ਪੰਜਾਬ ਹੜ੍ਹ: ਹੜ੍ਹਾਂ ਦੌਰਾਨ ਕਿਹੜੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ, ਸਰਕਾਰ ਕੀ ਕਰ ਰਹੀ ਅਤੇ ਕਿਵੇਂ ਕੀਤਾ ਜਾਵੇ ਆਪਣਾ ਬਚਾਅ

    • ਲੇਖਕ, ਅਨੁਰੀਤ ਭਾਰਦਵਾਜ
    • ਰੋਲ, ਬੀਬੀਸੀ ਸਹਿਯੋਗੀ

ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਹਰਿਆਣਾ ਦੇ ਕੁਝ ਇਲਾਕੇ ਇਸ ਵੇਲੇ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਹੁਣ ਤੱਕ ਸੂਬੇ ਵਿੱਚ 29 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਪਠਾਨਕੋਟ ਦੇ 3 ਲੋਕ ਲਾਪਤਾ ਵੀ ਹਨ। ਪੰਜਾਬ ਦੇ 12 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ ਅਤੇ ਇਨ੍ਹਾਂ ਜ਼ਿਲਿਆਂ ਚੋਂ 1044 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹਨ।

ਅੰਕੜਿਆਂ ਮੁਤਾਬਕ ਗੁਰਦਾਸਪੁਰ ਦੇ ਸਭ ਤੋਂ ਵੱਧ 321 ਪਿੰਡ ਹੜ੍ਹਾਂ ਦਾ ਮਾਰ ਹੇਠ ਆਏ ਹਨ। ਸਰਕਾਰੀ ਅੰਕੜਿਆਂ ਮੁਤਾਬਕ 2 ਲੱਖ 56 ਹਜ਼ਾਰ 107 ਲੋਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ।

ਸਰਕਾਰ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ 15688 ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਿਆ। ਸਰਕਾਰ ਨੇ ਕਿਸੇ ਵੀ ਮੁਸੀਬਤ ਸਮੇਂ ਮਦਦ ਲਈ 12 ਜ਼ਿਲ੍ਹਿਆਂ ਵਿੱਚ 129 ਰਾਹਤ ਕੈਂਪ ਵੀ ਸਥਾਪਿਤ ਕੀਤੇ ਹੋਏ ਹਨ।

ਪੰਜਾਬ ਵਿੱਚ ਹੜ੍ਹਾਂ ਨਾਲ ਫਸਲਾਂ ਨੂੰ ਵੀ ਕਾਫੀ ਨੁਕਸਾਨ ਪੁੱਜਿਆ ਹੈ। ਸਰਕਾਰ ਦੇ ਅੰਕੜੇ ਮੁਤਾਬਕ ਹੁਣ ਤੱਕ ਕਰੀਬ 94,061 ਹੈਕਟੇਅਰ ਫ਼ਸਲਾਂ ਦੇ ਖੇਤਰ ਨੂੰ ਨੁਕਸਾਨ ਪੁੱਜਿਆ ਹੈ।

ਪੰਜਾਬ ਵਿੱਚ 20 ਐਨ ਡੀ ਐਰ ਐਫ ਦੀਆਂ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਇਸ ਤੋਂ ਬਿਨ੍ਹਾਂ ਏਅਰ ਫੋਰਸ, ਨੇਵੀ ਅਤੇ ਆਰਮੀ ਦੇ ਕਈ ਜਵਾਨ ਵੀ ਬਚਾਅ ਕਾਰਜ ਵਿੱਚ ਜੁਟੇ ਹੋਏ ਹਨ।

ਪੰਜਾਬ ਦੇ 8 ਸੂਬਿਆਂ 'ਚ ਤਾਂ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ। ਲੋਕਾਂ ਦੇ ਖੇਤ ਡੁੱਬ ਗਏ ਹਨ, ਘਰ ਦਰਕ ਗਏ ਹਨ, ਪਸ਼ੂਆਂ ਨੂੰ ਨੁਕਸਾਨ ਹੋ ਰਿਹਾ ਹੈ ਅਤੇ ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਹੈ।

ਹਾਲਾਤ ਇਹ ਹਨ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਕੋਲੋਂ 60 ਹਜ਼ਾਰ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੀ ਮੰਗ ਕੀਤੀ ਹੈ।

ਲੋਕਾਂ ਨੂੰ ਹੜ੍ਹਾਂ ਕਾਰਨ ਦਰਪੇਸ਼ ਆ ਰਹੀਆਂ ਅਣ-ਗਿਣਤ ਮੁਸ਼ਕਲਾਂ ਵਿਚਕਾਰ ਇੱਕ ਵੱਡੀ ਚਿੰਤਾ ਬਿਮਾਰੀਆਂ ਅਤੇ ਸਿਹਤ ਨੂੰ ਲੈ ਕੇ ਵੀ ਬਣੀ ਹੋਈ ਹੈ।

ਬਰਸਾਤ ਦੇ ਮੌਸਮ 'ਚ ਬਿਮਾਰੀਆਂ ਦਾ ਖ਼ਤਰਾ ਤਾਂ ਹਮੇਸ਼ਾ ਹੀ ਰਹਿੰਦਾ ਹੈ ਪਰ ਹੜ੍ਹਾਂ ਦੀ ਸਥਿਤੀ ਵਿੱਚ ਇਹ ਖਤਰਾ ਹੋਰ ਵਧ ਜਾਂਦਾ ਹੈ।

ਹੜ੍ਹਾਂ ਦੌਰਾਨ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਜੋਖਮ ਹੁੰਦਾ ਹੈ, ਸਰਕਾਰ ਸਿਹਤ ਸਹੂਲਤਾਂ ਲਈ ਕੀ ਕਦਮ ਚੁੱਕ ਰਹੀ ਹੈ ਅਤੇ ਤੁਸੀਂ ਇਸ ਦੌਰਾਨ ਖੁਦ ਆਪਣਾ ਬਚਾਅ ਕਿਵੇਂ ਕਰ ਸਕਦੇ ਹੋ?

ਸਰਕਾਰ ਕੀ ਕਰ ਰਹੀ?

ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, ਇਸ ਵੇਲੇ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਲਈ ਐਂਬੂਲੈਂਸਾਂ ਅਤੇ ਮੈਡੀਕਲ ਟੀਮਾਂ ਤਾਇਨਾਤ ਹਨ, ਜੋ ਲੋੜ ਪੈਣ 'ਤੇ ਲੋਕਾਂ ਨੂੰ ਜ਼ਰੂਰੀ ਦਵਾਈਆਂ ਅਤੇ ਉਪਚਾਰ ਮੁਹਈਆ ਕਰਵਾ ਰਹੇ ਹਨ।

ਨਾਲ ਹੀ ਜ਼ਰੂਰਤ ਪੈਣ 'ਤੇ ਲੋਕਾਂ ਨੂੰ ਹਸਪਤਾਲਾਂ ਵਿੱਚ ਵੀ ਦਾਖਲ ਕਰਵਾਇਆ ਜਾ ਰਿਹਾ ਹੈ।

ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਕੁਝ ਹਿਦਾਇਤਾਂ ਵੀ ਜਾਰੀ ਕੀਤੀਆਂ ਹਨ ਤਾਂ ਜੋ ਲੋਕ ਆਪਣੇ ਪੱਧਰ 'ਤੇ ਵੀ ਆਪਣੀ ਸਿਹਤ ਸਬੰਧੀ ਬਚਾਅ ਅਤੇ ਉਪਾਅ ਕਰ ਸਕਣ।

ਇਨ੍ਹਾਂ ਵਿੱਚ ਲੋਕਾਂ ਨੂੰ ਸਾਫ-ਸਫਾਈ ਦਾ ਧਿਆਨ ਰੱਖਣ, ਸਾਫ ਪਾਣੀ ਪੀਣ, ਮੱਛਰਾਂ ਅਤੇ ਸੱਪ ਆਦਿ ਜਾਨਵਰਾਂ ਤੋਂ ਬਚਾਅ ਵਰਗੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ।

ਹੜ੍ਹਾਂ ਦੌਰਾਨ ਕਿਹੜੀਆਂ ਬਿਮਾਰੀਆਂ ਦਾ ਖਤਰਾ?

ਹੜ੍ਹਾਂ ਦੌਰਾਨ ਸੰਭਾਵਤ ਤੌਰ 'ਤੇ ਛੂਤ ਦੀਆਂ ਬਿਮਾਰੀਆਂ ਦੇ ਫੈਲਣ ਦੀ ਸੰਭਾਵਨਾ ਵਧ ਜਾਂਦੀ ਹੈ। ਹੜ੍ਹ ਦੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਅਤੇ ਕਈ ਹੋਰ ਦੂਸ਼ਿਤ ਤੱਤਾਂ ਨਾਲ ਰਲ਼ ਜਾਣ ਕਾਰਨ ਬਿਮਾਰੀਆਂ ਵਿੱਚ ਵਾਧਾ ਹੁੰਦਾ ਹੈ।

ਹੜ੍ਹਾਂ ਦੇ ਦੌਰਾਨ ਅਤੇ ਬਾਅਦ ਵਿੱਚ ਹੋਣ ਵਾਲੀਆਂ ਕੁਝ ਆਮ ਬਿਮਾਰੀਆਂ ਹਨ - ਟਾਈਫਾਈਡ, ਹੈਜ਼ਾ, ਹੈਪੇਟਾਈਟਸ ਏ, ਕੰਨਜਕਟਿਵਾਇਟਿਸ, ਲੈਪਟੋਸਪਾਇਰੋਸਿਸ, ਡੇਂਗੂ, ਪੀਲੀਆ ਆਦਿ।

ਜੇਕਰ ਸਹੀ ਸਾਵਧਾਨੀਆਂ ਨਾ ਵਰਤੀਆਂ ਜਾਣ ਤਾਂ ਇਹ ਬਿਮਾਰੀਆਂ ਘਾਤਕ ਸਾਬਤ ਹੋ ਸਕਦੀਆਂ ਹਨ।

ਭਾਰਤ ਸਰਕਾਰ ਦੇ ਮਾਈ ਗਵਰਨਮੈਂਟ ਬਲੌਗ 'ਤੇ ਪ੍ਰਕਾਸ਼ਿਤ ਇੱਕ ਲੇਖ ਮੁਤਾਬਕ, ਆਮ ਤੌਰ 'ਤੇ ਹੜ੍ਹ ਦਾ ਪਾਣੀ ਦੋ ਤਰ੍ਹਾਂ ਦੀਆਂ ਬਿਮਾਰੀਆਂ ਦੇ ਜੋਖਮ ਅਤੇ ਸੰਚਾਰ ਨੂੰ ਵਧਾਉਂਦਾ ਹੈ:

  • ਵੈਕਟਰ-ਜਨਿਤ ਬਿਮਾਰੀਆਂ
  • ਪਾਣੀ-ਜਨਿਤ ਬਿਮਾਰੀਆਂ

ਵੈਕਟਰ-ਜਨਿਤ ਬਿਮਾਰੀਆਂ

ਇਹ ਉਹ ਬਿਮਾਰੀਆਂ ਹਨ ਜੋ ਕਈ ਪਰਜੀਵੀਆਂ ਅਤੇ ਰੋਗਾਣੂਆਂ ਜਿਵੇਂ ਕਿ ਮੱਛਰਾਂ ਆਦਿ ਦੁਆਰਾ ਫੈਲਦੀਆਂ ਹਨ। ਮਿਸਾਲ ਵਜੋਂ - ਡੇਂਗੂ, ਮਲੇਰੀਆ, ਚਿਕਨਗੁਨੀਆ, ਆਦਿ।

  • ਡੇਂਗੂ: ਨੈਸ਼ਨਲ ਇੰਟੀਚਿਊਟ ਆਫ ਹੈਲਥ (ਅਮਰੀਕਾ) ਦੇ ਅਨੁਸਾਰ, ਇਹ ਬੁਖ਼ਾਰ ਡੇਂਗੂ ਵਾਇਰਸ ਕਾਰਨ ਹੁੰਦਾ ਹੈ, ਜੋ ਮੱਛਰਾਂ ਰਹਿਣ ਫੈਲਦਾ ਹੈ। ਗੰਭੀਰ ਸਿਰ ਦਰਦ, ਜੋੜਾਂ ਵਿੱਚ ਦਰਦ, ਸਰੀਰ 'ਤੇ ਧੱਫੜ ਆਦਿ ਇਸਦੇ ਮੁੱਖ ਲੱਛਣ ਹਨ। ਇਸ ਦੌਰਾਨ ਡਾਕਟਰ ਨੂੰ ਦਿਖਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
  • ਮਲੇਰੀਆ: ਮਲੇਰੀਆ ਦੌਰਾਨ ਬੁਖ਼ਾਰ, ਠੰਢ ਲੱਗਣਾ, ਪਸੀਨਾ ਆਉਣਾ, ਅਨੀਮੀਆ (ਖੂਨ ਦੀ ਕਮੀ) ਵਰਗੀਆਂ ਦਿੱਕਤਾਂ ਪੇਸ਼ ਆਉਂਦੀਆਂ ਹਨ।
  • ਚਿਕਨਗੁਨੀਆ:ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ, ਇਹ ਚਿਕਨਗੁਨੀਆ ਵਾਇਰਸ ਕਾਰਨ ਹੁੰਦਾ ਹੈ ਜੋ ਕਿ ਸੰਕਰਮਿਤ ਮੱਛਰਾਂ ਦੁਆਰਾ ਮਨੁੱਖਾਂ ਵਿੱਚ ਫੈਲਦਾ ਹੈ। ਇਸ ਵਿੱਚ ਬੁਖਾਰ, ਗੰਭੀਰ ਜੋੜਾਂ ਦਾ ਦਰਦ, ਜੋੜਾਂ ਦੀ ਸੋਜ, ਮਾਸਪੇਸ਼ੀਆਂ ਵਿੱਚ ਦਰਦ, ਸਿਰ ਦਰਦ, ਮਤਲੀ, ਥਕਾਵਟ ਅਤੇ ਧੱਫੜ ਹੋ ਸਕਦੇ ਹਨ।

ਪਾਣੀ-ਜਨਿਤ ਬਿਮਾਰੀਆਂ

ਉਹ ਬਿਮਾਰੀਆਂ ਜੋ ਦੂਸ਼ਿਤ ਪਾਣੀ ਕਾਰਨ ਹੁੰਦੀਆਂ ਹਨ, ਜਿਵੇਂ ਕਿ - ਹੈਜ਼ਾ, ਟਾਈਫਾਈਡ, ਪੀਲੀਆ, ਲੈਪਟੋਸਪਾਇਰੋਸਿਸ ਆਦਿ।

  • ਟਾਈਫਾਈਡ:ਮੇਦਾਂਤਾ ਹਸਪਤਾਲ ਦੀ ਵੈਬਸਾਈਟ 'ਤੇ ਜਾਣਕਾਰੀ ਮੁਤਾਬਕ, ਦੂਸ਼ਿਤ ਪਾਣੀ ਅਤੇ ਭੋਜਨ ਕਾਰਨ ਟਾਈਫਾਈਡ ਬੁਖਾਰ ਹੋ ਸਕਦਾ ਹੈ। ਤੇਜ਼ ਬੁਖਾਰ, ਪੇਟ ਦਰਦ, ਕਮਜ਼ੋਰੀ ਅਤੇ ਸਿਰ ਦਰਦ ਇਸਦੇ ਮੁੱਖ ਲੱਛਣ ਹਨ ਅਤੇ ਇਸਦੇ ਇਲਾਜ ਲਈ ਟਾਈਫਾਈਡ ਦਾ ਟੀਕਾ ਲਗਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
  • ਹੈਜ਼ਾ: ਇਹ ਵੀ ਦੂਸ਼ਿਤ ਪਾਣੀ ਨਾਲ ਹੁੰਦਾ ਹੈ। ਹੈਜ਼ਾ ਕਾਰਨ ਵਿਅਕਤੀ ਨੂੰ ਉਲਟੀਆਂ, ਡੀਹਾਈਡਰੇਸ਼ਨ (ਪਾਣੀ ਦੀ ਕਮੀ), ਜਾਂ ਗੰਭੀਰ ਦਸਤ ਲੱਗ ਸਕਦੇ ਹਨ।
  • ਦਸਤ: ਦੂਸ਼ਿਤ ਪਾਣੀ ਦੇ ਸਰੋਤ ਦਸਤ ਰੋਗਾਂ ਦਾ ਪ੍ਰਮੁੱਖ ਕਾਰਨ ਹਨ।
  • ਹੈਪੇਟਾਈਟਸ ਏ: ਇਹ ਇੱਕ ਵਾਇਰਲ ਇਨਫੈਕਸ਼ਨ ਹੈ ਜੋ ਤੁਹਾਡੇ ਲਿਵਰ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਮੀਹਾਂ ਦੌਰਾਨ ਗੰਦੇ ਪਾਣੀ ਜਾਂ ਭੋਜਨ ਰਾਹੀਂ ਫੈਲ ਸਕਦਾ ਹੈ। ਥਕਾਵਟ, ਪੀਲੀਆ ਅਤੇ ਪੇਟ ਦਰਦ ਇਸਦੇ ਆਮ ਲੱਛਣ ਹਨ।
  • ਲੈਪਟੋਸਪਾਇਰੋਸਿਸ: ਨੈਸ਼ਨਲ ਇੰਟੀਚਿਊਟ ਆਫ ਹੈਲਥ (ਅਮਰੀਕਾ) ਦੇ ਅਨੁਸਾਰ, ਪਾਣੀ ਨਾਲ ਫੈਲਣ ਵਾਲੀ ਇਸ ਬਿਮਾਰੀ ਦੌਰਾਨ ਬੁਖਾਰ, ਸਰੀਰ ਦਰਦ, ਜੌਂਡਿਸ ਅਤੇ ਕਿਡਨੀ ਫੇਲ ਹੋਣ ਵਰਗੀਆਂ ਦਿੱਕਤਾਂ ਆ ਸਕਦੀਆਂ ਹਨ।

ਚਮੜੀ ਸਬੰਧੀ ਦਿੱਕਤਾਂ

ਇਨ੍ਹਾਂ ਬਿਮਾਰੀਆਂ ਤੋਂ ਇਲਾਵਾ ਹੜ੍ਹਾਂ ਦੁਆਰਾਂ ਸਾਹ ਅਤੇ ਚਮੜੀ ਸਬੰਧੀ ਬਿਮਾਰੀਆਂ ਦਾ ਖਤਰਾ ਵੀ ਬਹੁਤ ਜ਼ਿਆਦਾ ਰਹਿੰਦਾ ਹੈ।

ਨੈਸ਼ਨਲ ਇੰਟੀਚਿਊਟ ਆਫ ਹੈਲਥ (ਅਮਰੀਕਾ) ਅਨੁਸਾਰ, ਇਸ ਦੌਰਾਨ ਫੰਗਲ ਇੰਫੈਸ਼ਨ ਵਰਗੀਆਂ ਚਮੜੀ ਦੀਆਂ ਦਿੱਕਤਾਂ ਹੋ ਸਕਦੀਆਂ ਹਨ। ਜਿਸ ਕਾਰਨ ਸਰੀਰ 'ਤੇ ਧੱਫੜ ਪੈਣਾ, ਖੁਰਕ ਹੋਣਾ, ਚਮੜੀ ਲਾਲ ਹੋਣਾ ਜਾਂ ਬੁਖਾਰ ਵਰਗੀਆਂ ਦਿੱਕਤਾਂ ਹੋ ਸਕਦੀਆਂ ਹਨ।

ਅਜਿਹੇ ਵਿੱਚ ਹੜ੍ਹਾਂ ਦੇ ਪਾਣੀ ਦੇ ਸੰਪਰਕ 'ਚ ਆਉਣ ਤੋਂ ਬਚਣਾ ਚਾਹੀਦਾ ਹੈ ਅਤੇ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਨਾਲ ਹੀ ਡਾਕਟਰ ਨਾਲ ਸੰਪਰਕ ਕਰਕੇ ਉਪਚਾਰ ਕਵਾਉਣਾ ਚਾਹੀਦਾ ਹੈ।

ਫਲੂ (ਇਨਫਲੂਏਂਜ਼ਾ)

ਇਸ ਸਮੇਂ ਜ਼ਿਆਦਾਤਰ ਫਲੂ ਹੁੰਦਾ ਹੈ, ਜਿਸ ਨੂੰ ਇਨਫਲੂਐਨਜ਼ਾ ਵੀ ਕਿਹਾ ਜਾਂਦਾ ਹੈ।

ਸਾਲ 2019 ਵਿੱਚ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਐਂਡੋਕਰੀਨੋਲੋਜੀ ਅਤੇ ਇੰਟਰਨਲ ਦਵਾਈ ਦੇ ਡਾਕਟਰ ਵਿਨੀਤ ਅਰੋੜਾ ਬੀਬੀਸੀ ਨੂੰ ਦੱਸਿਆ ਸੀ ਕਿ ਇਸ ਦੌਰਾਨ ਸਵਾਈਨ ਫਲੂ ਵੀ ਫੈਲ਼ਣ ਦਾ ਡਰ ਰਹਿੰਦਾ ਹੈ। ਇਹ ਫਲੂ ਦੀ ਇੱਕ ਕਿਸਮ ਹੈ ਪਰ ਇਹ ਜ਼ਿਆਦਾ ਘਾਤਕ ਹੈ।

ਇਸ ਨਾਲ ਜ਼ੁਕਾਮ, ਖੰਘ, ਤੇਜ਼ ਬੁਖਾਰ ਅਤੇ ਜੋੜਾਂ ਦਾ ਦਰਦ ਹੁੰਦਾ ਹੈ। ਇਸ ਵਿੱਚ ਸਾਹ ਲੈਣ ਵਾਲੀਆਂ ਮਸ਼ੀਨਾਂ ਦੀ ਵੀ ਲੋੜ ਵੀ ਪੈ ਸਕਦੀ ਹੈ।

ਜ਼ਿਆਦਾਤਰ ਲੋਕ ਜ਼ੁਕਾਮ ਅਤੇ ਗਲੇ ਦੀਆਂ ਸਮੱਸਿਆਵਾਂ ਨਾਲ ਆਉਂਦੇ ਹਨ, ਜੋ ਕਿ ਆਮ ਫਲੂ ਦੇ ਵੀ ਲੱਛਣ ਹਨ।

ਆਮ ਫਲੂ ਪੰਜ ਤੋਂ ਸੱਤ ਦਿਨਾਂ ਤੱਕ ਰਹਿੰਦਾ ਹੈ। ਦਵਾਈ ਲੈਣ ਤੋਂ ਬਾਅਦ ਵੀ ਠੀਕ ਹੋਣ ਵਿੱਚ ਇੰਨਾ ਸਮਾਂ ਲੱਗ ਜਾਂਦਾ ਹੈ। ਜ਼ੁਕਾਮ ਅਤੇ ਖਾਂਸੀ ਨੂੰ ਠੀਕ ਕਰਨ ਵਿੱਚ ਵੀ 10 ਤੋਂ 15 ਦਿਨ ਲੱਗ ਜਾਂਦੇ ਹਨ।

ਸਵਾਈਨ ਫਲੂ ਦਾ ਬੁਖਾਰ ਵੀ ਕਈ ਦਿਨਾਂ ਤੱਕ ਰਹਿੰਦਾ ਹੈ ਪਰ ਇਸ ਦੇ ਨਿਮੋਨੀਆ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।

ਅਜਿਹੇ ਸਮੇਂ, ਫਲੂ ਤੋਂ ਬਚਾਅ ਲਈ ਵੈਕਸੀਨ ਲਗਵਾਉਣ, ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚਣ, ਮਾਸਕ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ।

ਹੜ੍ਹਾਂ ਦੌਰਾਨ ਬਿਮਾਰੀਆਂ ਦੀ ਰੋਕਥਾਮ ਲਈ ਅਪਣਾਏ ਜਾ ਸਕਣ ਵਾਲੇ ਕੁਝ ਉਪਾਅ:

ਕੀ ਕਰਨਾ ਚਾਹੀਦਾ ਹੈ?

  • ਖਾਣਾ ਖਾਂਦੇ ਸਮੇਂ ਪੂਰੀ ਸਫਾਈ ਦਾ ਧਿਆਨ ਰੱਖੋ
  • ਸਿਰਫ਼ ਉਬਲਿਆ ਜਾਂ ਕਲੋਰਿਨ ਵਾਲਾ ਪਾਣੀ ਪੀਓ
  • ਥੋੜ੍ਹੇ-ਥੋੜ੍ਹੇ ਸਮੇਂ 'ਚ ਕੋਸਾ ਪਾਣੀ ਪੀਂਦੇ ਰਹੋ
  • ਨਿਯਮਿਤ ਤੌਰ 'ਤੇ ਓਆਰਐਸ ਪੀਓ
  • ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ
  • ਖਾਣ-ਪੀਣ ਦੀਆਂ ਚੀਜ਼ਾਂ ਨੂੰ ਢੱਕ ਕੇ ਰੱਖੋ
  • ਸੌਂਦੇ ਸਮੇਂ ਮੱਛਰਦਾਨੀ ਦੀ ਵਰਤੋਂ ਕਰੋ
  • ਪੂਰੀਆਂ ਬਾਹਾਂ ਵਾਲੇ ਅਤੇ ਸੁੱਕੇ ਕੱਪੜੇ ਪਹਿਨੋ
  • ਮੱਛਰ ਰੋਧੀ ਕ੍ਰੀਮ ਲਗਾਓ
  • ਮੱਛਰਾਂ ਤੋਂ ਬਚਾਅ ਲਈ ਫੌਗਿੰਗ ਜਾਂ ਸਪਰੇਅ ਕਰੋ
  • ਕਈ ਵਾਰ ਅਜਿਹੀ ਸਥਿਤੀ ਵਿੱਚ ਸੱਟ ਲੱਗ ਸਕਦੀ ਹੈ ਜਾਂ ਸੱਪ ਆਦਿ ਜਾਨਵਰ ਵੱਲੋਂ ਡੰਗ ਮਾਰਨ ਦੇ ਮਾਮਲੇ ਹੋ ਸਕਦੇ ਹਨ। ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਡਾਕਟਰੀ ਸਹਾਇਤਾ ਲਓ

ਕੀ ਨਹੀਂ ਕਰਨਾ ਚਾਹੀਦਾ?

  • ਆਪਣੇ-ਨੇੜੇ ਤੇੜੇ ਪਾਣੀ ਨੂੰ ਖੜ੍ਹਾ ਨਾ ਹੋਣ ਦਿਓ
  • ਜਿੰਨਾ ਹੋ ਸਕੇ ਹੜ੍ਹ ਦੇ ਪਾਣੀ ਨਾਲ ਸੰਪਰਕ 'ਚ ਆਉਣ ਤੋਂ ਬਚੋ, ਕਿਉਂਕਿ ਗੰਦਗੀ ਇਸ ਪਾਣੀ ਰਾਹੀਂ ਸਰੀਰ ਵਿੱਚ ਦਾਖਲ ਹੋ ਸਕਦੀ ਹੈ
  • ਲਾਗ ਵਾਲੇ ਲੋਕਾਂ ਤੋਂ ਦੂਰ ਰਹੋ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਛੂਤਕਾਰੀ ਹੁੰਦੀਆਂ ਹਨ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)