ਚੀਨੀ ਮੀਡੀਆ ਕਿਉਂ ਕਹਿ ਰਿਹਾ 'ਭਾਰਤ ਨੇ ਹੁਣ ਸਮਝਿਆ, ਚੀਨ ਨਾਲ ਦੋਸਤੀ ਕਿਉਂ ਜ਼ਰੂਰੀ ਹੈ'

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ

ਤਸਵੀਰ ਸਰੋਤ, Mikhail Svetlov/Getty Images

ਤਸਵੀਰ ਕੈਪਸ਼ਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ (ਫਾਇਲ ਫੋਟੋ)
    • ਲੇਖਕ, ਬੀਬੀਸੀ ਮਾਨੀਟਰਿੰਗ

ਚੀਨ ਦੇ ਸਰਕਾਰੀ ਮੀਡੀਆ ਵਿੱਚ ਆਪਣੇ ਵਿਦੇਸ਼ ਮੰਤਰੀ ਵਾਂਗ ਯੀ ਦੀ ਭਾਰਤ ਫੇਰੀ ਨੂੰ ਬਹੁਤ ਤਵੱਜੋ ਦਿੱਤੀ ਗਈ ਹੈ।

ਚੀਨੀ ਮੀਡੀਆ ਮੁਤਾਬਕ, ਆਪਣੀ ਦੋ ਦਿਨਾਂ ਭਾਰਤ ਫੇਰੀ ਦੌਰਾਨ ਵਾਂਗ ਯੀ ਨੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਦੋਵਾਂ ਮੁਲਕਾਂ ਦੇ 'ਸਰਹੱਦੀ ਵਿਵਾਦ' ਬਾਰੇ ਮਹੱਤਵਪੂਰਨ ਚਰਚਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਭਾਰਤੀ ਹਮ ਰੁਤਬਾ ਐੱਸ. ਜੈਸ਼ੰਕਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਹੈ।

ਚੀਨ ਦੇ ਸਰਕਾਰੀ ਮੀਡੀਆ ਮੁਤਾਬਕ ਭਾਰਤ, ਅਮਰੀਕੀ ਟੈਰਿਫ ਦੇ ਮੱਦੇਨਜ਼ਰ ਹੁਣ ਆਪਣੇ ਪੈਂਤੜੇ ਵਿੱਚ ਬਦਲਾਅ ਕਰਨਾ ਚਾਹੁੰਦਾ ਹੈ ਅਤੇ ਵਾਂਗ ਯੀ ਦੀ ਭਾਰਤ ਫੇਰੀ ਇਸੇ ਦਾ ਹਿੱਸਾ ਸੀ।

ਚੀਨ ਦੇ ਮੀਡੀਆ ਮੁਤਾਬਕ, ਭਾਰਤ ਅਤੇ ਚੀਨ ਦੇ 'ਮਜ਼ਬੂਤ ਸਬੰਧ' ਵਿਸ਼ਵੀ ਦੱਖਣ ਲਈ ਲਾਹੇਵੰਦ ਸਾਬਿਤ ਹੋਣਗੇ।

ਵਿਸ਼ਵੀ ਦੱਖਣ (ਗਲੋਬਲ ਸਾਊਥ) ਏਸ਼ੀਆ, ਅਫ਼ਰੀਕਾ ਅਤੇ ਦੱਖਣੀ ਅਮਰੀਕਾ ਦੇ ਵਿਕਾਸਸ਼ੀਲ ਦੇਸ਼ਾਂ ਦੇ ਸਮੁੱਚੇ ਗਠਜੋੜ ਲਈ ਵਰਤਿਆ ਜਾਂਦਾ ਹੈ।

ਹਾਲਾਂਕਿ, ਵਾਂਗ ਯੀ ਦੀ ਫੇਰੀ ਬਾਰੇ ਭਾਰਤ ਅਤੇ ਚੀਨ ਦੇ ਬਿਆਨਾਂ ਵਿੱਚ ਫਰਕ ਵੀ ਵੇਖਿਆ ਗਿਆ। ਖ਼ਾਸ ਕਰਕੇ ਤਾਇਵਾਨ ਦੇ ਮੁੱਦੇ 'ਤੇ ਅਤੇ ਤਿੱਬਤ ਦੇ ਸਾਂਗਪੋ ਦਰਿਆ ਉੱਤੇ ਚੀਨ ਵੱਲੋਂ ਤਜਵੀਜ਼ ਕੀਤੇ ਬੰਨ੍ਹ ਦੇ ਮੁੱਦੇ ਦੇ ਪੱਖ ਤੋਂ।

ਚੀਨ ਦੇ ਇਸ ਅਭਿਲਾਸ਼ਾ ਪੂਰਨ ਬੰਨ੍ਹ ਉੱਤੇ ਜਿੱਥੇ ਭਾਰਤ ਨੇ ਖ਼ਦਸ਼ੇ ਜਾਹਰ ਕੀਤੇ ਸਨ ਉੱਥੇ ਹੀ ਮਾਹਿਰਾਂ ਨੇ ਇਸ ਨੂੰ ਵਾਤਾਵਰਣ ਲਈ ਖ਼ਤਰਾ ਦੱਸਿਆ ਸੀ।

ਇਹ ਵੀ ਪੜ੍ਹੋ-

ਵਾਂਗ ਯੀ ਦੀ ਭਾਰਤ ਫੇਰੀ ਤੋਂ ਕੀ ਹਾਸਲ ਹੋਇਆ? ਇਸ ਸਵਾਲ ਦੇ ਉੱਤਰ ਵਿੱਚ ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਓ ਨਿੰਗ ਨੇ 20 ਅਗਸਤ ਨੂੰ ਕਿਹਾ ਸੀ ਕਿ ਦੋਵੇਂ ਧਿਰਾਂ ਕਈ ਅਹਿਮ ਮੁੱਦਿਆਂ ਬਾਰੇ ਸਹਿਮਤੀ ਹੋਈਆਂ ਹਨ।

ਇਨ੍ਹਾਂ ਵਿੱਚ ਵੱਖ-ਵੱਖ ਮੁੱਦਿਆਂ ਨੂੰ ਉੱਤੇ ਦੁਵੱਲੀ ਗੱਲਬਾਤ (ਡਾਇਲਾਗ) ਫਿਰ ਸ਼ੁਰੂ ਕਰਨਾ, ਆਪਸੀ ਲਾਭਕਾਰੀ ਸਹਿਯੋਗ ਨੂੰ ਹੋਰ ਡੂੰਘਾ ਕਰਨਾ ਅਤੇ ਵਿਸ਼ਵੀ ਚੁਣੌਤੀਆਂ ਦਾ ਮਿਲ ਕੇ ਸਾਹਮਣਾ ਕਰਨ ਦੇ ਨਾਲ ਹੀ ਕਿਸੇ ਵੀ ਦੇਸ ਦੇ ਇਕਤਰਫ਼ਾ ਦਬਾਅ ਬਣਾਉਣ ਦੀ ਨੀਤੀ ਦਾ ਵਿਰੋਧ ਕਰਨਾ ਸ਼ਾਮਲ ਹੈ। ਚੀਨ ਦੇ ਸਰਕਾਰੀ ਅਖ਼ਬਾਰ 'ਗਲੋਬਲ ਟਾਈਮਜ਼' ਨੇ ਇਹ ਜਾਣਕਾਰੀ ਦਿੱਤੀ।

ਅਖ਼ਬਾਰ ਮੁਤਾਬਕ, ਦੋਵਾਂ ਧਿਰਾਂ ਨੇ ਸਰਹੱਦੀ ਖੇਤਰਾਂ ਵਿੱਚ 'ਅਮਨ ਅਤੇ ਸਥਿਰਤਾ' ਬਣਾਈ ਰੱਖਣ 'ਤੇ ਵੀ ਸਹਿਮਤੀ ਪ੍ਰਗਟਾਈ ਹੈ।

ਕੁਝ ਭਾਰਤੀ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਚੀਨ ਨੇ ਭਾਰਤ ਲਈ ਧਰਤੀ ਦੀ ਕੁੱਖ ਵਿੱਚੋਂ ਮਿਲਣ ਵਾਲੇ ਦੁਰਲਭ ਖਣਿਜਾਂ (ਰੇਅਰ ਅਰਥ ਐਲੀਮੈਂਟਸ) ਦੀ ਪੂਰਤੀ ਯਕੀਨੀ ਬਣਾਉਣ ਦਾ ਭਰੋਸਾ ਦਵਾਇਆ ਹੈ।

ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਤਸਵੀਰ ਸਰੋਤ, narendramodi@x

ਤਸਵੀਰ ਕੈਪਸ਼ਨ, ਹਾਲ ਹੀ ਵਿੱਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਭਾਰਤ ਦੀ ਯਾਤਰਾ ਕੀਤੀ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ।

ਇਸ 'ਤੇ ਮਾਓ ਨਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਸਲੇ ਦੀ 'ਜਾਣਕਾਰੀ ਨਹੀਂ ਹੈ'। ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ "ਸਿਧਾਂਤਕ ਰੂਪ ਵਿੱਚ, ਚੀਨੀ ਧਿਰ ਦੇਸ਼ਾਂ ਨਾਲ ਸੰਵਾਦ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਚਾਹਵਾਨ ਹੈ ਤਾਂ ਕਿ ਗਲੋਬਲ ਪ੍ਰੋਡਕਸ਼ਨ ਅਤੇ ਸਪਲਾਈ ਚੇਨ ਬਿਨਾਂ ਕਿਸੇ ਰੁਕਾਵਟ ਦੇ ਚਲਦੀ ਰਹਿ ਸਕੇ।"

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਅਨੁਸਾਰ, ਚੀਨ ਭਾਰਤ ਦੀਆਂ ਕੁੱਲ ਖੇਤੀ ਖਾਦਾਂ ਦੀ ਕਰੀਬ 30% ਪੂਰਤੀ ਕਰਦਾ ਹੈ, ਨਾਲ ਹੀ ਆਟੋਮੋਬਾਈਲ ਪੁਰਜ਼ਿਆਂ ਲਈ ਰੇਅਰ ਅਰਥ ਐਲੀਮੈਂਟਸ ਅਤੇ ਸੜਕ ਤੇ ਸ਼ਹਿਰੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਲੋੜੀਂਦੀਆਂ ਸੁਰੰਗ ਬਣਾਉਣ ਵਾਲੀਆਂ ਮਸ਼ੀਨਾਂ ਵੀ ਮੁਹੱਈਆ ਕਰਵਾਉਂਦਾ ਹੈ।

ਕੁਝ ਮਸਲਿਆਂ ਉੱਤੇ ਬਿਆਨਾਂ ਵਿੱਚ ਅੰਤਰ

ਚੀਨ ਦੇ ਬਿਆਨ ਮੁਤਾਬਕ, ਵਾਂਗ-ਜੈਸ਼ੰਕਰ ਬੈਠਕ ਦੌਰਾਨ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ 'ਤਾਈਵਾਨ ਨੂੰ ਚੀਨ ਦਾ ਹਿੱਸਾ' ਕਿਹਾ।

ਪਰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ 19 ਅਗਸਤ ਨੂੰ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ "ਚੀਨੀ ਧਿਰ ਨੇ ਤਾਈਵਾਨ ਦਾ ਮੁੱਦਾ ਚੁੱਕਿਆ ਅਤੇ ਭਾਰਤ ਨੇ ਇਹ ਗੱਲ ਧਿਆਨ ਵਿੱਚ ਲਿਆਂਦੀ ਕਿ ਇਸ ਮੁੱਦੇ 'ਤੇ ਉਸ ਦੀ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।"

ਇਸ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਕਿ "ਦੁਨੀਆਂ ਦੇ ਹੋਰ ਦੇਸ਼ਾਂ ਦੀ ਤਰ੍ਹਾਂ, ਭਾਰਤ ਦੇ ਤਾਈਵਾਨ ਨਾਲ ਆਰਥਿਕ, ਤਕਨੀਕੀ ਅਤੇ ਸੱਭਿਆਚਾਰਕ ਸਬੰਧ ਹਨ ਅਤੇ ਇਹ ਅੱਗੇ ਵੀ ਜਾਰੀ ਰਹਿਣਗੇ।"

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 22 ਅਪ੍ਰੈਲ ਨੂੰ ਸੈਲਾਨੀਆਂ ਉੱਤੇ ਅੱਤਵਾਦੀ ਹਮਲੇ ਦੀ ਘਟਨਾ ਤੋਂ ਬਾਅਦ ਮਈ ਵਿੱਚ ਭਾਰਤੀ ਫੌਜ ਨੇ 'ਆਪਰੇਸ਼ਨ ਸਿੰਦੂਰ' ਦੇ ਤਹਿਤ ਪਾਕਿਸਤਾਨ ਵਿੱਚ ਸਥਿਤ 'ਅੱਤਵਾਦੀ ਢਾਂਚਿਆਂ' ਉੱਤੇ ਹਮਲਾ ਕੀਤਾ ਸੀ।

ਭਾਰਤੀ ਵਿਦੇਸ਼ ਮੰਤਰਾਲੇ ਦੇ ਬਿਆਨ ਵਿੱਚ ਕਿਹਾ ਗਿਆ, ਭਾਰਤ ਨੇ ਚੀਨ ਨਾਲ ਗੱਲਬਾਤ ਵਿੱਚ 'ਅੱਤਵਾਦ ਦਾ ਮੁੱਦਾ ਪਕਿਆਈ ਨਾਲ ਚੁੱਕਿਆ' ਅਤੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਮੂਲ ਉਦੇਸ਼ਾਂ ਵਿੱਚੋਂ ਇੱਕ 'ਅੱਤਵਾਦ ਦੀ ਬੁਰਾਈ ਦਾ ਮੁਕਾਬਲਾ ਕਰਨਾ ਸੀ'। ਭਾਰਤੀ ਬਿਆਨ ਮੁਤਾਬਕ, ਵਾਂਗ ਯੀ ਨੇ ਵੀ ਕਿਹਾ ਕਿ 'ਅੱਤਵਾਦ ਨਾਲ ਨਜਿੱਠਣ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।'

ਭਾਰਤ ਤੇ ਚੀਨ

ਤਸਵੀਰ ਸਰੋਤ, Getty Images

ਪਰ ਚੀਨ ਦੇ ਰੀਡਆਊਟ (ਬਿਆਨ) ਵਿੱਚ ਵਾਂਗ ਯੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਅਤੇ ਐੱਸ. ਜੈਸ਼ੰਕਰ ਅਤੇ ਡੋਵਾਲ ਨਾਲ ਬੈਠਕਾਂ ਦੌਰਾਨ 'ਅੱਤਵਾਦ ਦੇ ਮੁੱਦੇ ਦਾ ਕੋਈ ਜ਼ਿਕਰ ਨਹੀਂ ਸੀ।'

ਉੱਥੇ ਹੀ ਭਾਰਤੀ ਪ੍ਰੈੱਸ ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਜੈਸ਼ੰਕਰ ਨੇ ਤਿੱਬਤ ਵਿੱਚ ਯਾਰਲੁੰਗ ਸਾਂਗਪੋ (ਜਿਸ ਨੂੰ ਭਾਰਤ ਵਿੱਚ ਬ੍ਰਹਮਪੁੱਤਰ ਨਦੀ ਕਿਹਾ ਜਾਂਦਾ ਹੈ) ਦੇ ਹੇਠਲੇ ਹਿੱਸੇ 'ਤੇ ਚੀਨ ਦੇ ਤਜਵੀਜ਼ਸ਼ੁਦਾ ਮਹਾਂ ਡੈਮ ਬਾਰੇ ਭਾਰਤ ਦੀਆਂ ਚਿੰਤਾਵਾਂ ਦੱਸੀਆਂ ਗਈਆਂ ਅਤੇ ਇਸ ਦਿਸ਼ਾ ਵਿੱਚ 'ਪਾਰਦਰਸ਼ਿਤਾ ਦੀ ਲੋੜ' 'ਤੇ ਜ਼ੋਰ ਦਿੱਤਾ ਗਿਆ।

ਹਾਲਾਂਕਿ ਚੀਨ ਦੇ ਬਿਆਨ ਵਿੱਚ ਇਸ ਮੁੱਦੇ ਦਾ ਵੀ ਕੋਈ ਜ਼ਿਕਰ ਨਹੀਂ ਸੀ।

'ਅਮਰੀਕੀ ਟੈਰਿਫਾਂ ਦੀ ਬਦੌਲਤ ਭਾਰਤ-ਚੀਨ ਨੇੜੇ ਆ ਰਹੇ ਹਨ'

ਚੀਨ ਦੇ ਸਰਕਾਰੀ ਮੀਡੀਆ ਨੇ ਵਾਂਗ ਦੀ ਭਾਰਤ ਯਾਤਰਾ ਨੂੰ ਹਾਂਮੁਖੀ ਢੰਗ ਨਾਲ ਵੇਖਿਆ ਅਤੇ ਨਾਲ ਹੀ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਦੋਵੇਂ ਮੁਲਕ ਇੱਕ-ਦੂਜੇ ਨਾਲ ਬਿਹਤਰ ਸਬੰਧ ਬਣਾਉਣ ਦੇ ਚਾਹਵਾਨ ਹਨ। ਇਸ ਵਿੱਚ ਅਮਰੀਕਾ ਦੇ 'ਇਕਤਰਫ਼ਾ ਦਬਾਅ' ਪਾਉਣ ਦੀ ਨੀਤੀ ਦਾ ਵੀ ਜ਼ਿਕਰ ਕੀਤਾ।

ਅੰਗਰੇਜ਼ੀ ਵਿੱਚ ਛਪਦੇ ਸਰਕਾਰੀ ਅਖ਼ਬਾਰ 'ਚਾਈਨਾ ਡੇਲੀ' ਦੀ 19 ਅਗਸਤ ਨੂੰ ਛਪੀ ਸੰਪਾਦਕੀ ਵਿੱਚ ਕਿਹਾ ਗਿਆ ਕਿ ਵਾਂਗ ਦੀ ਭਾਰਤ ਫੇਰੀ ਨੂੰ ਵਿਆਪਕ ਰੂਪ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਤੈਅ ਤਿਆਨਜਿਨ ਐੱਸਸੀਓ ਸਿਖ਼ਰ ਸੰਮੇਲਨ ਯਾਤਰਾ ਦੀ ਤਿਆਰੀ ਵਜੋਂ ਵੇਖਿਆ ਜਾ ਰਿਹਾ ਹੈ।

ਸੰਪਾਦਕੀ ਵਿੱਚ ਇਹ ਵੀ ਕਿਹਾ ਗਿਆ ਕਿ ਅਮਰੀਕੀ ਪ੍ਰਸ਼ਾਸਨ ਜਦੋਂ 'ਦੁਨੀਆਂ ਦੇ ਬਾਕੀ ਦੇਸ਼ਾਂ ਦੇ ਖ਼ਿਲਾਫ਼ ਭਿਆਨਕ ਟੈਰਿਫ ਯੁੱਧ ਸਹੇੜ ਰਹੀ ਹੈ', ਤਾਂ ਭਾਰਤ, 'ਇਸ ਸਖ਼ਤ ਸੱਚਾਈ ਨੂੰ ਮੰਨਣ ਲਈ ਮਜਬੂਰ ਹੋਇਆ ਕਿ ਅਮਰੀਕਾ ਨਾਲ ਨੇੜਲੇ ਸਬੰਧ ਹੋਣ ਦੇ ਬਾਵਜੂਦ ਭਾਰਤ ਅਮਰੀਕੀ ਟੈਰਿਫ ਤੋਂ ਨਹੀਂ ਬਚ ਸਕਿਆ।

ਸੰਪਾਦਕੀ ਵਿੱਚ ਇਹ ਵੀ ਕਿਹਾ ਗਿਆ ਕਿ "ਭਾਰਤ, ਅਮਰੀਕੀ ਪ੍ਰਸ਼ਾਸਨ ਨਾਲ ਟਕਰਾਅ ਦੀ ਸਥਿਤੀ ਵਿੱਚ ਹੈ ਕਿਉਂਕਿ ਉਸ ਨੇ ਰੂਸੀ ਤੇਲ ਦੀ ਖਰੀਦ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਜਿਹੇ ਵਿੱਚ ਭਾਰਤ ਰਣਨੀਤਕ ਖੁਦਮੁਖਤਿਆਰੀ ਦੇ ਮਹੱਤਵ ਨੂੰ ਸਮਝ ਰਿਹਾ ਹੈ ਅਤੇ ਚੀਨ ਨਾਲ ਸਬੰਧ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਉਸ ਨੂੰ ਰਣਨੀਤਕ ਗੁੰਜਾਇਸ਼ ਅਤੇ ਨੀਤੀਗਤ ਲਚਕੀਲਾਪਣ ਮਿਲ ਸਕੇ।"

ਭਾਰਤ ਤੇ ਚੀਨ ਦਾ ਝੰਡਾ

ਤਸਵੀਰ ਸਰੋਤ, Getty Images

ਸਰਕਾਰੀ ਅਖ਼ਬਾਰ 'ਗਲੋਬਲ ਟਾਈਮਜ਼' ਦੀ ਇੱਕ ਰਿਪੋਰਟ ਵਿੱਚ ਵੀ ਕਿਹਾ ਗਿਆ ਹੈ ਕਿ ਭਾਰਤ ਏਸ਼ੀਆਈ ਮੰਡੀਆਂ ਵੱਲ ਝੁੱਕ ਰਿਹਾ ਹੈ ਕਿਉਂਕਿ 'ਨਿਰਯਾਤ ਲਈ ਅਮਰੀਕੀ ਬਾਜ਼ਾਰ 'ਤੇ ਉਸ ਦੀ ਬੇਹਿਸਾਬੀ ਨਿਰਭਰਤਾ ਵਧਦੇ ਟੈਰਿਫ ਦੇ ਮੱਦੇਨਜ਼ਰ ਇੱਕ ਕਮਜ਼ੋਰੀ ਬਣ ਗਈ ਹੈ।'

ਨੈਸ਼ਨਲਿਸਟ ਨਿਊਜ਼ ਅਤੇ ਕਮੈਂਟਰੀ ਵੈਬਸਾਈਟ 'ਗਵਾਂਚਾ' ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਫੁਦਾਨ ਯੂਨੀਵਰਸਿਟੀ ਦੇ ਲਿਨ ਮਿਨਵਾਂਗ ਦੇ ਇੱਕ ਟਿੱਪਣੀ ਨੂੰ ਜਗ੍ਹਾ ਦਿੱਤੀ ਗਈ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ "ਭਾਰਤ ਚੀਨ ਨਾਲ ਸਬੰਧ ਸੁਧਾਰ ਕੇ ਅਮਰੀਕਾ ਨਾਲ ਆਪਣੀ ਸੌਦੇਬਾਜ਼ੀ ਦੀ ਤਾਕਤ ਵਧਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।"

ਹਾਲਾਂਕਿ, ਲਿਨ ਨੇ ਇਹ ਵੀ ਜੋੜਿਆ ਕਿ "ਚੀਨ ਬਿਹਤਰ ਸਬੰਧਾਂ ਦਾ ਸਵਾਗਤ ਕਰਦਾ ਹੈ, ਪਰ ਕੌਮੀ ਹਿੱਤਾਂ ਨਾਲ ਜੁੜੇ ਮਾਮਲਿਆਂ ਉੱਤੇ ਕਦੇ ਸਮਝੌਤਾ ਨਹੀਂ ਕਰੇਗਾ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)