ਫੀਫਾ ਵਰਲਡ ਕੱਪ 2022: ਕਤਰ 'ਚ ਹੋ ਰਹੇ ਟੂਰਨਾਮੈਂਟ ਬਾਰੇ ਅਹਿਮ ਗੱਲਾਂ ਤੇ ਮਜ਼ਦੂਰਾਂ ਦੀ ਮੌਤ ਨਾਲ ਜੁੜੇ ਵਿਵਾਦ

ਫੁੱਟਬਾਲ ਦੇ ਫੀਫਾ ਵਰਲਡ ਕੱਪ 2022 ਦੀ ਮੇਜ਼ਬਾਨੀ ਇਸ ਵਾਰ ਕਤਰ ਕਰ ਰਿਹਾ ਹੈ।

ਇਹ ਪਹਿਲਾ ਮੌਕਾ ਹੈ ਜਦੋਂ ਫੀਫਾ ਕਿਸੇ ਮੱਧ ਏਸ਼ੀਆਈ ਦੇਸ਼ ਵਿੱਚ ਇਸ ਟੂਰਨਾਮੈਂਟ ਦਾ ਪ੍ਰਬੰਧ ਕਰ ਰਿਹਾ ਹੈ।

20 ਨਵੰਬਰ ਤੋਂ ਸ਼ੁਰੂ ਹੋ ਰਹੇ ਇਸ ਵਰਲਡ ਕੱਪ ਨੂੰ ਕੁੱਲ 28 ਦਿਨਾਂ ਤੱਕ ਖੇਡਿਆ ਜਾਵੇਗਾ।

ਇਸ ਪੂਰੇ ਟੂਰਨਾਮੈਂਟ ਦੌਰਾਨ ਕੁੱਲ 64 ਮੈਚ ਖੇਡੇ ਜਾਣਗੇ ਅਤੇ 18 ਦਸੰਬਰ ਨੂੰ ਇਸ ਦਾ ਫਾਈਨਲ ਮੁਕਾਬਲਾ ਹੋਵੇਗਾ।

ਆਓ ਇਸ ਟੂਰਨਾਮੈਂਟ ਨਾਲ ਜੁੜੀਆਂ ਵੱਡੀਆਂ ਗੱਲਾਂ ਜਾਣੀਏ...

ਫੀਫਾ ਵਰਲਡ ਕੱਪ ’ਚ ਕੁੱਲ ਕਿੰਨੇ ਦੇਸ਼ ਹਿੱਸਾ ਲੈਣਗੇ

22ਵੇਂ ਫੀਫਾ ਵਰਲਡ ਕੱਪ ਵਿੱਚ ਹਿੱਸਾ ਲੈਣ ਲਈ ਪਿਛਲੇ ਚਾਰ ਸਾਲ ਤੋਂ 210 ਟੀਮਾਂ ਕੋਸ਼ਿਸ਼ ਕਰ ਰਹੀਆਂ ਸਨ।

ਮੇਜ਼ਬਾਨ ਕਤਰ ਸਮੇਤ ਕੁੱਲ 32 ਟੀਮਾਂ ਵਰਲਡ ਕੱਪ 'ਚ ਹਿੱਸਾ ਲੈਣਗੀਆਂ।

ਇਹ ਵੀ ਪੜ੍ਹੋ-

ਫੀਫਾ ਵਰਲਡ ਕੱਪ 2022 ਦਾ ਸ਼ਡਿਊਲ ਕੀ ਹੈ

ਫੀਫਾ ਵਰਲਡ ਕੱਪ ਵਿੱਚ ਹਿੱਸਾ ਲੈਣ ਵਾਲੀਆਂ 32 ਟੀਮਾਂ ਨੂੰ ਚਾਰ-ਚਾਰ ਟੀਮਾਂ ਦੇ ਕੁੱਲ ਅੱਠ ਗਰੁੱਪਾਂ ਵਿੱਚ ਵੰਡਿਆ ਗਿਆ ਹੈ।

  • ਗਰੁੱਪ ਏ - ਕਤਰ,ਇਕੁਆਡੋਰ, ਸੈਨੇਗਲ,ਨੀਦਰਲੈਂਡ
  • ਗਰੁੱਪ ਬੀ - ਇੰਗਲੈਂਡ, ਈਰਾਨ, ਅਮਰੀਕਾ, ਵੇਲਜ਼
  • ਗਰੁੱਪ ਸੀ - ਅਰਜਨਟੀਨਾ, ਸਾਊਦੀ ਅਰਬ ,ਮੈਕਸਿਕੋ, ਪੋਲੈਂਡ
  • ਗਰੁੱਪ ਡੀ - ਫਰਾਂਸ ਡੈਨਮਾਰਕ ਟਿਊਨੇਸ਼ੀਆ ਆਸਟ੍ਰੇਲੀਆ
  • ਗਰੁੱਪ ਈ -ਸਪੇਨ ਜਰਮਨੀ ਜਪਾਨ, ਕੋਸਟਾ ਰੀਕਾ
  • ਗਰੁੱਪ ਐਫ - ਬੈਲਜੀਅਮ, ਕੈਨੇਡਾ, ਮੋਰਾਕੋ, ਕੋਸਿਆ
  • ਗਰੁੱਪ ਜੀ - ਬ੍ਰਾਜ਼ੀਲ, ਸਰਬੀਆ, ਸਵਿਟਜ਼ਰਲੈਂਡ, ਕੈਮਰੂਨ
  • ਗਰੁੱਪ ਐੱਚ -ਪੁਰਤਗਾਲ,ਘਾਨਾ, ਉਰੂਗੁਏ,ਕੋਰੀਆ, ਰੀਪਬਲਿਕ

12 ਦਿਨ ਤੱਕ ਚੱਲਣ ਵਾਲੇ ਗਰੁੱਪ ਸਟੇਜ ਦੇ ਦੌਰਾਨ ਹਰ ਦਿਨ ਚਾਰ ਮੈਚ ਖੇਡੇ ਜਾਣਗੇ।

ਹਰ ਗਰੁੱਪ ਵਿੱਚ ਉੱਪਰ ਰਹਿਣ ਵਾਲੀਆਂ ਦੋ ਟੀਮਾਂ ਆਖ਼ਰੀ 16 ਵਿੱਚ ਅੱਗੇ ਪਹੁੰਚਣਗੀਆਂ।

ਫੀਫਾ ਵਰਲਡ ਕੱਪ 2022 ਦੇ ਮੈਚ ਕਿੱਥੇ ਹੋਣਗੇ

ਆਯੋਜਕਾਂ ਦਾ ਅਨੁਮਾਨ ਹੈ ਕਿ ਇਸ ਟੂਰਨਾਮੈਂਟ ਵਿੱਚ ਤਕਰੀਬਨ 15 ਲੱਖ ਫੈਨ ਸ਼ਾਮਲ ਹੋਣਗੇ। ਹਾਲਾਂਕਿ ਦੇਸ਼ ਦੀ ਯਾਤਰਾ ਕਰਨ ਵਾਲੇ ਲੋਕਾਂ ਵਾਸਤੇ ਤਕਰੀਬਨ 1.75 ਲੱਖ ਕਮਰੇ ਹਨ।

2019 ਵਿੱਚ ਕਤਰ ਵੱਲੋਂ ਇੱਕ ਕਰੁਜ਼ ਕੰਪਨੀ ਨਾਲ ਡੀਲ ਕੀਤੀ ਗਈ ਸੀ ਜਿਸ ਦੇ ਰਾਹੀਂ ਤੈਰਦੇ ਹੋਏ ਹੋਟਲ ਤਿਆਰ ਕੀਤੇ ਜਾ ਰਹੇ ਹਨ।

ਇਸ ਟੂਰਨਾਮੈਂਟ ਵਾਸਤੇ ਕਤਰ ਵਿੱਚ ਕੁੱਲ ਅੱਠ ਸਟੇਡੀਅਮ ਤਿਆਰ ਕੀਤੇ ਗਏ ਹਨ।

ਸੱਤ ਸਟੇਡੀਅਮ ਪੂਰੀ ਤਰ੍ਹਾਂ ਨਵੇਂ ਹਨ ਜਦਕਿ ਇੱਕ ਸਟੇਡੀਅਮ ਨੂੰ ਦੁਬਾਰਾ ਬਣਾਇਆ ਗਿਆ ਹੈ।

ਇਹ ਸਾਰੇ ਸਟੇਡੀਅਮ ਇੱਕ ਦੂਜੇ ਤੋਂ ਤਕਰੀਬਨ ਇੱਕ ਘੰਟੇ ਦੀ ਡਰਾਈਵ ਅਤੇ ਵੱਧ ਤੋਂ ਵੱਧ 43 ਮੀਲ ਦੀ ਦੂਰੀ 'ਤੇ ਹਨ।

ਇਹ ਅੱਠ ਸਟੇਡੀਅਮ ਹਨ -

  • ਲੁਸੈਲ ਸਟੇਡੀਅਮ -(ਸਮਰੱਥਾ- 80,000)
  • ਅਲਬੇਤ ਸਟੇਡੀਅਮ-(ਸਮਰੱਥਾ- 60,000)
  • ਸਟੇਡੀਅਮ 974-(ਸਮਰੱਥਾ- 40,000)
  • ਖਲੀਫਾ ਇੰਟਰਨੈਸ਼ਨਲ ਸਟੇਡੀਅਮ-(ਸਮਰੱਥਾ- 45,400)
  • ਐਜੂਕੇਸ਼ਨ ਸਿਟੀ ਸਟੇਡੀਅਮ-(ਸਮਰੱਥਾ- 40,000)
  • ਅਲਥੂਗਾਮਾ ਸਟੇਡੀਅਮ-(ਸਮਰੱਥਾ- 40,000)
  • ਅਲ ਜਨੂਬ ਸਟੇਡੀਅਮ-(ਸਮਰੱਥਾ- 40,000)
  • ਅਹਿਮਦ ਬਿਨ ਅਲੀ ਸਟੇਡੀਅਮ-(ਸਮਰੱਥਾ- 40,000)

ਫੀਫਾ ਵਰਲਡ ਕੱਪ 2022 ਦਾ ਫਾਈਨਲ ਮੁਕਾਬਲਾ ਲੁਸੈਲ ਸਟੇਡੀਅਮ ਵਿਖੇ ਹੋਵੇਗਾ

ਸਰਦੀਆਂ ਵਿੱਚ ਕਿਉਂ ਹੋ ਰਿਹਾ ਹੈ ਫੀਫਾ ਵਰਲਡ ਕੱਪ

ਫੀਫਾ ਵਰਲਡ ਕੱਪ ਟੂਰਨਾਮੈਂਟ ਆਮ ਤੌਰ 'ਤੇ ਜੂਨ ਅਤੇ ਜੁਲਾਈ ਦੌਰਾਨ ਆਯੋਜਿਤ ਹੁੰਦਾ ਹੈ। ਇਸ ਸਮੇਂ ਦੌਰਾਨ ਕਤਰ ਵਿੱਚ ਔਸਤ ਤਾਪਮਾਨ ਤਕਰੀਬਨ 41 ਡਿਗਰੀ ਸੈਲਸੀਅਸ ਤੱਕ ਹੁੰਦਾ ਹੈ ਜੋ ਕਦੇ- ਕਦੇ 50 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ।

ਇਹ ਗਰਮੀ ਖ਼ਤਰਨਾਕ ਹੈ ਅਤੇ ਇਸ ਵਿੱਚ ਤਕਰੀਬਨ 90 ਮਿੰਟ ਖੇਡਣ ਬਾਰੇ ਸੋਚਿਆ ਨਹੀਂ ਜਾ ਸਕਦਾ ਹੈ। ਬੋਲੀ ਦੌਰਾਨ ਕਤਰ ਨੇ ਆਧੁਨਿਕ ਏਅਰਕੰਡੀਸ਼ਨਿੰਗ ਤਕਨੀਕ ਦਾ ਇਸਤੇਮਾਲ ਕਰਨ ਦਾ ਵਾਅਦਾ ਕੀਤਾ ਸੀ।

ਅਜਿਹਾ ਆਖਿਆ ਗਿਆ ਸੀ ਕਿ ਇਹ ਸਟੇਡੀਅਮ ਅਤੇ ਟਰੇਨਿੰਗ ਪਿੱਚ ਵਰਗੀਆਂ ਥਾਵਾਂ ਨੂੰ 23 ਡਿਗਰੀ ਸੈਲਸੀਅਸ ਤੱਕ ਠੰਡਾ ਰੱਖੇਗਾ।

2015 ਵਿੱਚ ਫੀਫਾ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਟੂਰਨਾਮੈਂਟ ਸਰਦੀਆਂ ਵਿੱਚ ਹੀ ਆਯੋਜਿਤ ਹੋਵੇਗਾ।

ਫੁੱਟਬਾਲ ਦੇ ਵਿਸ਼ਵ ਕੱਪ ਦੇ ਕੁਝ ਮੈਚ ਕਈ ਦੇਸ਼ਾਂ ਦੇ ਕਲੱਬ ਫੁੱਟਬਾਲ ਸੀਜ਼ਨ ਦੇ ਦੌਰਾਨ ਹੋਣਗੇ ਜਿਸ ਕਰਕੇ ਉਨ੍ਹਾਂ ਨੂੰ ਰੁਕਾਵਟ ਦਾ ਸਾਹਮਣਾ ਕਰਨਾ ਪਵੇਗਾ।

ਫੀਫਾ ਵਰਲਡ ਕੱਪ 2022 ਬਾਰੇ ਕੁਝ ਖਾਸ ਗੱਲਾਂ

  • 2022 ਫੀਫਾ ਵਿਸ਼ਵ ਕੱਪ ਪਹਿਲੀ ਵਾਰ ਕਿਸੇ ਮੱਧ ਏਸ਼ੀਆਈ ਦੇਸ਼ ਵਿੱਚ ਹੋਵੇਗਾ
  • ਫੀਫਾ ਵਿਸ਼ਵ ਕੱਪ ਵਿੱਚ ਕੁੱਲ 32 ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਟੀਮਾਂ ਨੂੰ 8 ਸਮੂਹਾਂ ਵਿੱਚ ਵੰਡਿਆ ਗਿਆ ਹੈ
  • ਵਿਸ਼ਵ ਕੱਪ ਲਈ ਕਤਰ ਵਿੱਚ 8 ਫੁੱਟਬਾਲ ਸਟੇਡੀਅਮ ਤਿਆਰ ਕੀਤੇ ਗਏ ਹਨ
  • ਇਨ੍ਹਾਂ ਸਟੇਡੀਅਮਾਂ ਨੂੰ ਤਿਆਰ ਕਰਨ ਦੌਰਾਨ ਕਥਿਤ ਮਨੁੱਖੀ ਅਧਿਕਾਰਾਂ ਦੇ ਹਨਨ ਕਰਕੇ ਹੀ ਇਹ ਵਿਸ਼ਵ ਕੱਪ ਵਿਵਾਦਾਂ ਵਿੱਚ ਵੀ ਹੈ
  • ਫੀਫਾ ਅਕਸਰ ਜੂਨ ਜੁਲਾਈ ਵਿੱਚ ਹੁੰਦਾ ਹੈ ਪਰ ਕਤਰ ਵਿੱਚ ਇਸ ਸਮੇਂ ਬਹੁਤ ਗਰਮੀ ਹੋਣ ਕਾਰਨ ਇਸ ਨੂੰ ਸਰਦੀਆਂ ਵਿਚ ਆਯੋਜਿਤ ਕੀਤਾ ਗਿਆ ਹੈ
  • ਮੇਜ਼ਬਾਨੀ ਲਈ ਕਤਰ ਵੱਲੋਂ ਫੀਫਾ ਨੂੰ ਰਿਸ਼ਵਤ ਦੇਣ ਦੇ ਇਲਜ਼ਾਮ ਲੱਗੇ ਪਰ ਇਸ ਬਾਰੇ ਕੋਈ ਠੋਸ ਸਬੂਤ ਨਹੀਂ ਮਿਲਿਆ

ਕਤਰ ਵਿਖੇ ਹੋ ਰਹੇ ਵਰਲਡ ਕੱਪ ਨੂੰ ਲੈ ਕੇ ਵਿਵਾਦ ਕਿਉਂ

ਇਸ ਵਾਰ ਦਾ ਫੀਫਾ ਵਰਲਡ ਕੱਪ ਹੁਣ ਤੱਕ ਦਾ ਸਭ ਤੋਂ ਵਿਵਾਦਿਤ ਵਰਲਡ ਕੱਪ ਦੱਸਿਆ ਜਾ ਰਿਹਾ ਹੈ।

ਇਹ ਸਵਾਲ ਵੀ ਚੁੱਕੇ ਗਏ ਕਿ ਕਤਰ ਨੂੰ ਇਸ ਵਰਲਡ ਕੱਪ ਦੀ ਮੇਜ਼ਬਾਨੀ ਕਿਵੇਂ ਹਾਸਿਲ ਹੋਈ, ਸਟੇਡੀਅਮ ਬਣਾਉਣ ਵਾਲੇ ਮਜ਼ਦੂਰਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਹੋ ਰਿਹਾ ਹੈ ਅਤੇ ਕੀ ਇਹ ਜਗ੍ਹਾ ਹੁਣ ਵਰਲਡ ਕੱਪ ਲਈ ਸਹੀ ਹੈ।

ਇਸ ਪ੍ਰੋਜੈਕਟ ਨਾਲ ਜੁੜੇ ਹੋਏ ਤਕਰੀਬਨ 30,000 ਪਰਵਾਸੀ ਮਜ਼ਦੂਰਾਂ ਦੇ ਨਾਲ ਕੀਤੇ ਜਾ ਰਹੇ ਵਿਹਾਰ ਨੂੰ ਲੈ ਕੇ ਵੀ ਅਲੋਚਨਾ ਹੋਈ ਹੈ।

ਸਾਲ 2016 ਵਿੱਚ ਮਾਨਵ ਅਧਿਕਾਰ ਸਮੂਹ ਅਮਨੈਸਟੀ ਇੰਟਰਨੈਸ਼ਨਲ ਨੇ ਕਤਰ ਉੱਪਰ ਜ਼ਬਰਦਸਤੀ ਮਜ਼ਦੂਰਾਂ ਤੋਂ ਕੰਮ ਕਰਵਾਉਣ ਦੇ ਇਲਜ਼ਾਮ ਲਗਾਏ ਸਨ।

ਇਨ੍ਹਾਂ ਇਲਜ਼ਾਮਾਂ ਵਿੱਚ ਆਖਿਆ ਗਿਆ ਕਿ ਬਹੁਤ ਸਾਰੇ ਮਜ਼ਦੂਰਾਂ ਨੂੰ ਖਰਾਬ ਤਰੀਕੇ ਨਾਲ ਰੱਖਿਆ ਜਾਂਦਾ ਹੈ ਜਿੱਥੇ ਉਨ੍ਹਾਂ ਦੇ ਘਰ ਰਹਿਣ ਲਾਇਕ ਨਹੀਂ ਹੁੰਦੇ।

ਉਨ੍ਹਾਂ ਉੱਪਰ ਭਾਰੀ ਭਰਕਮ ਰਿਕਰੂਟਮੈਂਟ ਫੀਸ ਲਗਾਈ ਗਈ ਸੀ ਅਤੇ ਮਜ਼ਦੂਰੀ ਨੂੰ ਰੋਕ ਦਿੱਤਾ ਗਿਆ ਸੀ।

ਇਲਜ਼ਾਮਾਂ ਵਿੱਚ ਆਖਿਆ ਗਿਆ ਕਿ ਕਈ ਮਜ਼ਦੂਰਾਂ ਦੇ ਪਾਸਪੋਰਟ ਵੀ ਜ਼ਬਤ ਕਰ ਲਏ ਗਏ ਸਨ।

2017 ਵਿੱਚ ਸਰਕਾਰ ਨੇ ਪਰਵਾਸੀ ਮਜ਼ਦੂਰਾਂ ਨੂੰ ਗਰਮੀ ਵਿੱਚ ਕੰਮ ਕਰਨ ਤੋਂ ਬਚਾਉਣ ਲਈ ਉਨ੍ਹਾਂ ਦੇ ਕੰਮ ਦੇ ਘੰਟਿਆਂ ਨੂੰ ਸੀਮਤ ਕਰਨ ਅਤੇ ਕੈਂਪਾਂ ਵਿੱਚ ਰਹਿਣ ਲਈ ਵਿਸ਼ੇਸ਼ ਸੁਵਿਧਾਵਾਂ ਨੂੰ ਠੀਕ ਕਰਨ ਦੀ ਸ਼ੁਰੂਆਤ ਕੀਤੀ।

ਹਾਲਾਂਕਿ ਹਿਊਮਨ ਰਾਈਟ ਵਾਚ ਦੀ 2021 ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਪਰਵਾਸੀ ਮਜ਼ਦੂਰ ਹੁਣ ਵੀ ਤਨਖ਼ਾਹ ਵਿੱਚ ਗ਼ੈਰਕਾਨੂੰਨੀ ਤਰੀਕੇ ਦੀ ਕਟੌਤੀ ਝੱਲ ਰਹੇ ਹਨ।

ਇਸ ਦੇ ਨਾਲ ਹੀ ਦਿਨ ਭਰ ਵਿੱਚ ਕਈ ਘੰਟੇ ਕੰਮ ਕਰਨ ਦੇ ਬਾਵਜੂਦ ਕਈ ਮਹੀਨੇ ਤੱਕ ਬਿਨਾਂ ਤਨਖਾਹ ਤੋਂ ਕੰਮ ਕਰਨ ਲਈ ਮਜਬੂਰ ਸਨ।

ਫਰਵਰੀ 2021 ਵਿੱਚ ਗਾਰਡੀਅਨ ਅਖ਼ਬਾਰ ਨੇ ਆਖਿਆ ਸੀ ਕਿ ਕਤਰ ਨੇ ਜਦੋਂ ਵਰਲਡ ਕੱਪ ਲਈ ਬੋਲੀ ਜਿੱਤੀ ਸੀ ਉਸ ਸਮੇਂ ਤੋਂ ਲੈ ਕੇ ਭਾਰਤ,ਪਾਕਿਸਤਾਨ,ਨੇਪਾਲ,ਬੰਗਲਾਦੇਸ਼ ਅਤੇ ਸ੍ਰੀਲੰਕਾ ਦੇ ਤਕਰੀਬਨ 6500 ਕਾਮਿਆਂ ਦੀ ਮੌਤ ਹੋ ਚੁੱਕੀ ਹੈ।

ਕਾਮਿਆਂ ਦੇ ਅਧਿਕਾਰਾਂ ਨਾਲ ਸਬੰਧਤ ਸਮੂਹ ਫੇਅਰ ਸਕੁਏਅਰ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਵਿੱਚ ਕਈ ਵਰਲਡ ਕੱਪ ਇੰਫਰਾਸਟਰੱਕਚਰ ਪ੍ਰਾਜੈਕਟ 'ਚ ਕੰਮ ਕਰ ਰਹੇ ਸਨ।

ਕਤਰ ਸਰਕਾਰ ਦਾ ਕਹਿਣਾ ਹੈ ਕਿ ਇਹ ਅੰਕੜੇ ਬਹੁਤ ਵੱਧ ਦੱਸੇ ਜਾ ਰਹੇ ਹਨ ਕਿਉਂਕਿ ਇਨ੍ਹਾਂ ਵਿੱਚ ਹਜ਼ਾਰਾਂ ਅਜਿਹੇ ਲੋਕ ਸ਼ਾਮਿਲ ਹਨ ਜੋ ਕਤਰ ਵਿੱਚ ਕਈ ਸਾਲਾਂ ਤੱਕ ਰਹਿਣ ਅਤੇ ਕੰਮ ਕਰਨ ਤੋਂ ਬਾਅਦ ਮੌਤ ਦਾ ਸ਼ਿਕਾਰ ਹੋਏ ਹਨ।

ਸਰਕਾਰ ਦੇ ਮੁਤਾਬਕ ਇਨ੍ਹਾਂ ਵਿੱਚੋਂ ਕਈ ਲੋਕ ਭਵਨ ਨਿਰਮਾਣ ਸੈਕਟਰ ਵਿੱਚ ਨੌਕਰੀ ਨਹੀਂ ਕਰ ਰਹੇ ਸਨ।

ਕਤਰ ਦਾ ਕਹਿਣਾ ਹੈ ਕਿ 2014-2020 ਦਰਮਿਆਨ ਵਰਲਡ ਕੱਪ ਸਟੇਡੀਅਮ ਬਣਾਉਣ ਵਾਲੇ ਮਜ਼ਦੂਰਾਂ ਵਿਚੋਂ 37 ਦੀ ਮੌਤ ਗਈ ਸੀ। ਦੱਸਿਆ ਗਿਆ ਕਿ ਇਨ੍ਹਾਂ ਵਿੱਚੋਂ 34 ਮੌਤਾਂ ਕੰਮ ਕਰਕੇ ਨਹੀਂ ਹੋਈਆਂ ਸਨ।

ਸਮਲਿੰਗੀ ਲੋਕਾਂ ਵਿੱਚ ਵੀ ਫਿਕਰਾਂ

ਸਮਲਿੰਗ ਵਿਅਕਤੀਆਂ ਬਾਰੇ ਵੀ ਕਤਰ ਵਿੱਚ ਖਦਸ਼ੇ ਪ੍ਰਗਟਾਏ ਜਾ ਰਹੇ ਹਨ। ਕਤਰ ਵਿੱਚ ਸਖ਼ਤੀ ਨਾਲ ਸ਼ਰੀਆ ਕਾਨੂੰਨ ਲਾਗੂ ਹੈ ਜਿਸ ਅਨੁਸਾਰ ਸਮਲਿੰਗਤਾ ਗੈਰ-ਕਾਨੂੰਨੀ ਹੈ।

ਫੀਫਾ ਨਾਲ ਕੰਮ ਕਰਨ ਵਾਲੀਆਂ ਜਥੇਬੰਦੀਆਂ ਮੰਨ ਰਹੀਆਂ ਕਿ ਇਸ ਬਾਰੇ ਹੌਲੀ ਕੰਮ ਹੋ ਰਿਹਾ ਹੈ ਤੇ ਉਨ੍ਹਾਂ ਦੀਆਂ ਫਿਕਰਾਂ ਅਜੇ ਵੀ ਕਾਇਮ ਹਨ।

ਕਤਰ ਨੂੰ ਫੀਫਾ ਵਰਲਡ ਕੱਪ 2022 ਦੀ ਮੇਜ਼ਬਾਨੀ ਕਿਵੇਂ ਮਿਲੀ

ਸਾਲ 2010 ਵਿੱਚ ਜਦੋਂ ਫੀਫਾ ਨੇ ਕਤਰ ਲਈ ਮੇਜ਼ਬਾਨੀ ਦਾ ਐਲਾਨ ਕੀਤਾ ਤਾਂ ਉਸ ਸਮੇਂ ਤੋਂ ਹੀ ਇਹ ਵਿਸ਼ਵ ਕੱਪ ਵਿਵਾਦਾਂ ਵਿੱਚ ਹੈ।

ਕਤਰ ਨੇ ਅਮਰੀਕਾ,ਆਸਟ੍ਰੇਲੀਆ,ਦੱਖਣੀ ਕੋਰੀਆ ਤੇ ਜਾਪਾਨ ਵਰਗੇ ਦੇਸ਼ਾਂ ਨੂੰ ਪਿੱਛੇ ਛੱਡ ਕੇ ਇਹ ਮੇਜ਼ਬਾਨੀ ਹਾਸਲ ਕੀਤੀ ਸੀ। ਇਹ ਐਲਾਨ ਕਈਆਂ ਵਾਸਤੇ ਝਟਕੇ ਵਰਗਾ ਸੀ।

ਇਹ ਇਲਜ਼ਾਮ ਵੀ ਲੱਗੇ ਸਨ ਕਿ ਕਤਰ ਨੇ ਇਸ ਮੇਜ਼ਬਾਨੀ ਲਈ ਫੀਫਾ ਦੇ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ ਹੈ। ਬਾਅਦ ਵਿੱਚ ਫੀਫਾ ਵੱਲੋਂ ਇਨ੍ਹਾਂ ਇਲਜ਼ਾਮਾਂ ਦੀ ਜਾਂਚ ਕਰਵਾਈ ਗਈ ਜਿਸ ਵਿੱਚ ਕੋਈ ਠੋਸ ਸਬੂਤ ਨਹੀਂ ਮਿਲੇ।

ਕਤਰ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਸੀ ਕੀ ਉਨ੍ਹਾਂ ਨੇ ਵੋਟਾਂ ਖਰੀਦੀਆਂ ਹਨ ਪਰ ਫਰਾਂਸੀਸੀ ਅਧਿਕਾਰੀਆਂ ਵੱਲੋਂ ਸ਼ੁਰੂ ਕੀਤੀ ਗਈ ਜਾਂਚ ਵਿੱਚ ਹੁਣ ਤੱਕ ਜਾਰੀ ਹੈ। ਸਾਲ 2020 ਵਿੱਚ ਅਮਰੀਕਾ ਨੇ ਫੀਫਾ ਦੇ ਤਿੰਨ ਅਧਿਕਾਰੀਆਂ ਉੱਤੇ ਪੈਸੇ ਲੈਣ ਦੇ ਇਲਜ਼ਾਮ ਲਗਾਏ ਸਨ।

ਫੀਫਾ ਵਰਲਡ ਕੱਪ 2018 ਦੀ ਜੇਤੂ ਅਤੇ ਉਪ ਜੇਤੂ ਕੌਣ ਸਨ

2018 ਫੀਫਾ ਵਰਲਡ ਕੱਪ ਦਾ ਖ਼ਿਤਾਬ ਫਰਾਂਸ ਨੇ ਜਿੱਤਿਆ ਸੀ। ਰੂਸ ਵਿੱਚ ਹੋਏ ਇਸ ਟੂਰਨਾਮੈਂਟ ਦੇ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਫਰਾਂਸ ਨੇ ਕਰੋਏਸ਼ੀਆ ਨੂੰ 4-2 ਗੋਲ ਨਾਲ ਹਰਾਇਆ ਸੀ।

ਇਹ ਦੂਜਾ ਮੌਕਾ ਸੀ ਜਦੋਂ ਫਰਾਂਸ ਦੀ ਟੀਮ ਨੇ ਵਰਲਡ ਕੱਪ ਖ਼ਿਤਾਬ ਜਿੱਤਿਆ ਸੀ।

ਫੀਫਾ ਦੀ ਰੈਂਕਿੰਗ ਵਿੱਚ ਟੌਪ-10 ਟੀਮਾਂ ਕਿਹੜੀਆਂ ਹਨ..

  • ਬ੍ਰਾਜ਼ੀਲ
  • ਬੈਲਜੀਅਮ
  • ਫਰਾਂਸ
  • ਅਰਜਨਟੀਨਾ
  • ਇੰਗਲੈਂਡ
  • ਇਟਲੀ
  • ਸਪੇਨ
  • ਪੁਰਤਗਾਲ
  • ਮੈਕਸੀਕੋ
  • ਨੀਦਰਲੈਂਡ

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)