ਜੇ ਉਮਰ ਤੋਂ ਪਹਿਲਾਂ ਪੀਰੀਅਡਜ਼ ਆ ਜਾਣ ਤਾਂ ਕੀ ਫਿਕਰ ਕਰਨੀ ਚਾਹੀਦੀ ਹੈ, ਡਾਕਟਰ ਦੀ ਸੁਣੋ

ਬਹੁਤ ਸਾਰੀਆਂ ਕੁੜੀਆਂ ਕਈ ਵਾਰ ਪੀਰੀਅਡਜ਼ ਸਮੇਂ ਤੋਂ ਪਹਿਲਾਂ, ਸਮੇਂ ਤੋਂ ਬਾਅਦ ਤੇ ਕਈ ਵਾਰ ਤਾਂ ਮਹੀਨੇ ਵਿੱਚ ਦੋ ਵਾਰ ਆਉਣ ਦੀ ਸਮੱਸਿਆ ਦੇ ਨਾਲ ਜੂਝਦੀਆਂ ਹਨ।

ਪਰ ਕੀ ਸਮੇਂ ਸਿਰ ਪੀਰੀਅਡਜ਼ ਨਾ ਆਉਣ ਵੀ ਕੋਈ ਬਿਮਾਰੀ ਹੈ ਤੇ ਅਨਿਯਮਿਤ ਜਾਂ ਇਰਰੈਗੂਲਰ ਪੀਰੀਅਡਜ਼ ਹੁੰਦੇ ਕੀ ਹਨ ਤੇ ਇਹ ਤੁਹਾਡੀ ਸਿਹਤ ਨੂੰ ਕਿਵੇਂ ਅਸਰ ਪਾਉਂਦੇ ਹਨ।

ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਡਾ. ਸ਼ਿਵਾਨੀ ਗਰਗ ਇਸ ਲੇਖ ਵਿੱਚ ਦੇ ਰਹੇ ਹਨ, ਜੋ ਕਿ ਇਸਤਰੀ ਰੋਗ ਮਾਹਰ ਹਨ।

ਬੀਬੀਸੀ ਨਿਊਜ਼ ਪੰਜਾਬੀ ਔਰਤਾਂ ਦੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਇੱਕ 'ਹੈਲਥ ਸੀਰੀਜ਼' ਤੁਹਾਡੀ ਸਿਹਤ ਸਾਡੀ ਸੇਧ' ਲੈ ਕੇ ਆਇਆ ਹੈ। ਜਿਸ ਰਾਹੀਂ ਤੁਹਾਨੂੰ ਹਰ ਹਫ਼ਤੇ ਔਰਤਾਂ ਦੀ ਸਿਹਤ ਨਾਲ ਜੁੜੇ ਕਿਸੇ ਨਾ ਕਿਸੇ ਮੁੱਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਕੀ ਹੁੰਦੇ ਹਨ ਨਿਯਮਤ ਪੀਰੀਅਡਜ਼

ਰੈਗੂਲਰ ਜਾਂ ਨਿਯਮਿਤ ਪੀਰੀਅਡ ਉਹ ਹੁੰਦੇ ਹਨ ਜੋ ਕਿ 21-35 ਦਿਨਾਂ ਬਾਅਦ ਆਉਂਦੇ ਹਨ।

ਜੇਕਰ ਤੁਹਾਡੇ ਪੀਰੀਅਡਜ਼ 21 ਦਿਨ ਤੋਂ ਪਹਿਲਾਂ ਜਾਂ 35 ਦਿਨਾਂ ਤੋਂ ਬਾਅਦ ਆ ਰਹੇ ਹਨ ਤਾਂ ਉਹ ਪੀਰੀਅਡਜ਼ ਅਨਿਯਮਿਤ ਜਾਂ ਇਰਰੈਗੂਲਰ ਹੁੰਦੇ ਹਨ।

ਜੇਕਰ ਪੀਰੀਅਡ 3-7 ਦਿਨਾਂ ਤੱਕ ਚੱਲਣ ਤਾਂ ਉਹ ਰੈਗੂਲਰ ਮੰਨੇ ਜਾਂਦੇ ਹਨ, ਪਰ ਜੇਕਰ ਪੀਰੀਅਡਜ਼ 3 ਦਿਨਾਂ ਤੋਂ ਘੱਟ ਜਾਂ 7 ਦਿਨਾਂ ਤੋਂ ਵੱਧ ਆਉਂਦੇ ਹਨ ਤਾਂ ਉਹ ਅਨਿਯਮਿਤ ਮੰਨੇ ਜਾਂਦੇ ਹਨ।

ਪੀਰੀਅਡ ਦੌਰਾਨ ਮਾਈਲਡ ਟੂ ਮੌਡਰੇਟ ਬਲੀਡਿੰਗ ਹੋ ਸਕਦੀ ਹੈ। ਭਾਵ ਜੇਕਰ ਤੁਸੀਂ 2 ਤੋਂ 4 ਸੈਨੇਟਰੀ ਪੈਡ ਪੂਰੇ ਦਿਨ 'ਚ ਵਰਤ ਰਹੇ ਹੋ ਤਾਂ ਉਹ ਰੈਗੂਲਰ ਪੀਰੀਅਡਜ਼ ਹਨ।

ਪਰ ਜੇਕਰ ਤੁਸੀਂ ਪੂਰੇ ਦਿਨ ਵਿੱਚ ਸਿਰਫ ਇੱਕ ਪੈਡ ਵਰਤ ਰਹੇ ਹੋ ਜਾਂ ਇੰਨੇ ਜ਼ਿਆਦਾ ਪੈਡ ਵਰਤ ਰਹੇ ਹੋ ਕਿ ਤੁਹਾਡਾ ਖੂਨ ਘੱਟ ਰਿਹਾ ਹੈ ਤਾਂ ਅਨਿਯਮਿਤ ਪੀਰੀਅਡ ਹੁੰਦੇ ਹਨ।

ਪੀਰੀਅਡਜ਼ ਦੌਰਾਨ ਹੁੰਦੀ ਦਰਦ

ਪੀਰੀਅਡਜ਼ ਵਾਲੇ ਦਿਨਾਂ 'ਚ ਥੋੜ੍ਹਾ-ਬਹੁਤ ਦਰਦ ਹੋਣਾ ਆਮ ਗੱਲ ਹੈ।

ਪਰ ਜੇਕਰ ਦਰਦ ਬਹੁਤ ਜ਼ਿਆਦਾ ਹੋ ਰਿਹਾ ਹੈ ਅਤੇ ਤੁਹਾਨੂੰ ਦਵਾਈਆਂ ਦੀ ਲੋੜ ਪੈ ਰਹੀ ਹੈ ਜਾਂ ਟੀਕੇ ਵੀ ਲਗਵਾਉਣੇ ਪੈ ਰਹੇ ਹਨ ਅਤੇ ਦਰਦ ਦੇ ਕਾਰਨ ਤੁਹਾਨੂੰ ਆਪਣੇ ਕੰਮ ਤੋਂ ਵੀ ਛੁੱਟੀ ਲੈਣੀ ਪੈ ਰਹੀ ਹੈ ਤਾਂ ਇਹ ਬਿਲਕੁਲ ਵੀ ਠੀਕ ਨਹੀਂ ਹੈ।

ਇਹ ਅਨਿਯਮਿਤ ਮਾਹਵਾਰੀ ਦੀਆਂ ਨਿਸ਼ਾਨੀਆਂ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਛੋਟੀ ਉਮਰ ਵਿੱਚ ਪੀਰੀਅਡਜ਼ ਆਉਣਾ

ਅੱਜ-ਕੱਲ੍ਹ 8 ਤੋਂ 9 ਸਾਲ ਦੀਆਂ ਕੁੜੀਆਂ ਨੂੰ ਪੀਰੀਅਡਜ਼ ਸ਼ੂਰੂ ਹੋ ਜਾਂਦੇ ਹਨ ਅਤੇ ਇਸ ਦੇ ਪਿੱਛੇ ਮੁੱਖ ਕਾਰਨ ਸਾਡਾ ਵਾਤਾਵਰਣ ਅਤੇ ਬੱਚਿਆਂ ਦਾ ਖਾਣ-ਪੀਣ ਹੈ। ਅੱਜ-ਕੱਲ ਉਹ ਜੰਕ ਫੂਡ ਜਾਂ ਪ੍ਰੋਸੈਸਡ ਫੂਡ ਵਧੇਰੇ ਖਾਂਦੇ ਹਨ।

ਜੇਕਰ ਛੋਟੇ ਹੁੰਦਿਆਂ ਬੱਚਿਆਂ ਦਾ ਭਾਰ ਉਮਰ ਦੇ ਹਿਸਾਬ ਨਾਲੋਂ ਜ਼ਿਆਦਾ ਹੋਵੇ ਤਾਂ ਵੀ ਕੁੜੀਆਂ ਨੂੰ ਪੀਰੀਅਡਜ਼ ਛੇਤੀ ਆਉਣ ਲੱਗ ਜਾਂਦੇ ਹਨ।

ਜਦੋਂ ਕੁੜੀਆਂ ਨੂੰ ਛੇਤੀ ਭਾਵ 8-9 ਸਾਲ ਦੀ ਉਮਰ 'ਚ ਹੀ ਮਾਹਵਾਰੀ ਸ਼ੁਰੂ ਹੋ ਜਾਂਦੀ ਹੈ ਤਾਂ ਉਸ ਸਮੇਂ ਉਨ੍ਹਾਂ ਦਾ ਕੱਦ ਅਜੇ ਪੂਰੀ ਤਰ੍ਹਾਂ ਨਾਲ ਵਧਿਆ ਨਹੀਂ ਹੁੰਦਾ ਹੈ ਅਤੇ ਇੱਕ ਵਾਰ ਮਾਹਵਾਰੀ ਹੋਣ ਤੋਂ ਬਾਅਦ ਕੱਦ ਵਧੇਰੇ ਨਹੀਂ ਵੱਧਦਾ।

ਜਦੋਂ ਇੱਕ ਵਾਰ ਪੀਰੀਅਡਜ਼ ਸ਼ੁਰੂ ਹੋ ਜਾਂਦੇ ਹਨ ਤਾਂ 2 ਤੋਂ 3 ਸਾਲ ਤੱਕ ਇਹ ਅਨਿਯਮਿਤ ਰਹਿ ਸਕਦੇ ਹਨ। ਪੀਰੀਅਡਜ਼ ਕਦੇ ਤਾਂ ਘੱਟ ਆ ਸਕਦੇ ਹਨ ਜਾਂ ਫਿਰ ਕਈ ਵਾਰ ਜ਼ਿਆਦਾ ਆ ਸਕਦੇ ਹਨ। ਸ਼ੁਰੂ-ਸ਼ੁਰੂ ਵਿੱਚ ਅਜਿਹਾ ਆਮ ਹੁੰਦਾ ਹੈ।

ਡਾ.ਗਰਗ ਨੇ ਕੁੜੀਆਂ 'ਚ ਛੇਤੀ ਮਾਹਵਾਰੀ ਸ਼ੂਰੂ ਹੋਣ ਦੀ ਚਿੰਤਾ ਨੂੰ ਇੱਕ ਪਾਸੇ ਕਰਕੇ ਬੱਚਿਆਂ ਦੀਆਂ ਸਰੀਰਕ ਗਤੀਵਿਧੀਆਂ 'ਤੇ ਵਧੇਰੇ ਧਿਆਨ ਦੇਣ, ਉਨ੍ਹਾਂ ਦਾ ਭਾਰ ਕੰਟਰੋਲ 'ਚ ਰੱਖਣ ਅਤੇ ਉਨ੍ਹਾਂ ਦੇ ਕੱਦ ਵੱਲ ਧਿਆਨ ਦੇਣ ਬਾਰੇ ਕਿਹਾ।

ਉਨ੍ਹਾਂ ਨੇ ਕਿਹਾ ਕਿ ਇਸ ਸਭ ਲਈ ਉਨ੍ਹਾਂ ਨੂੰ ਚੰਗਾ ਖਾਣ-ਪੀਣ ਨੂੰ ਦਿੱਤਾ ਜਾਵੇ, ਜਿਵੇਂ ਕਿ ਹਰੀਆਂ ਸਬਜ਼ੀਆਂ ਅਤੇ ਫਲ ਆਦਿ।

ਮਾਹਵਾਰੀ ਬਾਰੇ ਕਦੋਂ ਫ਼ਿਕਰ ਕਰਨੀ ਚਾਹੀਦੀ ਹੈ?

ਜਦੋਂ ਮਾਹਵਾਰੀ ਸ਼ੁਰੂ ਹੁੰਦੀ ਹੈ ਤਾਂ ਸ਼ੁਰੂ ਦੇ 2-3 ਸਾਲ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ। ਪਰ ਜੇਕਰ ਬਾਅਦ ਵਿੱਚ ਵੀ ਪੀਰੀਅਡਜ਼ ਅੱਗੇ-ਪਿੱਛੇ ਜਾਂ ਵੱਧ-ਘੱਟ ਆਉਂਦੇ ਹਨ ਤਾਂ ਇਸ ਦੇ ਅਸਲ ਕਾਰਨ ਲੱਭਣ ਦੀ ਲੋੜ ਹੁੰਦੀ ਹੈ। ਇਸ ਦੇ ਕੁਝ ਕਾਰਨ ਇਹ ਹਨ-

ਭਾਰਤ 'ਚ ਸਭ ਤੋਂ ਪ੍ਰਮੁੱਖ ਕਾਰਨ ਹਾਈਪੋਥਾਈਰੋਡਿਜ਼ਮ (Hypothyroidism) ਹੈ। ਜਿਸ ਦਾ ਮਤਲਬ ਹੈ ਕਿ ਥਾਈਰਡ ਦਾ ਟੀਐੱਸਐੱਚ (TSH ) ਦਾ ਪੱਧਰ ਦਾ ਵੱਧ ਜਾਣਾ।

ਅੱਜ-ਕੱਲ੍ਹ ਔਰਤਾਂ 'ਚ ਇਹ ਬਹੁਤ ਹੀ ਆਮ ਹੋ ਗਿਆ ਹੈ। ਇਸ ਦਾ ਕਾਰਨ ਜਾਂ ਤਾਂ ਜੈਨੇਟਿਕ ਹੁੰਦਾ ਹੈ ਜਾਂ ਫਿਰ ਖਾਣ-ਪੀਣ 'ਚ ਆਇਓਡੀਨ ਦੀ ਘਾਟ ਹੈ। ਜੇਕਰ ਸਰੀਰ 'ਚ ਟੀਐੱਸਐੱਚ ਦਾ ਪੱਧਰ ਵਧੇਰੇ ਹੋਵੇਗਾ ਤਾਂ ਸਾਨੂੰ ਪੀਰੀਅਡਜ਼ ਸਹੀ ਸਮੇਂ 'ਤੇ ਨਹੀਂ ਆਉਣਗੇ।

ਇਸ ਦਾ ਦੂਜਾ ਕਾਰਨ ਪੀਸੀਓਡੀ ( Polycystic ovary disease) ਹੈ। ਪੀਸੀਓਡੀ ਅੱਜ ਕੱਲ ਆਧੁਨਿਕ ਮਹਾਂਮਾਰੀ ਬਣ ਗਈ ਹੈ ਜੋ ਕਿ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ।

ਹਰ ਦੂਜੀ ਜਾਂ ਤੀਜੀ ਕੁੜੀ 'ਚ ਪੀਸੀਓਡੀ ਦੀ ਸਮੱਸਿਆ ਵੇਖੀ ਜਾ ਰਹੀ ਹੈ। ਇਸ 'ਚ ਅੰਡੇਦਾਨੀ ਵਿੱਚ ਛੋਟੀਆਂ-ਛੋਟੀਆਂ ਸਿਸਟ ਬਣ ਜਾਂਦੀਆਂ ਹਨ, ਜਿਸ ਕਰਕੇ ਪੀਰੀਅਡਜ਼ ਸਮੇਂ ਸਿਰ ਨਹੀਂ ਆਉਂਦੇ।

ਤੀਜਾ ਕਾਰਨ ਇਹ ਕਿ ਅੰਡੇਦਾਨੀ 'ਚ ਹੋਰ ਤਰ੍ਹਾਂ ਦੇ ਸਿਸਟ ਬਣਨ ਕਰਕੇ ਵੀ ਮਾਹਵਾਰੀ ਸਹੀ ਸਮੇਂ 'ਤੇ ਨਹੀਂ ਆਉਂਦੀ ਹੈ।

ਕਈ ਵਾਰ ਬੱਚੇਦਾਨੀ 'ਚ ਵੀ ਸਿਸਟ ਜਾਂ ਰਸੌਲੀਆਂ ਬਣ ਜਾਂਦੀਆਂ ਹਨ ਜਿਸ ਕਰਕੇ ਪੀਰੀਅਡਜ਼ ਜ਼ਿਆਦਾ ਆਉਣ ਲੱਗ ਜਾਂਦੇ ਹਨ ਜਾਂ ਪੀਰੀਅਡਜ਼ ਦੌਰਾਨ ਬਹੁਤ ਤੇਜ਼ ਦਰਦ ਹੁੰਦਾ ਹੈ।

ਇਹ ਸਾਰੇ ਆਮ ਕਾਰਨ ਹਨ ਅਤੇ ਕਈ ਵਾਰ ਇਹ ਕਾਰਨ ਬਾਂਝਪਨ ਦਾ ਵੀ ਕਾਰਨ ਬਣ ਸਕਦੇ ਹਨ।

ਜੇਕਰ ਇਨ੍ਹਾਂ ਸਮੱਸਿਆਵਾਂ ਦਾ ਸਮਾਂ ਰਹਿੰਦਿਆਂ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਅੱਗੇ ਜਾ ਕੇ ਵੱਧ ਜਾਂਦੀਆਂ ਹਨ ਅਤੇ ਫਿਰ ਇਨ੍ਹਾਂ 'ਤੇ ਕਾਬੂ ਪਾਉਣਾ ਮੁਸ਼ਕਲ ਹੋ ਜਾਂਦਾ ਹੈ।

ਪੀਰੀਅਡਜ਼ ਕਿੰਨੀ ਉਮਰ ਤੱਕ ਰਹਿੰਦੇ ਹਨ

ਭਾਰਤ 'ਚ ਔਰਤਾਂ ਵਿੱਚ ਆਮ ਤੌਰ 'ਤੇ 45-55 ਸਾਲ ਤੱਕ ਮਾਹਵਾਰੀ ਆਉਣੀ ਬੰਦ ਹੋ ਜਾਂਦੀ ਹੈ। ਜਿਸ ਨੂੰ ਕਿ ਮੀਨੋਪੌਜ਼ (Menopause) ਕਿਹਾ ਜਾਂਦਾ ਹੈ।

ਇਸ ਮੀਨੋਪੌਜ਼ ਦੌਰਾਨ ਹੋ ਸਕਦਾ ਹੈ ਕਿ ਤੁਹਾਡੇ ਪੀਰੀਅਡਜ਼ ਅਨਿਯਮਿਤ ਹੋ ਜਾਣ। ਪਰ ਜੇਕਰ ਇਸ ਦੌਰਾਨ ਤੁਹਾਡੇ ਪੀਰੀਅਡਜ਼ ਜ਼ਿਆਦਾ ਹੋ ਰਹੇ ਹਨ ਤਾਂ ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਮੀਨੋਪੌਜ਼ ਦੌਰਾਨ ਹੌਲੀ-ਹੌਲੀ ਪੀਰੀਅਡਜ਼ ਘੱਟ ਹੋਣੇ ਸ਼ੁਰੂ ਹੋ ਜਾਂਦੇ ਹਨ।

ਇਸ ਲਈ ਮੀਨੋਪੌਜ਼ ਆਉਣ ਦੇ 2-3 ਸਾਲ ਦੇ ਸਮੇਂ 'ਚ ਪੀਰੀਅਡਜ਼ ਹੌਲੀ-ਹੌਲੀ ਘੱਟ ਹੋਣੇ ਚਾਹੀਦੇ ਹਨ।

ਪਰ ਜੇਕਰ ਇਸ ਸਮੇਂ ਦੌਰਾਨ ਤੁਹਾਡੇ ਪੀਰੀਅਡਜ਼ ਵੱਧ ਰਹੇ ਹਨ ਜਾਂ ਵਧੇਰੇ ਖੂਨ ਵਹਿ ਰਿਹਾ ਹੈ ਜਾਂ ਬਹੁਤ ਦਰਦ ਹੋ ਰਿਹਾ ਹੈ ਤਾਂ ਉਹ ਵੀ ਇੱਕ ਚੰਗਾ ਸੰਕੇਤ ਨਹੀਂ ਹੈ।

ਇਸ ਲਈ ਤੁਹਾਨੂੰ ਆਪਣੇ ਡਾਕਟਰ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਮੀਨੋਪੌਜ਼ ਤੋਂ ਪਹਿਲਾਂ ਦੇ 2-3 ਸਾਲ ਦੇ ਸਮੇਂ ਨੂੰ ਪੇਰੀਮੀਨੋਪੌਜ਼ ( Perimenopause) ਕਿਹਾ ਜਾਂਦਾ ਹੈ। ਇਸ ਸਮੇਂ ਦੌਰਾਨ ਪੀਰੀਅਡਜ਼ ਦਾ ਅਨਿਯਮਿਤ ਹੋਣਾ ਆਮ ਹੈ।

ਮੀਨੋਪੌਜ਼ ਦਾ ਸਮਾਂ

ਅੱਜ ਕੱਲ ਮੀਨੋਪੌਜ਼ ਦਾ ਸਮਾਂ 45-55 ਸਾਲ ਦੀ ਉਮਰ ਤੋਂ ਪਹਿਲਾਂ ਹੀ ਆ ਰਿਹਾ ਹੈ, ਜਿਸ ਨੂੰ ਕਿ ਡਾਕਟਰੀ ਭਾਸ਼ਾ 'ਚ Premature Menopause ਕਿਹਾ ਜਾਂਦਾ ਹੈ। ਮੌਜੂਦਾ ਸਮੇਂ 'ਚ ਇਹ ਬਹੁਤ ਆਮ ਹੋ ਗਿਆ ਹੈ।

ਸਮੇਂ ਤੋਂ ਪਹਿਲਾਂ ਪੀਰੀਅਡਜ਼ ਦੇ ਬੰਦ ਹੋਣ ਪਿੱਛੇ ਸਾਡੇ ਰਹਿਣ-ਸਹਿਣ ਦੇ ਤੌਰ ਤਰੀਕੇ, ਕੰਮ ਦਾ ਤਣਾਅ, ਖਾਣ-ਪੀਣ, ਜਿਸ 'ਚ ਬਾਹਰ ਦਾ ਜ਼ਿਆਦਾ ਖਾਣਾ ਅਤੇ ਘਰ ਦਾ ਖਾਣਾ ਘੱਟ ਖਾਣਾ ਸ਼ਾਮਲ ਹੈ, ਵਰਗੇ ਕਾਰਨ ਹੋ ਸਕਦੇ ਹਨ।

ਇਹ ਸਾਰੇ ਕਾਰਨ ਅੰਡੇਦਾਨੀ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਪੀਰੀਅਡਜ਼ ਜਲਦੀ ਬੰਦ ਹੋ ਜਾਂਦੇ ਹਨ।

ਜੇਕਰ ਤੁਹਾਡਾ ਮੀਨੋਪੌਜ਼ ਸ਼ੁਰੂ ਹੋ ਜਾਂਦਾ ਹੈ ਅਤੇ ਇੱਕ ਸਾਲ ਤੱਕ ਤੁਹਾਨੂੰ ਪੀਰੀਅਡਜ਼ ਨਹੀਂ ਆਉਂਦੇ ਹਨ ਤਾਂ ਇਸ ਨੂੰ ਮੀਨੋਪੌਜ਼ ਕਿਹਾ ਜਾਂਦਾ ਹੈ।

ਹਾਲਾਂਕਿ ਜੇਕਰ ਇੱਕ ਸਾਲ ਬਾਅਦ ਵੀ ਤੁਹਾਨੂੰ ਪੀਰੀਅਡਜ਼ ਜਾਂ ਥੋੜ੍ਹਾ-ਬਹੁਤ ਖੂਨ ਪੈਂਦਾ ਹੈ ਜਾਂ ਦਾਗ ਲੱਗਦਾ ਹੈ ਤਾਂ ਉਸ ਨੂੰ Postmenopausal Bleeding ਕਿਹਾ ਜਾਂਦਾ ਹੈ।

ਇਹ ਇੱਕ ਅਜਿਹੀ ਸਥਿਤੀ ਹੈ ਜਿਸ 'ਚ ਤੁਹਾਨੂੰ ਤੁਰੰਤ ਆਪਣੇ ਡਾਕਟਰ ਨਾਲ ਸਲਾਹ ਮਸ਼ਵਰਾ ਕਰਨ ਦੀ ਲੋੜ ਹੈ, ਕਿਉਂਕਿ ਇਸ ਦੇ ਕਾਰਨ ਅੱਗੇ ਜਾ ਕੇ ਗੰਭੀਰ ਸਮੱਸਿਆਵਾਂ ਜਿਵੇਂ ਕਿ ਕੈਂਸਰ ਨੂੰ ਜਨਮ ਦੇ ਸਕਦੇ ਹਨ।

ਇਸ ਲਈ ਇਸ ਦੀ ਜਾਂਚ ਪੜਤਾਲ ਕਰਵਾਉਣੀ ਬਹੁਤ ਹੀ ਮਹੱਤਵਪੂਰਣ ਹੈ। Postmenopausal Bleeding ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਹਰ ਕੁੜੀ ਜਾਂ ਔਰਤ ਨੂੰ ਆਪਣੇ ਪੀਰੀਅਡਜ਼ ਬਾਰੇ ਪੂਰੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੇ ਪੀਰੀਅਡਜ਼ ਨਿਯਮਿਤ ਹਨ ਜਾਂ ਅਨਿਯਮਿਤ।

ਜੇਕਰ ਅਨਿਯਮਿਤ ਹਨ ਤਾਂ ਉਹ ਸਮਾਂ ਰਹਿੰਦਿਆਂ ਹੀ ਆਪਣੇ ਡਾਕਟਰ ਕੋਲੋਂ ਸਲਾਹ ਲੈ ਸਕਦੇ ਹਨ।

ਤੁਹਾਨੂੰ ਆਪਣੇ ਰਹਿਣ-ਸਹਿਣ ਦੇ ਨਾਲ-ਨਾਲ ਆਪਣੇ ਘਰ ਦੀਆਂ ਬਜ਼ੁਰਗ ਔਰਤਾਂ ਜੋ ਕਿ Postmenopausal Bleeding ਦਾ ਸ਼ਿਕਾਰ ਹਨ ਜਾਂ ਫਿਰ ਜੋ ਬੱਚੀਆਂ ਅਜੇ ਛੋਟੀਆਂ ਹਨ ਅਤੇ ਉਨ੍ਹਾਂ ਦੇ ਪੀਰੀਅਡਜ਼ ਸ਼ੁਰੂ ਹੋਣ ਵਾਲੇ ਹਨ ਉਨ੍ਹਾਂ ਦੀ ਸਿਹਤ ਆਦਿ ਦਾ ਧਿਆਨ ਰੱਖਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਜਿਨ੍ਹਾਂ ਕੁੜੀਆਂ ਦੇ ਪੀਰੀਅਡਜ਼ ਸ਼ੁਰੂ ਹੋ ਚੁੱਕੇ ਹਨ ਉਨ੍ਹਾਂ ਦੇ ਖਾਣ-ਪੀਣ , ਭਾਰ ਅਤੇ ਸਰੀਰਕ ਗਤੀਵਿਧੀਆਂ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਪੀਰੀਅਡਜ਼ ਠੀਕ ਚੱਲਦੇ ਰਹਿਣ ਅਤੇ ਤੁਹਾਨੂੰ ਇਸ ਸਬੰਧੀ ਕੋਈ ਮੁਸ਼ਕਲ ਨਾ ਆਵੇ।

ਹੈਲਥ ਸੀਰੀਜ਼ ਦੀਆਂ ਬਾਕੀ ਕਹਾਣੀਆਂ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)