ਜਸਪ੍ਰੀਤ ਬੁਮਰਾਹ : ਜਦੋਂ ਮਾਂ ਦੀਆਂ ਝਿੜਕਾਂ ਤੋਂ ਬਚਣ ਲਈ ਵਰਤੀ ਤਰਕੀਬ ਗੇਂਦਬਾਜ਼ੀ ਲਈ ਕੰਮ ਆਈ

ਭਾਰਤ ਦੇ ਸਭ ਤੋਂ ਸਫ਼ਲ ਗੇਂਦਬਾਜ਼ਾਂ ਵਿੱਚੋ ਇੱਕ, ਪੰਜਾਬੀ ਪਿਛੋਕੜ ਵਾਲੇ ਜਸਪ੍ਰੀਤ ਬੁਮਰਾਹ ਭਾਰਤੀ ਟੀਮ ਦਾ ਇਸ ਵੇਲੇ ਅਹਿਮ ਹਿੱਸਾ ਹਨ ਅਤੇ ਦੁਨੀਆਂ ਦੇ ਚੋਟੀ ਦੇ ਗੇਂਦਬਾਜ਼ਾਂ ਵਿੱਚ ਸ਼ੁਮਾਰ ਹਨ।

2025 ਦੀ ਸ਼ੁਰੂਆਤ 'ਚ ਜਸਪ੍ਰੀਤ ਬੁਮਰਾਹ ਨੇ ਇਤਿਹਾਸ ਰਚ ਦਿੱਤਾ। ਹਾਲ ਹੀ 'ਚ ਜਾਰੀ ਕੀਤੇ ਗਏ ਆਈਸੀਸੀ ਟੈਸਟ ਰੈਂਕਿੰਗ ਵਿੱਚ ਬੁਮਰਾਹ ਨਾ ਸਿਰਫ਼ ਗੇਂਦਬਾਜ਼ਾਂ ਦੀ ਸੂਚੀ ਵਿੱਚ ਸਿਖ਼ਰ 'ਤੇ ਰਹੇ ਬਲਕਿ ਕਿਸੇ ਭਾਰਤੀ ਗੇਂਦਬਾਜ਼ ਵੱਲੋਂ ਸਭ ਤੋਂ ਵੱਧ ਰੇਟਿੰਗ ਅੰਕ ਪ੍ਰਾਪਤ ਕਰਨ ਦਾ ਰਿਕਾਰਡ ਵੀ ਦਰਜ ਕਰ ਲਿਆ ਹੈ।

ਜਸਪ੍ਰੀਤ ਬੁਮਰਾਹ ਨੇ ਮੈਲਬੋਰਨ ਟੈਸਟ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਹ ਰਿਕਾਰਡ ਦਰਜ ਕੀਤੇ ਹਨ।

ਆਈਸੀਸੀ ਟੈਸਟ ਰੈਂਕਿੰਗ ਵਿੱਚ ਉਨ੍ਹਾਂ ਨੇ ਰਵੀਚੰਦਰਨ ਅਸ਼ਵਿਨ ਦੇ 904 ਰੇਟਿੰਗ ਅੰਕਾਂ ਦਾ ਰਿਕਾਰਡ ਤੋੜਦਿਆਂ 907 ਅੰਕ ਹਾਸਲ ਕੀਤੇ ਹਨ।

ਉਨ੍ਹਾਂ ਨੇ ਆਸਟ੍ਰੇਲੀਆ ਖਿਲਾਫ ਪਹਿਲੇ 4 ਟੈਸਟ ਮੈਚਾਂ 'ਚ 30 ਵਿਕਟਾਂ ਲਈਆਂ। ਇਸ ਦੇ ਨਾਲ ਹੀ ਬੁਮਰਾਹ ਨੇ ਇਸ ਦੌਰੇ 'ਤੇ ਆਪਣੇ 200 ਟੈਸਟ ਵਿਕਟ ਪੂਰੇ ਕੀਤੇ।

ਬਚਪਨ ਚੁਣੌਤੀਆਂ ਨਾਲ ਭਰਿਆ ਸੀ

ਜਸਪ੍ਰੀਤ ਦੀ ਸ਼ੁਰੂਆਤੀ ਜ਼ਿੰਦਗੀ ਚੁਣੌਤੀਆਂ ਨਾਲ ਭਰੀ ਰਹੀ ਹੈ।

ਛੋਟੀ ਉਮਰ ਵਿੱਚ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਆਰਥਿਕ ਤਕਲੀਫ਼ਾਂ ਨਾਲ ਵੀ ਜੂਝਣਾ ਪਿਆ।

ਮੁੰਬਈ ਇੰਡੀਅਨਜ਼ ਨਾਲ ਗੱਲਬਾਤ ਵਿੱਚ ਜਸਪ੍ਰੀਤ ਦੀ ਮਾਂ ਨੇ ਉਨ੍ਹਾਂ ਬਾਰੇ ਕੁਝ ਕਿੱਸੇ ਸਾਂਝੇ ਕੀਤੇ ਸਨ।

ਇੱਕ ਵਾਰ ਉਹ ਆਪਣੀ ਮਾਂ ਨਾਲ ਬੂਟਾਂ ਦਾ ਜੋੜਾ ਲੈਣ ਲਈ ਨਾਈਕੀ ਦੇ ਸ਼ੋਅਰੂਮ ਗਏ ਤਾਂ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਇਹ ਬੂਟ ਖ਼ਰੀਦ ਸਕਦੇ, ਉਸ ਵੇਲੇ ਬੁਮਰਾਹ ਨੇ ਆਪਣੀ ਮਾਂ ਨੂੰ ਕਿਹਾ, “ਮੈਂ ਇੱਕ ਦਿਨ ਇਹ ਬੂਟ ਜ਼ਰੂਰ ਖ਼ਰੀਦ ਕੇ ਵਿਖਾਵਾਂਗਾ।”

ਇਹ ਕਿੱਸਾ ਜਸਪ੍ਰੀਤ ਬੁਮਰਾਹ ਦੀ ਮਾਂ ਦਲਜੀਤ ਬੁਮਰਾਹ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ।

ਜਸਪ੍ਰੀਤ ਬੁਮਰਾਹ ਦੇ ਜਨਮ ਤੋਂ ਕਰੀਬ ਦੋ ਸਾਲ ਪਹਿਲਾਂ ਉਨ੍ਹਾਂ ਦਾ ਪਰਿਵਾਰ ਪੰਜਾਬ ਤੋਂ ਅਹਿਮਦਾਬਾਦ ਜਾ ਕੇ ਵੱਸ ਗਿਆ ਸੀ।

“ਮੇਰੇ ਕੋਲ ਪਾਉਣ ਲਈ ਬੂਟਾਂ ਦਾ ਇੱਕ ਜੋੜਾ ਅਤੇ ਇੱਕ ਹੀ ਸ਼ਰਟ ਹੁੰਦੀ ਸੀ, ਮੈਂ ਜਿੱਥੇ ਵੀ ਜਾਂਦਾ ਇਨ੍ਹਾਂ ਨੂੰ ਧੋਂਦਾ ਅਤੇ ਪਾ ਲੈਂਦਾ।”

ਮਾਂ ਨੇ ਹੀ ਪਾਲਿਆ

ਜਸਪ੍ਰੀਤ ਉਦੋਂ ਤਕਰੀਬਨ ਪੰਜ ਸਾਲਾਂ ਦੇ ਸਨ, ਜਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ, ਉਸ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਹੀ ਉਨ੍ਹਾਂ ਦੀ ਪਰਵਰਿਸ਼ ਕੀਤੀ।

ਦਲਜੀਤ ਬੁਮਰਾਹ ਕਹਿੰਦੇ ਹਨ ਕਿ ਜਸਪ੍ਰੀਤ ਦੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਲਈ ਸਭ ਕੁਝ ਬਹੁਤ ਔਖਾ ਹੋ ਗਿਆ ਸੀ।

ਇੰਟਰਨੈਸ਼ਨਲ ਕ੍ਰਿਕਟ ਕਾਊਂਸਲ ਦੇ ਯੂਟਊਬ ਚੈਨਲ ‘ਤੇ ਆਪਣੀ ਖੇਡ ਬਾਰੇ ਦੱਸਦਿਆਂ ਉਹ ਕਹਿੰਦੇ ਹਨ ਕਿ ਸਭ ਤੋਂ ਚੰਗਾ ਉਦੋਂ ਲੱਗਦਾ ਹੈ ਜਦੋਂ ਤੁਸੀਂ ਸਟੰਪਾਂ ਨੂੰ ਉੱਡਦੇ ਹੋਏ ਵੇਖਦੇ ਹੋ।

ਉਹ ਦੱਸਦੇ ਹਨ ਕਿ ਉਨ੍ਹਾਂ ਲਈ ਉਨ੍ਹਾਂ ਦੀ ਨਿੱਜੀ ਰੈਂਕਿੰਗ ਕੀ ਹੈ, ਇਸ ਨਾਲੋਂ ਜ਼ਿਆਦਾ ਟੀਮ ਦੀ ਸਫ਼ਲਤਾ ਮਾਇਨੇ ਰੱਖਦੀ ਹੈ।

ਜਸਪ੍ਰੀਤ ਨੇ ਦੋ ਸਾਲ ਪਹਿਲਾਂ ਸੰਜਨਾ ਗਣੇਸ਼ਨ ਨਾਲ ਇੱਕ ਗੁਰਦੁਆਰੇ ਵਿੱਚ ਵਿਆਹ ਕਰਵਾਇਆ। ਉਨ੍ਹਾਂ ਦੀ ਪਤਨੀ ਇੱਕ ਟੀਵੀ ਪੇਸ਼ਕਾਰ ਹਨ। ਉਨ੍ਹਾਂ ਦਾ ਇੱਕ ਬੇਟਾ ਵੀ ਹੈ।

ਕਿਵੇਂ ਸਿੱਖੀ ‘ਯੌਰਕਰ’

ਜਸਪ੍ਰੀਤ ਘਰ ਵਿੱਚ ਹੀ ਗੇਂਦਬਾਜ਼ੀ ਦੀ ਪ੍ਰੈਕਟਿਸ ਕਰਦੇ ਸਨ। ਉਹ ਗੇਂਦ ਨੂੰ ਕੰਧ ਵੱਲ ਨੂੰ ਸੁੱਟਦੇ ਸਨ।

ਇਸ ਨਾਲ ਸ਼ੋਰ ਆਉਣ ‘ਤੇ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਆਵਾਜ਼ ਨਾ ਕਰਨ ਲਈ ਕਿਹਾ ਕਰਦੇ ਸਨ।

ਬੀਬੀਸੀ ਪੱਤਰਕਾਰ ਪ੍ਰਦੀਪ ਕੁਮਾਰ ਦੀ ਰਿਪੋਰਟ ਮੁਤਾਬਕ ਜਸਪ੍ਰੀਤ ਸਿੰਘ ਨੇ ਇਸ ਦਾ ਇੱਕ ਅਲੱਗ ਰਸਤਾ ਕੱਢਿਆ ਉਨ੍ਹਾਂ ਨੇ ਦੇਖਿਆ ਕਿ ਜੇਕਰ ਗੇਂਦ ਨੂੰ ਉਸ ਕੋਣ ਉੱਤੇ ਸਿੱਟਿਆ ਜਾਵੇ ਜਿੱਥੇ ਕੰਧ ਅਤੇ ਫ਼ਰਸ਼ ਮਿਲਦੇ ਹੋਣ ਤਾਂ ਆਵਾਜ਼ ਘੱਟ ਆਵੇਗੀ।

ਇਸ ਤਰੀਕੇ ਉਨ੍ਹਾਂ ਦੀ ਪ੍ਰੈਕਟਿਸ ਵੀ ਚਲਦੀ ਰਹੀ।

ਬਚਪਨ ਤੋਂ ਹੀ ਜਸਪ੍ਰੀਤ ਤੇਜ਼ ਗੇਂਦਬਾਜ਼ਾਂ ਦੀ ਨਕਲ ਕਰਿਆ ਕਰਦੇ ਸਨ, ਪਰ ਉਨ੍ਹਾਂ ਨੂੰ ਯਾਦ ਨਹੀਂ ਸੀ ਕਿ ਉਨ੍ਹਾਂ ਦਾ ਗੇਂਦਬਾਜ਼ੀ ਦਾ ਵੱਖਰਾ ਐਕਸ਼ਨ (ਅੰਦਾਜ਼ ਜਾਂ ਗੇਂਦ ਸੁੱਟਣ ਦਾ ਤਰੀਕਾ) ਕਿਵੇਂ ਵਿਕਸਿਤ ਹੋਇਆ। ਉਨ੍ਹਾਂ ਨੇ ਇਹ ਕਦੇ ਨਹੀਂ ਸੋਚਿਆ ਸੀ ਕਿ ਇਹ ਉਨ੍ਹਾਂ ਦੀ ਖ਼ਾਸੀਅਤ ਬਣ ਜਾਵੇਗਾ।

ਐਕਸ਼ਨ ਕਿਵੇਂ ਬਣਦਾ ਹੈ ਮੁਸ਼ਕਲ

ਜਸਪ੍ਰੀਤ ਦੇ ਗੇਂਦਬਾਜ਼ੀ ਦੇ ਵੱਖ-ਵੱਖ ਐਕਸ਼ਨ ਬੱਲੇਬਾਜ਼ਾਂ ਨੂੰ ਉਲਝਾ ਦਿੰਦੇ ਹਨ।

ਖੇਡ ਪੱਤਰਕਾਰ ਚੰਦਰਸ਼ੇਖਰ ਲੁਥਰਾ ਨੇ ਲਿਖਿਆ ਕਿ ਪਿੱਠ ਦੀ ਤਕਲੀਫ਼ ਦੇ ਚੱਲਦਿਆਂ ਉਨ੍ਹਾਂ ਨੂੰ ਕਈ ਵਾਰੀ ਟੀਮ ਤੋਂ ਬਾਹਰ ਹੋਣ ਪਿਆ ਹੈ।

ਉਹ ਲਿਖਦੇ ਹਨ ਕਿ ਬੁਮਰਾਹ ਦੀ ਮੁਸ਼ਕਲ ਉਨ੍ਹਾਂ ਦਾ ਗੇਂਦਬਾਜ਼ੀ ਐਕਸ਼ਨ ਹੈ, ਜਿਸ ਵਿੱਚ ਫ੍ਰੰਟ ਫੁੱਟ ਦੀ ਲਾਈਨ ਤੋਂ ਬਾਹਰ ਜਾ ਕੇ ਗੇਂਦ ਸੁੱਟੀ ਜਾਂਦੀ ਹੈ, ਜਿਸਦੇ ਚਲਦਿਆਂ ਉਨ੍ਹਾਂ ਦਾ ਸਰੀਰ 45 ਡਿਗਰੀ ਤੋਂ ਵੱਧ ਝੁਕਦਾ ਹੈ ਅਤੇ ਉਨ੍ਹਾਂ ਦੀ ਪਿੱਠ ਦੀ ਹੱਡੀ ਉੱਤੇ ਜ਼ੋਰ ਪੈਂਦਾ ਹੈ।

ਉਹ ਲਿਖਦੇ ਹਨ ਕਿ ਬੁਮਰਾਹ ਆਮ ਗੇਂਦਬਾਜ਼ਾਂ ਦੇ ਵਾਂਗ ਸਾਈਡ ਆਰਮਜ਼ ਗੇਂਦਬਾਜ਼ ਨਹੀਂ ਹਨ, ਉਹ ਜਦੋਂ ਗੇਂਦ ਸੁੱਟਦੇ ਹਨ ਤਾਂ ਬੱਲੇਬਾਜ਼ ਦੇ ਸਾਹਮਣੇ ਉਨ੍ਹਾਂ ਦੀ ਓਪਨ ਚੈਸਟ ਹੁੰਦੀ ਹੈ ਜਦਕਿ ਗੇਂਦਬਾਜ਼ਾਂ ਦਾ ਮੋਢਾ ਸਾਹਮਣੇ ਹੋਣਾ ਚਾਹੀਦਾ ਹੈ।

ਆਪਣੇ ਐਕਸ਼ਨ ਬਾਰੇ ਦੱਸਿਆਂ ਬੁਮਰਾਹ ਕਹਿੰਦੇ ਕਿ ਕਿਸੇ ਵੀ ਕੋਚ ਨੇ ਉਨ੍ਹਾਂ ਨੂੰ ਐਕਸ਼ਨ ਬਦਲਣ ਲਈ ਨਹੀਂ ਕਿਹਾ, “ਮੈਨੂੰ ਬੱਸ ਆਪਣਾ ਸਰੀਰ ਮਜ਼ਬੂਤ ਬਣਾਉਣ ਦੀ ਸਲਾਹ ਦਿੱਤੀ ਗਈ ਸੀ। ਕਿਉਂਕਿ ਸਰੀਰ ਉੱਤੇ ਦਬਾਅ ਪੈਣ ਨਾਲ ਰਫ਼ਤਾਰ ਘੱਟ ਹੋ ਜਾਵੇਗੀ।”

ਕਿਵੇਂ ਸੁਪਨਾ ਹੋਇਆ ਸੱਚ….

“ਮੈਂ ਬਚਪਨ ਵਿੱਚ ਅਕਸਰ ਇਹ ਕਹਾਣੀਆਂ ਸੁਣਦਾ ਸੀ ਕਿ ਕਿਸੇ ਨੂੰ ਕੋਈ ਖੇਡਦਿਆਂ ਦੇਖ ਕੇ ਚੁਣ ਲੈਂਦਾ ਹੈ, ਪਰ ਮੇਰੇ ਨਾਲ ਇਹ ਸੱਚਮੁੱਚ ਹੀ ਹੋ ਗਿਆ।”

ਜਸਪ੍ਰੀਤ ਕਹਿੰਦੇ ਹਨ ਕਿ ਹਾਲਾਂਕਿ ਸਾਡਾ ਦੇਸ਼ ਮਹਾਨ ਬੱਲੇਬਾਜ਼ਾਂ ਲਈ ਜਾਣਿਆ ਜਾਂਦਾ ਹੈ, ਪਰ ਹੁਣ ਜਿਵੇਂ-ਜਿਵੇਂ ਖੇਡ ਅੱਗੇ ਵੱਧ ਰਿਹਾ ਹੈ, ਗੇਂਦਬਾਜ਼ੀ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ।

ਆਈਸੀਸੀ ਦੀ ਇੱਕ ਵੀਡੀਓ ਵਿੱਚ ਜਸਪ੍ਰੀਤ ਬੁਮਰਾਹ ਕਹਿੰਦੇ ਹਨ, “ਮੈਨੂੰ ਪ੍ਰੇਰਣਾ ਲੈਣ ਲਈ ਕਿਤੇ ਬਾਹਰ ਨਹੀਂ ਜਾਣਾ ਪੈਂਦਾ, ਮੇਰੀ ਮਾਂ ਹੀ ਮੇਰੀ ਪ੍ਰੇਰਣਾ ਹਨ।”

ਜਦੋਂ ਵਿਰਾਟ ਕੋਹਲੀ ਨੂੰ ਕੀਤਾ ਆਊਟ

ਵਿਰਾਟ ਕੋਹਲੀ ਨੇ ਜਸਪ੍ਰੀਤ ਦੀਆਂ ਪਹਿਲੀਆਂ 3 ਗੇਂਦਾ ਉੱਤੇ ਚੌਕੇ ਮਾਰਕੇ ਉਨ੍ਹਾਂ ਦਾ ਸਵਾਗਤ ਕੀਤਾ। ਜਸਪ੍ਰੀਤ ਨੂੰ ਇਹ ਸਮਝ ਨਹੀਂ ਆਇਆ ਕਿ ਉਹ ਅੱਗੇ ਕੀ ਕਰਨ, ਫਿਰ ਉਨ੍ਹਾਂ ਨੇ ਸਚਿਨ ਕੋਲੋਂ ਸਲਾਹ ਲਈ।

ਸਚਿਨ ਨੇ ਕਿਹਾ, “ਤੁਹਾਡੀ ਇੱਕ ਚੰਗੀ ਗੇਂਦ ਇਸ ਮੈਚ ਦੀ ਤਸਵੀਰ ਬਦਲ ਦੇਵੇਗੀ, ਚਿੰਤਾ ਨਾ ਕਰੋ, ਬੱਸ ਖੇਡ ਉੱਤੇ ਧਿਆਨ ਕੇਂਦਰਤ ਕਰੋ।”

ਸਚਿਨ ਦੀ ਸਲਾਹ ਮੰਨ ਕੇ ਜਸਪ੍ਰੀਤ ਨੇ ਉਸੇ ਓਵਰ ਵਿੱਚ ਵਿਰਾਟ ਨੂੰ ਐਲਬੀਡਬਲਯੂ ਆਊਟ ਕਰ ਦਿੱਤਾ, ਪਹਿਲੇ ਮੈਚ ਵਿੱਚ ਉਨ੍ਹਾਂ ਨੇ 3 ਵਿਕਟਾਂ ਲਈਆਂ ਸਨ, ਇਸ ਮਗਰੋਂ ਅਮਿਤਾਭ ਬੱਚਨ ਨੇ ਵੀ ਜਸਪ੍ਰੀਤ ਦੀ ਤਾਰੀਫ਼ ਕੀਤੀ ਸੀ।

ਟੀਮ ਇੰਡੀਆ ਲਈ ਕਿੰਨੇ ਜ਼ਰੂਰੀ ਹਨ ਜਸਪ੍ਰੀਤ

ਬੀਬੀਸੀ ਖੇਡ ਪੱਤਰਕਾਰ ਸੁਰੇਸ਼ ਮੇਨਨ ਆਪਣੀ ਰਿਪੋਰਟ ਵਿੱਚ ਲਿਖਦੇ ਹਨ ਕਿ ਆਪਣੀ ਖ਼ਾਸ ਗੇਂਦਬਾਜ਼ੀ, ਰਫ਼ਤਾਰ, ਅਤੇ ਪਕਣ ਦੇ ਕਾਰਨ ਜਸਪ੍ਰੀਤ ਬੁਮਰਾਹ ਛੇਤੀ ਹੀ ਭਾਰਤੀ ਗੇਂਦਬਾਜ਼ੀ ਦੇ ਹਮਲੇ ਵਿੱਚ ਮੋਢੀ ਭੂਮਿਕਾ ਨਿਭਾਉਣ ਲੱਗ ਪਏ।

ਉਹ ਲਿਖਦੇ ਹਨ ਕਿ ਵਿਕਟਾਂ ਡੇਗਣ ਵਾਲੇ ਬੁਮਰਾਹ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਤੋਂ ਵੱਧ ਮੁੱਲ ਰੱਖਦੇ ਹਨ।

ਭਾਰਤ ਦੇ ਕੋਲ ਕਈ ਬੱਲੇਬਾਜ਼ ਹਨ, ਜਿਹੜੇ ਇੱਕ ਦੂਜੇ ਦੀ ਕਮੀ ਪੂਰੀ ਕਰ ਸਕਦੇ ਪਰ ਗੇਂਦਬਾਜ਼ ਦੇ ਰੂਪ ਵਿੱਚ ਬੁਮਰਾਹ ਦਾ ਕੋਈ ਮੁਕਾਬਲਾ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)