ਲੱਖਾਂ ਸਾਲ ਪੁਰਾਣੀ ਮਨੁੱਖੀ ਖੋਪੜੀ ਕੀ-ਕੀ ਖੁਲਾਸੇ ਕਰ ਰਹੀ, ਜਾਣੋ ਵਿਗਿਆਨੀਆਂ ਨੇ ਕੀ ਦਾਅਵਾ ਕੀਤਾ

ਲੱਖਾਂ ਸਾਲ ਪੁਰਾਣੀ ਮਨੁੱਖੀ ਖੋਪੜੀ

ਤਸਵੀਰ ਸਰੋਤ, BBC News

ਤਸਵੀਰ ਕੈਪਸ਼ਨ, ਖੁਦਾਈ ਦੌਰਾਨ ਮਿਲੀ ਖੋਪੜੀ ਦੀ ਹੂਬਹੂ ਨਕਲ
    • ਲੇਖਕ, ਪੱਲਬ ਘੋਸ਼
    • ਰੋਲ, ਵਿਗਿਆਨ ਪੱਤਰਕਾਰ

ਚੀਨ ਵਿੱਚ ਮਿਲੀ ਇੱਕ ਮਿਲੀਅਨ (10 ਲੱਖ) ਸਾਲ ਪੁਰਾਣੀ ਮਨੁੱਖੀ ਖੋਪੜੀ ਮਨੁੱਖ ਦੇ ਵਿਕਾਸ ਦੀ ਇੱਕ ਨਵੀਂ ਕਹਾਣੀ ਦੱਸ ਰਹੀ ਹੈ।

ਖੋਜਕਰਤਾ ਇੱਕ ਨਵੇਂ ਅਧਿਐਨ ਵਿੱਚ ਦਾਅਵਾ ਕਰ ਰਹੇ ਹਨ ਇਸ ਮਨੁੱਖੀ ਖੋਪੜੀ ਤੋਂ ਸੰਕੇਤ ਮਿਲ ਰਹੇ ਹਨ ਕਿ ਸਾਡੀ ਪ੍ਰਜਾਤੀ, ਹੋਮੋ ਸੇਪੀਅਨ, ਸਾਡੇ ਸੋਚਣ ਤੋਂ ਵੀ ਘੱਟੋ-ਘੱਟ ਅੱਧਾ ਮਿਲੀਅਨ ਸਾਲ ਭਾਵ 5 ਲੱਖ ਸਾਲ ਪਹਿਲਾਂ ਹੀ ਉੱਭਰਨਾ ਸ਼ੁਰੂ ਹੋ ਗਈ ਸੀ।

ਨਾਲ ਹੀ ਇਹ ਵੀ ਸੰਕੇਤ ਮਿਲੇ ਹਨ ਕਿ ਅਸੀਂ ਆਪਣੇ ਵਰਗੀਆਂ ਹੋਰ ਪ੍ਰਜਾਤੀਆਂ ਦੇ ਨਾਲ ਕਿਤੇ ਜ਼ਿਆਦਾ ਸਮੇਂ ਲਈ ਇਕੱਠੇ ਰਹੇ (ਜਿੰਨਾ ਸਮਾਂ ਪਹਿਲਾਂ ਸਾਡੇ ਵੱਲੋਂ ਮੰਨਿਆ ਜਾਂਦਾ ਹੈ ਉਸ ਤੋਂ ਵਿਆ ਜ਼ਿਆਦਾ ਸਮੇਂ ਲਈ), ਜਿਨ੍ਹਾਂ ਵਿੱਚ ਨਿਏਂਡਰਥਲ ਵੀ ਸ਼ਾਮਿਲ ਸੀ।

ਵਿਗਿਆਨੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਵਿਸ਼ਲੇਸ਼ਣ ਮਨੁੱਖੀ ਵਿਕਾਸ ਬਾਰੇ ਸਾਡੀ ਸਮਝ ਨੂੰ "ਪੂਰੀ ਤਰ੍ਹਾਂ ਬਦਲਦਾ ਹੈ" ਅਤੇ ਜੇਕਰ ਇਹ ਸਹੀ ਹੈ ਤਾਂ ਇਹ ਯਕੀਨੀ ਤੌਰ 'ਤੇ ਸਾਡੇ ਇਤਿਹਾਸ ਦੇ ਇੱਕ ਮੁੱਖ ਸ਼ੁਰੂਆਤੀ ਅਧਿਆਇ ਨੂੰ ਦੁਬਾਰਾ ਲਿਖੇਗਾ।

ਪਰ ਇੱਕ ਖੇਤਰ ਦੇ ਹੋਰ ਮਾਹਰ ਜਿੱਥੇ ਗ੍ਰਹਿ 'ਤੇ ਸਾਡੇ ਉਭਾਰ ਬਾਰੇ ਅਸਹਿਮਤੀ ਹੈ, ਕਹਿੰਦੇ ਹਨ ਕਿ ਨਵੇਂ ਅਧਿਐਨ ਦੇ ਸਿੱਟੇ ਵਿਸ਼ਵਾਸ ਕਰਨ ਯੋਗ ਤਾਂ ਹਨ ਪਰ ਨਿਸ਼ਚਿਤ ਨਹੀਂ ਹਨ।

ਯੂਨਜ਼ਿਆਨ 2

ਇਹ ਖੋਪੜੀ (ਮੱਧ ਚੀਨ ਦੇ) ਹੁਬੇਈ ਪ੍ਰਾਂਤ ਤੋਂ ਖੁਦਾਈ ਦੌਰਾਨ ਮਿਲੀ ਸੀ, ਅਤੇ ਇਸਦੇ ਨਾਲ ਦੋ ਹੋਰ ਖੋਪੜੀਆਂ ਵੀ ਮਿਲਿਆ ਸਨ

ਤਸਵੀਰ ਸਰੋਤ, Fudan University

ਤਸਵੀਰ ਕੈਪਸ਼ਨ, ਇਹ ਖੋਪੜੀ (ਮੱਧ ਚੀਨ ਦੇ) ਹੁਬੇਈ ਪ੍ਰਾਂਤ ਤੋਂ ਖੁਦਾਈ ਦੌਰਾਨ ਮਿਲੀ ਸੀ, ਅਤੇ ਇਸਦੇ ਨਾਲ ਦੋ ਹੋਰ ਖੋਪੜੀਆਂ ਵੀ ਮਿਲੀਆਂ ਸਨ

ਸਾਇੰਸ ਨਾਮਕ ਪ੍ਰਮੁੱਖ ਵਿਗਿਆਨਕ ਜਰਨਲ ਵਿੱਚ ਪ੍ਰਕਾਸ਼ਿਤ ਇਸ ਖੋਜ ਨੇ ਖੋਜ ਟੀਮ ਨੂੰ ਹੈਰਾਨ ਕਰ ਦਿੱਤਾ ਸੀ। ਇਸ ਟੀਮ ਵਿੱਚ ਚੀਨ ਦੀ ਇੱਕ ਯੂਨੀਵਰਸਿਟੀ ਅਤੇ ਯੂਕੇ ਦੇ ਨੈਚੁਰਲ ਹਿਸਟਰੀ ਮਿਊਜ਼ੀਅਮ ਦੇ ਵਿਗਿਆਨੀ ਸ਼ਾਮਲ ਸਨ।

ਫੁਡਾਨ ਯੂਨੀਵਰਸਿਟੀ ਦੇ ਪ੍ਰੋਫੈਸਰ ਜ਼ੀਜੁਨ ਨੀ ਨੇ ਇਸ ਵਿਸ਼ਲੇਸ਼ਣ ਦੀ ਸਹਿ-ਅਗਵਾਈ ਕੀਤੀ ਹੈ।

ਉਨ੍ਹਾਂ ਕਿਹਾ, "ਸ਼ੁਰੂ ਤੋਂ ਹੀ ਜਦੋਂ ਸਾਨੂੰ ਨਤੀਜਾ ਮਿਲਿਆ, ਅਸੀਂ ਸੋਚਿਆ ਕਿ ਇਸ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਇਹ ਅਤੀਤ ਵਿੱਚ ਇੰਨਾ ਡੂੰਘਾ ਕਿਵੇਂ ਹੋ ਸਕਦਾ ਹੈ?"

"ਪਰ ਅਸੀਂ ਸਾਰੇ ਮਾਡਲਾਂ ਦੀ ਜਾਂਚ ਕਰਨ ਲਈ ਇਸ ਦੀ ਵਾਰ-ਵਾਰ ਜਾਂਚ ਕੀਤੀ, ਸਾਰੇ ਤਰੀਕਿਆਂ ਨਾਲ ਜਾਂਚ ਕੀਤੀ ਅਤੇ ਹੁਣ ਸਾਨੂੰ ਇਸ ਨਤੀਜੇ 'ਤੇ ਪੂਰਾ ਭਰੋਸਾ ਹੈ ਅਤੇ ਅਸੀਂ ਵਾਕਈ ਬਹੁਤ ਉਤਸ਼ਾਹਿਤ ਹਾਂ।"

ਜਦੋਂ ਵਿਗਿਆਨੀਆਂ ਨੂੰ ਯੂਨਜ਼ਿਆਨ 2 ਨਾਮਕ ਇਹ ਖੋਪੜੀ ਮਿਲੀ ਤਾਂ ਉਨ੍ਹਾਂ ਨੇ ਮੰਨਿਆ ਕਿ ਇਹ ਸਾਡੇ ਇੱਕ ਪੁਰਾਣੇ ਪੂਰਵਜ, ਹੋਮੋ ਈਰੈਕਟਸ, ਪਹਿਲੇ ਵੱਡੇ ਦਿਮਾਗ ਵਾਲੇ ਮਨੁੱਖਾਂ ਦੀ ਸੀ। ਅਜਿਹਾ ਇਸ ਲਈ ਹੈ ਕਿਉਂਕਿ ਇਹ ਲਗਭਗ ਇੱਕ ਮਿਲੀਅਨ ਸਾਲ ਪੁਰਾਣੀ ਹੈ, ਵਧੇਰੇ ਉੱਨਤ ਮਨੁੱਖਾਂ ਦੇ ਉਭਰਨ ਬਾਰੇ ਜੋ ਸੋਚਿਆ ਜਾਂਦਾ ਹੈ ਉਸ ਤੋਂ ਵੀ ਬਹੁਤ ਪਹਿਲਾਂ ਦੀ।

ਹੋਮੋ ਈਰੈਕਟਸ ਵਿਕਸਤ ਹੋਏ ਅਤੇ 600,000 ਸਾਲ ਪਹਿਲਾਂ ਨਿਏਂਡਰਥਲ ਅਤੇ ਸਾਡੀ ਪ੍ਰਜਾਤੀ - ਹੋਮੋ ਸੇਪੀਅਨਜ਼ ਵਿੱਚ ਵੰਡੇ ਜਾਣ ਲੱਗੇ।

ਪਰ ਯੂਨਜ਼ਿਆਨ 2 ਦਾ ਨਵਾਂ ਵਿਸ਼ਲੇਸ਼ਣ ਸੁਝਾਅ ਦਿੰਦਾ ਹੈ ਕਿ ਇਹ ਹੋਮੋ ਈਰੈਕਟਸ ਨਹੀਂ ਹੈ। ਖੋਜ ਟੀਮ ਤੋਂ ਵੱਖਰੇ ਸੁਤੰਤਰ ਮਾਹਰਾਂ ਨੇ ਵੀ ਇਸ ਵਿਸ਼ਲੇਸ਼ਣ ਦੀ ਸਮੀਖਿਆ ਕੀਤੀ ਹੈ।

ਹੁਣ ਇਸ ਨੂੰ ਹੋਮੋ ਲੌਂਜੀ ਦਾ ਇੱਕ ਸ਼ੁਰੂਆਤੀ ਸੰਸਕਰਣ ਮੰਨਿਆ ਜਾ ਰਿਹਾ ਹੈ, ਜੋ ਕਿ ਨਿਏਂਡਰਥਲ ਅਤੇ ਹੋਮੋ ਸੇਪੀਅਨ ਦੇ ਵਿਕਾਸ ਦੇ ਸਮੇਂ ਦੀ ਭੈਣ ਪ੍ਰਜਾਤੀ (ਸਮਕਾਲੀ) ਹੈ।

ਇਹ ਵੀ ਪੜ੍ਹੋ-

ਹੈਰਾਨ ਕਰਨ ਵਾਲਾ ਵਿਸ਼ਲੇਸ਼ਣ

ਜੈਨੇਟਿਕ ਸਬੂਤ ਸੁਝਾਅ ਦਿੰਦੇ ਹਨ ਕਿ ਇਹ ਪ੍ਰਜਾਤੀ ਵੀ ਉਨ੍ਹਾਂ ਦੇ ਨਾਲ ਮੌਜੂਦ ਸੀ, ਇਸ ਲਈ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਯੂਨਜ਼ਿਆਨ 2 ਇੱਕ ਮਿਲੀਅਨ ਸਾਲ ਪਹਿਲਾਂ ਧਰਤੀ 'ਤੇ ਤੁਰਿਆ ਸੀ, ਤਾਂ ਨਿਏਂਡਰਥਲ ਅਤੇ ਸਾਡੀ ਆਪਣੀ ਪ੍ਰਜਾਤੀ ਦੇ ਸ਼ੁਰੂਆਤੀ ਸੰਸਕਰਣ ਵੀ ਸ਼ਾਇਦ ਅਜਿਹਾ ਹੀ ਕਰਦੇ ਸਨ।

ਇਸ ਖੋਜ ਦੇ ਸਹਿ-ਮੁਖੀ ਅਤੇ ਨੈਚੁਰਲ ਹਿਸਟਰੀ ਮਿਊਜ਼ੀਅਮ ਦੇ ਪ੍ਰੋਫੈਸਰ ਕ੍ਰਿਸ ਸਟ੍ਰਿੰਗਰ ਮੁਤਾਬਕ, ਇਸ ਹੈਰਾਨ ਕਰਨ ਵਾਲੇ ਵਿਸ਼ਲੇਸ਼ਣ ਨੇ ਵੱਡੇ ਦਿਮਾਗ ਵਾਲੇ ਮਨੁੱਖਾਂ ਦੇ ਵਿਕਾਸ ਦੀ ਸਮਾਂ-ਰੇਖਾ ਨੂੰ ਨਾਟਕੀ ਢੰਗ ਨਾਲ ਘੱਟੋ-ਘੱਟ ਅੱਧਾ ਮਿਲੀਅਨ ਸਾਲ ਪਿੱਛੇ ਧੱਕ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਸਾਡੇ ਗ੍ਰਹਿ 'ਤੇ ਕਿਤੇ ਨਾ ਕਿਤੇ ਹੋਮੋ ਸੇਪੀਅਨ ਦੇ ਲੱਖਾਂ ਸਾਲ ਪੁਰਾਣੇ ਜੀਵਾਸ਼ਮ ਹੋਣ ਦੀ ਸੰਭਾਵਨਾ ਹੈ, ਬਸ ਸਾਨੂੰ ਅਜੇ ਤੱਕ ਉਹ ਮਿਲੇ ਨਹੀਂ ਹਨ।

ਪਰ ਅਜੇ ਹੋਰ ਸਬੂਤਾਂ ਦੀ ਲੋੜ

ਖੋਜਕਰਤਾ ਦਾਅਵਾ ਕਰ ਰਹੇ ਹਨ ਮਨੁੱਖੀ ਖੋਪੜੀ ਤੋਂ ਸੰਕੇਤ ਮਿਲ ਰਹੇ ਹਨ ਕਿ ਸਾਡੀ ਪ੍ਰਜਾਤੀ, ਹੋਮੋ ਸੇਪੀਅਨ, ਸਾਡੇ ਸੋਚਣ ਤੋਂ ਵੀ ਘੱਟੋ-ਘੱਟ ਅੱਧਾ ਮਿਲੀਅਨ ਸਾਲ ਪਹਿਲਾਂ ਹੀ ਉੱਭਰਨਾ ਸ਼ੁਰੂ ਹੋ ਗਈ ਸੀ (ਸੰਕੇਤਕ ਤਸਵੀਰ)

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖੋਜਕਰਤਾ ਦਾਅਵਾ ਕਰ ਰਹੇ ਹਨ ਮਨੁੱਖੀ ਖੋਪੜੀ ਤੋਂ ਸੰਕੇਤ ਮਿਲ ਰਹੇ ਹਨ ਕਿ ਸਾਡੀ ਪ੍ਰਜਾਤੀ, ਹੋਮੋ ਸੇਪੀਅਨ, ਸਾਡੇ ਸੋਚਣ ਤੋਂ ਵੀ ਘੱਟੋ-ਘੱਟ ਅੱਧਾ ਮਿਲੀਅਨ ਸਾਲ ਪਹਿਲਾਂ ਹੀ ਉੱਭਰਨਾ ਸ਼ੁਰੂ ਹੋ ਗਈ ਸੀ (ਸੰਕੇਤਕ ਤਸਵੀਰ)

ਸ਼ੁਰੂਆਤੀ ਮਨੁੱਖ ਦੀ ਪ੍ਰਜਾਤੀ ਨੂੰ ਦਰਸਾਉਣ ਅਤੇ ਇਹ ਪਤਾ ਲਗਾਉਣ ਦੇ ਦੋ ਤਰੀਕੇ ਹਨ ਕਿ ਇਹ ਧਰਤੀ 'ਤੇ ਕਦੋਂ ਤੁਰੇ - ਖੋਪੜੀ ਦੀ ਸ਼ਕਲ ਅਤੇ ਇਸਦੇ ਜੈਨੇਟਿਕ ਡੇਟਾ ਦਾ ਵਿਸ਼ਲੇਸ਼ਣ ਕਰਨਾ। ਯੂਨਜ਼ਿਆਨ 2 ਦੇ ਮਾਮਲੇ ਵਿੱਚ ਦੋਵੇਂ ਤਰੀਕੇ ਵਰਤੇ ਗਏ ਸਨ ਅਤੇ ਦੋਵੇਂ ਇੱਕੋ ਸਿੱਟੇ 'ਤੇ ਪਹੁੰਚੇ ਸੀ।

ਪਰ ਹੋਰ ਖੋਜਕਰਤਾ ਜਿਵੇਂ ਕਿ ਕੈਂਬਰਿਜ ਯੂਨੀਵਰਸਿਟੀ ਦੇ ਇੱਕ ਵਿਕਾਸਵਾਦੀ ਜੈਨੇਟਿਕਸਿਸਟ ਡਾਕਟਰ ਏਲਵਿਨ ਸਕੈਲੀ ਕਹਿੰਦੇ ਹਨ ਕਿ ਦੋਵਾਂ ਤਰੀਕਿਆਂ ਵਿੱਚ ਕਾਫ਼ੀ ਅਨਿਸ਼ਚਿਤਤਾਵਾਂ ਹਨ।

ਉਨ੍ਹਾਂ ਕਿਹਾ, "ਸਮੇਂ ਦੇ ਅਨੁਮਾਨਾਂ ਬਾਰੇ ਖਾਸ ਤੌਰ 'ਤੇ ਸਟੀਕ ਹੋਣਾ ਚਾਹੀਦਾ ਹੈ, ਕਿਉਂਕਿ ਇਹ ਕਰਨਾ ਬਹੁਤ ਮੁਸ਼ਕਲ ਹੈ, ਭਾਵੇਂ ਤੁਸੀਂ ਕੋਈ ਵੀ ਸਬੂਤ ਦੇਖ ਰਹੇ ਹੋ, ਉਹ ਜੈਨੇਟਿਕ ਹੋਵੇ ਜਾਂ ਜੈਵਿਕ ਸਬੂਤ।

"ਜੈਨੇਟਿਕ ਡੇਟਾ ਦੀ ਸਭ ਤੋਂ ਵੱਡੀ ਮਾਤਰਾ ਦੇ ਨਾਲ ਵੀ ਇਹ ਨਿਰਧਾਰਤ ਕਰਨਾ ਬਹੁਤ ਮੁਸ਼ਕਲ ਹੈ ਕਿ ਇਹ ਆਬਾਦੀ 100,000 ਸਾਲਾਂ ਦੇ ਦੌਰਾਨ ਜਾਂ ਇਸ ਤੋਂ ਵੀ ਵੱਧ ਸਮੇਂ ਤੋਂ ਪਹਿਲਾਂ ਤੋਂ ਸਹਿ-ਮੌਜੂਦ ਰਹੀ ਹੋਵੇ।"

ਉਨ੍ਹਾਂ ਅੱਗੇ ਕਿਹਾ ਕਿ ਹਾਲਾਂਕਿ ਪ੍ਰੋਫੈਸਰ ਨੀ ਅਤੇ ਸਟ੍ਰਿੰਗਰ ਦੇ ਸਿੱਟੇ ਮੰਨਣਯੋਗ ਸਨ ਪਰ ਉਹ ਨਿਸ਼ਚਿਤ ਤੋਂ ਬਹੁਤ ਦੂਰ ਸਨ, ਅਤੇ ਇਨ੍ਹਾਂ ਨੂੰ ਯਕੀਨੀ ਬਣਾਉਣ ਲਈ ਹੋਰ ਸਬੂਤਾਂ ਦੀ ਲੋੜ ਸੀ।

ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, "ਉਹ ਤਸਵੀਰ ਅਜੇ ਵੀ ਸਾਡੇ ਲਈ ਕਾਫ਼ੀ ਅਸਪਸ਼ਟ ਹੈ, ਇਸ ਲਈ ਜੇਕਰ ਇਸ ਖੋਜ ਦੇ ਸਿੱਟਿਆਂ ਨੂੰ ਹੋਰ ਵਿਸ਼ਲੇਸ਼ਣਾਂ ਦੁਆਰਾ ਸਮਰਥਨ ਮਿਲ ਜਾਂਦਾ ਹੈ, ਖਾਸ ਤੌਰ 'ਤੇ ਕੁਝ ਜੈਨੇਟਿਕ ਡੇਟਾ ਤੋਂ, ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਬਾਰੇ ਵਧੇਰੇ ਵਿਸ਼ਵਾਸ ਹੋਣਾ ਸ਼ੁਰੂ ਹੋ ਜਾਵੇਗਾ।''

"ਮੱਧ 'ਚ ਗੜਬੜ"

ਚਿੱਟੀਆਂ ਖੋਪੜੀਆਂ ਅਸਲੀ, ਵਿਗੜੇ ਹੋਏ ਜੀਵਾਸ਼ਮ ਹਨ ਅਤੇ ਸਲੇਟੀ ਰੰਗ ਦੀਆਂ ਖੋਪੜੀਆਂ ਉਨ੍ਹਾਂ ਦੀ ਨਕਲ ਹਨ, ਜਿਨ੍ਹਾਂ ਨੂੰ ਕੰਪਿਊਟਰ ਦੁਆਰਾ ਠੀਕ ਕੀਤਾ ਗਿਆ ਹੈ

ਤਸਵੀਰ ਸਰੋਤ, Fudan University

ਤਸਵੀਰ ਕੈਪਸ਼ਨ, ਚਿੱਟੀਆਂ ਖੋਪੜੀਆਂ ਅਸਲੀ, ਵਿਗੜੇ ਹੋਏ ਜੀਵਾਸ਼ਮ ਹਨ ਅਤੇ ਸਲੇਟੀ ਰੰਗ ਦੀਆਂ ਖੋਪੜੀਆਂ ਉਨ੍ਹਾਂ ਦੀ ਨਕਲ ਹਨ, ਜਿਨ੍ਹਾਂ ਨੂੰ ਕੰਪਿਊਟਰ ਦੁਆਰਾ ਠੀਕ ਕੀਤਾ ਗਿਆ ਹੈ

ਅਫਰੀਕਾ ਵਿੱਚ ਸ਼ੁਰੂਆਤੀ ਹੋਮੋ ਸੇਪੀਅਨਜ਼ ਦੇ ਸਭ ਤੋਂ ਪੁਰਾਣੇ ਜਾਣੇ-ਪਛਾਣੇ ਸਬੂਤ 300,000 ਸਾਲ ਪਹਿਲਾਂ ਦੇ ਹਨ, ਇਸ ਲਈ ਇਹ ਸਿੱਟਾ ਕੱਢਣਾ ਦਿਲਚਸਪ ਹੈ ਕਿ ਸਾਡੀਆਂ ਪ੍ਰਜਾਤੀਆਂ ਪਹਿਲਾਂ ਏਸ਼ੀਆ ਵਿੱਚ ਵਿਕਸਤ ਹੋਈਆਂ ਹੋਣਗੀਆਂ।

ਪਰ ਪ੍ਰੋਫੈਸਰ ਸਟ੍ਰਿੰਗਰ ਦੇ ਅਨੁਸਾਰ, ਇਸ ਪੜਾਅ 'ਤੇ ਇਹ ਯਕੀਨੀ ਬਣਾਉਣ ਲਈ ਸਬੂਤ ਕਾਫ਼ੀ ਨਹੀਂ ਹਨ, ਕਿਉਂਕਿ ਅਫਰੀਕਾ ਅਤੇ ਯੂਰਪ ਵਿੱਚ ਅਜਿਹੇ ਮਨੁੱਖੀ ਜੀਵਾਸ਼ਮ ਹਨ ਜੋ ਇੱਕ ਮਿਲੀਅਨ ਸਾਲ ਪੁਰਾਣੇ ਹਨ ਅਤੇ ਜਿਨ੍ਹਾਂ ਨੂੰ ਵਿਸ਼ਲੇਸ਼ਣ ਵਿੱਚ ਸ਼ਾਮਲ ਕਰਨ ਦੀ ਜ਼ਰੂਰਤ ਹੈ।

ਉਨ੍ਹਾਂ ਬੀਬੀਸੀ ਨਿਊਜ਼ ਨੂੰ ਕਿਹਾ, "ਕੁਝ ਜੈਨੇਟਿਕ ਸਬੂਤ ਹਨ ਜੋ ਸਾਡੀਆਂ ਪ੍ਰਜਾਤੀਆਂ ਦੇ ਪਹਿਲਾਂ ਦੇ ਉਭਾਰ ਵੱਲ ਇਸ਼ਾਰਾ ਕਰਦੇ ਹਨ, ਜੋ ਸਾਡੇ ਵੰਸ਼ ਨਾਲ ਦੁਬਾਰਾ ਮਿਲੀਆਂ ਹੋ ਸਕਦੀਆਂ ਹਨ, ਪਰ ਅਜੇ ਇਹ ਸਾਬਤ ਨਹੀਂ ਹੋਇਆ ਹੈ।''

ਮਨੁੱਖੀ ਹੋਂਦ ਦੇ ਹੋਰ ਪਹਿਲਾਂ ਹੋਣ ਦਾ ਮਤਲਬ ਹੈ ਕਿ ਮਨੁੱਖਾਂ ਦੀਆਂ ਤਿੰਨ ਪ੍ਰਜਾਤੀਆਂ ਲਗਭਗ 800,000 ਸਾਲਾਂ ਲਈ ਧਰਤੀ 'ਤੇ ਇਕੱਠੀਆਂ ਮੌਜੂਦ ਸਨ, ਪਹਿਲਾਂ ਸੋਚੇ ਗਏ ਸਮੇਂ ਨਾਲੋਂ ਬਹੁਤ ਜ਼ਿਆਦਾ ਪਹਿਲਾਂ। ਹੋ ਸਕਦਾ ਹੈ ਕਿ ਸ਼ਾਇਦ ਉਹ ਉਸ ਸਮੇਂ ਵਿੱਚ ਆਪਸੀ ਤਾਲਮੇਲ ਅਤੇ ਸਰੀਰਕ ਸਬੰਧ ਰੱਖਦੇ ਹੋਣ।

ਸ਼ੁਰੂਆਤੀ ਉਭਾਰ 800,000 ਅਤੇ 100,000 ਸਾਲ ਪਹਿਲਾਂ ਦੇ ਦਰਜਨਾਂ ਮਨੁੱਖੀ ਜੀਵਾਸ਼ਮ ਅਵਸ਼ੇਸ਼ਾਂ ਨੂੰ ਸਮਝਾਉਣ ਵਿੱਚ ਵੀ ਮਦਦ ਕਰਦਾ ਹੈ, ਜਿਨ੍ਹਾਂ ਨੂੰ ਮਨੁੱਖੀ ਪਰਿਵਾਰ ਦੀ ਲੜੀ ਵਿੱਚ ਵਰਗੀਕ੍ਰਿਤ ਕਰਨਾ ਅਤੇ ਲੱਭਣਾ ਵਿਗਿਆਨੀਆਂ ਲਈ ਮੁਸ਼ਕਲ ਰਿਹਾ ਹੈ - ਇਸ ਨੂੰ "ਮੱਧ 'ਚ ਗੜਬੜ" ਕਿਹਾ ਜਾਂਦਾ ਹੈ (ਉਹ ਸਮਾਂ ਜਦੋਂ ਮਨੁੱਖੀ ਵਿਕਾਸ ਨੂੰ ਲੈ ਕੇ ਉਲਝਣ ਹੈ)।

'ਮਨੁੱਖੀ ਵਿਕਾਸ ਇੱਕ ਰੁੱਖ ਵਾਂਗ'

ਖੁਦਾਈ ਕਰਦੇ ਵਿਗਿਆਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਫਰੀਕਾ ਵਿੱਚ ਸ਼ੁਰੂਆਤੀ ਹੋਮੋ ਸੇਪੀਅਨਜ਼ ਦੇ ਸਭ ਤੋਂ ਪੁਰਾਣੇ ਜਾਣੇ-ਪਛਾਣੇ ਸਬੂਤ 300,000 ਸਾਲ ਪਹਿਲਾਂ ਦੇ ਹਨ (ਸੰਕੇਤਕ ਤਸਵੀਰ)

ਪ੍ਰੋਫੈਸਰ ਨੀ ਦੇ ਅਨੁਸਾਰ, ਪਰ ਹੋਮੋ ਸੇਪੀਅਨਜ਼, ਹੋਮੋ ਲੋਂਗੀ, ਅਤੇ ਨੀਐਂਡਰਥਲਜ਼ ਦਾ ਸ਼ੁਰੂਆਤੀ ਉਭਾਰ ਇਸ ਸਮੱਸਿਆ ਨੂੰ ਹੱਲ ਕਰਦਾ ਹੈ। ਇਸਦਾ ਮਤਲਬ ਹੈ ਕਿ ਹੁਣ ਇਨ੍ਹਾਂ ਮੁਸ਼ਕਲ-ਵਰਗੀਕ੍ਰਿਤ ਜੀਵਾਸ਼ਮਾਂ ਨੂੰ "ਵੱਡੇ ਤਿੰਨ" ਸਮੂਹਾਂ ਜਾਂ ਉਨ੍ਹਾਂ ਦੇ ਹੋਰ ਆਦਿ ਮਾਨਵ ਪੂਰਵਜਾਂ, ਏਸ਼ੀਅਨ ਹੋਮੋ ਈਰੈਕਟਸ ਅਤੇ ਹੋਮੋ ਹਾਈਡਲਬਰਗੇਨਸਿਸ ਦੇ ਉਪ ਸਮੂਹਾਂ ਵਜੋਂ ਸ਼੍ਰੇਣੀਬੱਧ ਕਰਨਾ ਸੰਭਵ ਹੈ।

ਉਨ੍ਹਾਂ ਕਿਹਾ, "ਮਨੁੱਖੀ ਵਿਕਾਸ ਇੱਕ ਰੁੱਖ ਵਾਂਗ ਹੈ। ਇਸ ਰੁੱਖ ਵਿੱਚ ਬਹੁਤ ਸਾਰੀਆਂ ਸ਼ਾਖਾਵਾਂ ਸਨ ਅਤੇ ਤਿੰਨ ਪ੍ਰਮੁੱਖ ਸ਼ਾਖਾਵਾਂ ਸਨ ਜੋ ਨੇੜਿਓਂ ਜੁੜੀਆਂ ਹੋਈਆਂ ਸਨ, ਅਤੇ ਹੋ ਸਕਦਾ ਹੈ ਉਨ੍ਹਾਂ ਵਿਚਕਾਰ ਸਰੀਰਕ ਸਬੰਧ ਰਹੇ ਹੋਣ, ਉਹ ਲਗਭਗ 10 ਲੱਖ ਸਾਲਾਂ ਤੱਕ ਇਕੱਠੇ ਰਹੇ। ਇਸ ਲਈ ਇਹ ਇੱਕ ਸ਼ਾਨਦਾਰ ਨਤੀਜਾ ਹੈ।"

ਇਹ ਖੋਪੜੀ (ਮੱਧ ਚੀਨ ਦੇ) ਹੁਬੇਈ ਪ੍ਰਾਂਤ ਤੋਂ ਖੁਦਾਈ ਦੌਰਾਨ ਮਿਲੀ ਸੀ, ਅਤੇ ਇਸਦੇ ਨਾਲ ਦੋ ਹੋਰ ਖੋਪੜੀਆਂ ਵੀ ਮਿਲਿਆ ਸਨ। ਪਰ ਉਹ ਨੁਕਸਾਨੀਆਂ ਗਈਆਂ ਅਤੇ ਕੁਚਲੀਆਂ ਗਈਆਂ। ਇਹੀ ਇੱਕ ਕਾਰਨ ਹੈ ਕਿ ਯੂਨਜ਼ਿਆਨ 2 ਨੂੰ ਗਲਤੀ ਨਾਲ ਇੱਕ ਇਰੈਕਟਸ ਵਜੋਂ ਸ਼੍ਰੇਣੀਬੱਧ ਕਰ ਦਿੱਤਾ ਗਿਆ ਸੀ।

ਖੋਪੜੀਆਂ ਨੂੰ ਉਨ੍ਹਾਂ ਦੇ ਅਸਲ ਆਕਾਰ ਵਿੱਚ ਦੇਖਣ ਲਈ ਪ੍ਰੋਫੈਸਰ ਨੀ ਦੀ ਟੀਮ ਨੇ ਖੋਪੜੀਆਂ ਨੂੰ ਸਕੈਨ ਕੀਤਾ ਅਤੇ ਕੰਪਿਊਟਰ ਮਾਡਲਿੰਗ ਤਕਨੀਕਾਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਇੱਕ 3ਡੀ ਪ੍ਰਿੰਟਰ 'ਤੇ ਛਾਪਿਆ।

ਖੋਪੜੀਆਂ ਨੂੰ ਅਸਲ ਰੂਪ ਵਿੱਚ ਦੇਖਣ ਤੋਂ ਬਾਅਦ ਵਿਗਿਆਨੀਆਂ ਨੇ ਉਨ੍ਹਾਂ ਨੂੰ ਮਨੁੱਖਾਂ ਦੇ ਇੱਕ ਵੱਖਰੇ, ਵਧੇਰੇ ਉੱਨਤ ਸਮੂਹ ਨਾਲ ਸਬੰਧਤ ਸ਼੍ਰੇਣੀ ਵਜੋਂ ਦੁਬਾਰਾ ਵਰਗੀਕ੍ਰਿਤ ਕੀਤਾ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)