ਫੀਫਾ ਵਿਸ਼ਵ ਕੱਪ: ਅਰਜਨਟੀਨਾ ਦਾ ਨਾਤਜ਼ਰਬੇਕਾਰ ਕੋਚ, ਜਿਸ ਨੂੰ ਮੈਰਾਡੋਨਾ ਪਸੰਦ ਨਹੀਂ ਕਰਦੇ ਸੀ, ਨੇ ਕਿਵੇਂ ਖੜੀ ਕੀਤੀ ਵਿਸ਼ਵ ਜੇਤੂ ਟੀਮ

ਅਰਜਨਟੀਨਾ ਦੀ ਟੀਮ ਨੂੰ ਵਿਸ਼ਵ ਕੱਪ ਖਿਡਾਉਣ ਵਾਲਾ ਨਾਤਜ਼ਰਬੇਕਾਰ ਕੋਚ ਲਿਓਨਲ ਸਕਾਲੋਨੀ, ਸਟਾਰ ਫੁੱਟਬਾਲ ਖਿਡਾਰੀ ਮੈਰਾਡੋਨਾ ਪਸੰਦ ਨਹੀਂ ਕਰਦੇ ਸੀ।

ਪਰ ਹੁਣ ਹਰ ਪਾਸੇ ਉਨ੍ਹਾਂ ਦੇ ਹੀ ਨਾਂ ਦੀ ਚਰਚਾ ਚੱਲ ਰਹੀ ਹੈ।

ਅਸਲ ਵਿਚ ਅਰਜਨਟੀਨਾ ਨੇ ਕਤਰ ਦੇ ਫੀਫਾ 2022 ਵਿਚ ਫਰਾਂਸ ਨੂੰ ਹਰਾ ਕੇ 36 ਸਾਲ ਬਾਅਦ ਵਿਸ਼ਵ ਕੱਪ ਜਿੱਤਿਆ ਹੈ।

ਇਸ ਦਾ ਸਿਹਰਾ ਕਪਤਾਨ ਲਿਓਨਲ ਮੈਸੀ ਦੇ ਸਿਰ ਗਿਆ ਤਾਂ ਖੇਡ ਪ੍ਰਸ਼ੰਸਕਾਂ ਤੇ ਮਾਹਰਾਂ ਨੇ ਨਾਲ ਹੀ ਇੱਕ ਹੋਰ ਨਾਮ ਲਿਆ, ਉਹ ਟੀਮ ਦੇ ਕੋਚ ਲਿਓਨਲ ਸਕਾਲੋਨੀ।

ਦੋਵੇਂ ਲਿਓਨਲ ਇਤਿਹਾਸ ਰਚਨ ’ਚ ਕਾਮਯਾਬ ਰਹੇ। ਇਸ ਜੋੜੀ ਨੇ ਅਰਜਨਟੀਨਾ ਦੀ ਕਤਰ ਵਿਸ਼ਵ ਕੱਪ ਜਿੱਤਣ ਲਈ ਅਗਵਾਈ ਕੀਤੀ।

ਅਰਜਨਟੀਨਾ ਦੀ ਟੀਮ ਨੂੰ ਖਿਡਾਰੀਆਂ ਤੇ ਕੋਚ ਵਿਚਲੀ ਸਾਂਝ ਕਰਕੇ ਸਰਾਹਿਆ ਗਿਆ।

ਟੀਮ ਨੂੰ ਦਬਾਅ ’ਚੋਂ ਕੱਢਣ ਦੀ ਕਲਾ

ਅਰਜਨਟੀਨਾ ਨੇ ਐਤਵਾਰ ਨੂੰ ਹੋਏ ਵਿਸ਼ਵ ਕੱਪ ਦੇ ਫਾਇਨਲ ਮੈਂਚ ਵਿਚ ਪਨੈਲਟੀ ਸ਼ੂਟ ਆਉਟ ਵਿੱਚ 4-2 ਨਾਲ ਫ਼ਰਾਂਸ ਨੂੰ ਹਰਾ ਕੇ ਆਪਣੇ ਨਾਮ ਵੱਕਾਰੀ ਕੱਪ ਕੀਤਾ ਸੀ। ਪਰ ਇਹ ਕਹਾਣੀ ਲਿਖਣੀ ਸੌਖੀ ਨਹੀਂ ਸੀ।

ਅਰਜਨਟੀਨਾ ਦੀ ਟੀਮ ਨੇ ਮੈਚ ਦੌਰਾਨ ਦੋ ਵਾਰ ਦਬਾਅ ਤੇ ਤਣਾਅ ਮਹਿਸੂਸ ਕੀਤਾ, ਜੋ ਕਿਸੇ ਵੀ ਮੈਚ ਜਾਂ ਖਿਡਾਰੀ ਲਈ ਘਾਤਕ ਹੋ ਸਕਦਾ ਹੈ।

ਇੱਕ ਵਾਰ ਉਦੋਂ ਜਦ ਫ਼ਰਾਂਸ ਦੇ ਐਮਬਾਪੇ ਨੇ, ਦੋ ਗੋਲ ਦਾਗ਼ ਕੇ ਆਪਣੀ ਟੀਮ ਨੂੰ ਅਰਜਨਟੀਨਾ ਦੇ ਬਰਾਬਰ ਲਿਆ ਖੜਾ ਕੀਤਾ। ਦੂਜੀ ਵਾਰ ਵਾਧੂ ਸਮੇਂ ਦੌਰਾਨ ਹੋਏ ਫ਼ਰਾਂਸ ਦੇ ਗੋਲ ਸਮੇਂ।

ਅਜਿਹੀ ਸਥਿਤੀ ਵਿੱਚ ਸਕਾਲੋਨੀ ਹੀ ਜਾਣਦੇ ਸਨ ਕਿ ਟੀਮ ਨੂੰ ਹਿੰਮਤ ਹਾਰਨ ਤੋਂ ਕਿਵੇਂ ਬਚਾਉਣਾ ਹੈ ਤੇ ਮੈਸੀ ਤੇ ਅਰਜਨਟੀਨਾ ਦਾ ਸੁਫ਼ਨਾ ਪੂਰਾ ਕਿਵੇਂ ਕਰਨਾ ਹੈ।

ਉਨ੍ਹਾਂ ਟੀਮ ਦਾ ਮਾਰਗਦਰਸ਼ਨ ਕਰਦਿਆਂ ਅਰਜਨਟੀਨਾ ਨੂੰ ਪਨੈਲਟੀ ਸ਼ੂਟ-ਅਉਟ ਵਿੱਚ ਆਪਣੀ ਚੰਗੀ ਖੇਡ ਦਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਆ। ਜਿਸਦਾ ਨਤੀਜਾ ਦੁਨੀਆ ਨੇ ਦੇਖਿਆ।

ਫ਼ਾਈਨਲ ਲਈ ਕੋਚ ਦੀ ਰਣਨੀਤੀ

44 ਸਾਲਾ ਕੋਚ ਦੀ ਰਣਨੀਤੀ ਕਮਾਲ ਦੀ ਸੀ। ਉਨ੍ਹਾਂ ਨੇ 80 ਮਿੰਟਾਂ ਤੱਕ ਫਰਾਂਸ ਨੂੰ ਰੋਕੀ ਰੱਖਿਆ।

ਫ਼ਿਰ ਫ਼ਰਾਂਸ ਦੇ ਕੈਲੀਅਨ ਐਮਬਾਪੇ ਦੀ ਜਾਦੂਈ ਖੇਡ ਦੇਖਣ ਨੂੰ ਮਿਲੀ ਤੇ ਉਨ੍ਹਾਂ ਫ਼ਰਾਂਸ ਨੂੰ ਅਰਜਨਟੀਨਾ ਦੇ ਬਰਾਬਰ ਲਿਆ ਖੜਾ ਕੀਤਾ।

ਅਰਜਨਟੀਨਾ ਦੀ ਟੀਮ ਦਾ ਆਤਮਵਿਸ਼ਵਾਸ ਕੁੱਝ ਹਿੱਲਿਆ, ਕਈ ਖਿਡਾਰੀਆਂ ਦਾ ਦਿਲ ਡੋਲਿਆ ਤੇ ਅਜਿਹੇ ਪਲਾਂ ਵਿੱਚ ਜਦੋਂ ਕੋਈ ਖਿਡਾਰੀ ਜਵਾਬ ਭਾਲਦਾ ਹੈ, ਹੌਸਲਾ ਲੱਭਦਾ ਹੈ ਸਕਾਲੋਨੀ ਉੱਥੇ ਮੌਜੂਦ ਸਨ, ਟੀਮ ਨੂੰ ਮੁੜ ਖੜਾ ਕਰਨ ਲਈ।

ਜਦੋ ਮੈਸੀ ਆਪਣੀ ਜ਼ਿੰਦਗੀ ਦਾ ਬਹਿਤਰੀਨ ਵਿਸ਼ਵ ਕੱਪ ਖੇਡ ਰਹੇ ਸਨ, ਸਕਾਲੋਨੀ ਟੀਮ ਦਾ ਸੰਤੁਲਣ ਬਣਾਉਣ ਵਿੱਚ ਲੱਗੇ ਸਨ ਤੇ ਦੋਵੇਂ ਆਪੋ ਆਪਣੇ ਕੰਮਾਂ ਵਿੱਚ ਸਫ਼ਲ ਰਹੇ।

ਤਜ਼ਰਬੇ ਦੀ ਘਾਟ ਤੇ ਦਰਮਿਆਨਾ ਖਿਡਾਰੀ

ਕਤਰ ਵਿੱਚ ਜਿੱਤ ਹਾਸਿਲ ਹੋਣ ਤੋਂ ਬਾਅਦ ਅਰਟਨਟੀਨਾ ਦੇ ਕੋਚ ਦਾ ਗੁਣਗਾਣ ਗਾਇਆ ਜਾਣਾ ਸ਼ੁਰੂ ਹੋ ਗਿਆ।

ਇੱਕ ਅਜਿਹਾ ਕੋਚ ਜਿਸ ਕੋਲ ਤਜ਼ਰਬੇ ਦੀ ਘਾਟ ਸੀ ਤੇ ਡਿਏਗੋ ਮੈਰਾਡੋਨਾ ਨੂੰ ਨਾਪਸੰਦ ਸੀ।

ਇੱਕ ਫ਼ੁੱਟਬਾਲ ਖਿਡਾਰੀ, ਜਿਸ ਦਾ ਭਵਿੱਖ ਅਨਿਸ਼ਚਿਤਤਾ ਨਾਲ ਭਰਿਆ ਸੀ।

ਸਕਾਲੋਨੀ ਨੂੰ ਖਿਡਾਰੀ ਵਜੋਂ ਸੇਵਾਮੁਕਤ ਹੋਇਆਂ ਇੱਕ ਸਾਲ ਹੋ ਚੁੱਕਾ ਸੀ ਤੇ ਉਨ੍ਹਾਂ ਦੇ ਅੰਦਰਲਾ ਖਾਲੀਪਨ ਸਪੱਸ਼ਟ ਤੌਰ ’ਤੇ ਮਹਿਸੂਸ ਕੀਤਾ ਜਾ ਸਕਦਾ ਸੀ।

ਉਨ੍ਹਾਂ ਦੀ ਭਵਿੱਖ ਪ੍ਰਤੀ ਚਿੰਤਾ ਨੂੰ ਨਜ਼ਰਅੰਦਾਜ ਨਹੀਂ ਸੀ ਕੀਤਾ ਜਾ ਸਕਦਾ।

ਸਾਲ 2016 ਦੀ ਗੱਲ ਹੈ, ਜਦੋਂ ਸਾਬਕਾ ਫੁੱਟਬਾਲ ਖਿਡਾਰੀ ਨੇ ਨੇੜਲੇ ਇੱਕ ਕਲੱਬ ਵਿੱਚ ਬੱਚਿਆਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ।

ਵਿਸ਼ਵ ਕੱਪ ਲਈ ਕੋਚ ਚੁਣੇ ਜਾਣਾ

ਜਿਸ ਸਮੇਂ ਸਕਾਲੋਨੀ ਬੱਚਿਆਂ ਨੂੰ ਟਰੇਨਿੰਗ ਦੇ ਰਹੇ ਸਨ, ਉਨ੍ਹਾਂ ਦੇ ਹਮਵਤਨ ਜੌਰਜ ਸੈਂਪਾਓਲੀ ਜੋ ਉਸ ਸਮੇਂ ਸੇਵਿਲਾ ਦੇ ਮੈਨੇਜਰ ਸਨ, ਨੂੰ ਸਕਾਲੋਨੀ ਵਿੱਚ ਇੱਕ ਚੰਗੇ ਕੋਚ ਦੀਆਂ ਸੰਭਾਵਨਾਵਾਂ ਨਜ਼ਰ ਆਈਆ।

ਉਨ੍ਹਾਂ ਨੇ ਸਕਾਲੋਨੀ ਨੂੰ ਜੂਨੀਅਰ ਖਿਡਾਰੀਆਂ ਦੀ ਸਿਖਲਾਈ ਲਈ ਚੁਣਿਆ ਗਿਆ।

ਸਕਾਲੋਨੀ ਅਰਜਨਟੀਨਾ ਫ਼ੁੱਟਬਾਲ ਐਸੋਸੀਏਸਨ (ਏਐੱਫ਼ਏ) ਲਈ ਕੰਮ ਕਰਦੇ ਸਨ ਤੇ ਉਹ ਵਿਸ਼ਵ ਕੱਪ ਲਈ ਤੀਜੇ ਕੋਚ ਵਜੋਂ ਵੀ ਸੇਵਾਵਾਂ ਨਿਭਾ ਰਹੇ ਸਨ।

ਐਸੋਸੀਏਸ਼ਨ ਨਵੇਂ ਕੋਚ ਦੀ ਭਾਲ ਵਿੱਚ ਸੀ ਕਿਉਂਕਿ ਅਰਜਨਟੀਨਾ ਦੀ ਟੀਮ 2018 ਵਿੱਚ ਰੂਸ ’ਚ ਚੰਗਾ ਪ੍ਰਦਰਸ਼ਨ ਨਹੀਂ ਸੀ ਕਰ ਸਕੀ।

ਕੋਚ ਤੇ ਖਿਡਾਰੀਆਂ ਦਰਮਿਆਨ ਮਤਭੇਦ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ।

ਇਸ ਸਭ ਦੇ ਚਲਦਿਆਂ ਜੌਰਜ ਸੈਂਪਾਓਲੀ ਦੇ ਕਹਿਣ ’ਤੇ ਸਕਾਲੋਨੀ ਨੂੰ ਨਵਾਂ ਕੋਚ ਨਿਯੁਕਤ ਕੀਤਾ ਗਿਆ।

ਅਲੋਚਨਾ ਨੂੰ ਚੁੱਪ ਚਪੀਤੇ ਸੁਣਨਾ

ਸਕਾਲੋਨੀ ਦੀ ਨਿਯੁਕਤੀ ਨੂੰ ਅਲੋਚਨਾ ਦਾ ਸਾਹਮਣਾ ਕਰਨਾ ਪਿਆ।

ਅਲੋਚਕਾਂ ਦਾ ਕਹਿਣਾ ਸੀ ਕਿ ਇੱਕ ਨਾਤਜ਼ਰਬੇਕਾਰ ਕੋਚ ਤੇ ਅਸਫ਼ਲ ਖਿਡਾਰੀ ਕਿਵੇਂ ਅਰਜਨਟੀਨਾ ਦੀ ਟੀਮ ਨੂੰ ਸਿਖਲਾਈ ਦੇ ਸਕਦਾ ਹੈ।

ਉਸ ਸਮੇਂ ਮਹਾਨ ਫ਼ੁੱਟਬਾਲ ਖਿਡਾਰੀ ਡਿਏਗੋ ਮੈਰਾਡੋਨਾ ਨੇ ਵੀ ਆਪਣੀ ਨਾਪਸੰਦੀ ਜ਼ਾਹਰ ਕੀਤੀ।

ਮੈਰਾਡੋਨਾ ਨੇ ਕਿਹਾ ਸੀ ਕਿ ਅਜਿਹੀ ਕੋਚਿੰਗ ਨਾਲ ਅਰਜਨਟੀਨਾ ਦੀ ਟੀਮ ਮੋਟਰ ਸਾਈਕਲਿੰਗ ਦੇ ਵਿਸ਼ਵ ਕੱਪ ’ਚ ਤਾਂ ਜਾ ਸਕਦਾ ਹੈ ਪਰ ਫ਼ੁੱਟਬਾਲ ਵਿਸ਼ਵ ਕੱਪ ਔਖਾ ਹੋਵੇਗਾ।

ਮੈਰਾਡੋਨਾ ਨੇ ਕਿਹਾ,"ਸਕਾਲੋਨੀ ਇੱਕ ਵਧੀਆਂ ਮੁੰਡਾ ਹੈ, ਪਰ ਉਹ ਟ੍ਰੈਫਿਕ ਨੂੰ ਸਹੀ ਨਹੀਂ ਚਲਾ ਸਕਦਾ।"

ਸਕਾਲੋਨੀ ਨੇ ਆਪਣੇ ਪੈਰ ਜ਼ਮੀਨ 'ਤੇ ਹੀ ਰੱਖੇ ਤੇ ਅਚਲੋਕਾਂ ਨੂੰ ਜਵਾਬ ਨਾ ਦੇਣ ਦਾ ਫ਼ੈਸਲਾ ਲਿਆ।

ਉਨ੍ਹਾਂ ਚੁੱਪ ਚਪੀਤੇ ਸਾਰੇ ਪੱਖ ਸੁਣੇ ਤੇ ਕੋਈ ਵੀ ਮੋੜਵਾਂ ਜਵਾਬ ਨਾ ਦਿੱਤਾ।

ਉਹ ਆਪਣੇ ਤਜ਼ਰਬੇ ਦੇ ਘਾਟ ਬਾਰੇ ਚੱਲ ਰਹੀ ਬਹਿਸ ਦਾ ਹਿੱਸਾ ਵੀ ਨਾ ਬਣੇ, ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਜਿਹੜੇ ਦੋ ਸਾਲ ਉਨ੍ਹਾਂ ਬੱਚਿਆਂ ਨੂੰ ਸਿਖਲਾਈ ਦਿੱਤੀ ਉਸ ਨੇ ਖੇਡ ਸਿਖਾਉਣ ਬਾਰੇ ਉਨ੍ਹਾਂ ਦੀ ਪਹੁੰਚ ਨੂੰ ਪੁਖ਼ਤਾ ਕੀਤਾ ਸੀ।

ਅਰਜਨਟੀਨਾ ਫ਼ੁੱਟਬਾਲ ਨੂੰ ਮੁੜ ਲੀਹ ’ਤੇ ਪਾਉਣਾ

ਉਨ੍ਹਾਂ ਆਪਣਾ ਕੰਮ ਕੀਤਾ ਤੇ ਬ੍ਰਾਜ਼ੀਲ ਵਿੱਚ ਹੋਏ ਕੋਪਾ ਅਮਰੀਕਾ 2021 ਵਿੱਚ ਅਰਜਨਟੀਨਾ ਦੀ ਟੀਮ ਦਾ ਪ੍ਰਦਰਸ਼ਨ ਬਹੁਤ ਚੰਗਾ ਰਿਹਾ।

ਇਸ ਮੌਕੇ ਟੀਮ ਨੂੰ ‘ਸਕੈਲੋਨੈਟਾ’ ਨਾਮ ਦਿੱਤਾ ਗਿਆ, ਜੋ ਬਾਅਦ ਵਿੱਚ ਆਮ ਜਾਣਿਆ ਜਾਣ ਲੱਗਿਆ।

ਉਨ੍ਹਾਂ ਟੀਮ ਨੂੰ ਫਾਈਨਲ ਤੱਕ ਪਹੁੰਚਾਇਆ ਅਤੇ ਮੇਜ਼ਬਾਨ ਅਤੇ ਮੁੱਖ ਵਿਰੋਧੀ ਬ੍ਰਾਜ਼ੀਲ ਦੇ ਖਿਲਾਫ਼ ਜਿੱਤ ਦਰਜ ਕਰਵਾਈ।

ਅਜਿਹਾ 28 ਸਾਲਾਂ ਬਾਅਦ ਹੋ ਸਕਿਆ ਸੀ।

ਕਤਰ 2022 ਲਈ ਕੁਆਲੀਫਾਇੰਗ ਗੇੜ ਵਿੱਚ, ਅਰਜਨਟੀਨਾ ਟੀਮ ਆਪਣੇ ਪਿਛਲੇ ਸਾਲਾਂ ਦੇ ਮਾੜੇ ਪ੍ਰਦਰਸ਼ਨ ਨੂੰ ਭੁਲਾਉਣ ਵਿੱਚ ਕਾਮਯਾਬ ਰਹੀ।

ਤੇ ਇਨ੍ਹਾਂ ਮੁਕਾਬਲਿਆਂ ਵਿੱਚ 11 ਜਿੱਤੇ, ਛੇ ਡਰਾਅ ਰਹੇ।

ਅਤੀਤ ਵਿੱਚ ਜੋ ਵੀ ਹੋਇਆ ਉਸ ਦੇ ਉਲਟ, ਮੈਸੀ ਤੇ ਉਸ ਦਾ ਸਾਥੀ ਕੋਚ ਅਰਜਨਟੀਨਾ ਨੂੰ ਵਿਸ਼ਵ ਕੱਪ ਵਿੱਚ ਜਿੱਤ ਦਰਜ ਕਰਵਾਉਣ ਤੱਕ ਲੈ ਆਏ।

ਅਜਿਹਾ ਟੀਮ ਤੇ ਪ੍ਰਸ਼ੰਸਕਾ ਦੇ ਆਪਣੇ ਕੋਚ 'ਤੇ ਬੇਅੰਤ ਵਿਸ਼ਵਾਸ ਕਰਨ ਨਾਲ ਹੀ ਸੰਭਵ ਹੋ ਸਕਿਆ ਤੇ ਅਰਜਨਟੀਨਾ ਨੇ 1986 ਵਾਲੀ ਜਿੱਤ ਦੁਹਰਾਈ।

ਸਨਾਲੋਕੀ ਵਿੱਚ ਟੀਮ ਦਾ ਵਿਸ਼ਵਾਸ

ਰੌਡਰਿਗੋ ਡਿ ਪੌਲ ਤੇ ਉਸ ਦੇ ਹੋਰ ਸਾਥੀ ਵਿਸ਼ਵ ਕੱਪ ਫ਼ਾਈਨਲ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਦੱਸ ਚੁੱਕੇ ਸਨ ਕਿ ਉਨ੍ਹਾਂ ਨੂੰ ਆਪਣੇ ਕੋਚ ’ਤੇ ਕਿੰਨਾਂ ਭਰੋਸਾ ਹੈ।

ਪੌਲ ਨੇ ਕਿਹਾ ਸੀ ਕਿ, “ਜੇ ਹੁਣ ਸਵੇਰ ਦੇ 10 ਵੱਜ ਹੋਣ ਤੇ ਸਕਾਲੋਨੀ ਸਾਨੂੰ ‘ਗੁੱਡ ਨਾਈਟ’ ਕਹੇ ਤਾਂ ਅਸੀਂ ਇਹ ਸਾਡੇ ਲਈ ਰਾਤ ਹੀ ਹੈ।”

ਹਾਲਾਂਕਿ ਕਤਰ 2022 ਦੀ ਸ਼ੁਰੂਆਤ ’ਚ ਅਰਜਨਟੀਨਾ ਸਾਊਦੀ ਅਰਬ ਹੱਥੋਂ ਹਾਰ ਗਿਆ ਸੀ। ਪਰ ਬਾਕੀ ਮੈਚਾਂ ਵਿੱਚ ਉਨ੍ਹਾਂ ਦੱਸ ਦਿੱਤਾ ਕਿ ਉਹ ਇਕੱਠਿਆਂ ਤੁਰਨ ਵਾਲੀ ਟੀਮ ਹੈ।

ਸਕਾਲੋਨੀ ਇਸ ਨਿਯਮ ਨਾਲ ਚੱਲਦੇ ਹਨ ਕਿ ਜਦੋਂ ਖਿਡਾਰੀ ਇਕਾਗਰ ਮਨ ਹੋਣ ਤਾਂ ਸਾਰੇ ਇੱਕੋ ਮੇਜ਼ 'ਤੇ ਬੈਠਣ। ਸਭ ਖਿਡਾਰੀ ਇਮਾਨਦਾਰੀ ਨਾਲ ਖੇਡਣ ਤਾਂ ਜੋ ਉਹ ਇੱਕ ਦੂਜੇ ਦੀਆਂ ਅੱਖਾਂ ਵਿੱਚ ਦੇਖਣ ਲਾਇਕ ਹੋਣ।

ਸਕਾਲੋਨੀ ਆਪਣੀ ਟੀਮ ਨੂੰ ਇਹ ਭਰੋਸਾ ਦਿਵਾਉਣ ਵਿੱਚ ਕਾਮਯਾਬ ਰਹੇ ਕਿ ਜਿੰਨੇ ਵੱਡੇ ਫ਼ੁੱਟਬਾਲ ਖਿਡਾਰੀ ਤੇ ਕੋਚ ਸਫ਼ੇਦ ਨੀਲੀਆਂ ਧਾਰੀਆਂ ਵਾਲੀਆਂ ਜਰਸੀਆਂ ’ਚ ਉਨ੍ਹਾਂ ਦੀ ਖੇਡ ਦੇਖਣ ਆਏ ਹਨ, ਉਹ ਸਭ ਉਨ੍ਹਾਂ ਦੀ ਜਿੱਤ ਚਾਹੁੰਦੇ ਹਨ।

ਤੇ ਅਰਜਨਟੀਨਾ ਦੀ ਫ਼ੁੱਟਬਾਲ ਟੀਮ ਨੇ ਆਪਣ ਕੋਚ ਦੀ ਅਗਵਾਈ ਵਿੱਚ ਉਨ੍ਹਾਂ ਸਭ ਚਹੇਤਿਆਂ ਲਈ ਵਿਸ਼ਵ ਕੱਪ ਆਪਣੇ ਨਾਂ ਕਰ ਲਿਆ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)