You’re viewing a text-only version of this website that uses less data. View the main version of the website including all images and videos.
ਸੈਰ ਬਾਰੇ ਨਵੀਂ ਖੋਜ ਵਿੱਚ ਆਏ ਹੈਰਾਨੀਜਨਕ ਤੱਥ, ਦਫ਼ਤਰ ਵਿੱਚ ਬੈਠਿਆਂ ਕਿਵੇਂ ਘੱਟ ਹੋ ਸਕਦੀਆਂ ਹਨ ਕੈਲੋਰੀਜ਼
ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਵਧੇਰੇ ਕੈਲੋਰੀਜ਼ ਨੂੰ ਕਿਵੇਂ ਖ਼ਤਮ ਕੀਤਾ ਜਾ ਸਕਦਾ ਹੈ? ਕੀ ਬਿਨਾਂ ਰੁਕਾਵਟ ਲਗਾਤਾਰ ਤੁਰਨ ਨਾਲ ਜਾਂ ਰੁਕ-ਰੁਕ ਕੇ ਟੈਕਟਸ ਮੈਸੇਜ ਪੜ੍ਹਦੇ ਹੋਏ, ਰੁਕ ਕੇ ਪਾਣੀ ਪੀਣ ਨਾਲ ਜਾਂ ਬੈਠ ਕੇ ਅਸਮਾਨ ਵੱਲ ਦੇਖਣ ਨਾਲ?
ਇਸ 'ਤੇ ਤੁਹਾਡਾ ਕੀ ਜਵਾਬ ਹੋਵੇਗਾ?
ਸ਼ਾਇਦ ਤੁਸੀਂ ਪਹਿਲੇ ਬਦਲ ਵੱਲ ਜਾਓਗੇ, ਕਿਉਂਕਿ ਜਦੋਂ ਕਸਰਤ ਹੀ ਮਕਸਦ ਹੈ ਤਾਂ ਰੁਕ-ਰੁਕ ਕੇ ਤੁਰਨਾ ਕੋਈ ਚੰਗਾ ਵਿਚਾਰ ਤਾਂ ਨਹੀਂ ਹੋਵੇਗਾ।
ਭਾਵੇਂਕਿ ਇਟਲੀ ਦੀ ਮਿਲਾਨ ਯੂਨੀਵਰਸਿਟੀ ਵੱਲੋਂ ਕੀਤੀ ਗਈ ਨਵੀਂ ਖੋਜ ਠੀਕ ਦਾ ਨਤੀਜਾ ਇਸ ਵਿਚਾਰ ਦੇ ਉਲਟ ਭਗੁਤ ਰਿਹਾ ਹੈ।
ਖੋਜਾਰਥੀਆਂ ਮੁਤਾਬਕ 10 ਤੋਂ 30 ਸੈਕਿੰਡ ਸਮੇਂ ਲਈ ਪੌੜੀਆਂ ਚੜ੍ਹਨ ਜਾਂ ਤੁਰਨ ਲਈ 20 ਫ਼ੀਸਦ ਤੋਂ 60 ਫ਼ੀਸਦ ਆਕਸੀਜਨ ਦੀ ਲੋੜ ਹੁੰਦੀ ਹੈ। ਇਹ ਊਰਜਾ ਦੀ ਖ਼ਪਤ ਦਾ ਇੱਕ ਸੰਕੇਤਕ ਹੈ, ਇਹੀ ਗਤੀਵਿਧੀ ਨੂੰ ਲਗਾਤਾਰ ਸੈਸ਼ਨ ਵਿੱਚ ਕਰਨਾ ਹੁੰਦਾ ਹੈ।
ਅਜਿਹਾ, ਇਸ ਲਈ ਵੀ ਹੈ ਕਿਉਂਕਿ ਜਦੋਂ ਅਸੀਂ ਕਈ ਮਿੰਟ ਤੁਰਦੇ ਰਹਿੰਦੇ ਹਾਂ ਤਾਂ ਇਸ ਤਰ੍ਹਾਂ ਤੁਰਨਾ ਹੋਰ ਵੀ ਵਧੇਰੇ ਚੰਗਾ ਸਾਬਿਤ ਹੁੰਦਾ ਹੈ।
ਪ੍ਰੋਸੀਡਿੰਗ ਆਫ ਦਿ ਰੋਇਲ ਸੁਸਾਇਟੀ ਬੀ ਵਿੱਚ ਛਪੇ ਅਧਿਐਨ ਦੇ ਪ੍ਰਮੁੱਖ ਲੇਖਕ ਲੁਸਿਆਨੋ ਫਰਾਂਸਿਸਕੋ ਨੇ ਬੀਬੀਸੀ ਮੁੰਡੋ ਨੂੰ ਦੱਸਿਆ, "ਇਹ ਕਾਰ ਨਾਲ ਹੋਣ ਵਾਲੀ ਪ੍ਰਕਿਰਿਆ ਦੇ ਬਰਾਬਰ ਹੀ ਹੈ, ਜਿੱਥੇ ਤੁਸੀਂ ਵਿਸ਼ਲੇਸ਼ਣ ਕਰਦੇ ਹੋ ਕਿ ਇੱਕ ਕਿਲੋਮੀਟਰ ਜਾਣ ਲਈ ਤੁਹਾਨੂੰ ਕਿੰਨਾ ਪੈਟ੍ਰੋਲ ਚਾਹੀਦਾ ਹੈ।"
ਲੁਸਿਆਨੋ ਅੱਗੇ ਆਖਦੇ ਹਨ, "ਇੱਕ ਹਾਈਬ੍ਰਿਡ ਕਾਰ ਵਾਂਗ, ਜੋ ਬਿਜਲੀ ਪੈਦਾ ਕਰਨ ਲਈ ਈਂਧਣ ਦੀ ਵਰਤੋਂ ਕਰਦੀ ਹੈ ਅਤੇ ਬਿਜਲੀ ਨਾਲ ਇੰਜਣ ਵਿੱਚ ਗਤੀ ਪੈਦਾ ਕਰਦੀ ਹੈ, ਇਸੇ ਤਰ੍ਹਾਂ ਹੀ ਅਸੀਂ ਆਕਸੀਜਨ ਦੀ ਵਰਤੋਂ ਰਸਾਇਣਕ ਊਰਜਾ ਪੈਦਾ ਕਰਨ ਲਈ ਕਰਦੇ ਹਾਂ,ਜੋ ਸਾਡੀਆਂ ਮਾਸਪੇਸ਼ੀਆਂ ਨੂੰ ਹਿਲਾਉਦੀ ਹੈ।"
"ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਲੰਬੀ ਸੈਰ ਦੇ ਮੁਕਾਬਲੇ ਛੋਟੀ ਸੈਰ ਕਰਦੇ ਹਾਂ, ਤਾਂ ਅਸੀਂ ਆਕਸੀਜਨ ਨੂੰ ਰਸਾਇਣਕ ਊਰਜਾ ਵਿੱਚ ਬਦਲਣ ਵਿੱਚ ਘੱਟ ਸਮਰੱਥ ਹੁੰਦੇ ਹਾਂ ਅਤੇ ਰਸਾਇਣਕ ਊਰਜਾ ਨੂੰ ਗਤੀਵਿਧੀ ਵਿੱਚ ਬਦਲਣ ਵਿੱਚ ਵੀ ਘੱਟ ਸਮਰੱਥ ਹੁੰਦੇ ਹਾਂ।"
ਕੁਸ਼ਲਤਾ ਦੀ ਕਮੀ ਦੇ ਨਤੀਜੇ ਵਜੋਂ ਊਰਜਾ ਦੀ ਵਰਤੋਂ ਵਿੱਚ ਵਾਧਾ ਹੁੰਦਾ ਹੈ, ਜਿਸ ਦਾ ਮਤਲਬ ਹੈ ਕਿ ਅਸੀਂ ਵਧੇਰੇ ਕੈਲੋਰੀਜ਼ ਦੀ ਖ਼ਪਤ ਕਰਦੇ ਹਾਂ।
ਬ੍ਰੇਕ ਕਿੰਨਾ ਜਰੂਰੀ ਹੈ?
ਵਕਫ਼ਾ ਯਾਨਿ ਬ੍ਰੇਕ ਕਿੰਨਾ ਹੋਣਾ ਚਾਹੀਦਾ ਹੈ, ਲੁਸਿਆਨੋ ਅਤੇ ਉਨ੍ਹਾਂ ਦੀ ਟੀਮ ਵੱਲੋਂ ਇਸ ਖੋਜ ਲਈ ਪ੍ਰਯੋਗਸ਼ਾਲਾ ਦੀਆਂ ਸਥਿਤੀਆਂ ਵਿੱਚ 10 ਸਿਹਤਮੰਦ ਵਿਅਕਤੀਆਂ ਨੇ ਹਿੱਸਾ ਲਿਆ। ਇਸ ਵਿੱਚ 10 ਮਿੰਟ ਦੇ ਵਕਫ਼ੇ ʼਤੇ ਅਧਿਐਨ ਕੀਤਾ ਗਿਆ।
ਖੋਜਕਾਰ ਆਖਦੇ ਹਨ, "ਅਸਲ ਵਿੱਚ, ਅਸੀਂ 10 ਤੋਂ 30 ਸਕਿੰਟਾਂ ਦੇ ਵਿਚਕਾਰ ਤੁਰਨ ਅਤੇ 10-ਮਿੰਟ ਦੇ ਬ੍ਰੇਕ ਬਾਰੇ ਗੱਲ ਕਰ ਰਹੇ ਹਾਂ।"
ਪਰ ਸਮੇਂ ਦੀ ਸਟੀਕਤਾਂ ਤੋਂ ਪਰੇ, ਇਹ ਇਸ ਅਧਿਐਨ ਵਿੱਚੋਂ ਸਭ ਤੋਂ ਮਹੱਤਵਪੂਰਨ ਇਹ ਸਬਕ ਮਿਲਦਾ ਹੈ ਕਿ ਸਾਡੇ ਰੋਜ਼ਾਨਾ ਜੀਵਨ ਵਿੱਚ ਗਤੀਵਿਧੀ ਨੂੰ ਸ਼ਾਮਲ ਕਰਨਾ ਕਿੰਨਾ ਸੌਖਾ ਹੋ ਸਕਦਾ ਹੈ।
ਲੁਸਿਆਨੇ ਕਹਿੰਦੇ ਹਨ, "ਸੋਚੋ, ਜਦੋਂ ਅਸੀਂ ਦਫ਼ਤਰ ਵਿੱਚ ਹੁੰਦੇ ਹਾਂ ਅਤੇ ਕੰਪਿਊਟਰ ਅੱਗੇ ਘੰਟਿਆਂ ਤੱਕ ਸਮਾਂ ਬਿਤਾਉਂਦੇ ਹਾਂ, ਸ਼ਾਇਦ ਅਸੀਂ ਹਰੇਕ 20 ਮਿੰਟ ਵਿੱਚ ਉੱਠ ਕੇ ਥੋੜ੍ਹਾ ਤੁਰ ਸਕਦੇ ਹਾਂ। ਪ੍ਰਿੰਟਰ ਕੋਲ ਜਾ ਸਕਦੇ ਹਾਂ ਜਾਂ 30 ਸੈਕੰਡ ਲਈ ਖਿੜਕੀ ਕੋਲ ਜਾ ਸਕਦੇ ਹਾਂ ਅਤੇ ਇਹ ਕਾਫ਼ੀ ਹੈ।"
ਇਸੇ ਤਰ੍ਹਾਂ ਜਦੋਂ ਅਸੀਂ ਸੈਰ ਲਈ ਜਾਂਦੇ ਹਾਂ ਤਾਂ ਸ਼ੁਰੂ ਤੋਂ ਅੰਤ ਤੱਕ ਬਿਨਾਂ ਰੁਕੇ ਤੁਰਨਾ ਜ਼ਰੂਰੀ ਨਹੀਂ ਹੈ ਪਰ ਅਸੀਂ ਕਿਸੇ ਸਟੋਰ 'ਤੇ ਰੁਕ ਸਕਦੇ ਹਾਂ, ਫਿਰ ਤੁਰ ਸਕਦੇ ਹਾਂ, ਫਿਰ ਕਿਸੇ ਗੁਆਂਢੀ ਨਾਲ ਗੱਲ ਕਰਨ ਲਈ ਰੁਕ ਸਕਦੇ ਹਾਂ ਅਤੇ ਇਸੇ ਤਰ੍ਹਾਂ ਵਾਰ-ਵਾਰ ਰੁਕ ਕੇ ਵੀ ਆਪਣਾ ਟੀਚਾ ਪੂਰਾ ਕਰ ਸਕਦੇ ਹਾਂ।
ਇਹ ਰੁਕਾਵਟਾਂ ਤੁਹਾਡੇ ਸਰੀਰ ਦੀ ਗਤੀਵਧੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੀਆਂ ਬਲਕਿ ਇਸ ਨੂੰ ਵਧਾਉਂਦੀਆਂ ਹਨ।
ਤੰਦਰੁਸਤ ਲੋਕਾਂ ਲਈ ਪ੍ਰਭਾਵ ਤੋਂ ਪਰੇ, ਮਿਲਾਨ ਯੂਨੀਵਰਸਿਟੀ ਦਾ ਅਧਿਐਨ ਸੀਮਤ ਗਤੀਸ਼ੀਲਤਾ ਵਾਲੇ ਲੋਕਾਂ ਲਈ ਵਧੇਰੇ ਲਾਹੇਵੰਦ ਹੈ।
ਲੁਸਿਆਨੋ ਦਾ ਕਹਿਣਾ ਹੈ, "ਗਤੀਸ਼ੀਲਤਾ ਸਬੰਧੀ ਔਖਿਆਈਆਂ ਵਾਲੇ ਕਈ ਲੋਕਾਂ ਲਈ ਕਈ ਮਿੰਟਾਂ ਤੱਕ ਲਗਾਤਾਰ ਤੁਰਨਾ ਸੰਭਵ ਨਹੀਂ ਹੈ।"
ਪਰ ਜੇਕਰ ਅਸੀਂ ਛੋਟੀਆਂ-ਛੋਟੀਆਂ ਹਰਕਤਾਂ ਦੇ ਪ੍ਰਭਾਵ ਨੂੰ ਦੇਖੀਏ ਇਨ੍ਹਾਂ ਨੂੰ ਲੋਕਾਂ ਦੇ ਵਧੇਰੇ ਸੰਮਲਿਤ ਸਮੂਹ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਅਮਲ ਵਿੱਚ ਲਿਆਂਦਾ ਜਾ ਸਕਦਾ ਹੈ।
ਹਾਲਾਂਕਿ ਅਧਿਐਨ ਸਿਰਫ਼ ਦੋ ਸਮਾਨ ਗਤੀਵਿਧੀਆਂ ਪੈਦਲ ਅਤੇ ਪੌੜੀਆਂ ਚੜ੍ਹਨ 'ਤੇ ਕੇਂਦ੍ਰਿਤ ਸੀ, ਪਰ ਬਹੁਤ ਵੱਖਰੀ ਤੀਬਰਤਾ ਦੇ ਪੱਧਰਾਂ ʼਤੇ ਖੋਜਕਾਰਾਂ ਦਾ ਮੰਨਣਾ ਹੈ ਕਿ ਹੋਰ ਸਰੀਰਕ ਵਿਸ਼ਿਆਂ ਲਈ ਵੀ ਇਹੀ ਸੱਚ ਹੈ।
ਲੁਸਿਆਨੋ ਨੇ ਸਿੱਟਾ ਕੱਢਿਆ ਹੈ, "ਸਾਨੂੰ ਸ਼ੱਕ ਹੈ ਕਿ ਇਹ, ਕੁਝ ਮਾਅਨਿਆਂ ਵਿੱਚ ਇੱਕ ਆਮ ਨਿਯਮ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ