸ ਦੀਆਂ ਸਰਹੱਦਾਂ ਦੇ ਬੰਦ ਹੋਣ ਕਾਰਨ ਇਸ ਦਾ ਸੈਰ-ਸਪਾਟਾ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ।
ਨਿਊਜ਼ੀਲੈਂਡ ਨੇ ਕੀ ਮੁੱਖ ਬਦਲਾਅ ਕੀਤੇ
ਇਮੀਗ੍ਰੇਸ਼ਨ ਮੰਤਰੀ ਏਰਿਕਾ ਸਟੈਨਫੋਰਡ ਨੇ ਕਿਹਾ, "ਅਸੀਂ ਨਿਊਜ਼ੀਲੈਂਡ ਵਿੱਚ ਹਰ ਤਰ੍ਹਾਂ ਦੇ ਸੈਲਾਨੀਆਂ ਦਾ ਸੁਆਗਤ ਕਰਦੇ ਹਾਂ। ਇਸ ਵਿਸ਼ੇਸ਼ ਐਲਾਨ ਵਿੱਚ ‘ਡਿਜੀਟਲ ਖਾਨਾਬਦੋਸ਼’ ਜਿਹੜੇ ਸਾਡੇ ਸਮੁੰਦਰ ਕੰਢੇ 'ਤੇ ਕੰਮ ਕਰਨਾ ਚਾਹੁੰਦੇ ਹੋਣ, ਅਸੀਂ ਉਨ੍ਹਾਂ ਨੂੰ ਇੱਥੇ ਇੱਕ ਨਿਰਧਾਰਿਤ ਸਮੇਂ ਲਈ ਰਹਿਣ ਦੇ ਯੋਗ ਕਰਾਰ ਦਿੰਦੇ ਹਾਂ।"
ਸਰਕਾਰ ਨੇ ਕਿਹਾ ਕਿ ਤਬਦੀਲੀਆਂ ਸਾਰੇ ਵਿਜ਼ਟਰ ਵੀਜ਼ਿਆਂ 'ਤੇ ਲਾਗੂ ਹੁੰਦੀਆਂ ਹਨ, ਜਿਸ ਵਿੱਚ ਸੈਲਾਨੀ ਅਤੇ ਲੰਬੇ ਸਮੇਂ ਦੇ ਵੀਜ਼ੇ 'ਤੇ ਪਰਿਵਾਰ ਤੇ ਸਾਥੀਆਂ ਨੂੰ ਮਿਲਣ ਆਉਣ ਵਾਲੇ ਲੋਕ ਵੀ ਸ਼ਾਮਲ ਹਨ।
ਸਰਕਾਰ ਨੇ ਸਪੱਸ਼ਟ ਕੀਤਾ ਕਿ ਸ਼ਰਤਾਂ ਵਿੱਚ ਢਿੱਲ ਸਿਰਫ਼ ਉਨ੍ਹਾਂ ਲੋਕਾਂ ਲਈ ਹੈ ਜਿਹੜੇ ਪਹਿਲਾਂ ਤੋਂ ਕਿਸੇ ਹੋਰ ਥਾਂ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੀ ਕੰਪਨੀ ਰਿਮੋਰਟ ਵਰਕ ਲਈ ਰਾਜ਼ੀ ਹੋਵੇ ਤਾਂ ਉਹ ਲੋਕ ਨਿਊਜ਼ੀਲੈਂਡ ਆ ਕੇ ਰਹਿ ਸਕਦੇ ਹਨ।
ਨਾਲ ਹੀ ਜਿਹੜੇ ਲੋਕ ਨਿਊਜ਼ੀਲੈਂਡ ਵਿੱਚ ਕੰਮ ਕਰਨ ਜਾਂ ਰੁਜ਼ਗਾਰ ਹਾਸਿਲ ਕਰਨ ਦੀ ਇੱਛਾ ਰੱਖਦੇ ਹਨ ਉਨ੍ਹਾਂ ਨੂੰ ਹਾਲੇ ਵੀ ਢੁੱਕਵਾਂ ਵੀਜ਼ਾ ਲੈਣਾ ਪਵੇਗਾ।
ਆਰਥਿਕ ਵਿਕਾਸ ਮੰਤਰੀ ਨਿਕੋਲਾ ਵਿਲਿਸ ਨੇ ਕਿਹਾ, "ਇਹ ਆਸ ਕੀਤੀ ਜਾਂਦੀ ਹੈ ਕਿ ਇਹ ਕਦਮ ਦੇਸ਼ ਵਿੱਚ ਉੱਚ ਹੁਨਰਮੰਦ ਲੋਕਾਂ ਨੂੰ ਆਕਰਸ਼ਿਤ ਕਰੇਗਾ, ਉਹ ਲੋਕ ਜੋ ਵਿਸ਼ਵ ਪੱਧਰ 'ਤੇ ਪਾਵਰਹਾਊਸ ਫਰਮਾਂ ਅਤੇ ਉਦਯੋਗਾਂ ਨਾਲ ਜੋੜੇ ਹੋਏ ਹਨ।"
ਵਿਲਿਸ ਨੇ ਕਿਹਾ, "ਇਹ ਉਹ ਨੌਕਰੀਆਂ ਹਨ ਜੋ ਉਹ ਨਿਊਜ਼ੀਲੈਂਡ ਵਿੱਚ ਸਮੁੰਦਰ ਕੰਢੇ ਬਹਿ ਕੇ ਕਰ ਸਕਦੇ ਹੋਣ।"
ਡਿਜੀਟਲ ਨੌਮੈਡ ਕੌਣ ਹਨ?
ਤੁਸੀਂ ਹਿੰਦੀ ਫਿਲਮਾਂ 'ਚ ਵਣਜਾਰਿਆਂ ਨੂੰ ਜ਼ਰੂਰ ਦੇਖਿਆ ਹੋਵੇਗਾ ਜਾਂ ਤੁਸੀਂ ਖ਼ਾਨਾਬਦੋਸ਼ ਸ਼ਬਦ ਤਾਂ ਜ਼ਰੂਰ ਸੁਣਿਆ ਹੋਵੇਗਾ।
ਡਿਜੀਟਲ ਨੌਮੈਡ ਵੀ ਵਣਜਾਰਿਆਂ ਜਾਂ ਖ਼ਾਨਾਬਦੋਸ਼ਾਂ ਵਾਂਗ ਜ਼ਿੰਦਗੀ ਬਿਤਾਉਂਦੇ ਹਨ ਅਤੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਘੁੰਮਦੇ ਰਹਿੰਦੇ ਹਨ।
ਫ਼ਰਕ ਸਿਰਫ਼ ਇਹ ਹੈ ਕਿ ਆਧੁਨਿਕ ਖ਼ਾਨਾਬਦੋਸ਼ਾਂ ਕੋਲ ਮੋਬਾਈਲ ਫ਼ੋਨ, ਲੈਪਟਾਪ ਅਤੇ ਤੇਜ਼ ਰਫ਼ਤਾਰ ਇੰਟਰਨੈੱਟ ਦੀ ਸੁਵਿਧਾ ਹੈ ਜਿਸ ਦੀ ਮਦਦ ਨਾਲ ਉਹ ਆਪਣਾ ਮਨਪਸੰਦ ਕੰਮ ਕਰ ਸਕਦੇ ਹਨ।
ਆਰਥਿਕ ਸੰਕਟ ਨਾਲ ਜੂਝਦਾ ਦੇਸ਼
ਟੂਰਿਜ਼ਮ ਨਿਊਜ਼ੀਲੈਂਡ ਮੁਤਾਬਕ, ਕੋਵਿਡ -19 ਤੋਂ ਪਹਿਲਾਂ, ਸੈਰ-ਸਪਾਟਾ ਦੇਸ਼ ਦੇ ਵਿੱਤ ਵਿੱਚ ਯੋਗਦਾਨ ਪਾਉਣ ਵਾਲਾ ਅਹਿਮ ਖੇਤਰ ਸੀ। ਇਹ ਨਿਊਜ਼ੀਲੈਂਡ ਦੀ ਆਰਥਿਕਤਾ ਵਿੱਚ 400 ਕਰੋੜ ਨਿਊਜ਼ੀਲੈਂਡ ਡਾਲਰ ਦਾ ਇਹ ਯੋਗਦਾਨ ਪਾਉਂਦਾ ਹੈ।
ਪਰ ਮਹਾਂਮਾਰੀ ਤੋਂ ਬਾਅਦ ਹਾਲ ਹੀ ਦੇ ਸਾਲਾਂ ਵਿੱਚ ਇਹ ਅੰਕੜਾ ਘਟਿਆ ਹੈ। ਇਹ ਵੀ ਉਸ ਵਿਆਪਕ ਆਰਥਿਕ ਤੰਗੀ ਦਾ ਹਿੱਸਾ ਹੀ ਹੈ ਜਿਸ ਦਾ ਦੇਸ਼ ਸਾਹਮਣਾ ਕਰ ਰਿਹਾ ਹੈ।
ਉੱਚੀ ਮਹਿੰਗਾਈ ਦਰ ਕਾਰਨ ਵਿਆਜ ਦਰਾਂ ਵਿੱਚ ਵਾਧਾ ਹੋਇਆ ਅਤੇ ਨਤੀਜਾ ਰਿਹਾ ਕਿ ਦੇਸ਼ ਨੇ ਆਰਥਿਕ ਵਿਕਾਸ ਨੂੰ ਖੜੋਤ ਦੇਖੀ ਹੈ। ਇਹ ਕਾਰਨ ਰਿਹਾ ਬੇਰੁਜ਼ਗਾਰੀ ਵਿੱਚ ਵਾਧਾ ਹੋਣ ਦਾ ਅਤੇ ਵਿਦੇਸ਼ਾਂ ਵਿੱਚ ਨੌਕਰੀਆਂ ਦੀ ਭਾਲ ਕਰਨ ਵਾਲੇ ਲੋਕਾਂ ਦੀ ਗਿਣਤੀ ਵਧਾਉਣ ਦਾ।
ਨਿਊਜ਼ੀਲੈਂਡ ਉਨ੍ਹਾਂ ਬਹੁਤ ਸਾਰੇ ਦੇਸ਼ਾਂ ਵਿੱਚ ਨਵਾਂ ਸ਼ਾਮਲ ਹੋਇਆ ਹੈ ਜਿਨ੍ਹਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਡਿਜ਼ੀਟਲ ਨੌਮੈਡ ਲਈ ਵੀਜ਼ਾ ਪ੍ਰੋਗਰਾਮਾਂ ਦੀ ਪੇਸ਼ਕਸ਼ ਕੀਤੀ ਹੈ। ਇਸ ਦੇ ਨਾਲ ਹੀ ਰਿਮੋਟ ਕੰਮ ਕਰਦਿਆਂ ਯਾਤਰਾ ਕਰਨ ਦੇ ਮੌਕਿਆਂ ਦੀ ਮੰਗ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧੇ ਦੀ ਵੀ ਅਪੀਲ ਕੀਤੀ ਹੈ।
ਇਹ ਰੁਝਾਨ 2010 ਦੇ ਦਹਾਕੇ ਵਿੱਚ ਸ਼ੁਰੂ ਹੋਇਆ, ਜ਼ਿਆਦਾਤਰ ਨੌਜਵਾਨ ਕਾਮਿਆਂ ਵਿੱਚ ਜੋ ਆਪਣੀ ਰੋਜ਼ਾਨਾ ਦੀ ਰੁਟੀਨ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸਨ।
ਇਸ ਨੂੰ ਕੋਵਿਡ -19 ਮਹਾਂਮਾਰੀ ਦੌਰਾਨ ਹੋਰ ਹੁਲਾਰਾ ਮਿਲਿਆ ਸੀ, ਜਦੋਂ ਵਿਸ਼ਵਵਿਆਪੀ ਤਾਲਾਬੰਦੀ ਕਾਰਨ ਰਿਮੋਟ ਕੰਮ ਪ੍ਰਤੀ ਰਵੱਈਏ ਵਿੱਚ ਬਦਲਾਅ ਆਇਆ ਸੀ।
ਡਿਜੀਟਲ ਨੌਮੈਡ ਵੀਜ਼ਾ ਦੀ ਪੇਸ਼ਕਸ਼ ਕਰਨ ਵਾਲੇ ਦੇਸ਼ਾਂ ਵਿੱਚ ਜਪਾਨ, ਦੱਖਣੀ ਕੋਰੀਆ, ਬ੍ਰਾਜ਼ੀਲ, ਸਪੇਨ ਅਤੇ ਪੁਰਤਗਾਲ ਸ਼ਾਮਲ ਹਨ।
ਪਰ ਕੁਝ ਥਾਵਾਂ 'ਤੇ ਡਿਜੀਟਲ ਨੌਮੈਡ ਦੀ ਮੌਜੂਦਗੀ ਨੇ ਵੀ ਬਹਿਸ ਛੇੜ ਦਿੱਤੀ ਹੈ।
ਅਲੋਚਕਾਂ ਦਾ ਕਹਿਣਾ ਹੈ ਕਿ ਦੱਖਣੀ ਅਫ਼ਰੀਕੀ ਸ਼ਹਿਰ ਕੇਪ ਟਾਊਨ ਵਿੱਚ, ਰਿਮੋਟ ਕੰਮ ਕਰਨ ਵਾਲਿਆਂ ਦੀ ਆਮਦ ਕਾਰਨ ਲਾਗਤਾਂ ਵਿੱਚ ਵਾਧਾ ਹੋਇਆ ਹੈ।
ਸਪੇਨ ਅਤੇ ਗ੍ਰੀਸ ਵਰਗੇ ਦੇਸ਼ਾਂ ਵਿੱਚ ਸੈਲਾਨੀਆਂ ਦੀ ਆਮਦ ਨੇ ਵੀ ਸਮਰੱਥਾ ਤੋਂ ਵੱਧ ਦੇ ਸੈਰ-ਸਪਾਟੇ ਦੇ ਖ਼ਿਲਾਫ਼ ਆਵਾਜ਼ਾਂ ਨੂੰ ਭੜਕਾਇਆ ਹੈ।
ਡਿਜੀਟਲ ਨੌਮੈਡ ਦਾ ਸਫ਼ਰ
ਕਿਹਾ ਜਾਂਦਾ ਹੈ ਕਿ ਸਟੀਵਨ ਕੇ ਰਾਬਰਟਸ ਦੁਨੀਆਂ ਦਾ ਪਹਿਲਾ ਡਿਜੀਟਲ ਨੌਮੈਡ ਸੀ।
ਉਨ੍ਹਾਂ ਨੇ 1983 ਅਤੇ 1991 ਵਿਚਾਲੇ ਪੂਰੇ ਅਮਰੀਕਾ ਵਿੱਚ ਸਾਈਕਲ 'ਤੇ ਤਕਰੀਬਨ ਦਸ ਹਜ਼ਾਰ ਕਿਲੋਮੀਟਰ ਦਾ ਸਫ਼ਰ ਕੀਤਾ।
ਉਨ੍ਹਾਂ ਕੋਲ ਰੇਡੀਓ ਅਤੇ ਹੋਰ ਸਾਮਾਨ ਸੀ ਜਿਸ ਰਾਹੀਂ ਉਹ ਕੰਮ ਕਰਦੇ ਸਨ। 90 ਦੇ ਦਹਾਕੇ ਵਿੱਚ ਡਿਜੀਟਲ ਨੌਮੈਡ ਸ਼ਬਦ ਦੀ ਵਰਤੋਂ ਸ਼ੁਰੂ ਹੋ ਗਈ ਸੀ। ਕੰਪਿਊਟਰ, ਇੰਟਰਨੈੱਟ, ਲੈਪਟਾਪ ਅਤੇ ਟੈਬਲੇਟ ਦੀ ਵਧਦੀ ਵਰਤੋਂ ਨੇ ਇਸ ਨੂੰ ਹੋਰ ਹੁਲਾਰਾ ਦਿੱਤਾ।
ਕਾਰਲ ਮੈਲਾਮਡ ਨੇ 1992 ਵਿੱਚ ਲਿਖੇ ਆਪਣੇ ਸਫ਼ਰਨਾਮੇ 'ਐਕਸਪਲੋਰਿੰਗ ਦਿ ਇੰਟਰਨੈੱਟ' ਵਿੱਚ ਪਹਿਲੀ ਵਾਰ ਡਿਜੀਟਲ ਨੌਮੈਡ ਸ਼ਬਦ ਦੀ ਵਰਤੋਂ ਕੀਤੀ ਸੀ।
1997 ਵਿੱਚ, ਸੁਗਿਓ ਮਾਕੀਮੋਟੋ ਅਤੇ ਡੇਵਿਡ ਮੈਨਰਸ ਨੇ ਡਿਜੀਟਲ ਨੋਮੈਡ ਨਾਮ ਦੀ ਇੱਕ ਕਿਤਾਬ ਲਿਖੀ। ਉਦੋਂ ਤੋਂ ਇਸ ਸ਼ਬਦ ਦੀ ਵਰਤੋਂ ਹੀ ਨਹੀਂ ਵਧੀ, ਸਗੋਂ ਅਜਿਹੇ ਲੋਕਾਂ ਦੀ ਗਿਣਤੀ ਵੀ ਵਧਦੀ ਗਈ।
ਅਮਰੀਕੀ ਕੰਪਨੀ ਐੱਮਬੀਓ ਪਾਰਟਨਰਜਸ ਦੀ 2023 ਦੀ ਰਿਪੋਰਟ ਮੁਤਾਬਕ, ਅਮਰੀਕਾ ਵਿੱਚ ਫਿਲਹਾਲ 73 ਲੱਖ ਕਾਮੇ ਡਿਜੀਟਲ ਨੌਮੈਡ ਹਨ ਅਤੇ ਲਗਭਗ 2 ਕਰੋੜ 40 ਲੱਖ ਲੋਕ ਅਗਲੇ ਦੋ ਤੋਂ ਤਿੰਨ ਸਾਲਾਂ ਵਿੱਚ ਡਿਜੀਟਲ ਨੌਮੈਡ ਬਣਨ ਦੀ ਇੱਛਾ ਰੱਖਦੇ ਹਨ।
ਡਿਜੀਟਲ ਨੌਮੈਡ ਦਾ ਵਧਦਾ ਕਾਰੋਬਾਰ
ਬੀਬੀਸੀ ਸਹਿਯੋਗੀ ਫਾਤਿਮਾ ਫਰਹੀਨ ਦੀ ਰਿਪੋਰਟ ਮੁਤਾਬਕ 2023 ਵਿੱਚ ਕੀਤੇ ਗਏ ਇੱਕ ਸਰਵੇ ਅਨੁਸਾਰ, ਡਿਜੀਟਲ ਨੌਮੈਡ ਵਿਸ਼ਵ ਅਰਥਵਿਵਸਥਾ ਵਿੱਚ ਤਕਰੀਬਨ 787 ਅਰਬ ਡਾਲਰ ਦਾ ਯੋਗਦਾਨ ਪਾਉਂਦੇ ਹਨ।
ਜਿਵੇਂ-ਜਿਵੇਂ ਡਿਜੀਟਲ ਨੌਮੈਡ ਦਾ ਰੁਝਾਨ ਵਧਣ ਲੱਗਾ, ਓਵੇਂ-ਓਵੇਂ ਹੀ ਇਸ ਨਾਲ ਜੁੜੇ ਕਾਰੋਬਾਰ ਵੀ ਵਧਣ ਲੱਗੇ ਹਨ।
ਸੇਫਟੀਵਿੰਗ ਇੱਕ ਸਟਾਰਟਅੱਪ ਹੈ ਜੋ ਦੂਰ-ਦੁਰਾਢੇ ਦੇ ਇਲਾਕਿਆਂ ਤੋਂ ਕੰਮ ਕਰਨ ਵਾਲੇ ਪੇਸ਼ੇਵਰਾਂ ਲਈ ਯਾਤਰਾ, ਸਿਹਤ ਅਤੇ ਮੈਡੀਕਲ ਬੀਮਾ ਦੀ ਸੁਵਿਧਾ ਪ੍ਰਦਾਨ ਕਰਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਕਰੀਬ ਢਾਈ ਕਰੋੜ ਡਾਲਰ ਦਾ ਕਾਰੋਬਾਰ ਕੀਤਾ ਸੀ। ਸੇਲੀਨਾ ਡਿਜੀਟਲ ਨੌਮੈਡ ਲੋਕਾਂ ਲਈ ਹੋਸਟਲਾਂ ਅਤੇ ਹੋਟਲਾਂ ਦੀ ਇੱਕ ਗਲੋਬਲ ਚੇਨ ਹੈ।
ਉਨ੍ਹਾਂ ਨੇ ਸਾਲ 2022 ਵਿੱਚ 18 ਨਵੀਆਂ ਥਾਵਾਂ 'ਤੇ ਆਪਣਾ ਕੰਮ ਸ਼ੁਰੂ ਕੀਤਾ। ਉਨ੍ਹਾਂ ਦੀ ਸਾਲਾਨਾ ਰਿਪੋਰਟ ਦਰਸਾਉਂਦੀ ਹੈ ਕਿ ਕੰਪਨੀ ਦੇ ਕਾਰੋਬਾਰ ਵਿੱਚ ਸਾਲ 2021 ਦੇ ਮੁਕਾਬਲੇ ਸਾਲ 2022 ਵਿੱਚ ਲਗਭਗ 98 ਫੀਸਦ ਦਾ ਵਾਧਾ ਹੋਇਆ ਹੈ।
ਜਰਮਨੀ ਦੇ ਰਹਿਣ ਵਾਲੇ ਜੋਹਾਨਸ ਵੋਏਲਕਨਰ ਨੇ 2015 ਵਿੱਚ ਨੌਮੈਡ ਕਰੂਜ਼ ਦੀ ਸ਼ੁਰੂਆਤ ਕੀਤਾ ਸੀ।
ਇਹ ਡਿਜੀਟਲ ਨੌਮੈਡ ਲੋਕਾਂ ਲਈ ਪਹਿਲੀ ਮੋਬਾਈਲ ਕਾਨਫਰੰਸ ਸੀ। ਇਹ ਲੋਕ ਦੁਨੀਆ ਭਰ ਦੀ ਯਾਤਰਾ ਕਰਦੇ ਹਨ ਅਤੇ ਇਸ ਦੌਰਾਨ ਇੱਕ ਦੂਜੇ ਨਾਲ ਆਪਣੇ ਹੁਨਰ ਨੂੰ ਸਾਂਝਾ ਕਰਦੇ ਹਨ, ਨੈਟਵਰਕਿੰਗ ਕਰਦੇ ਹਨ ਅਤੇ ਸਭ ਤੋਂ ਮਹੱਤਵਪੂਰਨ ਗੱਲ ਮਿਲ ਕੇ ਜੀਵਨ ਦਾ ਆਨੰਦ ਮਾਣਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ