ਪੰਜਾਬ ਦੇ ਮੁਹਾਲੀ ਵਿਚਲੀ ਉਹ ਲੈਬ ਜਿਸ ਤੋਂ ਸ਼ੁਰੂ ਹੋਈ ਸੀ ਭਾਰਤ ਦੀ 'ਚਿਪ ਸਟੋਰੀ', ਹੁਣ ਕਿਉਂ ਹੋ ਰਹੀ ਚਰਚਾ

    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

15 ਅਗਸਤ ਨੂੰ ਲਾਲ ਕਿਲ਼ੇ ਤੋਂ ਦਿੱਤੇ ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਇਸ ਹਫ਼ਤੇ ਦੇ ਅੰਤ ਤੱਕ ਮੇਡ ਇਨ ਇੰਡੀਆ ਚਿਪਸ ਬਜ਼ਾਰ ਵਿੱਚ ਆ ਜਾਣਗੇ, ਚਾਰ ਸੈਮੀਕੰਡਕਟਰ ਪ੍ਰੋਜੈਕਟ ਮਨਜ਼ੂਰ ਹੋਏ ਹਨ ਦੋ ਓਡੀਸ਼ਾ ਵਿੱਚ, ਇੱਕ ਪੰਜਾਬ ਵਿੱਚ ਅਤੇ ਇੱਕ ਆਂਧਰਾ ਵਿੱਚ।"

ਪੀਐੱਮ ਮੋਦੀ ਆਪਣੇ ਭਾਸ਼ਣ ਵਿੱਚ ਕੈਬਨਿਟ ਵੱਲੋਂ ਮਨਜ਼ੂਰ ਕੀਤੀ ਗਈ 4600 ਕਰੋੜ ਦੀ ਯੋਜਨਾ ਬਾਰੇ ਗੱਲ ਕਰ ਰਹੇ ਸਨ ਜਿਸ ਵਿੱਚ ਪੰਜਾਬ ਦਾ ਵੀ ਨਾਮ ਹੈ।

ਪੀਐੱਮ ਮੋਦੀ ਨੇ ਕਿਹਾ ਸੈਮੀਕੰਡਕਟਰ ਇੱਕ ਅਜਿਹੀ ਇੰਡਸਟਰੀ ਹੈ ਜਿਸ ਤੋਂ ਬਿਨਾਂ ਕੋਈ ਵੀ ਦੇਸ਼ ਆਪਣੇ-ਆਪ ਨੂੰ ਵਿਕਸਿਤ ਨਹੀਂ ਕਹਿ ਸਕਦਾ।

ਉਨ੍ਹਾਂ ਕਿਹਾ ਸੀ, "ਅੱਜ ਜੋ ਸੈਮੀਕੰਡਕਟਰ ਪੂਰੀ ਦੁਨੀਆਂ ਦੀ ਇੱਕ ਤਾਕਤ ਬਣ ਗਿਆ ਹੈ, 50-60 ਸਾਲ ਪਹਿਲਾਂ ਉਹ ਵਿਚਾਰ ਫਾਈਲਾਂ ਵਿੱਚ ਅਟਕ ਗਿਆ।"

ਕਾਂਗਰਸੀ ਐੱਮਪੀ ਜੈਰਾਮ ਰਮੇਸ਼ ਨੇ ਆਪਣੇ ਐਕਸ ਅਕਾਉਂਟ ਉੱਤੇ ਲਿਖਿਆ ਕਿ ਚੰਡੀਗੜ੍ਹ ਵਿੱਚ ਸੈਮੀਕੰਡਕਟਰ ਕੰਪਲੈਕਸ ਨੇ ਸਾਲ 1983 ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।

ਦਰਅਸਲ ਭਾਰਤ ਦੀ ਪਹਿਲੀ ਅਤੇ ਇੱਕੋ-ਇੱਕ ਸੈਮੀਕੰਡਕਟਰ ਫੈਬ (ਜਿੱਥੇ ਸੈਮੀਕੰਡਕਟਰ ਬਣਦੇ ਹਨ) ਮੁਹਾਲੀ ਵਿੱਚ ਹੀ ਲੱਗੀ ਸੀ।

51 ਏਕੜ ਦੇ ਖੇਤਰਫ਼ਲ ਵਿੱਚ ਲੱਗੀ ਇਸ ਲੈਬ ਦੀ ਯੋਜਨਾ ਨੂੰ ਸਾਲ 1976 ਵਿੱਚ ਪ੍ਰਵਾਨਗੀ ਮਿਲੀ ਸੀ ਅਤੇ ਸਾਲ 1984 ਵਿੱਚ ਇਸ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।

ਇਸ ਦਾ ਕੰਮ ਭਾਰਤ ਦੀ ਪੁਲਾੜ ਏਜੰਸੀ ਇਸਰੋ, ਭਾਰਤੀ ਡਿਫੈਂਸ ਅਤੇ ਹੋਰ ਤਕਨੀਕੀ ਵਿਭਾਗਾਂ ਲਈ ਲੋੜੀਂਦੇ ਸੈਮੀਕੰਡਕਟਰ ਵਿਕਸਿਤ ਕਰਨਾ ਸੀ।

ਭਾਰਤ ਦੇ ਚੰਦਰਯਾਨ-3, ਅਦਿੱਤਿਆ ਐੱਲ1 ਅਤੇ ਵਿਕਰਮ ਲੈਂਡਰ ਮਿਸ਼ਨ ਲਈ ਵੀ ਚਿਪਸ ਐੱਸਸੀਐੱਲ ਮੁਹਾਲੀ ਵਿੱਚ ਹੀ ਬਣੀਆਂ ਸਨ।

ਭਾਰਤ ਨੇ ਸੈਮੀਕੰਡਕਟਰ ਦੇ ਖੇਤਰ ਵਿੱਚ ਇਸ ਤਰੀਕੇ ਠੀਕ ਸਮੇਂ ਉੱਤੇ ਚੰਗੀ ਸ਼ੁਰੂਆਤ ਕੀਤੀ ਸੀ ਪਰ ਇਹ ਲੀਹੋਂ ਲਹਿ ਗਿਆ ਅਤੇ ਭਾਰਤ ਸੈਮੀਕੰਡਕਟਰ ਨਿਰਮਾਤਾ ਮੁਲਕਾਂ ਦੀ ਕਤਾਰ ਵਿੱਚ ਕਾਫੀ ਪਿੱਛੇ ਰਹਿ ਗਿਆ।

ਸਰਕਾਰੀ ਯਤਨਾਂ ਦੀ ਘਾਟ ਦੇ ਨਾਲ-ਨਾਲ ਇਸ ਰਫ਼ਤਾਰ ਦੇ ਘੱਟ ਹੋਣ ਦਾ ਇੱਕ ਕਾਰਨ ਇੱਕ ਹਾਦਸਾ ਵੀ ਸੀ। ਜਿਸ ਕਾਰਨ ਲੈਬ ਵਿੱਚ ਅੱਗ ਲੱਗ ਗਈ ਸੀ।

ਸੈਮੀਕੰਡਕਟਰ ਕੀ ਹੁੰਦੇ ਹਨ?

ਤੁਹਾਡੇ ਹੱਥ ਵਿੱਚ ਫੜਿਆ ਮੋਬਾਈਲ ਹੋਵੇ ਜਾਂ ਤੁਹਾਡੇ ਘਰ ਵਿੱਚ ਲੱਗਾ ਐੱਲਈਡੀ ਬਲਬ ਇਹ ਸੈਮੀਕੰਡਕਟਰ ਦੀ ਵਜ੍ਹਾ ਨਾਲ ਹੀ ਆਪਣਾ ਕੰਮ ਕਰ ਰਹੇ ਹਨ।

ਸੈਮੀਕੰਡਕਟਰਜ਼ ਨੂੰ ਕਦੇ-ਕਦਾਈਂ ਮਾਈਕ੍ਰੋਚਿਪਸ ਜਾਂ ਇੰਟੀਗ੍ਰੇਟਿਡ ਸਰਕਟਸ ਵੀ ਕਿਹਾ ਜਾਂਦਾ ਹੈ।

ਇਹ ਸਿਲੀਕਾਨ ਜਿਹੇ ਕੱਚੇ ਮਾਲ ਦੀ ਵਰਤੋਂ ਕਰਕੇ ਬਣਦੇ ਹਨ।

ਕੰਪਿਊਟਰ ਦੀ ਭਾਸ਼ਾ ਸਮਝ ਸਕਣ ਦੀ ਸਮਰੱਥਾ ਰੱਖਦੇ ਸੈਮੀਕੰਡਟਰ ਬਿਜਲੀ ਦਾ ਸੰਚਾਰ ਵੀ ਕਰ ਸਕਦੇ ਹਨ ਅਤੇ ਇਸ ਨੂੰ ਰੋਕ ਵੀ ਸਕਦੇ ਹਨ।

ਦੁਨੀਆਂ ਭਰ ਵਿੱਚ ਸੈਮੀਕੰਡਕਟਰਜ਼ ਦੀ ਮੰਗ ਲਗਾਤਾਰ ਵੱਧ ਰਹੀ ਹੈ ਤੇ ਵੱਖ-ਵੱਖ ਦੇਸ਼ ਤਕਨੀਕ ਵਿੱਚ ਖ਼ੁਦ-ਮੁਖ਼ਤਿਆਰ ਹੋਣਾ ਚਾਹੁੰਦੇ ਹਨ।

ਜਦੋਂ ਲੈਬ ਵਿੱਚ ਅੱਗ ਲੱਗ ਗਈ ਸੀ...

ਤਾਈਵਾਨ ਸੈਮੀਕੰਡਕਟਰ ਮੈਨੂਫੈਕਚਰਿੰਗ ਕੰਪਨੀ ਦੁਨੀਆਂ ਦੀ ਸੈਮੀਕੰਡਕਟਰ ਦੀ ਕੁੱਲ ਮੰਗ ਦਾ 50 ਫ਼ੀਸਦੀ ਸਪਲਾਈ ਕਰਦੀ ਹੈ।

ਇਹ ਕੰਪਨੀ ਸਾਲ 1987 ਵਿੱਚ ਸਥਾਪਿਤ ਹੋਈ ਸੀ।

ਇਸ ਤੋਂ 3 ਸਾਲ ਪਹਿਲਾਂ ਪੰਜਾਬ ਦੇ ਸ਼ਹਿਰ ਮੁਹਾਲੀ ਵਿੱਚ ਲੱਗੀ ਸੈਮੀਕੰਡਕਟਰ ਲੈਬੋਰੇਟਰੀ (ਐੱਸਸੀਐੱਲ) ਨੇ ਚਿਪ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।

ਐੱਸਸੀਐੱਲ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਇਹ ਤਕਨੀਕੀ ਪੱਖ ਤੋਂ ਸੰਸਾਰ ਦੀਆਂ ਹੋਰ ਕੰਪਨੀਆਂ ਦੇ ਤਕਰੀਬਨ ਮੁਕਾਬਲੇ ਵਿੱਚ ਹੀ ਸੀ।

ਪਰ 7 ਫਰਵਰੀ 1989 ਨੂੰ ਇਸ ਵਿੱਚ ਅੱਗ ਲੱਗ ਗਈ।

ਇਸ ਲੈਬ ਵਿੱਚ 1984 ਤੋਂ ਲੈ ਕੇ 2021 ਤੱਕ ਕੰਮ ਕਰਨ ਵਾਲੇ ਐੱਚਐੱਸ ਜਟਾਣਾ ਨੇ ਬੀਬੀਸੀ ਪੰਜਾਬੀ ਨਾਲ ਲੈਬ ਬਾਰੇ ਗੱਲਬਾਤ ਕੀਤੀ।

ਉਹ ਗਰੁੱਪ ਹੈੱਡ ਸਾਇੰਟਿਸਟ ਵਜੋਂ ਰਿਟਾਇਰ ਹੋਏ ਸਨ।

ਉਨ੍ਹਾਂ ਦੱਸਿਆ ਕਿ ਸਾਲ 1989 ਵਿੱਚ ਲੈਬ ਵਿੱਚ ਅੱਗ ਲੱਗਣ ਕਰਕੇ ਇੱਥੇ ਮੌਜੂਦ ਸਾਰਾ ਸਮਾਨ ਸੜ੍ਹ ਗਿਆ ਸੀ।

ਉਨ੍ਹਾਂ ਦੱਸਿਆ ਕਿ ਇਸ ਕਰਕੇ ਲੈਬ ਦਾ ਕੰਮ 10 ਸਾਲ ਪਿੱਛੇ ਚਲਾ ਗਿਆ, ਇਸ ਹਾਦਸੇ ਤੋਂ ਬਾਅਦ ਲੈਬ ਦੁਬਾਰਾ ਬਣਾਈ ਗਈ ਜਿਸ ਕਰਕੇ 5-6 ਸਾਲ ਕੰਮ ਬੰਦ ਰਿਹਾ, ਇਸ ਦੌਰਾਨ ਕੰਮ ਕਰਨ ਵਾਲਿਆਂ ਵਿੱਚੋਂ ਕਈ ਲੋਕ ਪਰਵਾਸ ਕਰਕੇ ਸਿੰਗਾਪੁਰ, ਅਮਰੀਕਾ ਚਲੇ ਗਏ ਤੇ ਜਿਹੜੇ ਲੋਕ ਨਵੇਂ ਆਏ ਉਨ੍ਹਾਂ ਨੂੰ ਵੀ ਟ੍ਰੇਨ ਹੋਣ ਵਿੱਚ ਟਾਈਮ ਲੱਗਾ।

ਉਹ ਦੱਸਦੇ ਹਨ ਹਾਲਾਂਕਿ ਇਸ ਲੈਬ ਨੂੰ ਮੁੜ ਦੁਬਾਰਾ ਬਣਾਇਆ ਗਿਆ ਪਰ ਕੇਂਦਰ ਜਾਂ ਸੂਬਾ ਸਰਕਾਰ ਦੀ ਇਸ ਵਿੱਚ ਦਿਲਚਸਪੀ ਅਤੇ ਧਿਆਨ ਘੱਟ ਸੀ, ਇਸੇ ਲਈ ਕੰਮ ਹੌਲੀ-ਹੌਲੀ ਚੱਲਦਾ ਰਿਹਾ।

ਇਸ ਨੂੰ ਵਧਾਇਆ ਨਹੀਂ ਗਿਆ ਹਾਲਾਂਕਿ ਇਹ ਭਾਰਤ ਦੀ 'ਯੂਨੀਕ ਫੈਬ' ਹੈ।

ਲੈਬ ਲਈ ਪੰਜਾਬ ਨੂੰ ਕਿਉਂ ਚੁਣਿਆ ਗਿਆ?

ਐੱਚਐੱਸ ਜਟਾਣਾ ਦੱਸਦੇ ਹਨ ਕਿ ਲੈਬ ਲਈ ਕਿਸੇ ਹੋਰ ਥਾਂ ਦੀ ਚੋਣ ਹੋਣੀ ਸੀ ਪਰ ਇਹ ਗਿਆਨੀ ਜ਼ੈਲ ਸਿੰਘ ਸਨ ਜਿਨ੍ਹਾਂ ਕਰ ਕੇ ਮੁਹਾਲੀ ਦੀ ਚੋਣ ਹੋਈ।

ਗਿਆਨੀ ਜ਼ੈਲ ਸਿੰਘ ਸਾਲ 1972 ਤੋਂ 1977 ਤੱਕ ਪੰਜਾਬ ਦੇ ਮੁੱਖ ਮੰਤਰੀ ਸਨ। ਉਨ੍ਹਾਂ ਦੇ ਕੇਂਦਰ ਸਰਕਾਰ ਅਤੇ ਇੰਦਰਾ ਗਾਂਧੀ ਨਾਲ ਚੰਗੇ ਸਬੰਧ ਸਨ ਜਿਸ ਕਰਕੇ ਇਹ ਪ੍ਰੋਜੈਕਟ ਪੰਜਾਬ ਵਿੱਚ ਲੱਗ ਸਕਿਆ।

ਉਹ ਦੱਸਦੇ ਹਨ, "ਇੱਕ ਸਮੇਂ ਉੱਤੇ ਲੈਬ ਵਿੱਚ 700 ਦੇ ਕਰੀਬ ਜਣੇ ਕੰਮ ਕਰਦੇ ਸਨ, ਜਿਨ੍ਹਾਂ ਵਿੱਚ ਇੰਜੀਨਿਅਰਾਂ ਦੀ ਗਿਣਤੀ 250 ਤੋਂ 300 ਦੇ ਕਰੀਬ ਹੋ ਸਕਦੀ ਹੈ।"

ਉਨ੍ਹਾਂ ਦੱਸਿਆ ਕਿ ਇਹ ਇੱਕ ਹਾਈ ਵੌਲਿਊਮ ਲੈਬ (ਅਜਿਹੀ ਲੈਬ ਜਿੱਥੇ ਕਿ ਵੱਡੀ ਗਿਣਤੀ ਵਿੱਚ ਚਿਪ ਬਣ ਸਕਣ) ਨਹੀਂ ਸੀ) ਬਲਕਿ ਇੱਥੇ ਘਰੇਲੂ ਤਕਨੀਕ ਨੂੰ ਵਿਕਸਿਤ ਕਰਨ ਉੱਤੇ ਵੱਧ ਜ਼ੋਰ ਦਿੱਤਾ ਜਾਂਦਾ ਸੀ।

ਉਹ ਕਹਿੰਦੇ ਹਨ ਕਿ ਪੰਜਾਬ ਵਿੱਚ ਲੈਬ ਹੋਣ ਦੇ ਬਾਵਜੂਦ ਇਸ ਦੇ ਆਲੇ-ਦੁਆਲੇ ਸੈਮੀਕੰਡਕਟਰ ਨਾਲ ਜੁੜਿਆ ਵਿਕਾਸ ਨਾ ਹੋਣ ਦਾ ਇੱਕ ਕਾਰਨ ਇੱਥੋਂ ਦੇ ਲੋਕਾਂ ਦਾ ਇਸ ਪਾਸੇ ਵੱਲ ਝੁਕਾਅ ਘੱਟ ਹੋਣਾ ਵੀ ਸੀ ਤੇ ਸੂਬਾ ਸਰਕਾਰਾਂ ਵੱਲੋਂ ਵੀ ਇਸ ਪ੍ਰੋਜੈਕਟ ਦੀ ਅਹਿਮੀਅਤ ਨੂੰ ਨਹੀਂ ਸਮਝਿਆ ਗਿਆ।

ਅਮਰੀਕਾ ਅਤੇ ਚੀਨ ਦੀ 'ਚਿਪ ਵਾਰ'

ਅਮਰੀਕੀ ਵਿਗਿਆਨੀਆਂ ਨੇ ਸਾਲ 1947 ਵਿੱਚ ਪਹਿਲਾ ਸਿਲੀਕਾਨ ਟ੍ਰਾਂਜ਼ਿਸਟਰ ਬਣਾਇਆ ਗਿਆ ਸੀ। ਇਸ ਤੋਂ ਬਾਅਦ ਇਨ੍ਹਾਂ ਦਾ ਅਕਾਰ ਛੋਟਾ ਕਰਨ ਦੀ ਦੌੜ ਲੱਗ ਗਈ।

ਹੁਣ ਕਈ ਬਿਲੀਅਨ ਟ੍ਰਾਂਜ਼ਿਸਟਰ ਇੱਕੋ ਚਿਪ ਵਿੱਚ ਲਾਏ ਜਾ ਸਕਦੇ ਹਨ।

ਅੱਜ ਦੁਨੀਆਂ ਵਿੱਚ ਯੂਕੇ, ਅਮਰੀਕਾ, ਯੂਰਪ ਸੈਮੀਕੰਡਕਟਰਜ਼ ਲਈ ਤਾਈਵਾਨ ਉੱਤੇ ਨਿਰਭਰ ਹਨ।

ਤਾਈਵਾਨ ਸੈਮੀਕੰਡਕਟਰ ਮੈਨੂੰਫੈਕਚਰਿੰਗ ਕੰਪਨੀ ਐੱਨਵੀਡੀਆ, ਐੱਪਲ ਅਤੇ ਮਾਈਕ੍ਰੋਸੋਫਟ ਨੂੰ ਸਪਲਾਈ ਕਰਦੇ ਹਨ।

ਸਾਊਥ ਕੋਰੀਆ ਦੀ ਸੈਮਸੰਗ ਇਲੈਕਟ੍ਰੋਨਿਕਸ ਸੈਮੀਕੰਡਕਟਰ ਸਪਲਾਈ ਵਿੱਚ ਦੂਜੇ ਨੰਬਰ ਉੱਤੇ ਆਉਂਦੀ ਹੈ।

ਭਾਰਤ ਦਾ ਸੈਮੀਕੰਡਕਟਰ ਮਿਸ਼ਨ

ਪੀਆਈਬੀ ਮੁਤਾਬਕ ਭਾਰਤ ਦੇ ਸੈਮੀਕੰਡਕਟਰ ਮਿਸ਼ਨ ਨੂੰ 76,000 ਕਰੋੜ ਰੁਪਏ ਦੇ ਖ਼ਰਚ ਨਾਲ ਮਨਜ਼ੂਰੀ ਦਿੱਤੀ ਗਈ ਹੈ, ਤਾਂ ਜੋ ਭਾਰਤ ਵਿੱਚ ਮਜ਼ਬੂਤ ਸੈਮੀਕੰਡਕਟਰ ਈਕੋਸਿਸਟਮ ਬਣਾਇਆ ਜਾ ਸਕੇ।

ਪ੍ਰੋਜੈਕਟਾਂ ਵਿੱਚ ਟਾਟਾ ਇਲੈਕਟ੍ਰੋਨਿਕਸ ਦਾ ਲਗਭਗ ₹91,000 ਕਰੋੜ ਦਾ ਫੈਬ ਗੁਜਰਾਤ ਵਿੱਚ ਅਤੇ ਮਾਈਕਰੋਨ ਟੈਕਨੋਲੋਜੀ ਦਾ 22,516 ਕਰੋੜ ਰੁਪਏ ਦਾ ATMP ਪਲਾਂਟ ਸਣੰਦ, ਗੁਜਰਾਤ ਵਿੱਚ ਸ਼ਾਮਲ ਹਨ।

ਡਿਜ਼ਾਈਨ ਲਿੰਕਡ ਇਨਸੈਂਟਿਵ ਸਕੀਮ ਤਹਿਤ ਸੈਮੀਕੰਡਕਟਰ ਡਿਜ਼ਾਈਨ ਸਟਾਰਟਅਪਸ ਅਤੇ ਘਰੇਲੂ ਚਿਪ ਵਿਕਾਸ ਲਈ 1,000 ਕਰੋੜ ਰੁਪਏ ਰੁਪਏ ਰੱਖੇ ਗਏ ਹਨ।

85,000 ਇੰਜੀਨੀਅਰਾਂ ਨੂੰ ਸੈਮੀਕੰਡਕਟਰ ਡਿਜ਼ਾਈਨ ਅਤੇ ਮੈਨੂਫੈਕਚਰਿੰਗ ਵਿੱਚ ਤਿਆਰ ਕਰਨ ਦੀ ਯੋਜਨਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)