You’re viewing a text-only version of this website that uses less data. View the main version of the website including all images and videos.
ਭਾਂਡਿਆਂ,ਬੋਤਲਾਂ ਅਤੇ ਵਾਟਰ ਪਰੂਫ ਜੈਕੇਟਾਂ 'ਚ ਪਾਏ ਜਾਣ ਵਾਲੇ ਕੈਮੀਕਲ ਕੀ ਹਨ, ਜਿਨ੍ਹਾਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਵੀ ਜੋੜਿਆ ਜਾ ਰਿਹਾ
- ਲੇਖਕ, ਅਮੀਰ ਅਹਿਮਦ
- ਰੋਲ, ਬੀਬੀਸੀ ਵਰਲਡ ਸਰਵਿਸ
ਫ੍ਰਾਇੰਗ ਪੈਨਜ਼, ਖਾਣਾ ਪੈਕ ਕਰਨ ਵਾਲੇ ਬਕਸੇ, ਵਾਟਰਪਰੂਫ ਕੱਪੜੇ ਅਤੇ ਸਮਾਰਟ ਵਾਟਚ ਇਹ ਕੁਝ ਅਜਿਹੀਆਂ ਰੋਜ਼ਾਨਾਂ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਹਨ ਜਿਨ੍ਹਾਂ ਵਿੱਚ ਪੀਐੱਫਏਐੱਸ ਭਾਵ 'ਫੌਰੈਵਰ ਕੈਮਿਕਲਜ਼' ਹੁੰਦੇ ਹਨ।
ਡਾ ਨਿਕੋਲਸ ਚਾਰਟਰਸ ਯੂਨੀਵਰਸਿਟੀ ਆਫ ਸਿਡਨੀ ਵਿੱਚ ਮੈਡੀਸਿਨ ਅਤੇ ਹੈਲਥ ਵਿਭਾਗ ਵਿੱਚ ਸੀਨੀਅਰ ਰਿਸਰਚ ਫੈਲੋ ਹਨ।
ਉਹ ਇਨ੍ਹਾਂ ਰਸਾਇਣਾਂ ਨੂੰ "ਸਾਡੀ ਪੀੜ੍ਹੀ ਦਾ ਸਭ ਤੋਂ ਵੱਡਾ ਮਨੁੱਖੀ ਅਤੇ ਵਾਤਾਵਰਣ ਸੰਕਟ" ਦੱਸਦੇ ਹਨ।
ਇਹ ਰਸਾਇਣਕ ਮਿਸ਼ਰਣ ਹਵਾ, ਮਿੱਟੀ ਅਤੇ ਪਾਣੀ ਨੂੰ ਦੂਸ਼ਿਤ ਕਰ ਸਕਦੇ ਹਨ। ਇਨ੍ਹਾਂ ਨੂੰ ਕੈਂਸਰ ਅਤੇ ਮਨੁੱਖਾਂ ਵਿੱਚ ਜਣਨ ਸਬੰਧੀ ਦਿੱਕਤਾਂ ਨਾਲ ਵੀ ਜੋੜਿਆ ਜਾ ਚੁੱਕਾ ਹੈ।
ਜਿਵੇਂ-ਜਿਵੇਂ ਇਨ੍ਹਾਂ ਦੇ ਸੰਭਾਵਤ ਨੁਕਸਾਨ ਬਾਰੇ ਸਮਝ ਵੱਧ ਰਹੀ ਹੈ, ਦੁਨੀਆਂ ਭਰ ਵਿੱਚ ਪੀਐੱਫਏਐੱਸ ਨੂੰ ਬੈਨ ਕਰਨ ਦੀ ਮੰਗ ਉੱਠ ਰਹੀ ਹੈ।
ਸਰਕਾਰਾਂ ਇਸ ਬਾਰੇ ਕੀ ਕਰ ਰਹੀਆਂ ਹਨ? ਇਨ੍ਹਾਂ ਚੀਜ਼ਾਂ ਤੋਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕਿਵੇਂ ਬਚਿਆ ਜਾ ਸਕਦਾ?
ਇਨ੍ਹਾਂ ਨੂੰ 'ਫੌਰੈਵਰ ਕੈਮੀਕਲਜ਼' ਕਿਉਂ ਕਿਹਾ ਜਾਂਦਾ?
ਪੀਐੱਫਏਐੱਸ ਜਾਂ ਪਰ ਐਂਡ ਪੋਲੀਫਲੁਓਰੋਅਲਕਾਇਲ ਪਦਾਰਥ ਲਗਭਗ 10,000 ਸਿੰਥੈਟਿਕ ਰਸਾਇਣਾਂ ਦਾ ਪਰਿਵਾਰ ਹੈ।
ਇਨ੍ਹਾਂ ਨੂੰ ਅਜਿਹੇ ਉਤਪਾਦ ਬਣਾਉਣ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਉੱਤੇ ਪਾਣੀ, ਗਰਮਾਇਸ਼ ਦਾ ਅਸਰ ਨਹੀਂ ਹੁੰਦਾ, ਨਾਂ ਹੀ ਇਨ੍ਹਾਂ ਉੱਤੇ ਦਾਗ਼ ਪੈਂਦੇ ਹਨ ਤੇ ਨਾ ਹੀ ਖ਼ੋਰ ਲੱਗਦੀ ਹੈ।
ਇਨ੍ਹਾਂ ਨੂੰ 'ਫੌਰੈਵਰ ਕੈਮੀਕਲਜ਼' ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਕੁਦਰਤੀ ਘੁਲਦੇ ਨਹੀਂ ਹਨ।
ਇਨ੍ਹਾਂ ਦੀ ਵਰਤੋਂ ਸਾਲ 1938 ਵਿੱਚ ਟੈਫਲੋਨ ਦੀ ਕਾਢ ਨਾਲ ਸ਼ੁਰੂ ਹੋਈ ਸੀ, ਇਹ ਉਹ ਤੱਤ ਹੋ ਜਿਸ ਨੂੰ ਨੌਨ ਸਟਿੱਕ ਪੈਨਜ਼ ਲਈ ਵਰਤਿਆ ਜਾਂਦਾ ਹੈ।
ਡਾ. ਚਾਰਟਰਜ਼ ਕਹਿੰਦੇ ਹਨ, "ਇਹ ਨਸ਼ਟ ਹੋਣ ਵਿੱਚ ਦਹਾਕੇ ਲੈਂਦੇ ਹਨ ਕਈ ਕਈ ਵਾਰ ਸੈਂਕੜੇ ਸਾਲ।"
ਸਬੂਤ ਇਹ ਦਰਸਾਉਂਦੇ ਹਨ ਕਿ ਇਹ ਰਸਾਇਣ ਜੋ ਕਿ ਦੁਨੀਆਂ ਦੇ ਬਹੁਤ ਸਾਰੇ ਪਲਾਸਟਿਕ ਦੇ ਭਾਂਡਿਆਂ ਅਤੇ ਬੋਤਲਾਂ ਵਿੱਚ ਪਾਏ ਜਾਂਦੇ ਹਨ ਵਾਤਾਵਰਣ ਵਿੱਚ ਰਿਸ ਸਕਦੇ ਹਨ। ਇਹ ਫ਼ਸਲਾਂ ਅਤੇ ਪੀਣ ਵਾਲੇ ਪਾਣੀ ਨੂੰ ਪ੍ਰਦੂਸ਼ਿਤ ਕਰ ਸਕਦੇ ਹਨ।
ਇਹ ਰਸਾਇਣ ਧੂੜ ਵਿੱਚ ਵੀ ਮਿਲੇ ਹਨ। ਇਹ ਹਵਾ ਜਾਂ ਪਾਣੀ ਰਾਹੀਂ ਫੈਲ ਸਕਦੇ ਹਨ।
ਪਿਛਲੇ ਸਾਲ ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ਼ ਨਿਊ ਸਾਊਥ ਵੇਲਜ਼ ਦੇ ਖੋਜਾਰਥੀਆਂ ਨੇ ਦੁਨੀਆਂ ਭਰ ਦੇ ਪੀਐੱਏਐੱਸ ਸਰੋਤਾਂ ਦਾ ਵਿਸ਼ਲੇਸ਼ਣ ਕੀਤਾ। ਇਸ ਵਿੱਚ ਸਰਕਾਰੀ ਰਿਪੋਰਟਾਂ, ਡਾਟਾਬੇਸ ਅਤੇ ਪੀਅਰ-ਰਿਵਿਉਡ ਸ਼ਾਮਲ ਸੀ। ਉਨ੍ਹਾਂ ਨੇ 20 ਸਾਲਾਂ ਦੇ ਸਮੇਂ ਵਿੱਚ ਇਕੱਠੇ ਕੀਤੇ ਗਏ 45,000 ਤੋਂ ਵੱਧ ਡਾਟਾ ਪੁਆਇੰਟ ਜੋੜੇ।
ਉਨ੍ਹਾਂ ਨੇ ਇਹ ਨਤੀਜਾ ਕੱਢਿਆ ਕਿ "ਦੁਨੀਆਂ ਭਰ ਦੀ ਸਤ੍ਹਾ ਅਤੇ ਧਰਤੀ ਹੇਠਲੇ ਪਾਣੀ ਦਾ ਵੱਡਾ ਹਿੱਸਾ ਪੀਐੱਫਏਐੱਸ ਬਾਰੇ ਕੌਮਾਂਤਰੀ ਹਦਾਇਤਾਂ ਅਤੇ ਨਿਯਮਾਂ ਤੋਂ ਵੱਧ ਹੈ ਅਤੇ ਭਵਿੱਖ ਵਿੱਚ ਪੀਐੱਫਏਐੱਸ ਦਾ ਵਾਤਾਵਰਣ ਉੱਤੇ ਕੀ ਅਸਰ ਹੋਵੇਗਾ ਇਸ ਬਾਰੇ ਅੰਦਾਜ਼ੇ ਅਸਲੀਅਤ ਤੋਂ ਘੱਟ ਹਨ।"
ਅਸੀਂ ਹੁਣ ਹੀ ਇਨ੍ਹਾਂ ਰਸਾਇਣਾਂ ਬਾਰੇ ਕਿਉਂ ਜਾਣ ਰਹੇ ਹਾਂ?
ਫ਼ਿਲਮ ਡਾਰਕ ਵਾਟਰਜ਼ ਵਕੀਲ ਰਾਬਰਟ ਬਿਲੌਟ ਤੋਂ ਪ੍ਰੇਰਿਤ ਸੀ ਉਨ੍ਹਾਂ ਨੇ ਲੰਬੇ ਕਰੀਅਰ ਦੌਰਾਨ ਵੱਡੀਆਂ ਅਮਰੀਕੀ ਕੰਪਨੀਆਂ ਵੱਲੋਂ ਪੀਐੱਫਏਐੱਸ ਦੀ ਵਰਤੋਂ ਨੂੰ ਬੇਨਕਾਬ ਕੀਤਾ।
1970 ਦੇ ਦਹਾਕੇ ਤੋਂ ਹੀ ਇੰਡਸਟਰੀ ਵਿੱਚ ਇਹ ਜਾਗਰੂਕਤਾ ਵੱਧ ਰਹੀ ਸੀ ਕਿ ਕੁਝ PFAS ਸਾਹ ਰਾਹੀਂ ਜਾਂ ਨਿਗਲੇ ਜਾਣ ਉੱਤੇ ਜ਼ਹਿਰੀਲੇ ਹੋ ਸਕਦੇ ਹਨ।
ਪਰ ਵੱਡੇ ਉਤਪਾਦਕਾਂ ਉੱਤੇ ਇਹ ਇਲਜ਼ਾਮ ਲੱਗੇ ਹਨ ਕਿ ਉਨ੍ਹਾਂ ਨੇ ਵਿਗਿਆਨ ਅਤੇ ਨਿਯਮਾਂ 'ਤੇ ਅਸਰ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਅਜਿਹੇ ਅਧਿਐਨ ਵੀ ਦਬਾਏ ਜੋ ਇਸ ਦੇ ਮਾੜੇ ਪ੍ਰਭਾਵ ਸਾਹਮਣੇ ਲਿਆਉਂਦੇ ਸਨ।
2019 ਦੀ ਫ਼ਿਲਮ ਡਾਰਕ ਵਾਟਰਜ਼ ਨੇ ਇਸ ਮਾਮਲੇ ਨੂੰ ਆਮ ਜਾਣਕਾਰੀ ਵਿੱਚ ਲਿਆਂਦਾ। ਇਹ ਫ਼ਿਲਮ ਰਸਾਇਣ ਨਿਰਮਾਤਾ ਕੰਪਨੀ ਡਿਊਪੌਂਟ (DuPont) ਅਤੇ ਅਮਰੀਕਾ ਦੇ ਓਹਾਇਓ ਸੂਬੇ ਦੇ ਇੱਕ ਸ਼ਹਿਰ ਦੇ ਨਿਵਾਸੀਆਂ ਵਿਚਕਾਰ ਕਾਨੂੰਨੀ ਲੜਾਈ 'ਤੇ ਅਧਾਰਤ ਸੀ।
ਪਿਛਲੇ ਸਾਲ, ਇੰਗਲੈਂਡ ਦੇ ਨਾਰਥ ਯਾਰਕਸ਼ਾਇਰ ਦੇ ਛੋਟੇ ਕਸਬੇ ਬੈਂਥਮ ਦੇ ਵਾਸੀਆਂ ਨੇ ਐਂਗਸ ਫ਼ਾਇਰ ਨਾਮ ਦੀ ਸਥਾਨਕ ਕੰਪਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ। ਇਸ ਕੰਪਨੀ ਨੇ 'ਫ਼ਾਇਰਫ਼ਾਈਟਿੰਗ ਫ਼ੋਮ' (ਇਸ ਦੀ ਵਰਤੋਂ ਅੱਗ ਬੁਝਾਉਣ ਵਿੱਚ ਹੁੰਦੀ ਹੈ) ਬਣਾਈ ਸੀ।
ਉਨ੍ਹਾਂ ਦਾ ਦਾਅਵਾ ਹੈ ਕਿ ਫ਼ੋਮ ਵਿੱਚ ਮੌਜੂਦ PFAS ਮਿੱਟੀ ਅਤੇ ਧਰਤੀ ਹੇਠਲੇ ਪਾਣੀ ਵਿੱਚ ਰਿਸ ਗਏ ਹਨ, ਜਿਸ ਨਾਲ ਸਥਾਨਕ ਆਬਾਦੀ ਦੀ ਸਿਹਤ ਨੂੰ ਖ਼ਤਰੇ ਪੈ ਸਕਦੇ ਹਨ। ਇੱਥੋਂ ਦੇ ਰਹਿਣ ਵਾਲੇ ਲੋਕਾਂ ਦੇ ਖੂਨ ਦੇ ਟੈਸਟ ਚੱਲ ਰਹੇ ਹਨ।
ਇਹ ਕਾਨੂੰਨੀ ਕਾਰਵਾਈ 2024 ਦੀ ਸ਼ੁਰੂਆਤ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਤੋਂ ਬਾਅਦ ਆਈ। ਇਸ ਰਿਪੋਰਟ ਵਿੱਚ ਪਤਾ ਲੱਗਾ ਕਿ 3000 ਦੀ ਆਬਾਦੀ ਵਾਲਾ ਬੈਂਥਮ ਯੂਕੇ ਵਿੱਚ ਪੀਐੱਫਏਐੱਸ ਦੀ ਬਹੁਤਾਤ ਵਾਲੀ ਥਾਂ ਹੈ।
ਐਂਗਸ ਫ਼ਾਇਰ ਦਾ ਕਹਿਣਾ ਹੈ ਕਿ ਉਹਨਾਂ ਨੇ ਪੀਐੱਫਏਐੱਸ ਵਾਲੇ ਸਾਰੇ ਉਤਪਾਦ ਬਣਾਉਣੇ ਰੋਕ ਦਿੱਤੇ ਹਨ ਅਤੇ ਕਿਸੇ ਵੀ ਪੁਰਾਣੇ ਪ੍ਰਦੂਸ਼ਣ ਦੀ ਪੜਤਾਲ ਲਈ ਪ੍ਰਸ਼ਾਸਨ ਨਾਲ ਕੰਮ ਕਰ ਰਹੇ ਹਨ।
ਖ਼ਤਰੇ ਕੀ ਹਨ?
ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ, ਪੀਐੱਫਏਐੱਸ ਨੂੰ ਕਿਡਨੀ, ਪ੍ਰੋਸਟੇਟ ਅਤੇ ਟੈਸਟੀਕੁਲਰ ਕੈਂਸਰ ਦੇ ਨਾਲ-ਨਾਲ ਹਾਈ ਕੋਲੇਸਟ੍ਰੋਲ, ਜਿਗਰ ਦੀ ਬਿਮਾਰੀ, ਗੁਰਦੇ ਦੀ ਬਿਮਾਰੀ ਅਤੇ ਬੱਚਿਆਂ ਵਿੱਚ ਵਿਕਾਸ ਸੰਬੰਧੀ ਦਿੱਕਤਾਂ ਨਾਲ ਜੋੜਿਆ ਗਿਆ ਹੈ।
ਇੰਗਲੈਂਡ ਐਂਡ ਵੇਲਜ਼ ਦੀ ਡ੍ਰਿੰਕਿੰਗ ਵਾਟਰ ਇੰਸਪੈਕਟੋਰੇਟ (DWI) ਦਾ ਕਹਿਣਾ ਹੈ ਕਿ ਕੁਝ PFAS, ਜਿਵੇਂ PFOS ਅਤੇ PFOA, ਸਿਹਤ ਲਈ ਚਿੰਤਾ ਦਾ ਕਾਰਨ ਹਨ "ਜੇਕਰ ਇਨ੍ਹਾਂ ਨਾਲ ਸੰਪਰਕ ਦੀ ਮਾਤਰਾ ਕਾਫ਼ੀ ਵੱਧ ਹੋਵੇ"।
ਇਸ ਮਗਰੋਂ ਵੱਖ-ਵੱਖ ਥਾਵਾਂ ਉੱਤੇ ਇਨ੍ਹਾਂ ਕੈਮੀਕਲਜ਼ ਦੀ ਵਰਤੋਂ ਉੱਤੇ ਰੋਕਾਂ ਲੱਗੀਆਂ ਹਨ ਅਤੇ ਨਿਯਮ ਬਣੇ ਹਨ।
2010-2015 ਵਿਚਾਲੇ ਅਮਰੀਕਾ ਦੀਆਂ 8 ਵੱਡੀਆਂ ਰਸਾਇਣ ਨਿਰਮਾਤਾ ਕੰਪਨੀਆਂ ਨੇ PFOA ਅਤੇ ਉਸ ਨਾਲ ਸੰਬੰਧਿਤ ਕੈਮਿਕਲਾਂ ਨੂੰ ਆਪਣੇ ਉਤਪਾਦਾਂ ਅਤੇ ਨਿਕਾਸ ਵਿੱਚੋਂ ਹਟਾਉਣ ਲਈ ਸਹਿਮਤੀ ਦਿੱਤੀ।
ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ PFAS ਦੀ ਬਹੁਤ ਵੱਡੀ ਗਿਣਤੀ ਦੇ ਮੱਦੇਨਜ਼ਰ, ਹੋਰ ਖੋਜ ਦੀ ਲੋੜ ਹੈ ਤਾਂ ਜੋ ਸਭ ਤੋਂ ਜ਼ਹਿਰੀਲੇ ਸਮੂਹਾਂ ਦੀ ਪਛਾਣ ਹੋ ਸਕੇ ਅਤੇ ਉਨ੍ਹਾਂ ਦੇ ਮਨੁੱਖੀ ਸਿਹਤ ਅਤੇ ਵਾਤਾਵਰਣ 'ਤੇ ਖ਼ਤਰੇ ਸਮਝੇ ਜਾ ਸਕਣ।
ਕੁਝ ਲੋਕ ਇਹ ਕਹਿੰਦੇ ਹਨ ਅਜੇ ਵੀ ਇਸ ਦੇ ਨਿਰਮਾਣ ਨੂੰ ਉਨ੍ਹਾਂ ਦੇਸ਼ਾਂ ਵੱਲ ਸ਼ਿਫਟ ਕਰਨ ਦਾ ਬਦਲ ਮੌਜੂਦ ਹੈ ਜਿੱਥੇ ਪੀਐੱਫਏਐੱਸ 'ਤੇ ਘੱਟ ਜਾਂ ਬਿਲਕੁਲ ਵੀ ਪਾਬੰਦੀਆਂ ਨਹੀਂ ਹਨ।
ਮਾਹਰਾਂ ਦਾ ਮੰਨਣਾ ਹੈ ਕਿ ਅਜਿਹੇ ਉਤਪਾਦਾਂ ਨੂੰ ਫਿਰ ਯੂਰਪੀ ਸੰਘ ਅਤੇ ਅਮਰੀਕੀ ਬਾਜ਼ਾਰਾਂ ਵਿੱਚ ਵਾਪਸ ਇੰਪੋਰਟ ਕੀਤਾ ਜਾ ਸਕਦਾ ਹੈ।
ਹੋਰਾਂ ਦਾ ਕਹਿਣਾ ਹੈ ਕਿ ਸਿਰਫ ਪੀਐੱਫਏਐੱਸ 'ਤੇ ਪੂਰੀ ਤਰ੍ਹਾਂ ਪਾਬੰਦੀ ਹੀ ਇਸ ਦਾ ਹੱਲ ਹੋ ਸਕਦੀ ਹੈ।
ਪਰ ਪੀਐੱਫਏਐੱਸ ਨੂੰ ਸੁਰੱਖਿਅਤ ਢੰਗ ਨਾਲ ਨਸ਼ਟ ਕਿਵੇਂ ਕੀਤਾ ਜਾਵੇ ਬਿਨਾਂ ਸਾਡੇ ਪਾਣੀ ਜਾਂ ਮਿੱਟੀ ਨੂੰ ਦੁਬਾਰਾ ਪ੍ਰਦੂਸ਼ਿਤ ਕੀਤੇ ਇਹ ਇੱਕ ਹੋਰ ਵੱਡਾ ਸਵਾਲ ਹੈ।
ਅੰਦਾਜ਼ਾ ਹੈ ਕਿ ਯੂਕੇ ਵਿੱਚ ਪੀਐੱਫਏਐੱਸ ਸੰਬੰਧੀ ਪ੍ਰਦੂਸ਼ਣ ਨੂੰ ਸਾਫ਼ ਕਰਨ ਦੀ ਲਾਗਤ ਸਾਲਾਨਾ £9.9 ਬਿਲੀਅਨ ($13.3 ਬਿਲੀਅਨ) ਤੱਕ ਪਹੁੰਚ ਜਾਵੇਗੀ। ਇਹ ਅੰਕੜਾ 'ਫੌਰੈਵਰ ਲੌਬਿੰਗ ਪ੍ਰੋਜੈਕਟ' ਦੀ ਰਿਸਰਚ ਵਿੱਚ ਸਾਹਮਣੇ ਆਇਆ ਹੈ, ਜੋ 16 ਦੇਸ਼ਾਂ ਦੇ 46 ਪੱਤਰਕਾਰਾਂ ਅਤੇ 18 ਮਾਹਰਾਂ ਦੀ ਸਾਂਝੀ ਜਾਂਚ ਹੈ।
ਸਟਾਕਹੋਮ ਯੂਨੀਵਰਸਿਟੀ ਦੇ ਵਾਤਾਵਰਣ ਰਸਾਇਣ ਵਿਦਿਆ ਦੇ ਪ੍ਰੋਫੈਸਰ ਆਇਨ ਕਜ਼ਿਨਜ਼ ਨੇ ਪਿਛਲੇ ਸਾਲ ਬੀਬੀਸੀ ਨੂੰ ਦੱਸਿਆ ਸੀ ਕਿ "ਪੁਰਾਣੇ ਪੀਐੱਫਏਐੱਸ ਲਈ ਇਲਾਜ ਲਈ ਤਕਨੀਕਾਂ ਮੌਜੂਦ ਹਨ।"
"ਅਸਲ ਵਿੱਚ ਤੁਸੀਂ ਬਹੁਤ ਪ੍ਰਦੂਸ਼ਿਤ ਸਾਈਟ ਨੂੰ ਸਾਫ਼ ਕਰ ਸਕਦੇ ਹੋ ਜੇ ਤੁਹਾਡੇ ਕੋਲ ਦੁਨੀਆਂ ਦਾ ਸਾਰਾ ਪੈਸਾ ਹੋਵੇ, ਪਰ ਇਹ ਪੈਸਾ ਆਵੇਗਾ ਕਿੱਥੋਂ? ਸਾਨੂੰ ਅਜਿਹੀਆਂ ਤਕਨੀਕਾਂ ਦੀ ਲੋੜ ਹੈ ਜੋ ਘੱਟ ਖ਼ਰਚ ਵਾਲੀਆਂ ਅਤੇ ਘੱਟ ਊਰਜਾ ਵਰਤਣ ਵਾਲੀਆਂ ਹੋਣ।"
ਕੀ ਪੀਐੱਫਏਐੱਸ ਤੋਂ ਬਚਿਆ ਜਾ ਸਕਦਾ ਹੈ?
ਪੀਐੱਫਏਐੱਸ ਤੋਂ ਬਚਣਾ ਮੁਸ਼ਕਲ ਹੈ।
ਇਹ ਖਾਣੇ ਦੀ ਪੈਕਿੰਗ ਵਿੱਚ ਵਰਤੇ ਜਾਂਦੇ ਸਮਾਨ ਵਿੱਚ ਮਿਲਦੇ ਹਨ, ਇਹ ਗ੍ਰੀਸ ਤੋਂ ਬਚਾਅ ਅਤੇ ਉੱਚ ਤਾਪਮਾਨ ਸਹਿਣ ਦੀ ਸਮਰੱਥਾ ਕਾਰਨ, ਬੇਕਿੰਗ ਵੇਅਰ, ਬਾਹਰੀ ਕੱਪੜਿਆਂ, ਘਰੇਲੂ ਸਫ਼ਾਈ ਉਤਪਾਦਾਂ, ਸਕਿੰਕੇਅਰ, ਕਾਸਮੈਟਿਕਸ ਅਤੇ ਇੱਥੋਂ ਤੱਕ ਕਿ ਦੰਦਾਂ ਦੀ ਫ਼ਲੌਸ ਵਿੱਚ ਵੀ ਪਾਏ ਜਾਂਦੇ
ਪੀਐੱਫਏਐੱਸ ਤੋਂ ਬਚਣ ਲਈ ਕੀ ਕੀਤਾ ਜਾ ਸਕਦਾ ਹੈ?
- ਨਾਨ-ਸਟਿਕ ਬਰਤਨ ਪਹਿਲਾਂ ਹੀ ਗਰਮ ਨਾ ਕਰੋ
- ਟੇਕ-ਅਵੇ ਲਈ ਆਪਣੇ ਭਾਂਡੇ ਲਿਜਾਓ
- ਕਾਰਪੇਟਾਂ ਅਤੇ ਸੋਫ਼ਿਆਂ 'ਤੇ ਸਟੇਨ-ਰੋਧੀ ਕੋਟਿੰਗ ਤੋਂ ਬਚੋ
- ਪਾਣੀ ਫ਼ਿਲਟਰ ਵਰਤੋ
- ਲੇਬਲਾਂ ਚੈੱਕ ਕਰੋ – ਅਤੇ 'ਇਕੋ' ਜਾਂ 'ਨਾਨ-ਟੌਕਸਿਕ' ਉਤਪਾਦਾਂ ਤੋਂ ਸਾਵਧਾਨ ਰਹੋ।
ਡਾ ਚਾਰਟਸ ਕਹਿੰਦੇ ਹਨ ਕਿ ਅਸੀਂ ਪਲਾਸਟਿਕ ਦੀ ਵਰਤੋਂ ਕਰਕੇ ਇਸ ਨਾਲ ਆਪਣਾ ਸੰਪਰਕ ਘਟਾ ਸਕਦੇ ਹਾਂ। ਉਹ ਕਹਿੰਦੇ ਹਨ, "ਅਸੀਂ ਟੈਫਲੋ ਨਪੈਨ ਦੀ ਵਰਤੋਂ ਨਾ ਕਰਕੇ ਸਟੀਲ ਪੈਨ ਦੀ ਵਰਤੋਂ ਕਰ ਸਕਦੇ ਹਾਂ।"
ਵਿਸ਼ਵ ਸਿਹਤ ਸੰਗਠਨ ਨੇ ਪੀਐੱਫੇਐੱਸ ਦੇ ਗੈਰ-ਜ਼ਰੂਰੀ ਵਰਤੋਂ ਨੂੰ ਰੋਕਣ ਦੀ ਅਪੀਲ ਕੀਤੀ ਹੈ, ਪਰ ਚੇਤਾਵਨੀ ਦਿੱਤੀ ਹੈ ਕਿ "ਪੀਐੱਫਏਐੱਸ ਦੇ ਖ਼ਤਰਿਆਂ ਦਾ ਸੰਤੁਲਨ ਹੋਰ ਖ਼ਤਰਿਆਂ ਨਾਲ ਕਰਨਾ ਚਾਹੀਦਾ ਹੈ ਜਿਵੇਂ ਕਿ ਪੀਣ ਵਾਲੇ ਪਾਣੀ ਦੀ ਉਪਲਬਧਤਾ ਨਾ ਹੋਣਾ।"
ਇਸ ਬਾਰੇ ਕਿਹੜੇ ਨਿਯਮ ਲਾਗੂ ਹਨ?
2009 ਤੋਂ ਪੀਐੱਫਏਐੱਸ ਦੀ ਵਰਤੋਂ ਨੂੰ ਨਿਯਮਬੱਧ ਕਰਨ ਲਈ ਸਟੌਕਹੌਮ ਕਨਵੈਨਸ਼ਨ ਆਨ ਪਰਸਿਸਟੈਂਟ ਆਰਗੈਨਿਕ ਪਾਲਿਊਟੈਂਟਸ ਲਾਗੂ ਹੈ। ਪਰ ਉਦਯੋਗਿਕ ਦਬਾਅ ਕਾਰਨ ਕੁਝ ਦੇਸ਼ (ਜਿਨ੍ਹਾਂ ਵਿੱਚ ਅਮਰੀਕਾ ਵੀ ਸ਼ਾਮਲ ਹੈ) ਕਿਸੇ ਵੀ ਸਮਝੌਤੇ 'ਤੇ ਹੌਲੀ ਰਫ਼ਤਾਰ ਨਾਲ ਅੱਗੇ ਵੱਧ ਰਹੇ ਹਨ।
2018 ਵਿੱਚ, ਯੂਰਪੀਅਨ ਫੂਡ ਸੇਫ਼ਟੀ ਅਥਾਰਟੀ (EFSA) ਨੇ PFOA ਅਤੇ PFOS ਦੇ ਜ਼ਹਿਰੀਲੇਪਣ ਬਾਰੇ ਸਬੂਤਾਂ ਦਾ ਮੁੜ-ਮੁਲਾਂਕਣ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਬਾਰੇ "ਸੁਰੱਖਿਅਤ" ਸੀਮਾਵਾਂ ਨੂੰ ਕਾਫ਼ੀ ਘੱਟ ਕਰ ਦਿੱਤਾ।
2023 ਵਿੱਚ, ਡੈਨਮਾਰਕ, ਜਰਮਨੀ, ਨੀਦਰਲੈਂਡ, ਨਾਰਵੇ ਅਤੇ ਸਵੀਡਨ ਨੇ ਯੂਰਪੀ ਯੂਨੀਅਨ ਵਿੱਚ PFAS 'ਤੇ ਨਵੇਂ ਸੀਮਾਵਾਂ ਦੇ ਸੁਝਾਅ ਦਿੱਤੇ।
ਇਨ੍ਹਾਂ ਅੰਦਾਜ਼ਾ ਹੈ ਕਿ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਅਗਲੇ 30 ਸਾਲਾਂ ਵਿੱਚ 4.4 ਮਿਲੀਅਨ ਟਨ ਪੀਐੱਫਏਐੱਸ ਵਾਤਾਵਰਣ ਵਿੱਚ ਜਾ ਸਕਦੇ ਹਨ।
ਯੂਕੇ ਸਰਕਾਰ ਪੀਐੱਫਏਐੱਸ ਨਾਲ ਨਿਪਟਣ ਲਈ ਹਾਲੇ ਵੀ ਇੱਕ ਸੰਪੂਰਨ ਰਣਨੀਤੀ ਤਿਆਰ ਕਰ ਰਹੀ ਹੈ।
ਯੂਕੇ ਦੇ ਡ੍ਰਿੰਕਿੰਗ ਵਾਟਰ ਇੰਸਪੈਕਟੋਰੇਟ ਨੇ ਪੀਐੱਫਏਐੱਸ ਲਈ ਮਾਰਗਦਰਸ਼ਨ ਪੱਧਰ ਤੈਅ ਕੀਤੇ ਹਨ, ਪਰ ਇੰਗਲੈਂਡ ਅਤੇ ਵੇਲਜ਼ ਵਿੱਚ ਪੀਣ ਵਾਲੇ ਪਾਣੀ ਵਿੱਚ ਪੀਐੱਫਏਐੱਸ ਲਈ ਅਜੇ ਕੋਈ ਕਾਨੂੰਨੀ ਮਿਆਰ ਨਹੀਂ ਹਨ।
-ਵਿਕਟੋਰੀਆ ਲਿੰਡੇਰਾ ਦੀ ਰਿਪੋਰਟਿੰਗ ਨਾਲ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ