ਇੱਕ ਵੱਡੇ ਸਰਕਾਰੀ ਹਸਪਤਾਲ ਵਿੱਚ ਚੂਹਿਆਂ ਨੇ ਦੋ ਨਵਜੰਮੇ ਬੱਚਿਆਂ ਨੂੰ ਵੱਢਿਆ, ਇਲਾਜ ਦੌਰਾਨ ਬੱਚਿਆਂ ਦੀ ਮੌਤ, ਹਸਪਤਾਲ ਕੀ ਕਹਿੰਦਾ

    • ਲੇਖਕ, ਵਿਸ਼ਣੂਕਾਂਤ ਤਿਵਾਰੀ
    • ਰੋਲ, ਬੀਬੀਸੀ ਪੱਤਰਕਾਰ, ਭੋਪਾਲ
    • ਲੇਖਕ, ਸਮੀਰ ਖਾਨ
    • ਰੋਲ, ਇੰਦੌਰ ਤੋਂ ਬੀਬੀਸੀ ਹਿੰਦੀ ਲਈ

ਮੱਧ ਪ੍ਰਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਵਿੱਚ ਚੂਹਿਆਂ ਦੇ ਵੱਢਣ ਤੋਂ ਬਾਅਦ ਦੋ ਨਵਜੰਮੇ ਬੱਚਿਆਂ ਦੀ ਕਥਿਤ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।

ਇੰਦੌਰ ਦੇ ਮਹਾਰਾਜਾ ਯਸ਼ਵੰਤਰਾਓ ਹਸਪਤਾਲ (ਐਮਵਾਈਐਚ) ਵਿੱਚ 24 ਅਗਸਤ ਨੂੰ ਇੱਕ 10 ਦਿਨਾਂ ਦੀ ਬੱਚੀ (ਗੁੜੀਆ - ਸੰਕੇਤਕ ਨਾਮ) ਨੂੰ ਉਸਦਾ ਪਰਿਵਾਰ ਛੱਡ ਕੇ ਚਲਾ ਗਿਆ ਸੀ।

31 ਅਗਸਤ ਨੂੰ ਗੁੜੀਆ ਨੂੰ ਕਥਿਤ ਤੌਰ 'ਤੇ ਸਭ ਤੋਂ ਸੁਰੱਖਿਅਤ ਅਤੇ ਸਭ ਤੋਂ ਸੰਵੇਦਨਸ਼ੀਲ ਮੰਨੇ ਜਾਂਦੇ ਐਨਆਈਸੀਯੂ ਵਾਰਡ ਵਿੱਚ ਚੂਹਿਆਂ ਨੇ ਵੱਢ ਲਿਆ ਅਤੇ 2 ਸਤੰਬਰ ਨੂੰ ਇਲਾਜ ਦੌਰਾਨ ਗੁੜੀਆ ਦੀ ਮੌਤ ਹੋ ਗਈ।

ਬੁੱਧਵਾਰ ਨੂੰ ਹੀ ਦੁਪਹਿਰ ਲਗਭਗ 1 ਵਜੇ ਇੱਕ ਹੋਰ ਨਵਜੰਮੇ ਬੱਚੇ ਰੋਸ਼ਨ (ਸੰਕੇਤਕ ਨਾਮ) ਦੀ ਵੀ ਮੌਤ ਹੋ ਗਈ।

ਹਾਲਾਂਕਿ, ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਦਾ ਕਹਿਣਾ ਹੈ ਕਿ ਨਵਜੰਮੇ ਬੱਚਿਆਂ ਦੀ ਮੌਤ ਦਾ ਕਾਰਨ ਵੱਖ-ਵੱਖ ਬਿਮਾਰੀਆਂ ਸਨ।

ਸੂਬੇ ਦੇ ਮੈਡੀਕਲ ਕਮਿਸ਼ਨਰ ਨੇ ਇਸ ਮਾਮਲੇ ਵਿੱਚ ਹਸਪਤਾਲ ਨੂੰ ਨੋਟਿਸ ਜਾਰੀ ਕਰਕੇ ਸਪਸ਼ਟੀਕਰਨ ਮੰਗਿਆ ਹੈ।

ਹਸਪਤਾਲ ਦਾ ਕੀ ਕਹਿਣਾ ਹੈ?

ਹਾਲਾਂਕਿ, ਹਸਪਤਾਲ ਪ੍ਰਸ਼ਾਸਨ ਨੇ ਕਿਹਾ ਹੈ ਕਿ ਦੋਵੇਂ ਬੱਚੇ ਚੂਹਿਆਂ ਦੇ ਵੱਢਣ ਨਾਲ ਨਹੀਂ ਮਰੇ ਸਗੋਂ ਗੁੜੀਆ ਦੀ ਮੌਤ ਗੰਭੀਰ ਜਮਾਂਦਰੂ ਦਿਲ ਦੀ ਬਿਮਾਰੀ ਕਾਰਨ ਹੋਈ ਅਤੇ ਰੋਸ਼ਨ ਦੀ ਮੌਤ ਇਨਫੈਕਸ਼ਨ ਕਾਰਨ ਹੋਈ ਹੈ।

ਹਸਪਤਾਲ ਦੇ ਮੈਡੀਕਲ ਸੁਪਰਿਟੇਂਡੈਂਟ ਡਾਕਟਰ ਅਸ਼ੋਕ ਯਾਦਵ ਨੇ ਬੀਬੀਸੀ ਨੂੰ ਦੱਸਿਆ, "ਇਹ ਇੱਕ ਦੁਖਦਾਈ ਅਤੇ ਸੰਵੇਦਨਸ਼ੀਲ ਘਟਨਾ ਹੈ ਪਰ ਕੁੜੀ ਦੀ ਮੌਤ ਚੂਹਿਆਂ ਦੇ ਵੱਢਣ ਨਾਲ ਨਹੀਂ ਹੋਈ ਸਗੋਂ ਉਹ ਪਹਿਲਾਂ ਹੀ ਗੰਭੀਰ ਜਮਾਂਦਰੂ ਬਿਮਾਰੀਆਂ ਨਾਲ ਜੂਝ ਰਹੀ ਸੀ ਅਤੇ ਇਸੇ ਕਾਰਨ ਉਸਦੀ ਮੌਤ ਹੋ ਗਈ।"

ਹਸਪਤਾਲ ਪ੍ਰਬੰਧਨ ਇਸ ਘਟਨਾ ਲਈ ਕੋਈ ਵੀ ਸਪਸ਼ਟੀਕਰਨ ਦੇ ਸਕਦਾ ਹੈ, ਪਰ ਇਸ ਮਾਮਲੇ ਨੇ ਹਸਪਤਾਲ ਵਿੱਚ ਫੈਲੀ ਲਾਪਰਵਾਹੀ ਨੂੰ ਉਜਾਗਰ ਕੀਤਾ ਹੈ।

ਗੁੜੀਆ ਦੀ ਮੌਤ ਤੋਂ ਬਾਅਦ ਹਸਪਤਾਲ ਪ੍ਰਬੰਧਨ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਰੋਸ਼ਨ ਦੇ ਸਿਰ 'ਤੇ ਵੀ ਚੂਹੇ ਦੇ ਵੱਢਣ ਦੇ ਨਿਸ਼ਾਨ ਸਨ।

ਇੱਕ ਪਾਸੇ ਜਿੱਥੇ ਮੱਧ ਪ੍ਰਦੇਸ਼ ਦੀ ਮਾੜੀ ਸਿਹਤ ਪ੍ਰਣਾਲੀ 'ਤੇ ਇੱਕ ਵਾਰ ਫਿਰ ਸਵਾਲ ਉੱਠ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਾਂਗਰਸ ਨੇ ਇਸ ਮਾਮਲੇ 'ਤੇ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।

ਇਸ ਘਟਨਾ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਦੋ ਨਰਸਿੰਗ ਅਫਸਰਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਕਈ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਹਨ।

ਹਸਪਤਾਲ 'ਚ ਬਹੁਤ ਗੰਦਗੀ, ਮਰੀਜ਼ਾਂ ਦੇ ਰਿਸ਼ਤੇਦਾਰਾਂ 'ਤੇ ਇਲਜ਼ਾਮ

ਬੀਬੀਸੀ ਨੇ ਹਸਪਤਾਲ ਵਿੱਚ ਮੌਜੂਦ ਕੁਝ ਲੋਕਾਂ ਨਾਲ ਗੱਲ ਕੀਤੀ। ਆਪਣੇ ਮਰੀਜ਼ ਦੇ ਨਾਲ ਰਹਿ ਰਹੇ 32 ਸਾਲਾ ਮਿਥਿਲੇਸ਼ ਜਾਟਵ ਨੇ ਕਿਹਾ, "ਜਦੋਂ ਵੀ ਕੋਈ ਵਿਅਕਤੀ ਹਸਪਤਾਲ ਆਉਂਦਾ ਹੈ, ਉਹ ਇਸ ਉਮੀਦ ਨਾਲ ਆਉਂਦਾ ਹੈ ਕਿ ਉਸਦੀ ਜਾਨ ਬਚ ਜਾਵੇਗੀ।''

''ਅਤੇ ਜੇਕਰ ਕੋਈ ਬੱਚਿਆਂ ਲਈ ਆਈਸੀਯੂ ਜਾਂ ਐਨਆਈਸੀਯੂ ਵਿੱਚ ਜਾਂਦਾ ਹੈ, ਤਾਂ ਉਹ ਆਪਣੀ ਜਾਨ ਲਈ ਲੜਦਾ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਚੂਹੇ ਕੱਟਦੇ ਹਨ, ਤਾਂ ਇਹ ਕਿੰਨੀ ਵੱਡੀ ਲਾਪਰਵਾਹੀ ਹੈ।"

ਮਿਥਿਲੇਸ਼ ਨੇ ਕਿਹਾ, "ਸਭ ਤੋਂ ਸੁਰੱਖਿਅਤ ਖੇਤਰ ਵਿੱਚ ਚੂਹਿਆਂ ਦੀ ਦਹਿਸ਼ਤ ਹੈ, ਬੱਚਿਆਂ ਨੂੰ ਵੱਢ ਰਹੇ ਹਨ ਤਾਂ ਬੰਦਾ ਕਿੱਥੇ ਜਾਵੇਗਾ?

ਦਰਅਸਲ ਮੱਧ ਪ੍ਰਦੇਸ਼ ਦੇ ਇਸ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਵਿੱਚ ਚੂਹਿਆਂ ਦੀ ਦਹਿਸ਼ਤ ਦਾ ਇੱਕ ਲੰਮਾ ਇਤਿਹਾਸ ਹੈ।

ਹਸਪਤਾਲ ਦੇ ਮੈਡੀਕਲ ਸੁਪਰਿਟੇਂਡੈਂਟ ਡਾਕਟਰ ਅਸ਼ੋਕ ਯਾਦਵ ਨੇ ਬੀਬੀਸੀ ਨੂੰ ਦੱਸਿਆ, "1994 ਵਿੱਚ ਇੱਥੇ ਇੱਕ ਵੱਡੇ ਪੱਧਰ 'ਤੇ 'ਚੂਹੇ ਮਾਰਨ ਦੀ ਮੁਹਿੰਮ' ਚਲਾਈ ਗਈ ਸੀ। ਉਸ ਦੌਰਾਨ ਹਸਪਤਾਲ ਨੂੰ 10 ਦਿਨਾਂ ਲਈ ਖਾਲੀ ਕਰਵਾਇਆ ਗਿਆ ਸੀ ਅਤੇ ਪੈਸਟ ਕੰਟਰੋਲ ਦੁਆਰਾ ਲਗਭਗ 12,000 ਚੂਹੇ ਮਾਰੇ ਗਏ ਸਨ। 2014 ਵਿੱਚ ਵੀ ਪੈਸਟ ਕੰਟਰੋਲ ਕੀਤਾ ਗਿਆ ਸੀ, ਜਿਸ ਵਿੱਚ 2500 ਚੂਹੇ ਮਰੇ ਸਨ।"

ਹਸਪਤਾਲ ਵਿੱਚ ਆਏ ਮਰੀਜ਼ਾਂ ਦੇ ਰਿਸ਼ਤੇਦਾਰਾਂ 'ਤੇ ਇਲਜ਼ਾਮ ਲਗਾਉਂਦੇ ਹੋਏ ਡਾਕਟਰ ਅਸ਼ੋਕ ਯਾਦਵ ਨੇ ਕਿਹਾ ਕਿ "ਕਈ ਵਾਰ ਮਰੀਜ਼ਾਂ ਦੇ ਅਟੈਂਡੈਂਟ ਵਾਰਡਾਂ ਦੇ ਅੰਦਰ ਤੱਕ ਖਾਣਾ ਲੈ ਜਾਂਦੇ ਹਨ ਅਤੇ ਇਹ ਚੂਹਿਆਂ ਦੇ ਆਉਣ ਦਾ ਸਭ ਤੋਂ ਵੱਡਾ ਕਾਰਨ ਹੈ। ਇਸ ਤੋਂ ਇਲਾਵਾ ਇਸ ਸਮੇਂ ਬਰਸਾਤ ਦਾ ਮੌਸਮ ਵੀ ਹੈ, ਜਿਸ ਕਾਰਨ ਚੂਹੇ ਹਸਪਤਾਲ ਦੀਆਂ ਇਮਾਰਤਾਂ ਅਤੇ ਵਾਰਡਾਂ ਵਿੱਚ ਵੜ ਜਾਂਦੇ ਹਨ।"

ਉਹ ਦਾਅਵਾ ਕਰਦੇ ਹਨ ਕਿ ਹਸਪਤਾਲ ਵਿੱਚ ਸਮੇਂ-ਸਮੇਂ 'ਤੇ ਪੈਸਟ ਕੰਟਰੋਲ ਕਰਵਾਇਆ ਜਾਂਦਾ ਹੈ।

ਹਾਲਾਂਕਿ, ਗੁੜੀਆ ਅਤੇ ਰੋਸ਼ਨ ਨੂੰ ਚੂਹਿਆਂ ਦੁਆਰਾ ਕੱਟੇ ਜਾਣ ਦੀ ਘਟਨਾ ਨੇ ਇਨ੍ਹਾਂ ਸਾਰੇ ਦਾਅਵਿਆਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਹਸਪਤਾਲ ਵਿੱਚ ਲਗਭਗ 15 ਦਿਨਾਂ ਤੋਂ ਦਾਖਲ ਇੱਕ ਹੋਰ ਮਰੀਜ਼ ਨੇ ਇਲਜ਼ਾਮ ਲਗਾਇਆ, "ਇੱਥੇ ਸਫਾਈ ਸਹੀ ਢੰਗ ਨਾਲ ਨਹੀਂ ਕੀਤੀ ਜਾਂਦੀ। ਡਾਕਟਰਾਂ ਨੂੰ ਸ਼ਿਕਾਇਤ ਕਰਨ 'ਤੇ ਉਲਟਾ ਸ਼ਿਕਾਇਤਕਰਤਾ ਨੂੰ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੇ ਮਰੀਜ਼ ਮਜਬੂਰੀ 'ਚ ਡਰ ਕੇ ਹੀ ਰਹਿੰਦਾ ਹੈ।"

ਚੂਹਿਆਂ 'ਤੇ ਸਿਆਸਤ ਵੀ ਤੇਜ਼, ਮੈਡੀਕਲ ਕਮਿਸ਼ਨਰ ਨੇ ਡੀਨ ਤੋਂ ਜਵਾਬ ਮੰਗਿਆ

ਐਮਵਾਈ ਹਸਪਤਾਲ ਵਿੱਚ ਨਵਜੰਮੇ ਬੱਚਿਆਂ ਨੂੰ ਚੂਹਿਆਂ ਦੇ ਵੱਢਣ ਦੀ ਘਟਨਾ 'ਤੇ ਭੋਪਾਲ ਦੇ ਮੈਡੀਕਲ ਅਤੇ ਸਿਹਤ ਕਮਿਸ਼ਨਰ ਨੇ ਡੀਨ ਡਾਕਟਰ ਅਰਵਿੰਦ ਘਨਘੋਰੀਆ ਨੂੰ ਨੋਟਿਸ ਜਾਰੀ ਕੀਤਾ ਹੈ।

ਨੋਟਿਸ ਵਿੱਚ ਕਿਹਾ ਗਿਆ ਹੈ ਕਿ ਹਸਪਤਾਲ ਦੇ ਐਨਆਈਸੀਯੂ ਵਾਰਡ ਵਿੱਚ ਦਾਖਲ ਬੱਚਿਆਂ ਨੂੰ ਚੂਹਿਆਂ ਦੇ ਵੱਢਣ ਦੀ ਘਟਨਾ "ਗੰਭੀਰ ਲਾਪਰਵਾਹੀ ਅਤੇ ਗੈਰ-ਜ਼ਿੰਮੇਵਾਰੀ ਦਾ ਸੰਕੇਤ ਹੈ।"

ਡੀਨ ਅਰਵਿੰਦ ਘਨਘੋਰੀਆ ਤੋਂ ਇਸ ਮਾਮਲੇ ਵਿੱਚ ਤੁਰੰਤ ਸਪਸ਼ਟੀਕਰਨ ਮੰਗਿਆ ਗਿਆ ਹੈ।

ਦੂਜੇ ਪਾਸੇ, ਕਾਂਗਰਸ ਦੇ ਸੂਬਾ ਪ੍ਰਧਾਨ ਜੀਤੂ ਪਟਵਾਰੀ ਨੇ ਸੂਬੇ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ "ਭਾਜਪਾ ਦੇ 22 ਸਾਲਾਂ ਦੇ ਸ਼ਾਸਨ ਦਾ ਇਹੀ ਅਸਲੀ ਚਿਹਰਾ ਹੈ। ਐਮਵਾਈ ਵਿੱਚ ਚੂਹਿਆਂ ਦੀ ਇਹ ਹਰਕਤ ਪਹਿਲੀ ਵਾਰ ਨਹੀਂ ਹੈ। ਨਵਜੰਮੇ ਬੱਚਿਆਂ ਨੂੰ ਚੂਹਿਆਂ ਨੇ ਨਹੀਂ ਸਗੋਂ ਭ੍ਰਿਸ਼ਟ ਪ੍ਰਸ਼ਾਸਨ ਨੇ ਨੁਕਸਾਨ ਪਹੁੰਚਾਇਆ ਹੈ।"

ਪਟਵਾਰੀ ਨੇ ਮੁੱਖ ਮੰਤਰੀ ਮੋਹਨ ਯਾਦਵ ਦੀ ਸਰਕਾਰ 'ਤੇ ਸਵਾਲ ਉਠਾਉਂਦੇ ਹੋਏ ਕਿਹਾ, "ਇਸ ਸਰਕਾਰ 'ਚ ਰੀੜ੍ਹ ਦੀ ਹੱਡੀ ਹੈ, ਤਾਂ ਕੀ ਇਹ ਸੁਪਰਿਟੇਂਡੈਂਟ ਨੂੰ ਸਜ਼ਾ ਦੇ ਸਕਦੇ ਹਨ? ਨਹੀਂ ਦੇ ਸਕਦੇ। ਉਹ ਸਿਰਫ਼ ਇੱਕ ਛੋਟੇ ਜਿਹੇ ਵਾਰਡ ਬੁਆਏ ਨੂੰ ਹਟਾਉਣਗੇ। ਇਹ ਸਿਸਟਮ ਕੀ ਹੈ? ਐਮਵਾਈ ਵਿੱਚ ਅਰਾਜਕਤਾ ਕਿਉਂ ਹੈ? ਚੂਹੇ ਬੱਚਿਆਂ ਨੂੰ ਖਾ ਰਹੇ ਹਨ... ਜਿੰਨਾਂ ਦੋਸ਼ੀ ਉਹ ਚੂਹਾ ਹੈ, ਉਸ ਤੋਂ ਜ਼ਿਆਦਾ ਦੋਸ਼ੀ ਇਕ ਸਿਸਟਮ ਅਤੇ ਵਿਵਸਥਾ ਹੈ।"

ਭੋਪਾਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੱਧ ਪ੍ਰਦੇਸ਼ ਦੇ ਸਿਹਤ ਮੰਤਰੀ ਰਾਜੇਂਦਰ ਸ਼ੁਕਲਾ ਨੇ ਕਿਹਾ, "ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਇਸ ਵਿੱਚ ਤੁਰੰਤ ਕਾਰਵਾਈ ਕੀਤੀ ਗਈ ਹੈ। ਆਮ ਤੌਰ 'ਤੇ ਜੇਕਰ ਸਮੇਂ ਸਿਰ ਪੇਸਟ ਕੰਟਰੋਲ ਕੀਤਾ ਜਾਂਦਾ ਹੈ, ਤਾਂ ਚੂਹੇ ਹਸਪਤਾਲ 'ਚ ਨਹੀਂ ਆਉਂਦੇ। ਪਰ ਜਿਸ ਤਰ੍ਹਾਂ ਇਹ ਘਟਨਾ ਵਾਪਰੀ ਹੈ ਉਸ ਤੋਂ ਇਹ ਸਪਸ਼ਟ ਹੈ ਕਿ ਪੇਸਟ ਕੰਟਰੋਲ ਵਿੱਚ ਲਾਪਰਵਾਹੀ ਹੋਈ।"

ਸਰਕਾਰ ਨੇ ਪੇਸਟ ਕੰਟਰੋਲ ਏਜੰਸੀ 'ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ ਅਤੇ ਇਸਦਾ ਠੇਕਾ ਖਤਮ ਕਰਨ ਦਾ ਨੋਟਿਸ ਜਾਰੀ ਕੀਤਾ ਹੈ। ਇਸ ਤੋਂ ਇਲਾਵਾ, ਨਰਸਿੰਗ ਸੁਪਰਿਟੇਂਡੈਂਟ ਨੂੰ ਹਟਾ ਦਿੱਤਾ ਗਿਆ ਹੈ, ਦੋ ਨਰਸਿੰਗ ਅਫਸਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)