ਚੰਗੀ ਸਿਹਤ ਲਈ 10,000 ਕਦਮ ਤੁਰਨਾ ਜ਼ਰੂਰੀ ਨਹੀਂ ਹੈ, ਤਾਂ ਫਿਰ ਕੀ ਕਰਨ ਦੀ ਲੋੜ ਹੈ

    • ਲੇਖਕ, ਐਨਾਬੈਲ ਕਰਖਮ
    • ਰੋਲ, ਬੀਬੀਸੀ ਨਿਊਜ਼

ਲੰਬੇ ਸਮੇਂ ਤੋਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਸਿਹਤਮੰਦ ਰਹਿਣ ਲਈ ਇੱਕ ਦਿਨ ਵਿੱਚ ਘੱਟੋ-ਘੱਟ 10,000 ਕਦਮ ਤੁਰਨਾ ਬਹੁਤ ਜ਼ਰੂਰੀ ਹੈ। ਪਰ ਇੱਕ ਨਵੀਂ ਖੋਜ ਤਾਂ ਕੁਝ ਹੋਰ ਹੀ ਕਹਿ ਰਹੀ ਹੈ।

ਇਸ ਖੋਜ ਮੁਤਾਬਕ 5,000 ਤੋਂ ਘੱਟ ਕਦਮ ਤੁਰ ਕੇ ਵੀ ਸਿਹਤ ਵਿੱਚ ਚੰਗੇ ਸੁਧਾਰ ਵੇਖੇ ਜਾ ਸਕਦੇ ਹਨ।

ਇਸ ਖੋਜ ਵਿੱਚ 2,26,000 ਲੋਕ ਸ਼ਾਮਲ ਹੋਏ ਸਨ। ਖੋਜ ਵਿੱਚ ਦੇਖਿਆ ਗਿਆ ਕਿ ਦਿਨ ਵਿੱਚ 4,000 ਕਦਮਾਂ ਤੋਂ ਘੱਟ ਤੁਰਨਾ ਵੀ ਸਿਹਤ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਦੂਰ ਕਰਨ ਵਿੱਚ ਸਹਾਈ ਹੁੰਦਾ ਹੈ।

ਇਸ ਤੋਂ ਇਲਾਵਾ 2300 ਤੋਂ ਵੱਧ ਕਦਮ ਤੁਰਨਾ ਦਿਲ ਅਤੇ ਖ਼ੂਨ ਦੀਆਂ ਨਾੜਾਂ ਨੂੰ ਫਾਇਦਾ ਪਹੁੰਚਾਉਣ ਲਈ ਬਹੁਤ ਹੈ।

ਖੋਜਾਰਥੀ ਕਹਿੰਦੇ ਹਨ ਕਿ ਇਸ ਤੋਂ ਇਲਾਵਾ ਜਿੰਨੇ ਵੀ ਕਦਮ ਵੱਧ ਤੁਰੋਗੇ, ਸਿਹਤ ਲਈ ਹੋਰ ਲਾਭ ਦੇਖਣ ਨੂੰ ਮਿਲਣਗੇ।

ਆਪਣੀ ਰੋਜ਼ਾਨਾ ਦੀ ਸੈਰ 1000 ਕਦਮ ਵਧਾਉਣ ਨਾਲ ਛੇਤੀ ਮਰਨ ਦਾ ਖ਼ਤਰਾ 15 ਫੀਸਦੀ ਤੱਕ ਘੱਟ ਜਾਵੇਗਾ।

ਹਰੇਕ ਲਈ ਲਾਹੇਵੰਦ

ਪੋਲੈਂਡ ਦੀ ਮੈਡੀਕਲ ਯੁਨੀਵਰਸਿਟੀ ਆਫ ਲੋਡਜ਼ ਅਤੇ ਅਮਰੀਕਾ ਦੀ ਜੋਹਨ ਹੌਪਕਿਨਸ ਯੂਨੀਵਰਸਿਟੀ ਆਫ ਮੈਡੀਸਿਨ ਦੀ ਖੋਜ ਵਿੱਚ ਇਹ ਸਾਹਮਣੇ ਆਇਆ ਕਿ ਵੱਧ ਤੁਰਨ ਦਾ ਫਾਇਦਾ ਹਰੇਕ ਲਿੰਗ, ਉਮਰ ਅਤੇ ਹਰੇਕ ਥਾਂ ਉੱਤੇ ਰਹਿਣ ਵਾਲੇ ਲੋਕਾਂ ਉੱਤੇ ਲਾਗੂ ਹੁੰਦਾ ਹੈ।

ਪਰ ਇਸ ਦਾ ਸਭ ਤੋਂ ਵੱਧ ਫਾਇਦਾ 60 ਸਾਲ ਤੋਂ ਘੱਟ ਦੀ ਉਮਰ ਦੇ ਲੋਕਾਂ ਲਈ ਹੁੰਦਾ ਹੈ।

ਲੋਡਜ਼ ਯੂਨੀਵਰਸਿਟੀ ਦੇ ਪ੍ਰੋਫੈਸਰ ਮੇਸੀਏਜ਼ ਬਨਾਕ ਨੇ ਕਿਹਾ ਕਿ ਹਾਲਾਂਕਿ ਮਰੀਜ਼ਾਂ ਦੇ ਇਲਾਜ ਲਈ ਦਵਾਈਆਂ ਵੱਧ ਰਹੀਆਂ ਹਨ, ਪਰ ਦਵਾਈਆਂ ਹੀ ਕੇਵਲ ਇੱਕੋ ਉਪਾਅ ਨਹੀਂ ਹਨ।

ਉਨ੍ਹਾਂ ਕਿਹਾ, “ਮੈਂ ਮੰਨਦਾ ਹਾਂ ਕਿ ਚੰਗਾ ਜੀਵਨ ਢੰਗ, ਖੁਰਾਕ ਅਤੇ ਕਸਰਤ ਕਰਨ ਨਾਲ ਦਿਲ ਦੇ ਰੋਗਾਂ ਨੂੰ ਘਟਾਉਣ ਅਤੇ ਉਮਰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ, ਸਾਡੀ ਖੋਜ ਵੀ ਇਸ ਨੂੰ ਸਹੀ ਸਾਬਤ ਕਰਦੀ ਹੈ।”

ਮੌਤਾਂ ਦਾ ਚੌਥਾ ਵੱਡਾ ਕਾਰਨ

ਵਿਸ਼ਵ ਸਿਹਤ ਸੰਗਠਨ ਦੇ ਡਾਟਾ ਮੁਤਾਬਕ, ਘੱਟ ਸਰੀਰਕ ਕਿਰਿਆ ਕਾਰਨ ਹਰ ਸਾਲ 32 ਲੱਖ ਮੌਤਾ ਹੁੰਦੀਆਂ ਹਨ, ਇਹ ਸੰਸਾਰ ਵਿੱਚ ਮੌਤਾਂ ਦਾ ਚੌਥਾ ਵੱਡਾ ਕਾਰਨ ਹੈ।

ਇੱਕ ਅੰਤਰ-ਰਾਸ਼ਟਰੀ ਫਿਟਨੈਸ ਕੰਪਨੀ ਵਿੱਚ ਲੋਕਾਂ ਨੂੰ ਸਿਖਲਾਈ ਦੇਣ ਦਾ ਕੰਮ ਕਰਦੇ ਹਨੀ ਫਾਈਨ ਜ਼ਿਆਦਾ ਦੇਰ ਬੈਠਣ ਕਾਰਨ ਹੋਣ ਵਾਲੀਆਂ ਮੁਸ਼ਕਲਾਂ ਬਾਰੇ ਗੱਲ ਕਰਦੇ ਹਨ।

ਉਹ ਦੱਸਦੇ ਹਨ, “ਇਹ ਤੁਹਾਡੇ ਮੈਟਾਬੋਲਿਜ਼ਮ ਅਤੇ ਮਾਸਪੇਸ਼ੀਆਂ ਦੇ ਵਿਕਾਸ ਅਤੇ ਤਾਕਤ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਕਾਰਨ ਦਰਦ ਅਤੇ ਹੋਰ ਪਰੇਸ਼ਾਨੀ ਹੋ ਸਕਦੀ ਹੈ।”

ਉਨ੍ਹਾਂ ਕਿਹਾ, “ਲੰਬੇ ਸਮੇਂ ਤੱਕ ਬੈਠਣ ਨਾਲ ਪਿੱਠ ਨਾਲ ਸਬੰਧਤ ਮੁਸ਼ਕਲਾਂ ਦਾ ਕਾਰਨ ਬਣ ਸਕਦਾ ਹੈ। ਦਫ਼ਤਰੀ ਕੰਮ ਕਰਨ ਵਾਲੇ ਲੋਕ ਇਸ ਸਮੱਸਿਆ ਨਾਲ ਵਧੇਰੇ ਜੂਝਦੇ ਹਨ, ਕਿੳਂਕਿ ਕੰਮ ਕਾਰਨ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਅਜਿਹੇ ਢੰਗ ਨਾਲ ਬੈਠਣਾ ਪੈਂਦਾ ਹੈ ਜੋ ਉਨ੍ਹਾਂ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ।”

ਫਾਈਨ ਗ਼ੈਰ-ਕਸਰਤੀ ਗਤੀਵਿਧੀ ਥਰਮੋਜੇਨੀਸਿਸ ਦੇ ਮਹੱਤਵ ਨੂੰ ਸਮਝਾਉਂਦੇ ਹਨ। ਇਸ ਨੂੰ ਨੀਟ ਵਜੋਂ ਵੀ ਜਾਣਿਆ ਹੈ।

ਉਹ ਆਖਦੀ ਹੈ, "ਸੌਖੇ ਸ਼ਬਦਾਂ ਵਿੱਚ, ਉਹ ਸਭ ਕੁਝ ਜੋ ਅਸੀਂ ਕਰਦੇ ਹਾਂ, ਜਿਸ ਨੂੰ ਕਰਨ ਵਿੱਚ ਊਰਜਾ ਲੱਗਦੀ ਹੈ ਅਤੇ ਕੈਲਰੀਆਂ ਦੀ ਵਰਤੋਂ ਹੁੰਦੀ ਹੈ।"

ਉਹ ਅੱਗੇ ਕਹਿੰਦੀ ਹੈ, “ਕਈ ਕੰਮ ਜਿਵੇਂ ਖੜ੍ਹੇ ਰਹਿਣਾ, ਸ਼ਾਪਿੰਗ ਬੈਗ ਚੁੱਕਣਾ, ਫਰਸ਼ ਧੋਣਾ, ਸਫਾਈ ਕਰਨੀ, ਫੋਨ ‘ਤੇ ਗੱਲ ਕਰਦੇ ਸਮੇਂ ਤੁਰਨਾ, ਇਹ ਉਹ ਸਭ ਕੰਮ ਹਨ ਜਿਹੜੇ ਸਾਨੂੰ ਤੰਦਰੁਸਤ ਬਣਾਉਂਦੇ ਹਨ ਅਤੇ ਕੈਲਰੀਆਂ ਦੀ ਵਰਤੋਂ ਚੰਗੀ ਤਰ੍ਹਾਂ ਕਰਨ ਲਈ ਸਾਡੀ ਸਹਾਇਤਾ ਕਰਦੇ ਹਨ।”

ਸੈਰ ਕਰਨ ਦੇ ਫਾਇਦੇ

ਫਾਈਨ ਦਾ ਕਹਿਣਾ ਹੈ ਕਿ ਸੈਰ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਮੁਸ਼ਕਲ ਹੋ ਸਕਦਾ ਹੈ, ਪਰ ਇਸਦੇ ਤੁਹਾਡੀ ਸਿਹਤ ਲਈ ਫਾਇਦੇ ਬਹੁਤ ਹਨ।

ਉਹ ਕਹਿੰਦੀ ਹੈ, “ਸੈਰ ਕਰਨ ਨਾਲ ਤੁਹਾਡਾ ਬਲੱਡ ਪਰੈਸ਼ਰ ਘੱਟ ਸਕਦਾ ਹੈ, ਤੁਹਾਡੀਆਂ ਮਾਸਪੇਸ਼ੀਆਂ ਨੂੰ ਹੱਡੀਆਂ ਦੀ ਰੱਖਿਆ ਲਈ ਤਾਕਤ ਮਿਲ ਸਕਦੀ ਹੈ ਅਤੇ ਤੁਸੀਂ ਆਪਣੇ ਭਾਰ ਉੱਤੇ ਕੰਟਰੋਲ ਰੱਖ ਸਕਦੇ ਹੋ।”

ਸੈਰ ਸਾਡੀ ਮਾਨਸਿਕ ਸਿਹਤ ਨੂੰ ਠੀਕ ਰੱਖਣ ਅਤੇ ਮੋਬਾਈਲ ਜਾਂ ਕੰਪਿਊਟਰ ਸਕ੍ਰੀਨ ਤੋਂ ਪਰੇ ਕੁਝ ਸਮਾਂ ਬਿਤਾਉਣ ਵਿੱਚ ਵੀ ਮਦਦ ਕਰਦੀ ਹੈ।

ਸੈਰ ਕਰਨਾ ਸਾਰਿਆਂ ਦੀ ਸਿਹਤ ਲਈ ਚੰਗਾ ਹੈ ਅਤੇ ਇਹ ਸਰਲ ਵੀ ਹੈ ਅਤੇ ਮਾਸਪੇਸ਼ੀਆਂ ਤੇ ਜੋੜਾਂ ਚੰਗੀ ਵੀ।

ਚੰਗੀ ਸਿਹਤ ਲਈ ਕੁਝ ਧਿਆਨ ਦੇਣ ਯੋਗ ਗੱਲਾਂ

  • ਨੇੜਲੀਆਂ ਥਾਵਾਂ ਉੱਤੇ ਵਾਹਨਾਂ ਰਾਹੀਂ ਜਾਣ ਦੀ ਥਾਂ ਤੁਰ ਕੇ ਜਾਓ
  • ਜੇਕਰ ਤੁਸੀਂ ਦਫ਼ਤਰੀ ਕੰਮ ਕਰਦੇ ਹੋ ਤਾਂ, ਘੰਟੇ ਬਾਅਦ ਉੱਠ ਕੇ ਸੈਰ ਕਰਨ ਦਾ ਅਲਾਰਮ ਲਗਾ ਲਓ ਅਤੇ ਕੁਝ ਕਦਮ ਤੁਰ ਕੇ ਆਓ
  • ਗਰਭਵਤੀ ਔਰਤਾਂ ਲਈ ਤੁਰਨਾ ਸਭ ਤੋਂ ਬਿਹਤਰ ਕਸਰਤ ਹੈ
  • ਪੋਡਕਾਸਟ ਸੁਣਦੇ ਹੋਏ ਰੋਜ਼ਾਨਾ ਅੱਧਾ ਘੰਟਾ ਸੈਰ ਕਰੋ
  • ਦੋਸਤਾਂ ਨਾਲ ਪਾਰਕ ਵਿੱਚ ਜਾਂ ਜੰਗਲ ਵਿੱਚ ਸੈਰ ਕਰੋ
  • ਜੇਕਰ ਤੁਹਾਡੇ ਕੋਲ ਕੋਈ ਪਾਲਤੂ ਕੁੱਤਾ ਹੈ ਤਾਂ ਉਸ ਨਾਲ ਵੀ ਸੈਰ ਕਰ ਸਕਦੇ ਹੋ
  • ਆਪਣੇ ਦਫਤਰ ਤੱਕ ਪਹੁੰਚਣ ਲਈ 10 ਮਿੰਟਾਂ ਦੀ ਸੈਰ ਤੋਂ ਸ਼ੁਰੂ ਕਰਕੇ ਤੁਸੀਂ ਇਸ ਨੂੰ ਵਧਾ ਵੀ ਸਕਦੇ ਹੋ
  • ਪਾਰਕ ਵਿੱਚ 20 ਮਿੰਟ ਜਾਂ ਕਸਬੇ ਦੇ ਦੁਆਲੇ ਅੱਧਾ ਘੰਟਾ ਸੈਰ ਕਰ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)