You’re viewing a text-only version of this website that uses less data. View the main version of the website including all images and videos.
ਏਸ਼ੀਆ ਦੇ ਇਨ੍ਹਾਂ ਦੇਸ਼ਾਂ ਨੂੰ ਵਿਦੇਸ਼ੀ ਨਾਗਰਿਕ ਇੰਨਾ ਕਿਉਂ ਪਸੰਦ ਕਰ ਰਹੇ ਹਨ, ਕਿੱਥੇ ਕੀ ਹੈ ਖ਼ਾਸ ਤੇ ਸਸਤਾ?
- ਲੇਖਕ, ਲਿੰਡਸੇ ਗੈਲੋਵੇ
- ਰੋਲ, ਬੀਬੀਸੀ ਪੱਤਰਕਾਰ
ਕਿਫ਼ਾਇਤੀ ਰਹਿਣ-ਸਹਿਣ, ਜਿੰਦਾ-ਦਿਲ ਸੱਭਿਆਚਾਰ ਅਤੇ ਨਵੇਂ ਕਰੀਅਰ ਦੇ ਮੌਕੇ ਏਸ਼ੀਆ ਨੂੰ ਪਰਵਾਸੀਆਂ ਲਈ ਆਕਰਸ਼ਕ ਬਣਾ ਰਹੇ ਹਨ।
ਸਾਲ 2025 ਦੇ ਇੰਟਰਨੈਸ਼ਨਲ ਐਕਸਪੈਟ ਇਨਸਾਈਡਰ ਸਰਵੇਖਣ ਵਿੱਚ 172 ਦੇਸ਼ਾਂ ਦੇ ਦਸ ਹਜ਼ਾਰ ਤੋਂ ਵੱਧ ਲੋਕਾਂ ਤੋਂ ਉਨ੍ਹਾਂ ਦੇ ਵਿਦੇਸ਼ਾਂ ਵਿੱਚ ਜ਼ਿੰਦਗੀ ਦੇ ਤਜ਼ਰਬਿਆਂ ਬਾਰੇ ਪੁੱਛਿਆ ਗਿਆ।
ਪਰਵਾਸੀ ਉਹ ਲੋਕ ਹੁੰਦੇ ਹਨ ਜੋ ਆਪਣੇ ਦੇਸ਼ ਤੋਂ ਬਾਹਰ ਕੰਮ ਕਰਨ ਜਾਂ ਲੰਬੇ ਸਮੇਂ ਲਈ ਕਿਸੇ ਹੋਰ ਦੇਸ਼ ਵਿੱਚ ਵਸਣ ਲਈ ਜਾਂਦੇ ਹਨ।
ਇਸ ਸਰਵੇਖਣ ਵਿੱਚ ਸਾਹਮਣੇ ਆਇਆ ਕਿ ਨਿੱਜੀ ਵਿੱਤ ਸਿੱਧੇ ਤੌਰ 'ਤੇ ਖੁਸ਼ੀ ਨਾਲ ਜੁੜਿਆ ਹੋਇਆ ਹੈ, ਜਿਸ ਕਾਰਨ ਏਸ਼ੀਆਈ ਦੇਸ਼ਾਂ ਨੂੰ ਕਾਫ਼ੀ ਫਾਇਦਾ ਹੁੰਦਾ ਹੈ।
ਪਰਵਾਸੀਆਂ ਲਈ ਦੁਨੀਆ ਭਰ ਦੇ ਚੋਟੀ ਦੇ 10 ਪਸੰਦੀਦਾ ਦੇਸ਼ (2025)
- ਪਨਾਮਾ
- ਕੋਲੰਬੀਆ
- ਮੈਕਸੀਕੋ
- ਥਾਈਲੈਂਡ
- ਵੀਅਤਨਾਮ
- ਚੀਨ
- ਸੰਯੁਕਤ ਅਰਬ ਅਮੀਰਾਤ
- ਇੰਡੋਨੇਸ਼ੀਆ
- ਸਪੇਨ
- ਮਲੇਸ਼ੀਆ
ਦੁਨੀਆ ਦੇ ਚੋਟੀ ਦੇ 10 ਦੇਸ਼ਾਂ ਵਿੱਚੋਂ ਪੰਜ, ਥਾਈਲੈਂਡ, ਵੀਅਤਨਾਮ, ਚੀਨ, ਇੰਡੋਨੇਸ਼ੀਆ ਅਤੇ ਮਲੇਸ਼ੀਆ, ਪਰਵਾਸੀਆਂ ਦੀ ਪਸੰਦ ਬਣ ਗਏ ਹਨ।
ਚੀਨ ਨੇ ਇਸ ਸਾਲ ਇੱਕ ਵੱਡੀ ਛਾਲ ਮਾਰੀ ਹੈ, 2024 ਵਿੱਚ 19ਵੇਂ ਸਥਾਨ ਤੋਂ ਛੇਵੇਂ ਸਥਾਨ 'ਤੇ ਪਹੁੰਚ ਗਿਆ ਹੈ। ਇਹ ਸੁਧਾਰ ਕੰਮਕਾਜੀ ਸੱਭਿਆਚਾਰ ਅਤੇ ਜੀਵਨ ਦੀ ਗੁਣਵੱਤਾ ਦੋਵਾਂ ਵਿੱਚ ਸੁਧਰੇ ਪ੍ਰਦਰਸ਼ਨ ਕਰਕੇ ਹੋਇਆ।
ਮਲੇਸ਼ੀਆ ਪਹਿਲੀ ਵਾਰ ਸਿਖਰਲੇ ਦਸ ਦੇਸ਼ਾਂ ਦੀ ਲਿਸਟ ਵਿੱਚ ਸ਼ੁਮਾਰ ਹੋਇਆ, ਜਦੋਂ ਕਿ ਵੀਅਤਨਾਮ ਪੰਜਵੇਂ ਸਥਾਨ 'ਤੇ ਰਿਹਾ, ਖ਼ਾਸ ਤੌਰ ਉੱਤੇ ਨਿੱਜੀ ਵਿੱਤ ਵਿੱਚ ਬਿਹਤਰ ਨਤੀਜਿਆਂ ਦੇ ਕਾਰਨ।
ਅਸੀਂ ਇਨ੍ਹਾਂ ਤਿੰਨਾਂ ਦੇਸ਼ਾਂ ਵਿੱਚ ਰਹਿ ਰਹੇ ਪਰਵਾਸੀਆਂ ਨਾਲ ਗੱਲ ਕੀਤੀ ਤਾਂ ਜੋ ਇਹ ਸਮਝਿਆ ਜਾ ਸਕੇ ਕਿ ਉਨ੍ਹਾਂ ਨੂੰ ਉੱਥੇ ਦੀ ਜ਼ਿੰਦਗੀ ਇੰਨੀ ਆਕਰਸ਼ਕ ਕਿਉਂ ਲੱਗਦੀ ਹੈ ਅਤੇ ਨਵੇਂ ਆਉਣ ਵਾਲਿਆਂ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਚੀਨ
ਨਿੱਜੀ ਵਿੱਤ, ਕਰੀਅਰ ਦੀਆਂ ਸੰਭਾਵਨਾਵਾਂ, ਤਨਖਾਹਾਂ ਅਤੇ ਨੌਕਰੀ ਸੁਰੱਖਿਆ ਵਿੱਚ ਬਿਹਤਰ ਹੋਣ ਕਾਰਨ ਚੀਨ ਇਸ ਸੂਚੀ ਵਿੱਚ ਛੇਵੇਂ ਸਥਾਨ 'ਤੇ ਹੈ। ਹਾਲਾਂਕਿ, ਪਰਵਾਸੀਆਂ ਦਾ ਤਜਰਬਾ ਸ਼ਹਿਰ ਦਰ ਸ਼ਹਿਰ ਵਿੱਚ ਵੱਖਰਾ ਹੁੰਦਾ ਹੈ।
ਡੱਚ ਪਰਵਾਸੀ ਅਤੇ ਯਾਤਰਾ ਬਲੌਗਰ ਕ੍ਰਿਸ ਓਬਰਮੈਨ ਕਹਿੰਦੇ ਹਨ, "ਸ਼ੰਘਾਈ ਪਰਵਾਸੀਆਂ ਲਈ ਇੱਕ ਵਧੀਆ ਜਗ੍ਹਾ ਹੈ।"
"ਇੱਥੇ ਬਹੁਤ ਸਾਰੇ ਕੌਮਾਂਤਰੀ ਸਮੂਹ, ਬਾਰ, ਕੰਪਨੀਆਂ ਅਤੇ ਸਥਾਨ ਹਨ ਜਿੱਥੇ ਪਰਵਾਸੀ ਘੁੰਮਦੇ ਹਨ। ਬੀਜਿੰਗ ਵਿੱਚ ਰਵਾਇਤੀ ਚੀਨੀ ਸੱਭਿਆਚਾਰ ਦੀ ਸੁਹਜ ਹੈ, ਪਰ ਉੱਥੇ ਪਰਵਾਸੀ ਭਾਈਚਾਰਾ ਕਾਫ਼ੀ ਛੋਟਾ ਹੈ।"
ਬੈਲਜੀਅਨ ਪਰਵਾਸੀ ਵਾਊਟਰ ਮੇਅਰ ਹਾਂਗ ਕਾਂਗ ਅਤੇ ਸ਼ੇਨਜ਼ੇਨ ਦੋਵਾਂ ਵਿੱਚ ਰਹਿ ਚੁੱਕੇ ਹਨ। ਦੋਵਾਂ ਥਾਵਾਂ 'ਤੇ ਉਨ੍ਹਾਂ ਦੇ ਅਨੁਭਵ ਬਿਲਕੁਲ ਵੱਖਰੇ ਸਨ।
ਉਹ ਕਹਿੰਦੇ ਹਨ, "ਹਾਂਗ ਕਾਂਗ ਇੱਕ ਗਹਿਮਾ-ਗਹਿਮੀ ਵਾਲਾ ਅਤੇ ਵਿਅਸਤ ਸ਼ਹਿਰ ਹੈ।"
"ਇੱਥੇ ਹਰ ਉਮਰ ਦੇ ਲੋਕਾਂ ਲਈ ਬਹੁਤ ਸਾਰੇ ਖਰੀਦਦਾਰੀ, ਸੁਆਦੀ ਭੋਜਨ ਅਤੇ ਮਨੋਰੰਜਨ ਦੇ ਵਿਕਲਪ ਹਨ। ਸਾਲਾਂ ਦੌਰਾਨ ਸਿਆਸੀ ਤਬਦੀਲੀਆਂ ਦੇ ਬਾਵਜੂਦ, ਇਹ ਸ਼ਹਿਰ ਪਰਵਾਸੀਆਂ ਲਈ ਸੁਵਿਧਾਜਨਕ ਅਤੇ ਆਰਾਮਦਾਇਕ ਬਣਿਆ ਹੋਇਆ ਹੈ।"
ਦੱਖਣ-ਪੂਰਬੀ ਚੀਨ ਵਿੱਚ ਸਥਿਤ ਸ਼ੇਨਜ਼ੇਨ ਨੂੰ ਚੀਨ ਦੀ ਤੇਜ਼ੀ ਨਾਲ ਵਧ ਰਹੀ 'ਤਕਨੀਕੀ ਰਾਜਧਾਨੀ' ਮੰਨਿਆ ਜਾਂਦਾ ਹੈ, ਜੋ ਆਪਣੇ ਆਧੁਨਿਕ ਬੁਨਿਆਦੀ ਢਾਂਚੇ ਅਤੇ ਸਾਫ਼-ਸੁਥਰੀਆਂ ਗਲੀਆਂ ਲਈ ਜਾਣਿਆ ਜਾਂਦਾ ਹੈ।
ਮਯੂਰ ਕਹਿੰਦਾ ਹਨ, "ਇੱਥੇ ਨੌਕਰੀ ਦੇ ਬਹੁਤ ਸਾਰੇ ਮੌਕੇ ਹਨ ਅਤੇ ਆਵਾਜਾਈ ਪ੍ਰਣਾਲੀ ਬਹੁਤ ਵਧੀਆ ਹੈ। ਜੇਕਰ ਤੁਸੀਂ ਇਕੱਲੇ ਯਾਤਰਾ ਕਰਨਾ ਪਸੰਦ ਕਰਦੇ ਹੋ, ਤਾਂ ਤੁਸੀਂ ਈ-ਬਾਈਕ ਲੈ ਸਕਦੇ ਹੋ। ਜ਼ਿਆਦਾਤਰ ਪ੍ਰਮੁੱਖ ਸੜਕਾਂ 'ਤੇ ਸਮਰਪਿਤ ਸਾਈਕਲਿੰਗ ਲੇਨ ਹਨ।"
ਚੀਨ ਵਿੱਚ ਰਹਿਣ ਵਾਲੇ ਵਿਦੇਸ਼ੀ ਤੇਜ਼ ਜਨਤਕ ਆਵਾਜਾਈ ਅਤੇ ਆਨਲਾਈਨ ਖਰੀਦਦਾਰੀ ਦੀ ਸਹੂਲਤ ਦੀ ਬਹੁਤ ਕਦਰ ਕਰਦੇ ਹਨ।
ਓਬਰਮੈਨ ਦੱਸਦੇ ਹਨ, "ਜੇ ਤੁਸੀਂ ਕੁਝ ਖਰੀਦਦੇ ਹੋ ਅਤੇ ਇਸਨੂੰ ਵਾਪਸ ਕਰਨਾ ਚਾਹੁੰਦੇ ਹੋ, ਤਾਂ ਇਸਨੂੰ ਆਪਣੇ ਦਰਵਾਜ਼ੇ 'ਤੇ ਛੱਡ ਦਿਓ ਅਤੇ ਉਹ ਆ ਕੇ ਇਸਨੂੰ ਚੁੱਕ ਲੈਣਗੇ। ਇਹ ਵਿਸ਼ੇਸ਼ਤਾਵਾਂ ਬਹੁਤ ਜ਼ਿਆਦਾ ਸਮਾਂ ਬਚਾਉਣ ਵਾਲੀਆਂ ਹਨ।"
ਹਾਲਾਂਕਿ, ਜੇਕਰ ਤੁਸੀਂ ਇੱਥੇ ਖੁਸ਼ ਰਹਿਣਾ ਚਾਹੁੰਦੇ ਹੋ, ਤਾਂ ਥੋੜ੍ਹਾ ਜਿਹਾ ਲਚਕਦਾਰ ਰਵੱਈਆ ਹੋਣਾ ਜ਼ਰੂਰੀ ਹੈ।
ਓਬਰਮੈਨ ਕਹਿੰਦਾ ਹੈ, "ਚੀਨ ਵਿੱਚ ਸਭ ਕੁਝ ਬਹੁਤ ਜਲਦੀ ਬਦਲ ਜਾਂਦਾ ਹੈ।"
"ਚਾਹੇ ਇਹ ਕੰਮ 'ਤੇ ਬੌਸ ਦਾ ਫ਼ੈਸਲਾ ਹੋਵੇ ਜਾਂ ਪਲੰਬਰ ਨਾਲ ਮੁਲਾਕਾਤ, ਜੋ ਅਗਲੇ ਦਿਨ ਸਿਰਫ਼ ਇੱਕ ਮਿੰਟ ਦੇ ਨੋਟਿਸ 'ਤੇ ਆ ਸਕਦੀ ਹੈ।"
ਇੱਥੇ ਰੈਸਟੋਰੈਂਟ ਵੀ ਅਕਸਰ ਖੁੱਲ੍ਹਦੇ ਅਤੇ ਬੰਦ ਹੁੰਦੇ ਹਨ, ਇਸ ਲਈ ਕਿਸੇ ਇੱਕ ਜਗ੍ਹਾ ਜਾਂ ਚੀਜ਼ ਨਾਲ ਬਹੁਤ ਜ਼ਿਆਦਾ ਨਾ ਜੁੜਨਾ ਹੀ ਸਭ ਤੋਂ ਵਧੀਆ ਹੈ।
ਮੈਂਡਰਿਨ ਸਿੱਖਣ ਨਾਲ ਵੀ ਇੱਥੇ ਜ਼ਿੰਦਗੀ ਸੌਖੀ ਹੋ ਜਾਂਦੀ ਹੈ।
ਓਬਰਮੈਨ ਕਹਿੰਦਾ ਹੈ, "ਜੇ ਤੁਸੀਂ ਕਿਸੇ ਰੈਸਟੋਰੈਂਟ ਵਿੱਚ ਕਹਿੰਦੇ ਹੋ, 'ਖਾਣਾ ਚੰਗਾ ਹੈ' ਜਾਂ ਕੰਪਨੀ ਵਿੱਚ ਕਿਸੇ ਨੂੰ ਕਹਿੰਦੇ ਹੋ, 'ਤੁਸੀਂ ਚੰਗਾ ਕੰਮ ਕਰ ਰਹੇ ਹੋ' ਤਾਂ ਤੁਸੀਂ ਦੇਖੋਗੇ ਕਿ ਚੀਨੀ ਅਤੇ ਵਿਦੇਸ਼ੀ ਲੋਕਾਂ ਵਿਚਲਾ ਫ਼ਰਕ ਬਹੁਤ ਜਲਦੀ ਖ਼ਤਮ ਹੋ ਜਾਂਦੀ ਹੈ, ਅਤੇ ਲੋਕ ਜਲਦੀ ਘੁੱਲ-ਮਿਲ ਜਾਂਦੇ ਹਨ।"
"ਮੈਂ ਅੱਠ ਮਹੀਨਿਆਂ ਬਾਅਦ ਚੀਨੀ ਭਾਸ਼ਾ ਨੂੰ ਸਿੱਖਣਾ ਸ਼ੁਰੂ ਕੀਤਾ, ਕਾਸ਼ ਮੈਂ ਇਹ ਪਹਿਲਾਂ ਸ਼ੁਰੂ ਕੀਤਾ ਹੁੰਦਾ।"
ਮਲੇਸ਼ੀਆ
ਮਲੇਸ਼ੀਆ ਇਸ ਸਾਲ ਦੀ ਸੂਚੀ ਵਿੱਚ ਦਸਵੇਂ ਸਥਾਨ 'ਤੇ ਹੈ।
ਇਸਨੇ ਨਿੱਜੀ ਵਿੱਤ, ਰਿਹਾਇਸ਼ ਅਤੇ ਭਾਸ਼ਾ ਵਿੱਚ ਵਧੀਆ ਅੰਕ ਪ੍ਰਾਪਤ ਕੀਤੇ। ਇੱਥੇ ਆਮ ਤੌਰ 'ਤੇ ਅੰਗਰੇਜ਼ੀ ਬੋਲੀ ਜਾਂਦੀ ਹੈ, ਜੋ ਇਸਨੂੰ ਨਵੇਂ ਆਉਣ ਵਾਲਿਆਂ ਲਈ ਹੋਰ ਵੀ ਆਕਰਸ਼ਕ ਬਣਾਉਂਦੀ ਹੈ।
ਆਸਟ੍ਰੇਲੀਆਈ ਨਾਗਰਿਕ ਕ੍ਰਿਸਟੀਨ ਰੇਨੋਲਡਜ਼ ਕਹਿੰਦੇ ਹਨ, "ਇੱਥੇ ਆਉਣਾ ਅਤੇ ਲੋਕਾਂ ਨਾਲ ਘੁੱਲਣਾ-ਮਿਲਣਾ ਸੌਖਾ ਹੈ।"
ਅਮਰੀਕੀ ਲੇਖਕ ਕਿਰਸਟਨ ਰਾਕੁਆ ਆਪਣੇ ਬਲੌਗ, 'ਸੈਂਡ ਇਨ ਮਾਈ ਕਰਲਜ਼' ਵਿੱਚ ਲਿਖਦੇ ਹਨ, "ਮਲੇਸ਼ੀਆ ਦੀ ਸੱਭਿਆਚਾਰਕ ਵਿਭਿੰਨਤਾ ਹੈਰਾਨੀਜਨਕ ਹੈ। ਤੁਸੀਂ ਇੱਕ ਹਿੰਦੂ ਮੰਦਰ ਵਿੱਚ ਖੜ੍ਹੇ ਹੋ ਸਕਦੇ ਹੋ, ਨੇੜਲੇ ਬੋਧੀ ਮੰਦਰ ਤੋਂ ਆ ਰਹੀ ਧੂਫ਼ ਦੀ ਸੁਗੰਧ ਲੈ ਸਕਦੇ ਹੋ ਅਤੇ ਇੱਕ ਮਸਜਿਦ ਤੋਂ ਦੁਆ ਦੀ ਆਵਾਜ਼ ਸੁਣ ਸਕਦੇ ਹੋ।"
"ਦੁਨੀਆ ਵਿੱਚ ਹੋਰ ਕੋਈ ਜਗ੍ਹਾ ਨਹੀਂ ਹੈ ਜਿੱਥੇ ਅਜਿਹਾ ਸੱਭਿਆਚਾਰਕ ਮਿਸ਼ਰਣ ਮਿਲਦਾ ਹੋਵੇ।"
ਇਹ ਦੇਸ਼ ਆਪਣੀ ਕਿਫਾਇਤੀ ਜੀਵਨ ਸ਼ੈਲੀ ਲਈ ਵੀ ਮਸ਼ਹੂਰ ਹੈ। ਰਹਿਣ-ਸਹਿਣ, ਸਿਹਤ ਸੰਭਾਲ ਅਤੇ ਆਵਾਜਾਈ ਦੀ ਲਾਗਤ ਘੱਟ ਹੈ, ਜਿਸ ਨਾਲ ਜੀਵਨ ਦੀ ਗੁਣਵੱਤਾ ਬਿਹਤਰ ਹੁੰਦੀ ਹੈ।
ਰੇਨੋਲਡਜ਼ ਕਹਿੰਦੇ ਹਨ, "ਇੱਥੇ ਜਿੰਮ ਅਤੇ ਪੂਲ ਵਾਲੇ ਆਲੀਸ਼ਾਨ ਅਪਾਰਟਮੈਂਟ ਕਿਫਾਇਤੀ ਹਨ। ਇੱਕ ਵੀਕਐਂਡ ਲਈ, ਤੁਸੀਂ ਬੀਚਾਂ ਅਤੇ ਜੰਗਲਾਂ ਵਿੱਚ ਜਾ ਸਕਦੇ ਹੋ, ਬੋਰਨੀਓ ਵਿੱਚ ਓਰੰਗੁਟਾਨ ਦੇਖ ਸਕਦੇ ਹੋ, ਜਾਂ ਸਿਰਫ਼ 50 ਡਾਲਰ ਵਿੱਚ ਥਾਈਲੈਂਡ ਜਾ ਸਕਦੇ ਹੋ।"
ਵਿਦੇਸ਼ਾਂ ਵਿੱਚ ਕੰਮ ਕਰਨ ਵਾਲੇ ਲੋਕ ਵੀ ਇੱਥੇ ਕੰਮ ਅਤੇ ਨਿੱਜੀ ਜ਼ਿੰਦਗੀ ਵਿਚਕਾਰ ਸੰਤੁਲਨ ਦੀ ਕਦਰ ਕਰਦੇ ਹਨ।
ਬੈਂਕਾਕ ਦੇ ਰਹਿਣ ਵਾਲੇ ਫਰਾਹ ਜਾਬੇਰ, ਹੁਣ ਅਨੰਤਾਰਾ ਦੇਸਾਰੂ ਕੋਸਟ ਰਿਜ਼ੋਰਟ ਅਤੇ ਵਿਲਾਸ ਦੇ ਜਨਰਲ ਮੈਨੇਜਰ ਹਨ।
ਉਹ ਕਹਿੰਦੇ ਹਨ, "ਮਲੇਸ਼ੀਆ ਕਾਰੋਬਾਰ ਨੂੰ ਗੰਭੀਰਤਾ ਨਾਲ ਲੈਂਦਾ ਹੈ, ਪਰ ਇਹ ਤੁਹਾਨੂੰ ਆਰਾਮ ਕਰਨ ਅਤੇ ਆਪਣੀਆਂ ਰੁਚੀਆਂ ਨੂੰ ਅੱਗੇ ਵਧਾਉਣ ਦਾ ਸਮਾਂ ਵੀ ਦਿੰਦਾ ਹੈ।"
"ਇਹ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਤੁਸੀਂ ਸਖ਼ਤ ਮਿਹਨਤ ਕਰ ਸਕਦੇ ਹੋ ਅਤੇ ਫਿਰ ਸੱਭਿਆਚਾਰ, ਕੁਦਰਤ ਅਤੇ ਨਵੀਆਂ ਖੋਜਾਂ ਨਾਲ ਭਰਪੂਰ ਜੀਵਨ ਸ਼ੈਲੀ ਦਾ ਆਨੰਦ ਮਾਣ ਸਕਦੇ ਹੋ।"
ਮਲੇਸ਼ੀਆ ਡਿਜੀਟਲ ਪੇਸ਼ੇਵਰਾਂ ਲਈ ਵੀ ਇੱਕ ਪਸੰਦੀਦਾ ਸਥਾਨ ਹੈ।
ਵੀਜ਼ਾ ਪ੍ਰਣਾਲੀ ਸੌਖੀ ਹੈ ਅਤੇ ਚੰਗੀ ਵਾਈ-ਫਾਈ ਕੁਨੈਕਟੀਵਿਟੀ ਵਾਲੀਆਂ ਸਹਿ-ਕਾਰਜਸ਼ੀਲ ਥਾਵਾਂ ਰਿਮੋਟ ਕੰਮ ਕਰਨਾ ਸੁਵਿਧਾਜਨਕ ਬਣਾਉਂਦੀਆਂ ਹਨ।
ਜਿਹੜੇ ਲੋਕ ਜ਼ਿਆਦਾ ਸਮਾਂ ਰੁਕਣਾ ਚਾਹੁੰਦੇ ਹਨ, ਉਹ 'ਮਲੇਸ਼ੀਆ ਮਾਈ ਸੈਕਿੰਡ ਹੋਮ' ਪ੍ਰੋਗਰਾਮ ਵਿੱਚ ਹਿੱਸਾ ਲੈ ਸਕਦੇ ਹਨ, ਜੋ ਵਿਦੇਸ਼ਾਂ ਤੋਂ ਆਮਦਨ ਕਮਾਉਣ ਵਾਲਿਆਂ ਲਈ ਵਿਸ਼ੇਸ਼ ਟੈਕਸ ਲਾਭ ਪ੍ਰਦਾਨ ਕਰਦਾ ਹੈ।
ਵੀਅਤਨਾਮ
ਵੀਅਤਨਾਮ ਇਸ ਸਾਲ ਪਰਵਾਸੀਆਂ ਲਈ ਚੋਟੀ ਦੇ ਪੰਜ ਦੇਸ਼ਾਂ ਵਿੱਚੋਂ ਇੱਕ ਹੈ, ਨਿੱਜੀ ਵਿੱਤ ਸੂਚਕਾਂਕ ਵਿੱਚ ਪਹਿਲੇ ਸਥਾਨ 'ਤੇ ਹੈ, ਜੋ ਜੀਵਨ ਦੀ ਗੁਣਵੱਤਾ ਨੂੰ ਸਿੱਧਾ ਪ੍ਰਭਾਵਿਤ ਕਰਦਾ ਹੈ।
ਇੱਥੇ ਰਹਿਣ-ਸਹਿਣ ਦਾ ਖਰਚਾ ਬਹੁਤ ਘੱਟ ਹੈ, ਜੋ ਵਿਦੇਸ਼ੀ ਕਾਮਿਆਂ ਨੂੰ ਆਕਰਸ਼ਿਤ ਕਰਦਾ ਹੈ।
ਇੱਕ ਅਮਰੀਕੀ ਨਾਗਰਿਕ ਨੌਰਮਨ ਬੋਰ ਜੋ ਪਿਛਲੇ ਸਾਲ ਦਿ ਨਾਂਗ ਵਿੱਚ ਤਿੰਨ ਮਹੀਨੇ ਰਿਹਾ ਸੀ ਅਤੇ ਵਾਪਸ ਆਉਣ ਦੀ ਯੋਜਨਾ ਬਣਾ ਰਹੇ ਹਨ।
ਉਹ ਕਹਿੰਦੇ ਹਨ, "ਸਮੁੰਦਰ ਤੋਂ ਤਿੰਨ ਬਲਾਕ ਦੂਰ ਇੱਕ ਸਟੂਡੀਓ ਅਪਾਰਟਮੈਂਟ ਦੀ ਕੀਮਤ ਮਹਿਜ਼ 360 ਡਾਲਰ ਪ੍ਰਤੀ ਮਹੀਨਾ ਹੈ।"
"ਸਾਡੇ ਰਹਿਣ ਲਈ ਦੁਨੀਆ ਵਿੱਚ ਕਿਤੇ ਵੀ ਕੁਝ ਇੰਨਾ ਕਿਫਾਇਤੀ ਨਹੀਂ ਹੈ।"
ਵੀਅਤਨਾਮ ਵਿੱਚ ਦੂਜੇ ਦੇਸ਼ਾਂ ਤੋਂ ਆ ਕੇ ਸਥਾਨਕ ਲੋਕਾਂ ਨਾਲ ਭਾਈਚਾਰਾ ਬਣਾਉਣਾ ਆਸਾਨ ਹੈ।
ਆਯੂਸ਼ੀ ਟੰਡਨ, ਡੇਢ ਸਾਲ ਤੋਂ ਹੋ ਚੀ ਮਿਨ੍ਹ ਸਿਟੀ ਵਿੱਚ ਰਹਿ ਰਹੇ ਹਨ ਅਤੇ ਆਪਣਾ ਬਲੌਗ ਚਲਾਉਂਦੀ ਹੈ।
ਉਹ ਕਹਿੰਦੇ ਹਨ, "ਗੁਆਂਢੀ, ਸਥਾਨਕ ਦੁਕਾਨਦਾਰ ਅਤੇ ਗਲੀ ਵਿੱਚ ਵਿਕਰੀ ਲਈ ਆਉਣ ਵਾਲੇ ਜਲਦੀ ਹੀ ਤੁਹਾਡੀ ਸਹਾਇਤਾ ਲਈ ਆ ਜਾਂਦੇ ਹਨ। ਇਹ ਇੱਕ ਅਜਿਹਾ ਭਾਈਚਾਰਾ ਬਣਾ ਦਿੰਦੇ ਹਨ, ਜਿਸਦੀ ਜ਼ਿਆਦਾਤਰ ਵਿਦੇਸ਼ੀ ਪਹਿਲਾਂ ਉਮੀਦ ਨਹੀਂ ਕਰਦੇ।"
ਉਹ ਦੱਸਦੇ ਹਨ ਕਿ ਹੋ ਚੀ ਮਿਨ੍ਹ ਸ਼ਹਿਰ ਸਤ੍ਹਾ 'ਤੇ ਵਿਅਸਤ ਅਤੇ ਹਫੜਾ-ਦਫੜੀ ਵਾਲਾ ਲੱਗ ਸਕਦਾ ਹੈ, ਪਰ ਇੱਕ ਵਾਰ ਜਦੋਂ ਤੁਸੀਂ ਇਸਦੀ ਤਾਲ ਦੇ ਆਦੀ ਹੋ ਜਾਂਦੇ ਹੋ, ਤਾਂ ਜ਼ਿੰਦਗੀ ਆਸਾਨ ਹੋ ਜਾਂਦੀ ਹੈ। ਹਾਲਾਂਕਿ, ਸਧਾਰਨ ਕੰਮਾਂ ਲਈ ਵੀ ਲੋੜੀਂਦੇ ਕਾਗਜ਼ੀ ਕੰਮ ਵਿੱਚ ਲਚਕਤਾ ਜ਼ਰੂਰੀ ਹੈ।
ਟੰਡਨ ਕਹਿੰਦੇ ਹਨ, "ਫ਼ੋਨ ਪਲਾਨ ਸ਼ੁਰੂ ਕਰਨ ਜਾਂ ਵੀਜ਼ਾ ਵਧਾਉਣ ਵਿੱਚ ਕਈ ਕਾਗਜ਼ੀ ਕਾਰਵਾਈਆਂ ਕਰਨੀਆਂ ਪੈਂਦੀਆਂ ਹਨ। ਇਹ ਇੱਕ ਪੁਰਾਣੀ ਪ੍ਰਣਾਲੀ ਵਾਂਗ ਲੱਗ ਸਕਦਾ ਹੈ, ਪਰ ਇੱਕ ਵਾਰ ਜਦੋਂ ਤੁਸੀਂ ਇਸਦੀ ਆਦਤ ਪਾ ਲੈਂਦੇ ਹੋ, ਤਾਂ ਸਭ ਕੁਝ ਆਪਣੀ ਥਾਂ 'ਤੇ ਆ ਜਾਂਦਾ ਹੈ।"
ਉਹ ਇਹ ਵੀ ਕਹਿੰਦੇ ਹਨ ਕਿ ਵੀਅਤਨਾਮੀ ਮੌਸਮ ਦੇ ਅਨੁਕੂਲ ਹੋਣ ਵਿੱਚ ਕੁਝ ਸਮਾਂ ਲੱਗਦਾ ਹੈ।
"ਕਿਤਾਬਾਂ, ਕੱਪੜਿਆਂ ਅਤੇ ਇਲੈਕਟ੍ਰਾਨਿਕਸ ਨੂੰ ਉੱਲੀ ਅਤੇ ਜੰਗਾਲ ਤੋਂ ਬਚਾਉਣ ਲਈ ਵਾਧੂ ਦੇਖਭਾਲ ਦੀ ਲੋੜ ਹੁੰਦੀ ਹੈ।"
ਵੀਅਤਨਾਮ ਦਾ 'ਕੌਫੀ ਸੱਭਿਆਚਾਰ' ਇੱਥੋਂ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ।
ਟੰਡਨ ਸਾਈਗਨ ਨਦੀ ਦੇ ਪਾਰ ਕਿਸ਼ਤੀਆਂ ਦੀ ਯਾਤਰਾ ਨੂੰ ਯਾਦ ਕਰਦੇ ਹਨ, ਜਿੱਥੇ ਉਨ੍ਹਾਂ ਨੇ ਉਨ੍ਹਾਂ ਇਲਾਕਿਆਂ ਦਾ ਦੌਰਾ ਕੀਤਾ ਜਿੱਥੇ ਸੈਲਾਨੀ ਘੱਟ ਹੀ ਜਾਂਦੇ ਸਨ।
ਉਹ ਕਹਿੰਦੇ ਹਨ, "ਛੋਟੀਆਂ ਗਲੀਆਂ ਵਿੱਚ ਲੁਕੀਆਂ ਹੋਈਆਂ ਕੌਫੀ ਦੀਆਂ ਦੁਕਾਨਾਂ ਅਤੇ ਸਥਾਨਕ ਖਾਣ-ਪੀਣ ਦੀਆਂ ਦੁਕਾਨਾਂ ਨੇ ਮੈਨੂੰ ਸ਼ਹਿਰ ਨਾਲ ਸਭ ਤੋਂ ਡੂੰਘਾਈ ਨਾਲ ਜੋੜਿਆ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ