ਅਰਾਵਲੀ: ਉੱਤਰ ਭਾਰਤ ਦੀ ਪ੍ਰਾਚੀਨ 'ਗ੍ਰੀਨ ਵਾਲ' 'ਤੇ ਕਿਉਂ ਛਿੜੀ ਹੈ 'ਆਧੁਨਿਕ ਜੰਗ'

1960 ਦੇ ਦਹਾਕੇ ਤੱਕ ਮੇਵਾੜ ਦੀਆਂ ਅਰਾਵਲੀ ਪਹਾੜੀਆਂ ਵਿੱਚੋਂ ਬਾਘ ਖ਼ਤਮ ਹੋ ਗਏ ਸਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਤਸਵੀਰ ਰਾਜਸਥਾਨ ਦੇ ਰਣਥੰਭੌਰ ਨੈਸ਼ਨਲ ਪਾਰਕ ਦੀ ਹੈ, ਜਿਸ ਦੇ ਪਿਛਲੇ ਪਾਸੇ ਅਰਾਵਲੀ ਦੀਆਂ ਪਹਾੜੀਆਂ ਹਨ
    • ਲੇਖਕ, ਤ੍ਰਿਭੁਵਨ
    • ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਦੇ ਲਈ

ਇਸ ਦਸੰਬਰ ਦੀ ਸਵੇਰ ਜਦੋਂ ਦਿੱਲੀ ਦੀ ਕਾਲਖ਼ ਨਾਲ ਲਿਪਟੀ ਧੁੰਦ ਸੜਕਾਂ-ਲਾਈਟਾਂ ਅਤੇ ਸਾਰੇ ਆਕਾਰਾਂ ਨੂੰ ਨਿਗਲਣ ਲੱਗਦੀ ਹੈ ਅਤੇ ਗੁਰੂਗ੍ਰਾਮ ਦੇ ਹਾਈਵੇਅ 'ਤੇ ਕਾਰਾਂ ਤੇ ਹੋਰ ਵਾਹਨ ਧਾਤ ਦੇ ਕਿਸੇ ਸੱਪ ਵਾਂਗ ਰੇਂਗਦੇ ਹਨ ਤਾਂ ਕੁਝ ਹੀ ਦੂਰੀ 'ਤੇ ਕੁਆਰਟਜ਼ਾਈਟ ਦੀਆਂ ਪੁਰਾਣੀਆਂ ਲਕੀਰਾਂ ਉੱਭਰ ਆਉਂਦੀਆਂ ਹਨ।

ਕੋਈ ਆਈਸ ਲਾਈਨ ਨਹੀਂ, ਕੋਈ ਪੋਸਟਕਾਰਡ-ਸ਼ਿਖਰ ਨਹੀਂ, ਬਸ ਘਸੀਆਂ-ਛਿੱਲੀਆਂ ਅਤੇ ਖੰਡਰ ਹੋ ਚੁੱਕੀਆਂ ਪਹਾੜੀਆਂ, ਜਿਵੇਂ ਧਰਤੀ ਨੇ ਆਪਣੀ ਸਭ ਤੋਂ ਪੁਰਾਣੀ ਹੱਥ ਲਿਖਤ ਪੱਥਰ 'ਤੇ ਹੀ ਲਿਖ ਕੇ ਛੱਡ ਦਿੱਤੀ ਹੋਵੇ।

ਅਰਾਵਲੀ ਵਿੱਚ ਅਜਿਹੀਆਂ ''ਪੋਸਟਕਾਰਡ-ਸ਼ਿਖਰ'' ਘੱਟ ਹਨ, ਯਾਨੀ ਇਹ ਇੰਨੀ ਨਾਟਕੀ ਉਚਾਈ ਵਾਲੀ ਨਹੀਂ ਦਿਖਾਈ ਦਿੰਦੀ। ਪਰ ਇਸ ਦਾ ਵਾਤਾਵਰਣਕ ਕੰਮ ਬਹੁਤ ਵੱਡਾ ਹੈ। ਧੂੜ ਨੂੰ ਰੋਕਣਾ, ਪਾਣੀ ਰੀਚਾਰਜ ਕਰਨਾ, ਜੈਵ-ਵਿਭਿੰਨਤਾ ਦੀ ਰੱਖਿਆ ਕਰਨਾ ਅਤੇ ਆਪਣੀ ਗੋਦ ਵਿੱਚ ਜੰਗਲੀ ਜੀਵਾਂ ਦਾ ਪਾਲਣ-ਪੋਸ਼ਣ ਕਰਨਾ।

ਇਹੀ ਅਰਾਵਲੀ ਹੈ। ਉੱਤਰ-ਪੱਛਮੀ ਭਾਰਤ ਦੀ ਉਹ ਪਹਾੜ ਲੜੀ, ਜਿਸ ਨੂੰ ਵਿਗਿਆਨਕ ਸਾਹਿਤ ਅਤੇ ਪ੍ਰਸਿੱਧ ਭੂ-ਵਿਗਿਆਨ ਦੋਵੇਂ 'ਭਾਰਤ ਦੀ ਸਭ ਤੋਂ ਪੁਰਾਣੀ ਫੋਲਡ-ਮਾਊਂਟੇਨ ਬੈਲਟ' ਵਜੋਂ ਪਛਾਣਦੇ ਹਨ।

ਲੋਕ-ਇਤਿਹਾਸਕਾਰ ਸ਼੍ਰੀਕ੍ਰਿਸ਼ਨ ਜੁਗਨੂ ਦੱਸਦੇ ਹਨ ਕਿ ਇਹ ਉਹ ਪਹਾੜ ਲੜੀ ਹੈ, ਜਿਸ ਵਿੱਚ ਲੂਣੀ, ਬਨਾਸ, ਸਾਬਰਮਤੀ, ਸਾਹਿਬੀ, ਬੇੜਚ (ਆਇੜ), ਖਾਰੀ, ਸੂਕੜੀ, ਕੋਠਾਰੀ, ਸੋਮ, ਜਾਖਮੀ, ਕਮਲਾ ਨਦੀਆਂ ਅਤੇ ਨੱਕੀ, ਪੁਸ਼ਕਰ, ਜੈਸਮੰਦ, ਮਾਤਰੀਕੁੰਡੀਆ, ਬੇਣੇਸ਼ਵਰ ਵਰਗੀਆਂ ਝੀਲਾਂ ਹਨ।

ਭਾਰਤ ਦੀ ਰੀੜ੍ਹ

ਅਰਾਵਲੀ ਭਾਰਤ ਦੀ ਰੀੜ੍ਹ ਦੀ ਹੱਡੀ ਹੈ, ਜੋ ਚਾਰ ਸੂਬਿਆਂ ਵਿੱਚੋਂ ਲੰਘਦੀ ਹੈ। ਇਹ ਉੱਤਰ-ਪੱਛਮੀ ਭਾਰਤ ਵਿੱਚ ਲਗਭਗ 670 ਕਿਲੋਮੀਟਰ ਲੰਬੀ ਮੰਨੀ ਜਾਂਦੀ ਹੈ। ਇਹ ਦਿੱਲੀ ਦੇ ਨੇੜਿਓਂ ਸ਼ੁਰੂ ਹੋ ਕੇ ਦੱਖਣੀ ਹਰਿਆਣਾ ਅਤੇ ਰਾਜਸਥਾਨ ਦੇ ਅੰਦਰ ਡੂੰਘਾਈ ਤੱਕ ਜਾਂਦੀ ਹੈ ਅਤੇ ਫਿਰ ਗੁਜਰਾਤ ਵਿੱਚ ਅਹਿਮਦਾਬਾਦ ਦੇ ਆਲੇ-ਦੁਆਲੇ ਦੇ ਮੈਦਾਨਾਂ ਤੱਕ ਪਹੁੰਚਦੀ ਹੈ।

ਇਸ ਦੀ ਸਭ ਤੋਂ ਉੱਚੀ ਚੋਟੀ ਗੁਰੂ ਸ਼ਿਖਰ ਹੈ, ਜੋ ਲਗਭਗ 1,722 ਮੀਟਰ ਉੱਚੀ ਹੈ ਅਤੇ ਇਹ ਰਾਜਸਥਾਨ ਦੇ ਮਾਊਂਟ ਆਬੂ ਵਿੱਚ ਸਥਿਤ ਹੈ। ਇੱਥੇ ਜਦੋਂ ਤੁਸੀਂ ਖੜ੍ਹੇ ਹੋਵੋਗੇ ਤਾਂ ਬੱਦਲ ਤੁਹਾਨੂੰ ਛੂਹ ਕੇ ਲੰਘਣਗੇ।

ਰਾਜਸਥਾਨ ਵਿੱਚ ਅਰਾਵਲੀ ਦੀਆਂ ਪਹਾੜੀਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਜਸਥਾਨ ਵਿੱਚ ਅਰਾਵਲੀ ਦੀਆਂ ਪਹਾੜੀਆਂ ਦਾ ਇੱਕ ਮਨਮੋਹਕ ਦ੍ਰਿਸ਼

ਭੂਗੋਲ ਵਿਗਿਆਨੀ ਸੀਮਾ ਜਾਲਾਨ ਦੱਸਦੇ ਹਨ ਕਿ ਅਰਾਵਲੀ 67 ਕਰੋੜ ਸਾਲ ਪੁਰਾਣੀ ਪਹਾੜ ਲੜੀ ਹੈ ਅਤੇ ਜੇਕਰ ਇਹ ਨਾ ਹੁੰਦੀ ਤਾਂ ਉੱਤਰ ਭਾਰਤ ਦੀਆਂ ਪਤਾ ਨਹੀਂ ਕਿੰਨੀਆਂ ਨਦੀਆਂ ਨਾ ਹੁੰਦੀਆਂ। ਪਤਾ ਨਹੀਂ ਕਿੰਨੇ ਜੰਗਲ, ਕਿੰਨੀਆਂ ਬਨਸਪਤੀਆਂ, ਕਿੰਨੀਆਂ ਬਹੁਮੁੱਲੀਆਂ ਧਾਤਾਂ ਅਤੇ ਕਿੰਨਾ ਇਕੋਲੋਜੀਕਲ ਸਪਲੈਂਡਰ ਨਾ ਹੁੰਦਾ।

ਅਰਾਵਲੀ ਸੰਸਕ੍ਰਿਤ ਦੇ ਸ਼ਬਦ 'ਅਰਬੁਦਾਵਲੀ' ਤੋਂ ਬਣਿਆ ਹੈ। ਰਾਜਸਥਾਨ ਦੇ ਇਤਿਹਾਸ ਵਿੱਚ ਇਸ ਨੂੰ ਆਡਾਵਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਪਹਾੜ ਲੜੀ ਇੱਕ ਤਰ੍ਹਾਂ ਦੀ ਰੱਖਿਆ ਲਾਈਨ ਵੀ ਹੈ, ਜੋ ਰੇਗਿਸਤਾਨ, ਧੂੜ ਅਤੇ ਪਾਣੀ ਦੀ ਘਾਟ ਵਿਰੁੱਧ ਚੁੱਪਚਾਪ ਖੜ੍ਹੀ ਰਹੀ ਹੈ। ਇਹ ਉੱਤਰ ਭਾਰਤ ਦਾ ਸਭ ਤੋਂ ਪੁਰਾਣਾ 'ਟਾਈਮ ਕੈਪਸੂਲ' ਅਤੇ ਸਭ ਤੋਂ ਨਾਜ਼ੁਕ ਵਰਤਮਾਨ ਹੈ।

ਅਰਾਵਲੀ ਦੀ ਪ੍ਰਾਚੀਨਤਾ ਅਕਸਰ ਇੱਕ ਰੋਮਾਂਚਕ ਤੱਥ ਵਾਂਗ ਦੁਹਰਾਈ ਜਾਂਦੀ ਹੈ 'ਹਿਮਾਲਿਆ ਤੋਂ ਵੀ ਪੁਰਾਣੀ।'

ਪਰ ਇਹ ਤੁਲਨਾ ਸਿਰਫ਼ ਉਮਰ ਨੂੰ ਦਰਸਾਉਂਦੀ ਹੈ ਖ਼ਤਰੇ ਨੂੰ ਨਹੀਂ। ਭੂਗੋਲ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਿਮਾਲਿਆ ਜਵਾਨ ਹੈ ਅਤੇ ਵਧ ਰਿਹਾ ਹੈ ਜਦਕਿ ਅਰਾਵਲੀ ਬੁੱਢੀ ਹੈ। ਭੂ-ਵਿਗਿਆਨ ਦੀ ਭਾਸ਼ਾ ਵਿੱਚ ਇਹ ਪ੍ਰੋਟੇਰੋਜ਼ੋਇਕ ਅਤੇ ਉਸ ਨਾਲ ਜੁੜੇ ਯੁੱਗਾਂ ਦੇ ਲੰਬੇ ਘਟਨਾਕ੍ਰਮ ਨਾਲ ਬਣੀ ਹੈ, ਜਦੋਂ ਭਾਰਤੀ ਪਲੇਟਾਂ ਅਤੇ ਪ੍ਰਾਚੀਨ ਭੂ-ਖੰਡ ਆਪਸ ਵਿੱਚ ਟਕਰਾਏ, ਰਿਫਟਿੰਗ, ਤਲਛਟ ਅਤੇ ਰੂਪਾਂਤਰਨ ਦੇ ਚੱਕਰ ਝੱਲੇ।

ਕਈ ਸਰੋਤ ਇਸ ਪ੍ਰਕਿਰਿਆ ਨੂੰ 'ਅਰਾਵਲੀ-ਦਿੱਲੀ ਆਰਗੈਨਿਕ ਬੈਲਟ' ਵਜੋਂ ਦਰਸਾਉਂਦੇ ਹਨ। ਇਹ ਇੱਕ ਅਜਿਹਾ ਭੂ-ਖੰਡ ਹੈ ਜੋ ਮਹਾਂਦੀਪੀ ਟੁਕੜਿਆਂ ਦੀ ਟੱਕਰ ਅਤੇ ਹੌਲੀ-ਹੌਲੀ ਹੋਏ ਪਹਾੜ ਨਿਰਮਾਣ ਦੇ ਨਤੀਜੇ ਵਜੋਂ ਉੱਭਰਿਆ। ਇਹ ਦੱਸਦਾ ਹੈ ਕਿ ਅਰਾਵਲੀ ਦੀਆਂ ਚੱਟਾਨਾਂ ਅਤੇ ਉਹਨਾਂ ਦੇ ਅੰਦਰ ਦੀਆਂ ਤਰੇੜਾਂ ਇੱਕ ਅਜਿਹੇ ਭੂ-ਤੰਤਰ ਦਾ ਹਿੱਸਾ ਹਨ, ਜਿਸਦਾ ਬਣਨਾ ਜਿੰਨਾ ਔਖਾ ਸੀ, ਟੁੱਟਣਾ ਉਨਾ ਹੀ ਆਸਾਨ ਹੋ ਸਕਦਾ ਹੈ, ਕਿਉਂਕਿ ਟੁੱਟਣ ਲਈ ਧਮਾਕਿਆਂ ਦੀ ਲੋੜ ਨਹੀਂ, ਸਿਰਫ਼ ਲਗਾਤਾਰ ਮਾਈਨਿੰਗ, ਕਟਿੰਗ, ਸੜਕਾਂ ਅਤੇ ਕੰਕਰੀਟ ਹੀ ਕਾਫ਼ੀ ਹੈ।

ਇਹ ਵੀ ਪੜ੍ਹੋ

ਉੱਤਰ ਭਾਰਤ ਦੀ 'ਗ੍ਰੀਨ ਵਾਲ'

ਅਰਾਵਲੀ ਨੂੰ ਉੱਤਰ ਭਾਰਤ ਦੀ 'ਗ੍ਰੀਨ ਵਾਲ' ਕਿਹਾ ਜਾਂਦਾ ਹੈ। ਇਹ ਥਾਰ ਮਾਰੂਥਲ ਦੇ ਪਸਾਰ ਨੂੰ ਪੂਰਬ ਵੱਲ ਵਧਣ ਤੋਂ ਰੋਕਣ ਵਾਲੀ ਇੱਕ ਕੁਦਰਤੀ ਕੰਧ ਹੈ। ਇਹ ਬਨਸਪਤੀ, ਮਿੱਟੀ, ਢਲਾਣਾਂ ਅਤੇ ਪਾਣੀ ਨੂੰ ਸੰਭਾਲਣ ਦੀ ਸਮਰੱਥਾ ਦਾ ਇੱਕ ਸਾਂਝਾ ਤੰਤਰ ਹੈ।

ਨਾਗਰਿਕ ਸਮੂਹਾਂ ਅਤੇ ਕੁਝ ਤਕਨੀਕੀ ਅਨੁਮਾਨਾਂ ਵਿੱਚ ਅਰਾਵਲੀ ਦੇ ਅੰਦਰ ਕਈ 'ਗੈਪਸ-ਬ੍ਰੀਚ' (ਦਰਾਰਾਂ) ਦਾ ਜ਼ਿਕਰ ਮਿਲਦਾ ਹੈ। ਇਹ ਉਹ ਹਿੱਸੇ ਹਨ ਜਿੱਥੇ ਪਹਾੜੀਆਂ ਦਾ ਲਗਾਤਾਰ ਸਿਲਸਿਲਾ ਟੁੱਟ ਗਿਆ ਹੈ ਅਤੇ ਧੂੜ-ਰੇਤ ਲਈ ਰਸਤਾ ਖੁੱਲ੍ਹ ਗਿਆ ਹੈ। ਇਸ ਸੰਦਰਭ ਵਿੱਚ, ਦਿੱਲੀ-ਐਨਸੀਆਰ ਦੀਆਂ ਧੂੜ ਭਰੀਆਂ ਹਨੇਰੀਆਂ ਸਿਰਫ਼ ਮੌਸਮੀ ਘਟਨਾ ਨਹੀਂ ਸਗੋਂ ਭੂਗੋਲ ਦਾ ਇੱਕ ਸੰਕੇਤ ਬਣ ਜਾਂਦੀਆਂ ਹਨ ਕਿ ਇਸ ਪਹਾੜ ਲੜੀ ਵਿੱਚ ਮੋਰੀਆਂ ਵਧ ਰਹੀਆਂ ਹਨ।

ਅਰਾਵਲੀ ਸਫ਼ਾਰੀ ਪਾਰਕ, ਗੁਰੂਗ੍ਰਾਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੁਰੂਗ੍ਰਾਮ ਦਾ ਅਰਾਵਲੀ ਸਫ਼ਾਰੀ ਪਾਰਕ (ਫਾਈਲ ਫੋਟੋ)

ਇਹ ਇੱਕ ਦੁਖਦਾਈ ਕਹਾਣੀ ਹੈ, ਕਿਉਂਕਿ ਇੱਥੇ ਕਾਰਨ 'ਇੱਕ' ਨਹੀਂ ਹੈ। ਕਿਤੇ ਨਾਜਾਇਜ਼ ਮਾਈਨਿੰਗ ਹੈ, ਕਿਤੇ ਜਾਇਜ਼ ਮਾਈਨਿੰਗ ਦਾ ਪਸਾਰ, ਕਿਤੇ ਯੋਜਨਾਹੀਣ ਸ਼ਹਿਰੀਕਰਨ ਅਤੇ ਕਿਤੇ ਸੜਕ-ਰੇਲ ਵਰਗੇ ਰੇਖਿਕ ਪ੍ਰੋਜੈਕਟ ਹਨ, ਜੋ ਕੁਦਰਤੀ ਦ੍ਰਿਸ਼ ਨੂੰ ਕੱਟ ਕੇ 'ਟੁਕੜਿਆਂ' ਵਿੱਚ ਬਦਲ ਦਿੰਦੇ ਹਨ।

ਦਿੱਲੀ ਦੇ ਅੰਦਰ 'ਰਿਜ' ਜਿਸ ਨੂੰ ਅਰਾਵਲੀ ਦੀ ਉੱਤਰੀ ਕੜੀ ਵਜੋਂ ਦੇਖਿਆ ਜਾਂਦਾ ਹੈ, ਸ਼ਹਿਰੀ ਵਾਤਾਵਰਣ ਦਾ ਉਹ ਹਿੱਸਾ ਹੈ ਜਿਸ ਨੂੰ ਲੋਕ ਪਾਰਕ ਵਾਂਗ ਦੇਖਦੇ ਹਨ, ਪਰ ਉਹ ਅਸਲ ਵਿੱਚ ਇੱਕ ਭੂ-ਰੱਖਿਆਤਮਕ ਢਾਂਚਾ ਹੈ। ਇਹ ਧੂੜ ਨੂੰ ਰੋਕਣ, ਸੂਖਮ ਜਲਵਾਯੂ ਬਣਾਉਣ ਅਤੇ ਜੈਵ-ਵਿਭਿੰਨਤਾ ਨੂੰ ਬਣਾਈ ਰੱਖਣ ਵਾਲਾ ਸੁਰੱਖਿਆ ਤੰਤਰ ਹੈ।

ਅਰਾਵਲੀ ਦੂਰੋਂ 'ਬੰਜਰ' ਲੱਗਦੀ ਹੈ, ਪਰ ਇਹ ਜੰਗਲੀ ਜੀਵਾਂ ਦਾ ਘਰ ਵੀ ਹੈ। ਤੇਂਦੁਆ, ਧਾਰੀਦਾਰ ਲੱਕੜਬੱਘਾ, ਗਿੱਦੜ, ਨੀਲਗਾਂ, ਸੇਹ ਅਤੇ ਕਈ ਪੰਛੀਆਂ ਦੀਆਂ ਪ੍ਰਜਾਤੀਆਂ ਇੱਥੇ ਰਹਿੰਦੀਆਂ ਹਨ। ਹਰਿਆਣਾ-ਦਿੱਲੀ-ਰਾਜਸਥਾਨ ਦੀਆਂ ਹੱਦਾਂ 'ਤੇ ਤੇਂਦੁਏ ਦੀ ਮੌਜੂਦਗੀ ਦੀਆਂ ਖ਼ਬਰਾਂ ਵਾਰ-ਵਾਰ ਆਉਂਦੀਆਂ ਰਹਿੰਦੀਆਂ ਹਨ ਅਤੇ ਵਾਈਲਡਲਾਈਫ ਕੋਰੀਡੋਰ ਦੀ ਚਰਚਾ ਵੀ ਹੁੰਦੀ ਹੈ।

ਇਸ ਕੋਰੀਡੋਰ ਦਾ ਸਵਾਲ ਸਿਰਫ਼ 'ਜਾਨਵਰ ਬਚਾਓ' ਤੱਕ ਸੀਮਤ ਨਹੀਂ ਹੈ। ਇਹ ਕੁਦਰਤੀ ਖਿੱਤੇ ਦੀ ਅਖੰਡਤਾ ਦਾ ਸਵਾਲ ਹੈ। ਜਦੋਂ ਪਹਾੜਾਂ ਦੇ ਵਿਚਕਾਰ ਸੜਕਾਂ ਅਤੇ ਰੀਅਲ-ਸਟੇਟ 'ਕੱਟ-ਲਾਈਨ' ਬਣਾਉਂਦੇ ਹਨ ਤਾਂ ਜੀਵਾਂ ਦਾ ਰੈਣ-ਬਸੇਰਾ ਛੋਟੇ ਟਾਪੂਆਂ ਵਿੱਚ ਵੰਡਿਆ ਜਾਂਦਾ ਹੈ। ਛੋਟੇ ਟਾਪੂਆਂ ਵਿੱਚ ਵੱਡੇ ਸ਼ਿਕਾਰੀ ਟਿਕ ਨਹੀਂ ਸਕਦੇ ਅਤੇ ਫਿਰ ਮਨੁੱਖ-ਜੰਗਲੀ ਜੀਵ ਟਕਰਾਅ ਵਧਦਾ ਹੈ। ਅੰਤ ਵਿੱਚ 'ਜੰਗਲੀ ਜੀਵ ਤਾਂ ਰਹੇ ਨਹੀਂ' ਜਿਹਾ ਬਹਾਨਾ ਬਣਾ ਕੇ ਵਿਕਾਸ ਦੇ ਨਾਂ 'ਤੇ ਵਿਨਾਸ਼ ਆ ਬੈਠਦਾ ਹੈ।

ਅਰਾਵਲੀ ਦੇ ਦੱਖਣੀ ਹਿੱਸੇ ਉਦੈਪੁਰ-ਮੇਵਾੜ ਖੇਤਰ ਵਿੱਚ ਜੰਗਲੀ ਜੀਵਾਂ ਦਾ ਇਤਿਹਾਸ ਸਿਰਫ਼ ਕੁਦਰਤੀ ਇਤਿਹਾਸ ਨਹੀਂ, ਸਗੋਂ ਸਿਆਸੀ ਅਤੇ ਸਮਾਜਿਕ ਇਤਿਹਾਸ ਵੀ ਹੈ।

'ਇਤਿਹਾਸ ਦਾ ਫੋਰੈਂਸਿਕ ਸਬੂਤ'

ਇਸੇ ਸੰਦਰਭ ਵਿੱਚ ਐਮਕੇ ਰਣਜੀਤ ਸਿੰਘ ਦਾ ਜ਼ਿਕਰ ਖਾਸ ਮਹੱਤਵ ਰੱਖਦਾ ਹੈ। ਉਹ ਮੇਵਾੜ ਵਿੱਚ ਬਾਘਾਂ ਦੇ ਪਤਨ ਦਾ ਇੱਕ ਸਖ਼ਤ ਵੇਰਵਾ ਪੇਸ਼ ਕਰਦੇ ਹਨ, ਜਿੱਥੇ ਸ਼ਿਕਾਰ, ਜੰਗਲਾਂ ਦੀ ਕਟਾਈ ਅਤੇ ਜੰਗਲੀ ਸ਼ਾਕਾਹਾਰੀ ਜੀਵਾਂ ਦੀ ਕਮੀ ਨੇ ਮਿਲ ਕੇ ਵਾਤਾਵਰਣ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ।

ਰਣਜੀਤ ਸਿੰਘ ਲਿਖਦੇ ਹਨ ਕਿ ਇੱਕ ਸ਼ਾਸਕ ਨੇ 'ਲਗਭਗ 200 ਬਾਲਗ ਬਾਘ' ਸੰਭਾਲਣ ਦੀ ਗੱਲ ਕਰਦਿਆਂ ਵੀ ਆਪਣੇ ਸ਼ਾਸਨਕਾਲ ਦੌਰਾਨ 375 ਤੋਂ ਵੱਧ ਬਾਘਾਂ ਦਾ ਸ਼ਿਕਾਰ ਕੀਤਾ। ਇਸ ਵਿਸ਼ੇ 'ਤੇ ਵਾਤਾਵਰਣਕ ਇਤਿਹਾਸਕਾਰ ਡਾਕਟਰ ਭਾਨੂ ਕਪਿਲ ਦੇ ਨਿਰਦੇਸ਼ਨ ਹੇਠ ਹਾਲ ਹੀ ਵਿੱਚ ਡਾਕਟਰ ਉਮਾ ਭੱਟੀ ਨੇ ਖੋਜ ਕੀਤੀ ਹੈ।

ਅਰਾਵਲੀ ਦੀਆਂ ਪਹਾੜੀਆਂ ਨੂੰ ਬਚਾਉਣ ਲਈ ਪ੍ਰਦਰਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਰਾਵਲੀ ਦੀਆਂ ਪਹਾੜੀਆਂ ਨੂੰ ਬਚਾਉਣ ਲਈ ਇੱਕ ਪ੍ਰਦਰਸ਼ਨ ਵਿੱਚ ਸ਼ਾਮਲ ਇੱਕ ਪਰਿਵਾਰ (ਫਾਈਲ ਫੋਟੋ)

ਡਾਕਟਰ ਭਾਨੂ ਕਪਿਲ ਦਾ ਕਹਿਣਾ ਹੈ ਕਿ ਜੇਕਰ ਅਰਾਵਲੀ ਪਹਾੜ ਲੜੀ ਨਾ ਹੁੰਦੀ ਤਾਂ ਮਹਾਰਾਣਾ ਪ੍ਰਤਾਪ ਇੱਕ ਛੋਟੀ ਜਿਹੀ ਸੈਨਾ ਦੇ ਸਹਾਰੇ ਉਸ ਸਮੇਂ ਦੇ ਮੁਗਲ ਬਾਦਸ਼ਾਹ ਅਕਬਰ ਦੀ ਵਿਸ਼ਾਲ ਫੌਜ ਦਾ ਮੁਕਾਬਲਾ ਕਿਵੇਂ ਕਰ ਸਕਦੇ ਸੀ? ਉਨ੍ਹਾਂ ਦਾ ਕਹਿਣਾ ਹੈ ਕਿ ਮਹਾਰਾਣਾ ਕੁੰਭਾ ਨੇ ਮੇਵਾੜ ਦੀ ਰੱਖਿਆ ਲਈ 32 ਕਿਲ੍ਹੇ ਬਣਵਾਏ ਸਨ, ਜਿਨ੍ਹਾਂ ਨੂੰ 'ਗ੍ਰੀਨ ਫੋਰਟ' ਵਜੋਂ ਇਤਿਹਾਸਕ ਮੰਨਿਆ ਜਾਂਦਾ ਹੈ।

ਅੱਜ ਦੁਨੀਆ ਦੇ ਸਭ ਤੋਂ ਖੂਬਸੂਰਤ ਸ਼ਹਿਰਾਂ ਵਿੱਚੋਂ ਇੱਕ 'ਉਦੈਪੁਰ' ਅਰਾਵਲੀ ਤੋਂ ਬਿਨਾਂ ਨਹੀਂ ਵੱਸ ਸਕਦਾ ਸੀ। ਇਹ ਉਸ ਸਮੇਂ ਦਾ ਇੱਕ 'ਰਿੰਗ ਫੈਂਸ ਸਿਟੀ' ਸੀ, ਜੋ ਹਰ ਪ੍ਰਕਾਰ ਦੇ ਹਮਲਿਆਂ ਤੋਂ ਲੋਕਾਂ ਦੀ ਸੁਰੱਖਿਆ ਕਰਦਾ ਸੀ। ਅਰਾਵਲੀ ਹੀ ਉਹ ਜੀਵਨ-ਤੱਤ ਹੈ, ਜਿਸ ਨੇ ਜਲ, ਜੰਗਲ ਅਤੇ ਜ਼ਮੀਨ ਦਾ ਫਲਸਫਾ ਦਿੱਤਾ।

ਡਾਕਟਰ ਭਾਨੂ ਕਪਿਲ ਅਨੁਸਾਰ ਬਿਜੌਲੀਆ ਦਾ ਕਿਸਾਨ ਅੰਦੋਲਨ ਹੋਵੇ ਜਾਂ ਭੀਲ ਅੰਦੋਲਨ, ਇਹ ਅਰਾਵਲੀ ਪਹਾੜ ਲੜੀ ਦੇ ਸੁਰੱਖਿਆ ਸਵਾਲਾਂ ਨਾਲ ਵੀ ਜੁੜੇ ਹੋਏ ਸਨ, ਕਿਉਂਕਿ ਉਸ ਸਮੇਂ ਬ੍ਰਿਟਿਸ਼ ਅਧਿਕਾਰੀਆਂ ਨੇ ਜੰਗਲਾਂ ਵਿੱਚੋਂ ਜੰਗਲੀ ਜੀਵਾਂ ਦਾ ਸ਼ਿਕਾਰ ਵਧਾ ਦਿੱਤਾ ਸੀ। ਇਸ ਇਲਾਕੇ ਵਿੱਚ ਕੇਵੜਾ ਦਰਰਾ ਹੋਵੇ ਜਾਂ ਚੰਦਨ ਦੇ ਰੁੱਖਾਂ ਦੀਆਂ ਕਤਾਰਾਂ ਜਾਂ ਹੋਰ ਬਨਸਪਤੀਆਂ, ਇਹ ਸਭ ਅਰਾਵਲੀ ਕਾਰਨ ਹੀ ਰਹੀਆਂ ਹਨ। ਕਿਸੇ ਸਮੇਂ ਇੱਥੇ ਚੰਦਨ ਅਤੇ ਸਾਗਵਾਨ ਦੇ ਰੁੱਖ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦੇ ਸਨ।

ਉਹ ਅੱਗੇ ਦੱਸਦੇ ਹਨ ਕਿ 1949-1954 ਦੇ ਪੰਜ ਸਾਲਾਂ ਵਿੱਚ ਮੇਵਾੜ ਨੇ ਅਰਾਵਲੀ ਦੇ ਲਗਭਗ 140 ਬਾਘ ਗੁਆ ਦਿੱਤੇ, ਯਾਨੀ ਔਸਤਨ 28 ਬਾਘ ਪ੍ਰਤੀ ਸਾਲ। ਸਿੱਟਾ ਇਹ ਨਿਕਲਿਆ ਕਿ 1960 ਦੇ ਦਹਾਕੇ ਤੱਕ ਮੇਵਾੜ ਵਿੱਚੋਂ ਬਾਘ ਅਲੋਪ ਹੋ ਗਏ ਅਤੇ ਨਾਲ ਹੀ ਜੰਗਲ ਅਤੇ ਜੰਗਲੀ ਸ਼ਾਕਾਹਾਰੀ ਪ੍ਰਜਾਤੀਆਂ ਵੀ ਲਗਭਗ ਖਤਮ ਹੋ ਗਈਆਂ। ਅਜਿਹੇ ਤੱਥ ਅਰਾਵਲੀ ਦੀ ਅੱਜ ਦੀ ਕਹਾਣੀ ਵਿੱਚ 'ਇਤਿਹਾਸ ਦੇ ਫੋਰੈਂਸਿਕ ਸਬੂਤ' ਵਾਂਗ ਜੁੜਦੇ ਹਨ।

ਕਿਸ ਕੀਮਤ 'ਤੇ ਵਿਕਾਸ

ਜੀਵ-ਵਾਤਾਵਰਣ ਦਾ ਟੁੱਟਣਾ ਅਕਸਰ 'ਹੌਲੀ' ਹੁੰਦਾ ਹੈ, ਪਰ ਜਦੋਂ ਉਹ ਦਿਖਾਈ ਦਿੰਦਾ ਹੈ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਅਰਾਵਲੀ ਤੋਂ ਬਾਘ ਦਾ ਗਾਇਬ ਹੋਣਾ ਸਿਰਫ਼ ਇੱਕ ਪ੍ਰਜਾਤੀ ਦਾ ਅੰਤ ਨਹੀਂ ਸੀ। ਉਹ ਜੰਗਲ ਦੇ ਪੂਰੇ ਪਿਰਾਮਿਡ ਦਾ ਢਹਿਣਾ ਸੀ ਅਤੇ ਉਹ ਗਿਰਾਵਟ ਪਾਣੀ, ਮਿੱਟੀ, ਖੇਤੀ ਅਤੇ ਸਮਾਜ ਤੱਕ ਫੈਲਦੀ ਹੈ।

ਸਰਕਾਰੀ ਤੰਤਰ ਅਤੇ ਅਦਾਲਤੀ ਹੁਕਮਾਂ ਦੀ ਖਿੱਚੋਤਾਣ ਵਿੱਚ ਅਰਾਵਲੀ ਦਾ ਭਵਿੱਖ ਫਸਿਆ ਹੋਇਆ ਹੈ, ਜਿੱਥੇ 'ਵਿਕਾਸ' ਦੀ ਭਾਸ਼ਾ ਅਕਸਰ 'ਭੂਗੋਲ' ਦੀ ਆਵਾਜ਼ ਨੂੰ ਦਬਾ ਦਿੰਦੀ ਹੈ। ਅਰਾਵਲੀ ਦੇ ਖੁਰਨ ਦੀ ਮਨੁੱਖੀ ਕੀਮਤ ਕਲਪਨਾ ਤੋਂ ਬਾਹਰ ਹੈ। ਚਰਵਾਹੇ, ਕਿਸਾਨ ਅਤੇ ਸ਼ਹਿਰ ਦੀਆਂ ਹੱਦਾਂ 'ਤੇ ਰਹਿਣ ਵਾਲੇ ਲੋਕ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹਨ।

ਅਰਾਵਲੀ ਦੀਆਂ ਪਹਾੜੀਆਂ 'ਤੇ ਵਸੀ ਨਾਜਾਇਜ਼ ਬਸਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਰੀਦਾਬਾਦ ਵਿੱਚ ਅਰਾਵਲੀ ਦੀਆਂ ਪਹਾੜੀਆਂ 'ਤੇ ਵਸੀ ਨਾਜਾਇਜ਼ ਬਸਤੀ ਨੂੰ 2021 ਵਿੱਚ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਹਟਾਇਆ ਗਿਆ ਸੀ (ਫਾਈਲ ਫੋਟੋ)

ਅੱਜਕੱਲ੍ਹ ਅਰਾਵਲੀ ਖੇਤਰ ਦੇ ਪੁਰਾਣੇ ਚਰਵਾਹੇ ਇਹ ਸਾਫ਼ ਮਹਿਸੂਸ ਕਰਦੇ ਹਨ ਕਿ ਗਰਮੀ ਵਧ ਗਈ ਹੈ ਕਿਉਂਕਿ ਹਰਿਆਲੀ ਘਟ ਗਈ ਹੈ। ਮੀਂਹ ਦਾ ਪਾਣੀ ਜਲਦੀ ਵਹਿ ਜਾਂਦਾ ਹੈ, ਕਿਉਂਕਿ ਢਲਾਣਾਂ 'ਤੇ ਮਿੱਟੀ ਦਾ ਖੋਰ ਵਧਿਆ ਹੈ। ਪਸ਼ੂਆਂ ਦੇ ਚਰਨ ਦਾ ਖੇਤਰ ਘੱਟ ਗਿਆ ਹੈ। ਕਈ ਥਾਵਾਂ 'ਤੇ 'ਜੰਗਲ' ਦਾ ਅਰਥ ਹੁਣ ਸੁਰੱਖਿਆ ਨਹੀਂ, ਸਗੋਂ ਟਕਰਾਅ ਬਣ ਗਿਆ ਹੈ। ਕਿਉਂਕਿ ਰਹਿਣ ਬਸੇਰੇ ਟੁੱਟਣ ਕਾਰਨ ਜੰਗਲੀ ਜੀਵ ਅਤੇ ਮਨੁੱਖ ਇੱਕੋ ਤੰਗ ਇਲਾਕੇ ਵਿੱਚ ਆ ਗਏ ਹਨ।

ਇਹ ਕਹਾਣੀ ਸਿਰਫ਼ 'ਵਾਤਾਵਰਣ ਬਨਾਮ ਵਿਕਾਸ' ਦੀ ਨਹੀਂ ਹੈ। ਇਹ ਸਵਾਲ ਹੈ ਕਿ ਵਿਕਾਸ ਕਿਸ ਕੀਮਤ 'ਤੇ ਹੋ ਰਿਹਾ ਹੈ ਅਤੇ ਉਹ ਕੀਮਤ ਕਿਸ ਦੇ ਹਿੱਸੇ ਆਉਂਦੀ ਹੈ।

ਹਾਲਾਂਕਿ ਅਰਾਵਲੀ 'ਤੇ ਇੱਕ ਭਰੋਸੇਯੋਗ ਉਮੀਦ ਦੀ ਕਹਾਣੀ ਵੀ ਮੌਜੂਦ ਹੈ, ਜਿਵੇਂ ਕਿ 'ਪੁਨਰ-ਸਥਾਪਨਾ'। ਗੁਰੂਗ੍ਰਾਮ ਦੇ ਅਰਾਵਲੀ ਬਾਇਓਡਾਇਵਰਸਿਟੀ ਪਾਰਕ ਦੀ ਉਦਾਹਰਣ ਅਕਸਰ ਦਿੱਤੀ ਜਾਂਦੀ ਹੈ ਕਿ ਗੰਭੀਰ ਰੂਪ ਵਿੱਚ ਨੁਕਸਾਨੇ ਗਏ ਭੂ-ਭਾਗ ਨੂੰ ਵੀ ਨਾਗਰਿਕ ਪਹਿਲਕਦਮੀ, ਵਿਗਿਆਨਕ ਮਾਰਗਦਰਸ਼ਨ ਅਤੇ ਲੰਬੇ ਸਬਰ ਨਾਲ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ। ਅਜਿਹੇ ਪ੍ਰੋਜੈਕਟ ਇਹ ਸੰਕੇਤ ਦਿੰਦੇ ਹਨ ਕਿ ਬਹਿਸ ਸਿਰਫ਼ 'ਬਚਾਉਣ' ਦੀ ਨਹੀਂ ਸਗੋਂ 'ਬਹਾਲ ਕਰਨ' ਦੀ ਵੀ ਹੈ।

ਪਰ ਬਹਾਲੀ ਦਾ ਅਰਥ ਸਿਰਫ਼ ਪਾਰਕ ਬਣਾਉਣਾ ਨਹੀਂ, ਇਸ ਦਾ ਅਰਥ ਹੈ ਕੋਰੀਡੋਰਾਂ ਨੂੰ ਜੋੜਨਾ, ਮਾਈਨਿੰਗ ਪ੍ਰਬੰਧਨ ਨੂੰ ਪਾਰਦਰਸ਼ੀ ਬਣਾਉਣਾ ਅਤੇ ਸ਼ਹਿਰ ਦੀ ਯੋਜਨਾਬੰਦੀ ਵਿੱਚ ਪਹਾੜ ਨੂੰ 'ਲੈਂਡ ਬੈਂਕ' ਨਹੀਂ ਸਗੋਂ 'ਲਾਈਫ ਸਪੋਰਟ ਸਿਸਟਮ' ਮੰਨਣਾ ਹੈ।

ਅਰਾਵਲੀ ਪਹਾੜ

ਵਾਤਾਵਰਣ ਪ੍ਰੇਮੀ ਟੀਆਈ ਖ਼ਾਨ ਦੱਸਦੇ ਹਨ ਕਿ 80 ਦੇ ਦਹਾਕੇ ਵਿੱਚ ਅਰਾਵਲੀ ਵਿੱਚ ਸਿਰਫ਼ 12 ਗੈਪ (ਦਰਾਰਾਂ) ਸਨ, ਜੋ ਹੁਣ ਕਈ ਗੁਣਾ ਵੱਧ ਗਏ ਹਨ। ਇਸ ਨੂੰ ਲੈ ਕੇ ਤਤਕਾਲੀ ਵਾਤਾਵਰਣ ਸਕੱਤਰ ਟੀਐਨ ਸ਼ੇਸ਼ਨ ਬਹੁਤ ਚਿੰਤਤ ਸਨ, ਕਿਉਂਕਿ ਦਿੱਲੀ ਵੱਲ ਰੇਗਿਸਤਾਨ ਵਧ ਰਿਹਾ ਸੀ। ਉਨ੍ਹਾਂ ਨੇ ਉਸ ਸਮੇਂ 'ਸੈਂਡ ਡਿਊਨ ਸਟੈਬਲਾਈਜ਼ੇਸ਼ਨ ਡਿਪਾਰਟਮੈਂਟ' ਬਣਵਾਇਆ ਸੀ।

ਮੇਵਾੜ ਦੇ ਬਾਘਾਂ ਦਾ ਅੰਤ ਜਿਸ ਨੂੰ ਐਮਕੇ ਰਣਜੀਤ ਸਿੰਘ ਨੇ ਅੰਕੜਿਆਂ ਵਿੱਚ ਦਰਜ ਕੀਤਾ ਹੈ, ਇੱਕ ਚੇਤਾਵਨੀ ਹੈ ਕਿ ਜੰਗਲ ਦਾ ਪਤਨ ਸਿਰਫ਼ ਜੰਗਲ ਦਾ ਪਤਨ ਨਹੀਂ ਹੁੰਦਾ। ਇਹ ਸ਼ਾਸਨ, ਸਮਾਜ ਅਤੇ ਭਵਿੱਖ ਦਾ ਪਤਨ ਵੀ ਬਣ ਸਕਦਾ ਹੈ। ਅਰਾਵਲੀ ਉੱਤਰ ਭਾਰਤ ਦੀ ਢਾਲ ਹੈ ਕਿਉਂਕਿ ਇਹ ਹਵਾ ਨੂੰ ਰੋਕਦੀ ਹੈ, ਪਾਣੀ ਨੂੰ ਜ਼ਮੀਨ ਵਿੱਚ ਉਤਾਰਦੀ ਹੈ ਅਤੇ ਜੀਵਨ ਨੂੰ ਜੋੜਦੀ ਹੈ।

ਸਵਾਲ ਇਹ ਨਹੀਂ ਕਿ ਅਰਾਵਲੀ 'ਕਿੰਨੀ ਪੁਰਾਣੀ' ਹੈ। ਸਵਾਲ ਇਹ ਹੈ ਕਿ ਅਸੀਂ ਉਸ ਨੂੰ 'ਕਿੰਨੀ ਦੇਰ' ਤੱਕ ਜਿਉਂਦਾ ਰਹਿਣ ਦੇਵਾਂਗੇ ਅਤੇ ਕਿਸ ਕੀਮਤ 'ਤੇ।

ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)