ਕੀ 35 ਸਾਲ ਤੋਂ ਬਾਅਦ ਮਾਂ ਬਣਨ ’ਚ ਮੁਸ਼ਕਲਾਂ ਆਉਂਦੀਆਂ ਹਨ, ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ

35 ਸਾਲ ਤੋਂ ਬਾਅਦ ਮਾਂ ਬਣਨ 'ਚ ਕੀ ਮੁਸ਼ਕਲਾਂ ਆਉਂਦੀਆਂ ਹਨ। ਇਸ ਵਿਸ਼ੇ 'ਤੇ ਚਰਚਾ ਕਰਨ ਦੀ ਲੋੜ ਕਿਉਂ ਪੈ ਰਹੀ ਹੈ?

ਅੱਜ ਕੱਲ ਵੇਖਿਆ ਗਿਆ ਹੈ ਕਿ ਵਿਆਹ ਬਹੁਤ ਦੇਰ ਨਾਲ ਹੁੰਦੇ ਹਨ ਅਤੇ ਪ੍ਰੈਗਨੈਂਸੀ ਬਾਰੇ ਉਸ ਤੋਂ ਵੀ ਬਾਅਦ ਸੋਚਿਆ ਜਾਂਦਾ ਹੈ।

ਇਸ ਕਰਕੇ ਉਮਰ ਦੇ ਵੱਧਣ ਦੇ ਨਾਲ-ਨਾਲ ਗਰਭਧਾਰਨ ਕਰਨ 'ਚ ਵੀ ਕਈ ਮੁਸ਼ਕਲਾਂ ਸਾਹਮਣੇ ਆਉਂਦੀਆਂ ਹਨ ਅਤੇ ਮੌਜੂਦਾ ਸਮੇਂ 'ਚ ਇਹ ਇੱਕ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ ।

ਇਸ ਦੇ ਪਿੱਛੇ ਕੀ ਕਾਰਨ ਹਨ ਅਤੇ ਦੇਰ ਨਾਲ ਵਿਆਹ ਕਰਵਾਉਣਾ ਠੀਕ ਹੈ ਜਾਂ ਨਹੀਂ, ਅਜਿਹੇ ਹੀ ਕਈ ਸਵਾਲਾਂ ਦੇ ਜਵਾਬ ਅਸੀਂ ਅੱਜ ਦੇ ਇਸ ਲੇਖ 'ਚ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ।

ਇਸਤਰੀ ਰੋਗ ਮਾਹਰ ਡਾ. ਸ਼ਿਵਾਨੀ ਗਰਗ ਇਸ ਮਸਲੇ 'ਤੇ ਚਾਣਨਾ ਪਾ ਰਹੇ ਹਨ।

ਬੀਬੀਸੀ ਪੰਜਾਬੀ ਔਰਤਾਂ ਦੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਇੱਕ 'ਹੈਲਥ ਸੀਰੀਜ਼' ਤੁਹਾਡੀ ਸਿਹਤ ਸਾਡੀ ਸੇਧ' ਲੈ ਕੇ ਆਇਆ ਹੈ। ਜਿਸ ਰਾਹੀਂ ਤੁਹਾਨੂੰ ਹਰ ਹਫ਼ਤੇ ਔਰਤਾਂ ਦੀ ਸਿਹਤ ਨਾਲ ਜੁੜੇ ਕਿਸੇ ਨਾ ਕਿਸੇ ਮੁੱਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

-ਪ੍ਰੋਡਿਊਸਰ: ਪ੍ਰਿਅੰਕਾ ਧੀਮਾਨ

35 ਸਾਲ ਤੋਂ ਬਾਅਦ ਮਾਂ ਬਣਨ 'ਚ ਕੀ ਮੁਸ਼ਕਲਾਂ ਆਉਂਦੀਆਂ ਹਨ?

35 ਸਾਲ ਦੀ ਉਮਰ ਤੋਂ ਬਾਅਦ ਪ੍ਰੈਗਨੈਂਸੀ ਲੈਣੀ ਔਖੀ ਹੁੰਦੀ ਹੈ ਮਤਲਬ ਕਿ ਬਾਂਝਪਨ ਜਾਂ ਇਨਫਰਟਿਲਟੀ ਦਾ ਸੰਜੋਗ ਵੱਧ ਜਾਂਦਾ ਹੈ।

ਇਸ ਦੇ ਪਿੱਛੇ ਮੁੱਖ ਕਾਰਨ ਹੈ ਕਿ ਉਮਰ ਵੱਧਣ ਦੇ ਨਾਲ-ਨਾਲ ਔਰਤਾਂ ਦੇ ਹਾਰਮੋਨਜ਼ ਘੱਟਦੇ ਜਾਂਦੇ ਹਨ ਅਤੇ ਇੰਨ੍ਹਾਂ ਘੱਟਦੇ ਹਾਰਮੋਨਜ਼ ਨਾਲ ਫਰਟੀਲਿਟੀ ਪੋਟੈਂਸ਼ੀਅਲ ਵੀ ਹਰ ਸਾਲ ਘੱਟਦਾ ਜਾਂਦਾ ਹੈ। ਜਿਸ ਦੇ ਸਿੱਟੇ ਵੱਜੋਂ ਬਾਂਝਪਨ ਦੀ ਦਰ ਵਧਦੀ ਜਾਂਦੀ ਹੈ।

ਇਸ ਲਈ ਇਨਫਰਟੀਲਟੀ ਦਾ ਜੋਖ਼ਮ ਵੱਧਣ ਕਰਕੇ ਹੋ ਸਕਦਾ ਹੈ ਕਿ ਸਾਨੂੰ ਜਲਦੀ ਹੀ ਆਈਵੀਐੱਫ ਵੱਲ ਜਾਣਾ ਪਵੇ।

ਅਜਿਹੀ ਸਥਿਤੀ 'ਚ ਜਦੋਂ ਅਸੀਂ ਕਿਸੇ ਵੀ ਜੋੜੇ ਨੂੰ ਕਹਿੰਦੇ ਹਾਂ ਕਿ ਪ੍ਰੈਗਨੈਂਸੀ ਲਈ ਆਈਵੀਐੱਫ ਅਪਣਾਉਣਾ ਪਵੇਗਾ ਤਾਂ ਇਹ ਸਧਾਰਨ ਹੈ ਕਿ ਉਹ ਜੋੜਾ ਇਕਦਮ ਬੈਚੇਨੀ, ਤਣਾਅ ਜਾਂ ਦਬਾਅ 'ਚ ਆ ਜਾਂਦਾ ਹੈ।

ਗਰਭਧਾਰਨ ਕਰਨ ਅਤੇ ਅਸਲ ਸਮੇਂ ਵਿਚਲਾ ਫ਼ਾਸਲਾ

ਗਰਭਧਾਰਨ ਕਰਨ 'ਚ ਸਮਾਂ ਵਧੇਰੇ ਲੱਗਦਾ ਹੈ ਪਰ ਸਮੇਂ ਤੋਂ ਪਹਿਲਾਂ ਮੀਨੋਪੋਜ਼ ਹੋਣ ਕਰਕੇ ਔਰਤਾਂ ਕੋਲ ਗਰਭਧਾਰਨ ਕਾਰਨ ਦਾ ਸਮਾਂ ਘੱਟ ਹੁੰਦਾ ਹੈ।

ਸਾਡੇ ਕੋਲ ਪ੍ਰੈਗਨੈਂਸੀ ਸਿਰੇ ਚਾੜਨ ਦਾ ਸਮਾਂ ਬਹੁਤ ਘੱਟ ਹੁੰਦਾ ਹੈ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਅੱਜਕਲ ਮੀਨੋਪੋਜ਼ ਦਾ ਸਮਾਂ ਬਹੁਤ ਪਹਿਲਾਂ ਹੀ ਸ਼ੂਰੂ ਹੋ ਰਿਹਾ ਹੈ।

ਔਰਤਾਂ 'ਚ 40-45 ਸਾਲ ਦੀ ਉਮਰ 'ਚ ਹੀ ਮੀਨੋਪੋਜ਼ ਦੀ ਸਥਿਤੀ ਆ ਰਹੀ ਹੈ, ਜੋ ਕਿ ਸਮੇਂ ਤੋਂ ਪਹਿਲਾਂ ਹੈ।

ਇਸ ਲਈ 35 ਸਾਲ ਦੀ ਉਮਰ ਤੋਂ ਬਾਅਦ ਪ੍ਰੈਗਨੈਂਸੀ ਲੈਣ ਦਾ ਸਮਾਂ ਵੱਧ ਜਾਂਦਾ ਹੈ। ਇੰਨ੍ਹਾਂ ਸਾਰੇ ਕਾਰਨਾਂ ਕਰਕੇ ਹੀ ਇੱਕ ਜੋੜੇ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

  • 35 ਸਾਲ ਦੀ ਉਮਰ ਤੋਂ ਬਾਅਦ ਪ੍ਰੈਗਨੈਂਸੀ ਲੈਣੀ ਔਖੀ ਹੁੰਦੀ ਹੈ ਮਤਲਬ ਕਿ ਬਾਂਝਪਨ ਜਾਂ ਇਨਫਰਟਿਲਟੀ ਦਾ ਸੰਜੋਗ ਵੱਧ ਜਾਂਦਾ ਹੈ।
  • ਇਸ ਦੇ ਪਿੱਛੇ ਮੁੱਖ ਕਾਰਨ ਹੈ ਕਿ ਉਮਰ ਵੱਧਣ ਦੇ ਨਾਲ-ਨਾਲ ਔਰਤਾਂ ਦੇ ਹਾਰਮੋਨਜ਼ ਘੱਟਦੇ ਜਾਂਦੇ ਹਨ।
  • ਔਰਤਾਂ 'ਚ 40-45 ਸਾਲ ਦੀ ਉਮਰ 'ਚ ਹੀ ਮੀਨੋਪੋਜ਼ ਦੀ ਸਥਿਤੀ ਆ ਰਹੀ ਹੈ, ਜੋ ਕਿ ਸਮੇਂ ਤੋਂ ਪਹਿਲਾਂ ਹੈ।
  • 35 ਸਾਲ ਤੋਂ ਬਾਅਦ ਗਰਭਧਾਰਨ ਹੋ ਵੀ ਜਾਂਦਾ ਹੈ ਤਾਂ ਉਹ ਹਾਈ ਰਿਸਕ ਪ੍ਰੈਗਨੈਂਸੀ ਬਣ ਜਾਂਦੀ ਹੈ।
  • 35 ਸਾਲ ਦੀ ਉਮਰ ਤੋਂ ਬਾਅਦ ਪ੍ਰੈਗਨੈਂਸੀ ਦੌਰਾਨ ਬੀਪੀ ਵਧਣ ਦਾ ਖਤਰਾ ਵੱਧ ਜਾਂਦਾ ਹੈ।

35 ਸਾਲ ਤੋਂ ਪਹਿਲਾਂ ਪ੍ਰੈਗਨੈਂਸੀ ਦਾ ਹੋਣਾ

ਜੇਕਰ 35 ਸਾਲ ਤੋਂ ਬਾਅਦ ਦੀ ਪ੍ਰੈਗਨੈਂਸੀ ਦੇ ਮੁਕਾਬਲੇ 35 ਸਾਲ ਤੋਂ ਪਹਿਲਾਂ ਦੀ ਪ੍ਰੈਗਨੈਂਸੀ ਦੀ ਗੱਲ ਕੀਤੀ ਜਾਵੇ ਤਾਂ ਇਸ ਉਮਰ 'ਚ ਪ੍ਰੈਗਨੈਂਸੀ ਆਪਣੇ ਆਪ ਹੁੰਦੀ ਹੈ, ਜਿਸ ਨੂੰ ਕਿ ਸਮੋਨਟੈਨਿਅਸ ਪ੍ਰੈਗਨੈਂਸੀ ਕਿਹਾ ਜਾਂਦਾ ਹੈ।

35 ਸਾਲ ਤੋਂ ਪਹਿਲਾਂ ਗਰਭਧਾਰਨ ਕਰਨ ਦਾ ਯਤਨ ਕਰਨ ਸਮੇਂ ਬਾਂਝਪਨ ਦੀ ਸਮੱਸਿਆ ਕਿਸੇ ਇੱਕ ਅੱਧੇ ਜੋੜੇ ਨੂੰ ਛੱਡ ਕੇ ਬਾਕੀ ਜੋੜਿਆਂ ਨੂੰ ਨਹੀਂ ਆਉਂਦੀ ਹੈ।

ਜੇਕਰ ਇਸ ਉਮਰ 'ਚ ਬਾਂਝਪਨ ਦੀ ਸਮੱਸਿਆ ਆ ਵੀ ਜਾਂਦੀ ਹੈ ਤਾਂ ਸਾਡੇ ਕੋਲ ਇਲਾਜ ਲਈ ਢੁਕਵਾਂ ਸਮਾਂ ਤਾਂ ਹੁੰਦਾ ਹੈ।

ਅਸੀਂ ਸਧਾਰਨ ਇਲਾਜ ਨਾਲ ਗਰਭਧਾਰਨ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ ਅਤੇ ਜੇਕਰ ਉਹ ਵੀ ਸਹੀ ਸਾਬਤ ਨਾ ਹੋਣ ਤਾਂ ਅਖੀਰ 'ਚ ਆਈਵੀਐੱਫ ਬਾਰੇ ਸੋਚਿਆ ਜਾ ਸਕਦਾ ਹੈ।

ਜੇਕਰ ਆਈਵੀਐਫ ਵੱਲ ਜਾਣਾ ਵੀ ਪਵੇ ਤਾਂ ਉਸ ਲਈ ਵੀ ਸਾਡੇ ਕੋਲ ਉਚਿਤ ਸਮਾਂ ਹੁੰਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਹਾਈ ਰਿਸਕ ਪ੍ਰੈਗਨੈਂਸੀ

ਜੇਕਰ 35 ਸਾਲ ਤੋਂ ਬਾਅਦ ਗਰਭਧਾਰਨ ਹੋ ਵੀ ਜਾਂਦਾ ਹੈ ਤਾਂ ਉਹ ਹਾਈ ਰਿਸਕ ਪ੍ਰੈਗਨੈਂਸੀ ਬਣ ਜਾਂਦੀ ਹੈ। ਪਰ ਜੇਕਰ 35 ਸਾਲ ਤੋਂ ਪਹਿਲਾਂ ਪ੍ਰੈਗਨੈਂਸੀ ਹੋ ਜਾਵੇ ਤਾਂ ਉਹ ਵਧੇਰੇ ਜੋਖ਼ਮ ਵਾਲੀ ਨਹੀਂ ਹੁੰਦੀ ਹੈ।

ਅਜਿਹਾ ਕਿਉਂ ਹੁੰਦਾ ਹੈ?

ਦਰਅਸਲ 35 ਸਾਲ ਦੀ ਉਮਰ ਤੋਂ ਬਾਅਦ ਪ੍ਰੈਗਨੈਂਸੀ ਦੌਰਾਨ ਬੀਪੀ ਵਧਣ ਦਾ ਖਤਰਾ ਵੱਧ ਜਾਂਦਾ ਹੈ, ਜਿਸ ਨੂੰ ਕਿ ਹਾਈਪਰਟੈਂਸ਼ਨ ਕਿਹਾ ਜਾਂਦਾ ਹੈ।

ਇਹ ਵਧਿਆ ਹੋਇਆ ਬੀਪੀ ਮਾਂ ਅਤੇ ਬੱਚੇ ਦੋਵਾਂ 'ਤੇ ਹੀ ਅਸਰ ਪਾਉਂਦਾ ਹੈ। ਹਾਈਪਰਟੈਂਸ਼ਨ ਕਰਕੇ ਬੱਚੇਦਾਨੀ 'ਚ ਬੱਚੇ ਦੇ ਆਸ-ਪਾਸ ਪਾਣੀ ਘੱਟ ਸਕਦਾ ਹੈ ਜਾਂ ਫਿਰ ਉਸ ਦਾ ਭਾਰ ਘੱਟਣਾ ਸ਼ੁਰੂ ਹੋ ਸਕਦਾ ਹੈ।

ਹਾਈ ਰਿਸਕ ਪ੍ਰੈਗਨੈਂਸੀ ਦਾ ਦੂਜਾ ਕਾਰਨ ਇਹ ਹੈ ਕਿ ਪ੍ਰੈਗਨੈਂਸੀ ਦੌਰਾਨ ਮਾਂ ਦੇ ਖੂਨ ਅੰਦਰ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ, ਜਿਸ ਨੂੰ ਕਿ ਡਾਇਬਿਟੀਜ਼ ਕਿਹਾ ਜਾਂਦਾ ਹੈ।

ਜੇਕਰ ਮਾਂ ਡਾਇਬਿਟੀਜ਼ ਦਾ ਸ਼ਿਕਾਰ ਹੈ ਤਾਂ ਬੱਚੇ ਦੀ ਸਹੀ ਬਣਾਵਟ ਦਾ ਜੋਖ਼ਮ ਵੱਧ ਜਾਂਦਾ ਹੈ। ਕਈ ਵਾਰ ਵੇਖਿਆ ਗਿਆ ਹੈ ਕਿ ਬੱਚੇ ਦਾ ਭਾਰ ਲੋੜ ਨਾਲੋਂ ਵਧੇਰੇ ਹੋ ਜਾਂਦਾ ਹੈ ਭਾਵ ਓਵਰ ਵੇਟ।

ਜੇਕਰ ਪ੍ਰੈਗਨੈਂਸੀ ਦੌਰਾਨ ਮਾਂ ਦਾ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ ਤਾਂ ਭਵਿੱਖ 'ਚ ਬੱਚੇ ਨੂੰ ਵੀ ਸ਼ੂਗਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।

ਤੀਜਾ ਕਾਰਨ ਜੋ ਕਿ ਪ੍ਰੈਗਨੈਂਸੀ ਨੂੰ ਹਾਈ ਰਿਸਕ ਬਣਾਉਂਦਾ ਹੈ, ਉਹ ਇਹ ਕਿ 35 ਸਾਲ ਤੋਂ ਬਾਅਦ ਕਈ ਕ੍ਰੋਮੋਜ਼ੋਨਿਕ ਪ੍ਰੋਬਲਮ ਅਤੇ ਜੈਨੇਟਿਕ ਪ੍ਰੋਬਲਮ ਹੁੰਦੀਆਂ ਹਨ ਜਿਵੇਂ ਕਿ ਡਾਊਨਸਿੰਡਰੋਮ।

ਇਹ ਬਹੁਤ ਹੀ ਆਮ ਜੈਨੇਟਿਕ ਸਮੱਸਿਆ ਹੈ। 35 ਸਾਲ ਤੋਂ ਬਾਅਦ ਇਸ ਸਮੱਸਿਆ ਦੇ ਬੱਚੇ 'ਚ ਵੱਧਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਅਤੇ ਜੇਕਰ ਮਾਂ ਦੀ ਉਮਰ 40 ਸਾਲ ਦੀ ਹੈ ਤਾਂ ਇਹ ਜੋਖ਼ਮ ਹੋਰ ਵੀ ਵੱਧ ਜਾਂਦਾ ਹੈ।

ਡਾਊਨਸਿੰਡਰੋਮ ਕੀ ਹੈ?

ਡਾਊਨਸਿੰਡਰੋਮ ਅਜਿਹੀ ਬਿਮਾਰੀ ਹੈ ਜਿਸ 'ਚ ਬੱਚਾ ਦਿਮਾਗੀ ਤੌਰ 'ਤੇ ਥੋੜਾ ਕਮਜ਼ੋਰ ਹੁੰਦਾ ਹੈ ਅਤੇ ਇਸ ਦੇ ਨਾਲ-ਨਾਲ ਉਸ ਦੇ ਸਰੀਰ 'ਚ ਹੋਰ ਵੀ ਕਈ ਤਰਾਂ ਦੀਆਂ ਦਿੱਕਤਾਂ ਹੁੰਦੀਆਂ ਹਨ।

ਜੇਕਰ ਬੱਚੇ 'ਚ ਡਾਊਨਸਿੰਡਰੋਮ ਦੇ ਲੱਛਣ ਹੋਣ ਤਾਂ ਅਸੀਂ ਆਪਣੇ ਜੋੜੇ ਨੂੰ ਪ੍ਰੈਗਨੈਂਸੀ ਜਾਰੀ ਰੱਖਣ ਦੀ ਸਲਾਹ ਨਹੀਂ ਦਿੰਦੇ ਹਾਂ ਕਿਉਂਕਿ ਜਨਮ ਤੋਂ ਬੱਚੇ ਦਾ ਜੀਵਨ ਸਹੀ ਨਹੀਂ ਰਹਿੰਦਾ ਹੈ।

ਆਈਵੀਐੱਫ ਕਾਰਨ ਕੀ ਰਿਸਕ ਹੋ ਸਕਦੇ ਹਨ ?

35 ਸਾਲ ਤੋਂ ਬਾਅਦ ਪ੍ਰੈਗਨੈਂਸੀ ਬਾਰੇ ਸੋਚਣਾ ਕਿਤੇ ਨਾ ਕਿਤੇ ਆਈਵੀਐੱਫ ਨੂੰ ਸੱਦਾ ਦਿੰਦਾ ਹੈ ਅਤੇ ਆਈਵੀਐੱਫ 'ਚ ਮਲਟੀਪਲ ਪ੍ਰੈਗਨੈਂਸੀ ਦੀ ਸੰਭਾਵਨਾ ਵਧੇਰੇ ਹੋ ਜਾਂਦੀ ਹੈ।

ਜੇਕਰ ਟਵਿਨ ਜਾਂ ਟ੍ਰੀਪਲਟ ਪ੍ਰੈਗਨੈਂਸੀ ਹੈ ਤਾਂ ਉਹ ਆਪਣੇ ਆਪ 'ਚ ਹੀ ਹਾਈ ਰਿਸਕ ਪ੍ਰੈਗਨੈਂਸੀ ਹੈ। ਅਜਿਹੇ 'ਚ ਮਾਂ ਅਤੇ ਬੱਚਿਆਂ ਦੋਵਾਂ ਲਈ ਖਤਰਾ ਬਣਿਆ ਰਹਿੰਦਾ ਹੈ।

ਮਲਟੀਪਲ ਪ੍ਰੈਗਨੈਂਸੀ ਦੌਰਾਨ ਸਿਜੇਰੀਅਨ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।

ਇਸ ਲਈ 35 ਸਾਲ ਤੋਂ ਬਾਅਦ ਦੀ ਪ੍ਰੈਗਨੈਂਸੀ ਦੌਰਾਨ ਸਾਨੂੰ ਮਾਂ ਅਤੇ ਬੱਚੇ ਦੋਵਾਂ ਨੂੰ ਹੀ ਸਮੇਂ-ਸਮੇਂ 'ਤੇ ਬਹੁਤ ਧਿਆਨ ਨਾਲ ਚੈੱਕ ਕਰਨਾ ਪੈਂਦਾ ਹੈ ਤਾਂ ਜੋ ਇਸ ਪ੍ਰੈਗਨੈਂਸੀ ਨੂੰ ਆਰਾਮ ਨਾਲ ਅੱਗੇ ਤੱਕ ਲਿਜਾਇਆ ਜਾ ਸਕੇ ।

ਕੀ 35 ਸਾਲ ਤੋਂ ਬਾਅਦ ਪ੍ਰੈਗਨੈਂਸੀ ਨਾ ਕੀਤੀ ਜਾਵੇ?

ਡਾ. ਸ਼ਿਵਾਨੀ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ 35 ਸਾਲ ਤੋਂ ਬਾਅਦ ਪ੍ਰੈਗਨੈਂਸੀ ਨਹੀਂ ਕੀਤੀ ਜਾ ਸਕਦੀ ਜਾਂ ਕਰਨੀ ਹੀ ਨਹੀਂ ਚਾਹੀਦੀ ਹੈ।

ਪਰ ਜੇਕਰ ਸੰਭਵ ਹੈ ਤਾਂ 35 ਸਾਲ ਤੋਂ ਪਹਿਲਾਂ ਹੀ ਪ੍ਰੈਗਨੈਂਸੀ ਬਾਰੇ ਸੋਚਿਆ ਜਾਣਾ ਚਾਹੀਦਾ ਹੈ ਤਾਂ ਪ੍ਰੈਗਨੈਂਸੀ ਵਧੇਰੇ ਹਾਈਰਿਸਕ ਨਾ ਹੋਵੇ ਅਤੇ ਤੁਹਾਨੂੰ ਇਨਫਰਟੀਲਟੀ ਤੋਂ ਨਾ ਗੁਜ਼ਰਨਾ ਪਵੇ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)