ਫਰਾਂਸ ਵਿੱਚ ਚੋਣਾਂ ਦੌਰਾਨ ਵੱਡਾ ਉਲਟਫੇਰ, ਸੱਜੇ ਪੱਖੀਆਂ ਨੂੰ ਕਾਮਰੇਡਾਂ ਨੇ ਕਿਵੇਂ ਦਿੱਤੀ ਮਾਤ ?

ਫਰਾਂਸ ਅਨਬਾਉਂਡ ਪਾਰਟੀ ਦੇ ਆਗੂ ਜੀਨ-ਲੂਕ ਮੇਲੇਨਚੋਨ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਜੀਨ-ਲੂਕ ਮੇਲੇਨਚੋਨ ਜਿੱਤ ਦਾ ਜਸ਼ਨ ਮਨਾਉਂਦੇ ਹੋਏ

ਫਰਾਂਸ ਦੇ ਲੋਕਾਂ ਨੇ ਇੱਕ ਵਾਰ ਫਿਰ ਸੱਜੇ-ਪੱਖੀਆਂ ਨੂੰ ਨਕਾਰ ਦਿੱਤਾ ਹੈ। ਇਨ੍ਹਾਂ ਸੰਸਦੀ ਚੋਣਾਂ ਵਿੱਚ ਇੱਕ ਵੱਡੇ ਉਲਟਫੇਰ ਮਗਰੋਂ ਖੱਬੇ-ਪੱਖੀ ਗੱਠਜੋੜ 'ਨਿਊ ਪਾਪੂਲਰ ਫਰੰਟ' ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਿੱਚ ਕਾਮਯਾਬ ਰਿਹਾ।

ਰਾਸ਼ਟਰਪਤੀ ਮੈਕਰੋਂ ਦੀ 'ਸੈਂਟਰਿਸਟ ਐਨਸੈਂਬਲ' ਪਾਰਟੀ ਦੂਜੇ ਥਾਂ 'ਤੇ ਰਹੀ।

ਉਧਰ ਸੱਜੇ-ਪੱਖੀ ਨੈਸ਼ਨਲ ਰੈਲੀ ਪਾਰਟੀ, ਜਿਸ ਦੇ ਜਿੱਤਣ ਦੀਆਂ ਸੰਭਾਵਨਾਵਾਂ ਸਭ ਤੋਂ ਵੱਧ ਸਨ, ਤੀਜੇ ਥਾਂ 'ਤੇ ਸਿਮਟ ਗਈ। ਹਾਲਾਂਕਿ ਪਹਿਲੇ ਦੌਰ ਦੀਆਂ ਚੋਣਾਂ ਵਿੱਚ ਇਸ ਦੀ ਤਸਵੀਰ ਬਹੁਤ ਵੱਖਰੀ ਸੀ।

ਇੱਕ ਹਫ਼ਤਾ ਪਹਿਲਾਂ ਨੈਸ਼ਨਲ ਰੈਲੀ ਪਾਰਟੀ ਜਿੱਤ ਦੇ ਰਾਹ 'ਤੇ ਚਲਦੀ ਦਿਖ ਦੇ ਰਹੀ ਸੀ। ਰਨ-ਆਫ਼ ਵਿੱਚ ਵੀ ਨੈਸ਼ਨਲ ਰੈਲੀ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਗਈ ਸੀ।

ਫਰਾਂਸ ਚੋਣਾਂ 2024

ਤਸਵੀਰ ਸਰੋਤ, French Interior Ministry/Le Monde/BBC

ਤਸਵੀਰ ਕੈਪਸ਼ਨ, ਫਰਾਂਸ ਦੀਆਂ ਸੰਸਦੀ ਚੋਣਾਂ 2024

ਫਰਾਂਸ ਦੀਆਂ ਸੰਸਦੀ ਚੋਣਾਂ ਦੇ ਇਨ੍ਹਾਂ ਹੈਰਾਨੀਜਨਕ ਨਤੀਜਿਆਂ ਮਗਰੋਂ ਵੀ ਕੋਈ ਪਾਰਟੀ ਬਹੁਮਤ ਨਹੀਂ ਹਾਸਲ ਕਰ ਸਕੀ।

ਖੱਬੇ-ਪੱਖੀ ਗੱਠਜੋੜ ਨਿਊ ਪਾਪੂਲਰ ਫਰੰਟ ਨੇ 182 ਸੀਟਾਂ ਨਾਲ ਜਿੱਤ ਦਰਜ ਕਰਵਾਈ।

ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੀ 'ਸੈਂਟਰਿਸਟ ਐਨਸੈਂਬਲ' ਪਾਰਟੀ 168 ਸੀਟਾਂ ਨਾਲ ਦੂਜੇ ਸਥਾਨ ਅਤੇ ਸੱਜੇ-ਪੱਖੀ ਨੈਸ਼ਨਲ ਰੈਲੀ ਪਾਰਟੀ 143 ਸੀਟਾਂ ਨਾਲ ਤੀਜੇ ਸਥਾਨ 'ਤੇ ਰਹੀ।

ਹਾਲਾਂਕਿ ਬਹੁਮਤ ਲਈ 577 ਸੀਟਾਂ ਵਿੱਚੋਂ 289 ਸੀਟਾਂ ਦੀ ਲੋੜ ਹੁੰਦੀ ਹੈ।

ਫਰਾਂਸ ਦੇ ਲੋਕ ਜਸ਼ਨ ਮਨਾਉਂਦੇ ਹੋਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੋਣਾਂ ਦੇ ਰੁਝਾਨ ਆਉਣ ਮਗਰੋਂ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ

ਇੱਕ ਪਾਸੇ ਜਸ਼ਨ ਦੂਜੇ ਪਾਸੇ ਹਿੰਸਾ

ਇਨ੍ਹਾਂ ਚੋਣ ਨਤੀਜਿਆਂ ਦੇ ਐਲਾਨ ਮਗਰੋਂ ਜਿੱਥੇ ਫਰਾਂਸ ਵਿੱਚ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਕੇ ਜਿਥੇ ਜਸ਼ਨ ਮਨਾ ਰਹੇ ਸਨ, ਉੱਥੇ ਹੀ ਹਿੰਸਾ ਦੀਆਂ ਤਸਵੀਰਾਂ ਵੀ ਦੇਖਣ ਨੂੰ ਮਿਲੀਆਂ।

ਫਰੈਂਚ ਚੋਣਾਂ ਦੇ ਰੁਝਾਨ ਆਉਣ ਮਗਰੋਂ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਦੇਖਿਆ ਜਾ ਸਕਦਾ ਹੈ। ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਲੋਕਾਂ ਦੀ ਵੱਡੀ ਭੀੜ ਝੰਡੇ ਲਹਿਰਾਉਂਦੇ ਹੋਏ ਦੇਖੀ ਗਈ।

ਉਨ੍ਹਾਂ ਵੱਲੋਂ ਆਤਿਸ਼ਬਾਜ਼ੀ ਕਰਕੇ ਇਸ ਜਿੱਤ ਨੂੰ ਮਨਾਇਆ ਗਿਆ।

ਦੰਗਾਕਾਰੀਆਂ ਵੱਲੋਂ ਇੱਕ ਬੱਸ ਅੱਡੇ ਦੀ ਭੰਨਤੋੜ ਕੀਤੀ ਗਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੰਗਾਕਾਰੀਆਂ ਵੱਲੋਂ ਇੱਕ ਬੱਸ ਅੱਡੇ ਦੀ ਭੰਨਤੋੜ ਕੀਤੀ ਗਈ

ਪਰ ਇਸ ਦੇ ਨਾਲ ਹੀ ਇਨ੍ਹਾਂ ਸੰਸਦੀ ਚੋਣਾਂ 'ਚ ਖੱਬੇਪੱਖੀ ਗਠਜੋੜ ਦੀ ਜਿੱਤ ਮਗਰੋਂ ਪੈਰਿਸ ਵਿੱਚ ਕੁਝ ਥਾਵਾਂ 'ਤੇ ਹਿੰਸਾ ਵੀ ਭੜਕੀ। ਰਾਜਧਾਨੀ ਵਿੱਚ ਸੱਜੇ -ਪੱਖੀ ਸਮਰਥਕਾਂ ਵੱਲੋਂ ਕਈ ਥਾਵਾਂ 'ਤੇ ਅੱਗਾਂ ਲਗਾ ਦਿੱਤੀਆਂ ਗਈਆਂ।

ਦੰਗਾਕਾਰੀਆਂ ਵੱਲੋਂ ਉਥੋਂ ਦੇ ਇੱਕ ਬੱਸ ਅੱਡੇ ਦੀ ਵੀ ਭੰਨਤੋੜ ਕੀਤੀ ਗਈ।

ਹਿੰਸਾ ਦੇ ਮੱਦੇਨਜ਼ਰ ਰਾਜਧਾਨੀ ਪੈਰਿਸ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ ਅਤੇ ਦੰਗਾ ਕੰਟਰੋਲ ਕਰਨ ਲਈ ਪੁਲਿਸ ਨੂੰ ਵੀ ਤਾਇਨਾਤ ਕਰ ਦਿੱਤਾ ਗਿਆ ਹੈ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਇਹ ਵੀ ਪੜ੍ਹੋ-

'ਹਾਰ ਲਈ ਵਿਰੋਧੀ ਗੱਠਜੋੜ ਜ਼ਿੰਮੇਵਾਰ'- ਨੈਸ਼ਨਲ ਰੈਲੀ

ਨੈਸ਼ਨਲ ਰੈਲੀ ਪਾਰਟੀ ਦੇ ਪ੍ਰਧਾਨ ਜੌਰਡਨ ਬਾਰਡੇਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੈਸ਼ਨਲ ਰੈਲੀ ਪਾਰਟੀ ਦੇ ਪ੍ਰਧਾਨ ਜੌਰਡਨ ਬਾਰਡੇਲਾ

ਜ਼ਿਕਰਯੋਗ ਹੈ ਜਿੱਤ ਦੀ ਸੰਭਾਵ ਪਾਰਟੀ ਦੇ ਪ੍ਰਧਾਨ ਜੌਰਡਨ ਬਾਰਡੇਲਾ ਲਈ ਖੁਸ਼ੀ ਦਾ ਮੌਕਾ ਸੀ, ਜਿਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਕਿਹਾ ਸੀ ਕਿ, "ਜਿੱਤ, ਭਾਵੇਂ ਜਲਦੀ ਜਾਂ ਬਾਅਦ ਵਿੱਚ, ਉਨ੍ਹਾਂ ਦੀ ਹੀ ਹੋਵੇਗੀ।"

ਇਸ ਦੇ ਨਾਲ ਹੀ ਮਰੀਨ ਲੇ ਪੇਨ ਦਾ ਸਵਾਗਤ “ਮੈਰੀਨ, ਪ੍ਰੈਜ਼ੀਡੈਂਟ” ਵਜੋਂ ਕੀਤਾ ਜਾ ਰਿਹਾ ਸੀ।

ਪਰ ਇੱਕ ਵਾਰ ਫਿਰ ਫਰਾਂਸ ਦੀ ਬਹੁਗਿਣਤੀ ਨੇ ਨੈਸ਼ਨਲ ਰੈਲੀ ਸਰਕਾਰ ਨੂੰ ਜਿੱਤ ਵੱਲ ਵੱਧਦਿਆਂ ਵੇਖ ਨਕਾਰ ਦਿੱਤਾ।

ਨੈਸ਼ਨਲ ਰੈਲੀ ਦੇ ਆਗੂ ਜੌਰਡਨ ਬਾਰਡੇਲਾ ਨੇ ਉਨ੍ਹਾਂ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਲਈ "ਗੈਰ-ਕੁਦਰਤੀ ਸਿਆਸੀ ਗੱਠਜੋੜ" ਨੂੰ ਜ਼ਿੰਮੇਵਾਰ ਦੱਸਿਆ ਹੈ।

ਨੈਸ਼ਨਲ ਪਾਰਟੀ ਵੱਲੋਂ ਦਲੀਲ ਦਿੱਤੀ ਗਈ ਕਿ ਇਹ ਸਿਰਫ਼ ਤਾਂ ਸੰਭਵ ਹੋਇਆ ਕਿਉਂਕਿ ਦੂਜੀਆਂ ਪਾਰਟੀਆਂ ਸਿਸਟਮ ਨੂੰ ਚਲਾਉਣ ਲਈ ਇਕੱਠੀਆਂ ਹੋ ਗਈਆਂ ਸਨ।

ਉਹ ਕਹਿੰਦੇ ਹਨ ਕਿ ਖੱਬੇ-ਪੱਖੀ ਪਾਰਟੀਆਂ ਨੇ ਅਚਾਨਕ ਇੱਕ ਨੈਸ਼ਨਲ ਰੈਲੀ ਵਿਰੋਧੀ ਗੱਠਜੋੜ ਬਣਾਉਣ ਲਈ ਆਪਣੇ ਮੱਤਭੇਦ ਭੁਲਾ ਦਿੱਤੇ ਅਤੇ ਫਿਰ ਮੈਕਰੋਂ ਸਮੂਹ ਵੀ ਖੱਬੇ-ਪੱਖੀਆਂ ਨਾਲ ਸਾਰੇ ਮੱਤਭੇਦ ਭੁੱਲ ਗਿਆ।

ਉਨ੍ਹਾਂ ਕਿਹਾ ਕਿ, "ਨੈਸ਼ਨਲ ਰੈਲੀ ਦੇ ਵਿਰੋਧੀ ਹੋਣ ਤੋਂ ਇਲਾਵਾ ਇਨ੍ਹਾਂ ਸਿਆਸਤਦਾਨਾਂ ਨੂੰ ਕੋਈ ਵੀ ਚੀਜ਼ ਇੱਕਜੁੱਟ ਨਹੀਂ ਕਰ ਸਕਦੀ। ਫਿਰ ਵੀ ਸ਼ਾਇਦ ਬਹੁਤ ਲੋਕ ਸੱਜੇ-ਪੱਖੀ ਪਾਰਟੀ ਨਹੀਂ ਚਾਹੁੰਦੇ, ਜਾਂ ਉਹ ਇਸ ਦੇ ਵਿਚਾਰਾਂ ਦਾ ਵਿਰੋਧ ਕਰਦੇ ਹਨ।"

ਨੈਸ਼ਨਲ ਰੈਲੀ ਪਾਰਟੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੈਸ਼ਨਲ ਰੈਲੀ ਉਮੀਦਵਾਰ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਪਾਰਟੀ ਜਿੱਤਣ 'ਚ ਅਸਫ਼ਲ ਰਹਿਣ ਤੋਂ ਹੈਰਾਨ ਨਹੀਂ

ਨੈਸ਼ਨਲ ਰੈਲੀ (ਆਰਐਨ) ਦੇ ਇੱਕ ਉਮੀਦਵਾਰ ਬੀਬੀਸੀ ਨੂੰ ਦੱਸਦੇ ਹਨ ਕਿ ਸੰਸਦੀ ਚੋਣਾਂ ਵਿੱਚ ਪਾਰਟੀ ਨੂੰ ਬਹੁਮਤ ਜਿੱਤਣ ਵਿੱਚ ਅਸਫਲਤਾ ਇਸ ਲਈ ਮਿਲੀ ਸੀ ਕਿਉਂਕਿ ਵੋਟਰ 'ਧਮਕਾਉਣ ਵਾਲੇ' ਖੱਬੇ-ਪੱਖੀਆਂ ਦੀ ਪ੍ਰਤੀਕਿਰਿਆ ਤੋਂ 'ਡਰਦੇ' ਸਨ।

ਸੀਨ-ਏਟ-ਮਾਰਨੇ ਦੇ ਦੂਜੇ ਹਲਕੇ ਤੋਂ ਹਾਰੀ ਹੋਈ ਨੈਸ਼ਨਲ ਰੈਲੀ ਉਮੀਦਵਾਰ ਇਵਾਂਕਾ ਦਿਮਿਤਰੋਵਾ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਨੈਸ਼ਨਲ ਰੈਲੀ (ਆਰਐੱਨ) ਦੇ ਜ਼ਿਆਦਾ ਸੀਟਾਂ ਜਿੱਤਣ ਵਿੱਚ ਅਸਫ਼ਲ ਰਹਿਣ ਤੋਂ ਹੈਰਾਨ ਨਹੀਂ ਹੈ।

ਦਿਮਿਤਰੋਵਾ ਨੇ ਕਿਹਾ, “ਮੈਨੂੰ ਲਗਦਾ ਹੈ ਕਿ ਇਸਦਾ ਇੱਕ ਕਾਰਨ ਇਹ ਹੈ ਕਿ ਖੱਬੇ-ਪੱਖੀਆਂ ਨੇ ਲੋਕਾਂ ਨੂੰ ਬਹੁਤ ਧਮਕੀਆਂ ਦਿੱਤੀਆਂ, ਪ੍ਰਦਰਸ਼ਨਾਂ ਦੌਰਾਨ ਚੀਜ਼ਾਂ ਨੂੰ ਸਾੜਿਆ ਅਤੇ ਹਿੰਸਕ ਹੋਏ, ਇਸ ਲਈ ਲੋਕ ਖੱਬੇ-ਪੱਖੀ ਪਾਰਟੀਆਂ ਦੇ ਇਸ ਰੱਵਈਏ ਤੋਂ ਡਰ ਗਏ।"

ਦਿਮਿਤਰੋਵਾ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਲਈ ਚੋਣਾਂ ਵਿੱਚ ਦੂਜੇ ਸਥਾਨ ਦੀ ਬਜਾਏ ਤੀਜੇ ਸਥਾਨ 'ਤੇ ਆਉਣਾ ਹੀ "ਬਿਹਤਰ" ਸੀ।

ਉਨ੍ਹਾਂ ਕਿਹਾ ਕਿ ਫਰਾਂਸ ਦੇ ਲੋਕ ਹੁਣ ਨਵੇਂ ਚੁਣੇ ਸੰਸਦੀ ਬਹੁਮਤ ਦੀਆਂ "ਅਸਫ਼ਲਤਾਵਾਂ" ਨੂੰ ਧਿਆਨ ਵਿੱਚ ਰੱਖਣਗੇ। “ਇਹ ਲੋਕਾਂ ਨੂੰ ਯਕੀਨ ਦਿਵਾਏਗਾ ਕਿ ਬਹੁਮਤ ਸਾਡੇ ਕੋਲ ਹੋਣੀ ਚਾਹੀਦੀ ਹੈ। ਫਿਰ ਹੀ ਅਗਲੀ ਵਾਰ ਦੀਆਂ ਚੋਣਾਂ ਵਿੱਚ ਲੋਕ ਵੱਖਰਾ ਸੋਚਣਗੇ।"

ਖੱਬੇ-ਪੱਖੀ ਜਿੱਤ ਨਾਲ ਅਚਾਨਕ ਕਿਵੇਂ ਪਲਟੀ ਬਾਜ਼ੀ ?

ਪ੍ਰਧਾਨ ਮੰਤਰੀ ਗੈਬਰੀਅਲ ਅਟਲ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਗੈਬਰੀਅਲ ਅਟਲ

ਫਰਾਂਸ ਦੀਆਂ ਸੰਸਦੀ ਚੋਣਾਂ ਵਿੱਚ ਇਹ ਉਲਟਫੇਰ ਸੰਭਾਵੀ ਤੌਰ 'ਤੇ ਖੱਬੇਪੱਖੀ ਅਤੇ ਕੇਂਦਰਵਾਦੀ ਪਾਰਟੀਆਂ ਵਿਚਾਲੇ ਹੋਏ ਰਣਨੀਤਕ ਸਮਝੌਤੇ ਕਾਰਨ ਸੰਭਵ ਹੋਇਆ ਹੈ।

ਬਹੁਤ ਸਾਰੇ ਉਮੀਦਵਾਰ, ਮੁੱਖ ਤੌਰ 'ਤੇ ਖੱਬੇ-ਪੱਖੀ ਗਠਜੋੜ ਅਤੇ ਮੈਕਰੋਂ ਸਮੂਹ ਤੋਂ ਆਪਣੀ ਸਿਆਸੀ ਵਿਰੋਧੀ ਸੱਜੇ-ਪੱਖੀ ਪਾਰਟੀ ਨੈਸ਼ਨਲ ਰੈਲੀ ਨੂੰ ਹਰਾਉਣ ਵਿੱਚ ਮਦਦ ਕਰਨ ਲਈ ਚੋਣ ਦੌੜ 'ਚੋਂ ਪਿੱਛੇ ਹੱਟ ਗਏ ਸਨ।

ਪਹਿਲੇ ਦੌਰ 'ਚ ਨੈਸ਼ਨਲ ਰੈਲੀ ਦੀ ਸਫ਼ਲਤਾ ਤੋਂ ਬਾਅਦ ਹੀ ਖੱਬੇ-ਪੱਖੀ ਸਮਰਥਕ ਨਾਰਾਜ਼ ਨਜ਼ਰ ਆਏ ਸਨ।

ਉਸ ਸਮੇਂ ਪ੍ਰਧਾਨ ਮੰਤਰੀ ਗੈਬਰੀਅਲ ਏਟਲ ਨੇ ਸਮਰਥਕਾਂ ਨੂੰ ਛੋਟਾ ਜਿਹਾ ਭਾਸ਼ਣ ਦਿੰਦਿਆਂ ਕਿਹਾ ਸੀ ਕਿ, "ਨੈਸ਼ਨਲ ਰੈਲੀ ਨੂੰ ਹੁਣ ਇੱਕ ਵੀ ਵੋਟ ਨਹੀਂ ਮਿਲਣੀ ਚਾਹੀਦੀ। ਖ਼ਤਰਾ ਸਪਸ਼ਟ ਹੈ। ਸੰਸਦ ਵਿੱਚ ਪੂਰੀ ਬਹੁਮਤ ਨਾਲ ਨੈਸ਼ਨਲ ਰੈਲੀ ਨੂੰ ਰੋਕਣਾ ਪੈਣਾ ਹੈ।"

ਨਿਊ ਪਾਪੂਲਰ ਫਰੰਟ ਵਿੱਚ ਸ਼ਾਮਲ ਫਰਾਂਸ ਅਨਬਾਉਂਡ ਪਾਰਟੀ (ਐਲਐਫਆਈ) ਦੇ ਆਗੂ ਜੀਨ-ਲੂਕ ਮੇਲੇਨਚੋਨ ਨੇ ਉਸ ਵੇਲੇ ਕਿਹਾ ਸੀ, "ਏਟਲ ਹੁਣ ਪ੍ਰਧਾਨ ਮੰਤਰੀ ਨਹੀਂ ਰਹੇਗਾ।" ਹਾਲਾਂਕਿ, ਉਹ ਪ੍ਰਧਾਨ ਮੰਤਰੀ ਨਾਲ ਸਹਿਮਤ ਸੀ ਕਿ ਨੈਸ਼ਨਲ ਰੈਲੀ ਨੂੰ ਹੁਣ ਇੱਕ ਵੀ ਵੋਟ ਨਹੀਂ ਮਿਲਣੀ ਚਾਹੀਦੀ। ਜੀਨ-ਲੂਕ ਮੇਲੇਨਚੋਨ ਖੱਬੇਪੱਖੀ ਪਾਰਟੀਆਂ ਵਿੱਚੋਂ ਸਭ ਤੋਂ ਵੱਧ ਕੱਟੜਪੰਥੀ ਆਗੂ ਹੈ।

ਪ੍ਰਧਾਨ ਮੰਤਰੀ ਗੈਬਰੀਅਲ ਅਟਲ, ਜਿਨ੍ਹਾਂ ਨੂੰ ਅਜੇ ਸਿਰਫ਼ ਸੱਤ ਮਹੀਨੇ ਪਹਿਲਾਂ ਹੀ ਰਾਸ਼ਟਰਪਤੀ ਮੈਕਰੋਂ ਨੇ ਨਿਯੁਕਤ ਕੀਤਾ ਗਿਆ ਸੀ, ਉਨ੍ਹਾਂ ਨੇ ਕਿਹਾ ਕਿ ਉਹ ਸਵੇਰੇ ਆਪਣਾ ਅਸਤੀਫ਼ਾ ਸੌਂਪ ਦੇਣਗੇ।

ਚੋਣ ਨਤੀਜਿਆਂ 'ਤੇ ਸਮਰਥਕਾਂ ਨੇ ਕੀ ਕਿਹਾ

ਫਰੈਂਚ ਵੋਟਰ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਫਰੈਂਚ ਵੋਟਰਾਂ ਨੇ ਇਕੱਠੇ ਹੋ ਕੇ ਖੱਬੇ-ਪੱਖੀ ਜਿੱਤ ਦਾ ਜਸ਼ਨ ਮਨਾਇਆ

ਫਰਾਂਸ ਦੀਆਂ ਸੰਸਦੀ ਚੋਣਾਂ ਦੇ ਨਤੀਜੇ ਆਉਣ ਮਗਰੋਂ ਫਰੈਂਚ ਵੋਟਰਾਂ ਨੇ ਸੜਕਾਂ 'ਤੇ ਇਕੱਠੇ ਹੋ ਕੇ ਖੱਬੇ-ਪੱਖੀ ਜਿੱਤ ਦਾ ਜਸ਼ਨ ਮਨਾਇਆ। ਉਧਰ ਹੀ ਕੁਝ ਵੋਟਰ ਸੱਜੇ-ਪੱਖੀ ਪਾਰਟੀ ਦੀ ਹਾਰ ਤੋਂ ਨਾਖੁਸ਼ ਵੀ ਸਨ।

ਸਿਲਵੀ, ਜਿਨ੍ਹਾਂ ਨੇ ਪਹਿਲੀ ਵਾਰ ਨੈਸ਼ਨਲ ਰੈਲੀ ਨੂੰ ਵੋਟ ਪਾਈ, ਉਨ੍ਹਾਂ ਨੇ ਦੱਸਿਆ ਕਿ ਉਹ "ਗ਼ੈਰ-ਕਾਨੂੰਨੀ ਪ੍ਰਵਾਸੀਆਂ ਲਈ ਭੁਗਤਾਨ" ਕਰਨ ਲਈ ਵਰਤੇ ਜਾ ਰਹੇ ਉੱਚ ਟੈਕਸਾਂ ਤੋਂ ਗੁੱਸੇ ਸੀ।

ਉਨ੍ਹਾਂ ਕਿਹਾ, "ਅਸੀਂ ਬਾਕੀ ਸਾਰੀਆਂ ਪਾਰਟੀਆਂ ਨੂੰ ਅਜ਼ਮਾਇਆ ਹੈ - ਫਿਰ ਉਹਨਾਂ ਨੂੰ ਕਿਉਂ ਨਹੀਂ ?"

ਨੈਸ਼ਨਲ ਰੈਲੀ ਦੀ ਸਮਰਥਕ ਰੋਜ਼ਾ ਨੇ ਕਿਹਾ, "ਅਸੀਂ ਇਸ ਨਤੀਜੇ ਤੋਂ ਦੁਖੀ ਅਤੇ ਨਿਰਾਸ਼ ਹਾਂ।"

ਉਨ੍ਹਾਂ ਕਿਹਾ, "ਇਹ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਮੈਕਰੋਂ ਦੀ ਅਗਵਾਈ ਵਾਲੇ ਬੇਈਮਾਨ ਗੱਠਜੋੜ ਕਰਕੇ ਹੋਇਆ ਹੈ।"

ਪਾਰਟੀ ਦੇ ਇਕ ਹੋਰ ਸਮਰਥਕ ਮੈਟੀਓ ਗਿਆਮਾਰੇਸੀ ਨੇ ਕਿਹਾ, "ਸਾਨੂੰ ਸਕਾਰਤਮਕਤਾ ਵੱਲ ਦੇਖਣਾ ਪਵੇਗਾ, ਸਾਡੇ ਕੋਲ ਹੁਣ ਬਹੁਤ ਸਾਰੇ ਹੋਰ ਸੰਸਦ ਮੈਂਬਰ ਹਨ। ਸਾਨੂੰ ਆਪਣਾ ਸਮਰਥਨ ਜਾਰੀ ਰੱਖਣਾ ਚਾਹੀਦਾ ਹੈ ਅਤੇ 2027 'ਚ ਅਗਲੀ ਰਾਸ਼ਟਰਪਤੀ ਚੋਣ 'ਚ ਜਿੱਤ ਸਾਡੀ ਹੋਵੇਗੀ।"

ਇਤਿਹਾਸ ਦਾ ਵਿਦਿਆਰਥੀ ਨੂਹ ਲੁਡਨ ਵੀ ਸਕਾਰਾਤਮਕ ਸੀ, ਉਨ੍ਹਾਂ ਕਿਹਾ, "ਨੈਸ਼ਨਲ ਰੈਲੀ ਇੱਕ ਹਾਈ-ਸਪੀਡ ਰੇਲਗੱਡੀ ਹੈ, ਸਾਡੇ ਵੋਟਰ ਵੱਧ ਰਹੇ ਹਨ।"

19 ਸਾਲਾ ਵਿਦਿਆਰਥਣ ਸਾਰਾਹ ਬੇਨਾਨੀ
ਤਸਵੀਰ ਕੈਪਸ਼ਨ, ਸਾਰਾਹ ਬੇਨਾਨੀ ਨੇ ਮੁਸਕਰਾ ਕੇ ਕਿਹਾ, "ਹੁਣ ਮੈਨੂੰ ਡਰ ਨਹੀਂ ਹੋਵੇਗਾ ਕਿ ਕੋਈ ਮੇਰਾ ਹਿਜਾਬ ਖੋਹ ਲਵੇਗਾ"

ਉੱਧਰ ਪੈਰਿਸ ਦੇ ਉੱਤਰੀ ਉਪਨਗਰ ਦੇ ਇੱਕ ਯੁਵਾ ਕੇਂਦਰ ਵਿੱਚ ਖੁਸ਼ੀਆਂ, ਤਾੜੀਆਂ ਅਤੇ ਰਾਹਤ ਦੇ ਹੰਝੂਆਂ ਨਾਲ ਚੋਣਾਂ ਦੇ ਨਤੀਜਿਆਂ ਦਾ ਸਵਾਗਤ ਕੀਤਾ ਗਿਆ।

ਨਤੀਜੇ ਆਉਣ ਤੋਂ ਕੁਝ ਪਲਾਂ ਬਾਅਦ, ਯੂਨੀਵਰਸਿਟੀ ਦੀ 19 ਸਾਲਾ ਵਿਦਿਆਰਥਣ ਸਾਰਾਹ ਬੇਨਾਨੀ ਨੇ ਮੁਸਕਰਾ ਕੇ ਕਿਹਾ, "ਮੈਂ ਬਹੁਤ ਰਾਹਤ ਮਹਿਸੂਸ ਕਰ ਰਹੀ ਹਾਂ। ਜਦੋਂ ਮੈਂ ਅੱਜ ਰਾਤ ਘਰ ਜਾਵਾਂਗੀ, ਤਾਂ ਮੈਨੂੰ ਡਰ ਨਹੀਂ ਹੋਵੇਗਾ ਕਿ ਕੋਈ ਮੇਰਾ ਹਿਜਾਬ ਖੋਹ ਲਵੇਗਾ।"

ਸਾਰਾਹ ਬੇਨਾਨੀ ਨੇ ਇਨ੍ਹਾਂ ਚੋਣਾਂ 'ਚ ਤੀਜਾ ਸਥਾਨ ਪ੍ਰਾਪਤ ਕਰ ਸਕੀ ਸੱਜੇ-ਪੱਖੀ ਨੈਸ਼ਨਲ ਰੈਲੀ 'ਤੇ ਪੂਰੇ ਫਰਾਂਸ ਵਿੱਚ ਨਸਲਵਾਦ ਵਧਾਉਣ ਦਾ ਦੋਸ਼ ਲਗਿਆ।

ਸੰਚਾਰ ਦੀ ਪੜ੍ਹਾਈ ਕਰ ਰਹੇ 21 ਸਾਲਾ ਸੈਲੀਮ ਕ੍ਰੋਚੀ ਨੇ ਕਿਹਾ, “ਪਿਛਲੇ ਹਫ਼ਤੇ ਅਸੀਂ ਬਹੁਤ ਉਦਾਸ ਸੀ। ਉਮੀਦ ਲੱਭਣਾ ਬਹੁਤ ਔਖਾ ਸੀ। ਪਰ ਹੁਣ ਅਸੀਂ ਬਹੁਤ ਖੁਸ਼ ਹਾਂ ਪਰ ਲੜਾਈ ਅਜੇ ਵੀ ਜਾਰੀ ਹੈ।"

ਫਰਾਂਸ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ ?

ਸੋਸ਼ਲਿਸਟ ਪਾਰਟੀ ਦੇ ਨੇਤਾ ਓਲੀਵੀਅਰ ਫੌਰ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਸੋਸ਼ਲਿਸਟ ਪਾਰਟੀ ਦੇ ਨੇਤਾ ਓਲੀਵੀਅਰ ਫੌਰ

ਖੱਬੇ-ਪੱਖੀ ਨਿਊ ਪਾਪੂਲਰ ਫਰੰਟ (ਐਨਐਫਪੀ) ਦੇ ਇੱਕ ਮੈਂਬਰ ਨੇ ਕਿਹਾ ਕਿ ਗੱਠਜੋੜ ਹਫ਼ਤੇ ਦੇ ਅੰਦਰ ਪ੍ਰਧਾਨ ਮੰਤਰੀ ਲਈ ਉਮੀਦਵਾਰ ਦੀ ਚੋਣ ਕਰੇਗਾ।

ਕਿਸੇ ਵੀ ਪਾਰਟੀ ਜਾਂ ਗੱਠਜੋੜ ਨੂੰ ਸੰਸਦੀ ਚੋਣਾਂ ਵਿੱਚ ਬਹੁਮਤ ਨਾ ਮਿਲਣ ਤੋਂ ਬਾਅਦ ਫਰਾਂਸ ਨੂੰ ਇੱਕ ਡੈੱਡਲਾਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੋਸ਼ਲਿਸਟ ਪਾਰਟੀ ਦੇ ਨੇਤਾ ਓਲੀਵੀਅਰ ਫੌਰ ਦਾ ਅੱਜ ਦਾ ਬਿਆਨ ਇਨ੍ਹਾਂ ਸਵਾਲਾਂ ਨੂੰ ਹੀ ਸੰਬੋਧਿਤ ਕਰਦਾ ਹੈ ਕਿ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਕੌਣ ਹੋਵੇਗਾ।

ਮੌਜੂਦਾ ਪ੍ਰਧਾਨ ਮੰਤਰੀ ਗੈਬਰੀਅਲ ਅਟਲ ਅੱਜ ਅਸਤੀਫ਼ਾ ਦੇ ਸਕਦੇ ਹਨ।

'ਅੱਜ ਕੋਈ ਵੀ ਪਾਰਟੀ ਪ੍ਰਭਾਵਸ਼ਾਲੀ ਨਹੀਂ'- ਚੋਣ ਮਾਹਰ

ਸਿਆਸੀ ਟਿੱਪਣੀਕਾਰ ਐਲੇਨ ਡੂਹਮੇਲ ਨੇ ਕਿਹਾ, "ਅੱਜ ਕੋਈ ਵੀ ਪ੍ਰਭਾਵਸ਼ਾਲੀ ਪਾਰਟੀ ਨਹੀਂ ਹੈ। ਜਦੋਂ ਤੋਂ ਮੈਕਰੋਨ ਸੱਤ ਸਾਲ ਪਹਿਲਾਂ ਸੱਤਾ ਵਿੱਚ ਆਏ ਸਨ, ਉਦੋਂ ਤੋਂ ਅਸੀਂ ਆਪਣੀਆਂ ਰਾਜਨੀਤਿਕ ਤਾਕਤਾਂ ਦੇ ਵਿਨਾਸ਼ ਦੇ ਦੌਰ ਵਿੱਚ ਹਾਂ।"

"ਸ਼ਾਇਦ ਹੁਣ ਅਸੀਂ ਪੁਨਰ ਨਿਰਮਾਣ ਦੀ ਸ਼ੁਰੂ ਕਰਨ ਜਾ ਰਹੇ ਹਾਂ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)