You’re viewing a text-only version of this website that uses less data. View the main version of the website including all images and videos.
ਕਤਰ ਵਲੋਂ 'ਜਾਅਲੀ ਖੇਡ ਪ੍ਰੇਮੀਆਂ' ਨੂੰ ਮੁਫ਼ਤ ਹਵਾਈ ਟਿਕਟਾਂ ਤੇ ਰਿਹਾਇਸ਼ ਦੇਣ ਦਾ ਕੀ ਹੈ ਮਾਮਲਾ, ਭਾਰਤ ਤੋਂ ਵੀ ਲੋਕ ਗਏ
ਐਤਵਾਰ ਸ਼ਾਮ ਤੋਂ ਸ਼ੁਰੂ ਹੋਏ ਫੀਫਾ ਵਿਸ਼ਵ ਕੱਪ ਨਾਲ ਕਈ ਵਿਵਾਦ ਜੁੜੇ ਹੋਏ ਹਨ। ਇਹ ਪਹਿਲੀ ਵਾਰ ਹੈ ਕਿ ਫ਼ੁੱਟਬਾਲ ਦਾ ਕੁੰਭ ਮੰਨਿਆ ਜਾਣ ਵਾਲਾ ਫੀਫਾ ਕੱਪ ਕਿਸੇ ਖਾੜੀ ਮੁਲਕ ਵਿੱਚ ਹੋ ਰਿਹਾ ਹੈ।
ਕਤਰ ’ਤੇ ਪਹਿਲਾਂ ਰਿਸ਼ਵਤ ਦੇ ਕੇ ਫੀਫਾ ਦੀ ਮੇਜ਼ਬਾਨੀ ਹਾਸਿਲ ਕਰਨ ਦਾ ਇਲਜ਼ਾਮ ਲੱਗਿਆ ਤੇ ਹੁਣ ਪੈਸੇ ਦੇ ਕੇ ‘ਜਾਅਲੀ ਪ੍ਰਸ਼ੰਸਕਾਂ’ ਨੂੰ ਤਿਆਰ ਕਰਨ ਦਾ ਇਲਜ਼ਾਮ ਸਾਹਮਣੇ ਆਇਆ ਹੈ।
ਇਨ੍ਹਾਂ ਪ੍ਰਸ਼ੰਸਕਾਂ ਨੂੰ ਨਾ ਸਿਰਫ਼ ਕਤਰ ਆ ਕੇ ਮੈਚ ਦੇਖਣ ਲਈ ਕਿਹਾ ਗਿਆ ਬਲਕਿ ਸੋਸ਼ਲ ਮੀਡੀਆ ’ਤੇ ਕਤਰ ਦੇ ਹੱਕ ਵਿੱਚ ਸਕਾਰਾਤਮਕ ਪੋਸਟਾਂ ਸਾਂਝੀਆਂ ਕਰਨ ਲਈ ਵੀ ਪੈਸੇ ਦਿੱਤੇ ਗਏ।
ਬੀਬੀਸੀ ਨੇ ਇਸ ਸਬੰਧੀ ਪੜਤਾਲ ਕੀਤੀ ਹਾਲਾਂਕਿ ਕਤਰ ਦੇ ਸਥਾਨਕ ਲੋਕਾਂ ਨੇ ਫ਼ੁੱਟਬਾਲ ਪ੍ਰਤੀ ਆਪਣੇ ਪਿਆਰ ਨੂੰ ਜ਼ਾਹਰ ਕਰਦਿਆਂ ਅਜਿਹੇ ਇਲਜ਼ਾਮਾਂ ਨੂੰ ਅਤਕਥਨੀਆਂ ਕਹਿਕੇ ਖਾਰਜ ਕੀਤਾ ਪਰ ਬੀਬੀਸੀ ਇਸ ਦੀਆਂ ਕੁਝ ਪਰਤਾਂ ਖੋਲ੍ਹਣ ਵਿੱਚ ਕਾਮਯਾਬ ਰਿਹਾ।
ਕਤਰ ਵਿੱਚ ਪੈਸੇ ਦੇ ਕੇ ਇਕੱਠੀ ਕੀਤੀ ਭੀੜ
ਵਿਦੇਸ਼ੀ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਉਂਟਸ ਉੱਤੇ ਕਤਰ ਵਿੱਚ ਹੋ ਰਹੇ ਟੂਰਨਾਮੈਂਟ ਬਾਰੇ ਸਕਾਰਾਤਮਕ ਪੋਸਟਾਂ ਪਾਉਣ ਦੇ ਬਦਲੇ ਮੁਫ਼ਤ ਉਡਾਣਾਂ ਅਤੇ ਰਿਹਾਇਸ਼ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
ਦੋਹਾ ਵਿੱਚ ਫਰਜ਼ੀ ਪ੍ਰਸ਼ੰਸਕਾਂ ਦੇ ਦਾਅਵਿਆਂ ਦੀ ਜਾਂਚ ਕਰਦੇ ਹੋਏ ਬੀਬੀਸੀ ਦੀ ਪੜਤਾਲ ਵਿੱਚ ਸਾਹਮਣੇ ਆਇਆ ਸੋਸ਼ਲ ਮੀਡੀਆ 'ਤੇ ਟੂਰਨਾਮੈਂਟ ਬਾਰੇ ਸਕਾਰਾਤਮਕ ਪੋਸਟਾਂ ਪਾਉਣ ਬਦਲੇ ਕਈ ਦੇਸਾਂ ਦੇ ਫੁੱਟਬਾਲ ਪ੍ਰੇਮੀਆਂ ਨੂੰ ਕਤਰ ਵਲੋਂ ਮੁਫ਼ਤ ਫਲਾਈਟ ਟਿਕਟਾਂ ਅਤੇ ਰਿਹਾਇਸ਼ ਮੁਹੱਈਆ ਕਰਵਾਈ ਗਈ ਹੈ।
ਇੰਨਾਂ ਹੀ ਨਹੀਂ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਟੂਰਨਾਮੈਂਟ ਨਾਲ ਸਬੰਧਿਤ ਸਾਂਝੀ ਕੀਤੀ ਗਈ ਹੋਰ ਸਮਗਰੀ ਨੂੰ ਵੀ ਪਸੰਦ ਕਰਨ ਅਤੇ ਆਪਣੇ ਅਕਾਉਂਟਸ ’ਤੇ ਸਾਂਝਾ ਕਰਨ ਲਈ ਵੀ ਕਿਹਾ ਗਿਆ ਹੈ।
ਦੋਹਾ ਦੀਆਂ ਗਲੀਆਂ ਵਿੱਚ ਘੁੰਮਦੇ ‘ਫ਼ਰਜ਼ੀ ਫੁੱਟਬਾਲ ਪ੍ਰਸ਼ੰਸਕ’
ਪਹਿਲਾ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਦੁਨੀਆਂ ਭਰ ਦੇ ਦੇਸ਼ਾਂ ਦੇ ਝੰਡੇ ਲਹਿਰਾਉਂਦੇ ਸੈਂਕੜੇ ਪ੍ਰਸ਼ੰਸਕ ਦੋਹਾ ਦੀਆਂ ਗਲੀਆਂ ਵਿੱਚ ਨੱਚਦੇ ਅਤੇ ਗਾਉਂਦੇ ਨਜ਼ਰ ਆਏ।
ਅਧਿਕਾਰਤ ਵਿਸ਼ਵ ਕੱਪ ਸੋਸ਼ਲ ਮੀਡੀਆ ਅਕਾਉਂਟਸ 'ਤੇ ਪੋਸਟ ਕੀਤੀਆਂ ਕਲਿੱਪਾਂ ਦੇ ਬਾਰੇ ਕੁਝ ਲੋਕਾਂ ਨੇ ਸਵਾਲ ਕੀਤਾ ਕਿ ਦੁਨੀਆਂ ਭਰ ਦੀਆਂ ਫੁੱਟਬਾਲ ਟੀਮਾਂ ਦੇ ਪ੍ਰਸ਼ੰਸਕਾਂ ਦੀ ਵੱਡੀ ਗਿਣਤੀ ਹੋਣ ਦੇ ਬਾਵਜੂਦ, ਇੰਨੇ ਸਾਰੇ ਪ੍ਰਸ਼ੰਸਕ ਮੱਧ ਪੂਰਬੀ ਜਾਂ ਦੱਖਣੀ ਏਸ਼ੀਆਈ ਮੂਲ ਦੇ ਹੀ ਕਿਉਂ ਨਜ਼ਰ ਆ ਰਹੇ ਹਨ।
ਇੱਕ ਜਵਾਬ ਵਿੱਚ ਕਿਹਾ ਗਿਆ, "ਕੀ ਉਨ੍ਹਾਂ ਨੂੰ ਦੂਜੇ ਦੇਸ਼ਾਂ ਦੇ ਪ੍ਰਸ਼ੰਸਕ ਬਣਨ ਲਈ ਪੈਸੇ ਦਿੱਤੇ ਜਾਂਦੇ ਹਨ ਜਾਂ ਕੁਝ ਹੋਰ?"
ਫ਼ਰਜ਼ੀ ਪ੍ਰਸ਼ੰਸਕਾਂ ਤੋਂ ਇਨਕਾਰ
ਦੋਹਾ ਤੋਂ ਰਿਪੋਰਟ ਕਰਦਿਆਂ, ਬੀਬੀਸੀ ਨੇ ਇੱਕ ਕਤਰ ਵਾਸੀ, ਐਰੋਨ ਫਰਨਾਂਡਿਸ ਨਾਲ ਗੱਲ ਕੀਤੀ, ਉਨ੍ਹਾਂ ਦਾ ਪਰਿਵਾਰਕ ਪਿਛੋਕੜ ਭਾਰਤ ਤੋਂ ਹੈ।
ਐਰੋਨ ਦਾ ਦਾਅਵਾ ਹੈ ਕਿ ਅਜਿਹੀਆਂ ਟਿੱਪਣੀਆਂ ਇਸ ਇਲਾਕੇ ਬਾਰੇ ਫ਼ੈਲੀਆਂ ਵਿਆਪਕ ਗ਼ਲਤਫ਼ਹਿਮੀਆਂ ਨੂੰ ਜੱਗਜਾਹਰ ਕਰਨ ਦਾ ਕੰਮ ਕਰਦੀਆਂ ਹਨ।
ਬਹੁਤ ਸਾਰੇ ਪ੍ਰਵਾਸੀਆਂ ਜਿਨ੍ਹਾਂ ਕਤਰ ਨੂੰ ਆਪਣਾ ਘਰ ਬਣਾ ਲਿਆ ਵੱਲ ਇਸ਼ਾਰਾ ਕਰਦਿਆਂ ਉਹ ਕਹਿੰਦੇ ਹਨ, “ਕਿਉਂ ਇਹ ਫ਼ੁੱਟਬਾਲ ਪ੍ਰੇਮੀ ਜੋ ਵੱਖ ਵੱਖ ਦੇਸਾਂ ਦੀਆਂ ਟੀਮਾਂ ਦਾ ਸਮਰਥਨ ਕਰ ਰਹੇ ਨਾਲ ਭਰਿਆ ਨਹੀਂ ਹੋ ਸਕਦਾ।”
ਖੇਡ ਪ੍ਰਸ਼ੰਸਕ ਕਿਸੇ ਵੀ ਦੇਸ ਦੀ ਸਰਾਹਨਾ ਕਰ ਸਕਦਾ ਹੈ
ਐਰੋਨ ਨੇ ਕਿਹਾ, "ਸਾਡੇ ਕੋਲ ਭਾਰਤ ਤੋਂ ਆਏ ਬਹੁਤ ਸਾਰੇ ਪ੍ਰਸ਼ੰਸਕ ਹਨ ਜੋ ਖੇਡ ਨੂੰ ਪਿਆਰ ਕਰਦੇ ਹਨ ਅਤੇ ਮੈਨੂੰ ਖੁਸ਼ੀ ਹੈ ਕਿ ਇਸ ਫੀਫਾ ਵਿਸ਼ਵ ਕੱਪ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਭਾਰਤੀ ਫੁੱਟਬਾਲ ਨੂੰ ਕਿੰਨਾ ਪਿਆਰ ਕਰਦੇ ਹਨ।"
ਉਹ ਕਹਿੰਦੇ ਹਨ ਕਿ ਜਿੱਥੇ ਦੱਖਣੀ ਏਸ਼ੀਆ ਕ੍ਰਿਕਟ ਪ੍ਰਤੀ ਪਿਆਰ ਲਈ ਮਸ਼ਹੂਰ ਹੈ, ਉੱਥੇ ਹੀ ਇਸ ਇਲਾਕੇ ਵਿੱਚ ਖੇਡ ਪ੍ਰੇਮੀਆਂ ਦਾ ਇੱਕ ਵੱਡਾ ਹਿੱਸਾ ਫੁੱਟਬਾਲ ਨੂੰ ਵੀ ਪਿਆਰ ਕਰਦਾ ਹੈ।
“ਭਾਰਤ ਵਰਗੇ ਦੇਸ ਜੋ ਕਦੇ ਵੀ ਵਿਸ਼ਵ ਕੱਪ ਦਾ ਹਿੱਸਾ ਨਹੀਂ ਰਹੇ, ਉੱਥੋਂ ਆਏ ਪ੍ਰਸ਼ੰਸਕ ਖੇਡ ਦੇਖਣ ਲਈ ਵਿਦੇਸ਼ਾਂ ਦਾ ਸਫ਼ਰ ਵੀ ਕਰਨਗੇ ਤੇ ਹੋਰ ਦੇਸਾਂ ਦੀਆਂ ਟੀਮਾਂ ਦਾ ਸਮਰਥਨ ਵੀ ਕਰਨਗੇ।”
ਐਰੋਨ ਦੋ ਸਮਰਥਕ ਕਲੱਬਾਂ, ਫੀਫਾ ਫੈਨ ਮੂਵਮੈਂਟ ਅਤੇ ਕਤਰ ਫੈਨ ਲੀਡਰ ਸਕੀਮ ਦੇ ਮੈਂਬਰ ਹਨ।
ਇਨ੍ਹਾਂ ਸਮੂਹਾਂ ਦੀ ਸਥਾਪਨਾ ਫੀਫਾ ਅਤੇ ਵਿਸ਼ਵ ਕੱਪ 2022 ਪ੍ਰਬੰਧਕ ਕਮੇਟੀ ਵਲੋਂ ਕੀਤੀ ਗਈ ਸੀ ਤੇ ਇਹ ਕਮੇਟੀ ਹੀ ਇਨ੍ਹਾਂ ਚਲਾਉਂਦੀ ਹੈ।
ਇਹ ਪੁੱਛੇ ਜਾਣ 'ਤੇ ਕਿ ਕੀ ਉਸ ਨੂੰ ਫੈਨ ਲੀਡਰ ਸਕੀਮ ਦੇ ਹਿੱਸੇ ਵਜੋਂ ਕਿਸੇ ਸਮਝੌਤੇ 'ਤੇ ਦਸਤਖਤ ਕਰਨੇ ਪਏ, ਐਰੋਨ ਨੇ ਜਵਾਬ ਦਿੱਤਾ, "ਸੁਭਾਵਿਕ ਤੌਰ 'ਤੇ ਜ਼ਿੰਮੇਵਾਰੀਆਂ ਹੁੰਦੀਆਂ ਹਨ, ਪਰ ਇਹ ਸਭ ਖੇਡਾਂ ਨਾਲ ਸਬੰਧਿਤ ਹਨ। ਉਹ ਸਾਲਾਂ ਤੋਂ ਅਜਿਹਾ ਕਰ ਰਹੇ ਹਨ। ਇਹ ਕੋਈ ਵੱਡੀ ਗੱਲ ਨਹੀਂ ਹੈ।"
ਮੁਫ਼ਤ ਉਡਾਣਾਂ ਅਤੇ ਹੋਟਲ ਮੁਹੱਈਆ ਕਰਵਾਉਣਾ
ਐਰੋਨ ਦੇ ਇਸ ਜਵਾਬ ਦੇ ਬਾਵਜੂਦ ਬੀਬੀਸੀ ਨੇ ਪੜਤਾਲ ਕੀਤੀ ਤੇ ਪਾਇਆ ਕਿ ਫੈਨ ਲੀਡਰ ਪ੍ਰੋਗਰਾਮ ਦੇ ਬਹੁਤ ਸਾਰੇ ਮੈਂਬਰਾਂ ਨੂੰ ਟੂਰਨਾਮੈਂਟ ਪ੍ਰਬੰਧਕਾਂ ਤੋਂ ਪ੍ਰੋਤਸਾਹਨ ਦੇਣ ਦੇ ਨਾਲ-ਨਾਲ ਕੁਝ ਸੰਪਰਕਾਂ ਸਬੰਧੀ ਇਕਰਾਰਨਾਮੇ 'ਤੇ ਦਸਤਖਤ ਕਰਨ ਲਈ ਕਿਹਾ ਗਿਆ ਹੈ।
ਬੀਬੀਸੀ ਵਲੋਂ ਦੇਖੇ ਗਏ ਦਸਤਾਵੇਜ਼ਾਂ ਦੇ ਨਾਲ-ਨਾਲ ਕਈ ਪ੍ਰਬੰਧਕੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਬਹੁਤ ਸਾਰੇ ਵਿਦੇਸ਼ੀ ਫੁੱਟਬਾਲ ਪ੍ਰੇਮੀਆਂ ਨੂੰ ਕਤਰ ਲਈ ਮੁਫਤ ਉਡਾਣਾਂ ਅਤੇ ਰਿਹਾਇਸ਼ ਮੁਹੱਈਆ ਕਰਵਾਈ।
ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ "ਪ੍ਰਸ਼ੰਸਕਾਂ ਦੇ ਤਜ਼ਰਬੇ ਨੂੰ ਬਿਹਤਰ ਬਣਾਉਣ ਲਈ" ਕੀਤਾ ਗਿਆ ਉਪਰਾਲਾ ਸੀ।
‘ਫ਼ਰਜੀ ਪ੍ਰਸ਼ੰਸਕਾਂ’ ਨਾਲ ਸਮਝੌਤਾ
ਬਦਲੇ ਵਿੱਚ ਪ੍ਰਸ਼ੰਸਕਾਂ ਨੂੰ ਇੱਕ ‘ਕੋਡ ਆਫ਼ ਕਨਡਕਟ’ 'ਤੇ ਹਸਤਾਖ਼ਰ ਕਰਨ ਲਈ ਕਿਹਾ ਗਿਆ ਸੀ, ਜਿਸ ਵਿੱਚ ਸੁਪਰੀਮ ਕਮੇਟੀ ਵਲੋਂ ਕੀਤੇ ਉਪਰਾਲਿਆਂ ਸਬੰਧੀ ਢੁੱਕਵੀਆਂ ਟਿੱਪਣੀਆਂ ਕਰਨਾ ਅਤੇ ਕਿਸੇ ਹੋਰ ਵਲੋਂ ਟੂਰਨਾਮੈਂਟ ਸਬੰਧੀ ਸਾਂਝੀ ਕੀਤੀ ਗਈ ਸਕਾਰਾਤਮਕ ਸਮੱਗਰੀ ਨੂੰ ਪਸੰਦ ਕਰਨਾ ਤੇ ਆਪਣੇ ਆਕਾਉਂਟ ਤੋਂ ਸਾਂਝਾ ਕਰਨਾ ਸ਼ਾਮਲ ਸੀ।
ਸੁਪਰੀਮ ਕਮੇਟੀ ਫੀਫਾ ਵਿਸ਼ਵ ਕੱਪ ਕਤਰ 2022 ਦੀ ਆਯੋਜਕ ਸੰਸਥਾ ਹੈ।
ਸਮਝੌਤੇ ਵਿੱਚ ਪ੍ਰਸ਼ੰਸਕਾਂ ਨੂੰ ਜੇ ਇੱਕ ਪਾਸੇ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਤੋਂ "ਕਤਰ ਦੇ ਗੁਣਗਾਣ ਕਰਨ ਵਾਲਾ" ਬਣਨ ਦੀ ਉਮੀਦ ਨਹੀਂ ਕੀਤੀ ਜਾਂਦੀ ਤਾਂ ਨਾਲ ਹੀ ਉਨ੍ਹਾਂ ਨੂੰ "ਕਤਰ ਸੁਪਰੀਮ ਕਮੇਟੀ" ਜਾਂ "ਵਰਲਡ ਕੱਪ ਕਤਰ 2022" ਦਾ ਨਿਰਾਦਰ ਨਾ ਕਰਨ ਦਾ ਉਦੇਸ਼ ਵੀ ਦਿੱਤਾ ਜਾਂਦਾ ਹੈ।
ਉਦਘਾਟਨੀ ਸਮਾਰੋਹ ਲਈ ਸੱਦਿਆ ਗਿਆ
ਬੈਲਜੀਅਮ ਫੁੱਟਬਾਲ ਐਸੋਸੀਏਸ਼ਨ ਦੇ ਇੱਕ ਪ੍ਰੈਸ ਅਧਿਕਾਰੀ ਪਿਏਰੇ ਕਾਰਨੇਜ਼ ਦੱਸਦੇ ਹਨ ਕਿ ਪ੍ਰਸ਼ੰਸਕਾਂ ਨੂੰ ਪਹਿਲੇ ਮੈਚ ਤੇ ਅਤੇ ਉਦਘਾਟਨੀ ਸਮਾਰੋਹ ਵਿੱਚ ਸ਼ਿਰਕਤ ਕਰਲ ਲਈ ਮੁਫ਼ਤ ਟਿਕਟ" ਵੀ ਦਿੱਤੀ ਗਈ ਸੀ।
ਉਹ ਕਹਿੰਦੇ ਹਨ ਕਿ ਇਹ ਪੇਸ਼ਕਸ਼ ਸਿਰਫ਼ ਬੈਲਜੀਅਮ ਦੇ ਪ੍ਰਸ਼ੰਸਕਾਂ ਲਈ ਹੀ ਨਹੀਂ ਸੀ ਬਲਕਿ ਇਸ ਵਿਸ਼ਵ ਕੱਪ ਵਿੱਚ ਹਿੱਸਾ ਲੈ ਰਹੇ ਸਾਰੇ ਦੇਸਾਂ ਦੇ ਪ੍ਰਸ਼ੰਸਕਾਂ ਨੂੰ ਦਿੱਤੀ ਗਈ ਸੀ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਕੀਮ ਵਿੱਚ ਹਿੱਸਾ ਲੈਣ ਵਾਲੇ ਸਾਰੇ ਪ੍ਰਸ਼ੰਸਕਾਂ ਨੇ ਸਮਝੌਤੇ 'ਤੇ ਹਸਤਾਖਰ ਨਹੀਂ ਕੀਤੇ।
ਪ੍ਰਬੰਧਕਾਂ ਵਲੋਂ ਸੁਵਿਧਾ ਦੀ ਗ਼ਲਤ ਵਰਤੋਂ
ਕਤਰ ਨੂੰ ਵਿਸ਼ਵ ਕੱਪ ਦੇਣ ਦੇ ਫ਼ੈਸਲੇ ਦੀ ਦੇਸ ਦੇ ਗ਼ਰੀਬ ਕਾਮਿਆਂ ਦੇ ਅਧਿਕਾਰਾਂ, ਐੱਲਜੀਬੀਟੀਕਿਉ ਭਾਈਚਾਰੇ ਦੇ ਅਧਿਕਾਰਾਂ ਅਤੇ ਬੋਲਣ ਦੀ ਆਜ਼ਾਦੀ ’ਤੇ ਪਾਬੰਦੀਆਂ ਨੂੰ ਲੈ ਕੇ ਅਲੋਚਨਾ ਕੀਤੀ ਗਈ।
ਇਸ ਲਈ ਕੁਝ ਆਜ਼ਾਦ ਅਤੇ ਜ਼ਮੀਨੀ ਪੱਧਰ ਦੇ ਸਮਰਥਕ ਕਲੱਬਾਂ ਦਾ ਮੰਨਣਾ ਹੈ ਕਿ ਕਤਰ ਦੀ ਫ਼ੈਨ ਲੀਡਰ ਸਕੀਮ ਸਿਰਫ਼ ਟੂਰਨਾਮੈਂਟ ਦੇ ਅਕਸ ਨੂੰ ਸਵਾਰਨ ਦੀ ਕੋਸ਼ਿਸ਼ ਹੈ।
ਫ਼ੈਨ ਸਪੋਟਰਸ ਯੂਰਪ ਦੇ ਇੱਕ ਬੋਰਡ ਮੈਂਬਰ, ਮਾਰਥਾ ਜੇਨਸ ਕਹਿੰਦੇ ਹਨ ਕਿ ਉਨ੍ਹਾਂ ਨੇ ਪਹਿਲਾਂ ਕਦੇ ਵੀ ਕਿਸੇ ਵੱਡੇ ਟੂਰਨਾਮੈਂਟ ਤੋਂ ਪਹਿਲਾਂ ਢਾਂਚੇ ਦੀ ਇਸ ਤਰ੍ਹਾਂ ਵਰਤੋਂ ਹੁੰਦੀ ਨਹੀਂ ਦੇਖੀ।
ਮਾਰਥਾ ਕਹਿੰਦੇ ਹਨ, "ਇਹ ਇੱਕ ਪ੍ਰਸ਼ੰਸਕ ਮੁਹਿੰਮ ਨਹੀਂ ਹੈ, ਇਹ ਪ੍ਰਸ਼ੰਸਕ ਧੋਖਾਧੜੀ ਹੈ। ਇਹ ਅਜੀਬ ਹੈ, ਅਸਪੱਸ਼ਟ ਹੈ ਤੇ ਸਹੀ ਨਹੀਂ ਹੈ।"
ਹਾਲਾਂਕਿ, ਸੁਪਰੀਮ ਕਮੇਟੀ ਨੇ ਸਕੀਮ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਵਿੱਚ ਕਿਹਾ “ਇਸ ਪਹਿਲਕਦਮੀ ਨੇ ਸੁਪਰੀਮ ਕਮੇਟੀ ਨੂੰ 59 ਵੱਖ-ਵੱਖ ਦੇਸ਼ਾਂ ਦੇ ਪ੍ਰਸ਼ੰਸਕਾਂ ਦੀਆਂ ਲੋੜਾਂ ਅਤੇ ਚਿੰਤਾਵਾਂ ਨੂੰ ਸਮਝਣ ਵਿੱਚ ਮਦਦ ਕੀਤੀ ਹੈ।”
"ਸਮਰਥਕ ਸਮੱਗਰੀ ਨੂੰ ਪੋਸਟ ਕਰਨ ਜਾਂ ਸਾਂਝਾ ਕਰਨ ਲਈ ਕਿਸੇ ਵੀ ਜ਼ਿੰਮੇਵਾਰੀ ਦੇ ਅਧੀਨ ਨਹੀਂ ਹਨ। ਸਾਡੇ ਮਹਿਮਾਨਾਂ ਵਜੋਂ ਕਤਰ ਆਉਣ ਵਾਲੇ ਸਾਰੇ ਪ੍ਰਸ਼ੰਸਕ ਸਵੈਇੱਛਤ ਅਤੇ ਬਗੈਰ ਕੋਈ ਪੈਸਾ ਲਿਆ ਅਜਿਹਾ ਕਰਦੇ ਹਨ।"
ਇਹ ਵੀ ਪੜ੍ਹੋੇ: