ਚਮੜੀ ਦੇ ਡੀਐੱਨਏ ਤੋਂ ਪਹਿਲੀ ਵਾਰ ਭਰੂਣ ਬਣਾਏ ਗਏ, ਇਸ ਨਾਲ ਕਿਵੇਂ ਸਮਲਿੰਗੀ ਮਰਦਾਂ ਦੇ ਵੀ ਬੱਚਾ ਪੈਦਾ ਕਰਨ ਦੇ ਕਾਬਿਲ ਬਣਨ ਦੀ ਉਮੀਦ

ਸੰਕੇਤਕ ਤਸਵੀਰ

ਤਸਵੀਰ ਸਰੋਤ, OHSU/Christine Torres Hicks

ਤਸਵੀਰ ਕੈਪਸ਼ਨ, ਨਵੀਂ ਤਕਨੀਕ ਸਰੀਰ ਦੇ ਤਕਰੀਬਨ ਕਿਸੇ ਵੀ ਸੈੱਲ ਨੂੰ ਜੀਵਨ ਦੇ ਸ਼ੁਰੂਆਤੀ ਬਿੰਦੂ ਵਜੋਂ ਵਰਤ ਕੇ, ਬੁਢਾਪੇ ਜਾਂ ਬਿਮਾਰੀ ਕਾਰਨ ਹੋਣ ਵਾਲੇ ਬਾਂਝਪਨ ਨੂੰ ਦੂਰ ਕਰ ਸਕਦੀ ਹੈ
    • ਲੇਖਕ, ਜੇਮਜ਼ ਗੇਲੇਘਰ
    • ਰੋਲ, ਸਿਹਤ ਅਤੇ ਵਿਗਿਆਨ ਪੱਤਰਕਾਰ

ਅਮਰੀਕੀ ਵਿਗਿਆਨੀਆਂ ਨੇ ਪਹਿਲੀ ਵਾਰ ਲੋਕਾਂ ਦੇ ਚਮੜੀ ਦੇ ਸੈੱਲਾਂ ਤੋਂ ਲਏ ਗਏ ਡੀਐੱਨਏ ਵਿੱਚ ਬਦਲਾਅ ਕਰਕੇ ਅਤੇ ਫ਼ਿਰ ਸ਼ੁਕਰਾਣੂਆਂ ਦੀ ਮਦਦ ਨਾਲ ਇਸ ਵਿੱਚ ਪ੍ਰਜਨਣ ਸ਼ਕਤੀ ਪੈਦਾ ਕਰਕੇ, ਸ਼ੁਰੂਆਤੀ ਪੜਾਅ ਦੇ ਮਨੁੱਖੀ ਭਰੂਣ ਬਣਾਏ ਹਨ।

ਇਹ ਤਕਨੀਕ ਸਰੀਰ ਦੇ ਤਕਰੀਬਨ ਕਿਸੇ ਵੀ ਸੈੱਲ ਨੂੰ ਜੀਵਨ ਦੇ ਸ਼ੁਰੂਆਤੀ ਬਿੰਦੂ ਵਜੋਂ ਵਰਤ ਕੇ, ਬੁਢਾਪੇ ਜਾਂ ਬਿਮਾਰੀ ਕਾਰਨ ਹੋਣ ਵਾਲੇ ਬਾਂਝਪਨ ਨੂੰ ਦੂਰ ਕਰ ਸਕਦੀ ਹੈ।

ਇਸ ਨਾਲ ਸੰਭਾਵਨਾ ਬਣਦੀ ਹੈ ਕਿ ਸਮਲਿੰਗੀ ਜੋੜੇ ਜੈਨੇਟਿਕ ਤੌਰ 'ਤੇ ਬੱਚਾ ਪੈਦਾ ਕਰਨ ਦੇ ਸਮਰੱਥ ਹੋ ਸਕਣਗੇ।

ਹਾਲਾਂਕਿ, ਇਸ ਵਿਧੀ ਦੀ ਵਰਤੋਂ ਕਰਨ ਅਤੇ ਇਸ ਤਰ੍ਹਾਂ ਦੇ ਕਲੀਨਿਕ ਖੋਲ੍ਹਣ ਤੋਂ ਪਹਿਲਾਂ, ਇਸ ਵਿਧੀ ਨੂੰ ਕਾਫ਼ੀ ਸੁਧਾਰ ਦੀ ਲੋੜ ਹੈ ਜਿਸ ਵਿੱਚ ਦਹਾਕੇ ਤੋਂ ਵੱਧ ਸਮਾਂ ਲੱਗ ਸਕਦਾ ਹੈ।

ਮਾਹਰਾਂ ਨੇ ਦੱਸਿਆ ਕਿ ਇਹ ਇੱਕ ਪ੍ਰਭਾਵਸ਼ਾਲੀ ਸਫਲਤਾ ਸੀ, ਪਰ ਵਿਗਿਆਨ ਕੀ ਸੰਭਵ ਬਣਾ ਰਿਹਾ ਹੈ, ਇਸ ਬਾਰੇ ਆਮ ਲੋਕਾਂ ਨਾਲ ਇੱਕ ਖੁੱਲ੍ਹੀ ਚਰਚਾ ਦੀ ਲੋੜ ਹੈ।

ਪ੍ਰਜਨਨ ਪਹਿਲਾਂ ਇੱਕ ਸਧਾਰਨ ਪ੍ਰਕਿਰਿਆ ਹੈ ਜਿਸ ਵਿੱਚ ਇੱਕ ਆਦਮੀ ਦਾ ਸ਼ੁਕਰਾਣੂ, ਔਰਤ ਦੇ ਅੰਡੇ ਨਾਲ ਮਿਲਦਾ ਹੈ। ਉਹ ਭਰੂਣ ਬਣਾਉਣ ਲਈ ਮਿਲਦੇ ਹਨ ਅਤੇ ਨੌਂ ਮਹੀਨਿਆਂ ਬਾਅਦ ਇੱਕ ਬੱਚੇ ਦਾ ਜਨਮ ਹੁੰਦਾ ਹੈ।

ਹੁਣ ਵਿਗਿਆਨੀ ਤਰੀਕਾ ਬਦਲ ਰਹੇ ਹਨ। ਇਹ ਨਵੀਨਤਮ ਪ੍ਰਯੋਗ ਮਨੁੱਖੀ ਚਮੜੀ ਨਾਲ ਸ਼ੁਰੂ ਹੁੰਦਾ ਹੈ।

ਨਵੀਂ ਖੋਜ ਦੀ ਸੰਭਾਵਨਾ

ਸੰਕੇਤਕ ਤਸਵੀਰ

ਤਸਵੀਰ ਸਰੋਤ, OHSU

ਤਸਵੀਰ ਕੈਪਸ਼ਨ, ਵੱਡਾ ਚੱਕਰ ਮਾਈਕ੍ਰੋਸਕੋਪ ਦੇ ਹੇਠਾਂ ਦੇਖਿਆ ਗਿਆ ਅੰਡਾ ਹੈ, ਹੇਠਾਂ ਚਿੱਟਾ ਬਿੰਦੂ ਚਮੜੀ ਦੇ ਸੈੱਲ ਤੋਂ ਲਿਆ ਗਿਆ ਜੈਨੇਟਿਕ ਪਦਾਰਥ ਹੈ ਅਤੇ ਅੰਦਰ ਰੱਖਿਆ ਗਿਆ ਹੈ

ਓਰੇਗਨ ਹੈਲਥ ਐਂਡ ਸਾਇੰਸ ਯੂਨੀਵਰਸਿਟੀ ਦੀ ਖੋਜ ਟੀਮ ਦੀ ਤਕਨੀਕ ਨਿਊਕਲੀਅਸ, ਜਿਸ ਵਿੱਚ ਸਰੀਰ ਨੂੰ ਬਣਾਉਣ ਲਈ ਲੋੜੀਂਦੇ ਪੂਰੇ ਜੈਨੇਟਿਕ ਕੋਡ ਦੀ ਇੱਕ ਕਾਪੀ ਹੁੰਦੀ ਹੈ ਨੂੰ ਚਮੜੀ ਦੇ ਸੈੱਲ ਤੋਂ ਬਾਹਰ ਕੱਢਦੀ ਹੈ।

ਫਿਰ ਇਸਨੂੰ ਇੱਕ ਦਾਨੀ ਅੰਡੇ ਦੇ ਅੰਦਰ ਰੱਖਿਆ ਜਾਂਦਾ ਹੈ ਜੋ ਜੈਨੇਟਿਕ ਨਿਰਦੇਸ਼ ਨਹੀਂ ਲੈਂਦਾ ਹੈ।

ਹੁਣ ਤੱਕ, ਇਹ ਤਕਨੀਕ ਡੌਲੀ ਦਿ ਸ਼ੀਪ ਜੋ ਕਿ ਦੁਨੀਆ ਦਾ ਪਹਿਲਾ ਕਲੋਨ ਕੀਤਾ ਥਣਧਾਰੀ ਜੀਵ ਹੈ ਬਣਾਉਣ ਲਈ ਵਰਤੀ ਗਈ ਤਕਨੀਕ ਵਰਗੀ ਹੈ। ਡੌਲੀ ਦਿ ਸ਼ੀਪ 1996 ਵਿੱਚ ਪੈਦਾ ਹੋਈ ਸੀ।

ਹਾਲਾਂਕਿ, ਇਹ ਅੰਡਾ ਸ਼ੁਕਰਾਣੂ ਨਾਲ ਪ੍ਰਜਣਨ ਤੱਕ ਪਹੁੰਚਣ ਲਈ ਤਿਆਰ ਨਹੀਂ ਹੈ ਕਿਉਂਕਿ ਇਸ ਵਿੱਚ ਪਹਿਲਾਂ ਹੀ ਕ੍ਰੋਮੋਸੋਮ ਦਾ ਪੂਰਾ ਸੂਟ ਹੁੰਦਾ ਹੈ।

ਤੁਹਾਨੂੰ ਆਪਣੇ ਹਰੇਕ ਮਾਤਾ-ਪਿਤਾ ਤੋਂ ਡੀਐੱਨਏ ਦੇ 23 ਬੰਡਲ ਵਿਰਾਸਤ ਵਿੱਚ ਮਿਲਦੇ ਹਨ, ਜਿਸ ਨਾਲ ਕੁੱਲ 46 ਬਣਦੇ ਹਨ, ਜੋ ਕਿ ਅੰਡੇ ਕੋਲ ਪਹਿਲਾਂ ਹੀ ਹੁੰਦੇ ਹਨ।

ਇਸ ਲਈ ਅਗਲਾ ਪੜਾਅ ਅੰਡੇ ਨੂੰ ਆਪਣੇ ਅੱਧੇ ਕ੍ਰੋਮੋਸੋਮ ਨੂੰ ਛੱਡਣ ਲਈ ਤਿਆਰ ਕਰਨਾ ਹੈ। ਇਸ ਪ੍ਰਕਿਰਿਆ ਨੂੰ ਖੋਜਕਰਤਾਵਾਂ ਨੇ 'ਮਾਈਟੋਮੀਓਸਿਸ' ਕਿਹਾ ਹੈ (ਇਹ ਸ਼ਬਦ ਮਾਈਟੋਸਿਸ ਅਤੇ ਮੀਓਸਿਸ ਦਾ ਸੰਯੋਜਨ ਹੈ ਜੋ ਸੈੱਲਾਂ ਦੇ ਵੰਡਣ ਦੇ ਦੋ ਤਰੀਕੇ ਹਨ)।

ਹਾਲੇ ਲੰਬਾ ਸਫ਼ਰ ਬਾਕੀ ਹੈ

ਪ੍ਰੋਫੈਸਰ ਸ਼ੌਖਰਤ ਮਿਤਾਲੀਪੋਵ

ਤਸਵੀਰ ਸਰੋਤ, OHSU/Christine Torres Hicks

ਤਸਵੀਰ ਕੈਪਸ਼ਨ, ਪ੍ਰੋਫੈਸਰ ਸ਼ੌਖਰਤ ਮਿਤਾਲੀਪੋਵ

ਜਰਨਲ ਨੇਚਰ ਕਮਿਊਨੀਕੇਸ਼ਨਜ਼ ਵਿੱਚ ਪ੍ਰਕਾਸ਼ਿਤ ਇਸ ਅਧਿਐਨ ਵਿੱਚ ਦਿਖਾਇਆ ਗਿਆ ਹੈ ਕਿ 82 ਕਾਰਜਸ਼ੀਲ ਅੰਡੇ ਬਣਾਏ ਗਏ ਸਨ। ਇਹ ਸ਼ੁਕਰਾਣੂਆਂ ਨਾਲ ਮਿਲਾ ਕੇ ਭਰੂਣ ਵਿਕਾਸ ਦੇ ਸ਼ੁਰੂਆਤੀ ਪੜਾਵਾਂ ਵਿੱਚ ਅੱਗੇ ਵਧੇ ਸਨ। ਛੇ ਦਿਨਾਂ ਦੇ ਪੜਾਅ ਤੋਂ ਅੱਗੇ ਕੋਈ ਵੀ ਵਿਕਸਤ ਨਹੀਂ ਹੋਇਆ ਸੀ।

ਓਰੇਗਨ ਹੈਲਥ ਐਂਡ ਸਾਇੰਸ ਯੂਨੀਵਰਸਿਟੀ ਦੇ ਸੈਂਟਰ ਫਾਰ ਐਂਬ੍ਰਿਓਨਿਕ ਸੈੱਲ ਐਂਡ ਜੀਨ ਥੈਰੇਪੀ ਦੇ ਡਾਇਰੈਕਟਰ ਪ੍ਰੋਫੈਸਰ ਸ਼ੌਖਰਤ ਮਿਤਾਲੀਪੋਵ ਨੇ ਕਿਹਾ,"ਅਸੀਂ ਕੁਝ ਅਜਿਹਾ ਹਾਸਿਲ ਕੀਤਾ ਜਿਸਨੂੰ ਅਸੰਭਵ ਸਮਝਿਆ ਜਾਂਦਾ ਸੀ।"

ਇਹ ਤਕਨੀਕ ਪ੍ਰਪੱਖਤਾ ਤੋਂ ਹਾਲੇ ਬਹੁਤ ਦੂਰ ਹੈ ਕਿਉਂਕਿ ਅੰਡਾ ਕਿਸੇ ਵੀ ਤਰਤੀਬ ਵਿੱਚ ਚੋਣ ਨਹੀਂ ਕਰਦਾ ਕਿ ਕਿਹੜੇ ਕ੍ਰੋਮੋਸੋਮ ਨੂੰ ਛੱਡਣਾ ਹੈ।

ਇਸਨੂੰ ਰੋਕਣ ਲਈ 23 ਕਿਸਮਾਂ ਵਿੱਚੋਂ ਹਰੇਕ ਵਿੱਚੋਂ ਇੱਕ ਤਰੀਕੇ ਨਾਲ ਖ਼ਤਮ ਕਰਨ ਦੀ ਜ਼ਰੂਰਤ ਹੁੰਦੀ ਹੈ, ਪਰ ਕੁਝ ਵਿੱਚੋਂ ਦੋ ਨਾਲ ਖ਼ਤਮ ਹੁੰਦਾ ਹੈ ਅਤੇ ਕੁਝ ਵਿੱਚੋਂ ਕੋਈ ਨਹੀਂ।

ਇਸਦੀ ਸਫਲਤਾ ਦਰ ਵੀ ਬਹੁਤ ਘੱਟ ਹੈ, ਮਹਿਜ਼ 9 ਫ਼ੀਸਦ ਅਤੇ ਕ੍ਰੋਮੋਸੋਮ ਇੱਕ ਅਹਿਮ ਪ੍ਰਕਿਰਿਆ ਤੋਂ ਖੁੰਝ ਜਾਂਦੇ ਹਨ ਜਿੱਥੇ ਉਹ ਆਪਣੇ ਡੀਐੱਨਏ ਨੂੰ ਮੁੜ ਵਿਵਸਥਿਤ ਕਰਦੇ ਹਨ, ਜਿਸਨੂੰ ਕਰਾਸਿੰਗ ਓਵਰ ਕਿਹਾ ਜਾਂਦਾ ਹੈ।

ਆਉਣ ਵਾਲੇ ਸਮੇਂ ਦੀ ਲੋੜ

ਪ੍ਰੋਫੈਸਰ ਸ਼ੌਖਰਤ ਮਿਤਾਲੀਪੋਵ

ਇਸ ਖੇਤਰ ਦੇ ਇੱਕ ਵਿਸ਼ਵ-ਪ੍ਰਸਿੱਧ ਪਾਇਨੀਅਰ ਪ੍ਰੋਫੈਸਰ ਮਿਤਾਲੀਪੋਵ ਨੇ ਮੈਨੂੰ ਕਿਹਾ: "ਸਾਨੂੰ ਇਸਨੂੰ ਮੁਕੰਮਲ ਕਰਨਾ ਪਵੇਗਾ।"

"ਅੰਤ ਵਿੱਚ ਮੈਨੂੰ ਲੱਗਦਾ ਹੈ ਕਿ ਭਵਿੱਖ ਉੱਥੇ ਹੀ ਜਾਵੇਗਾ ਕਿਉਂਕਿ ਅਜਿਹੇ ਮਰੀਜ਼ ਵੱਧ ਰਹੇ ਹਨ ਜੋ ਬੱਚੇ ਪੈਦਾ ਨਹੀਂ ਕਰ ਸਕਦੇ।"

ਇਹ ਤਕਨੀਕ ਸਰੀਰ ਦੇ ਬਾਹਰ ਸ਼ੁਕਰਾਣੂ ਅਤੇ ਅੰਡੇ ਬਣਾਉਣ ਦੇ ਮਕਸਦ ਨਾਲ ਵਧ ਰਹੇ ਖੇਤਰ ਦਾ ਹਿੱਸਾ ਹੈ, ਜਿਸਨੂੰ ਇਨ ਵਿਟਰੋ ਗੇਮਟੋਜੇਨੇਸਿਸ ਕਿਹਾ ਜਾਂਦਾ ਹੈ।

ਇਹ ਪਹੁੰਚ ਅਜੇ ਵੀ ਕਲੀਨਿਕਲ ਵਰਤੋਂ ਦੀ ਬਜਾਇ ਵਿਗਿਆਨਕ ਖੋਜ ਦੇ ਪੱਧਰ 'ਤੇ ਹੈ, ਪਰ ਦ੍ਰਿਸ਼ਟੀਕੋਣ ਉਨ੍ਹਾਂ ਜੋੜਿਆਂ ਦੀ ਮਦਦ ਕਰਨਾ ਹੈ ਜੋ ਆਈਵੀਐੱਫ਼ (ਇਨ ਵਿਟਰੋ ਫਰਟੀਲਾਈਜ਼ੇਸ਼ਨ) ਤੋਂ ਲਾਭ ਨਹੀਂ ਲੈ ਸਕਦੇ ਕਿਉਂਕਿ ਉਨ੍ਹਾਂ ਕੋਲ ਇਸ ਲਈ ਸ਼ੁਕਰਾਣੂ ਜਾਂ ਅੰਡੇ ਨਹੀਂ ਹਨ।

ਇਹ ਵੀ ਪੜ੍ਹੋ-

ਇਹ ਉਨ੍ਹਾਂ ਬਜ਼ੁਰਗ ਔਰਤਾਂ ਦੀ ਮਦਦ ਕਰ ਸਕਦਾ ਹੈ ਜਿਨ੍ਹਾਂ ਕੋਲ ਹੁਣ ਯੋਗ ਅੰਡੇ ਨਹੀਂ ਹਨ, ਉਹ ਮਰਦ ਜੋ ਬੱਚੇ ਪੈਦਾ ਕਰਨ ਦੀ ਲੋੜ ਜਿੰਨੇ ਸ਼ੁਕਰਾਣੂ ਪੈਦਾ ਨਹੀਂ ਕਰਦੇ ਜਾਂ ਉਨ੍ਹਾਂ ਲੋਕਾਂ ਦੀ ਜਿਹੜੇ ਕੈਂਸਰ ਦੇ ਇਲਾਜ ਕਾਰਨ ਬਾਂਝ ਹੋ ਗਏ ਹਨ।

ਇਹ ਖੇਤਰ ਮਾਪੇ ਬਣਨ ਦੇ ਕੁਦਰਤੀ ਨਿਯਮਾਂ ਨੂੰ ਵੀ ਮੁੜ ਪਰਭਾਸ਼ਿਤ ਕਰਦਾ ਹੈ।

ਅੱਜ ਦੱਸੀ ਗਈ ਤਕਨੀਕ ਲਈ ਔਰਤ ਦੀ ਚਮੜੀ ਦੇ ਸੈੱਲਾਂ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ। ਇਸ ਲਈ ਇਹ ਸਮਲਿੰਗੀ ਜੋੜਿਆਂ ਦੇ ਬੱਚੇ ਪੈਦਾ ਕਰਨ ਦਾ ਦਰਵਾਜ਼ਾ ਖੋਲ੍ਹਦੀ ਹੈ ਜੋ ਜੈਨੇਟਿਕ ਤੌਰ 'ਤੇ ਦੋਵਾਂ ਨਾਲ ਸੰਬੰਧਿਤ ਹੋਣਗੇ।

ਇੱਕ ਆਦਮੀ ਦੀ ਚਮੜੀ ਨੂੰ ਅੰਡੇ ਬਣਾਉਣ ਲਈ ਵਰਤਿਆ ਜਾ ਸਕਦਾ ਹੈ ਅਤੇ ਇੱਕ ਮਰਦ ਸਾਥੀ ਦੇ ਸ਼ੁਕਰਾਣੂ ਨੂੰ ਇਸਨੂੰ ਭਰੂਣ ਬਣਾਉਣ ਲਈ ਵਰਤਿਆ ਜਾ ਸਕਦਾ ਹੈ।

ਓਰੇਗਨ ਹੈਲਥ ਐਂਡ ਸਾਇੰਸ ਯੂਨੀਵਰਸਿਟੀ ਤੋਂ ਪ੍ਰੋਫੈਸਰ ਪੌਲਾ ਅਮਾਟੋ ਨੇ ਕਿਹਾ, "ਔਰਤਾਂ ਜਾਂ ਸ਼ੁਕਰਾਣੂਆਂ ਦੀ ਘਾਟ ਕਾਰਨ ਬਾਂਝਪਨ ਵਾਲੇ ਲੱਖਾਂ ਲੋਕਾਂ ਲਈ ਉਮੀਦ ਪੈਦਾ ਕਰਨ ਤੋਂ ਇਲਾਵਾ, ਇਹ ਤਰੀਕਾ ਸਮਲਿੰਗੀ ਜੋੜਿਆਂ ਨੂੰ ਦੋਵਾਂ ਸਾਥੀਆਂ ਨਾਲ ਜੈਨੇਟਿਕ ਤੌਰ 'ਤੇ ਸੰਬੰਧਿਤ ਬੱਚਾ ਪੈਦਾ ਕਰਨ ਦੀ ਸੰਭਾਵਨਾ ਦੇਵੇਗਾ।"

ਜਨਤਕ ਵਿਸ਼ਵਾਸ ਬਣਾਓ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਲੇ ਇਸ ਖੇਤਰ ਵਿੱਚ ਸਾਲਾਂ ਤੱਕ ਖੋਜ ਦੀ ਲੋੜ ਹੈ

ਹਲ ਯੂਨੀਵਰਸਿਟੀ ਦੇ ਪ੍ਰਜਨਨ ਇਲਾਜ ਦੇ ਪ੍ਰੋਫੈਸਰ ਰੋਜਰ ਸਟਰਮੀ ਦਾ ਕਹਿਣਾ ਹੈ ਕਿ ਇਹ ਵਿਗਿਆਨ 'ਮਹੱਤਵਪੂਰਨ' ਅਤੇ 'ਪ੍ਰਭਾਵਸ਼ਾਲੀ' ਸੀ।

ਉਨ੍ਹਾਂ ਨੇ ਅੱਗੇ ਕਿਹਾ, "ਇਸਦੇ ਨਾਲ ਹੀ, ਅਜਿਹੀ ਖੋਜ ਪ੍ਰਜਨਨ ਖੋਜ ਵਿੱਚ ਨਵੀਆਂ ਤਰੱਕੀਆਂ ਬਾਰੇ ਜਨਤਾ ਨਾਲ ਨਿਰੰਤਰ ਖੁੱਲ੍ਹੀ ਗੱਲਬਾਤ ਦੀ ਅਹਿਮੀਅਤ ਦੀ ਲੋੜ ਨੂੰ ਬੇਹੱਦ ਮਜ਼ਬੂਤੀ ਨਾਲ ਦਰਸਾਉਂਦਾ ਹੈ।

"ਇਸ ਤਰ੍ਹਾਂ ਦੀਆਂ ਸਫਲਤਾਵਾਂ ਸਾਨੂੰ ਜਵਾਬਦੇਹੀ ਯਕੀਨੀ ਬਣਾਉਣ ਅਤੇ ਜਨਤਕ ਵਿਸ਼ਵਾਸ ਬਣਾਉਣ ਲਈ ਮਜ਼ਬੂਤ ਸ਼ਾਸਨ ਦੀ ਲੋੜ ਨੂੰ ਪ੍ਰਭਾਵਿਤ ਕਰਦੀਆਂ ਹਨ।"

ਐਡਿਨਬਰਗ ਯੂਨੀਵਰਸਿਟੀ ਵਿਖੇ ਐੱਮਆਰਸੀ ਸੈਂਟਰ ਫਾਰ ਰੀਪ੍ਰੋਡਕਟਿਵ ਹੈਲਥ ਦੇ ਡਿਪਟੀ ਡਾਇਰੈਕਟਰ, ਪ੍ਰੋਫੈਸਰ ਰਿਚਰਡ ਐਂਡਰਸਨ ਨੇ ਕਿਹਾ ਕਿ ਨਵੇਂ ਅੰਡੇ ਪੈਦਾ ਕਰਨ ਦੀ ਸਮਰੱਥਾ ਮੈਡੀਕਲ ਸਾਇੰਸ ਦੇ ਖੇਤਰ ਵਿੱਚ ਇੱਕ ਵੱਡੀ ਤਰੱਕੀ ਹੋਵੇਗੀ।

ਉਨ੍ਹਾਂ ਨੇ ਕਿਹਾ, "ਸੁਰੱਖਿਆ ਸੰਬੰਧੀ ਬਹੁਤ ਅਹਿਮ ਚਿੰਤਾਵਾਂ ਹੋਣਗੀਆਂ ਪਰ ਇਹ ਅਧਿਐਨ ਬਹੁਤ ਸਾਰੀਆਂ ਔਰਤਾਂ ਨੂੰ ਆਪਣੇ ਜੈਨੇਟਿਕ ਬੱਚੇ ਪੈਦਾ ਕਰਨ ਵਿੱਚ ਮਦਦ ਕਰਨ ਵੱਲ ਇੱਕ ਕਦਮ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)