ਮਨੁੱਖੀ ਸਰੀਰ ਕਿਵੇਂ ਚਮੜੀ ਬਣਾਉਂਦਾ ਹੈ, ਖੋਜ ਵਿੱਚ ਹੋਏ ਹੈਰਾਨ ਕਰਨ ਵਾਲੇ ਖੁਲਾਸੇ

    • ਲੇਖਕ, ਪੱਲਬ ਘੋਸ਼
    • ਰੋਲ, ਬੀਬੀਸੀ ਨਿਊਜ਼

ਵਿਗਿਆਨੀਆਂ ਨੇ ਇੱਕ ਖੋਜ ਕੀਤੀ ਹੈ, ਜੋ ਸਮੇਂ ਦੇ ਨਾਲ ਬੁਢਾਪੇ ਵਿੱਚ ਦੇਰੀ ਲਿਆਉਣ ਲਈ ਮਦਦ ਕਰ ਸਕਦੀ ਹੈ।

ਇੱਕ ਟੀਮ ਨੇ ਖੋਜ ਕੀਤੀ ਹੈ ਕਿ ਕਿਵੇਂ ਮਨੁੱਖੀ ਸਰੀਰ ਇੱਕ ਸਟੈਮ ਸੈੱਲ ਤੋਂ ਚਮੜੀ ਬਣਾਉਂਦਾ ਹੈ।

ਇਹ ਖੋਜ ਅਧਿਐਨ ਦਾ ਇੱਕ ਹਿੱਸਾ ਹੈ, ਜਿਸ ਰਾਹੀਂ ਇਹ ਸਮਝਿਆ ਗਿਆ ਹੈ ਕਿ ਕਿਵੇਂ ਇੱਕ ਸੈੱਲ ਤੋਂ ਹੋਰ ਸੈੱਲਾਂ ਰਾਹੀਂ ਮਨੁੱਖੀ ਸਰੀਰ ਦੇ ਹਰੇਕ ਹਿੱਸੇ ਨੂੰ ਬਣਾਇਆ ਜਾਂਦਾ ਹੈ।

ਇਸ ਖੋਜ ਨੂੰ ਵਧਦੀ ਉਮਰ ਵਿੱਚ ਚਮੜੀ ਨੂੰ ਜਵਾਨ ਰੱਖਣ ਤੋਂ ਇਲਾਵਾ, ਟਰਾਂਸਪਲਾਂਟ ਲਈ ਨਕਲੀ ਚਮੜੀ ਬਣਾਉਣ ਅਤੇ ਦਾਗ ਨੂੰ ਖਤਮ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ।

ਮਨੁੱਖੀ ਸੈੱਲ ਐਟਲਸ ਪ੍ਰਾਜੈਕਟ ਜੀਵ ਵਿਗਿਆਨ ਵਿੱਚ ਸਭ ਤੋਂ ਵੱਧ ਉਤਸ਼ਾਹੀ ਖੋਜ ਪ੍ਰੋਗਰਾਮਾਂ ਵਿੱਚੋਂ ਇੱਕ ਹੈ। ਇਹ ਖੋਜ ਵੱਖ-ਵੱਖ ਦੇਸ਼ਾਂ ਵਿੱਚ ਕੀਤੀ ਗਈ ਹੈ ਪਰ ਇਸ ਦਾ ਆਧਾਰ ਵੈਲਕਮ ਸੈਂਗਰ ਇੰਸਟੀਚਿਊਟ, ਕੈਮਬ੍ਰਿਜ, ਇੰਗਲੈਂਡ ਵਿੱਚ ਹੈ।

ਇਸ ਪ੍ਰਾਜੈਕਟ ਦੇ ਮੁੱਖ ਲੀਡਰਾਂ ਵਿੱਚੋਂ ਇੱਕ ਪ੍ਰੋਫੈਸਰ ਮੁਜ਼ਲਿਫਾਹ ਹਨੀਫਾ ਕਹਿੰਦੇ ਹਨ ਕਿ ਇਹ ਖੋਜਾਂ ਵਿਗਿਆਨੀਆਂ ਨੂੰ ਬਿਮਾਰੀਆਂ ਦਾ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਇਲਾਜ ਕਰਨ ਵਿੱਚ ਮਦਦ ਕਰਨਗੀਆਂ ਅਤੇ ਸਾਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖਣ ਦੇ ਨਵੇਂ ਤਰੀਕੇ ਲੱਭਣ ਅਤੇ ਸ਼ਾਇਦ ਸਾਨੂੰ ਜਵਾਨ ਦਿਖਾਉਣ ਵਿੱਚ ਵੀ ਮਦਦ ਕਰਨਗੀਆਂ।

ਵੈਲਕਮ ਸੈਂਗਰ ਇੰਸਟੀਚਿਊਟ ਦੇ ਹਨੀਫਾ ਨੇ ਕਿਹਾ, “ਜੇਕਰ ਅਸੀਂ ਚਮੜੀ ਨੂੰ ਬਦਲ ਸਕਦੇ ਹਾਂ ਅਤੇ ਬੁਢਾਪੇ ਨੂੰ ਰੋਕ ਸਕਦੇ ਹਾਂ ਤਾਂ ਸਾਡੇ ਸਰੀਰ ’ਤੇ ਝੁਰੜੀਆਂ ਘੱਟ ਹੋਣਗੀਆਂ।”

“ਜੇ ਅਸੀਂ ਸਮਝ ਗਏ ਕਿ ਸੈੱਲ ਸ਼ੁਰੂਆਤੀ ਵਿਕਾਸ ਤੋਂ ਲੈ ਕੇ ਜਵਾਨੀ ਵਿੱਚ ਬੁਢਾਪੇ ਤੱਕ ਕਿਵੇਂ ਬਦਲਦੇ ਹਨ ਤਾਂ ਅਸੀਂ ਪੁੱਛ ਸਕਦੇ ਹਾਂ, ‘ਮੈਂ ਅੰਗਾਂ ਨੂੰ ਕਿਵੇਂ ਸੁਰਜੀਤ ਕਰ ਸਕਦਾ ਹਾਂ, ਦਿਲ ਨੂੰ ਜਵਾਨ ਕਿਵੇਂ ਬਣਾ ਸਕਦਾ ਹਾਂ? ਮੈਂ ਚਮੜੀ ਨੂੰ ਜਵਾਨ ਕਿਵੇਂ ਬਣਾ ਸਕਦਾ ਹਾਂ?”

ਚਮੜੀ ਕਿਵੇਂ ਬਣਦੀ ਹੈ?

ਖੋਜਕਰਤਾਵਾਂ ਨੇ ਮੂਲ ਰੂਪ ਵਿੱਚ ਉਸ ਪ੍ਰਕਿਰਿਆ ਦਾ ਪਤਾ ਲਗਾਇਆ ਹੈ, ਜੋ ਮਨੁੱਖੀ ਚਮੜੀ ਨੂੰ ਬਣਾਉਣ ਲਈ ਜ਼ਿੰਮੇਵਾਰ ਹੈ। ਇਨ੍ਹਾਂ ਦੇ ਨਤੀਜਿਆਂ ਨੂੰ ਨੇਚਰ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਨ੍ਹਾਂ ਹਦਾਇਤਾਂ ਨੂੰ ਪੜ੍ਹਨ ਨਾਲ ਦਿਲਚਸਪ ਸੰਭਾਵਨਾਵਾਂ ਬਣ ਸਕਦੀਆਂ ਹਨ।

ਵਿਗਿਆਨੀ ਪਹਿਲਾਂ ਹੀ ਜਾਣਦੇ ਹਨ ਕਿ ਜਨਮ ਦੌਰਾਨ ਬੱਚੇ ਦੀ ਚਮੜੀ ਦਾਗ ਛੱਡੇ ਬਿਨਾਂ ਠੀਕ ਹੋ ਜਾਂਦੀ ਹੈ।

ਨਵੀਂ ਖੋਜ ਵਿੱਚ ਇਹ ਵੇਰਵੇ ਸ਼ਾਮਲ ਹਨ ਕਿ ਇਹ ਕਿਵੇਂ ਕੰਮ ਕਰਦਾ ਹੈ। ਖੋਜ ਦੇ ਇੱਕ ਹਿੱਸੇ ਰਾਹੀਂ ਇਹ ਵੀ ਦੇਖਿਆ ਗਿਆ ਹੈ ਕੀ ਇਹ ਸੰਭਵ ਹੈ ਕਿ ਸਰਜੀਕਲ ਪ੍ਰਕਿਰਿਆਵਾਂ ਦੀ ਵਰਤੋਂ ਨਾਲ ਇਸ ਨੂੰ ਜਵਾਨ ਚਮੜੀ ਵਿੱਚ ਦੁਬਾਰਾ ਪੈਦਾ ਕੀਤਾ ਜਾ ਸਕੇ।

ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਵਿਗਿਆਨੀਆਂ ਨੇ ਖੋਜ ਕੀਤੀ ਕਿ ਇਮਿਊਨ ਸੈੱਲਾਂ ਨੇ ਚਮੜੀ ਵਿੱਚ ਖੂਨ ਦੀਆਂ ਨਾੜੀਆਂ ਦੇ ਗਠਨ ਕਰਨ ’ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਉਹ ਇੱਕ ਪ੍ਰਯੋਗਸ਼ਾਲਾ ਵਿੱਚ ਸਬੰਧਤ ਨਿਰਦੇਸ਼ਾਂ ਦੀ ਨਕਲ ਕਰਨ ਦੇ ਯੋਗ ਹਨ।

ਉਨ੍ਹਾਂ ਨੇ ਜੀਨ ਨੂੰ ਚਾਲੂ ਅਤੇ ਬੰਦ ਕਰਨ ਲਈ ਸਹੀ ਸਮੇਂ ਅਤੇ ਸਹੀ ਥਾਵਾਂ ’ਤੇ ਸਟੈਮ ਸੈੱਲਾਂ ਤੋਂ ਨਕਲੀ ਚਮੜੀ ਪੈਦਾ ਕਰਨ ਲਈ ਰਸਾਇਣਾਂ ਦੀ ਵਰਤੋਂ ਕੀਤੀ ਹੈ।

ਉਨ੍ਹਾਂ ਨੇ ਹੁਣ ਤੱਕ ਚਮੜੀ ਦੇ ਛੋਟੇ-ਛੋਟੇ ਨਮੂਨੇ ਲਏ ਹਨ, ਜਿਨ੍ਹਾਂ ’ਤੇ ਵਾਲ ਵੀ ਉੱਗ ਗਏ ਹਨ।

ਪ੍ਰੋਫੈਸਰ ਹਾਨੀਫਾ ਦੇ ਮੁਤਾਬਕ ਆਖਰੀ ਟੀਚਾ ਤਕਨੀਕ ਨੂੰ ਸੰਪੂਰਨ ਕਰਨਾ ਹੈ।

ਉਹ ਕਹਿੰਦੇ ਹਨ,“ਜੇ ਅਸੀਂ ਜਾਣਦੇ ਹਾਂ ਕਿ ਮਨੁੱਖੀ ਚਮੜੀ ਕਿਵੇਂ ਬਣਦੀ ਹੈ ਤਾਂ ਅਸੀਂ ਇਸ ਦੀ ਵਰਤੋਂ ਝੁਲਸੇ ਹੋਏ ਮਰੀਜ਼ਾਂ ਲਈ ਕਰ ਸਕਦੇ ਹਾਂ ਅਤੇ ਇਹ ਟਿਸ਼ੂ ਟਰਾਂਸਪਲਾਂਟ ਕਰਨ ਦਾ ਇੱਕ ਤਰੀਕਾ ਹੋ ਸਕਦਾ ਹੈ।”

“ਇਕ ਹੋਰ ਉਦਾਹਰਨ ਇਹ ਹੈ ਕਿ ਜੇ ਅਸੀਂ ਵਾਲਾਂ ਦੇ ਫੌਲੀਕਲਸ ਬਣਾ ਸਕਦੇ ਹਾਂ ਤਾਂ ਅਸੀਂ ਗੰਜੇ ਲੋਕਾਂ ਦੇ ਸਿਰ ’ਤੇ ਵਾਲ ਪੈਦਾ ਕਰ ਸਕਦੇ ਹਾਂ।”

ਨਕਲੀ ਚਮੜੀ ਦੀ ਵਰਤੋਂ ਇਹ ਸਮਝਣ ਲਈ ਵੀ ਕੀਤੀ ਜਾ ਸਕਦੀ ਹੈ ਕਿ ਕਿਵੇਂ ਜਨਮ ਤੋਂ ਚਮੜੀ ਦੇ ਰੋਗ ਵਿਕਸਿਤ ਹੁੰਦੇ ਹਨ ਅਤੇ ਸੰਭਾਵੀ ਨਵੇਂ ਇਲਾਜਾਂ ਦੀ ਜਾਂਚ ਕੀਤੀ ਜਾ ਸਕਦੀ ਹੈ।

ਮਨੁੱਖੀ ਸਰੀਰ ਦਾ ਐਟਲਸ ਸੈੱਲ

ਜੀਨਾਂ ਨੂੰ ਚਾਲੂ ਅਤੇ ਬੰਦ ਕਰਨ ਦੀਆਂ ਹਦਾਇਤਾਂ ਪੂਰੇ ਵਿਕਾਸਸ਼ੀਲ ਭਰੂਣ ਵਿੱਚ ਭੇਜੀਆਂ ਜਾਂਦੀਆਂ ਹਨ ਅਤੇ ਸਾਡੇ ਸਾਰੇ ਵੱਖ-ਵੱਖ ਅੰਗਾਂ ਅਤੇ ਟਿਸ਼ੂਆਂ ਨੂੰ ਵਿਕਸਤ ਕਰਨ ਲਈ ਜਨਮ ਤੋਂ ਬਾਅਦ ਜਵਾਨ ਹੋਣ ਤੱਕ ਸਾਡੇ ਅੰਦਰ ਰਹਿੰਦੀਆਂ ਹਨ।

ਹਿਊਮਨ ਸੈੱਲ ਐਟਲਸ ਪ੍ਰਾਜੈਕਟ ਨੇ ਅੱਠ ਸਾਲਾਂ ਵਿੱਚ ਮਨੁੱਖੀ ਸਰੀਰ ਦੇ ਵੱਖ-ਵੱਖ ਹਿੱਸਿਆਂ ਤੋਂ 100 ਮਿਲੀਅਨ ਸੈੱਲਾਂ ਦਾ ਵਿਸ਼ਲੇਸ਼ਣ ਕੀਤਾ ਹੈ।

ਉਨ੍ਹਾਂ ਨੇ ਦਿਮਾਗ ਅਤੇ ਫੇਫੜਿਆਂ ਦੇ ਐਟਲਸ ਤਿਆਰ ਕੀਤੇ ਹਨ ਅਤੇ ਖੋਜਕਰਤਾ ਗੁਰਦੇ, ਜਿਗਰ ਅਤੇ ਦਿਲ ’ਤੇ ਕੰਮ ਕਰ ਰਹੇ ਹਨ।

ਸਾਰਾਹ ਟੇਚਮੈਨ ਕੈਮਬ੍ਰਿਜ ਯੂਨੀਵਰਸਿਟੀ ਦੇ ਪ੍ਰੋਫੈਸਰ ਹਨ, ਜੋ ਮਨੁੱਖੀ ਸੈੱਲ ਐਟਲਸ ਕੰਸੋਰਟੀਅਮ ਦੀ ਸਥਾਪਨਾ ਕਰਨ ਵਾਲੇ ਵਿਗਿਆਨੀਆਂ ਵਿੱਚੋਂ ਇੱਕ ਹਨ।

ਉਹ ਕਹਿੰਦੇ ਹਨ,“ਅਗਲਾ ਕਦਮ ਵਿਅਕਤੀਗਤ ਐਟਲਸ ਨੂੰ ਇਕੱਠਾ ਕਰਨਾ ਹੈ।”

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ,“ਇਹ ਬਹੁਤ ਹੀ ਰੋਮਾਂਚਕ ਹੈ ਕਿਉਂਕਿ ਇਹ ਸਾਨੂੰ ਸਰੀਰ ਵਿਗਿਆਨ ਅਤੇ ਸਰੀਰ ਵਿਗਿਆਨ ਵਿੱਚ ਨਵੀਂ ਸਮਝ ਅਤੇ ਮਨੁੱਖਾਂ ਦੀ ਇੱਕ ਨਵੀਂ ਸਮਝ ਬਾਰੇ ਦੱਸਦਾ ਹੈ।”

“ਇਹ ਸਾਡੇ ਟਿਸ਼ੂਆਂ ਤੇ ਅੰਗਾਂ ਬਾਰੇ ਕਿ ਉਹ ਆਪਣੇ ਆਪ ਕਿਵੇਂ ਕੰਮ ਕਰਦੇ ਹਨ, ਬਾਰੇ ਨਵੀਆਂ ਕਿਤਾਬਾਂ ਲਿਖਣ ਦੀ ਅਗਵਾਈ ਕਰੇਗਾ।”

ਵਿਗਿਆਨੀਆਂ ਦਾ ਕਹਿਣਾ ਹੈ ਕਿ ਮਨੁੱਖੀ ਸਰੀਰ ਕਿਵੇਂ ਵਿਕਾਸ ਕਰਦਾ ਹੈ, ਇਸ ਬਾਰੇ ਆਉਣ ਵਾਲੇ ਸਮੇਂ ਵਿੱਚ ਤਸਵੀਰ ਹੋਰ ਚੰਗੀ ਤਰ੍ਹਾਂ ਸਾਫ ਹੋ ਜਾਵੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)