ਧਰਮਿੰਦਰ ਦਾ ਦੇਹਾਂਤ: ਪੰਜਾਬ ਤੋਂ ਮੁੰਬਈ ਦਾ ਸਫ਼ਰ ਤੈਅ ਕਰਨ ਵਾਲੇ ਅਦਾਕਾਰ ਸਾਲਾਂ ਤੱਕ ਕਿਵੇਂ ਬਣੇ ਰਹੇ 'ਹਿੱਟ ਮਸ਼ੀਨ'

    • ਲੇਖਕ, ਵੰਦਨਾ
    • ਰੋਲ, ਸੀਨੀਅਰ ਨਿਊਜ਼ ਐਡੀਟਰ, ਏਸ਼ੀਆ ਡਿਜੀਟਲ
ਧਰਮਿੰਦਰ
ਤਸਵੀਰ ਕੈਪਸ਼ਨ, ਆਪਣੇ ਸਮੇਂ 'ਚ ਧਰਮਿੰਦਰ ਨੂੰ ਦੁਨੀਆ ਦੇ ਸਭ ਤੋਂ ਸੋਹਣੇ ਮਰਦਾਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਸੀ

ਹਿੰਦੀ ਸਿਨੇਮਾ ਦੇ 'ਹੀ ਮੈਨ' ਕਹੇ ਜਾਣ ਵਾਲੇ ਅਦਾਕਾਰ ਧਰਮਿੰਦਰ ਦਾ 89 ਸਾਲ ਦੀ ਉਮਰ 'ਚ ਐਤਵਾਰ ਨੂੰ ਦੇਹਾਂਤ ਹੋ ਗਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਹੈਂਡਲ 'ਤੇ ਪੋਸਟ ਕਰਦੇ ਹੋਏ ਕਿਹਾ, "ਧਰਮਿੰਦਰ ਜੀ ਦੇ ਜਾਣ ਨਾਲ ਇੰਡੀਅਨ ਸਿਨੇਮਾ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ।"

ਧਰਮਿੰਦਰ ਨੂੰ ਕੁਝ ਦਿਨ ਪਹਿਲਾਂ ਸਾਹ ਦੀ ਸਮੱਸਿਆ ਕਾਰਨ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ, ਕੁਝ ਦਿਨਾਂ ਦੇ ਇਲਾਜ ਤੋਂ ਬਾਅਦ ਉਹ ਘਰ ਵਾਪਸ ਆ ਗਏ।

ਫਿਲਮੀ ਪਰਦੇ 'ਤੇ ਐਕਸ਼ਨ ਇਮੇਜ ਵਾਲੇ ਧਰਮਿੰਦਰ ਸ਼ਾਇਰੀ ਮਿਜਾਜ਼ ਦੇ ਮਾਲਕ ਸਨ। ਪਰ ਜੇਕਰ ਐਕਸ਼ਨ ਹੀਰੋ ਅਤੇ ਹੀ-ਮੈਨ ਵਰਗੇ ਨਾਵਾਂ 'ਚ ਕੈਦ ਧਰਮਿੰਦਰ ਨੂੰ ਇਨ੍ਹਾਂ ਬੰਧਨਾਂ ਤੋਂ ਪਰਾਂ ਪਰਖਿਆ ਜਾਵੇ ਤਾਂ ਉਹ ਇਸ ਤੋਂ ਕਿਤੇ ਉੱਪਰ ਸਨ।

ਫਿਲਮ ਅਨੁਪਮਾ 'ਚ ਇੱਕ ਸੰਵੇਦਨਸ਼ੀਲ ਲੇਖਕ, ਸਮਾਜਿਕ ਚਿੰਤਨ ਕਰਨ ਵਾਲਾ ਸਤਿਆਕਾਮ ਦਾ ਆਦਰਸ਼ ਜ਼ਿੱਦੀ ਨੌਜਵਾਨ, ਕਾਮੇਡੀ ਨਾਲ ਪਾਗ਼ਲ ਕਰਨ ਵਾਲਾ ਚੁਪਕੇ-ਚੁਪਕੇ ਦਾ ਪ੍ਰੋਫੈਸਰ ਪਰਿਮਲ…

ਅਤੇ ਅਸਲ ਜ਼ਿੰਦਗੀ 'ਚ ਇੱਕ ਸ਼ਾਇਰ, ਇੱਕ ਪ੍ਰੇਮੀ, ਇੱਕ ਪਿਤਾ, ਦੁਨੀਆ ਦੇ ਸਭ ਤੋਂ ਸੋਹਣੇ ਮਰਦਾਂ 'ਚੋਂ ਇੱਕ, ਸ਼ਰਾਬ ਦੀ ਬੁਰੀ ਆਦਤ ਤੋਂ ਛੁਟਕਾਰਾ ਪਾਉਣ ਵਾਲਾ ਇੱਕ ਇਨਸਾਨ ਅਤੇ ਰਾਜਨੀਤੀ ਦੇ ਵਨ-ਟਾਈਮ ਸਿਆਸਤਦਾਨ।

ਨਵਾਜ਼ ਸ਼ਰੀਫ਼ ਵੀ ਸਨ ਪ੍ਰਸ਼ੰਸਕ

ਸਾਲ 1935 'ਚ ਪੰਜਾਬ 'ਚ ਜਨਮੇ ਧਰਮ ਸਿੰਘ ਦਿਓਲ ਨੇ ਆਪਣੇ ਜੱਦੀ ਪਿੰਡ ਨਸਰਾਲੀ ਤੋਂ ਬੰਬਈ ਤੱਕ ਦਾ ਅਨੌਖਾ ਸਫ਼ਰ ਤੈਅ ਕੀਤਾ ਜੋ ਕਿ ਇੱਕ ਸੁਪਨਾ ਹੀ ਕਿਹਾ ਜਾ ਸਕਦਾ ਹੈ।

ਭਾਰਤ 'ਚ ਹੀ ਨਹੀਂ ਸਗੋਂ ਪਾਕਿਸਤਾਨ 'ਚ ਵੀ ਧਰਮਿੰਦਰ ਦੇ ਬਹੁਤ ਸਾਰੇ ਪ੍ਰਸ਼ੰਸਕ ਮੌਜੂਦ ਹਨ, ਜਿਨ੍ਹਾਂ 'ਚ ਪਾਕਿਸਤਾਨ ਦੇ ਸਾਬਕਾ ਵਜ਼ੀਰ-ਏ-ਆਜ਼ਮ ਨਵਾਜ਼ ਸ਼ਰੀਫ਼ ਵੀ ਸ਼ਾਮਲ ਹਨ।

ਧਰਮਿੰਦਰ ਨੇ ਇੱਕ ਵਾਰ ਇਹ ਕਿੱਸਾ ਸੁਣਾਇਆ ਸੀ, "ਜਦੋਂ ਨਵਾਜ਼ ਸ਼ਰੀਫ਼ ਭਾਰਤ ਆਏ ਸਨ ਤਾਂ ਉਨ੍ਹਾਂ ਨਾਲ ਮੁਲਾਕਾਤ ਹੋਈ ਸੀ। ਨਵਾਜ਼ ਸ਼ਰੀਫ਼ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਕਾਰ ਰਾਹੀਂ ਜਾ ਰਿਹਾ ਸੀ ਅਤੇ ਉਨ੍ਹਾਂ ਦੇ ਘਰ ਸਾਹਮਣੇ ਕਾਰ ਰੁਕਵਾਈ ਗਈ। ਉਨ੍ਹਾਂ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਕਿਹਾ ਸੀ, ਵੇਖੋ, ਇਹ ਹੈ ਧਰਮਿੰਦਰ ਦਾ ਘਰ।"

ਮਹੇਸ਼ ਭੱਟ ਦੇ ਲਈ ਧਰਮਿੰਦਰ ਨੇ ਟਰੱਕ ਡਰਾਈਵਰ ਤੋਂ ਉਧਾਰ ਲਏ ਕੱਪੜੇ

ਧਰਮਿੰਦਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ 'ਚ ਹੀ ਨਹੀਂ ਸਗੋਂ ਪਾਕਿਸਤਾਨ 'ਚ ਵੀ ਧਰਮਿੰਦਰ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ

ਜਿੱਥੇ ਧਰਮਿੰਦਰ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਮਨਾਂ 'ਤੇ ਛਾ ਗਏ ਉੱਥੇ ਹੀ ਉਨ੍ਹਾਂ ਦੀ ਉਦਾਰਤਾ ਨੇ ਵੀ ਲੋਕਾਂ ਦਾ ਮਨ ਮੋਹ ਲਿਆ।

ਲੇਖਕ ਰਾਜੀਵ ਵਿਜੇਕਾਰ ਦੀ ਕਿਤਾਬ 'ਧਰਮਿੰਦਰ-ਨਾਟ ਜਸਟ ਏ ਹੀ-ਮੈਨ' ਅਜਿਹੇ ਕਿੱਸੇ ਕਹਾਣੀਆਂ ਨਾਲ ਭਰੀ ਪਈ ਹੈ।

ਕਿਤਾਬ 'ਚ ਮਹੇਸ਼ ਭੱਟ ਦੱਸਦੇ ਹਨ, "ਫਿਲਮ 'ਦੋ ਚੋਰ' ਦੇ ਸੈੱਟ 'ਤੇ ਮੈਂ ਬਤੌਰ ਸਹਾਇਕ ਕੰਮ ਕਰ ਰਿਹਾ ਸੀ। ਮੇਰੇ ਵੱਲੋਂ ਢੰਗ ਨਾਲ ਨਿਰਦੇਸ਼ ਨਾ ਦੇਣ ਕਰਕੇ ਟਰੱਕ ਡਰਾਈਵਰ ਦੀ ਧਰਮਿੰਦਰ ਦੀ ਡਰੈੱਸ ਲੋਕੇਸ਼ਨ ਤੋਂ ਦੂਰ ਹੋਟਲ 'ਚ ਹੀ ਰਹਿ ਗਈ ਸੀ। ਇਹ ਸੀਨ ਹਰ ਹਾਲਤ 'ਚ ਸਵੇਰੇ-ਸਵੇਰੇ ਸ਼ੂਟ ਹੋਣਾ ਸੀ, ਨਹੀਂ ਤਾਂ ਨਿਰਮਾਤਾ ਦਾ ਬਹੁਤ ਨੁਕਸਾਨ ਹੋ ਜਾਣਾ ਸੀ। ਮੈਂ ਧਰਮਿੰਦਰ ਨੂੰ ਆਪਣੀ ਇਸ ਮੁਸ਼ਕਲ ਬਾਰੇ ਦੱਸਿਆ।"

"ਧਰਮਿੰਦਰ ਨੇ ਬਹੁਤ ਹੀ ਧਿਆਨ ਨਾਲ ਅਤੇ ਪੂਰੀ ਹਮਦਰਦੀ ਨਾਲ ਮੇਰੀ ਗੱਲ ਸੁਣੀ। ਫਿਰ ਉਹ ਉੱਠੇ ਅਤੇ ਨਜ਼ਦੀਕ ਹੀ ਇੱਕ ਟਰੱਕ ਡਰਾਈਵਰ ਕੋਲ ਚਲੇ ਗਏ। ਧਰਮ ਜੀ ਨੇ ਉਸ ਡਰਾਈਵਰ ਦੇ ਪਾਏ ਹੋਏ ਗੰਦੇ ਕੱਪੜੇ ਉਧਾਰ ਲਏ। ਉਨ੍ਹਾਂ ਨੇ ਇੱਕ ਡਰੈੱਸਮੈਨ ਦੀ ਗ਼ਲਤੀ ਨੂੰ ਆਪਣੀ ਉਦਾਰਤਾ ਅਤੇ ਕਲਪਨਾ ਨਾਲ ਢੱਕ ਲਿਆ।"

ਦਿਲੀਪ ਕੁਮਾਰ ਨੇ ਅਦਾਕਾਰੀ ਦੀ ਚਿਨਗ ਲਗਾਈ

ਧਰਮਿੰਦਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਸਾਬਕਾ ਵਜ਼ੀਰ-ਏ-ਆਜ਼ਮ ਨਵਾਜ਼ ਸ਼ਰੀਫ਼ ਵੀ ਸ਼ਾਮਲ ਹਨ

ਜੇਕਰ ਗੱਲ ਬਚਪਨ ਤੋਂ ਸ਼ੁਰੂਆਤ ਕੀਤੀ ਜਾਵੇ ਤਾਂ ਉਨ੍ਹਾਂ ਦੇ ਪਿਤਾ ਲੁਧਿਆਣਾ ਦੇ ਨੇੜੇ ਪੈਂਦੇ ਸਾਨ੍ਹੇਵਾਲ ਪਿੰਡ 'ਚ ਗਣਿਤ ਦੇ ਅਧਿਆਪਕ ਵੱਜੋਂ ਸੇਵਾਵਾਂ ਨਿਭਾ ਰਹੇ ਸਨ ਅਤੇ ਉੱਥੇ ਸਿਨੇਮਾ ਆਦਿ ਵੇਖਣਾ ਤਾਂ ਬਹੁਤ ਹੀ ਦੂਰ ਦੀ ਗੱਲ ਸੀ।

ਬਚਪਨ 'ਚ ਹੀ ਇੱਕ ਦਿਨ ਚੋਰੀ ਛਿਪੇ ਦਿਲੀਪ ਕੁਮਾਰ ਦੀ ਫਿਲਮ 'ਸ਼ਹੀਦ' ਵੇਖੀ ਜੋ ਕਿ ਸਾਲ 1948 'ਚ ਰਿਲੀਜ਼ ਹੋਈ ਸੀ।

ਧਰਮਿੰਦਰ ਨੇ ਦੱਸਿਆ ਸੀ ਕਿ ਉਸ ਫਿਲਮ ਅਤੇ ਦਿਲੀਪ ਕੁਮਾਰ ਦੀ ਅਦਾਕਾਰੀ ਨੇ ਉਨ੍ਹਾਂ ਦੇ ਦਿਲ 'ਤੇ ਜਾਦੂ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਕਿਸਮਤ ਜਿਵੇਂ ਉਸੇ ਦਿਨ ਹੀ ਤੈਅ ਹੋ ਗਈ ਸੀ।

ਕਿਸਮਤ ਵੀ ਸ਼ਾਇਦ ਧਰਮਿੰਦਰ ਦੇ ਪੱਖ 'ਚ ਸੀ। 1958 'ਚ ਫਿਲਮਫੇਅਰ ਮੈਗਜ਼ੀਨ ਨੇ ਇੱਕ ਟੈਲੇਂਟ ਹੰਟ ਦਾ ਐਲਾਨ ਕੀਤਾ, ਜਿਸ 'ਚ ਬਿਮਲ ਰਾਏ ਅਤੇ ਗੁਰੂ ਦੱਤ ਵਰਗੇ ਦਿੱਗਜ਼ ਸ਼ਾਮਲ ਸਨ।

ਧਰਮਿੰਦਰ ਜੋ ਕਿ ਉਸ ਸਮੇਂ ਮਲੇਰਕੋਟਲਾ 'ਚ ਨੌਕਰੀ ਕਰ ਰਹੇ ਸਨ, ਉਹ ਉੱਥੇ ਜਾਨ ਮੁਹੰਮਦ ਫੋਟੋ ਸਟੂਡੀਓ ਗਏ ਅਤੇ ਕਿਹਾ ਕਿ ਬਸ ਕੁਝ ਅਜਿਹਾ ਕਰੋ ਕਿ ਦਿਲੀਪ ਕੁਮਾਰ ਬਣਾ ਦਿਓ ਅਤੇ ਸਿਲੈਕਸ਼ਨ ਹੋ ਜਾਵੇ ਅਤੇ ਹੋਇਆ ਵੀ ਕੁਝ ਅਜਿਹਾ ਹੀ ਅਤੇ ਪਿੰਡ ਦਾ ਮੁੰਡਾ ਬੰਬੇ ਜਾ ਪਹੁੰਚਿਆ।

ਤੇ ਇੱਥੋਂ ਹੀ ਸ਼ੂਰੂ ਹੋਈ ਅਜਿਹੀ ਫਿਲਮ ਕਹਾਣੀ ਜਿਸ 'ਚ ਇਮੋਸ਼ਨ ਵੀ ਸੀ ਅਤੇ ਡਰਾਮਾ ਤੇ ਟਰੈਜਡੀ ਵੀ।

ਬਿਮਲ ਰਾਏ ਦੇ ਧਰਮਿੰਦਰੂ ਅਤੇ ਫਿਲਮ ਬੰਦਿਨੀ

ਧਰਮਿੰਦਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਧਰਮਿੰਦਰ ਇੱਕ ਸਮੇਂ ਮਲੇਰਕੋਟਲਾ 'ਚ ਨੌਕਰੀ ਕਰਦੇ ਸਨ

ਬਿਮਲ ਰਾਏ ਨੇ ਖ਼ੁਦ ਧਰਮਿੰਦਰ, ਜਿਨ੍ਹਾਂ ਨੂੰ ਉਹ ਧਰਮਿੰਦਰੂ ਕਹਿ ਕੇ ਬੁਲਾਉਂਦੇ ਸਨ, ਨੂੰ ਫਿਲਮ ਬੰਦਿਨੀ 'ਚ ਪਹਿਲਾ ਰੋਲ ਦਿੱਤਾ ਸੀ।

ਹਾਲਾਂਕਿ ਫਿਲਮ ਬੰਦਿਨੀ ਬਣਨ 'ਚ ਕੁਝ ਅਰਸਾ ਲੱਗ ਗਿਆ ਅਤੇ ਇਸ ਦੌਰਾਨ ਸੰਘਰਸ਼ ਦੇ ਦਿਨਾਂ 'ਚ ਅਰਜੁਨ ਹਿੰਗੋਰਾਨੀ ਨੇ ਧਰਮਿੰਦਰ ਨੂੰ ਆਪਣੀ ਫਿਲਮ 'ਦਿਲ ਭੀ ਤੇਰਾ ਹਮ ਭੀ ਤੇਰੇ' ਦੇ ਲਈ ਸਾਈਨ ਕੀਤਾ।

1966 'ਚ ਆਈ ਫਿਲਮ 'ਫੂਲ ਔਰ ਪੱਥਰ' ਨੇ ਧਰਮਿੰਦਰ ਦੀ ਇੱਕ ਸੋਲੋ ਹੀਰੋ ਵੱਜੋਂ ਪਛਾਣ ਕਾਇਮ ਕੀਤੀ।

ਫਿਲਮ ਦਾ ਇੱਕ ਸੀਨ ਹੈ ਜਦੋਂ ਗੁੰਡਾ, ਮਵਾਲੀ ਤੇ ਸ਼ਰਾਬੀ ਦੀ ਭੂਮਿਕਾ ਨਿਭਾ ਰਹੇ ਧਰਮਿੰਦਰ ਇੱਕ ਭਿਖਾਰੀ ਅਤੇ ਵਿਧਵਾ ਔਰਤ ਨੂੰ ਆਪਣੀ ਕਮੀਜ਼ ਲਾਹ ਕੇ ਪਹਿਨਾ ਦਿੰਦੇ ਹਨ।

ਉਸ ਸਮੇਂ ਕਿਸੇ ਵੀ ਹੀਰੋ ਦੀ ਅਜਿਹੀ ਬਾਡੀ ਨਹੀਂ ਸੀ। ਇਸ ਫਿਲਮ 'ਚ ਹੀ-ਮੈਨ ਦੀ ਪਹਿਲੀ ਝਲਕ ਵੇਖਣ ਨੂੰ ਮਿਲੀ ਅਤੇ ਧਰਮਿੰਦਰ ਨੂੰ ਫਿਲਮਫੇਅਰ 'ਚ ਪਹਿਲੀ ਨਾਮਜ਼ਦਗੀ।

ਅਮਿਤਾਭ-ਰਾਜੇਸ਼ ਖੰਨਾ ਦੇ ਬਾਵਜੂਦ ਹਿੱਟ

ਧਰਮਿੰਦਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1966 'ਚ ਆਈ ਫਿਲਮ 'ਫੂਲ ਔਰ ਪੱਥਰ' ਨੇ ਧਰਮਿੰਦਰ ਦੀ ਇੱਕ ਸੋਲੋ ਹੀਰੋ ਵੱਜੋਂ ਪਛਾਣ ਕਾਇਮ ਕੀਤੀ

60 ਦੇ ਦਹਾਕੇ ਦੇ ਅੰਤ ਤੱਕ ਆਉਂਦੇ-ਆਉਂਦੇ ਧਰਮਿੰਦਰ ਸਫ਼ਲਤਾ ਦੀਆਂ ਪੌੜੀਆਂ ਚੜ੍ਹਨ ਲੱਗੇ ਸਨ ਪਰ ਉਨ੍ਹਾਂ ਦੇ ਅੱਗੇ ਸਖ਼ਤ ਮੁਕਾਬਲਾ ਸੀ।

ਜਦੋਂ 60 ਦੇ ਦਹਾਕੇ 'ਚ ਉਹ ਆਪਣੇ ਅਦਾਕਾਰੀ ਦੇ ਕਰੀਅਰ ਦੀ ਸ਼ੁਰੂਆਤ ਕਰ ਰਹੇ ਸਨ, ਤਾਂ ਉਸ ਸਮੇਂ ਸ਼ੰਮੀ ਕਪੂਰ ਦਾ ਪੂਰਾ ਜਲਵਾ ਸੀ। 1970 ਦੇ ਦਹਾਕੇ 'ਚ ਰਾਜੇਸ਼ ਖੰਨਾ ਨਾਮ ਦਾ ਤੂਫਾਨ ਆਇਆ ਅਤੇ ਜਦੋਂ ਉਹ ਬੁਲੰਦੀਆਂ ਨੂੰ ਛੂਹ ਰਹੇ ਸਨ ਤਾਂ ਅਮਿਤਾਭ ਬੱਚਨ ਨਾਮ ਦੀ ਹਨੇਰੀ ਆਈ।

ਪਰ ਇਸ ਸਭ ਦੇ ਵਿਚਾਲੇ ਧਰਮਿੰਦਰ ਸ਼ਾਇਦ ਇਕਲੌਤੇ ਅਦਾਕਾਰ ਹੋਣਗੇ ਜੋ ਕਿ 60 ਦੇ ਦਹਾਕੇ ਤੋਂ 80 ਦੇ ਦਹਾਕੇ ਤੱਕ ਇੱਕ ਹਿੱਟ ਮਸ਼ੀਨ ਦੀ ਤਰ੍ਹਾਂ ਟਿਕੇ ਰਹੇ।

ਅਨੁਪਮਾ ਦਾ ਕਵੀ ਅਤੇ ਸਤਿਆਕਾਮ

ਧਰਮਿੰਦਰ ਅਤੇ ਅਮਿਤਾਭ ਬੱਚਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਧਰਮਿੰਦਰ ਸ਼ਾਇਦ ਇਕਲੌਤੇ ਅਦਾਕਾਰ ਹੋਣਗੇ ਜੋ ਕਿ 60 ਦੇ ਦਹਾਕੇ ਤੋਂ 80 ਦੇ ਦਹਾਕੇ ਤੱਕ ਇੱਕ ਹਿੱਟ ਮਸ਼ੀਨ ਦੀ ਤਰ੍ਹਾਂ ਟਿਕੇ ਰਹੇ

ਜੇਕਰ ਧਰਮਿੰਦਰ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਮੇਰੀਆ ਮਨਪਸੰਦ ਫਿਲਮਾਂ 'ਚ ਅਨੁਪਮਾ ਅਤੇ ਸਤਿਆਕਾਮ ਸਨ, ਜਿਨ੍ਹਾਂ ਨੂੰ ਰਿਸ਼ੀਕੇਸ਼ ਮੁਖਰਜੀ ਨੇ ਬਣਾਇਆ ਸੀ।

1969 'ਚ ਰਿਲੀਜ਼ ਹੋਈ 'ਸਤਿਆਕਾਮ' 'ਚ ਸਤਿਆਪ੍ਰਿਆ (ਧਰਮਿੰਦਰ) ਹਾਲ ਹੀ 'ਚ ਆਜ਼ਾਦ ਹੋਏ ਭਾਰਤ 'ਚ ਸੱਚ ਨੂੰ ਸਭ ਤੋਂ ਉੱਚਾ ਮੰਨਣ ਵਾਲਾ ਆਦਰਸ਼ਵਾਦੀ ਹੈ, ਜੋ ਕਿ ਆਪਣਾ ਸਭ ਕੁਝ ਜੋਖ਼ਮ 'ਚ ਪਾਉਣ ਦੀ ਹੱਦ ਤੱਕ ਜਾ ਸਕਦਾ ਹੈ।

ਇਹ ਸੋਚ ਕੇ ਵੀ ਹੈਰਾਨੀ ਹੁੰਦੀ ਹੈ ਕਿ ਇੱਕ ਕਿਰਦਾਰ ਇਕੋ ਸਮੇਂ ਆਪਣੇ ਮਨ 'ਚ ਇੰਨੀਆਂ ਭਾਵਨਾਵਾਂ ਕਿਵੇਂ ਪੈਦਾ ਕਰ ਸਕਦਾ ਹੈ-ਇੰਨੀ ਨਿਰਾਸ਼ਾ, ਤਣਾਅ, ਚਿੜਚਿੜਾਪਨ, ਪਿਆਰ, ਡਰ, ਹਮਦਰਦੀ ਅਤੇ ਮਾਣ ਵੀ। ਰਿਸ਼ੀਕੇਸ਼ ਮੁਖਰਜੀ ਵੀ ਇਸ ਫਿਲਮ ਨੂੰ ਆਪਣੀ ਅਤੇ ਧਰਮਿੰਦਰ ਦੀ ਸਭ ਤੋਂ ਬਿਹਤਰੀਨ ਫਿਲਮ ਮੰਨਦੇ ਸਨ।

ਉੱਥੇ ਹੀ ਫਿਲਮ ਅਨੁਪਮਾ 'ਚ ਧਰਮਿੰਦਰ ਦਿਲ ਨੂੰ ਛੂਹ ਲੈਣ ਵਾਲੇ ਇੱਕ ਅਜਿਹੇ ਲੇਖਕ ਦੀ ਭੂਮਿਕਾ ਅਦਾ ਕਰਦੇ ਹਨ, ਜੋ ਇੱਕ ਅਜਿਹੀ ਕੁੜੀ ਦੇ ਦਿਲ ਤੱਕ ਪਹੁੰਚ ਨੂੰ ਸੰਭਵ ਕਰ ਲੈਂਦਾ ਹੈ, ਜਿਸ ਨੇ ਸਾਰਿਆਂ ਲਈ ਆਪਣੇ ਦਿਲ ਦਾ ਰਾਹ ਬੰਦ ਕਰ ਰੱਖਿਆ ਹੈ।

ਜਦੋਂ ਉਹ ਲੇਖਕ ਗਾਉਂਦਾ ਹੈ, "ਜਾ ਦਿਲ ਕੀ ਸੁਣੋ ਦੁਨੀਆਵਾਲੋ ਜਾਂ ਮੁਝੇ ਅਭੀ ਚੁੱਪ ਰਹਿਣੇ ਦੋ…' ਤਾਂ ਉਹ ਸੱਚਮੁੱਚ ਤੁਹਾਨੂੰ ਦਿਲ ਦੀਆਂ ਡੂੰਘਾਈਆਂ 'ਚ ਲੈ ਜਾਂਦਾ ਹੈ।

ਜਾਂ ਫਿਰ ਉਹ 'ਖੁਮਾਰੀ ਮੇਂ ਛਲਕਾਏ ਜਾਮ ਆਈਏ ਆਪਕੀ ਆਂਖੋਂ ਨੇ ਨਾਮ' ਗਾਉਂਦਾ ਹੈ।

ਧਰਮਿੰਦਰ ਅਤੇ ਹੀਮੈਨ

ਧਰਮਿੰਦਰ ਲਈ ਇਹ 'ਹਕੀਕਤ', 'ਦਿਲ ਨੇ ਫਿਰ ਯਾਦ ਕੀਆ', 'ਮਮਤਾ', 'ਮੇਰੇ ਹਮਦਮ ਮੇਰੇ ਦੋਸਤ' ਵਰਗੀਆਂ ਫਿਲਮਾਂ ਦਾ ਦੌਰ ਸੀ, ਜਿਸ 'ਚ ਉਨ੍ਹਾਂ ਨੂੰ ਬਿਮਲ ਰਾਏ, ਰਿਸ਼ੀਕੇਸ਼ ਮੁਖਰਜੀ ਅਤੇ ਚੇਤਨ ਆਨੰਦ ਵਰਗੇ ਨਿਰਦੇਸ਼ਕਾਂ ਨੇ ਤਰਾਛਿਆ ਸੀ।

ਫਿਰ ਆਇਆ 70 ਦਾ ਦਹਾਕਾ, ਜਿਸ 'ਚ ਧਰਮਿੰਦਰ ਦਾ ਪਹਿਲਾਂ ਨਾਲੋਂ ਵੱਖਰਾ ਅੰਦਾਜ਼ ਵੇਖਣ ਨੂੰ ਮਿਲਿਆ। ਇਸ 'ਚ ਐਕਸ਼ਨ, ਰੋਮਾਂਸ, ਕਾਮੇਡੀ ਅਤੇ ਕਮਰਸ਼ੀਅਲ ਸਿਨੇਮਾ ਸਭ ਕੁਝ ਹੀ ਸੀ। ਜੀਵਨ ਮ੍ਰਿਤੂਊ, ਸੀਤਾ ਔਰ ਗੀਤਾ, ਚਰਸ, ਬਲੈਕਮੇਲ, ਚੁਪਕੇ ਚੁਪਕੇ ਭਾਵ ਲਗਾਤਾਰ ਹਿੱਟ ਤੋਂ ਬਾਅਦ ਹਿੱਟ।

1975 'ਚ ਜਦੋਂ 'ਸ਼ੋਲੇ' ਰਿਲੀਜ਼ ਹੋਈ ਉਦੋਂ ਤੱਕ ਵੀਰੂ ਦੀ ਪ੍ਰਸਿੱਧੀ ਤਾਂ ਆਪਣੇ ਸਿਖ਼ਰਾਂ 'ਤੇ ਸੀ।

ਭਾਵੇਂ ਟੰਕੀ 'ਤੇ ਚੜ੍ਹਨ ਵਾਲਾ ਸੀਨ ਹੋਵੇ- "ਵੈਨ ਆਈ ਡੈੱਡ, ਪੁਲਿਸ ਕਮਿੰਗ, ਪੁਲਿਸ ਕਮਿੰਗ, ਬੁੜੀਆ ਗੋਇੰਗ ਜੇਲ੍ਹ, ਇਨ ਜੇਲ੍ਹ ਬੁੜੀਆ ਚੱਕੀ ਪੀਸਿੰਗ ਐਂਡ ਪੀਸਿੰਗ ਐਂਡ ਪੀਸਿੰਗ' ਜਾਂ ਫਿਰ ਟਾਂਗੇਵਾਲੀ ਬਸੰਤੀ ਨਾਲ ਟਾਂਗੇ 'ਚ ਰੋਮਾਂਸ ਕਰਦਾ ਵੀਰੂ ਹੋਵੇ-ਇਸ ਫਿਲਮ ਨੇ ਧਰਮਿੰਦਰ ਦੇ ਸਟਾਰਡਮ ਨੂੰ ਜਿਵੇਂ ਚਾਰ ਚੰਨ ਹੀ ਲਗਾ ਦਿੱਤੇ।

ਇਹ ਵੀ ਪੜ੍ਹੋ-

ਸਭ ਤੋਂ ਸੋਹਣੇ-ਸੁਣੱਖੇ ਮਰਦਾਂ ਦੀ ਕਤਾਰ 'ਚ

ਆਪਣੇ ਸਮੇਂ 'ਚ ਧਰਮਿੰਦਰ ਨੂੰ ਦੁਨੀਆ ਦੇ ਸਭ ਤੋਂ ਸੋਹਣੇ ਮਰਦਾਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਸੀ।

ਧਰਮਿੰਦਰ ਦੇ ਆਦਰਸ਼ ਰਹੇ ਦਿਲੀਪ ਕੁਮਾਰ ਨੇ ਇੱਕ ਸਮਾਗਮ 'ਚ ਕਿਹਾ ਸੀ ਕਿ ਜਦੋਂ ਉਹ ਖੁਦਾ ਨੂੰ ਮਿਲਣਗੇ ਤਾਂ ਉਹ ਜ਼ਰੂਰ ਪੁੱਛਣਗੇ ਕਿ ਉਨ੍ਹਾਂ ਨੂੰ ਧਰਮਿੰਦਰ ਜਿੰਨਾ ਸੋਹਣਾ ਕਿਉਂ ਨਹੀਂ ਬਣਾਇਆ।

ਇਸ ਬਾਰੇ ਧਰਮਿੰਦਰ ਨੇ ਬੀਬੀਸੀ ਨੂੰ ਦੱਸਿਆ ਸੀ, "ਸੋਚਦਾ ਹਾਂ ਕਿ ਜੇਕਰ ਲੋਕ ਕਹਿੰਦੇ ਹਨ ਤਾਂ ਸ਼ਾਇਦ ਸੱਚ ਹੀ ਹੋਵੇਗਾ। ਹੀਮੈਨ ਕਹਿੰਦੇ ਹਨ, ਗ੍ਰੀਕ ਗੌਡ ਤੱਕ ਕਹਿੰਦੇ ਹਨ। ਮੈਂ ਤਾਂ ਆਪਣੀਆਂ ਖ਼ੂਬੀਆਂ 'ਚੋਂ ਵੀ ਕਮੀਆਂ ਲੱਭਦਾ ਰਹਿੰਦਾ ਹਾਂ। ਸੋਚਦਾ ਹਾਂ ਕਿ ਕਿਤੇ ਆਪਣੇ ਪ੍ਰਸ਼ੰਸਕਾਂ ਵੱਲੋਂ ਦਿੱਤੇ ਪਿਆਰ, ਮਾਣ-ਸਤਿਕਾਰ ਨੂੰ ਗਵਾ ਨਾ ਬੈਠਾਂ।"

ਹਾਂ, ਡਾਂਸ ਦੇ ਮਾਮਲੇ 'ਚ ਧਰਮਿੰਦਰ ਦਾ ਹੱਥ ਬਹੁਤ ਤੰਗ ਮੰਨਿਆ ਜਾਂਦਾ ਸੀ, ਹਾਲਾਂਕਿ ਉਨ੍ਹਾਂ ਦੇ 'ਜੱਟ ਪਗਲਾ ਯਮਲਾ ਦੀਵਾਨਾ' ਵਰਗੇ ਗਾਣੇ ਬਹੁਤ ਮਸ਼ਹੂਰ ਹੋਏ।

ਇਸ ਗਾਣੇ ਬਾਰੇ ਧਰਮਿੰਦਰ ਨੇ ਬੀਬੀਸੀ ਨੂੰ ਦੱਸਿਆ ਸੀ, "ਫਿਲਮ 'ਚ ਮੈਂ ਪਬਲਿਕ ਵਿੱਚ ਨੱਚਣ ਤੋਂ ਮਨਾ ਕਰ ਦਿੱਤਾ ਸੀ। ਇਸ ਲਈ ਮੇਰੇ ਅਤੇ ਰੇਖਾ ਲਈ ਕਰੇਨ ਲਗਾਈ ਗਈ। ਫਿਰ ਮੈਂ ਇੰਨਾ ਖੁੱਲ੍ਹਿਆ ਕਿ ਮੇਰੀ ਸਾਰੀ ਸ਼ਰਮ ਖ਼ਤਮ ਹੋ ਗਈ। ਤੁਹਾਡਾ ਧਰਮ ਬੇਸ਼ਰਮ ਹੋ ਗਿਆ।"

ਹੇਮਾ ਅਤੇ ਧਰਮਿੰਦਰ ਦੀ ਪ੍ਰੇਮ ਕਹਾਣੀ

ਹੇਮਾ ਅਤੇ ਧਰਮਿੰਦਰ ਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਦੋਂ ਧਰਮਿੰਦਰ ਨੇ 1980 'ਚ ਡ੍ਰੀਮ ਗਰਲ ਹੇਮਾ ਨਾਲ ਵਿਆਹ ਕੀਤਾ ਤਾਂ ਇਸ 'ਤੇ ਬਹੁਤ ਵਿਵਾਦ ਹੋਏ

ਇਸ ਸਮੇਂ ਦੌਰਾਨ ਹੀ ਹੇਮਾ ਮਾਲਿਨੀ ਨਾਲ ਉਨ੍ਹਾਂ ਦੇ ਇਸ਼ਕ-ਮੁਸ਼ਕ ਦਾ ਆਗਾਜ਼ ਹੋਇਆ। ਉਸ ਸਮੇਂ ਧਰਮਿੰਦਰ ਦਾ ਪ੍ਰਕਾਸ਼ ਕੌਰ ਨਾਲ ਵਿਆਹ ਹੋ ਗਿਆ ਸੀ।

ਜਦੋਂ ਧਰਮਿੰਦਰ ਨੇ 1980 'ਚ ਡ੍ਰੀਮ ਗਰਲ ਹੇਮਾ ਨਾਲ ਵਿਆਹ ਕੀਤਾ ਤਾਂ ਇਸ 'ਤੇ ਬਹੁਤ ਵਿਵਾਦ ਹੋਏ।

ਹੇਮਾ ਮਾਲਿਨੀ ਦੀ ਜੀਵਨੀ 'ਹੇਮਾ ਮਾਲਿਨੀ: ਬਿਓਂਡ ਦਿ ਡ੍ਰੀਮ ਗਰਲ' 'ਚ ਲੇਖਕ ਰਾਮ ਕਮਲ ਮੁਖਰਜੀ ਲਿਖਦੇ ਹਨ, "1974 'ਚ ਜਿਤੇਂਦਰ ਅਤੇ ਹੇਮਾ ਮਾਲਿਨੀ ਦੇ ਮਾਪਿਆਂ ਨੇ ਦੋਵਾਂ ਦੇ ਵਿਆਹ ਦਾ ਫ਼ੈਸਲਾ ਲਿਆ ਸੀ… ਹਾਲਾਂਕਿ ਉਦੋਂ ਤੱਕ ਧਰਮਿੰਦਰ ਹੇਮਾ ਮਾਲਿਨੀ ਦੀ ਜ਼ਿੰਦਗੀ 'ਚ ਆ ਚੁੱਕੇ ਸਨ।"

"ਧਰਮਿੰਦਰ ਨੂੰ ਜਦੋਂ ਪਤਾ ਲੱਗਿਆ ਤਾਂ ਉਹ ਸਿੱਧੇ ਮਦਰਾਸ ਪਹੁੰਚ ਗਏ, ਜਿੱਥੇ ਵਿਆਹ ਹੋਣਾ ਤੈਅ ਹੋਇਆ ਸੀ। ਧਰਮਿੰਦਰ ਨੇ ਹੇਮਾ ਨਾਲ ਇੱਕਲੇ 'ਚ ਗੱਲਬਾਤ ਕੀਤੀ ਅਤੇ ਵਿਆਹ ਨਹੀਂ ਹੋਇਆ।"

ਬਾਅਦ 'ਚ ਧਰਮਿੰਦਰ ਨਿਰਮਾਤਾ ਵੀ ਬਣੇ ਅਤੇ ਉਨ੍ਹਾਂ ਨੇ ਆਪਣੇ ਪੁੱਤਰ ਸੰਨੀ ਦਿਓਲ ਅਤੇ ਬੌਬੀ ਦਿਓਲ ਨੂੰ 'ਵਿਜੇਤਾ' ਫਿਲਮਜ਼ ਦੇ ਬੈਨਰ ਹੇਠ ਲਾਂਚ ਕੀਤਾ।

ਹਾਲਾਂਕਿ ਉਹ ਆਪਣੀਆਂ ਧੀਆਂ ਈਸ਼ਾ ਅਤੇ ਅਹਾਨਾ ਦੇ ਫਿਲਮਾਂ 'ਚ ਆਉਣ ਦੇ ਬਹੁਤੇ ਹੱਕ 'ਚ ਨਹੀਂ ਸਨ।

ਇੱਕ ਸਮਾਂ ਸੀ ਜਦੋਂ ਧਰਮਿੰਦਰ ਦਾ ਆਪਣੇ ਕਰੀਅਰ 'ਚ ਬੋਲਬਾਲਾ ਸੀ, ਪਰ ਸ਼ਰਾਬ ਦੀ ਭੈੜੀ ਆਦਤ ਨੇ ਉਨ੍ਹਾਂ ਨੂੰ ਸਿਖ਼ਰਾਂ ਤੋਂ ਹੇਠਾਂ ਸੁੱਟ ਦਿੱਤਾ। ਖ਼ੁਦ ਧਰਮਿੰਦਰ ਵੀ ਇਸ ਗੱਲ ਨੂੰ ਮੰਨਦੇ ਹਨ।

ਬੀ-ਗ੍ਰੇਡ ਫਿਲਮਾਂ ਵਾਲੇ ਧਰਮਿੰਦਰ

ਧਰਮਿੰਦਰ, ਸੰਨੀ ਦਿਓਲ ਅਤੇ ਬੌਬੀ ਦਿਓਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉਮਰ ਦੇ ਨਾਲ-ਨਾਲ ਜਿਸ ਤਰ੍ਹਾਂ ਧਰਮਿੰਦਰ ਫਿਲਮਾਂ 'ਚ ਹੋਰ ਨਿਖਰ ਕੇ ਆ ਸਕਦੇ ਸੀ, ਪਰ ਉਨ੍ਹਾਂ ਦੀ ਵਾਪਸੀ ਨਾ ਹੋ ਪਾਈ

ਸਤਿਆਕਾਮ ਅਤੇ ਚੁਪਕੇ ਚੁਪਕੇ ਵਰਗੀਆਂ ਫਿਲਮਾਂ ਦੇਣ ਵਾਲੇ ਧਰਮਿੰਦਰ ਨੇ 1990 ਦੇ ਦਹਾਕੇ ਤੋਂ ਬਾਅਦ ਪਾਪੀ ਦੇਵਤਾ, ਵੀਰੂ ਦਾਦਾ, ਡਾਕੂ ਭੈਰਵ ਸਿੰਘ, ਮਹਾ ਸ਼ਕਤੀਸ਼ਾਲੀ ਵਰਗੀਆਂ ਫਿਲਮਾਂ 'ਚ ਜਿਸ ਤਰ੍ਹਾਂ ਦੀ ਭੂਮਿਕਾ ਨਿਭਾਈ ਜਾਂ ਨਿਭਾਉਣੀ ਪਈ, ਇਹ ਸਭ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਦੁਖੀ ਹੋਏ।

ਲੇਖਕ ਰਾਜੀਵ ਵਿਜੇਕਰ ਆਪਣੀ ਕਿਤਾਬ ਧਰਮਿੰਦਰ- ਨਾਟ ਜਸਟ ਏ ਹੀ ਮੈਨ 'ਚ ਲਿਖਦੇ ਹਨ, "1990 ਤੋਂ 2003 ਤੱਕ ਦੇ ਸਮੇਂ ਨੂੰ ਧਰਮਿੰਦਰ ਦੇ ਕਰੀਅਰ 'ਚ ਰੇਟ੍ਰੋਗ੍ਰੇਡ ਦੌਰ ਕਹਿ ਸਕਦੇ ਹਾਂ। 1999 'ਚ ਕਾਂਤੀ ਸ਼ਾਹ ਦੀ ਰਿਲੀਜ਼ ਹੋਈ ਫਿਲਮ ਮੁੰਨੀਬਾਈ ਨਾਲ ਉਹ ਪੁਰੀ ਤਰ੍ਹਾਂ ਨਾਲ ਬੀ-ਗ੍ਰੇਡ ਫਿਲਮਾਂ 'ਚ ਸ਼ਾਮਲ ਹੋ ਗਏ ਸਨ।"

ਇਸ ਕਿਤਾਬ 'ਚ ਰਾਜਕੁਮਾਰ ਸੰਤੋਸ਼ੀ ਦੱਸਦੇ ਹਨ, "ਧਰਮ ਜੀ ਦੇ ਇੱਕ ਪ੍ਰਸ਼ੰਸਕ ਵਜੋਂ ਮੈਂ ਕਹਿ ਸਕਦਾ ਹਾਂ ਕਿ ਉਨ੍ਹਾਂ ਦੀਆਂ ਜੋ ਵੀ ਮਜਬੂਰੀਆਂ ਰਹੀਆਂ ਹੋਣ, ਪਰ ਉਨ੍ਹਾਂ ਨੇ ਆਪਣੇ ਕਰਿਸ਼ਮੇ ਨੂੰ ਫਿੱਕਾ ਕੀਤਾ, ਸੀ-ਗ੍ਰੇਡ ਫਿਲਮਾਂ ਕਰਕੇ ਆਪਣੇ ਪ੍ਰਸ਼ੰਸਕਾ ਦਾ ਦਿਲ ਤੋੜਿਆ। 25 ਸਾਲਾਂ 'ਚ ਉਨ੍ਹਾਂ ਨੇ ਜੋ ਵੀ ਸ਼ੋਹਰਤ ਕਮਾਈ ਸੀ, ਉਸ ਨੂੰ ਕੁਝ ਹੀ ਪਲਾਂ 'ਚ ਤਬਾਹ ਕਰ ਦਿੱਤਾ। ਇਹ ਨਿਰਾਸ਼ ਕਰਨ ਵਾਲੀ ਗੱਲ ਹੈ।"

ਐਕਟਿੰਗ ਮੇਰੀ ਮਹਿਬੂਬਾ ਹੈ, ਕਈ ਵਾਰ ਇਹ ਰੁੱਸ ਜਾਂਦੀ ਹੈ…

ਧਰਮਿੰਦਰ, ਹੇਮਾ ਮਾਲਿਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿੱਥੇ ਧਰਮਿੰਦਰ ਨੇ ਫਿਲਮਾਂ 'ਚ ਆਪਣਾ ਦਬਦਬਾ ਕਾਇਮ ਕੀਤਾ ਉੱਥੇ ਹੀ ਉਨ੍ਹਾਂ ਨੇ ਸਿਆਸਤ 'ਚ ਵੀ ਆਪਣੀ ਕਿਸਮਤ ਅਜ਼ਮਾਈ

ਉਮਰ ਦੇ ਨਾਲ-ਨਾਲ ਜਿਸ ਤਰ੍ਹਾਂ ਧਰਮਿੰਦਰ ਫਿਲਮਾਂ 'ਚ ਹੋਰ ਨਿਖਰ ਕੇ ਆ ਸਕਦੇ ਸੀ, ਪਰ ਉਨ੍ਹਾਂ ਦੀ ਵਾਪਸੀ ਨਾ ਹੋ ਪਾਈ।

ਇੱਕ ਵਾਰ ਲੰਡਨ 'ਚ ਦਿੱਤੀ ਇੱਕ ਇੰਟਰਵਿਊ 'ਚ ਧਰਮਿੰਦਰ ਨੇ ਮੈਨੂੰ ਕਿਹਾ ਸੀ, "ਐਕਟਿੰਗ ਮੇਰੇ ਲਈ ਮਹਿਬੂਬਾ ਹੈ, ਮੈਨੂੰ ਇਸ ਨਾਲ ਮੁਹੱਬਤ ਹੈ। ਜਿਵੇਂ ਆਸ਼ਿਕ ਅਤੇ ਮਾਸ਼ੂਕ 'ਚ ਲੜਾਈ ਹੋ ਜਾਂਦੀ ਹੈ…. ਕਦੇ ਇਹ ਰੁੱਸ ਜਾਂਦੀ ਹੈ ਅਤੇ ਮੈਂ ਮਨਾ ਲੈਂਦਾ ਹਾਂ, ਕਦੇ ਮੈਂ ਰੁੱਸ ਜਾਂਦਾ ਹਾਂ ਤਾਂ ਇਹ ਮੈਨੂੰ ਮਨਾ ਲੈਂਦੀ ਹੈ। ਪਰ ਮੈਂ ਇਸ ਨੂੰ ਕਿਸੇ ਵੀ ਸੂਰਤ 'ਚ ਛੱਡਿਆ ਨਹੀਂ ਹੈ।"

ਇਹ ਸੱਚ ਹੈ ਕਿ ਧਰਮਿੰਦਰ ਨੇ ਕਿਸੇ ਵੀ ਹਾਲਾਤ 'ਚ ਅਦਾਕਾਰੀ ਨਹੀਂ ਛੱਡੀ, ਕਦੇ-ਕਦੇ ਉਹ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਆ ਜਾਂਦੇ ਹਨ ਅਤੇ ਜੇਕਰ ਭੂਮਿਕਾ ਚੰਗੀ ਹੋਵੇ ਤਾਂ ਉਨ੍ਹਾਂ ਦਾ ਉਹੀ ਪੁਰਾਣਾ ਰੂਪ ਵੀ ਵੇਖਣ ਨੂੰ ਮਿਲ ਜਾਂਦਾ ਹੈ।

ਫਿਲਮ ਜੌਨੀ ਗ਼ੱਦਾਰ 'ਚ ਜਦੋਂ ਉਨ੍ਹਾਂ ਦੇ ਗੈਂਗ ਦੇ ਮੈਂਬਰ ਬਜ਼ੁਰਗ ਧਰਮਿੰਦਰ ਦੀ ਯੋਗਤਾ 'ਤੇ ਸ਼ੱਕ ਕਰਦੇ ਹਨ ਤਾਂ ਉਹ ਕਹਿੰਦੇ ਹਨ, "ਇੱਟਸ ਨਾਟ ਦਿ ਐਜ, ਇੱਟਸ ਦ ਮਾਈਲੇਜ" ਭਾਵ ਕਿ ਉਮਰ 'ਤੇ ਨਾ ਜਾਓ ਸਗੋਂ ਯੋਗਤਾ 'ਤੇ ਧਿਆਨ ਦਿਓ।"

"ਜਾਂ 'ਲਾਈਫ ਇਨ ਅ ਮੈਟਰੋ' 'ਚ ਜ਼ਿੰਦਗੀ ਦੇ ਆਖਰੀ ਪੜਾਅ 'ਤੇ ਆਪਣੀ ਪ੍ਰੇਮਿਕਾ ਨਫ਼ਿਸਾ ਅਲੀ ਨਾਲ ਕੁਝ ਪਲ ਬਤੀਤ ਕਰਦਾ ਮਿਸਟਰ ਅਮੋਲ, ਜਾਂ ਫਿਰ ਰਾਣੀ ਅਤੇ ਰੌਕੀ ਦੀ ਪ੍ਰੇਮ ਕਹਾਣੀ ਦਾ ਉਹ ਪ੍ਰੇਮੀ ਜੋ ਆਪਣੀ ਯਾਦਾਸ਼ਤ ਗੁਆ ਬੈਠਾ ਹੈ।"

ਭਾਵੇਂ ਕੁਝ ਸਮੇਂ ਲਈ ਹੀ ਸਹੀ ਪਰ ਉਹ ਪੁਰਾਣੀ ਨਫ਼ਾਸਤ (ਸ਼ਾਨ) ਮੁੜ ਵੇਖਣ ਨੂੰ ਮਿਲੀ।

ਧਰਮਿੰਦਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਦਾਕਾਰੀ ਤੋਂ ਇਲਾਵਾ ਧਰਮਿੰਦਰ ਨੂੰ ਉਰਦੂ ਅਤੇ ਸ਼ਾਇਰੀ ਨਾਲ ਬਹੁਤ ਲਗਾਵ ਰਿਹਾ

ਜਿੱਥੇ ਧਰਮਿੰਦਰ ਨੇ ਫਿਲਮਾਂ 'ਚ ਆਪਣਾ ਦਬਦਬਾ ਕਾਇਮ ਕੀਤਾ ਉੱਥੇ ਹੀ ਉਨ੍ਹਾਂ ਨੇ ਸਿਆਸਤ 'ਚ ਵੀ ਆਪਣੀ ਕਿਸਮਤ ਅਜ਼ਮਾਈ। ਅਟਲ ਬਿਹਾਰੀ ਵਾਜਪਾਈ ਦੇ ਕਹਿਣ 'ਤੇ ਉਨ੍ਹਾਂ ਨੇ ਬੀਕਾਨੇਰ ਤੋਂ ਲੋਕ ਸਭਾ ਚੋਣਾਂ 'ਚ ਹਿੱਸਾ ਲਿਆ ਅਤੇ ਜਿੱਤ ਵੀ ਦਰਜ ਕੀਤੀ, ਪਰ ਸਿਆਸਤ 'ਚ ਸ਼ਮੂਲੀਅਤ ਨੂੰ ਉਹ ਆਪਣੀ ਸਭ ਤੋਂ ਵੱਡੀ ਭੁੱਲ ਮੰਨਦੇ ਸਨ।

ਅਦਾਕਾਰੀ ਤੋਂ ਇਲਾਵਾ ਧਰਮਿੰਦਰ ਨੂੰ ਉਰਦੂ ਅਤੇ ਸ਼ਾਇਰੀ ਨਾਲ ਬਹੁਤ ਲਗਾਵ ਰਿਹਾ।

ਜਦੋਂ ਮੈਂ ਇੱਕ ਵਾਰ ਉਨ੍ਹਾਂ ਨੂੰ ਉਰਦੂ ਭਾਸ਼ਾ ਪ੍ਰਤੀ ਉਨ੍ਹਾਂ ਦੇ ਪਿਆਰ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕੁਝ ਇਸ ਤਰ੍ਹਾਂ ਜਵਾਬ ਦਿੱਤਾ, "ਅਹਿਸਾਨਮੰਦ ਹੂੰ ਜ਼ਬਾਨੇ ਉਰਦੂ ਤੇਰਾ ਤੇਰੀ ਜ਼ਬਾਂ ਮੇਂ ਬਿਆਨ-ਏ-ਅਹਿਸਾਸ-ਏ-ਦਿਲ ਆ ਗਿਆ।"

ਧਰਮਿੰਦਰ ਕੁਝ ਅਜਿਹੀ ਸਖਸ਼ੀਅਤ ਦੇ ਮਾਲਕ ਸਨ ਜੋ ਜਜ਼ਬਾਤੀ, ਰੋਮਾਂਟਿਕ ਅਤੇ ਇੱਕ ਸ਼ਾਇਰ ਦਾ ਦਿਲ ਰੱਖਣ ਵਾਲੇ ਇੱਕ ਐਕਸ਼ਨ ਸਟਾਰ ਸਨ।

ਸ਼ੋਹਰਤ ਅਤੇ ਸਟਾਰਡਮ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਸੀ, "ਹੋਤੀ ਹੈ ਤਾਰੀਫ਼ ਅਹਿਮੀਅਤ ਕੀ, ਇੰਸਾਨੀਅਤ ਕੀ ਮਗਰ ਕਦਰ ਹੋਤੀ ਹੈ, ਤਰਜੀਹ ਨਾ ਦੇ ਅਹੁਦੇ ਕੋ ਇੰਸਾਨੀਅਤ ਪੇ, ਬੰਦੇ ਪਰ ਖੁਦਾ ਕੀ ਤਬ ਨਜ਼ਰ ਹੋਤੀ ਹੈ…।"

ਉਨ੍ਹਾਂ ਦੀ ਅਦਾਕਾਰੀ ਸਾਦਗੀ ਅਤੇ ਕੋਮਲਤਾ ਭਰਭੂਰ ਸੀ, ਜੋ ਕਿ ਕਈ ਵਾਰ ਪਰਦੇ 'ਤੇ ਸਾਫ਼ ਵਿਖਾਈ ਦਿੱਤੀ ਅਤੇ ਕਈ ਵਾਰ ਹੀ-ਮੈਨ ਦੇ ਪਰਛਾਵੇਂ ਹੇਠ ਛੁਪੀ ਹੀ ਰਹਿ ਗਈ, ਪਰ ਧਰਮਿੰਦਰ ਦੀ ਭਾਲ ਕਦੇ ਵੀ ਖ਼ਤਮ ਨਹੀਂ ਹੋਈ।

ਉਨ੍ਹਾਂ ਦੀ ਹੀ ਫਿਲਮ ਦਾ ਡਾਇਲੌਗ ਹੈ-

"ਕੁਛ ਪਾਨੇ ਕੀ ਚਾਹ, ਕੁਛ ਔਰ ਬਹਿਤਰ ਕੀ ਤਲਾਸ਼… ਇਸੀ ਚੱਕਰ ਮੇਂ ਇਨਸਾਨ ਸਭ ਕੁਛ ਖੋ ਬੈਠਤਾ ਹੈ ਜੋ ਉਸਕੇ ਪਾਸ ਹੋਤਾ ਹੈ। ਤਲਾਸ਼ ਕਭੀ ਖ਼ਤਮ ਨਹੀਂ ਹੋਤੀ। ਵਕਤ ਖ਼ਤਮ ਹੋ ਜਾਤਾ ਹੈ…।"

ਇਹ ਵੀ ਇੱਕ ਸੰਯੋਗ ਹੀ ਹੈ ਕਿ ਧਰਮਿੰਦਰ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਆਖ਼ਰੀ ਵਾਰ ਸਕ੍ਰੀਨ 'ਤੇ ਵੇਖ ਪਾਉਣਗੇ, ਜਦੋਂ ਦਸੰਬਰ ਮਹੀਨੇ ਉਨ੍ਹਾਂ ਦੀ ਫਿਲਮ 'ਇਕੀਸ' ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)