ਪੰਜਾਬ ਦੇ ਮਸ਼ਹੂਰ ਅਦਾਕਾਰਾਂ ਦਾ ਮੇਕਅੱਪ ਕਰਨ ਵਾਲੀ ਟਰਾਂਸਜੈਂਡਰ ਸੌਰਭ ਕਿਉਂ ਖੁਦ ਦੇ ਸੰਘਰਸ਼ ਦੀ ਕਹਾਣੀ ਦੱਸਣਾ ਨਹੀਂ ਚਾਹੁੰਦੀ

    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ

'ਮੈਨੂੰ ਮਾਣ ਹੈ ਕਿ ਮੈਂ ਇੱਕ ਟਰਾਂਸਜੈਂਡਰ ਹਾਂ ਤੇ ਮੈਂ ਅੱਜ ਪੰਜਾਬੀ ਫਿਲਮ ਅਤੇ ਗੀਤ ਇੰਡਸਟਰੀ ਦੇ ਮਸ਼ਹੂਰ ਕਲਾਕਾਰਾਂ ਨਾਲ ਕੰਮ ਕਰ ਰਹੀ ਹਾਂ।'

ਇਹ ਕਹਿਣਾ ਹੈ ਮੁਹਾਲੀ ਰਹਿੰਦੇ ਟਰਾਂਸਜੈਂਡਰ ਮੇਕਅੱਪ ਆਰਟਿਸਟ ਸੌਰਭ ਆਨੰਦ ਦਾ।

ਸੌਰਭ ਆਨੰਦ ਪੰਜਾਬ ਵਿੱਚ ਮਸ਼ਹੂਰ ਮੇਕਅੱਪ ਆਰਟਿਸਟ ਹਨ। ਉਹ ਅਦਾਕਾਰਾ ਹਿਮਾਂਸ਼ੀ ਖੁਰਾਣਾ, ਸਤਿੰਦਰ ਸੱਤੀ, ਨਿਮਰਤ ਖਹਿਰਾ, ਗਾਇਕ ਅਰਜਨ ਢਿੱਲੋਂ, ਸਿਮਰਨ ਕੌਰ ਢਾਂਡਲੀ, ਲਵ ਗਿੱਲ, ਆਰੂਸ਼ੀ ਆਦਿ ਨਾਲ ਬਤੌਰ ਮੇਕਅੱਪ ਆਰਟਿਸਟ ਕੰਮ ਕਰਦੇ ਹਨ।

ਸੌਰਭ ਆਨੰਦ ਕਹਿੰਦੇ ਹਨ ਕਿ ਉਹ ਇੱਕ ਟਰਾਂਸਜੈਂਡਰ ਹਨ ਇਸ ਦਾ ਅਸਰ ਕਦੇ ਵੀ ਉਨ੍ਹਾਂ ਦੇ ਕੰਮ ਉੱਤੇ ਨਹੀਂ ਪਿਆ। ਇੰਡਸਟਰੀ ਦੇ ਲੋਕਾਂ ਨੇ ਉਨ੍ਹਾਂ ਨੂੰ ਖੁੱਲ੍ਹੀਆਂ ਬਾਹਵਾਂ ਨਾਲ ਅਪਣਾਇਆ ਹੈ।

ਉਹ ਕਹਿੰਦੇ ਹਨ, "ਤੁਸੀਂ ਮੇਰਾ ਸੋਸ਼ਲ ਮੀਡੀਆ ਦੇਖ ਲਓ ਹਿਮਾਂਸ਼ੀ ਖੁਰਾਣਾ ਨਾਲ ਮੇਰਾ ਦੋਸਤਾਂ ਵਾਲਾ ਰਿਸ਼ਤਾ ਹੈ, ਸਤਿੰਦਰ ਸੱਤੀ ਨੇ ਮੈਨੂੰ ਇੱਕ ਗੁਰੂ ਦੀ ਤਰ੍ਹਾਂ ਪਿਆਰ ਦਿੱਤਾ ਹੈ। ਮੈਨੂੰ ਕਦੇ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਮੈਂ ਉਨ੍ਹਾਂ ਤੋਂ ਵੱਖਰੀ ਹਾਂ।"

ਸੌਰਭ ਆਨੰਦ ਕਹਿੰਦੇ ਹਨ ਕਿ ਇਹ ਹਾਲਾਤ ਸ਼ੁਰੂ ਤੋਂ ਅਜਿਹੇ ਨਹੀਂ ਸਨ, "ਇਸ ਮੁਕਾਮ ਤੱਕ ਪਹੁੰਚਣ ਲਈ ਮੈਨੂੰ ਬਹੁਤ ਸੰਘਰਸ਼ ਕਰਨਾ ਪਿਆ ਹੈ, ਮੈਂ ਸਫ਼ਲ ਹੋਈ ਹਾਂ ਤਾਂ ਇਸ ਦਾ ਕਾਰਨ ਬਸ ਇੱਕ ਹੈ ਕਿ ਮੈਂ ਕਦੇ ਰੁਕੀ ਨਹੀਂ, ਹਾਲਾਤ ਮੈਨੂੰ ਰੋਕਣ ਦੀ ਕੋਸ਼ਿਸ਼ ਕਰਦੇ ਰਹੇ ਪਰ ਮੈਂ ਮਿਹਨਤ ਕਰਨਾ ਨਹੀਂ ਛੱਡਿਆ।"

ਸੌਰਭ ਦਾ ਜਨਮ ਕਾਰੋਬਾਰੀ ਪਰਿਵਾਰ ਵਿੱਚ ਹੋਇਆ

ਸੌਰਭ ਆਨੰਦ ਦੱਸਦੇ ਹਨ ਕਿ ਉਨ੍ਹਾਂ ਦਾ ਜਨਮ 1990 ਵਿੱਚ ਅੰਮ੍ਰਿਤਸਰ ਦੇ ਇੱਕ ਕਾਰੋਬਾਰੀ ਪਰਿਵਾਰ ਵਿੱਚ ਹੋਇਆ ਹੈ। ਉਨ੍ਹਾਂ ਦੇ ਪਿਤਾ ਦਾ ਪਰਿਵਾਰ ਬਹੁਤ ਵੱਡਾ ਸੀ ਜਿਸ ਕਰਕੇ ਉਨ੍ਹਾਂ ਨੂੰ ਘਰ ਵਿੱਚੋਂ ਰੱਜਵਾਂ ਪਿਆਰ ਮਿਲਿਆ।

ਸੌਰਭ ਕਹਿੰਦੇ ਹਨ ਕਿ ਟਰਾਂਸਜੈਂਡਰ ਹੋਣ ਕਰ ਕੇ ਉਨ੍ਹਾਂ ਨੂੰ ਪਰਿਵਾਰ ਵਿੱਚੋਂ ਕਿਸੇ ਨੇ ਵਿਤਕਰੇ ਵਾਲੀ ਭਾਵਨਾ ਨਾਲ ਨਹੀਂ ਰੱਖਿਆ।

ਉਹ ਦੱਸਦੇ ਹਨ, "ਮੇਰੀ ਮਾਂ ਨੇ ਮੇਰਾ ਨਾਮ ਮੁੰਡਾ ਸਮਝ ਕੇ ਸੌਰਭ ਰੱਖਿਆ ਸੀ। ਪਰ ਮੈਂ ਬਚਪਨ ਤੋਂ ਹੀ ਇੱਕ ਕੁੜੀ ਵਾਂਗ ਮਹਿਸੂਸ ਕੀਤਾ। ਮੇਰੇ ਸ਼ੌਕ ਵੀ ਕੁੜੀਆਂ ਵਾਲੇ ਸਨ, ਸੂਟ ਪਾਉਣਾ ਤਿਆਰ ਹੋ ਕੇ ਰਹਿਣਾ ਮੈਨੂੰ ਬਚਪਨ ਤੋਂ ਹੀ ਪਸੰਦ ਸੀ।"

"ਜਿਸ ਨੂੰ ਮੇਰੀ ਮਾਂ ਸਮਝਦੀ ਸੀ ਤੇ ਮੇਰੀ ਮਾਂ ਨੇ ਹੀ ਮੇਰੇ ਪਿਤਾ ਜੀ ਨੂੰ ਸਮਝਾਉਣ ਵਿੱਚ ਮਦਦ ਕੀਤੀ ਕਿ ਮੈਂ ਕੀ ਹਾਂ।"

ਉਹ ਕਹਿੰਦੇ ਹਨ ਕਿ ਆਪਣੇ ਆਪ ਨੂੰ ਦੁਨੀਆਂ ਸਾਹਮਣੇ ਲੈ ਕੇ ਆਉਣ ਵਿੱਚ ਸਭ ਤੋਂ ਵੱਧ ਉਨ੍ਹਾਂ ਦੀ ਮਦਦ ਉਨ੍ਹਾਂ ਦੀ ਮਾਂ ਨੇ ਹੀ ਕੀਤੀ ਹੈ।

ਸੌਰਭ ਦੱਸਦੇ ਹਨ ਕਿ ਉਨ੍ਹਾਂ ਦੀ ਸਕੂਲੀ ਪੜ੍ਹਾਈ ਅੰਮ੍ਰਿਤਸਰ ਤੋਂ ਹੀ ਹੋਈ ਹੈ। ਉਨ੍ਹਾਂ ਦੇ ਸਕੂਲ ਦੇ ਅਧਿਆਪਕ ਨੇ ਵੀ ਹਮੇਸ਼ਾ ਉਨ੍ਹਾਂ ਨੂੰ ਅੱਗੇ ਵਧਣ ਲਈ ਹੀ ਪ੍ਰੇਰਿਆ।

ਘਰਦਿਆਂ ਤੋਂ ਚੋਰੀ ਮੇਕਅੱਪ ਸਿੱਖਿਆ

ਸੌਰਭ ਮੁਤਾਬਕ ਉਨ੍ਹਾਂ ਨੂੰ ਬਚਪਨ ਤੋਂ ਜਹਾਜ਼ ਉਡਾਉਣ ਦਾ ਸ਼ੌਂਕ ਸੀ।

ਉਹ ਕਹਿੰਦੇ ਹਨ, "ਮੈਂ ਆਪਣੀ ਮਾਂ ਨਾਲ ਹਮੇਸ਼ਾ ਇਹ ਸੁਪਨਾ ਸਾਂਝਾ ਕਰਦੀ ਸੀ ਕਿ ਮੈਂ ਜਹਾਜ਼ ਉਡਾਉਣਾ ਹੈ। ਇਸਦੇ ਲਈ ਮੈਂ ਸਿਖਲਾਈ ਲੈਣ ਦਾ ਵੀ ਸੋਚਿਆ। ਪਰ ਫੇਰ ਮੇਰੀ ਮੁਲਾਕਾਤ ਮੇਰੇ ਇੱਕ ਦੋਸਤ ਨਾਲ ਹੋਈ ਤਾਂ ਉਸ ਨੇ ਮੈਨੂੰ ਸੁਝਾਅ ਦਿੱਤਾ ਕਿ ਮੇਕਅੱਪ ਵਿੱਚ ਵੀ ਕਰੀਅਰ ਬਣਾਇਆ ਜਾ ਸਕਦਾ ਹੈ।"

"ਉਦੋਂ ਮੈਂ ਉਨ੍ਹਾਂ ਦੀ ਗੱਲ ਮੰਨ ਕੇ ਮੇਕਅੱਪ ਸਿੱਖਣ ਵੱਲ ਧਿਆਨ ਦੇ ਦਿੱਤਾ। ਹਾਲਾਂਕਿ ਇਹ ਸਿਖਲਾਈ ਮੈਂ ਘਰਦਿਆਂ ਤੋਂ ਚੋਰੀ ਸ਼ੁਰੂ ਕੀਤੀ ਸੀ। ਕਿਉਂਕਿ ਉਸ ਵੇਲੇ ਮੇਰੇ ਘਰ ਵਿੱਚ ਮੇਕਅੱਪ ਸਿੱਖਣ ਦੀ ਇਜਾਜ਼ਤ ਨਹੀਂ ਸੀ।"

ਸੌਰਭ ਦੱਸਦੇ ਹਨ ਕਿ ਉਹ ਘਰਦਿਆਂ ਤੋਂ ਲਈ ਫੀਸ ਮੇਕਅੱਪ ਸਿੱਖਣ ਉੱਤੇ ਲਗਾਉਂਦੇ ਸਨ ਅਤੇ ਘਰਦਿਆਂ ਤੋਂ ਚੋਰੀ ਹੀ ਮੇਕਅੱਪ ਸਿੱਖਣ ਦੀ ਕੋਚਿੰਗ ਲੈ ਰਹੇ ਸਨ।

ਸਤਿੰਦਰ ਸੱਤੀ ਨਾਲ ਹੋਈ ਕਰੀਅਰ ਦੀ ਸ਼ੁਰੂਆਤ

ਸੌਰਭ ਦੱਸਦੇ ਹਨ, "ਮੇਕਅੱਪ ਸਿੱਖਣ ਤੋਂ ਬਾਅਦ ਮੈਨੂੰ ਕੁਝ ਸੀਨੀਅਰ ਆਰਟਿਸਟ ਨਾਲ ਰਹਿਣ ਦਾ ਮੌਕਾ ਮਿਲਿਆ। ਉਹ ਆਰਟਿਸਟ ਪੰਜਾਬ ਦੇ ਮਸ਼ਹੂਰ ਐਂਕਰ ਸਤਿੰਦਰ ਸੱਤੀ ਨਾਲ ਕੰਮ ਕਰਦੇ ਸਨ। ਇਸ ਲਈ ਸੌਰਭ ਸਭ ਤੋਂ ਪਹਿਲਾਂ ਆਪਣੇ ਸੀਨੀਅਰ ਨਾਲ ਸਤਿੰਦਰ ਸੱਤੀ ਦਾ ਮੇਕਅੱਪ ਕਰਨ ਲਈ ਗਏ ਸਨ।"

ਉਹ ਕਹਿੰਦੇ ਹਨ, "ਸਤਿੰਦਰ ਸੱਤੀ ਜੀ ਨੂੰ ਮੇਰਾ ਕੰਮ ਬਹੁਤ ਪਸੰਦ ਆਇਆ ਉਨ੍ਹਾਂ ਨੇ ਫੇਰ ਮੈਨੂੰ ਆਪਣਾ ਮੇਕਅੱਪ ਦਾ ਕੰਮ ਸੌਂਪਣਾ ਸ਼ੁਰੂ ਕੀਤਾ। ਉਨ੍ਹਾਂ ਨਾਲ ਜੁੜਨ ਤੋਂ ਬਾਅਦ ਮੈਨੂੰ ਪੰਜਾਬ ਦੇ ਪ੍ਰਸਿੱਧ ਸ਼ੋਅ ਵਿੱਚ ਬਤੌਰ ਮੇਕਅੱਪ ਆਰਟਿਸਟ ਕੰਮ ਕਰਨ ਦਾ ਮੌਕਾ ਮਿਲਣਾ ਸ਼ੁਰੂ ਹੋ ਗਿਆ। ਜਿਸ ਤੋਂ ਬਾਅਦ ਇਹ ਸਿਲਸਿਲਾ ਲਗਾਤਾਰ ਚੱਲਦਾ ਰਿਹਾ।"

ਸੌਰਭ ਦੱਸਦੇ ਹਨ ਕਿ ਹੁਣ ਉਹ ਹਿਮਾਂਸ਼ੀ ਖੁਰਾਣਾ, ਸਿਮਰਨ ਕੌਰ ਢਾਡਲੀ, ਆਰੂਸ਼ੀ, ਲਵ ਗਿੱਲ ਆਦਿ ਕਲਾਕਾਰਾਂ ਨਾਲ ਕੰਮ ਕਰ ਰਹੇ ਹਨ।

ਸਮਾਜ ਤੋਂ ਡਰੋਂ ਨਾ ਸਿੱਖੋ

ਸੌਰਭ ਆਪਣੇ ਇਸ ਸੰਘਰਸ਼ ਉੱਤੇ ਝਾਤ ਮਰਦੇ ਕਹਿੰਦੇ ਹਨ, "ਮੈਂ ਬਹੁਤ ਮੁਸੀਬਤਾਂ ਦੇਖੀਆਂ ਹਨ। ਪਰ ਮੇਰੀ ਵੱਖਰੀ ਗੱਲ ਇਹ ਹੈ ਕਿ ਮੈਂ ਕਦੇ ਇਨ੍ਹਾਂ ਮੁਸ਼ਕਲਾਂ ਤੋਂ ਨਿਰਾਸ਼ ਨਹੀਂ ਹੋਈ। ਮੈਂ ਤੁਹਾਨੂੰ ਵੀ ਆਪਣੇ ਨਾਲ ਬੀਤੀਆਂ ਕਹਾਣੀਆਂ ਦੱਸ ਕੇ ਮੇਰੇ ਉੱਤੇ ਤਰਸ ਕਰਨ ਲਈ ਮਜ਼ਬੂਰ ਨਹੀਂ ਕਰ ਸਕਦੀ।"

ਉਹ ਕਹਿੰਦੇ ਹਨ, "ਕੋਈ ਮੇਰੇ ਉੱਤੇ ਤਰਸ ਕਿਉਂ ਕਰੇ ਜਾਂ ਮੈਨੂੰ ਖਾਸ ਕਿਉਂ ਸਮਝੇ। ਮੈਂ ਨਾਰਮਲ ਇਨਸਾਨ ਹਾਂ ਜਿਵੇਂ ਇੱਕ ਮੁੰਡਾ ਜਾਂ ਇੱਕ ਕੁੜੀ ਹੁੰਦੀ ਹੈ। ਮੈਨੂੰ ਵੱਖ ਨਾ ਸਮਝਿਆ ਜਾਵੇ। ਮੇਰੇ ਜਿਊਣ ਦਾ ਆਪਣਾ ਅੰਦਾਜ਼ ਹੈ। ਮੈਂ ਸਮਾਜ ਤੋਂ ਡਰਦੀ ਨਹੀਂ ਹਾਂ ਬਸ ਆਪਣੇ ਨਾਲ ਬੀਤੀਆਂ ਘਟਨਾਵਾਂ ਤੋਂ ਸਿੱਖਦੀ ਹਾਂ ਅਤੇ ਅੱਗੇ ਵੱਧਦੀ ਹਾਂ।"

ਟਰਾਂਸਜੈਂਡਰ ਭਾਈਚਾਰੇ ਅਤੇ ਸਮਾਜ ਨੂੰ ਅਪੀਲ

ਸੌਰਭ ਆਪਣੇ ਸਫਲਤਾ ਦਾ ਕਾਰਨ ਆਪਣੀ ਮਿਹਨਤ ਨੂੰ ਦੱਸਦੇ ਹਨ।

ਉਹ ਕਹਿੰਦੇ ਹਨ, "ਹੋਰ ਟਰਾਂਸਜੈਂਡਰਾਂ ਵਾਂਗ ਮੈਂ ਦੂਜੇ ਅੱਗੇ ਹੱਥ ਫੈਲਾ ਸਕਦੀ ਸੀ। ਇਸ ਲਈ ਮੈਂ ਆਪਣਾ ਰਾਹ ਆਪ ਚੁਣਿਆ। ਮੈਂ ਪੜ੍ਹਾਈ ਨਹੀਂ ਛੱਡੀ।"

"ਇਹੀ ਅਪੀਲ ਮੈਂ ਟਰਾਂਸਜੈਂਡਰ ਭਾਈਚਾਰੇ ਨੂੰ ਕਰਦੀ ਹਾਂ ਕਿ ਆਪਣੇ ਦਾਇਰੇ ਨੂੰ ਸੀਮਤ ਨਾ ਕਰੋ। ਇਹ ਨਾ ਸੋਚੋ ਕਿ ਅਸੀਂ ਇਹ ਕੰਮ ਨਹੀਂ ਕਰ ਸਕਦੇ। ਪੜ੍ਹੋ, ਰਸਤੇ ਲੱਭੋ ਕਿਵੇਂ ਅਸੀਂ ਆਪਣੇ ਸੁਪਨੇ ਪੂਰੇ ਕਰ ਸਕਦੇ ਹਾਂ।"

ਦੂਜੀ ਅਪੀਲ ਉਹ ਸਮਾਜ ਨੂੰ ਕਰਦੇ ਹਨ। ਉਹ ਕਹਿੰਦੇ ਹਨ, "ਜਿਵੇਂ ਮੇਰੇ ਪਰਿਵਾਰ ਨੇ ਮੈਨੂੰ ਕੰਮ ਕਰਨ ਅਤੇ ਆਪਣੇ ਢੰਗ ਨਾਲ ਅੱਗੇ ਵਧਣ ਦੀ ਖੁੱਲ੍ਹ ਦਿੱਤੀ ਹੈ ਓਵੇਂ ਹੀ ਸਮਾਜ ਹੋਰ ਟਰਾਂਸਜੈਂਡਰ, ਐੱਲਜੀਬੀਟੀਕਿਊ ਇਨ੍ਹਾਂ ਵਰਗਾਂ ਨੂੰ ਦੇਵੇ ਤਾਂ ਜੋ ਉਹ ਖੁੱਲ੍ਹ ਕੇ ਸਾਹ ਲੈ ਸਕਣ ਅਤੇ ਆਪਣਾ ਕੰਮ ਕਰਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)