ਫਰਾਂਸ ਚੋਣਾਂ : ਕੱਟੜ ਸੱਜੇਪੱਖ਼ੀਆਂ ਦੀ ਪਹਿਲੇ ਗੇੜ ਵਿੱਚ ਜਿੱਤ ਦੇ ਕੀ ਹਨ ਮਾਅਨੇ

ਫਰਾਂਸ ਚੋਣਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਂਟੀ-ਇਮੀਗ੍ਰੇਸ਼ਨ ਪਾਰਟੀ ਦੇ ਸਮਰਥਕਾਂ ਨੇ ਜਸ਼ਨ ਮਨਾਏ

ਫਰਾਂਸ ਵਿੱਚ ਪਹਿਲੇ ਦੌਰ ਦੀਆਂ ਸੰਸਦੀ ਚੋਣਾਂ ਮਗਰੋਂ ਦੇਸ਼ ਦੀ ਸੱਜੇ ਪੱਖੀ ਪਾਰਟੀ ਨੈਸ਼ਨਲ ਰੈਲੀ ਆਪਣੀ ਲੀਡ 'ਤੇ ਖੁਸ਼ ਨਜ਼ਰ ਆ ਰਹੀ ਹੈ।

ਪਹਿਲੇ ਦੌਰ 'ਚ ਲੀਡ ਤੋਂ ਬਾਅਦ ਸੱਜੇ ਪੱਖੀ ਨੇਤਾ ਮਰੀਨ ਲੇ ਪੇਨ ਦੀ ਐਂਟੀ-ਇਮੀਗ੍ਰੇਸ਼ਨ ਪਾਰਟੀ ਦੇ ਸਮਰਥਕਾਂ ਨੇ ਜਸ਼ਨ ਮਨਾਏ।

ਮਰੀਨ ਲੇ ਪੇਨ ਨੇ ਖੁਦ ਕਿਹਾ, "ਮੈਕਰੋਂ ਸਮੂਹ ਦਾ ਲਗਭਗ ਸਫ਼ਾਇਆ ਹੋ ਚੁਕਿਆ ਹੈ।"

ਨੈਸ਼ਨਲ ਰੈਲੀ ਦੇ 28 ਸਾਲਾ ਆਗੂ ਜੌਰਡਨ ਬਾਰਡੈੱਲਾ ਨੇ ਕਿਹਾ, "ਜੇਕਰ ਫਰਾਂਸ ਦੇ ਲੋਕਾਂ ਨੇ ਮੈਨੂੰ ਵੋਟ ਦਿੱਤੀ ਤਾਂ ਮੈਂ ਉਨ੍ਹਾਂ ਦਾ ਪ੍ਰਧਾਨ ਮੰਤਰੀ ਬਣਨਾ ਚਾਹੁੰਗਾ।"

ਸੀਨੀਅਰ ਟਿੱਪਣੀਕਾਰ ਅਲੇਨ ਡੁਮੇਲ ਨੇ ਕਿਹਾ, "ਫਰੈਂਚ ਸੰਸਦੀ ਚੋਣਾਂ ਦੇ ਪਹਿਲੇ ਗੇੜ ਵਿੱਚ ਇਸ ਤੋਂ ਪਹਿਲਾਂ ਸੱਜੇ ਪੱਖੀ ਪਾਰਟੀਆਂ ਕਦੇ ਵੀ ਨਹੀਂ ਜਿੱਤੀਆਂ ਸਨ। ਹੁਣ ਅਜਿਹਾ ਹੋਇਆ ਹੈ।" ਇਹ ਇਤਿਹਾਸਕ ਹੈ।

ਨੈਸ਼ਨਕ ਰੈਲੀ ਦੀ ਸਫ਼ਲਤਾ

ਨੈਸ਼ਨਲ ਰੈਲੀ ਲਈ ਇਹ ਸਫ਼ਰ ਲੰਬਾ ਰਿਹਾ ਹੈ। ਫਰਾਂਸੀਸੀ ਸਮਾਜ ਦੇ ਕੱਟੜ ਸੱਜੇ ਵਿੰਗ 'ਚ ਆਪਣੀਆਂ ਜੜ੍ਹਾਂ ਸਥਾਪਤ ਕਰਨ ਮਗਰੋਂ ਹੁਣ ਇਹ ਪਾਰਟੀ ਤਿੰਨ ਵੋਟਰਾਂ ਵਿੱਚੋਂ ਇੱਕ ਦੀ ਵੋਟ ਪ੍ਰਾਪਤ ਕਰਨ ਵਿੱਚ ਵੀ ਸਫ਼ਲ ਹੋ ਗਈ ਹੈ।

ਪਾਰਟੀ ਦੇ ਕਈ ਏਜੰਡੇ ਹਨ। ਇਨ੍ਹਾਂ 'ਚ ਕਲਾਸਰੂਮ 'ਚ ਮੋਬਾਇਲ ਫੋਨਾਂ 'ਤੇ ਪਾਬੰਦੀ, ਟੈਕਸ 'ਚ ਕਟੌਤੀ ਅਤੇ ਵਿਦੇਸ਼ੀਆਂ ਨੂੰ ਦਿੱਤੇ ਜਾਣ ਵਾਲੇ ਲਾਭਾਂ ਨੂੰ ਖਤਮ ਕਰਨਾ ਸ਼ਾਮਲ ਹੈ।

ਰਿਪਬਲਿਕਨ ਪਾਰਟੀ ਤੋਂ ਵੱਖ ਹੋ ਕੇ ਆਪਣੀ ਨਵੀਂ ਪਾਰਟੀ ਬਣਾਉਣ ਵਾਲੇ ਕੰਜ਼ਰਵੇਟਿਵ ਆਗੂ ਐਰਿਕ ਸਿਓਟੀ ਨੇ ਕਿਹਾ ਕਿ, "ਜਿੱਤ ਨੇੜੇ ਹੈ।" ਉਨ੍ਹਾਂ ਨੇ ਨੈਸ਼ਨਲ ਰੈਲੀ ਨਾਲ ਗੱਠਜੋੜ ਕੀਤਾ ਹੈ ਅਤੇ ਰਾਸ਼ਟਰੀ ਰੈਲੀ ਦੀ ਜਿੱਤ ਨੂੰ 'ਬੇਮਿਸਾਲ ਅਤੇ ਇਤਿਹਾਸਕ' ਦੱਸਿਆ ਹੈ।

ਨੈਸ਼ਨਲ ਰੈਲੀ ਕੋਲ ਫਰਾਂਸ ਵਿੱਚ ਪੂਰਨ ਬਹੁਮਤ ਹਾਸਲ ਕਰਨ ਦਾ ਮੌਕਾ ਹੈ। ਭਾਵੇਂ ਮੌਜੂਦਾ ਹਾਲਾਤਾਂ ਵਿੱਚ ਕੌਮੀ ਰੈਲੀ ਨੂੰ ਭਾਵੇਂ ਪੂਰਨ ਬਹੁਮਤ ਨਾ ਮਿਲੇ ਪਰ ਸੀਟਾਂ ਦੇ ਹਿਸਾਬ ਨਾਲ ਇਹ ਸਭ ਤੋਂ ਵੱਡੀ ਪਾਰਟੀ ਬਣ ਸਕਦੀ ਹੈ।

ਨੈਸ਼ਨਲ ਰੈਲੀ

ਤਸਵੀਰ ਸਰੋਤ, JULIEN MATTIA/EPA-EFE

ਤਸਵੀਰ ਕੈਪਸ਼ਨ, ਨੈਸ਼ਨਲ ਰੈਲੀ ਕੋਲ ਫਰਾਂਸ ਵਿੱਚ ਪੂਰਨ ਬਹੁਮਤ ਹਾਸਲ ਕਰਨ ਦਾ ਮੌਕਾ ਹੈ

ਖੱਬੇਪੱਖ਼ੀ ਸਮਰਥਕ ਨਿਰਾਸ਼

ਨੈਸ਼ਨਲ ਰੈਲੀ ਦੀ ਸਫ਼ਲਤਾ ਤੋਂ ਬਾਅਦ ਕਈ ਖੱਬੇ ਪੱਖੀ ਸਮਰਥਕ ਨਾਰਾਜ਼ ਨਜ਼ਰ ਆਏ। ਉਨ੍ਹਾਂ ਵੱਲੋਂ ਪੈਰਿਸ ਦੇ ਮਸ਼ਹੂਰ ਸਕੁਏਅਰ ਪਲੇਸ ਡੇ ਲਾ ਰਿਪਬਲਿਕ ਵਿਖੇ ਇਕੱਠੇ ਹੋ ਕੇ ਆਪੋ-ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਗਈ।

ਰਾਸ਼ਟਰਪਤੀ ਮੈਕਰੋਨ ਨੇ ਇੱਕ ਬਿਆਨ 'ਚ ਕਿਹਾ ਕਿ ਦੂਜੇ ਦੌਰ ਵਿੱਚ ਇੱਕ ਵਿਆਪਕ, ਪੂਰੀ ਤਰ੍ਹਾਂ ਜਮਹੂਰੀ ਅਤੇ ਰਿਪਬਲਿਕਨ ਗੱਠਜੋੜ ਨੂੰ ਚੁਣਨ ਦਾ ਸਮਾਂ ਆ ਗਿਆ ਹੈ।

ਪ੍ਰਧਾਨ ਮੰਤਰੀ ਗੈਬਰੀਅਲ ਏਟਲ ਨੇ ਵੀ ਆਪਣੇ ਸਮਰਥਕਾਂ ਦੇ ਸਾਹਮਣੇ ਛੋਟਾ ਜਿਹਾ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ, "ਨੈਸ਼ਨਲ ਰੈਲੀ ਨੂੰ ਹੁਣ ਇੱਕ ਵੀ ਵੋਟ ਨਹੀਂ ਮਿਲਣੀ ਚਾਹੀਦੀ। ਖ਼ਤਰਾ ਸਪਸ਼ਟ ਹੈ। ਸੰਸਦ ਵਿੱਚ ਪੂਰੀ ਬਹੁਮਤ ਨਾਲ ਨੈਸ਼ਨਲ ਰੈਲੀ ਨੂੰ ਰੋਕਣਾ ਪੈਣਾ ਹੈ।"

ਹਾਲਾਂਕਿ ਫਰਾਂਸ ਅਨਬਾਉਂਡ (ਐਲਐਫਆਈ) ਦੇ ਆਗੂ ਜੀਨ-ਲੂਕ ਮੇਲੇਨਚੋਨ ਨੇ ਆਖਿਆ, "ਏਟਲ ਹੁਣ ਪ੍ਰਧਾਨ ਮੰਤਰੀ ਨਹੀਂ ਰਹਿਣਗੇ।"

ਮੈਰੀਨ ਲੇ ਪੈੱਨ, ਇਮੈਨੂਅਲ ਮੈਕਰੋਂ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਮੈਰੀਨ ਲੇ ਪੈੱਨ, ਇਮੈਨੂਅਲ ਮੈਕਰੋਂ

30 ਜੂਨ ਨੂੰ ਫਰਾਂਸ ਅਸੈਂਬਲੀ ਦੀਆਂ ਚੋਣਾਂ ਦੇ ਪਹਿਲੇ ਗੇੜ ਵਿੱਚ ਮੈਰੀਨ ਲੇ ਪੈੱਨ ਦੀ ਅਗਵਾਈ ਵਾਲੀ ਨੈਸ਼ਨਲ ਰੈਲੀ ਪਾਰਟੀ 33 ਫ਼ੀਸਦ ਦੇ ਕਰੀਬ ਵੋਟਾਂ ਨਾਲ ਸਭ ਤੋਂ ਅੱਗੇ ਰਹੀ ਹੈ।

ਖੱਬੇ ਪੱਖੀ ਗਠਜੋੜ ਨਿਊ ਪਾਪੂਲਰ ਫਰੰਟ 27.9 ਫ਼ੀਸਦ ਵੋਟਾਂ ਨਾਲ ਦੂਜੇ ਨੰਬਰ ਉੱਤੇ ਆਇਆ।

ਇਮੈਨੂਅਲ ਮੈਕਰੋਂ ਦਾ ਐਨਸੈਂਬਲ ਅਲਾਇੰਸ 20.7 ਫ਼ੀਸਦ ਵੋਟਾਂ ਨਾਲ ਤੀਜੇ ਨੰਬਰ ਉੱਤੇ ਆਇਆ।

ਇਸ ਵਾਰ ਫਰਾਂਸ ਦੇ ਪਿਛਲੇ 40 ਸਾਲਾ ਦੇ ਇਤਿਹਾਸ ਵਿੱਚ ਵੋਟ ਫ਼ੀਸਦ ਸਭ ਤੋਂ ਵੱਧ ਰਹੀ।

ਜੇਕਰ ਦੂਜੇ ਗੇੜ ਵਿੱਚ ਵੀ ਨੈਸ਼ਨਲ ਰੈਲੀ ਅੱਗੇ ਰਹਿੰਦੀ ਹੈ ਤਾਂ ਫ਼ਰਾਂਸ ਵਿੱਚ ਸੱਜੇ ਪੱਖੀ ਸਰਕਾਰ ਬਣ ਜਾਵੇਗੀ।

ਫਰਾਂਸ ਵਿੱਚ ਅਗਲੀ ਚੋਣ 11 ਅਪ੍ਰੈਲ 2027 ਵਿੱਚ ਹੋਵੇਗੀ।

ਇਮੈਨੂਅਲ ਮੈਕਰੋਂ ਇਨ੍ਹਾਂ ਚੋਣਾਂ ਵਿੱਚ ਹਿੱਸਾ ਨਹੀਂ ਲੈ ਸਕਣਗੇ ਕਿਉਂਕਿ ਦੋ ਵਾਰ ਤੋਂ ਵੱਧ ਫਰਾਂਸ ਵਿੱਚ ਰਾਸ਼ਟਰਪਤੀ ਨਹੀਂ ਬਣਿਆ ਜਾ ਸਕਦਾ।

ਬੀਬੀਸੀ ਪੱਤਰਕਾਰ ਜੌਨ ਕਿਰਬੀ ਦੀ ਰਿਪੋਰਟ ਮੁਤਾਬਕ ਇਮੈਨੂਅਲ ਮੈਕਰੋਂ ਦਾ ਫਰਾਂਸ ਵਿੱਚ ਚੋਣਾਂ ਕਰਵਾਉਣਾ ਉਨ੍ਹਾਂ ਦੇ ਵਿਰੋਧੀਆਂ ਅਤੇ ਸਾਥੀਆਂ ਵੱਲੋਂ ਇੱਕ ਖ਼ਤਰਨਾਕ ਦਾਅ ਵਜੋਂ ਦੇਖਿਆ ਜਾ ਰਿਹਾ ਸੀ ਜੋ ਕਿ ਸਿਆਸੀ ਤਾਕਤ ਨੂੰ ਸੱਜੇ ਪੱਖੀਆਂ ਦੇ ਹੱਥਾਂ ਵਿੱਚ ਦੇ ਸਕਦਾ ਹੈ।

ਮੈਕਰੋਂ ਦਾ ਟੀਚਾ ਸੀ ਕਿ ਉਹ ਫਰਾਂਸ ਦੀ ਸਿਆਸਤ ਨੂੰ ਆਪਣੇ ਕਾਬੂ ਵਿੱਚ ਲੈ ਲੈਣ ਪਰ ਚੋਣਾਂ ਦੇ ਪਹਿਲੇ ਗੇੜ ਦੇ ਨਤੀਜਿਆਂ ਮੁਤਾਬਕ ਅਜਿਹਾ ਨਹੀਂ ਹੋਵੇਗਾ।

ਫਰਾਂਸ ਵਿੱਚ ਚੋਣਾਂ ਕਿਉਂ ਹੋ ਰਹੀਆਂ ਹਨ

ਮੈਰੀਨ ਲੇ ਪੈੱਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਮੈਰੀਨ ਲੇ ਪੈੱਨ

ਮੈਕਰੋਂ ਨੂੰ ਫਰਾਂਸ ਵਿੱਚ ਅਗਲੇ ਤਿੰਨ ਸਾਲਾਂ ਤੱਕ ਫਰਾਂਸ ਦੀ ਨੈਸ਼ਨਲ ਅਸੈਂਬਲੀ ਦੀਆਂ ਚੋਣਾਂ ਕਰਵਾਉਣ ਦੀ ਕੋਈ ਲੋੜ ਨਹੀਂ ਸੀ।

ਪਰ ਉਨ੍ਹਾਂ ਦੇ ਰਿਨਿਊ ਗਠਜੋੜ ਨੂੰ ਯੂਰਪੀ ਚੋਣਾਂ ਵਿੱਚ ਸੱਜੇ ਪੱਖੀ ਪਾਰਟੀ ਨੈਸ਼ਨਲ ਰੈਲੀ ਪਾਰਟੀ ਆਫ ਜੌਰਡਨ ਬਾਰਡੈੱਲਾ ਅਤੇ ਮੈਰੀਨ ਲੇ ਪੈੱਨ ਵੱਲੋਂ ਮਿਲੀ ਹਾਰ ਤੋਂ ਇੱਕ ਘੰਟੇ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਨੇ ਟੀਵੀ ਉੱਤੇ ਇਹ ਐਲਾਨ ਕੀਤਾ ਕਿ ਉਹ ਇਸ ਹਾਰ ਨੂੰ ਇਹ ਨਹੀਂ ਕਹਿ ਸਕਦੇ ਕਿ ਕੁਝ ਵੀ ਨਹੀਂ ਹੋਇਆ।

ਉਨ੍ਹਾਂ ਦੀ ਪਾਰਟੀ ਤੀਜੀ ਥਾਂ ਉੱਤੇ ਆਈ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਫਰਾਂਸ ਦੇ ਲੋਕਾਂ ਅਤੇ ਸਿਆਸਤਦਾਨਾਂ ਲਈ ਢੁੱਕਵਾਂ ਸਮਾਂ ਹੈ ‘ਜਿਹੜੇ ਆਪਣੇ ਆਪ ਨੂੰ ਕੱਟੜਪੰਥ ਨਾਲ ਨਹੀਂ ਜੁੜਿਆ ਸਮਝਦੇ’ ਕਿ ਉਹ ਨਵਾਂ ਗਠਜੋੜ ਬਣਾਉਣ। ਉਨ੍ਹਾਂ ਨੇ ਕਿਹਾ, ਇਹ ‘ਸਭ ਤੋਂ ਵੱਧ ਜ਼ਿੰਮੇਵਾਰਾਨਾ ਹੱਲ’ ਹੈ।

ਮੈਕਰੋਂ ਕੀ ਸੋਚ ਰਹੇ ਸਨ

ਮੈਕਰੋਂ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਮੈਕਰੋਂ ਚੋਣਾਂ ਕਰਵਾਉਣ ਬਾਰੇ ਕਈ ਮਹੀਨਿਆਂ ਤੋਂ ਸੋਚ ਰਹੇ ਸਨ ਪਰ ਇਹ ਐਲਾਨ ਉਨ੍ਹਾਂ ਦੇ ਸਾਥੀਆਂ ਲਈ ਵੀ ਹੈਰਾਨੀ ਭਰਿਆ ਸੀ

ਮੈਕਰੋਂ ਚੋਣਾਂ ਕਰਵਾਉਣ ਬਾਰੇ ਕਈ ਮਹੀਨਿਆਂ ਤੋਂ ਸੋਚ ਰਹੇ ਸਨ ਪਰ ਇਹ ਐਲਾਨ ਉਨ੍ਹਾਂ ਦੇ ਸਾਥੀਆਂ ਲਈ ਵੀ ਹੈਰਾਨੀ ਭਰਿਆ ਸੀ।

ਫਰਾਂਸ ਵਿੱਚ ਇੱਕ ਵੱਡਾ ਕੌਮਾਂਤਰੀ ਸਮਾਗਮ ਪੈਰਿਸ ਓਲੰਪਿਕਸ 26 ਜੁਲਾਈ ਤੋਂ 11 ਅਗਸਤ ਤੱਕ ਹੋਣ ਜਾ ਰਿਹਾ ਹੈ।

ਹੁਣ ਇੱਥੇ ਚੋਣ ਮੁਹਿੰਮ ਵੀ ਪੂਰੀ ਤੇਜ਼ੀ ਨਾਲ ਜਾਰੀ ਹੈ।

ਮੈਕਰੋਂ ਜੂਨ 2022 ਵਿੱਚ ਬਹੁਮਤ ਨਾ ਮਿਲਣ ਮਗਰੋਂ ਇਸ ਸਥਿਤੀ ਵਿੱਚੋਂ ਨਿਕਲਣਾ ਚਾਹੁੰਦੇ ਸਨ।

ਉਨ੍ਹਾਂ ਲਈ ਨਵੇਂ ਕਾਨੂੰਨ ਪਾਸ ਕਰਨੇ ਬਹੁਤ ਮੁਸ਼ਕਲ ਹੋ ਗਏ ਸਨ। ਉਨ੍ਹਾਂ ਨੂੰ ਪੈਨਸ਼ਨ ਵਿੱਚ ਸੁਧਾਰ ਬਿਨਾ ਵੋਟ ਦੇ ਲਾਗੂ ਕਰਨੇ ਪਏ ਅਤੇ ਪਰਵਾਸ ਸਬੰਧੀ ਸਖ਼ਤ ਨਿਯਮ ਲਾਗੂ ਕਰਨ ਲਈ ਉਨ੍ਹਾਂ ਨੁੰ ਨੈਸ਼ਨਲ ਰੈਲੀ ਦੀ ਲੋੜ ਸੀ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਇਹ ਵੀ ਪੜ੍ਹੋ-

ਮੈਕਰੋਂ ਦਾ ਕਹਿਣਾ ਹੈ, “ਜੇਕਰ ਫਰਾਂਸ ਨੇ ਸ਼ਾਂਤੀ ਸਰਲਤਾ ਨਾਲ ਚੱਲਣਾ ਹੈ ਤਾਂ ਫਰਾਂਸ ਨੂੰ ਸਪਸ਼ਟ ਬਹੁਮਤ ਦੀ ਲੋੜ ਹੈ।”

ਇਸ ਦੇ ਹੁੰਦਿਆਂ ਉਨ੍ਹਾਂ ਨੇ ਫਰਾਂਸ ਦੀ ਸਿਆਸਤ ਨੂੰ ਅਨਿਸ਼ਚਿਤਤਾ ਵਿੱਚ ਛੱਡ ਦਿੱਤਾ ਹੈ।

ਉਨ੍ਹਾਂ ਦੀ ਧਿਰ ਐਨਸੈਂਬਲ ਅਲਾਇੰਸ ਆਫ ਰੈਨੇਸਾਂਸ, ਹੋਰਾਇਜ਼ੋਨਜ਼ ਅਤੇ ਮੋਡੇਮ ਚੋਣਾਂ ਵਿੱਚ ਖੱਬੇ ਪੱਖੀ ਨਿਊ ਪਾਪੂਲਰ ਫਰੰਟ ਤੋਂ ਪਿੱਛੇ ਚੱਲ ਰਹੀ ਹੈ।

ਵਿੱਤ ਮੰਤਰੀ ਬ੍ਰੂਨੋ ਲੇ ਮਾਇਰ ਕਹਿੰਦੇ ਹਨ, “ਇਸ ਫ਼ੈਸਲੇ ਨੇ ਦੇਸ਼ ਵਿੱਚ ਸਾਰੇ ਪਾਸੇ ਚਿੰਤਾ, ਗੁੱਸਾ ਅਤੇ ਅਸਪਸ਼ਟਤਾ ਨੂੰ ਜਨਮ ਦਿੱਤਾ ਹੈ।”

ਇਹ ਚੋਣਾਂ ਅਹਿਮ ਕਿਉਂ ਹਨ?

ਮੈਰੀਨ ਲੇ ਪੈੱਨ

ਤਸਵੀਰ ਸਰੋਤ, REUTERS/Yves Herman

ਤਸਵੀਰ ਕੈਪਸ਼ਨ, ਜਿਸ ਵੀ ਉਮੀਦਵਾਰ ਨੂੰ 50 ਫ਼ੀਸਦ ਤੋਂ ਵੱਧ ਵੋਟਾਂ ਪੈਂਦੀਆਂ ਹਨ ਉਹ ਆਪਣੇ ਆਪ ਜਿੱਤ ਜਾਂਦਾ ਹੈ ।

ਫਰਾਂਸ ਦੀ ਨੈਸ਼ਨਲ ਅਸੈਂਬਲੀ ਵਿੱਚ 577 ਸੀਟਾਂ ਹਨ। ਇਸ ਵਿੱਚ 13 ਵਿਦੇਸ਼ੀ ਜ਼ਿਲ੍ਹੇ ਸ਼ਾਮਲ ਹਨ ਅਤੇ 11 ਹਲਕੇ ਉਹ ਹਨ ਜਿਹੜੇ ਬਾਹਰ ਰਹਿੰਦੇ ਫਰਾਂਸੀਸੀ ਨਾਗਰਿਕਾਂ ਦੀ ਨੁਮਾਇੰਦਗੀ ਕਰਦੇ ਹਨ।

ਬਹੁਮਤ ਲਈ ਇੱਕ ਪਾਰਟੀ ਨੂੰ 289 ਸੀਟਾਂ ਦੀ ਲੋੜ ਹੁੰਦੀ ਹੈ।

ਪਿਛਲੀ ਅਸੈਂਬਲੀ ਵਿੱਚ ਮੈਕਰੋਂ ਦੇ ਗਠਜੋੜ ਕੋਲ ਸਿਰਫ਼ 250 ਸੀਟਾਂ ਸਨ ਅਤੇ ਉਨ੍ਹਾਂ ਨੂੰ ਕੋਈ ਵੀ ਕਾਨੂੰਨ ਪਾਸ ਕਰਨ ਲਈ ਹੋਰ ਪਾਰਟੀਆਂ ਕੋਲੋਂ ਸਹਿਯੋਗ ਲੈਣਾ ਪੈਂਦਾ ਸੀ।

ਪਹਿਲੇ ਗੇੜ ਦੀਆਂ ਚੋਣਾਂ ਵਿੱਚ ਜਿਹੜੇ ਉਮੀਦਵਾਰ 12.5 ਫ਼ੀਸਦ ਸਥਾਨਕ ਲੋਕਾਂ ਦੀਆਂ ਵੋਟਾਂ ਨਹੀਂ ਹਾਸਲ ਕਰਦੇ, ਉਹ ਉਮੀਦਵਾਰ ਬਾਹਰ ਹੋ ਜਾਂਦੇ ਹਨ।

ਜਿਸ ਵੀ ਉਮੀਦਵਾਰ ਨੂੰ 50 ਫ਼ੀਸਦ ਤੋਂ ਵੱਧ ਵੋਟਾਂ ਪੈਂਦੀਆਂ ਹਨ ਉਹ ਆਪਣੇ ਆਪ ਜਿੱਤ ਜਾਂਦਾ ਹੈ ।

ਇਹ ਆਮ ਤੌਰ ਉੱਤੇ ਬਹੁਤ ਘੱਟ ਹਲਕਿਆਂ ਵਿੱਚ ਹੁੰਦਾ ਹੈ। ਨੈਸ਼ਨਲ ਰੈਲੀ ਨੂੰ ਲੱਗਦਾ ਹੈ ਕਿ ਉਹ ਇਸ ਵਾਰ ਦਰਜਨਾਂ ਸੀਟਾਂ ਜਿੱਤ ਸਕਦੇ ਹਨ।

ਦੂਜੇ ਗੇੜ ਵਿੱਚ ਦੋ ਤਿੰਨ ਜਾਂ ਕਦੇ-ਕਦੇ ਚਾਰ ਉਮੀਦਵਾਰ ਹੁੰਦੇ ਹਨ।

ਕਿਉਂਕਿ ਵੋਟ ਫ਼ੀਸਦ ਵੱਧ ਹੋਣ ਦੀ ਉਮੀਦ ਹੈ, ਇਪਸੋਸ ਪੋਲਸਟਰ ਬਰਾਇਸ ਟੇਨਟੁਰੀਰ ਦਾ ਅੰਦਾਜ਼ਾ ਹੈ ਕਿ ਕਰੀਬ 250 ਸੀਟਾਂ ਅਗਲੇ ਐਤਵਾਰ ਨੂੰ ਹੋਣ ਜਾ ਰਹੀਆਂ ਚੋਣਾਂ ਵਿੱਚ ਤਿੰਨ ਧਿਰੀ ਹੋ ਸਕਦੀ ਹੈ।

ਜੌਰਡਨ ਬਾਰਡੈੱਲਾ

ਤਸਵੀਰ ਸਰੋਤ, REUTERS

ਤਸਵੀਰ ਕੈਪਸ਼ਨ, ਜੌਰਡਨ ਬਾਰਡੈੱਲਾ

ਅੱਗੇ ਕੀ ਹੋਵੇਗਾ?

ਦੋ ਗੇੜਾਂ ਵਿੱਚ ਹੋਣ ਵਾਲੀਆਂ ਚੋਣਾਂ ਦਾ ਮਤਲਬ ਹੈ ਕੁਝ ਵੀ ਨਿਸ਼ਚਿਤ ਨਹੀਂ ਹੈ, ਪਰ ਸਿਆਸੀ ਮਾਹਰ ਜੇਰੋਮੇ ਜਾਫਰੇ ਕਹਿੰਦੇ ਹਨ ਕਿ ਮੈਕਰੋਂ ਧਿਰ ਨੂੰ ਅਸਲ ਖ਼ਤਰਾ ਹੈ ਕਿ ਉਨ੍ਹਾਂ ਦੇ ਕਈ ਐੱਮਪੀ ਪਹਿਲੇ ਗੇੜ ਵਿੱਚ ਹੀ ਬਾਹਰ ਹੋ ਜਾਣਗੇ ਜਾਂ ਫਿਰ ਦੂਜੇ ਗੇੜ ਵਿੱਚ ਤੀਜੇ ਨੰਬਰ ਉੱਤੇ ਹੋਣਗੇ।

ਨੈਸ਼ਨਲ ਰੈਲੀ ਦੀਆਂ ਪਿਛਲੀ ਅਸੈਂਬਲੀ ਵਿੱਚ 88 ਸੀਟਾਂ ਹਨ ਪਰ ਅੰਦਾਜ਼ਿਆਂ ਮੁਤਾਬਕ ਉਹ ਇਸ ਵਾਰੀ 220 ਤੋਂ 260 ਸੀਟਾਂ ਜਿੱਤ ਸਕਦੇ ਹਨ।

ਹੁਣ ਤੱਕ ਵੋਟਰਾਂ ਨੇ ਰਵਾਇਤੀ ਤੌਰ ਉੱਤੇ ਸੱਜੇ ਪੱਖੀਆਂ ਨੂੰ ਬਾਹਰ ਰੱਖਣ ਲਈ ਰਣਨੀਤਕ ਵੋਟਿੰਗ ਦੀ ਵਰਤੋਂ ਕੀਤੀ ਹੈ।

ਪਰ ਇਸ ਵਾਰੀ ਇਸ ਦਾ ਫਾਇਦਾ ਮੈਕਰੋਂ ਨਾਲੋਂ ਵੱਧ ਖੱਬੇ ਪੱਖੀ ਧਿਰਾਂ ਨੂੰ ਸਕਦਾ ਹੈ ਅਤੇ ਮੱਧ ਵਾਲੇ ਕਈ ਵੋਟਰ ਪਾਪੂਲਰ ਫਰੰਟ ਨਾਲੋਂ ਨੈਸ਼ਨਲ ਰੈਲੀ ਨੂੰ ਵੱਧ ਤਰਜੀਹ ਦੇ ਸਕਦੇ ਹਨ।

ਜੌਰਡਨ ਬਾਰਡੈੱਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੋਣ ਮੁਹਿੰਮ ਦੇ ਪੋਸਟਰਾਂ ਵਿੱਚ ਜੌਰਡਨ ਬਾਰਡੈੱਲਾ ਪ੍ਰਧਾਨ ਮੰਤਰੀ ਵਜੋਂ ਦਰਸਾਏ ਜਾਂਦੇ ਹਨ। ਉਨ੍ਹਾਂ ਦੇ ਟਿਕ ਟੌਕ ਉੱਤੇ ਕਾਫੀ ਫੋਲੋਅਰ ਹਨ ਪਰ ਉਹ 2019 ਤੋਂ ਯੂਰਪੀ ਪਾਰਲੀਮੈਂਟ ਦੇ ਮੈਂਬਰ ਹਨ।

ਜੇਕਰ ਮੈਕਰੋਂ ਹਾਰਦਾ ਹੈ ਤਾਂ ਕੀ ਹੋਵੇਗਾ?

ਮੈਕਰੋਂ ਨੇ ਇਹ ਕਿਹਾ ਹੈ ਕਿ ਕੋਈ ਵੀ ਜਿੱਤੇ ਉਹ ਰਾਸ਼ਟਰਪਤੀ ਵਜੋਂ ਅਸਤੀਫ਼ਾ ਨਹੀਂ ਦੇਣਗੇ।

ਜੇਕਰ ਮੈਕਰੋਂ ਦੀ ਪਾਰਟੀ ਦੀ ਹਾਰ ਹੁੰਦੀ ਹੈ ਅਤੇ ਨੈਸ਼ਨਲ ਰੈਲੀ ਦੀ ਜਿੱਤ ਹੁੰਦੀ ਹੈ ਤਾਂ ਸਵਾਲ ਇਹ ਹੈ ਕਿ ਕੀ ਨੈਸ਼ਨਲ ਰੈਲੀ ਪੂਰਨ ਬਹੁਤਮਤ ਜਾਂ ਬਹੁਮਤ ਦੇ ਨੇੜੇ ਪਹੁੰਚ ਸਕੇਗੀ ਜਾਂ ਨਹੀਂ ਹੈ।

ਨੈਸ਼ਨਲ ਰੈਲੀ ਦੀ ਜਿੱਤ ਮਗਰੋਂ ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ ਕਿ ਇੱਕ ਪਾਰਟੀ ਦਾ ਰਾਸ਼ਟਰਪਤੀ ਸਟੇਟ ਦਾ ਮੁਖੀ ਹੋਵੇਗਾ ਅਤੇ ਦੂਜੀ ਪਾਰਟੀ ਸਰਕਾਰ ਚਲਾਏਗੀ।

ਇਹ ਪਹਿਲਾਂ ਵੀ ਹੋ ਚੁੱਕਾ ਹੈ ਜਦੋਂ ਘਰੇਲੂ ਨੀਤੀ ਪ੍ਰਧਾਨ ਮੰਤਰੀ ਦੇ ਹੱਥ ਵਿੱਚ ਸੀ ਅਤੇ ਵਿਦੇਸ਼ ਅਤੇ ਰੱਖਿਆ ਨੀਤੀ ਰਾਸ਼ਟਰਪਤੀ ਦੇ ਹੱਥ ਵਿੱਚ।

ਕੀ ਜੌਰਡਨ ਬਾਰਡੈੱਲਾ ਪ੍ਰਧਾਨ ਮੰਤਰੀ ਬਣਨਗੇ

ਸੰਵਿਧਾਨ ਮੁਤਾਬਕ ਰਾਸ਼ਟਰਪਤੀ ਮੈਕਰੋਂ ਇਹ ਫ਼ੈਸਲਾ ਲੈਣਗੇ ਕਿ ਅਗਲੀ ਸਰਕਾਰ ਕੌਣ ਚਲਾਏਗਾ। ਬਾਰਡੈੱਲਾ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਨਹੀਂ ਬਣਨਗੇ ਜੇਕਰ ਉਨ੍ਹਾਂ ਨੂੰ ਪੂਰਨ ਬਹੁਮਤ ਨਹੀਂ ਮਿਲਦੀ।

ਉਹ ਕਹਿੰਦੇ ਹਨ, “ਮੈਂ ਰਾਸ਼ਟਰਪਤੀ ਦਾ ਸਹਾਇਕ ਨਹੀਂ ਬਣਨਾ ਚਾਹੁੰਦਾ।”

ਪਰ ਮੈਕਰੋਂ ਦਾ ਫ਼ੈਸਲਾ ਨਤੀਜਿਆਂ ਦੇ ਮੁਤਾਬਕ ਹੀ ਹੋਵੇਗਾ। ਜੇਕਰ ਨੈਸ਼ਨਲ ਰੈਲੀ ਸਭ ਤੋਂ ਮਜ਼ਬੂਤ ਪਾਰਟੀ ਵਜੋਂ ਉੱਭਰਦੀ ਹੈ ਤਾਂ ਉਨ੍ਹਾਂ ਲਈ ਕਿਸੇ ਹੋਰ ਦੀ ਚੋਣ ਕਰਨੀ ਮੁਸ਼ਕਲ ਹੋਵੇਗੀ।

ਚੋਣ ਮੁਹਿੰਮ ਦੇ ਪੋਸਟਰਾਂ ਵਿੱਚ ਜੌਰਡਨ ਬਾਰਡੈੱਲਾ ਪ੍ਰਧਾਨ ਮੰਤਰੀ ਵਜੋਂ ਦਰਸਾਏ ਜਾਂਦੇ ਹਨ। ਉਨ੍ਹਾਂ ਦੇ ਟਿਕ ਟੌਕ ਉੱਤੇ ਕਾਫੀ ਫੋਲੋਅਰ ਹਨ ਪਰ ਉਹ 2019 ਤੋਂ ਯੂਰਪੀ ਪਾਰਲੀਮੈਂਟ ਦੇ ਮੈਂਬਰ ਹਨ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)