ਕੈਨੇਡਾ 'ਤੇ ਭਾਰੀ ਟੈਰਿਫ ਲਗਾਉਣ ਦੇ ਐਲਾਨ ਬਾਰੇ ਟਰੂਡੋ ਦਾ ਟਰੰਪ ਨੂੰ ਜਵਾਬ, 'ਬਹੁਤ ਹੀ ਮੂਰਖ਼ਤਾ ਭਰਿਆ ਕੰਮ'

    • ਲੇਖਕ, ਨਾਦੀਨ ਯੂਸਿਫ਼, ਜੇਮਜ਼ ਫ਼ਿਟਜ਼ਗਾਰਲਡ ਅਤੇ ਬਰੈਂਡਨ ਡਰੇਨਨ
    • ਰੋਲ, ਬੀਬੀਸੀ ਪੱਤਰਕਾਰ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵਲੋਂ ਕੈਨੇਡਾ 'ਤੇ ਭਾਰੀ ਟੈਰਿਫ਼ ਲਗਾਏ ਜਾਣ ਦੀ ਨਿੰਦਾ ਕੀਤੀ ਹੈ, ਇਸ ਨੂੰ ਉਨ੍ਹਾਂ ਨੇ 'ਬਹੁਤ ਹੀ ਮੂਰਖਤਾ ਭਰਿਆ ਕੰਮ' ਦੱਸਿਆ ਹੈ।

ਟਰੰਪ ਨੇ ਕੈਨੇਡਾ ਅਤੇ ਮੈਕਸੀਕੋ ਤੋਂ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਉਤਪਾਦਾਂ 'ਤੇ 25 ਫ਼ੀਸਦ ਟੈਰਿਫ਼ ਲਗਾਇਆ ਹੈ, ਇਸੇ ਤਰ੍ਹਾਂ ਚੀਨ ਤੋਂ ਆਉਣ ਵਾਲੇ ਸਮਾਨ 'ਤੇ ਵਸੂਲੀ ਵੀ ਵਧਾ ਦਿੱਤੀ ਹੈ।

ਕੈਨੇਡੀਅਨ ਪ੍ਰਧਾਨ ਮੰਤਰੀ ਨੇ ਅਮਰੀਕੀ ਬਰਾਮਦਾਂ 'ਤੇ ਜਵਾਬੀ ਟੈਰਿਫ਼ ਦਾ ਐਲਾਨ ਕੀਤਾ ਹੈ ਅਤੇ ਚੇਤਾਵਨੀ ਦਿੱਤੀ ਕਿ ਵਪਾਰ ਜੰਗ ਦੋਵਾਂ ਦੇਸ਼ਾਂ ਲਈ ਮਹਿੰਗੀ ਸਾਬਤ ਹੋਵੇਗੀ।

ਪਰ ਟਰੰਪ ਨੇ ਸੋਸ਼ਲ ਮੀਡੀਆ ਸਾਈਟ ਟਰੂਥ 'ਤੇ ਇੱਕ ਪੋਸਟ ਵਿੱਚ ਇਸ ਗੱਲਬਾਤ ਨੂੰ ਅੱਗੇ ਤੋਰਿਆ ਅਤੇ ਲਿਖਿਆ, "ਕ੍ਰਿਪਾ ਕਰਕੇ ਕੈਨੇਡਾ ਦੇ ਗਵਰਨਰ ਟਰੂਡੋ ਨੂੰ ਸਮਝਾਓ, ਕਿ ਜਦੋਂ ਉਹ ਅਮਰੀਕਾ 'ਤੇ ਜਵਾਬੀ ਟੈਰਿਫ਼ ਲਗਾਉਂਣਗੇ ਤਾਂ ਸਾਡਾ ਪਰਸਪਰ ਟੈਰਿਫ਼ ਵੀ ਉਸੇ ਤਰ੍ਹਾਂ ਹੀ ਵਧ ਜਾਵੇਗਾ!"

ਟਰੂਡੋ ਨੇ ਅਮਰੀਕੀ ਰਾਸ਼ਟਰਪਤੀ 'ਤੇ "ਕੈਨੇਡੀਅਨ ਅਰਥਚਾਰੇ ਨੂੰ ਪੂਰੀ ਤਰ੍ਹਾਂ ਢਹਿ-ਢੇਰੀ ਕਰਨ ਦੀ ਯੋਜਨਾ ਬਣਾਉਣ ਦੇ ਇਲਜ਼ਾਮ ਵੀ ਲਾਏ।

ਟਰੂਡੋ ਨੇ ਕੀ ਕਿਹਾ

ਟਰੂਡੋ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕਿਹਾ, "ਇਹ ਕਦੇ ਨਹੀਂ ਹੋਣ ਵਾਲਾ ਹੈ। ਅਸੀਂ ਕਦੇ ਵੀ ਅਮਰੀਕਾ ਦਾ 51ਵਾਂ ਰਾਜ ਨਹੀਂ ਬਣਾਂਗੇ।"

"ਇਹ ਸਖ਼ਤ ਜਵਾਬ ਦੇਣ ਅਤੇ ਇਹ ਦਰਸਾਉਣ ਦਾ ਸਮਾਂ ਹੈ ਕਿ ਕੈਨੇਡਾ ਨਾਲ ਲੜਾਈ ਵਿੱਚ ਕੋਈ ਜੇਤੂ ਨਹੀਂ ਹੋਵੇਗਾ।"

ਉਨ੍ਹਾਂ ਨੇ ਕਿਹਾ ਕਿ ਕੈਨੇਡਾ ਦਾ ਮੁੱਖ ਟੀਚਾ ਟੈਰਿਫ਼ ਘਟਾਉਣਾ ਹੈ।

ਟਰੰਪ ਨੇ ਕਿਹਾ ਕਿ ਉਹ ਅਮਰੀਕਾ ਵਿੱਚ ਨੌਕਰੀਆਂ ਅਤੇ ਨਿਰਮਾਣ ਦੀ ਰੱਖਿਆ ਕਰ ਰਹੇ ਹਨ ਅਤੇ ਗ਼ੈਰ-ਕਾਨੂੰਨੀ ਪਰਵਾਸ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ।

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਸ਼ਕਤੀਸ਼ਾਲੀ ਓਪੀਔਡ ਫੈਂਟਾਨਿਲ 'ਤੇ ਕਾਬੂ ਪਾਉਣਾ ਹੈ, ਉਨ੍ਹਾਂ ਨੇ ਅਮਰੀਕਾ ਵਿੱਚ ਡਰੱਗ ਦੀ ਆਮਦ ਲਈ ਵੱਖ-ਵੱਖ ਦੇਸ਼ਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ, ਟਰੂਡੋ ਨੇ ਮੰਗਲਵਾਰ ਨੂੰ ਕਿਹਾ ਕਿ ਕੈਨੇਡਾ 'ਤੇ ਨਵੇਂ ਟੈਰਿਫ਼ ਲਾਉਣ ਪਿੱਛੇ "ਕੋਈ ਜਾਇਜ਼" ਕਾਰਨ ਨਹੀਂ ਹੈ, ਕਿਉਂਕਿ ਅਮਰੀਕਾ ਦੀ ਸਰਹੱਦ 'ਤੇ ਰੋਕੇ ਗਏ ਫੈਂਟਾਨਿਲ ਦਾ 1 ਫ਼ੀਸਦ ਤੋਂ ਵੀ ਘੱਟ ਕੈਨੇਡਾ ਤੋਂ ਆਉਂਦਾ ਹੈ।

ਮੈਕਸੀਕੋ ਦੇ ਰਾਸ਼ਟਪਤੀ ਨੇ ਵੀ ਟਰੰਪ ਦੇ ਟੈਰਿਫ਼ ਦੀ ਕੀਤੀ ਨਿੰਦਾ

ਟਰੂਡੋ ਦੇ ਸ਼ਬਦਾਂ ਨੂੰ ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੇ ਵੀ ਦੁਹਾਰਿਆ, ਉਨ੍ਹਾਂ ਨੇ ਕਿਹਾ ਕਿ ਟਰੰਪ ਦੇ ਇਸ ਕਦਮ ਦਾ 'ਕੋਈ ਉਦੇਸ਼, ਕੋਈ ਜਾਇਜ਼ ਕਾਰਨ' ਨਹੀਂ ਸੀ।

ਮੰਗਲਵਾਰ ਨੂੰ ਬੋਲਦਿਆਂ, ਉਨ੍ਹਾਂ ਨੇ ਵੀ ਆਪਣੇ ਟੈਰਿਫ਼ ਅਤੇ ਗ਼ੈਰ-ਟੈਰਿਫ਼ ਉਪਾਅ ਜਾਰੀ ਕਰਨ ਦੀ ਸਹੁੰ ਖਾਧੀ, ਹਾਲਾਂਕਿ ਉਨ੍ਹਾਂ ਕਿਹਾ ਕਿ ਹੋਰ ਵੇਰਵੇ ਐਤਵਾਰ ਨੂੰ ਦੇਣਗੇ।

ਮਾਹਰਾਂ ਨੇ ਕੀ ਦੱਸਿਆ

ਅਮਰੀਕੀ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਦੇ ਪ੍ਰੋਫ਼ੈਸਰ ਜੌਹਨ ਰੋਜਰਜ਼ ਨੇ ਕਿਹਾ ਕਿ ਟਰੰਪ ਵਲੋਂ ਲਾਏ ਗਏ ਟੈਰਿਫ਼ ਨਾਲ ਅਮਰੀਕਾ ਅਤੇ ਵਿਦੇਸ਼ਾਂ ਵਿੱਚ ਖਪਤਕਾਰਾਂ ਲਈ ਕੀਮਤਾਂ ਨੂੰ ਵਧਾ ਸਕਦੇ ਹਨ।

ਪ੍ਰੋਫ਼ੈਸਰ ਰੋਜਰਜ਼ ਨੇ ਕਿਹਾ ਕਿ ਜਿਨ੍ਹਾਂ ਚੀਜ਼ਾਂ ਦੇ ਸਭ ਤੋਂ ਜਲਦੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਉਹ ਭੋਜਨ ਪਦਾਰਥ ਹਨ, ਜਿਵੇਂ ਫ਼ਲ, ਸਬਜ਼ੀਆਂ ਅਤੇ ਹੋਰ ਉਤਪਾਦ ਮੈਕਸੀਕੋ ਤੋਂ ਅਮਰੀਕਾ ਵਿੱਚ ਬਰਾਮਦ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਕੈਨੇਡਾ ਤੋਂ ਤੇਲ ਅਤੇ ਗੈਸ ਦੀ ਵੱਡੀ ਮਾਤਰਾ ਬਰਾਮਦ ਕੀਤੀ ਜਾਂਦੀ ਹੈ।

ਪ੍ਰੋਫ਼ੈਸਰ ਰੋਜਰਜ਼ ਨੇ ਚੇਤਾਵਨੀ ਦਿੱਤੀ, "ਕੀਮਤਾਂ ਬਹੁਤ ਜਲਦੀ ਵੱਧ ਸਕਦੀਆਂ ਹਨ।"

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਬਹੁਤ ਅਣਜਾਣ ਹਾਲਾਤ ਵਿੱਚ ਹਾਂ।"

ਪ੍ਰੋਫ਼ੈਸਰ ਰੋਜਰਜ਼ ਲਈ ਸਭ ਤੋਂ ਵੱਡੀ ਚਿੰਤਾ ਸੰਭਾਵੀ ਨੁਕਸਾਨ ਦੀ ਸੀ।

"ਇਹ ਗੁਆਂਢੀ ਦੀ ਅੱਖ ਵਿੱਚ ਰੜਕਣ ਵਰਗਾ ਹੈ। ਸੰਭਾਵੀ ਤੌਰ 'ਤੇ ਇਸ ਨਾਲ ਅਮਰੀਕਾ-ਕੈਨੇਡਾ-ਮੈਕਸੀਕੋ ਵਪਾਰ ਜੰਗ ਵੱਲ ਜਾ ਸਕਦੇ ਹਨ ਅਤੇ ਹਰ ਕੋਈ ਹਾਰਿਆ ਹੋਇਆ ਹੈ।"

ਜਿਨ੍ਹਾਂ ਤਿੰਨ ਦੇਸ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਹ ਅਮਰੀਕਾ ਦੇ ਚੋਟੀ ਦੇ ਵਪਾਰਕ ਭਾਈਵਾਲ ਹਨ, ਅਤੇ ਬਦਲੇ 'ਚ ਚੁੱਕੇ ਗਏ ਕਦਮਾਂ ਨੇ ਵਪਾਰਕ ਜੰਗ ਦੇ ਡਰ ਨੂੰ ਵਧਾਇਆ ਹੈ।

ਪ੍ਰੋਫ਼ੈਸਰ ਰੋਜਰਜ਼ ਨੇ ਕਿਹਾ,"ਤੁਹਾਡੇ ਕੋਲ ਵਪਾਰ ਜੰਗ ਜਿੱਤਣ ਦਾ ਕੋਈ ਤਰੀਕਾ ਨਹੀਂ ਹੈ। ਹਰ ਕੋਈ ਤਕਲੀਫ਼ ਝੱਲੇਗਾ, ਕਿਉਂਕਿ ਹਰ ਕੋਈ ਉੱਚੀਆਂ ਕੀਮਤਾਂ ਦਾ ਭੁਗਤਾਨ ਕਰਨ ਲਈ ਗੁਣਵੱਤਾ ਘਟਾਉਣ ਵੱਲ ਵਧੇਗਾ।"

ਟੈਰਿਫ਼ ਦੂਜੇ ਦੇਸ਼ਾਂ ਤੋਂ ਬਰਾਮਦ 'ਤੇ ਇੱਕ ਟੈਕਸ ਹਨ, ਜੋ ਕਿ ਕਿਸੇ ਹੋਰ ਦੇਸ਼ ਤੋਂ ਸਸਤਾ ਮਾਲ ਲੈਣ ਦੀ ਬਜਾਇ ਆਪਣੇ ਦੇਸ਼ ਵਿੱਚ ਕਾਰੋਬਾਰਾਂ ਅਤੇ ਨੌਕਰੀਆਂ ਨੂੰ ਹੁਲਾਰਾ ਦੇਣ ਲਈ ਤਿਆਰ ਕੀਤਾ ਗਿਆ ਹੈ।

ਕੈਨੇਡਾ ਦੀ ਵਧੀ ਚਿੰਤਾ

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੋਵਾਂ ਦੇਸ਼ਾਂ ਵਿਚਕਾਰ ਇਸ ਤਰੀਕੇ ਨਾਲ ਟੈਰਿਫ਼ ਲਾਗੂ ਕੀਤੇ ਗਏ ਤਾਂ ਕੈਨੇਡਾ ਵਿੱਚ 10 ਲੱਖ ਨੌਕਰੀਆਂ ਖ਼ਤਰੇ ਵਿੱਚ ਹਨ।

ਉਨ੍ਹਾਂ ਕਿਹਾ,"ਅਸੀਂ ਅਜਿਹੀ ਅਰਥਵਿਵਸਥਾ ਨੂੰ ਨਹੀਂ ਬਦਲ ਸਕਦੇ ਜੋ ਰਾਤੋ ਰਾਤ ਸਾਡੇ 80 ਫ਼ੀਸਦ ਵਪਾਰ ਲਈ ਜ਼ਿੰਮੇਵਾਰ ਹੈ ਅਤੇ ਇਹ ਨੁਕਸਾਨ ਪਹੁੰਚਾਉਣ ਵਾਲਾ ਫ਼ੈਸਲਾ ਹੈ।"

ਏਐੱਫ਼ਪੀ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ, ਕੈਨੇਡੀਅਨ ਸੂਬੇ ਓਨਟਾਰੀਓ ਵਿੱਚ ਇੱਕ ਕਾਰ ਨਿਰਮਾਣ ਕਰਮਚਾਰੀ ਨੇ ਕਿਹਾ ਕਿ ਲੋਕ ਅਸਲ ਵਿੱਚ ਨੌਕਰੀ ਤੋਂ ਕੱਢੇ ਜਾਣ ਤੋਂ ਬਹੁਤ ਡਰੇ ਹੋਏ ਸਨ।

ਜੋਏਲ ਸੋਲੇਸਕੀ ਨੇ ਕਿਹਾ, "ਮੈਂ ਹੁਣੇ ਆਪਣਾ ਪਹਿਲਾ ਘਰ ਖਰੀਦਿਆ, ਮੈਨੂੰ ਹੋਰ ਕਿਤੇ ਕੰਮ ਲੱਭਣਾ ਪੈ ਸਕਦਾ ਹੈ।"

ਕਾਰ ਨਿਰਮਾਣ ਅਜਿਹਾ ਖੇਤਰ ਹੈ ਜੋ ਉੱਤਰੀ ਅਮਰੀਕਾ ਵਿੱਚ ਨਵੇਂ ਟੈਰਿਫ਼ ਲਾਗੂ ਹੋਣ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ।

ਕਾਰ ਦੇ ਪੁਰਜ਼ੇ ਨਿਰਮਾਣ ਪ੍ਰਕਿਰਿਆ ਦੌਰਾਨ ਕਈ ਵਾਰ ਅਮਰੀਕਾ-ਕੈਨੇਡਾ ਸਰਹੱਦ ਪਾਰ ਕਰ ਸਕਦੇ ਹਨ, ਅਤੇ ਇਸ ਲਈ ਕਈ ਮੌਕਿਆਂ 'ਤੇ ਟੈਕਸ ਲਗਾਇਆ ਜਾ ਸਕਦਾ ਹੈ।

ਕੈਨੇਡੀਅਨ ਚੈਂਬਰ ਆਫ਼ ਕਾਮਰਸ ਵਲੋਂ ਟੈਰਿਫ ਨੂੰ ਇੱਕ 'ਲਾਪਰਵਾਹੀ' ਕਰਾਰ ਦਿੱਤਾ ਗਿਆ ਸੀ, ਜਿਸ ਦੇ ਪ੍ਰਧਾਨ ਕੈਂਡੇਸ ਲੇਂਗ ਨੇ ਸਾਵਧਾਨ ਕੀਤਾ ਸੀ ਕਿ ਇਹ ਕਦਮ ਕੈਨੇਡਾ ਅਤੇ ਅਮਰੀਕਾ ਦੋਵਾਂ ਨੂੰ "ਮੰਦੀ, ਨੌਕਰੀਆਂ ਦੇ ਨੁਕਸਾਨ ਅਤੇ ਆਰਥਿਕ ਤਬਾਹੀ" ਵੱਲ ਲੈ ਜਾ ਸਕਦਾ ਹੈ।

ਲੇਇੰਗ ਨੇ ਚੇਤਾਵਨੀ ਦਿੱਤੀ ਕਿ ਉਹ ਅਮਰੀਕਾ ਤੋਂ ਲਈਆਂ ਜਾਣ ਵਾਲੀਆਂ ਕੀਮਤਾਂ ਵਿੱਚ ਵੀ ਵਾਧਾ ਕਰਨਗੇ, ਅਤੇ ਅਮਰੀਕੀ ਕਾਰੋਬਾਰਾਂ ਨੂੰ ਹੋਰ ਸਪਲਾਇਰਜ਼ ਨੂੰ ਲੱਭਣ ਲਈ ਮਜ਼ਬੂਰ ਕਰਨਗੇ।

ਕੈਨੇਡਾ ਦੇ ਵੱਖ-ਵੱਖ ਸੂਬਿਆਂ ਨੇ ਚੁੱਕੇ ਕਦਮ

ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਆਗੂਆਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਓਨਟਾਰੀਓ ਦੇ ਫੋਰਡ ਨੇ ਕੈਨੇਡੀਅਨ ਬਿਜਲੀ ਸਪਲਾਈ ਅਤੇ ਅਮਰੀਕਾ ਨੂੰ ਉੱਚ-ਗਰੇਡ ਨਿਕਲ ਦੀ ਦਰਾਮਦ ਵਿੱਚ ਕਟੌਤੀ ਕਰਨ ਦੇ ਨਾਲ-ਨਾਲ ਮਿਸ਼ੀਗਨ, ਨਿਊਯਾਰਕ ਅਤੇ ਮਿਨੀਸੋਟਾ ਵਿੱਚ ਬਿਜਲੀ ਘਰਾਂ ਨੂੰ ਭੇਜੀ ਗਈ ਬਿਜਲੀ 'ਤੇ 25 ਫ਼ੀਸਦ ਦੀ ਦਰਾਮਦ ਲੇਵੀ ਲਗਾਉਣ ਦੀ ਸੰਭਾਵਨਾ 'ਤੇ ਵਿਚਾਰ ਕੀਤਾ।

ਕੈਨੇਡਾ ਤਕਰੀਬਨ 60 ਲੱਖ ਅਮਰੀਕੀ ਘਰਾਂ ਨੂੰ ਬਿਜਲੀ ਦੇਣ ਲਈ ਲੋੜੀਂਦੀ ਬਿਜਲੀ ਦੀ ਦਰਾਮਦ ਕਰਦਾ ਹੈ।

ਓਨਟਾਰੀਓ ਅਤੇ ਹੋਰ ਸੂਬਿਆਂ ਨੇ ਵੀ ਅਮਰੀਕਾ ਦੀ ਬਣੀ ਸ਼ਰਾਬ ਨੂੰ ਆਪਣੀਆਂ ਸ਼ੈਲਫਾਂ ਤੋਂ ਹਟਾਉਣ ਦਾ ਫ਼ੈਸਲਾ ਲਿਆ ਹੈ।

ਨੋਵਾ ਸਕੋਸ਼ੀਆ ਵਿੱਚ, ਪ੍ਰੀਮੀਅਰ ਟਿਮ ਹਿਊਸਟਨ ਨੇ ਕਿਹਾ ਕਿ ਉਨ੍ਹਾਂ ਦਾ ਸੂਬਾ ਓਨਟਾਰੀਓ ਵਾਂਗ ਅਮਰੀਕੀ ਕੰਪਨੀਆਂ ਦੇ ਪ੍ਰੋਵਿੰਸ਼ੀਅਲ ਕੰਟਰੈਕਟ 'ਤੇ ਬੋਲੀ ਲਗਾਉਣ ਤੋਂ ਰੋਕ ਦੇਵੇਗਾ।

ਫੋਰਡ ਨੇ ਇਹ ਵੀ ਐਲਾਨ ਕੀਤਾ ਕਿ ਇਲੋਨ ਮਸਕ ਦੀ ਸੈਟੇਲਾਈਟ ਇੰਟਰਨੈਟ ਕੰਪਨੀ ਸਟਾਰਲਿੰਕ ਨਾਲ ਇੱਕ 10 ਕਰੋੜ ਕੈਨੇਡੀਅਨ ਡਾਲਰ ਦਾ ਇਕਰਾਰਨਾਮਾ ਰੱਦ ਕਰ ਦਿੱਤਾ ਜਾਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)