You’re viewing a text-only version of this website that uses less data. View the main version of the website including all images and videos.
ਇੱਕ ਸ਼ਖਸ ਦੀ ਅੱਖ 'ਚੋਂ ਨਿਕਲਿਆ ਦੰਦ, ਇਸ ਦਾ ਕਾਰਨ ਕੀ ਰਿਹਾ ਤੇ ਕੀ ਇਲਾਜ ਕੀਤਾ ਗਿਆ
- ਲੇਖਕ, ਸੀਟੂ ਤਿਵਾਰੀ
- ਰੋਲ, ਬੀਬੀਸੀ ਪੱਤਰਕਾਰ
ਹਾਲ ਹੀ ਵਿੱਚ ਪਟਨਾ ਦੇ ਇੰਦਰਾ ਗਾਂਧੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਆਈਜੀਆਈਐੱਮਐੱਸ) ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ।
ਇੱਥੇ ਇੱਕ ਮਰੀਜ਼ ਦੀ ਸੱਜੀ ਅੱਖ ਵਿੱਚ ਇੱਕ ਦੰਦ ਨਿਕਲ ਆਇਆ ਸੀ। ਇਸ ਮਰੀਜ਼ ਦਾ ਆਪ੍ਰੇਸ਼ਨ ਕਰਨ ਵਾਲੇ ਡਾਕਟਰ ਇਸ ਨੂੰ ਮੈਡੀਕਲ ਸਾਇੰਸ ਦੇ ਸਭ ਤੋਂ ਦੁਰਲੱਭ ਮਾਮਲਿਆਂ ਵਿੱਚੋਂ ਇੱਕ ਮੰਨਦੇ ਹਨ।
11 ਅਗਸਤ ਨੂੰ ਮਰੀਜ਼ ਦੀ ਅੱਖ ਵਿੱਚੋਂ ਦੰਦ ਕੱਢ ਦਿੱਤਾ ਗਿਆ ਹੈ ਅਤੇ ਉਹ ਹੁਣ ਤੰਦਰੁਸਤ ਹੈ। ਬੀਬੀਸੀ ਨੇ ਇਸ ਮਰੀਜ਼ ਅਤੇ ਉਸਦੇ ਆਪ੍ਰੇਸ਼ਨ ਵਿੱਚ ਸ਼ਾਮਲ ਡਾਕਟਰਾਂ ਤੋਂ ਇਸ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ।
ਇਸ ਰਿਪੋਰਟ ਵਿੱਚ ਅਸੀਂ ਆਈਜੀਆਈਐੱਮਐੱਸ ਦੀ ਗੋਪਨੀਯਤਾ ਨੀਤੀ ਦੀ ਪਾਲਣਾ ਕਰਦੇ ਹੋਏ ਮਰੀਜ਼ ਦੀ ਪਛਾਣ ਲੁਕਾਉਣ ਲਈ ਉਸਦਾ ਨਾਮ ਬਦਲ ਦਿੱਤਾ ਹੈ।
ਪੂਰਾ ਮਾਮਲਾ ਕੀ ਹੈ?
ਰਮੇਸ਼ ਕੁਮਾਰ (ਬਦਲਿਆ ਹੋਇਆ ਨਾਮ) ਬਿਹਾਰ ਦੇ ਸਿਵਾਨ ਜ਼ਿਲ੍ਹੇ ਦੇ ਰਹਿਣ ਵਾਲੇ ਹਨ। 42 ਸਾਲ ਦੇ ਰਮੇਸ਼ ਨੂੰ ਪਿਛਲੇ ਸਾਲ ਅਕਤੂਬਰ ਮਹੀਨੇ 'ਚ ਉਪਰ ਵਾਲੇ ਇੱਕ ਦੰਦ ਦੇ ਕੋਲ ਖੂਨ ਆਉਣ ਦੀ ਸ਼ਿਕਾਇਤ ਹੋਈ।
ਪਿੰਡ ਵਿੱਚ ਰਹਿਣ ਵਾਲੇ ਰਮੇਸ਼ ਨੇ ਸਥਾਨਕ ਡਾਕਟਰ ਨੂੰ ਦਿਖਾਇਆ ਤਾਂ ਉਨ੍ਹਾਂ ਨੇ ਰਮੇਸ਼ ਦਾ ਇਲਾਜ ਕੀਤਾ ਅਤੇ ਦਸੰਬਰ 2024 ਤੱਕ ਰਮੇਸ਼ ਬਿਲਕੁਲ ਸਿਹਤਮੰਦ ਹੋ ਗਏ।
ਪਰ ਮਾਰਚ 2025 ਵਿੱਚ ਰਮੇਸ਼ ਨੇ ਮਹਿਸੂਸ ਕੀਤਾ ਕਿ ਉਸਦੀ ਸੱਜੀ ਅੱਖ ਅਤੇ ਦੰਦਾਂ ਦੇ ਵਿਚਕਾਰ ਯਾਨੀ ਕਿ ਉਸਦੇ ਗੱਲ੍ਹਾਂ 'ਤੇ ਇੱਕ ਗੰਢ ਬਣ ਰਹੀ ਹੈ। ਰਮੇਸ਼ ਨੇ ਦੁਬਾਰਾ ਫਿਰ ਸਥਾਨਕ ਡਾਕਟਰ ਨੂੰ ਦਿਖਾਇਆ, ਇਸ ਵਾਰ ਡਾਕਟਰ ਨੇ ਰਮੇਸ਼ ਨੂੰ ਪਟਨਾ ਜਾ ਕੇ ਦਿਖਾਉਣ ਦੀ ਸਲਾਹ ਦਿੱਤੀ।
ਰਮੇਸ਼ ਨੇ ਬੀਬੀਸੀ ਨੂੰ ਦੱਸਿਆ, "ਗੰਢ ਕਾਰਨ ਮੈਨੂੰ ਧੁੰਧਲਾ ਦਿਖਾਈ ਦਿੰਦਾ ਸੀ ਅਤੇ ਸਿਰ ਦੇ ਸੱਜੇ ਪਾਸੇ ਦਰਦ ਰਹਿੰਦਾ ਸੀ। ਇਸਦੀ ਵਜ੍ਹਾ ਨਾਲ ਚੱਕਰ ਆਉਂਦਾ ਸੀ ਅਤੇ ਸੁਸਤੀ ਕਾਰਨ ਹਮੇਸ਼ਾ ਸੋਣ ਦਾ ਮਨ ਕਰਦਾ ਸੀ।"
"ਮੇਰਾ ਪੂਰਾ ਕੰਮ ਖਰਾਬ ਹੋ ਰਿਹਾ ਸੀ। ਜਿਸ ਤੋਂ ਬਾਅਦ ਮੈਂ ਜੂਨ ਵਿੱਚ ਆਈਜੀਆਈਐੱਮਐੱਸ ਵਿੱਚ ਦੰਦਾਂ ਦੇ ਡਾਕਟਰ ਨੂੰ ਮਿਲਿਆ। ਡਾਕਟਰ ਨੇ ਮੇਰਾ ਸੀਬੀਸੀਟੀ ਸਕੈਨ ਕਰਵਾਇਆ। ਫਿਰ ਪਤਾ ਚੱਲਿਆ ਕਿ ਮੇਰੀ ਅੱਖ ਵਿੱਚ ਦੰਦ ਹੈ। 11 ਅਗਸਤ ਨੂੰ ਡਾਕਟਰਾਂ ਨੇ ਮੇਰਾ ਆਪਰੇਸ਼ਨ ਕੀਤਾ। ਮੈਂ ਹੁਣ ਪੂਰੀ ਤਰ੍ਹਾਂ ਤੰਦਰੁਸਤ ਹਾਂ।"
ਸੀਬੀਸੀਟੀ ਯਾਨੀ ਕੋਨ ਬੀਮ ਕੰਪਿਊਟਿਡ ਟੋਮੋਗ੍ਰਾਫੀ। ਆਸਾਨ ਸ਼ਬਦਾਂ ਵਿੱਚ ਇਹ ਇੱਕ ਤਰ੍ਹਾਂ ਦਾ ਐਕਸ-ਰੇ ਹੈ। ਜੋ ਮੈਕਸੀਲੋਫੇਸ਼ੀਅਲ ਏਰੀਆ ਦਾ ਐਕਸ-ਰੇ ਕਰਕੇ ਥ੍ਰੀ ਡੀ ਤਸਵੀਰਾਂ ਬਣਾਉਂਦਾ ਹੈ।
ਅੱਖ ਵਿੱਚ ਦੰਦ ਕਿਵੇਂ ਉੱਗ ਆਇਆ?
ਰਮੇਸ਼ ਦਾ ਇਲਾਜ ਦੰਦ (ਡੈਂਟਲ) ਵਿਭਾਗ ਦੇ ਮੈਕਸੀਲੋਫੇਸ਼ੀਅਲ, ਓਐੱਮਆਰ (ਓਰਲ ਮੈਡੀਸਿਨ ਐਂਡ ਰੈਡਿਓਲੋਜੀ) ਅਤੇ ਅਨੇਸਥੀਸੀਆ ਸੈਕਸ਼ਨ ਨੇ ਮਿਲ ਕੇ ਕੀਤਾ।
ਮੈਕਸਿਲੋ ਦਾ ਅਰਥ ਹੈ ਜਬਾੜਾ ਅਤੇ ਫੇਸ਼ੀਅਲ ਦਾ ਅਰਥ ਹੈ ਚਿਹਰਾ। ਮੈਕਸਿਲੋਫੇਸ਼ੀਅਲ ਸਰਜਨ ਬ੍ਰੇਨ, ਅੱਖਾਂ ਅਤੇ ਕੰਨਾਂ ਦੇ ਅੰਦਰੂਨੀ ਹਿੱਸਿਆਂ ਦੇ ਨਾਲ-ਨਾਲ ਸਿਰ ਤੋਂ ਗਲੇ ਤੱਕ ਦੇ ਖੇਤਰ ਵਿੱਚ ਬਾਕੀ ਬਣਤਰਾਂ ਦੀ ਸਰਜਰੀ ਕਰਦਾ ਹੈ।
ਇਸ ਤਰ੍ਹਾਂ ਓਐੱਮਆਰ ਦਾ ਕੰਮ ਐੱਕਸ-ਰੇ ਵਰਗੀ ਤਕਨੀਕ ਦਾ ਇਸਤੇਮਾਨ ਕਰਕੇ ਦੰਦ, ਮੂੰਹ, ਜਬਾੜੇ ਅਤੇ ਚਿਹਰੇ ਦੀਆਂ ਉਨ੍ਹਾਂ ਸਮੱਸਿਆਵਾਂ ਦਾ ਪਤਾ ਲਗਾਉਣਾ ਜੋ ਆਮ ਜਾਂਚ ਵਿੱਚ ਨਹੀਂ ਪਤਾ ਚੱਲਦੀਆਂ।
ਮਰੀਜ਼ ਦੀ ਅੱਖ ਵਿੱਚ ਦੰਦ ਕਿਵੇਂ ਉਗ ਆਇਆ?
ਇਸ ਸਵਾਲ ਦੇ ਜਵਾਬ ਵਿੱਚ ਹਸਪਤਾਲ ਦੇ ਓਐੱਮਆਰ ਵਿਭਾਗ ਦੀ ਹੈੱਡ ਨਿੰਮੀ ਸਿੰਘ ਦੱਸਦੇ ਹਨ, "ਇਹ ਇੱਕ ਡਿਵੈਲਪਮੈਂਟ ਅਨੋਮਲੀਜ਼ (ਅਸੰਗਤੀ) ਹੈ। ਯਾਨੀ ਜਦੋਂ ਬੱਚਾ ਵਧ ਰਿਹਾ ਹੁੰਦਾ ਹੈ ਤਾਂ ਸਰੀਰ ਦੇ ਨਾਲ-ਨਾਲ ਦੰਦ ਵੀ ਵਿਕਸਤ ਹੋ ਰਹੇ ਹੁੰਦੇ ਹਨ। ਇਸ ਦੇ ਨਾਲ ਹੀ ਇਹ ਦੰਦ ਅਜਿਹੀ ਜਗ੍ਹਾ 'ਤੇ ਵਿਕਸਤ ਹੋਣਾ ਸ਼ੁਰੂ ਹੋਣ ਲੱਗਿਆ, ਜੋ ਆਮ ਨਹੀਂ ਹੈ।"
ਆਪਰੇਸ਼ਨ ਵਿੱਚ ਸ਼ਾਮਲ ਮੈਕਸਿਲੋਫੇਸ਼ੀਅਲ ਸਰਜਨ ਪ੍ਰਿਆਂਕਰ ਸਿੰਘ ਦੱਸਦੇ ਹਨ, "ਸਾਡੇ ਸਰੀਰ ਦੀ ਬਣਤਰ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ, ਜੋ ਆਮ ਜਗ੍ਹਾ 'ਤੇ ਬਣਨ ਦੀ ਬਜਾਏ, ਇੱਕ ਵੱਖਰੀ ਜਗ੍ਹਾ 'ਤੇ ਬਣਦੀਆਂ ਹਨ।"
"ਬੱਚਾ ਜਦੋਂ ਗਰਭ ਵਿੱਚ ਹੁੰਦਾ ਹੈ ਜਾਂ ਚਿਹਰਾ ਜਦੋਂ ਵੱਡਾ ਹੋ ਰਿਹਾ ਹੁੰਦਾ ਹੈ ਅਤੇ ਦੰਦ ਨੂੰ ਬਣਾਉਣ ਵਾਲਾ ਤੱਤ ਖਿੰਡ ਜਾਂਦਾ ਹੈ ਅਤੇ ਕਿਤੇ ਜੀਵਤ ਅਵਸਥਾ ਵਿੱਚ ਚਲਾ ਜਾਂਦਾ ਹੈ ਤਾਂ ਉਹ ਸਰੀਰ ਦੇ ਉਸੇ ਹਿੱਸੇ ਵਿੱਚ ਵਧ ਸਕਦਾ ਹੈ। ਇਸ ਮਾਮਲੇ ਵਿੱਚ ਵੀ ਅਜਿਹਾ ਹੀ ਹੋਇਆ ਅਤੇ ਦੰਦ 'ਫਲੋਰ ਆਫ ਦਿ ਔਰਬਿਟ' ਵਿੱਚ ਵਧ ਗਿਆ।"
ਅੱਖਾਂ ਦੀ ਤਹਿ ਵਿੱਚ ਵੀ ਦੰਦ ਦੀਆਂ ਜੜ੍ਹਾਂ
ਇਨਸਾਨ ਦੀ ਖੋਪੜੀ ਵਿੱਚ ਉਹ ਬੋਨ ਸੈੱਲ, ਜਿਸ ਵਿੱਚ ਸਾਡੀ ਅੱਖ ਸਥਿਤ ਹੁੰਦੀ ਹੈ, ਉਸ ਨੂੰ ਔਰਬਿਟ ਕਹਿੰਦੇ ਹਨ। ਬਹੁਤ ਆਸਾਨ ਸ਼ਬਦਾਂ ਵਿੱਚ ਅੱਖਾਂ ਦੇ ਚਾਰੇ ਪਾਸੇ ਉਸ ਨੂੰ ਪ੍ਰੋਟੈਕਟ ਕਰਦਾ ਹੋਇਆ ਸਾਕਟ ਹੀ ਔਰਬਿਟ ਹੈ। ਅੱਖਾਂ ਦੇ ਹੇਠਲੇ ਹਿੱਸੇ ਦੇ ਔਰਬਿਟ ਨੂੰ 'ਫਲੋਰ ਆਫ ਦਿ ਔਰਬਿਟ' ਕਿਹਾ ਜਾਂਦਾ ਹੈ।
ਮਰੀਜ਼ ਰਮੇਸ਼ ਕੁਮਾਰ ਦਾ ਜਦੋਂ ਸੀਬੀਸੀਟੀ ਹੋਇਆ ਤਾਂ ਇਹ ਪਤਾ ਚੱਲਿਆ ਕਿ ਫਲੋਰ ਆਫ ਦਿ ਔਰਬਿਟ ਵਿੱਚ ਦੰਦ ਦੀਆਂ ਜੜ੍ਹਾਂ ਹਨ।
ਪ੍ਰਿਯਾਂਕਰ ਦੱਸਦੇ ਹਨ, "ਇਸ ਮਾਮਲੇ ਵਿੱਚ ਦੰਦ ਦੀਆਂ ਜੜ੍ਹਾਂ ਫਲੋਰ ਔਰਬਿਟ ਵਿੱਚ ਸਨ। ਜਦਕਿ ਉਸਦਾ ਕਰਾਊਨ ਪੋਰਸ਼ਨ (ਦੰਦ ਦਾ ਸਫੈਦ ਹਿੱਸਾ) ਮੈਕਸਿਲਰੀ ਸਾਇਨਸ ਵਿੱਚ ਸੀ। ਕਿਉਂਕਿ ਇਹ ਦੰਦ ਆਪਣੀ ਆਮ ਜਗ੍ਹਾ 'ਤੇ ਨਹੀਂ ਬਣਿਆ ਸੀ, ਇਸ ਲਈ ਇਹ ਸਰੀਰ ਲਈ ਇੱਕ ਫਾਰੇਨ ਬੌਡੀ ਸੀ।"
"ਸਰੀਰ ਦੇ ਸੁਰੱਖਿਆ ਤੰਤਰ ਨੇ ਇਸ ਫਾਰੇਨ ਬੌਡੀ ਤੋਂ ਬਚਣ ਲਈ ਇਸਦੇ ਆਸਪਾਸ ਇੱਕ ਸਿਸਟ (ਇੱਕ ਤਰ੍ਹਾਂ ਦੀ ਥੈਲੀ) ਬਣਾ ਲਿਆ ਸੀ। ਇਸ ਸਿਸਟ ਨੇ ਪੂਰੇ ਮੈਕਸਿਲਰੀ ਸਾਇਨਸ ਦੇ ਏਰੀਆ ਨੂੰ ਘੇਰ ਰੱਖਿਆ ਸੀ, ਜਿਸ ਕਾਰਨ ਚਿਹਰੇ 'ਤੇ ਸੋਜ ਆ ਗਈ ਸੀ ਅਤੇ ਉਪਰ ਵਾਲੇ ਜਬਾੜੇ ਦੀ ਹੱਡੀ ਗਲ ਰਹੀ ਸੀ।"
ਮੈਕਸਿਲਰੀ ਸਾਇਨਸ, ਫਲੋਰ ਆਫ ਦਿ ਔਰਬਿਟ ਅਤੇ ਸਾਡੇ ਉਪਰੀ ਜਬਾੜੇ ਦਾ ਵਿਚਲਾ ਹਿੱਸਾ ਹੈ। ਆਸਾਨ ਸ਼ਬਦਾਂ ਵਿੱਚ ਇਹ ਗਲ਼ ਦਾ ਇੱਕ ਹਿੱਸਾ ਹੈ।
ਕਿਉਂਕਿ ਇਹ ਦੰਦ ਅੱਖ ਦੀ ਫਲੋਰ ਆਫ ਦਿ ਔਰਬਿਟ ਵਿੱਚ ਬਣਿਆ ਸੀ, ਜਿੱਥੋਂ ਬਹੁਤ ਸਾਰੀਆਂ ਨਾੜੀਆਂ ਨਿਕਲਦੀਆਂ ਹਨ, ਇਸ ਲਈ ਇਹ ਇੱਕ ਮੁਸ਼ਕਲ ਸਰਜਰੀ ਸੀ।
ਦੰਦ ਦਾ ਆਕਾਰ ਕੀ ਸੀ?
ਜਦੋਂ ਮੈਂ ਮਰੀਜ਼ ਰਮੇਸ਼ ਕੁਮਾਰ ਨੂੰ ਮਿਲੀ ਤਾਂ ਉਹ ਇਕਦਮ ਤੰਦਰੁਸਤ ਦਿਖ ਰਹੇ ਸੀ। ਉਨ੍ਹਾਂ ਦੇ ਚਿਹਰੇ 'ਤੇ ਕਿਸੇ ਤਰ੍ਹਾਂ ਦਾ ਕੋਈ ਨਿਸ਼ਾਨ ਨਹੀਂ ਸੀ।
ਦਰਅਸਲ ਉਨ੍ਹਾਂ ਦੇ ਮੂੰਹ ਦੇ ਅੰਦਰ ਤੋਂ ਜਾਂ ਜਬਾੜੇ ਵਿੱਚ ਚੀਰਾ ਲਗਾ ਕੇ ਸਰਜਰੀ ਹੋਈ ਸੀ। ਜਿਸ ਵਿੱਚ 10 ਤੋਂ 12 ਟਾਂਕੇ ਲੱਗੇ ਹਨ।
ਸਰਜਨ ਪ੍ਰਿਯਾਂਕਰ ਸਿੰਘ ਨੇ ਪਹਿਲਾਂ ਤੈਅ ਕੀਤਾ ਕਿ ਉਹ ਅੱਖ ਦੇ ਨੇੜੇ ਚੀਰਾ ਲਗਾ ਕੇ ਇਹ ਆਪਰੇਸ਼ਨ ਕਰਨਗੇ। ਪਰ ਮਰੀਜ਼ ਰਮੇਸ਼ ਦੀ ਘੱਟ ਉਮਰ ਅਤੇ ਉਨ੍ਹਾਂ ਦੇ ਪੇਸ਼ੇ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਗਿਆ ਕਿ ਇੰਟਰਾ ਓਰਲ ਯਾਨੀ ਮੂੰਹ ਦੇ ਅੰਦਰ ਤੋਂ ਸਰਜਰੀ ਕੀਤੀ ਜਾਵੇ।
ਇਸ ਆਪਰੇਸ਼ਨ ਤੋਂ ਬਾਅਦ ਮਰੀਜ਼ ਦੀਆਂ ਅੱਖਾਂ ਬਿਲਕੁਲ ਠੀਕ ਹਨ ਅਤੇ ਵਿਜ਼ਨ ਵੀ ਪਹਿਲਾਂ ਦੀ ਤਰ੍ਹਾਂ ਹੀ ਹੈ। ਮਰੀਜ਼ ਦਾ ਜੋ ਦੰਦ ਕੱਢਿਆ ਗਿਆ, ਉਸ ਦਾ ਆਕਾਰ ਕੀ ਸੀ?
ਇਹ ਬਾਰੇ ਨਿੰਮੀ ਸਿੰਘ ਦੱਸਦੇ ਹਨ, "ਮਰੀਜ਼ ਦੇ ਇਸ ਦੰਦ ਦਾ ਆਕਾਰ ਪ੍ਰੀਮੋਲਰ ਦੰਦ ਜਿੰਨਾ ਸੀ।"
ਪ੍ਰੀ ਮੋਲਰ ਦੰਦ, ਸਾਡੇ ਮੂੰਹ ਦੇ ਪਿੱਛਲੇ ਪਾਸੇ ਸਥਿਤ ਹੁੰਦੇ ਹਨ। ਇਹ ਸਾਹਮਣੇ ਤੋਂ ਦਿਖਣ ਵਾਲੇ ਕੈਨਾਈਨ ਦੰਦਾਂ ਅਤੇ ਮੂੰਹ ਵਿੱਚ ਸਭ ਤੋਂ ਪਿੱਛੇ ਸਥਿਤ ਮੋਲਰ (ਦਾੜ) ਦੰਦਾਂ ਵਿਚਾਲੇ ਹੁੰਦੇ ਹਨ।
ਪ੍ਰਿਯਾਂਕਰ ਸਿੰਘ ਦੱਸਦੇ ਹਨ, "ਮਰੀਜ਼ ਵਿੱਚ ਦੰਦਾਂ ਦੀ ਕੋਈ ਕਮੀ ਨਹੀਂ ਸੀ। ਜਦੋਂ ਸਾਰੇ ਦੰਦ ਮੌਜੂਦ ਹੋਣ, ਉਸ ਤੋਂ ਬਾਅਦ ਵੀ ਨਵਾਂ ਦੰਦ ਬਣੇ ਤਾਂ ਅਸੀਂ ਉਸ ਨੂੰ ਸੁਪਰਨਿਊਮੇਰੀ ਟੂਥ ਕਹਿੰਦੇ ਹਾਂ।"
ਕੀ ਇਸ ਤਰ੍ਹਾਂ ਦੇ ਮਾਮਲੇ ਪਹਿਲਾਂ ਰਿਪੋਰਟ ਹੋਏ ਹਨ?
ਨਿੰਮੀ ਸਿੰਘ ਅਤੇ ਪ੍ਰਿਯਾਂਕਰ ਸਿੰਘ ਦੋਵੇਂ ਹੀ ਇਸਨੂੰ ਬਹੁਤ ਹੀ ਦੁਰਲੱਭ ਦੀ ਸ਼੍ਰੇਣੀ ਵਿੱਚ ਰੱਖਦੇ ਹਨ।
ਪ੍ਰਿਯਾਂਕਰ ਸਿੰਘ ਦੱਸਦੇ ਹਨ, "ਭਾਰਤ ਵਿੱਚ ਅਜਿਹੇ ਦੋ ਜਾਂ ਤਿੰਨ ਕੇਸ ਹੀ ਰਿਪੋਰਟ ਕੀਤੇ ਗਏ ਹਨ। ਸਾਲ 2020 ਵਿੱਚ ਚੇਨਈ 'ਚ ਮਸ਼ਹੂਰ ਸਰਜਨ ਐੱਸਐੱਮ ਬਾਲਾਜੀ ਨੇ ਅਜਿਹੇ ਹੀ ਆਪਰੇਸ਼ਨ ਕੀਤਾ ਸੀ। ਇਸ ਕੇਸ ਵਿੱਚ ਵੀ ਦੰਦ ਬਹੁਤ ਮਹੱਤਵਪੂਰਨ ਸਰੀਰਕ ਬਣਤਰ ਦੇ ਨਜ਼ਦੀਕ ਸੀ, ਜਿਵੇਂ ਸਾਡੇ ਮਰੀਜ਼ ਦੇ ਕੇਸ ਵਿੱਚ ਸੀ।"
ਕੀ ਦੁਬਾਰਾ ਐਕਟੋਪਿਕ ਟੂਥ ਬਣ ਸਕਦਾ ਹੈ?
ਪ੍ਰਿਯਾਂਕਰ ਸਿੰਘ ਕਹਿੰਦੇ ਹਨ, "ਦੁਬਾਰਾ ਅਜਿਹਾ ਦੰਦ ਬਣਨ ਦੀ ਸੰਭਾਵਨਾ ਨਹੀਂ ਹੈ। ਪਰ ਅਸੀਂ ਮਰੀਜ਼ ਦਾ ਫੋਲੋਅੱਪ ਲਗਾਤਾਰ ਕਰਦੇ ਹਾਂ। ਮਰੀਜ਼ ਦਾ ਸਿਸਟ ਅਸੀਂ ਬਹੁਤ ਸਾਵਧਾਨੀ ਨਾਲ ਹਟਾਇਆ ਹੈ। ਪਰ ਅਸੀਂ ਇਹ ਵੀ ਮੰਨ ਕੇ ਚੱਲਦੇ ਹਾਂ ਕਿ ਕੁਝ ਅੰਸ਼ ਬਚ ਵੀ ਸਕਦੇ ਹਨ।"
"ਅਜਿਹੇ ਵਿੱਚ ਅਸੀਂ ਉਸ ਏਰੀਏ ਯਾਨੀ ਮੈਕਸਿਲਰੀ ਸਾਈਨਸ ਨੂੰ ਕੋਟਰਾਈਜ਼ ਕਰ ਦਿੱਤਾ ਹੈ ਯਾਨੀ ਸਿਸਟ ਦੇ ਕਿਸੇ ਵੀ ਬਚੇ ਹੋਏ ਹਿੱਸੇ ਨੂੰ ਸਾੜ ਦਿੱਤਾ ਗਿਆ ਤਾਂ ਕਿ ਭਵਿੱਖ ਵਿੱਚ ਲਾਗ ਨਾ ਹੋਵੇ।"
ਬੀਬੀਸੀ ਦੀ ਟੀਮ ਜਦੋਂ ਰਮੇਸ਼ ਨੂੰ ਮਿਲੀ ਤਾਂ ਟਾਂਕਿਆਂ ਦੌਰਾਨ ਉਨ੍ਹਾਂ ਨੂੰ ਬੋਲਣ ਅਤੇ ਹੱਸਣ ਵਿੱਚ ਥੋੜੀ ਮੁਸ਼ਕਲ ਹੋ ਰਹੀ ਸੀ ਪਰ ਉਹ ਆਪਣੇ ਇਲਾਜ ਤੋਂ ਖੁਸ਼ ਅਤੇ ਸੰਤੁਸ਼ਟ ਸਨ।
ਰਮੇਸ਼ ਦੱਸਦੇ ਹਨ, "ਪਤਨੀ ਬਹੁਤ ਪ੍ਰੇਸ਼ਾਨ ਸੀ ਅਤੇ ਰੋਂਦੀ ਰਹਿੰਦੀ ਸੀ। ਆਸਪਾਸ ਦੇ ਪਿੰਡ ਵਾਲਿਆਂ ਨੂੰ ਵੀ ਜਦੋਂ ਪਤਾ ਚੱਲਿਆ ਤਾਂ ਸਾਰੇ ਲੋਕ ਮੇਰਾ ਹਾਲ ਜਾਣਨਾ ਚਾਹੁੰਦੇ ਹਨ ਪਰ ਮੇਰੇ ਲਈ ਹਾਲੇ ਬਹੁਤ ਬੋਲਣਾ ਚੰਗਾ ਨਹੀਂ ਹੈ। ਮੈਂ ਆਪਣੀ ਜ਼ਿੰਦਗੀ ਫਿਰ ਤੋਂ ਆਪਣੇ ਲੋਕਾਂ ਵਿੱਚ ਸ਼ੁਰੂ ਕਰਨ ਅਤੇ ਆਪਣੀ ਪਤਨੀ-ਬੱਚਿਆਂ ਨੂੰ ਮਿਲਣ ਦੇ ਲਈ ਉਤਸੁਕ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ