You’re viewing a text-only version of this website that uses less data. View the main version of the website including all images and videos.
ਨੀਲੇ ਆਂਡੇ ਦਾ ਕੀ ਰਾਜ਼ ਹੈ, ਜਾਂਚ ਕਰਨ ਲਈ ਪਹੁੰਚੀ ਡਾਕਟਰਾਂ ਦੀ ਟੀਮ ਕੀ ਕਹਿ ਰਹੀ ਹੈ?
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੰਗਲੁਰੂ ਤੋਂ, ਬੀਬੀਸੀ ਲਈ
ਜਿਵੇਂ ਇੱਕ ਘਰ ਵਿੱਚ ਪਰਿਵਾਰ ਦੇ ਮੈਂਬਰ ਬੱਚੇ ਦੇ ਜਨਮ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ, ਉਸੇ ਤਰ੍ਹਾਂ ਕਰਨਾਟਕ ਦੇ ਇੱਕ ਪਿੰਡ ਵਿੱਚ ਪਸ਼ੂਆਂ ਦੇ ਡਾਕਟਰਾਂ ਦੀ ਇੱਕ ਟੀਮ ਮੁਰਗੀ ਦੇ ਆਂਡੇ ਦੇਣ ਦੀ ਉਡੀਕ ਕਰ ਰਹੀ ਹੈ।
ਇਹ ਸੁਣ ਕੇ ਅਜੀਬ ਲੱਗਦਾ ਹੈ ਕਿ ਪਸ਼ੂਆਂ ਦੇ ਡਾਕਟਰ ਮੁਰਗੀ ਦੇ ਆਂਡੇ ਦੇਣ ਦੀ ਉਡੀਕ ਕਰ ਰਹੇ ਹਨ। ਪਰ ਇਹ ਮੁਰਗੀ ਵੀ ਅਸਾਧਾਰਨ ਹੈ।
ਇਸ ਮੁਰਗੀ ਨੇ ਆਪਣੇ ਮਾਲਕ ਨੂੰ ਹੈਰਾਨ ਕਰ ਦਿੱਤਾ ਜਦੋਂ ਇਸ ਨੇ ਕਥਿਤ ਤੌਰ 'ਤੇ 'ਨੀਲਾ ਆਂਡਾ' ਦਿੱਤਾ। ਹਾਂ, ਇੱਕ ਨੀਲੇ ਰੰਗ ਦਾ ਆਂਡਾ।
ਕੰਸਟ੍ਰਕਸ਼ਨ ਇੰਡਸਟ੍ਰੀ ਵਿੱਚ ਕੰਮ ਕਰਨ ਵਾਲੇ ਸਈਦ ਨੂਰ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਇਸ ਨੂੰ ਦੋ ਸਾਲ ਪਹਿਲਾਂ ਇੱਕ ਛੋਟੇ ਜਿਹੇ ਚੂਜ਼ੇ ਦੇ ਰੂਪ ਵਿੱਚ ਖਰੀਦਿਆ ਸੀ। ਸ਼ਨੀਵਾਰ ਨੂੰ ਇਸ ਨੇ ਇੱਕ ਚਿੱਟਾ ਆਂਡਾ ਦਿੱਤਾ ਜਿਵੇਂ ਕਿ ਇਹ ਪਿਛਲੇ ਦੋ ਸਾਲਾਂ ਤੋਂ ਹਰ ਰੋਜ਼ ਦੇ ਰਿਹਾ ਹੈ। ਸੋਮਵਾਰ ਨੂੰ ਇਸਨੇ ਇੱਕ ਨੀਲਾ ਆਂਡਾ ਦਿੱਤਾ।"
ਕੀ ਕਿਸੇ ਵੀ ਨਸਲ ਦੇ ਪੰਛੀ ਨੀਲੇ ਆਂਡੇ ਦਿੰਦੇ ਹਨ?
ਆਮ ਮੁਰਗੀਆਂ ਜੋ ਕਿ ਅਸੀਲ ਨਸਲ (ਏਸ਼ੀਅਨ ਨਸਲ) ਦੀਆਂ ਹੁੰਦੀਆਂ ਹਨ, ਲਗਾਤਾਰ 10 ਦਿਨ ਆਂਡੇ ਦਿੰਦੀਆਂ ਹਨ। ਇਸ ਤੋਂ ਬਾਅਦ ਉਹ ਲਗਭਗ ਪੰਦਰਾਂ ਦਿਨਾਂ ਤੱਕ ਆਂਡੇ ਨਹੀਂ ਦਿੰਦੀਆਂ।
ਪਰ ਨੂਰ ਦਾਅਵਾ ਕਰਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਦੀ ਮੁਰਗੀ ਨੇ "ਪਿਛਲੇ ਦੋ ਸਾਲਾਂ ਤੋਂ ਹਰ ਰੋਜ਼ ਇੱਕ ਆਂਡਾ ਦਿੱਤਾ ਹੈ।"
ਇਸ ਅਸਾਧਾਰਨ ਰੰਗ ਦੇ ਆਂਡੇ ਦੀ ਖ਼ਬਰ ਇਲਾਕੇ ਵਿੱਚ ਫੈਲਣੀ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਲੋਕ ਇਸ ਨੂੰ ਦੇਖਣ ਲਈ ਦਾਵਣਗੇਰੇ ਜ਼ਿਲ੍ਹੇ ਦੇ ਚੰਨਾਗਿਰੀ ਤਾਲੁਕ ਦੇ ਨੇਲੋਰ ਪਿੰਡ ਵਿੱਚ ਸਈਦ ਨੂਰ ਦੇ ਘਰ ਪਹੁੰਚਣ ਲੱਗੇ।
ਮੁਹੰਮਦ ਨਦੀਮ ਫਿਰੋਜ਼ ਕਰਨਾਟਕ ਵੈਟਰਨਰੀ, ਐਨੀਮਲ ਐਂਡ ਫਿਸ਼ਰੀਜ਼ ਯੂਨੀਵਰਸਿਟੀ ਵਿੱਚ ਪੋਲਟਰੀ ਸਾਇੰਸ ਦੇ ਸਾਬਕਾ ਪ੍ਰੋਫੈਸਰ ਹਨ।
ਬੀਬੀਸੀ ਹਿੰਦੀ ਨੂੰ ਉਨ੍ਹਾਂ ਦੱਸਿਆ, "ਇਸ 'ਤੇ ਯਕੀਨ ਕਰਨਾ ਮੁਸ਼ਕਲ ਹੈ।"
ਉਨ੍ਹਾਂ ਦੇ ਇਸ 'ਤੇ ਵਿਸ਼ਵਾਸ ਨਾ ਕਰਨ ਦਾ ਮੁੱਖ ਕਾਰਨ ਇਹ ਹੈ ਕਿ ਆਂਡੇ ਦਾ ਰੰਗ ਨਾ ਤਾਂ ਆਮ ਚਿੱਟਾ ਹੈ ਅਤੇ ਨਾ ਹੀ ਭੂਰਾ। ਇਹ ਕਾਲਾ ਵੀ ਨਹੀਂ ਹੈ, ਜੋ ਕਿ ਮੱਧ ਪ੍ਰਦੇਸ਼ ਦੇ ਜੰਗਲਾਂ ਵਿੱਚ ਪਾਈ ਜਾਣ ਵਾਲੀ ਕੜਕਨਾਥ ਨਸਲ ਦੀ ਕਾਲੀ ਮੁਰਗੀ ਦਿੰਦੀ ਹੈ।
ਪ੍ਰੋਫੈਸਰ ਨਦੀਮ ਫਿਰੋਜ਼ ਸਮਝਾਉਂਦੇ ਹਨ ਕਿ ਆਮ ਤੌਰ 'ਤੇ ਮੁਰਗੀਆਂ ਦੀਆਂ ਚਾਰ ਕਿਸਮਾਂ ਹੁੰਦੀਆਂ ਹਨ। ਏਸ਼ੀਆਈ ਨਸਲ (ਜਿਵੇਂ ਭਾਰਤ ਵਿੱਚ ਪ੍ਰਸਿੱਧ ਮੁਰਗੀਆਂ ਦੀ ਅਸੀਲ ਨਸਲ ਵਾਂਗ), ਅੰਗਰੇਜ਼ੀ ਨਸਲ (ਕੋਰਨਿਸ਼ ਕਿਹਾ ਜਾਂਦਾ ਹੈ), ਮੱਧ ਪੂਰਬ ਵਿੱਚ ਪਾਈ ਜਾਣ ਵਾਲੀ ਨਸਲ (ਲੇਅਰਜ਼ ਕਿਹਾ ਜਾਂਦਾ ਹੈ, ਇਹ ਮੁਰਗੀਆਂ ਚਿੱਟੇ ਆਂਡੇ ਦਿੰਦੀਆਂ ਹਨ) ਅਤੇ ਅਮਰੀਕੀ ਨਸਲ।
ਡਾ. ਅਸ਼ੋਕ ਕੁਮਾਰ ਜੀਬੀ, ਦਾਵਣਗੇਰੇ ਜ਼ਿਲ੍ਹੇ ਦੇ ਚੰਨਾਗਿਰੀ ਤਾਲੁਕ ਵਿੱਚ ਪਸ਼ੂ ਪਾਲਣ ਅਤੇ ਪਸ਼ੂ ਵਿਗਿਆਨ ਵਿਭਾਗ ਦੇ ਸਹਾਇਕ ਨਿਰਦੇਸ਼ਕ।
ਉਹ ਕਹਿੰਦੇ ਹਨ, "ਮਾਇਨਾ ਵਰਗੇ ਲਗਭਗ 10 ਤੋਂ 15 ਪੰਛੀ ਨੀਲੇ ਅੰਡੇ ਦਿੰਦੇ ਹਨ।"
ਉਹਨਾਂ ਮੁਤਾਬਕ ਹਨ, "ਪਰ ਇਹ ਨੀਲਾ ਆਂਡਾ ਇੱਕ ਦੁਰਲੱਭ ਮਾਮਲਾ ਹੈ, ਇਹ ਭਾਰਤ ਵਿੱਚ ਅਸਾਧਾਰਨ ਹੈ।"
ਡਾਕਟਰ ਜਾਂਚ ਕਰ ਰਹੇ ਹਨ
ਡਾਕਟਰ ਇਸ ਕੇਮ ਦੀ ਜਾਂਚ ਕਰ ਰਹੇ ਹਨ। ਡਾ. ਅਸ਼ੋਕ ਕਹਿੰਦੇ ਹਨ, "ਇਸ ਨਸਲ ਦੀਆਂ ਮੁਰਗੀਆਂ ਇੱਕ ਸਾਲ ਵਿੱਚ 100 ਤੋਂ 126 ਆਂਡੇ ਦਿੰਦੀਆਂ ਹਨ। ਇਹ ਮੁਰਗੀਆਂ ਲਗਾਤਾਰ 10 ਦਿਨਾਂ ਲਈ ਹਰ ਰੋਜ਼ ਇੱਕ ਆਂਡਾ ਦਿੰਦੀਆਂ ਹਨ ਅਤੇ ਫਿਰ ਅਗਲੇ ਪੰਦਰਾਂ ਦਿਨਾਂ ਲਈ ਆਂਡਾ ਨਹੀਂ ਦਿੰਦੀਆਂ। ਇਸ ਤੋਂ ਬਾਅਦ, ਉਹ ਲਗਾਤਾਰ 15 ਦਿਨਾਂ ਲਈ ਹਰ ਰੋਜ਼ ਇੱਕ ਆਂਡਾ ਦਿੰਦੀਆਂ ਹਨ।"
"ਅਸੀਂ ਇਸ ਮੁਰਗੀ ਦੀ ਨਿਗਰਾਨੀ ਕਰ ਰਹੇ ਹਾਂ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਇੱਕ ਰਿਪੋਰਟ ਭੇਜਾਂਗੇ। ਸਰੀਰ ਵਿੱਚ ਜਿਗਰ ਬਿਲੀਵਰਡਿਨ ਨਾਮ ਦੇ ਇੱਕ ਪਿੱਤ (ਬਾਈਲ ਪਿਗਮੈਂਟ) ਰੰਗ ਕੱਢਦਾ ਹੈ। ਇਹ ਸੰਭਵ ਹੈ ਕਿ ਇਹ ਵੱਡੀ ਮਾਤਰਾ ਵਿੱਚ ਬਾਹਰ ਆਇਆ ਹੋਵੇ ਅਤੇ ਆਂਡੇ ਦੀ ਛਿੱਲੜ 'ਤੇ ਜਮ੍ਹਾਂ ਹੋ ਗਿਆ ਹੋਵੇ।"
"ਇਸ ਦੀ ਪੁਸ਼ਟੀ ਕਰਨ ਲਈ ਸਾਨੂੰ ਵਾਰ-ਵਾਰ ਜਾਂਚ ਕਰਨੀ ਪਵੇਗੀ ਅਤੇ ਇਹ ਜ਼ਰੂਰੀ ਹੈ ਕਿ ਇਹ ਮੁਰਗੀ ਸਾਡੇ ਸਾਹਮਣੇ ਆਂਡਾ ਦੇਵੇ। ਕੇਵਲ ਉਦੋਂ ਹੀ ਅਸੀਂ ਕਿਸੇ ਵੀ ਚੀਜ਼ ਦੀ ਪੁਸ਼ਟੀ ਕਰ ਸਕਦੇ ਹਾਂ ਅਤੇ ਇਸਦੇ ਖੂਨ ਅਤੇ ਛਿੱਲੜ ਨੂੰ ਜਾਂਚ ਲਈ ਭੇਜ ਸਕਦੇ ਹਾਂ। ਸਾਨੂੰ ਇਹ ਪਤਾ ਲਗਾਉਣਾ ਹੋਵੇਗਾ ਕਿ ਆਂਡੇ ਦੀ ਛਿੱਲੜ ਦਾ ਰੰਗ ਕਿਉਂ ਅਤੇ ਕਿਵੇਂ ਨੀਲਾ ਹੋ ਗਿਆ।"
ਡਾ. ਅਸ਼ੋਕ ਨੇ ਕਿਹਾ, "ਅਸੀਂ ਸਬੰਧਤ ਡਾਕਟਰ ਨੂੰ ਇਸ ਮੁਰਗੀ ਨੂੰ ਨਿਗਰਾਨੀ ਹੇਠ ਰੱਖਣ ਲਈ ਕਿਹਾ ਹੈ। ਪਰ ਅਸੀਂ ਉਦੋਂ ਹੀ ਜਾਂਚ ਕਰ ਸਕਾਂਗੇ ਜਦੋਂ ਇਹ ਨੀਲਾ ਆਂਡਾ ਦੇਵੇਗੀ।"
ਜਦੋਂ ਤੱਕ ਇਸ ਸਵਾਲ ਦਾ ਜਵਾਬ ਨਹੀਂ ਮਿਲਦਾ ਕਿ ਆਂਡੇ ਦਾ ਰੰਗ ਨੀਲਾ ਕਿਉਂ ਹੋ ਗਿਆ, ਸਈਦ ਨੂਰ ਨੇ ਉਸ "ਨੀਲੇ ਆਂਡੇ" ਨੂੰ ਫਰਿੱਜ਼ ਵਿੱਚ ਰੱਖਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ