ਔਰਤਾਂ ਵਿਚ ਯੂਟੀਆਈ ਰੋਗ ਦੇ ਕਾਰਨ, ਲੱਛਣ ਅਤੇ ਇਹ ਹਨ ਇਲਾਜ

ਪਿਸ਼ਾਬ ਦੀਆਂ ਸਮੱਸਿਆਵਾਂ ਜਿਵੇਂ ਕਿ ਪਿਸ਼ਾਬ ਦੇ ਵਿੱਚ ਜਲਣ ਹੋਣਾ, ਪਿਸ਼ਾਬ ਦਾ ਵਾਰ-ਵਾਰ ਆਉਣਾ, ਪਿਸ਼ਾਬ ਦਾ ਲੱਗ ਕੇ ਆਉਣਾ ਜਾਂ ਚੰਗੀ ਤਰ੍ਹਾਂ ਖੁੱਲ੍ਹ ਕੇ ਨਾ ਆਉਣਾ ਤਾਂ ਤੁਸੀਂ ਯੁਰੇਨਰੀ ਟਰੈਕਟ ਇਨਫੈਕਸ਼ਨ ਭਾਵ ਯੂਟੀਆਈ ਦਾ ਸ਼ਿਕਾਰ ਹੋ ਸਕਦੇ ਹੋ।

ਇਹ ਸਮੱਸਿਆ ਬਹੁਤ ਹੀ ਆਮ ਹੈ ਅਤੇ ਮਰਦਾਂ ਦੇ ਮੁਕਾਬਲੇ ਔਰਤਾਂ 'ਚ ਵਧੇਰੇ ਵੇਖਣ ਨੂੰ ਮਿਲਦੀ ਹੈ।

ਯੂਟੀਆਈ ਦੇ ਕੀ ਕਾਰਨ ਹਨ ਅਤੇ ਇਸ ਤੋਂ ਕਿਵੇਂ ਨਿਜਾਤ ਪਾਈ ਜਾ ਸਕਦੀ ਹੈ?

ਯੂਟੀਆਈ ਦਾ ਸਭ ਤੋਂ ਵੱਡਾ ਕਾਰਨ ਸਰੀਰ 'ਚ ਪਾਣੀ ਦੀ ਘਾਟ ਜਾਂ ਬਹੁਤ ਘੱਟ ਪਾਣੀ ਪੀਣਾ ਹੈ। ਪਾਣੀ ਘੱਟ ਪੀਣ ਕਰਕੇ ਸਰੀਰ ਡੀਹਾਈਡ੍ਰੇਟ ਹੋ ਜਾਂਦਾ ਹੈ ਅਤੇ ਇਸ ਕਰਕੇ ਹੀ ਪਿਸ਼ਾਬ 'ਚ ਲਾਗ (ਇਨਫੈਕਸ਼ਨ) ਵੱਧ ਜਾਂਦੀ ਹੈ।

ਇਸ ਦਾ ਦੂਜਾ ਕਾਰਨ ਇਹ ਵੀ ਹੈ ਕਿ ਸਮੇਂ-ਸਮੇਂ 'ਤੇ ਪਿਸ਼ਾਬ ਨਾ ਕਰਨਾ ਭਾਵ ਪਿਸ਼ਾਬ ਰੋਕ ਕੇ ਰੱਖਣਾ।

ਆਮ ਤੌਰ 'ਤੇ ਜੋ ਔਰਤਾਂ ਘਰ ਤੋਂ ਬਾਹਰ ਕੰਮਕਾਜ਼ ਕਰਦੀਆਂ ਹਨ ਜਾਂ ਘਰ ਤੋਂ ਬਾਹਰ ਹਨ, ਉਹ ਪਬਲਿਕ ਪਖਾਨਿਆਂ ਨੂੰ ਵਰਤਣ ਤੋਂ ਗੁਰੇਜ਼ ਕਰਦੀਆਂ ਹਨ।

ਉਹ ਇਸ ਲਈ ਕਰਦੀਆਂ ਹਨ ਤਾਂ ਜੋ ਇਨਫੈਕਸ਼ਨ ਤੋਂ ਬਚਿਆ ਜਾ ਸਕੇ ਅਤੇ ਉਹ ਪਿਸ਼ਾਬ ਨੂੰ ਰੋਕ ਕੇ ਰੱਖਦੀਆਂ ਹਨ, ਪਰ ਇਹ ਉਲਟਾ ਕੰਮ ਕਰਦਾ ਹੈ ਅਤੇ ਇਸ ਨਾਲ ਇਨਫੈਕਸ਼ਨ ਵੱਧ ਜਾਂਦੀ ਹੈ। ਕਿਉਂਕਿ ਲਾਗ ਦੇ ਬੈਕਟੀਰੀਆ ਨੂੰ ਪਿਸ਼ਾਬ ਦੀ ਥੈਲੀ (ਬਲੈਡਰ) ਜਾਂ ਪਿਸ਼ਾਬ ਦੇ ਰਸਤੇ ਨਾਲ ਚਿਪਕਣ ਦਾ ਸਮਾਂ ਮਿਲ ਜਾਂਦਾ ਹੈ।

ਤੀਜਾ ਕਾਰਨ ਹੈ ਕਿ ਜਰੂਰ ਪਬਲਿਕ ਪਖਾਨਿਆਂ ਦੀ ਵਰਤੋਂ ਕਰਨਾ। ਅੱਜ ਕੱਲ ਜਿਵੇਂ ਵੇਖਿਆ ਗਿਆ ਹੈ ਕਿ ਪਬਲਿਕ ਪਖਾਨਿਆਂ 'ਚ ਇੰਡੀਅਨ ਟਾਇਲਟ ਦੀ ਬਜਾਏ ਵੈਸਟਰਨ ਟਾਇਲਟ ਹੁੰਦੇ ਹਨ, ਜਿਨ੍ਹਾਂ ਦੇ ਉੱਪਰ ਬੈਠ ਬੈਠ ਕੇ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ਟਾਇਲਟਾਂ ਦੀ ਵਰਤੋਂ ਨਾਲ ਇਨਫੈਕਸ਼ਨ ਬਹੁਤ ਜਲਦੀ ਵੱਧਦੀ ਹੈ।

ਇਸ ਲਈ ਇਹ ਸਭ ਤੋਂ ਆਮ ਕਾਰਨ ਹਨ, ਜਿੰਨ੍ਹਾਂ ਕਰਕੇ ਔਰਤਾਂ 'ਚ ਪਿਸ਼ਾਬ ਦੀ ਲਾਗ ਵੱਧ ਜਾਂਦੀ ਹੈ।

ਬੀਬੀਸੀ ਨਿਊਜ਼ ਪੰਜਾਬੀ ਔਰਤਾਂ ਦੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਇੱਕ 'ਹੈਲਥ ਸੀਰੀਜ਼' ਤੁਹਾਡੀ ਸਿਹਤ ਸਾਡੀ ਸੇਧ' ਲੈ ਕੇ ਆਇਆ ਹੈ। ਜਿਸ ਰਾਹੀਂ ਤੁਹਾਨੂੰ ਹਰ ਹਫ਼ਤੇ ਔਰਤਾਂ ਦੀ ਸਿਹਤ ਨਾਲ ਜੁੜੇ ਕਿਸੇ ਨਾ ਕਿਸੇ ਮੁੱਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਪ੍ਰੋਡਿਊਸਰ- ਪ੍ਰਿਅੰਕਾ ਧੀਮਾਨ

ਯੂਟੀਆਈ ਦੀ ਸਮੱਸਿਆ ਕਿਸ ਉਮਰ 'ਚ ਹੋ ਸਕਦੀ ਹੈ ?

ਵੈਸੇ ਤਾਂ ਔਰਤਾਂ ਵਿੱਚ ਹਰ ਉਮਰ ਵਿੱਚ ਯੂਟੀਆਈ ਹੋ ਸਕਦੀ ਹੈ। ਪਰ ਜ਼ਿਆਦਾਤਰ ਵੱਡੀ ਉਮਰ ਦੀਆਂ ਔਰਤਾਂ 'ਚ ਇਹ ਇਨਫੈਕਸ਼ਨ ਵੇਖੀ ਗਈ ਹੈ, ਭਾਵ ਮੀਨੋਪੌਜ਼ ਤੋਂ ਬਾਅਦ।

ਇਸਦਾ ਕਾਰਨ ਹੈ ਕਿ ਉਨ੍ਹਾਂ ਦੇ ਪੀਰੀਅਡਜ਼ ਬੰਦ ਹੋ ਜਾਣ ਤੋਂ ਬਾਅਦ ਸਰੀਰ ਦੇ ਹਾਰਮੋਨਜ਼ ਬਦਲ ਜਾਂਦੇ ਹਨ ਅਤੇ ਸਰੀਰ ਦੇ ਟਿਸ਼ੂਆਂ 'ਚ ਇਮੀਊਨਿਟੀ ਘੱਟ ਜਾਂਦੀ ਹੈ ਅਤੇ ਸਹੀ ਸਮੇਂ 'ਤੇ ਸਰੀਰ ਕਿਸੇ ਵੀ ਤਰ੍ਹਾਂ ਦੀ ਲਾਗ ਨੂੰ ਖ਼ਤਮ ਕਰਨ 'ਚ ਅਸਮਰੱਥ ਹੋ ਜਾਂਦਾ ਹੈ ਅਤੇ ਲਾਗ ਲਗਾਤਾਰ ਵਧਦੀ ਜਾਂਦੀ ਹੈ।

ਯੂਟੀਆਈ ਲਈ ਜ਼ਿੰਮੇਵਾਰ ਹੋਰ ਕਈ ਬਿਮਾਰੀਆਂ

ਇਸ ਤੋਂ ਇਲਾਵਾ ਹੋਰ ਕਈ ਬਿਮਾਰੀਆਂ ਹਨ, ਜਿੰਨ੍ਹਾਂ ਦੇ ਕਾਰਨ ਯੂਟੀਆਈ ਦੀ ਸੰਭਾਵਨਾ ਵੱਧ ਜਾਂਦੀ ਹੈ, ਜਿਵੇਂ ਕਿ ਡਾਇਬਿਟੀਜ਼ ।

ਡਾਇਬਿਟੀਜ਼ ਯੂਟੀਆਈ ਦਾ ਬਹੁਤ ਵੱਡਾ ਕਾਰਨ ਹੈ, ਕਿਉਂਕਿ ਇਸ 'ਚ ਇੱਕ ਵਾਰ ਨਹੀਂ ਬਲਕਿ ਵਾਰ-ਵਾਰ ਪਿਸ਼ਾਬ ਦੀ ਲਾਗ ਲੱਗ ਸਕਦੀ ਹੈ।

ਇਸ ਤੋਂ ਇਲਾਵਾ ਕਿਡਨੀ ਜਾਂ ਪਿਸ਼ਾਬ ਦੇ ਰਸਤੇ 'ਚ ਪੱਥਰੀ ਦਾ ਹੋਣਾ ਵੀ ਯੂਟੀਆਈ ਦਾ ਕਾਰਨ ਬਣਦਾ ਹੈ। ਪੱਥਰੀ ਦੇ ਕਰਕੇ ਪਿਸ਼ਾਬ ਦਾ ਚੱਲਣਾ ਜਾਂ ਵਹਾਅ ਬਹੁਤ ਹੌਲੀ ਹੋ ਜਾਂਦਾ ਹੈ ਅਤੇ ਇਨਫੈਕਸ਼ਨ ਨੂੰ ਵੱਧਣ ਦਾ ਮੌਕਾ ਮਿਲ ਜਾਂਦਾ ਹੈ।

ਇਸ ਲਈ ਗੁਰਦੇ ਦੀ ਪੱਥਰੀ ਨੂੰ ਪਿਸ਼ਾਬ ਦੇ ਰਸਤੇ ਦੀ ਇਨਫੈਕਸ਼ਨ ਦੇ ਵਾਰ-ਵਾਰ ਹੋਣ ਦਾ ਇੱਕ ਪ੍ਰਮੁੱਖ ਕਾਰਨ ਮੰਨਿਆ ਗਿਆ ਹੈ ।

ਇਸ ਤੋਂ ਇਲਾਵਾ ਕਈ ਵਾਰ ਜਦੋਂ ਅਪ੍ਰੇਸ਼ਨ ਹੁੰਦਾ ਹੈ ਤਾਂ ਮਰੀਜ਼ ਨੂੰ ਕੈਥੇਟਰ (ਪਿਸ਼ਾਬ ਦੀ ਨਲੀ) ਲਗਾਇਆ ਜਾਂਦਾ ਹੈ। ਪਿਸ਼ਾਬ ਦੀ ਨਲੀ ਵੀ ਲਾਗ ਦਾ ਇੱਕ ਵੱਡਾ ਸਰੋਤ ਹੈ। ਜਦੋਂ ਕਈ ਵਾਰ ਨਹੀਂ ਜ਼ਿਆਦਾ ਦੇਰ ਲਗਾ ਕੇ ਰੱਖੀ ਜਾਂਦੀ ਹੈ ਤਾਂ ਉਸ ਦੇ ਨਾਲ ਵੀ ਪਿਸ਼ਾਬ ਦੀ ਲਾਗ ਫੈਲਦੀ ਹੈ।

ਯੂਟੀਆਈ ਦੇ ਲੱਛਣ

ਕਈ ਮਰੀਜ਼ ਸ਼ਿਕਾਇਤ ਕਰਦੇ ਹਨ ਕਿ ਕਈ ਵਾਰ ਪਿਸ਼ਾਬ ਕਰਨ ਮੌਕੇ ਢਿੱਡ ਦੇ ਹੇਠਲੇ ਹਿੱਸੇ 'ਚ ਬਹੁਤ ਤੇਜ਼ ਦਰਦ ਮਹਿਸੂਸ ਹੁੰਦਾ ਹੈ ਜਾਂ ਪਿਸ਼ਾਬ ਲੱਗ ਕੇ ਆਉਂਦਾ ਹੈ ਜਾਂ ਜਲਣ ਕਰਦਾ ਹੈ।

ਇਸ ਤੋਂ ਇਲਾਵਾ ਯੂਟੀਆਈ ਦੇ ਹੋਰ ਵੀ ਕਈ ਲੱਛਣ ਹੁੰਦੇ ਹਨ, ਜਿਵੇਂ ਕਿ ਕਈ ਔਰਤਾਂ ਨੂੰ ਲੱਕ 'ਚ ਹਮੇਸ਼ਾ ਦਰਦ ਰਹਿੰਦਾ ਹੈ, ਢਿੱਡ ਦੇ ਹੇਠਲੇ ਹਿੱਸੇ 'ਚ ਮਿੱਠਾ-ਮਿੱਠਾ (Mild) ਜਿਹਾ ਦਰਦ ਰਹਿੰਦਾ ਹੈ। ਕਈ ਵਾਰ ਤਾਂ ਪਿਸ਼ਾਬ 'ਚ ਖੂਨ ਵੀ ਆਉਂਦਾ ਹੈ। ਜੇਕਰ ਯੂਟੀਆਈ ਦਾ ਪੱਧਰ ਵੱਧ ਜਾਵੇ ਤਾਂ ਮਰੀਜ਼ ਨੂੰ ਬੁਖਾਰ ਵੀ ਹੋ ਸਕਦਾ ਹੈ।

ਯੂਟੀਆਈ ਦੀ ਪਛਾਣ ਕਿਵੇਂ ਕੀਤੀ ਜਾਵੇ ?

ਯੂਟੀਆਈ ਦਾ ਪਤਾ ਲਗਾਉਣ ਲਈ ਬਹੁਤ ਹੀ ਸਧਾਰਨ ਟੈਸਟ ਮਾਰਕਿਟ 'ਚ ਉਪਲਬੱਧ ਹਨ।

ਇੰਨ੍ਹਾਂ ਟੈਸਟਾਂ ਨੂੰ ਯੁਰੇਨ ਰੂਟੀਨ ਅਤੇ ਯੂਰੇਨ ਕਲਚਰ ਕਿਹਾ ਜਾਂਦਾ ਹੈ।

ਇਹ ਟੈਸਟ ਹਰ ਲੈਬ 'ਚ ਕੀਤੇ ਜਾਂਦੇ ਹਨ ਅਤੇ ਹਰ ਲੈਬ 'ਚ ਆਸਾਨੀ ਨਾਲ ਮਿਲ ਜਾਂਦੇ ਹਨ।

ਟੈਸਟ ਲਈ ਸੈਂਪਲ ਕਿਵੇਂ ਦਿੱਤਾ ਜਾਵੇ ?

ਇੰਨ੍ਹਾਂ ਟੈਸਟਾਂ ਲਈ ਆਪਣੇ ਪਿਸ਼ਾਬ ਦਾ ਸੈਂਪਲ ਦੇਣ ਲਈ ਸਭ ਤੋਂ ਢੁਕਵਾਂ ਤਰੀਕਾ ਅਪਣਾਉਣਾ ਚਾਹੀਦਾ ਹੈ।

ਯੂਟੀਆਈ ਦਾ ਟੈਸਟ ਕਰਵਾਉਣ ਲਈ ਤੁਹਾਨੂੰ ਸਵੇਰ ਜਾਂ ਦਿਨ ਦਾ ਸਭ ਤੋਂ ਪਹਿਲਾ ਪਿਸ਼ਾਬ ਸੈਂਪਲ ਵੱਜੋਂ ਦੇਣਾ ਚਾਹੀਦਾ ਹੈ। ਪਿਸ਼ਾਬ ਦੇ ਸੈਂਪਲ ਨੂੰ ਜਿਸ ਕੰਨਟੇਨਰ ਜਾਂ ਡੱਬੇ 'ਚ ਪਾਉਣਾ ਹੈ ਉਹ ਕੰਨਟੇਨਰ ਲੈਬ ਤੋਂ ਹੀ ਲੈਣਾ ਚਾਹੀਦਾ ਹੈ ਨਾ ਕਿ ਘਰ 'ਚੋਂ ਕਿਸੇ ਡੱਬੇ ਨੂੰ ਸਾਫ ਕਰਕੇ ਵਰਤਿਆ ਜਾਵੇ।

ਇਲਾਜ ਤੋਂ ਬਿਹਤਰ ਪ੍ਰਹੇਜ਼

  • ਪੂਰੇ ਦਿਨ ਥੋੜੇ-ਥੋੜੇ ਸਮੇਂ ਬਾਅਦ ਪਾਣੀ ਜਰੂਰ ਪੀਂਦੇ ਰਹੋ
  • ਹੋ ਸਕੇ ਤਾਂ ਹਰ ਘੰਟੇ 'ਚ 1 ਗਿਲਾਸ ਪਾਣੀ ਦਾ ਜਰੂਰ ਪੀਓ
  • ਆਪਣੇ ਪਿਸ਼ਾਬ ਨੂੰ ਵਧੇਰੇ ਸਮੇਂ ਤੱਕ ਰੋਕ ਕੇ ਨਾ ਰੱਖੋ, ਤਾਂ ਜੋ ਲਾਗ ਨੂੰ ਫ਼ੈਲਣ ਦਾ ਸਮਾਂ ਹੀ ਨਾ ਮਿਲੇ।
  • ਜਨਤਕ ਪਖਾਨਿਆਂ ਨੂੰ ਘੱਟ ਤੋਂ ਘੱਟ ਇਸਤੇਮਾਲ ਕਰੋ। ਇੰਡੀਅਨ ਟਾਇਲਟ ਨੂੰ ਤਰਜੀਹ ਦੇਵੋ
  • ਔਰਤਾਂ ਨੂੰ ਆਪਣੀ ਨਿੱਜੀ ਸਾਫ਼-ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ

ਪਿਸ਼ਾਬ ਦਾ ਸੈਂਪਲ ਪਾਉਣ ਤੋਂ ਪਹਿਲਾਂ ਉਸ ਕੰਨਟੇਨਰ ਨੂੰ ਸੁਖਾ ਲੈਣਾ ਹੈ ਅਤੇ ਆਪਣੇ ਹੱਥ ਵੀ ਸਾਫ ਕਰਨੇ ਹਨ।

ਪਿਸ਼ਾਬ ਦਾ ਸੈਂਪਲ ਦੇਣ ਲੱਗਿਆ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਪਿਸ਼ਾਬ ਕਰਨ ਮੌਕੇ ਪਹਿਲਾਂ ਥੋੜ੍ਹਾ ਜਿਹਾ ਪਿਸ਼ਾਬ ਵਹਾ ਦਿਓ ਅਤੇ ਅੱਧ ਵਿਚਕਾਰ ਤੋਂ ਸੈਂਪਲ ਭਰੋ।

ਸੈਂਪਲ ਲਈ ਵਰਤੇ ਜਾ ਰਹੇ ਕੰਨਟੇਨਰ ਜਾਂ ਡੱਬੀ ਨੂੰ ਉਸ ਦੇ ਮੂੰਹ ਤੋਂ ਨਾ ਫੜੋ ਤਾਂ ਜੋ ਤੁਹਾਡੇ ਹੱਥਾਂ ਰਾਹੀਂ ਇਨਫੈਕਸ਼ਨ ਕੰਨਟਨੇਰ ਵਿੱਚ ਨਾ ਜਾ ਸਕੇ।ਹੀਗਲਾ

ਯੂਟੀਆਈ ਦਾ ਇਲਾਜ

ਯੂਟੀਆਈ ਦਾ ਇਲਾਜ ਬਹੁਤ ਹੀ ਆਸਾਨ ਹੈ, ਪਰ ਇਹ ਉਦੋਂ ਹੀ ਸੰਭਵ ਹੈ ਜੇਕਰ ਅਸੀਂ ਸਮੇਂ ਸਿਰ ਇਸ ਦੇ ਲੱਛਣਾਂ ਨੂੰ ਪਛਾਣ ਕੇ ਇਸ ਦੇ ਮਾਹਰ ਡਾਕਟਰ ਨਾਲ ਸੰਪਰਕ ਕਾਇਮ ਕਰੀਏ ਤਾਂ ਜੋ ਸਮਾਂ ਰਹਿੰਦਿਆਂ ਇਸ ਦਾ ਇਲਾਜ ਸ਼ੁਰੂ ਕੀਤਾ ਜਾ ਸਕੇ।

ਯੂਟੀਆਈ ਦੇ ਇਲਾਜ 'ਚ ਕੁਝ ਐਂਟੀਬਾਇਓਟਿਕਸ ਦੀ ਵਰਤੋਂ ਕੀਤੀ ਜਾਂਦੀ ਹੈ। ਐਂਟੀਬਾਇਓਟਿਕਸ ਰਾਹੀਂ ਇਲਾਜ ਕਰਨ ਦਾ ਸਮਾਂ 5 ਤੋਂ 7 ਦਿਨਾਂ ਦਾ ਹੁੰਦਾ ਹੈ ਅਤੇ ਬਾਕੀ ਤੁਹਾਡੇ ਲੱਛਣਾਂ ਦੇ ਅਨੁਸਾਰ ਹੀ ਇਲਾਜ ਕੀਤਾ ਜਾਂਦਾ ਹੈ।

ਤੁਹਾਨੂੰ ਯੂਟੀਆਈ ਕਿਉਂ ਹੋਈ ?

ਇਹ ਜਾਣਨਾ ਬਹੁਤ ਜਰੂਰੀ ਹੁੰਦਾ ਹੈ ਕਿ ਤੁਹਾਨੂੰ ਪਿਸ਼ਾਬ ਦੀ ਇਨਫੈਕਸ਼ਨ ਕਿਉਂ ਹੋਈ ਹੈ ਅਤੇ ਇਸ ਦਾ ਕੀ ਕਾਰਨ ਹੈ। ਇਹ ਜਾਣਨਾ ਇਸ ਲਈ ਵੀ ਜਰੂਰੀ ਹੈ ਕਿ ਤੁਹਾਨੂੰ ਵਾਰ-ਵਾਰ ਪਿਸ਼ਾਬ ਦੀ ਲਾਗ ਨਾ ਲੱਗੇ ਅਤੇ ਭਵਿੱਖ 'ਚ ਵੀ ਇਸ ਤੋਂ ਬਚਿਆ ਜਾ ਸਕੇ। ਇਸ ਲਈ ਸ਼ੂਗਰ ਦਾ ਇਲਾਜ , ਕਿਡਨੀ ਸਟੋਨ ਬਾਰੇ ਡਾਕਟਰ ਤੁਹਾਨੂੰ ਸਵਾਲ ਪੁੱਛ ਸਕਦੇ ਹਨ।

ਪਿਸ਼ਾਬ ਦੀ ਇਨਫੈਕਸ਼ਨ ਤੋਂ ਕਿਵੇਂ ਬਚਿਆ ਜਾ ਸਕਦਾ ਹੈ ?

ਔਰਤਾਂ ਪਿਸ਼ਾਬ ਦੀ ਲਾਗ ਤੋਂ ਕਿਵੇਂ ਬੱਚ ਸਕਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਵਾਰ-ਵਾਰ ਇਨਫੈਕਸ਼ਨ ਦਾ ਸਾਹਮਣਾ ਨਾ ਕਰਨਾ ਪਵੇ।

1. ਸਭ ਤੋਂ ਮਹੱਤਵਪੂਰਨ ਇਹ ਹੈ ਕਿ ਪੂਰੇ ਦਿਨ 'ਚ ਪਾਣੀ ਦੀ ਮਾਤਰਾ ਚੰਗੀ ਰੱਖੋ। ਥੋੜੇ-ਥੋੜੇ ਸਮੇਂ ਬਾਅਦ ਪਾਣੀ ਜਰੂਰ ਪੀਂਦੇ ਰਹੋ। ਹੋ ਸਕੇ ਤਾਂ ਹਰ ਘੰਟੇ 'ਚ 1 ਗਿਲਾਸ ਪਾਣੀ ਦਾ ਜਰੂਰ ਪਿਓ।

2. ਆਪਣੇ ਪਿਸ਼ਾਬ ਨੂੰ ਵਧੇਰੇ ਸਮੇਂ ਤੱਕ ਰੋਕ ਕੇ ਨਾ ਰੱਖੋ। ਕੁਝ-ਕੁਝ ਸਮੇਂ ਬਾਅਦ ਪਿਸ਼ਾਬ ਜਰੂਰ ਕਰੋ ਤਾਂ ਜੋ ਲਾਗ ਨੂੰ ਫ਼ੈਲਣ ਦਾ ਸਮਾਂ ਹੀ ਨਾ ਮਿਲੇ।

3. ਤੀਜੀ ਗੱਲ ਇਹ ਹੈ ਜਨਤਕ ਪਖਾਨਿਆਂ ਨੂੰ ਘੱਟ ਤੋਂ ਘੱਟ ਇਸਤੇਮਾਲ ਕਰੋ। ਜੇਕਰ ਜਨਤਕ ਪਖਾਨਿਆਂ ਦੀ ਵਰਤੋਂ ਕਰਨੀ ਵੀ ਪੈ ਜਾਵੇ ਤਾਂ ਇੰਡੀਅਨ ਟਾਇਲਟ ਨੂੰ ਤਰਜੀਹ ਦੇਵੋ, ਕਿਉਂਕਿ ਉਨ੍ਹਾਂ 'ਚ ਇਨਫੈਕਸ਼ਨ ਦੀ ਬਹੁਤ ਘੱਟ ਸੰਭਾਵਨਾ ਹੁੰਦੀ ਹੈ।

ਜੇਕਰ ਵੈਸਟਰਨ ਟਾਇਲਟ ਦੀ ਵਰਤੋਂ ਕਰਨੀ ਪਵੇ ਤਾਂ ਉਸ ਨੂੰ ਪਹਿਲਾਂ ਸੈਨੀਟਾਈਜ਼ ਕਰ ਲਵੋ ਜਾਂ ਫਿਰ ਟਾਇਲਟ ਸੀਟ ਕਵਰ ਦੀ ਵਰਤੋਂ ਜਰੂਰ ਕਰੋ। ਇਸ ਤਰ੍ਹਾਂ ਵੀ ਤੁਸੀਂ ਯੂਟੀਆਈ ਦੀ ਸੰਭਾਵਨਾ ਘਟਾ ਸਕਦੇ ਹੋ।

4. ਚੌਥੀ ਚੀਜ਼ ਹੈ ਕਿ ਔਰਤਾਂ ਨੂੰ ਆਪਣੀ ਨਿੱਜੀ ਸਾਫ਼-ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ। ਕਈ ਵਾਰ ਔਰਤਾਂ ਨੂੰ ਗੰਦੇ ਪਾਣੀ ਦੀ ਸ਼ਿਕਾਇਤ ਹੁੰਦੀ ਹੈ, ਉਸ ਕਾਰਨ ਵੀ ਯੂਟੀਆਈ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਪਰਸਨਲ ਹਾਈਜ਼ੀਨ ਸਹੀ ਰੱਖ ਕੇ ਵੀ ਯੂਟੀਆਈ ਦੀ ਸੰਭਾਵਨਾ ਨੂੰ ਘਟਾਇਆ ਜਾ ਸਕਦਾ ਹੈ।

ਹੇਠਾਂ ਦੀ ਸਾਫ਼-ਸਫ਼ਾਈ ਲਈ ਇਹ ਜਰੂਰੀ ਨਹੀਂ ਹੈ ਕਿ ਅਸੀਂ ਉਸ ਨੂੰ ਵਾਰ-ਵਾਰ ਪਾਣੀ ਜਾਂ ਸਾਬਣ ਨਾਲ ਧੋਂਦੇ ਹੀ ਰਹੀਏ, ਕਿਉਂਕਿ ਅੱਜ ਕੱਲ ਜੋ ਮਾਰਕਿਟ 'ਚ ਵਜਾਈਨਲ ਵਾਸ਼ਿਸ਼ ( Vaginal Washes) ਮਿਲਦੇ ਹਨ, ਉਨ੍ਹਾਂ 'ਚ ਬਹੁਤ ਸਖ਼ਤ ਰਸਾਇਣ ਹੁੰਦੇ ਹਨ, ਇਸ ਲਈ ਉਨ੍ਹਾਂ ਦੀ ਵਧੇਰੇ ਵਰਤੋਂ ਦੀ ਸਲਾਹ ਨਹੀਂ ਦਿੱਤੀ ਜਾ ਸਕਦੀ ਹੈ।

ਇਸ ਲਈ ਸਧਾਰਨ ਪਾਣੀ ਨਾਲ ਆਪਣੇ-ਆਪ ਨੂੰ ਸਾਫ਼ ਕਰੋ ਅਤੇ ਬਾਕੀ ਦਾ ਦਿਨ ਉਸ ਨੂੰ ਸੁੱਕਾ ਰੱਖੋ। ਯੋਨੀ ਨੂੰ ਵਧੇਰੇ ਗਿੱਲਾ ਰੱਖਣ ਨਾਲ ਵੀ ਯੂਟੀਆਈ ਦੀ ਸੰਭਾਵਨਾ ਵੱਧਦੀ ਹੈ।

ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕੋਈ ਰਿਸਕ ਫੈਕਟਰ ਹੈ, ਜਿਵੇਂ ਕਿ ਡਾਇਬਿਟੀਜ਼ ਜਾਂ ਕਿਡਨੀ ਸਟੋਨ ਹੈ ਜਾਂ ਫਿਰ ਤੁਸੀਂ ਆਪਣੇ ਮੀਨੋਪੋਜ਼ ਦੇ ਪੜਾਅ 'ਚ ਪਹੁੰਚ ਚੁੱਕੇ ਹੋ ਤਾਂ ਉਸ ਸਮੇਂ ਇਨਫੈਕਸ਼ਨ ਤੋਂ ਬਚਣ ਲਈ ਵੱਧ ਤੋਂ ਵੱਧ ਸਾਵਧਾਨੀ ਵਰਤੋਂ ਜਿਵੇਂ ਕਿ ਸ਼ੂਗਰ ਕੰਟਰੋਲ 'ਚ ਰੱਖਣਾ।

ਸ਼ੂਗਰ ਦੇ ਪੱਧਰ ਨੂੰ ਕੰਟਰੋਲ ਵਿੱਚ ਰੱਖਣਾ ਬਹੁਤ ਜਰੂਰੀ ਹੁੰਦਾ ਹੈ, ਕਿਉਂਕਿ ਜਿੰਨੀ ਸ਼ੂਗਰ ਕੰਟਰੋਲ 'ਚ ਰਹੇਗੀ, ਉਨ੍ਹਾਂ ਹੀ ਅਸੀਂ ਇਨਫੈਕਸ਼ਨ ਤੋਂ ਬਚੇ ਰਹਾਂਗੇ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)