ਵਿਸ਼ਵ ਕੱਪ: ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ, ਵਨ ਡੇਅ ਵਰਲਡ ਕੱਪ 'ਚ ਭਾਰਤ ਦੀ ਪਾਕ ਉੱਤੇ 8ਵੀਂ ਜਿੱਤ

ਕ੍ਰਿਕਟ ਵਰਲਡ ਕੱਪ 2023 ਵਿੱਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਮਾਤ ਦੇ ਦਿੱਤੀ ਹੈ। ਪਾਕਿਸਤਾਨ ਦੇ 192 ਦੌੜਾਂ ਦੇ ਟੀਚੇ ਨੂੰ ਭਾਰਤ ਨੇ 30.3 ਓਵਰਾਂ ਵਿੱਚ ਹਾਸਲ ਕਰ ਲਿਆ।

ਭਾਰਤ ਵੱਲੋਂ ਕਪਤਾਨ ਰੋਹਿਤ ਸ਼ਰਮਾ ਨੇ 86 ਦੌੜਾਂ ਅਤੇ ਸ਼੍ਰੇਯਸ ਅਈਅਰ ਨੇ ਨਾਬਾਦ ਅਰਧ ਸੈਂਕੜਾ ਜੜਿਆ।ਇਹ ਵਨ ਡੇਅ ਵਰਲਡ ਕੱਪ ਵਿੱਚ ਪਾਕਿਸਤਾਨ ਉੱਤੇ ਭਾਰਤ ਦੀ ਲਗਾਤਾਰ 8ਵੀਂ ਜਿੱਤ ਹੈ।

ਭਾਰਤ ਹੁਣ ਵਰਲਡ ਕੱਪ 2023 ਵਿੱਚ ਲਗਾਤਾਰ ਤਿੰਨ ਮੁਕਾਬਲੇ ਜਿੱਤ ਚੁੱਕਿਆ ਹੈ।

ਭਾਰਤੀ ਪਾਰੀ ਦੀ ਸ਼ੁਰੂਆਤ ਤੇਜ਼ ਹੋਈ। ਰੋਹਿਤ ਤੇ ਸ਼ੁਭਮਨ ਗਿੱਲ ਨੇ ਸ਼ੁਰੂਆਤੀ ਦੋ ਓਵਰਾਂ ਵਿੱਚ 22 ਦੌੜਾਂ ਬਣਾਈਆਂ।

ਤੀਜੇ ਓਵਰ ਵਿੱਚ ਗਿੱਲ ਨੂੰ ਸ਼ਾਹੀਨ ਸ਼ਾਹ ਅਫ਼ਰੀਦੀ ਨੇ ਆਊਟ ਕਰ ਦਿੱਤਾ। ਗਿੱਲ ਨੇ 16 ਦੌੜਾਂ ਬਣਾਈਆਂ। ਇਸ ਤੋਂ ਬਾਅਦ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਦੂਜੀ ਵਿਕਟ ਲਈ ਤੇਜ਼ੀ ਨਾਲ 56 ਦੌੜਾਂ ਬਣਾਈਆਂ।

ਪਰ 10ਵੇਂ ਓਵਰ ਵਿੱਚ ਹਸਨ ਅਲੀ ਨੇ ਵਿਰਾਟ ਕੋਹਲੀ ਨੂੰ ਆਊਟ ਕਰਕੇ ਭਾਰਤ ਨੂੰ ਦੂਜਾ ਝਟਕਾ ਦਿੱਤਾ। ਵਿਰਾਟ ਨੇ 18 ਗੇਂਦਾਂ ਉੱਤੇ 16 ਦੌੜਾਂ ਬਣਾਈਆਂ।

ਰੋਹਿਤ ਸ਼ਰਮਾ ਨੇ ਸਿਰਫ਼ 36 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਹ ਵਨਡੇਅ ਕ੍ਰਿਕਟ ਵਿੱਚ ਉਨ੍ਹਾਂ ਦਾ 53ਵਾਂ ਅਰਧ ਸੈਂਕੜਾ ਰਿਹਾ। ਉਧਰ ਪਾਕਿਸਤਾਨ ਖ਼ਿਲਾਫ਼ ਰੋਹਿਤ ਨੇ 8ਵੀਂ ਵਾਰ ਹਾਫ਼ ਸੈਂਚੁਰੀ ਦੀ ਪਾਰੀ ਖੇਡੀ ਹੈ।

ਆਖ਼ਰਕਾਰ ਰੋਹਿਤ ਦੀ ਤੂਫ਼ਾਨੀ ਪਾਰੀ 22ਵੇਂ ਓਵਰ ਵਿੱਚ ਰੁੱਕ ਗਈ, ਜਦੋਂ ਉਹ ਸ਼ਾਹੀਨ ਸ਼ਾਹ ਅਫ਼ਰੀਦੀ ਦੀ ਗੇਂਦ ਉੱਤੇ ਇਫ਼ਤਖ਼ਾਰ ਅਹਿਮਦ ਨੂੰ ਕੈਚ ਦੇ ਬੈਠੇ।

ਰੋਹਿਤ ਨੇ ਸਿਰਫ਼ 63 ਗੇਂਦਾਂ ਉੱਤੇ 86 ਦੌੜਾਂ ਬਣਾਈਆਂ। ਰੋਹਿਤ ਨੇ ਅਫ਼ਗਾਨਿਸਤਾਨ ਖ਼ਿਲਾਫ਼ ਪਿਛਲੇ ਮੈਚ ਵਿੱਚ ਐਨੀਆਂ ਹੀ ਗੇਂਦਾਂ ਉੱਤੇ ਸੈਂਚੁਰੀ ਮਾਰ ਕੇ ਭਾਰਤ ਵੱਲੋਂ ਵਰਲਡ ਕੱਪ ਵਿੱਚ ਸਭ ਤੋਂ ਤੇਜ਼ ਸੈਂਚੁਰੀ ਦਾ ਰਿਕਾਰਡ ਆਪਣੇ ਨਾਮ ਕੀਤਾ ਸੀ।

ਅਮਿਤ ਸ਼ਾਹ ਨੇ ਦਿੱਤੀ ਵਧਾਈ

ਭਾਰਤ-ਪਾਕਿਸਤਾਨ ਦਾ ਮੈਚ ਦੇਖਣ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪਹੁੰਚੇ ਸਨ। ਜਿੱਤ ਤੋਂ ਬਾਅਦ ਉਨ੍ਹਾਂ ਨੇ ਭਾਰਤੀ ਟੀਮ ਨੂੰ ਵਧਾਈ ਦਿੱਤੀ।

ਅਮਿਤ ਸ਼ਾਹ ਨੇ ਐਕਸ ਉੱਤੇ ਲਿਖਿਆ, ‘‘ਇਸ ਸ਼ਾਨਦਾਰ ਜਿੱਤ ਲਈ ਸਾਡੀ ਕ੍ਰਿਕਟ ਟੀਮ ਨੂੰ ਬਹੁਤ ਵਧਾਈ। ਇੱਕ ਰੋਜ਼ਾ ਵਰਲਡ ਕੱਪ ਵਿੱਚ ਭਾਰਤੀ ਟੀਮ ਨੇ ਆਪਣੀ ਜਿੱਤ ਨੂੰ ਬਰਕਰਾਰ ਰੱਖਿਆ। ਤੁਸੀਂ ਸਭ ਨੇ ਦਿਖਾਇਆ ਕਿ ਕਿਸ ਤਰ੍ਹਾਂ ਟੀਮ ਵਰਕ ਨਾਲ ਆਪਣੇ ਦੇਸ਼ ਲਈ ਇੱਕ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ।’’

ਪਾਕਿਸਤਾਨ ਦੀ ਪਾਰੀ

ਇਸ ਤੋਂ ਪਹਿਲਾਂ ਟੌਸ ਜਿੱਤ ਕੇ ਪਾਕਿਸਤਾਨ ਨੂੰ ਪਹਿਲਾਂ ਬੱਲੇਬਾਜ਼ੀ ਲਈ ਉਤਾਰਨ ਤੋਂ ਬਾਅਦ ਭਾਰਤ ਨੇ ਆਪਣੀ ਗੇਂਦਬਾਜ਼ੀ ਦੀ ਬਦੌਲਤ ਮੈਚ ਵਿੱਚ ਉਸ ਨੂੰ ਪੈਰ ਨਹੀਂ ਰੱਖਣ ਦਿੱਤੇ

ਇਮਾ ਉਲ-ਹੱਕ ਅਤੇ ਅਬਦੁੱਲ੍ਹਾ ਸ਼ਫ਼ੀਕ ਨੇ ਪਾਰੀ ਦੀ ਸ਼ੁਰੂਆਤ ਕੀਤੀ ਪਰ ਭਾਰਤੀ ਗੇਂਦਬਾਜ਼ਾਂ ਨੇ ਉਨ੍ਹਾਂ ਨੂੰ ਖੁੱਲ਼੍ਹਣ ਦਾ ਮੌਕਾ ਨਹੀਂ ਦਿੱਤਾ।

8ਵੇਂ ਓਵਰ ਵਿੱਚ ਮੁਹੰਮਦ ਸਿਰਾਜ ਨੇ ਅਬਦੁੱਲ੍ਹਾ ਸ਼ਫ਼ੀਕ ਨੂੰ ਐੱਲਬੀਡਬਲਿਊ ਆਊਟ ਕਰ ਕੇ ਪਾਕਿਸਤਾਨ ਨੂੰ ਪਹਿਲਾ ਝਟਕਾ ਦਿੱਤਾ।

41 ਦੌੜਾਂ ਉੱਤੇ ਪਹਿਲਾ ਵਿਕਟ ਜਾਣ ਤੋਂ ਬਾਅਦ ਕਪਤਾਨ ਬਾਬਰ ਆਜ਼ਮ ਪਿੱਚ ਉੱਤੇ ਆਏ ਅਤੇ ਉਨ੍ਹਾਂ ਨੇ ਸੰਭਲ ਕੇ ਖੇਡਣਾ ਸ਼ੁਰੂ ਕੀਤਾ।

ਉਨ੍ਹਾਂ ਨੇ ਇਮਾਮ ਉਲ ਹੱਕ ਦੇ ਨਾਲ ਦੂਜੇ ਵਿਕਟ ਲਈ 32 ਦੌੜਾਂ ਜੋੜੀਆਂ।

ਬਾਬਾ ਆਜ਼ਮ ਦਾ ਭਾਰਤ ਦੇ ਖਿਲਾਫ਼ ਪਹਿਲਾ ਸੈਂਕੜਾ

13ਵੇਂ ਓਵਰ ਵਿੱਚ ਜਦੋਂ ਇਮਾਮ ਨੂੰ ਹਾਰਦਿਕ ਪਾਂਡਿਆ ਨੇ ਆਟ ਕੀਤਾ ਉਦੋਂ ਟੀਮ ਦਾ ਰਨ ਰੇਟ 5.69 ਪ੍ਰਤੀ ਓਵਰ ਸੀ।

ਮੁਹੰਮਦ ਰਿਜ਼ਵਾਨ ਪਿੱਚ ਉੱਤੇ ਆਏ ਅਤੇ ਬਾਬਰ ਆਜ਼ਮ ਦੇ ਨਾਲ ਉਨ੍ਹਾਂ ਨੇ ਤੀਜੇ ਵਿਕੇਟ ਦੇ ਲਈ 82 ਦੌੜਾਂ ਦੀ ਸਾਂਝੇਦਾਰੀ ਨਿਭਾਈ।

ਪਰ ਭਾਰਤੀ ਗੇਂਦਬਾਜਾਂ ਨੇ ਦੌੜਾਂ ਦੀ ਸਪੀਡ ਨਹੀਂ ਵਧਣ ਦਿੱਤੀ।

ਹਾਲਾਂਕਿ ਬਾਬਰ ਆਜ਼ਮ ਆਪਣਾ ਅਰਧ ਸੈਂਕੜਾ ਜਮਾਉਣ ਵਿੱਚ ਸਫਲ ਰਹੇ।

ਬਾਬਰ ਨੇ 58 ਗੇਂਦਾਂ ਉੱਤੇ 50 ਦੌੜਾਂ ਦੀ ਪਾਰੀ ਖੇਡੀ। ਇਹ ਬਾਬਰ ਆਜ਼ਮ ਦਾ ਭਾਰਤ ਦੇ ਖਿਲਾਫ਼ ਖੇਡੀਆਂ ਗਈਆਂ ਪਹਿਲੀਆਂ ਸੱਤ ਪਾਰੀਆਂ ਵਿੱਚੋਂ ਪਹਿਲਾ ਅਰਧ ਸੈਂਕੜਾ ਹੈ।

30ਵੇਂ ਓਵਰ ਦੀ ਚੌਥੀ ਗੇਂਦ ਉੱਤੇ ਮੁਹੰਮਦ ਸਿਰਾਜ ਨੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ ਬੋਲਡ ਕਰ ਦਿੱਤਾ।

ਸਿਰਫ਼ 16 ਦੌੜਾਂ ’ਤੇ ਪਾਕਿਸਤਾਨ ਦੇ 5 ਬੱਲੇਬਾਜ਼ ਆਊਟ

32ਵੇਂ ਓਵਰ ਦੀ ਦੂਜੀ ਗੇਂਦ ਉੱਤੇ ਕੁਲਦੀਪ ਯਾਦਵ ਨੇ ਸਾਊਦ ਸ਼ਕੀਲ (06 ਦੌੜਾਂ) ਨੂੰ ਐਲਬੀਡਬਲਿਊ ਕਰਕੇ ਪਾਕਿਸਤਾਨ ਨੂੰ ਚੌਥਾ ਝਟਕਾ ਦਿੱਤਾ।

ਇਸੇ ਓਵਰ ਦੀ ਆਖ਼ਰੀ ਗੇਂਦ ਉੱਤੇ ਕੁਲਦੀਪ ਨੇ ਇਫਤਖਾਰ (04 ਦੌੜਾਂ) ਅਹਿਮਦ ਨੂੰ ਬੋਲਡ ਕਰ ਦਿੱਤਾ। ਇਸਦੇ ਨਾਲ ਹੀ ਪਾਕਿਸਤਾਨ ਦੀ ਅੱਧੀ ਟੀਮ ਪੈਵੇਲੀਅਨ ਪਰਤ ਗਈ।

ਇੱਥੇ ਰੋਹਿਤ ਸ਼ਰਮਾ ਨੇ ਬੁਮਰਾਹ ਨੂੰ ਗੇਂਦ ਦਿੱਤੀ ਅਤੇ ਉਨ੍ਹਾਂ ਨੇ ਕਪਤਾਨ ਨੂੰ ਨਿਰਾਸ਼ ਨਹੀਂ ਕੀਤਾ।

ਇਸ ਓਵਰ ਦੀ ਆਖ਼ਰੀ ਗੇਂਦ ਉੱਤੇ ਬੁਮਰਾਹ ਨੇ ਲੰਬੇ ਸਮੇਂ ਤੋਂ ਪਿੱਚ ਉੱਤੇ ਡਟੇ ਮੋਹੰਮਦ ਰਿਜ਼ਵਾਨ ਨੂੰ ਆਪਣੀ ਹੌਲੀ ਸਲੋਕਟਰ ਨਾਲ ਚਮਕਾ ਦਿੰਦੇ ਹੋਏ ਉਨ੍ਹਾਂ ਦੇ ਆਫ ਸਟੰਪ ਨੂੰ ਉਖਾੜ ਦਿੱਤਾ। ਰਿਜ਼ਵਾਨ ਨੇ 69 ਗੇਂਦਾਂ ਉੱਚੇ 49 ਦੌੜਾਂ ਬਣਾਈਆਂ।

ਸ਼ੋਇਬ ਅਖ਼ਤਰ ਕਿਉਂ ਹੋ ਗਏ ਨਾਰਾਜ਼

ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਇਬ ਅਖ਼ਤਰ ਨੇ ਪਾਕਿਸਤਾਨੀ ਟੀਮ ਦੀ ਬੱਲੇਬਾਜ਼ੀ ਉੱਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

ਸ਼ੋਇਬ ਅਖ਼ਤਰ ਨੇ ਇੱਕ ਵੀਡੀਓ ਵਿੱਚ ਕਿਹਾ ਕਿ ਉਹ ਪਾਕਿਸਤਾਨ ਦੇ ਪ੍ਰਦਰਸ਼ਨ ਤੋਂ ਕਾਫ਼ੀ ਨਿਰਾਸ਼ ਹਨ।

ਪਾਕਿਸਤਾਨ ਦੀਆਂ ਆਖਰੀ 8 ਵਿਕਟਾਂ ਸਿਰਫ਼ 36 ਦੌੜਾਂ ਵਿੱਚ ਗਈਆਂ

ਬੁਮਰਾਹ ਨੇ ਆਪਣੇ ਅਗਲੇ ਓਵਰ ਵਿੱਚ ਸ਼ਾਦਾਬ ਖ਼ਾਨ ਦੇ ਵੀ ਆਫ਼ ਸਟੰਪਸ ਨੂੰ ਪੁੱਟ ਸੁੱਟਿਆ।

ਭਾਰਤੀ ਗੇਂਦਬਾਜ਼ਾਂ ਦੀ ਜ਼ੋਰਦਾਰ ਗੇਂਦਬਾਜ਼ੀ ਦੀ ਬਦੌਲਤ ਪਾਕਿਸਤਾਨ ਦੀ ਰਣਨੀਤੀ ਹਿੱਲ ਗਈ।

ਇਸ ਦੀ ਬਦੌਲਤ ਇੱਕ ਵੇਲੇ ਦੋ ਵਿਕਟਾਂ ਉੱਤੇ 155 ਸਕੋਰ ਦੇ ਨਾਲ ਖੇਡ ਰਹੀ ਪਾਕਿਸਤਾਨ ਦੀ ਟੀਮ ਨੇ ਸਿਰਫ਼ 16 ਦੌੜਾਂ ਉੱਤੇ ਆਪਣੀਆਂ ਪੰਜ ਵਿਕਟਾਂ ਗੁਆ ਲਈਆਂ

40ਵੇਂ ਓਵਰ ਦੀ ਪਹਿਲੀ ਗੇਂਦ ਉੱਤੇ ਰਵਿੰਦਰ ਜਡੇਜਾ ਨੇ ਹਸਨ ਅਲੀ ਨੂੰ ਸ਼ੁਭਮਨ ਗਿੱਲ ਦੇ ਹੱਥੀਂ ਕੇਚ ਆਊਟ ਕਰਵਾ ਦਿੱਤਾ।

ਪਾਕਿਸਤਾਨ ਦੀ ਪੂਰੀ ਟੀਮ 42.5 ਓਵਰਾਂ ਵਿੱਚ 191 ਦੌੜਾਂ ਬਣਾ ਕੇ ਆਊਟ ਹੋ ਗਈ। ਪਾਕਿਸਤਾਨ ਦੀਆਂ ਆਖਰੀ ਅੱਠ ਵਿਕਟਾਂ ਸਿਰਫ਼ 36 ਦੌੜਾਂ ਵਿੱਚ ਗਈਆਂ।

ਭਾਰਤ ਵੱਲੋਂ ਬੁਮਰਾਹ, ਸਿਰਾਜ, ਕੁਲਦੀਪ, ਪਾਂਡਿਆ ਅਤੇ ਜਡੇਜਾ ਨੇ ਦੋ-ਦੋ ਪਾਕਿਸਾਨੀ ਬੱਲੇਬਾਜ਼ਾਂ ਨੂੰ ਆਊਟ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)