ਯੂਟੀਆਈ: ਔਰਤਾਂ ਨੂੰ ਪਿਸ਼ਾਬ ਦੇ ਲਾਗ ਦੀ ਸਮੱਸਿਆ ਜ਼ਿਆਦਾ ਕਿਉਂ ਹੁੰਦੀ ਹੈ ਤੇ ਕਿਵੇਂ ਹੋ ਸਕਦਾ ਹੈ ਬਚਾਅ

    • ਲੇਖਕ, ਅੰਜਲੀ ਦਾਸ
    • ਰੋਲ, ਬੀਬੀਸੀ ਹਿੰਦੀ ਲਈ

ਅਮਰੀਕਾ ਵਿੱਚ ਹਰ ਸਾਲ ਯੂਰਿਨਰੀ ਇਨਫੈਕਸ਼ਨ ਦੇ ਲਗਭਗ 2.5 ਲੱਖ ਮਾਮਲੇ ਸਾਹਮਣੇ ਆਉਂਦੇ ਹਨ।

ਦੁਨੀਆ ਭਰ ਵਿੱਚ ਲਗਭਗ 1.5 ਕਰੋੜ ਲੋਕ ਇਸ ਦਾ ਇਲਾਜ ਕਰਵਾਉਂਦੇ ਹਨ।

ਬਲੈਡਰ ਵਿੱਚ ਸੋਜ ਨੂੰ ਡਾਕਟਰੀ ਭਾਸ਼ਾ ਵਿੱਚ ਸਿਸਟਿਸ ਕਿਹਾ ਜਾਂਦਾ ਹੈ। ਇਸ ਨੂੰ ਯੂਰੀਨਰੀ ਟਰੈਕਟ ਇਨਫੈਕਸ਼ਨ ਯਾਨਿ ਯੂਟੀਆਈ ਕਿਹਾ ਜਾਂਦਾ ਹੈ, ਜੋ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਬੈਕਟੀਰੀਆ ਕਾਰਨ ਲਾਗ ਜਾਂ ਇਨਫੈਕਸ਼ਨ ਫੈਲਣ ਨਾਲ ਹੁੰਦਾ ਹੈ।

ਅਜਿਹਾ ਉਦੋਂ ਹੁੰਦਾ ਹੈ ਜਦੋਂ ਪਿਸ਼ਾਬ ਦੀ ਥੈਲੀ (ਯੂਰੇਥਰਾ) ਅਤੇ ਇਸ ਦੀ ਪਾਈਪ (ਟਰੈਕਟ) ਸੰਕਰਮਿਤ ਹੋ ਜਾਂਦੇ ਹਨ।

ਯੂਰੀਨਰੀ ਟਰੈਕਟ ਇਨਫੈਕਸ਼ਨ ਯਾਨਿ ਯੂਟੀਆਈ ਇੱਕ ਬਹੁਤ ਹੀ ਆਮ ਬਿਮਾਰੀ ਹੈ ਜੋ ਕਿਸੇ ਵੀ ਉਮਰ ਦੇ ਲੋਕਾਂ ਨੂੰ ਹੋ ਸਕਦੀ ਹੈ।

ਨਵਜੰਮੇ ਤੋਂ ਲੈ ਕੇ ਬਜ਼ੁਰਗਾਂ ਤੱਕ ਇਸ ਦੀ ਲਪੇਟ ਵਿੱਚ ਆ ਸਕਦੇ ਹਨ।

ਕੀ ਔਰਤਾਂ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੀਆਂ?

ਇੱਕ ਖੋਜ ਦੇ ਅਨੁਸਾਰ, ਇੱਕ ਔਰਤ ਨੂੰ ਉਸ ਦੇ ਜੀਵਨ ਵਿੱਚ ਯੂਟੀਆਈ ਲਾਗ ਦੀ ਸੰਭਾਵਨਾ 60% ਹੁੰਦੀ ਹੈ, ਜਦੋਂ ਕਿ ਪੁਰਸ਼ਾਂ ਵਿੱਚ ਇਹ ਸਿਰਫ 13% ਹੁੰਦੀ ਹੈ।

43 ਸਾਲਾ ਰੇਣੂ (ਬਦਲਿਆ ਹੋਇਆ ਨਾਂ) ਇੱਕ ਘਰੇਲੂ ਔਰਤ ਹੈ। ਉਸ ਦਾ ਕਹਿਣਾ ਹੈ ਕਿ ਅਕਸਰ ਘਰ ਦੇ ਕੰਮਾਂ ਵਿਚ ਰੁੱਝੇ ਹੋਣ ਅਤੇ ਜ਼ਿੰਦਗੀ ਵਿਚ ਭੱਜ-ਦੌੜ ਕਰਨ ਕਾਰਨ ਉਹ ਆਪਣੀ ਸਿਹਤ ਦਾ ਖ਼ਿਆਲ ਰੱਖਣ ਵਿੱਚ ਅਸਮਰੱਥ ਹੈ।

ਪਤੀ ਦੇਹਰਾਦੂਨ ਵਿੱਚ ਪ੍ਰੋਫੈਸਰ ਹਨ ਅਤੇ ਮਹੀਨੇ ਵਿੱਚ ਇੱਕ ਜਾਂ ਦੋ ਵਾਰ ਹੀ ਆਉਂਦੇ ਹਨ।

ਰੇਣੂ ਕਹਿੰਦੀ ਹੈ, "ਮੈਨੂੰ ਅਕਸਰ ਪੇਟ ਦਰਦ ਹੁੰਦਾ ਸੀ ਪਰ ਇਹ ਜ਼ਿਆਦਾ ਦਿਨਾਂ ਤੱਕ ਨਹੀਂ ਰਹਿੰਦਾ ਸੀ, ਇਸ ਲਈ ਮੈਂ ਡਾਕਟਰ ਕੋਲ ਨਹੀਂ ਜਾਂਦੀ ਸੀ।"

"ਇੱਕ ਦਿਨ, ਪੇਟ ਦਰਦ ਦੇ ਨਾਲ-ਨਾਲ, ਪਿਸ਼ਾਬ ਕਰਦੇ ਸਮੇਂ ਮੈਨੂੰ ਜਲਨ ਹੋਣ ਲੱਗੀ। ਪਿਸ਼ਾਬ ਵਿੱਚ ਥੋੜ੍ਹਾ ਜਿਹਾ ਖ਼ੂਨ ਵੀ ਆਇਆ ਸੀ। ਡਰ ਕੇ ਮੈਂ ਤੁਰੰਤ ਹਸਪਤਾਲ ਗਈ। ਡਾਕਟਰ ਨੇ ਮੈਨੂੰ ਕੁਝ ਟੈਸਟ ਕਰਵਾਉਣ ਲਈ ਕਿਹਾ ਅਤੇ ਮੈਨੂੰ ਦਵਾਈਆਂ ਦਿੱਤੀਆਂ।"

ਉਸ ਨੂੰ ਦਵਾਈਆਂ ਨਾਲ ਕਾਫੀ ਰਾਹਤ ਮਿਲੀ ਪਰ ਕੁਝ ਮਹੀਨਿਆਂ ਬਾਅਦ ਇਹ ਲੱਛਣ ਦੁਬਾਰਾ ਦਿਖਾਈ ਦਿੱਤੇ। ਇਸ ਵਾਰ ਰੇਣੂ (ਬਦਲਿਆ ਹੋਇਆ ਨਾਮ) ਨੇ ਘਰੇਲੂ ਉਪਚਾਰਾਂ ਨਾਲ ਆਪਣੇ ਆਪ ਨੂੰ ਠੀਕ ਕਰਨ ਦਾ ਫ਼ੈਸਲਾ ਕੀਤਾ ਅਤੇ ਯੋਗਾ ਅਤੇ ਪ੍ਰਾਣਾਯਾਮ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕੀਤਾ।

ਆਸਿਮਾ 37 ਸਾਲ ਦੀ ਸਕੂਲ ਟੀਚਰ ਹੈ।

ਉਹ ਕਹਿੰਦੀ ਹੈ, "ਅਧਿਆਪਕ ਦੀ ਨੌਕਰੀ ਦੇ ਰੁਝੇਵਿਆਂ ਵਿੱਚ, ਤੁਸੀਂ ਕਈ ਵਾਰ ਆਪਣੇ ਸਰੀਰ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹੋ। ਇਸ ਤੋਂ ਇਲਾਵਾ, ਸਕੂਲ ਵਿੱਚ ਟਾਇਲਟ ਦੀ ਹਾਲਤ ਚੰਗੀ ਨਹੀਂ ਹੁੰਦੀ ਹੈ।"

ਸਕੂਲ ਦੌਰਾਨ ਇੱਕ ਦਿਨ ਉਸ ਦੇ ਪੇਟ ਵਿੱਚ ਬਹੁਤ ਦਰਦ ਹੋਇਆ।

ਉਸ ਦਿਨ ਨੂੰ ਯਾਦ ਕਰਦਿਆਂ ਉਹ ਕਹਿੰਦੀ ਹੈ, "ਪਹਿਲਾਂ ਤਾਂ ਦਰਦ ਘੱਟ ਸੀ ਪਰ ਕੁਝ ਸਮੇਂ ਬਾਅਦ ਅਸਹਿਣਸ਼ੀਲ ਹੋ ਗਿਆ। ਮੈਂ ਤੁਰੰਤ ਅੱਧੇ ਦਿਨ ਦੀ ਛੁੱਟੀ ਲੈ ਕੇ ਡਾਕਟਰ ਕੋਲ ਗਈ। ਫਿਰ ਪਤਾ ਲੱਗਾ ਕਿ ਮੈਨੂੰ ਯੂਟੀਆਈ ਹੈ। ਡਾਕਟਰ ਨੇ ਮੈਨੂੰ 5 ਦਿਨਾਂ ਲਈ ਐਂਟੀਬਾਇਓਟਿਕਸ ਦੇ ਦਿੱਤੀਆਂ। ਜਿਸ ਨਾਲ ਮੈਨੂੰ ਰਾਹਤ ਮਿਲੀ।"

ਔਰਤਾਂ ਵਿੱਚ ਯੂਟੀਆਈ ਕਿਉਂ ਵਧੇਰੇ ਹੁੰਦਾ ਹੈ?

ਪਿਸ਼ਾਬ ਟਰੈਕਟ ਦੀ ਲਾਗ ਜਾਂ ਯੂਟੀਆਈ ਉਦੋਂ ਹੁੰਦਾ ਹੈ ਜਦੋਂ ਬਲੈਡਰ ਜਾਂ ਪਿਸ਼ਾਬ ਦੀ ਥੈਲੀ ਅਤੇ ਇਸ ਦੀ ਨਲੀ ਬੈਕਟੀਰੀਆ ਨਾਲ ਸੰਕਰਮਿਤ ਹੋ ਜਾਂਦੀ ਹੈ।

ਇਹ ਲਾਗ ਮਰਦਾਂ ਅਤੇ ਔਰਤਾਂ ਦੋਵਾਂ ਨੂੰ ਹੋ ਸਕਦੀ ਹੈ। ਹਾਲਾਂਕਿ, ਯੂਟੀਆਈ ਮਰਦਾਂ ਨਾਲੋਂ ਔਰਤਾਂ ਵਿੱਚ ਵਧੇਰੇ ਆਮ ਹੈ।

ਗ੍ਰੇਟਰ ਨੋਇਡਾ ਦੇ ਸ਼ਾਰਦਾ ਮੈਡੀਕਲ ਕਾਲਜ ਦੇ ਸੀਨੀਅਰ ਰੈਜ਼ੀਡੈਂਟ ਡਾ. ਤਨੁਜ ਲਵਾਨੀਆ ਇਸ ਬਾਰੇ ਵਿਸਥਾਰ ਨਾਲ ਦੱਸਦੀ ਹੈ, “ਅਸਲ ਵਿੱਚ, ਔਰਤਾਂ ਨੂੰ ਸਿਸਟਿਟਿਸ ਹੋਣ ਦੀ ਸੰਭਾਵਨਾ ਮਰਦਾਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ ਕਿਉਂਕਿ ਉਨ੍ਹਾਂ ਦੀ ਯੂਰੇਥਰਾ (ਜਿੱਥੇ ਪਿਸ਼ਾਬ ਨਿਕਲਦਾ ਹੈ) ਦਾ ਆਕਾਰ ਮਰਦਾਂ (ਲਗਭਗ 20 ਸੈਂਟੀਮੀਟਰ) ਨਾਲੋਂ ਛੋਟਾ ਹੁੰਦਾ ਹੈ। ਇਹ ਲਗਭਗ 4.8 ਤੋਂ 5.1 ਸੈਂਟੀਮੀਟਰ ਹੈ।"

ਉਹ ਕਹਿੰਦੀ ਹੈ, "ਜਦੋਂ ਕੋਈ ਔਰਤ ਬੈਕਟੀਰੀਆ ਨਾਲ ਸੰਕਰਮਿਤ ਹੁੰਦੀ ਹੈ, ਤਾਂ ਬੈਕਟੀਰੀਆ ਦੇ ਬਲੈਡਰ ਵਿੱਚ ਦਾਖ਼ਲ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।"

"ਕਿਉਂਕਿ ਯੂਰੇਥਰਾ ਛੋਟਾ ਹੁੰਦਾ ਹੈ, ਇਸ ਲਈ ਉੱਥੇ ਪਹੁੰਚਣਾ ਆਸਾਨ ਹੁੰਦਾ ਹੈ ਅਤੇ ਇਸੇ ਕਰਕੇ ਯੂਟੀਆਈ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਇਹ ਜ਼ਿਆਦਾ ਆਮ ਹੁੰਦੀ ਹੈ।"

ਡਾਕਟਰ ਤਨੁਜ ਦਾ ਕਹਿਣਾ ਹੈ, "ਘੱਟੋ-ਘੱਟ 10 ਫੀਸਦੀ ਔਰਤਾਂ ਨੂੰ ਇੱਕ ਵਾਰ ਸਿਸਟਿਟਿਸ ਹੁੰਦਾ ਹੈ। ਉਨ੍ਹਾਂ ਵਿੱਚੋਂ ਅੱਧੀਆਂ ਨੂੰ ਇਹ ਦੁਬਾਰਾ ਹੁੰਦਾ ਵੀ ਦੇਖਿਆ ਗਿਆ ਹੈ।"

ਯੂਨੀਵਰਸਿਟੀ ਕਾਲਜ ਲੰਡਨ ਦੇ ਸੈਂਟਰ ਫਾਰ ਯੂਰੋਲਾਜੀਕਲ ਬਾਇਓਲੋਜੀ ਦੀ ਮੁਖੀ ਜੈਨੀਫਰ ਰੌਨ ਕਹਿੰਦੀ ਹੈ, "ਯੂਟੀਆਈ ਨੂੰ ਜੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ, ਤਾਂ ਲਾਗ ਗੁਰਦਿਆਂ ਤੱਕ ਫ਼ੈਲ ਸਕਦੀ ਹੈ।"

"ਯੂਟੀਆਈ ਆਮ ਤੌਰ 'ਤੇ ਈ-ਕੋਲੀ ਬੈਕਟੀਰੀਆ ਦੇ ਲਾਗ ਕਾਰਨ ਹੁੰਦਾ ਹੈ, ਹਾਲਾਂਕਿ ਕਈ ਹੋਰ ਬੈਕਟੀਰੀਆ ਵੀ ਹੋ ਇਸ ਲਈ ਜ਼ਿੰਮੇਵਾਰ ਹੋ ਸਕਦੇ ਹਨ।"

ਯੂਟੀਆਈ ਦੇ ਲੱਛਣ

ਡਾਕਟਰ ਤਨੁਜ ਦਾ ਕਹਿੰਦੀ ਹੈ ਕਿ ਔਰਤਾਂ ਵਿੱਚ ਕਈ ਲੱਛਣ ਹੋ ਸਕਦੇ ਹਨ।

  • ਵਾਰ-ਵਾਰ ਪਿਸ਼ਾਬ ਜਾਣ ਦੀ ਇੱਛਾ
  • ਪਿਸ਼ਾਬ ਕਰਦੇ ਸਮੇਂ ਜਲਨ ਜਾਂ ਤੇਜ਼ ਦਰਦ ਦਾ ਅਹਿਸਾਸ ਹੋਣਾ
  • ਪਿਸ਼ਾਬ ਕਰਦੇ ਸਮੇਂ ਯੋਨੀ ਦੀ ਚਮੜੀ 'ਤੇ ਜਲਨ ਮਹਿਸੂਸ ਹੋਣਾ
  • ਪਿਸ਼ਾਬ ਵਿੱਚ ਖੂਨ ਆਉਣਾ

ਜੋ ਔਰਤਾਂ ਲੰਬੇ ਸਮੇਂ ਤੱਕ ਇਸ ਨੂੰ ਨਜ਼ਰਅੰਦਾਜ਼ ਕਰਦੀਆਂ ਹਨ, ਉਨ੍ਹਾਂ ਵਿੱਚ ਤੇਜ਼ ਬੁਖਾਰ ਵੀ ਇੱਕ ਲੱਛਣ ਹੋ ਸਕਦਾ ਹੈ।

ਡਾਕਟਰ ਕਿਹੜੇ ਟੈਸਟ ਕਰਾਉਂਦੇ ਹਨ?

ਡਾਕਟਰ ਤਨੁਜ ਕਹਿੰਦੀ ਹਨ, "ਅਜਿਹੀ ਕਿਸੇ ਵੀ ਕਲੀਨਿਕਲ ਪੁੱਛਗਿੱਛ ਵਿੱਚ, ਜੇਕਰ ਸਾਨੂੰ ਲੱਗਦਾ ਹੈ ਕਿ ਉਸ ਨੂੰ ਯੂਟੀਆਈ ਹੋ ਸਕਦਾ ਹੈ, ਤਾਂ ਅਸੀਂ ਔਰਤ ਨੂੰ ਯੂਰਿਨ ਟੈਸਟ ਕਰਨ ਲਈ ਕਹਿੰਦੇ ਹਾਂ। ਅਸੀਂ ਪਿਸ਼ਾਬ ਦੀ ਰੁਟੀਨ ਮਾਈਕ੍ਰੋਸਕੋਪੀ ਅਤੇ ਯੂਰੀਨ ਕਲਚਰ ਸੈਂਸਟੀਵਿਟੀ ਟੈਸਟ ਕਰਵਾਉਂਦੇ ਹਾਂ।

ਡਾਕਟਰ ਤਨੁਜ ਇਸ ਦਾ ਕਾਰਨ ਦੱਸਦੀ ਹੈ, "ਰੁਟੀਨ ਮਾਈਕ੍ਰੋਸਕੋਪੀ ਨਾਲ ਇਹ ਦੇਖਿਆ ਜਾਂਦਾ ਹੈ ਕਿ ਕੀ ਇਨਫੈਕਸ਼ਨ ਬੈਕਟੀਰੀਆ ਜਾਂ ਫੰਗਸ ਕਾਰਨ ਹੋਈ ਹੈ। ਜਦੋਂ ਕਿ ਕਲਚਰ ਰਾਹੀਂ ਇਹ ਪਤਾ ਲਗਾਇਆ ਜਾਂਦਾ ਹੈ ਕਿ ਇਹ ਕਿਸ ਬੈਕਟੀਰੀਆ ਕਾਰਨ ਹੋਇਆ ਹੈ ਤਾਂ ਜੋ ਇਸ ਨਾਲ ਸਬੰਧਤ ਦਵਾਈਆਂ ਦਿੱਤੀਆਂ ਜਾ ਸਕਣ।"

ਕਿਹੜੀਆਂ ਔਰਤਾਂ ਨੂੰ ਲਾਗ ਲੱਗਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ?

ਡਾਕਟਰ ਤਨੁਜ ਦਾ ਕਹਿਣਾ ਹੈ, "ਹਾਲਾਂਕਿ ਯੂਟੀਆਈ ਹਰ ਉਮਰ ਵਰਗ ਵਿੱਚ ਦੇਖਣ ਨੂੰ ਮਿਲਦਾ ਹੈ, ਪਰ ਇਹ ਵਿਆਹੁਤਾ ਔਰਤਾਂ ਵਿੱਚ ਜ਼ਿਆਦਾ ਦੇਖਿਆ ਜਾਂਦਾ ਹੈ।"

ਉਹ ਇਹ ਵੀ ਕਹਿੰਦੀ ਹੈ, "ਇਹ ਔਰਤਾਂ ਵਿੱਚ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਜੋ ਘੱਟ ਪਾਣੀ ਪੀਂਦੀਆਂ ਹਨ। ਇਹ ਉਨ੍ਹਾਂ ਲੋਕਾਂ ਵਿੱਚ ਹੁੰਦਾ ਹੈ ਜੋ ਪਿਸ਼ਾਬ ਨੂੰ ਲੰਬੇ ਸਮੇਂ ਤੱਕ ਰੋਕ ਕੇ ਰੱਖਦੇ ਹਨ ਕਿਉਂਕਿ ਇਸ ਨਾਲ ਬੈਕਟੀਰੀਆ ਨੂੰ ਇਕੱਠਾ ਹੋਣ ਦਾ ਮੌਕਾ ਮਿਲਦਾ ਹੈ।"

ਉਹ ਯੂਟੀਆਈ ਹੋਣ ਦੇ ਹੋਰ ਕਾਰਨਾਂ ਨੂੰ ਵੀ ਗਿਣਵਾਉਂਦੀ ਹੈ-

  • ਜੋ ਟਾਇਲਟ ਦੌਰਾਨ ਜੇਟ ਦੀ ਜ਼ਿਆਦਾ ਵਰਤੋਂ ਕਰਦੇ ਹਨ।
  • ਜੋ ਸਫਾਈ ਲਈ ਕੈਮੀਕਲ ਵਾਲੇ ਉਤਪਾਦ ਵਸਤਾਂ ਦੀ ਵਰਤੋਂ ਕਰਦੇ ਹਨ
  • ਜੋ ਸਫਾਈ ਦਾ ਪੂਰਾ ਧਿਆਨ ਨਹੀਂ ਰੱਖਦੇ।
  • ਜੋ ਅੰਡਰਗਾਰਮੈਂਟਸ ਵਾਰ-ਵਾਰ ਨਹੀਂ ਬਦਲਦੇ।
  • ਜਿਨ੍ਹਾਂ ਔਰਤਾਂ ਨੂੰ ਡਾਇਬੀਟੀਜ਼ ਹੈ, ਉਨ੍ਹਾਂ ਨੂੰ ਇਸ ਲਾਗ ਦਾ ਵੱਧ ਖ਼ਤਰਾ ਹੁੰਦਾ ਹੈ।
  • ਗਰਭ ਅਵਸਥਾ ਦੌਰਾਨ ਯੂਟੀਆਈ ਦੀ ਲਾਗ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।
  • ਮੀਨੋਪੌਜ਼ ਤੋਂ ਬਾਅਦ ਵੀ ਯੂਟੀਆਈ ਦੀ ਲਾਗ ਹੋ ਸਕਦੀ ਹੈ ਕਿਉਂਕਿ ਯੋਨੀ ਵਿੱਚ ਫੈਂਡ ਬੈਕਟੀਰੀਆ ਦੀ ਗਿਣਤੀ ਘੱਟ ਜਾਂਦੀ ਹੈ।

ਜੇਕਰ ਯੂਟੀਆਈ ਲਾਗ ਵਾਰ-ਵਾਰ ਹੋ ਰਹੀ ਹੋਵੇ ?

ਜੇਕਰ ਕਿਸੇ ਔਰਤ ਨੂੰ ਵਾਰ-ਵਾਰ ਯੂਟੀਆਈ ਦਾ ਇਨਫੈਕਸ਼ਨ ਹੋ ਰਿਹਾ ਹੈ, ਤਾਂ ਇਸ ਦਾ ਕੀ ਕਾਰਨ ਹੋ ਸਕਦਾ ਹੈ?

ਡਾਕਟਰ ਤਨੁਜ ਦੱਸਦੀ ਹੈ, "ਜਿਨ੍ਹਾਂ ਔਰਤਾਂ ਨੂੰ ਵਾਰ-ਵਾਰ ਯੂਟੀਆਈ ਦੀ ਲਾਗ ਹੁੰਦੀ ਹੈ, ਉਨ੍ਹਾਂ ਨੂੰ ਹੋਰ ਟੈਸਟ ਕਰਵਾਉਣੇ ਪੈਂਦੇ ਹਨ। ਅਲਟਰਾਸਾਊਂਡ ਕੀਤਾ ਜਾਂਦਾ ਹੈ। ਇਹ ਦੇਖਿਆ ਜਾਂਦਾ ਹੈ ਕਿ ਗੁਰਦੇ ਅਤੇ ਗੁਰਦੇ ਦੀ ਨਲੀ (ਯੂਰੇਟਰ) ਠੀਕ ਹੈ ਜਾਂ ਨਹੀਂ।"

"ਗੁਰਦੇ ਦੀ ਪੱਥਰੀ ਜਾਂ ਯੂਰੇਟਰ ਵਿੱਚ ਕੋਈ ਪੱਥਰੀ ਹੈ ਅਤੇ ਜੇਕਰ ਉਹ ਪੱਥਰੀ ਉੱਥੇ ਫਸੀ ਹੋਈ ਹੈ ਤਾਂ ਉਸ ਕਾਰਨ ਪੇਸ਼ਾਬ ਦੀ ਲਾਗ ਹੁੰਦੀ ਹੈ।"

ਉਸ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ 'ਚ ਯੂਰੋਲੋਜਿਸਟ ਦੀ ਵੀ ਸਲਾਹ ਲੈਣੀ ਪੈ ਸਕਦੀ ਹੈ।

ਡਾਕਟਰ ਤਨੁਜ ਦਾ ਕਹਿਣਾ ਹੈ ਕਿ ਜੇਕਰ ਯੂਟੀਆਈ ਦੇ ਕੋਈ ਲੱਛਣ ਦਿਖਾਈ ਦੇਣ ਤਾਂ ਔਰਤਾਂ ਨੂੰ ਗਾਇਨੀਕੋਲੋਜਿਸਟ ਕੋਲ ਜਾਣਾ ਚਾਹੀਦਾ ਹੈ। ਉਹ ਜੇਕਰ ਸਲਾਹ ਦੇਵੇ ਤਾਂ ਹੀ ਕਿਸੇ ਹੋਰ ਡਾਕਟਰ ਕੋਲ ਜਾਓ।

ਬਜ਼ੁਰਗਾਂ ਨੂੰ ਤੰਗ ਕਰਦਾ ਹੈ ਯੂਟੀਆਈ

ਜੈਨੀਫਰ ਰੌਨ ਦਾ ਕਹਿਣਾ ਹੈ ਕਿ ਯੂਟੀਆਈ ਹਰ ਸਾਲ ਲਗਭਗ ਡੇਢ ਕਰੋੜ ਲੋਕਾਂ ਨੂੰ ਸੰਕਰਮਿਤ ਕਰਦਾ ਹੈ। ਉਹ ਕਹਿੰਦੀ ਹੈ ਕਿ ਇਹ ਪੁਰਸ਼ ਬਜ਼ੁਰਗਾਂ ਵਿੱਚ ਜ਼ਿਆਦਾਤਰ ਦੇਖਿਆ ਜਾਂਦਾ ਹੈ।

ਉਹ ਕਹਿੰਦੀ ਹੈ, "ਵਧਦੀ ਉਮਰ ਦੇ ਨਾਲ, ਜਲਨ, ਬੁਖਾਰ, ਹੇਠਲੇ ਹਿੱਸੇ ਵਿੱਚ ਦਰਦ, ਪਿਸ਼ਾਬ ਵਿੱਚ ਬਦਬੂ ਆਮ ਤੌਰ 'ਤੇ ਇਸ ਦੇ ਲੱਛਣਾਂ ਦੇਖਣ ਨੂੰ ਮਿਲਦੇ ਹਨ।"

ਡਾਕਟਰ ਤਨੁਜ ਇਸ ਦਾ ਕਾਰਨ ਦੱਸਦੀ ਹੈ, "ਜੇਕਰ ਪੁਰਸ਼ਾਂ ਦੀ ਪ੍ਰੋਸਟੇਟ ਗਲੈਂਡ ਦਾ ਆਕਾਰ ਵਧ ਜਾਂਦਾ ਹੈ, ਤਾਂ ਪਿਸ਼ਾਬ ਬਲੈਡਰ 'ਤੇ ਦਬਾਅ ਪੈਂਦਾ ਹੈ। ਇਸ ਨਾਲ ਬਲੈਡਰ ਤੋਂ ਪਿਸ਼ਾਬ ਨਿਕਲਣਾ ਘੱਟ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਇੱਕ ਉਨ੍ਹਾਂ ਨੂੰ ਯੂਟੀਆਈ ਹੋਣ ਦੀ ਸੰਭਾਵਨਾ ਹੈ।"

ਉਹ ਕਹਿੰਦੀ ਹੈ, "ਔਰਤਾਂ ਦੇ ਮੁਕਾਬਲੇ ਮਰਦਾਂ ਵਿੱਚ ਯੂਟੀਆਈ ਜ਼ਿਆਦਾ ਗੰਭੀਰ ਹੁੰਦਾ ਹੈ। ਅਜਿਹੇ ਮਰਦਾਂ ਨੂੰ ਹਸਪਤਾਲ ਵਿੱਚ ਭਰਤੀ ਵੀ ਕਰਨਾ ਪੈ ਸਕਦਾ ਹੈ।"

ਬਜ਼ੁਰਗ ਔਰਤਾਂ ਲਈ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵੀ ਲੱਛਣ ਦਿਖਾਈ ਦੇਣ ਤਾਂ ਉਨ੍ਹਾਂ ਨੂੰ ਡਾਕਟਰੀ ਸਲਾਹ ਤੋਂ ਬਿਨਾਂ ਦਵਾਈ ਨਹੀਂ ਲੈਣੀ ਚਾਹੀਦੀ ਅਤੇ ਟੈਸਟ ਜ਼ਰੂਰ ਕਰਵਾਉਣੇ ਚਾਹੀਦੇ ਹਨ।

ਯੂਟੀਆਈ ਤੋਂ ਬਚਾਅ ਲਈ ਕੀ ਕਰਨਾ ਚਾਹੀਦਾ ?

ਡਾਕਟਰ ਤਨੁਜ ਦਾ ਕਹਿਣਾ ਹੈ ਕਿ ਬਿਨਾਂ ਡਾਕਟਰੀ ਸਲਾਹ ਦੇ ਕੋਈ ਵੀ ਐਂਟੀਬਾਇਓਟਿਕ ਨਾ ਖਾਓ। ਇਸ ਦੇ ਨਾਲ ਹੀ, ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ, ਉਹ ਖਾਣ-ਪੀਣ ਵੱਲ ਧਿਆਨ ਦੇਣ ਦੀ ਸਲਾਹ ਦਿੰਦੀ ਹੈ ਅਤੇ ਦੱਸਦੀ ਹੈ ਕਿ ਯੂਟੀਆਈ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ।

  • ਬਹੁਤ ਸਾਰਾ ਪਾਣੀ ਪੀਓ। ਘੱਟੋ-ਘੱਟ ਦੋ ਤੋਂ ਤਿੰਨ ਲੀਟਰ ਪਾਣੀ ਪੀਓ।
  • ਮਰਦਾਂ ਨਾਲ ਸੈਕਸ ਕਰਦੇ ਸਮੇਂ ਕੰਡੋਮ ਦੀ ਵਰਤੋਂ ਕਰਨਾ ਯਕੀਨੀ ਬਣਾਓ।
  • ਜਿਹੜੀਆਂ ਔਰਤਾਂ ਕੰਡੋਮ ਦੀ ਵਰਤੋਂ ਕਰਨ ਵਿੱਚ ਅਸਮਰੱਥ ਹਨ, ਉਨ੍ਹਾਂ ਨੂੰ ਸੈਕਸ ਕਰਨ ਤੋਂ ਤੁਰੰਤ ਬਾਅਦ ਪਿਸ਼ਾਬ ਕਰਨਾ ਚਾਹੀਦਾ ਹੈ ਅਤੇ ਆਪਣੇ ਗੁਪਤ ਅੰਗਾਂ ਨੂੰ ਪਾਣੀ ਨਾਲ ਧੋਣਾ ਚਾਹੀਦਾ ਹੈ।
  • ਯੋਨੀ ਦੇ ਲਈ ਹਾਈਜੀਨ ਉਤਰਾਜ ਇਸਤੇਮਾਲ ਕਰਨਾ ਬੰਦ ਕਰ ਦਿਓ।
  • ਜਨਤਕ ਟਾਇਲਟ ਦੀ ਵਰਤੋਂ ਕਰਨ ਤੋਂ ਪਹਿਲਾਂ, ਟਾਇਲਟ ਸੀਟ ਨੂੰ ਆਮ ਪਾਣੀ ਨਾਲ ਧੋਵੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)