ਕੰਗਨਾ ਬਾਰੇ ਦਿੱਤੇ ਇਤਰਾਜ਼ਯੋਗ ਬਿਆਨ ਮਗਰੋਂ ਸਿਮਰਨਜੀਤ ਮਾਨ ਦਾ ਕਿਸ-ਕਿਸ ਨੇ ਕੀਤਾ ਵਿਰੋਧ, ਪੁਰਾਣੇ ਵਿਵਾਦ ਕੀ ਰਹੇ

ਸਿਮਰਨਜੀਤ ਸਿੰਘ ਮਾਨ ਵੱਲੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਬਾਰੇ ਦਿੱਤੇ ਗਏ ਇਤਰਾਜ਼ਯੋਗ ਬਿਆਨ ਤੋਂ ਬਾਅਦ ਹਰਿਆਣਾ ਮਹਿਲਾ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ।

ਕਮਿਸ਼ਨ ਨੇ ਸਿਮਰਨਜੀਤ ਸਿੰਘ ਮਾਨ ਨੂੰ 5 ਦਿਨਾਂ ਦੇ ਅੰਦਰ-ਅੰਦਰ ਮੁਆਫ਼ੀ ਮੰਗਣ ਲਈ ਕਿਹਾ ਹੈ।

ਵੀਰਵਾਰ ਨੂੰ ਕਮਿਸ਼ਨ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਐੱਮਪੀ ਰਹੇ ਮਾਨ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੰਗਨਾ ਰਣੌਤ ਬਾਰੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਗਈ।

ਨੋਟਿਸ ਵਿੱਚ ਅੱਗੇ ਲਿਖਿਆ ਹੈ, “ਤੁਹਾਨੂੰ ਇਹ ਹੁਕਮ ਦਿੱਤੇ ਜਾਂਦੇ ਹਨ ਕਿ ਤੁਸੀਂ 5 ਦਿਨਾਂ ਦੇ ਅੰਦਰ-ਅੰਦਰ ਜਨਤਕ ਤੌਰ ਉੱਤੇ ਮੁਆਫ਼ੀ ਮੰਗਦੇ ਹੋਏ ਇਸ ਕਮਿਸ਼ਨ ਵਿੱਚ ਆਪਣਾ ਲਿਖਤੀ ਸਪੱਸ਼ਟੀਕਰਨ ਪਹੁੰਚਾਉਣਾ ਯਕੀਨੀ ਕਰੋ।”

ਮਾਨ ਦੇ ਇਤਰਾਜ਼ਯੋਗ ਬਿਆਨ 'ਤੇ ਕੰਗਨਾ ਦੀ ਪ੍ਰਤੀਕਿਰਿਆ

ਸਿਮਰਨਜੀਤ ਸਿੰਘ ਦੇ ਬਿਆਨ ਉੱਤੇ ਕੰਗਨਾ ਰਣੌਤ ਨੇ ਵੀ ਆਪਣੇ 'ਐਕਸ' ਅਕਾਊਂਟ ਉੱਤੇ ਪ੍ਰਤੀਕਿਰਿਆ ਦਿੱਤੀ।

ਕੰਗਨਾ ਨੇ ਲਿਖਿਆ, "ਇਵੇਂ ਜਾਪ ਰਿਹਾ ਹੈ ਕਿ ਇਹ ਦੇਸ਼ ਕਦੇ ਵੀ ਰੇਪ ਨੂੰ ਮਾਮੂਲੀ ਗੱਲ ਮੰਨਣ ਤੋਂ ਨਹੀਂ ਝਿਜਕੇਗਾ । ਅੱਜ ਇਹ ਸੀਨੀਅਰ ਨੇਤਾ ਬਲਾਤਕਾਰ ਦਾ ਸ਼ਿਕਾਰ ਹੋਣ ਦੀ ਤੁਲਨਾ ਸਾਈਕਲ ਚਲਾਉਣ ਦੇ ਨਾਲ ਕਰ ਰਹੇ ਹਨ।"

"ਹੈਰਾਨੀ ਦੀ ਗੱਲ ਨਹੀਂ ਕਿ ਔਰਤਾਂ ਖ਼ਿਲਾਫ ਰੇਪ ਅਤੇ ਹਿੰਸਾ ਮਜ਼ੇ ਦੀ ਗੱਲ ਮੰਨੀ ਜਾਂਦੀ ਹੈ। ਮਰਦ ਪ੍ਰਧਾਨ ਦੇਸ਼ ਦੀ ਮਾਨਸਿਕਤਾ ਵਿੱਚ ਇਹ ਇੰਨੀ ਗਹਿਰਾਈ ਨਾਲ ਰਚਿਆ ਹੋਇਆ ਕਿ ਅਜਿਹਾ ਔਰਤਾਂ ਦਾ ਅਪਮਾਨ ਕਰਨ ਅਤੇ ਛੇੜਨ ਲਈ ਕੀਤਾ ਜਾਂਦਾ ਹੈ। ਫਿਰ ਚਾਹੇ ਉਹ ਉੱਚ ਪੱਧਰੀ ਫਿਲਮਸਾਜ਼ ਹੋਣ ਜਾਂ ਸਿਆਸਤਦਾਨ ਹੀ ਕਿਉਂ ਨਾ ਹੋਣ।"

ਸੁਖਜਿੰਦਰ ਸਿੰਘ ਰੰਧਾਵਾ ਨੇ ਕੀ ਕਿਹਾ

ਗੁਰਦਾਸਪੁਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਸਿਮਰਨਜੀਤ ਸਿੰਘ ਮਾਨ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਕਿਹਾ, “ਕਿਸੇ ਵੀ ਮਹਿਲਾ ਬਾਰੇ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ, ਸਿੱਖ ਧਰਮ ਵਿੱਚ ਔਰਤਾਂ ਦਾ ਸਨਮਾਨ ਕੀਤਾ ਜਾਂਦਾ ਹੈ।”

ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਨੂੰ ਵੀ ਆਪਣੇ ਉੱਤੇ ਕਾਬੂ ਰੱਖਣਾ ਚਾਹੀਦਾ ਹੈ।

ਕਾਂਗਰਸੀ ਆਗੂ ਸੁਪ੍ਰੀਆ ਸ਼੍ਰੀਨੇਤ ਨੇ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਿਹਾ, “ਇੱਕ ਚੰਗੇ ਸਮਾਜ ਵਿੱਚ ਅਜਿਹੇ ਸ਼ਬਦ ਬਿਲਕੁਲ ਨਹੀਂ ਬੋਲਣੇ ਚਾਹੀਦੇ, ਮੈਂ ਇਸ ਦਾ ਵਿਰੋਧ ਕਰਦੀ ਹਾਂ।”

ਉਨ੍ਹਾਂ ਨੇ ਕੰਗਨਾ ਰਣੌਤ ਵੱਲੋਂ ਜਾਤ ਅਧਾਰਤ ਮਰਦਮਸ਼ੁਮਾਰੀ ਨਾ ਹੋਣ ਬਾਰੇ ਦਿੱਤੇ ਗਏ ਬਿਆਨ ਉੱਤੇ ਭਾਰਤੀ ਜਨਤਾ ਪਾਰਟੀ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।

ਮਾਨ ਨੇ ਆਪਣੇ 'ਐਕਸ' ਹੈਂਡਲ 'ਤੇ ਕੀ ਲਿਖਿਆ

ਸਿਮਰਨਜੀਤ ਸਿੰਘ ਮਾਨ ਨੇ ਆਪਣੇ ਐਕਸ ਹੈਂਡਲ ’ਤੇ ਲਿਖਿਆ, “ਮੇਰੀ ਪਾਰਟੀ ਅਤੇ ਮੈਂ ਔਰਤਾਂ ਦੀ ਰੱਖਿਆ ਅਤੇ ਸੁਰੱਖਿਆ ਲਈ ਹਮੇਸ਼ਾ ਖੜ੍ਹੇ ਹਾਂ।”

ਉਨ੍ਹਾਂ ਨੇ ਕੰਗਨਾ ਰਣੌਤ ਦੇ ਕਿਸਾਨ ਅੰਦੋਲਨ ਬਾਰੇ ਦਿੱਤੇ ਗਏ ਬਿਆਨ ਬਾਰੇ ਲਿਖਿਆ, “ਰੇਪ ਇੱਕ ਘਿਨਾਉਣਾ ਅਪਰਾਧ ਹੈ ਜਿਸ ਦਾ ਇਲਜ਼ਾਮ ਮੰਡੀ ਤੋਂ ਭਾਜਪਾ ਦੀ ਐੱਮਪੀ ਕੰਗਨਾ ਰਣੌਤ ਨੇ ਕਿਸਾਨਾਂ ਉੱਤੇ ਲਗਾਇਆ।”

ਉਨ੍ਹਾਂ ਨੇ ਕੰਗਨਾ ਉੱਤੇ ਸਿੱਖਾਂ, ਕਿਸਾਨਾਂ ਅਤੇ ਖੇਤ ਮਜਦੂਰਾਂ ਪ੍ਰਤੀ ਗਲਤ ਸੂਚਨਾ ਫੈਲਾਉਣਾ ਦਾ ਵੀ ਇਲਜ਼ਾਮ ਲਗਾਇਆ।

ਉਨ੍ਹਾਂ ਨੇ ਆਪਣੇ ਬਿਆਨ ਵਿੱਚ ਭਾਰਤ ਵਿੱਚ ਔਰਤਾਂ ਦੀ ਸੁਰੱਖਿਆ ਬਾਰੇ ਵੀ ਸਵਾਲ ਚੁੱਕਿਆ।

ਸਿਮਰਨਜੀਤ ਸਿੰਘ ਮਾਨ ਪਹਿਲਾਂ ਕਦੋਂ ਵਿਵਾਦਾਂ ਵਿੱਚ ਆਏ

ਜੁਲਾਈ 2022 ਵਿੱਚ ਸਿਮਰਨਜੀਤ ਸਿੰਘ ਮਾਨ ਭਗਤ ਸਿੰਘ ਬਾਰੇ ਦਿੱਤੇ ਵਿਵਾਦਤ ਬਿਆਨ ਮਗਰੋਂ ਵੀ ਚਰਚਾ ਵਿੱਚ ਆਏ ਸਨ।

ਉਨ੍ਹਾਂ ਨੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਲਈ 'ਦਹਿਸ਼ਤਗਰਦ' ਸ਼ਬਦ ਵਰਤਿਆ ਸੀ।

ਇਸ ਮਗਰੋਂ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਡਾ ਸਣੇ ਕਈ ਆਗੂਆਂ ਨੇ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ ਸੀ।

ਜੂਨ 2018 ਵਿੱਚ ਬੋਲਦਿਆਂ ਸਿਮਰਨਜੀਤ ਸਿੰਘ ਮਾਨ ਨੇ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਕੁਮਾਰੀ ਮਾਇਆਵਤੀ ਬਾਰੇ ਵੀ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਸੀ।

ਸਿਮਰਨਜੀਤ ਸਿੰਘ ਮਾਨ ਖਾਲਿਸਤਾਨ (ਸਿੱਖਾਂ ਦੇ ਵੱਖਰੇ ਮੁਲਕ) ਦੀ ਮੰਗ ਦੇ ਸਮਰਥਕ ਹਨ।

20 ਮਈ, 1945 ਨੂੰ ਸ਼ਿਮਲਾ (ਹਿਮਾਚਲ ਪ੍ਰਦੇਸ਼) ਵਿੱਚ ਪੈਦਾ ਹੋਏ ਸਿਮਰਨਜੀਤ ਸਿੰਘ ਮਾਨ ਦੇ ਪਿਤਾ ਦਾ ਨਾਮ ਜੋਗਿੰਦਰ ਸਿੰਘ ਮਾਨ ਅਤੇ ਮਾਂ ਦਾ ਨਾਮ ਗੁਰਬਚਨ ਕੌਰ ਹੈ।

77 ਸਾਲ ਦੇ ਸਿਮਰਨਜੀਤ ਸਿੰਘ ਮਾਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਤਲਾਨੀਆ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਪਤਨੀ ਦਾ ਨਾਮ ਗੀਤਇੰਦਰ ਕੌਰ ਹੈ।

ਸਿਮਰਨਜੀਤ ਸਿੰਘ ਮਾਨ ਆਈਪੀਐੱਸ ਰਹਿ ਚੁੱਕੇ ਹਨ ਅਤੇ ਉਨ੍ਹਾਂ ਆਪਰੇਸ਼ਨ ਬਲੂ ਸਟਾਰ ਦੇ ਖ਼ਿਲਾਫ਼ ਮੁਜ਼ਾਹਰੇ ਦੇ ਪ੍ਰਤੀਕ ਵਜੋਂ ਅਸਤੀਫ਼ਾ ਦੇ ਦਿੱਤਾ ਸੀ।

ਸਿਮਰਨਜੀਤ ਸਿੰਘ ਮਾਨ ਸੰਗਰੂਰ ਲੋਕ ਸਭਾ ਹਲਕੇ ਤੋਂ ਸਾਲ 2022 ਵਿੱਚ ਜ਼ਿਮਨੀ ਚੋਣ ਜਿੱਤੇ ਸਨ।

2024 ਦੀਆਂ ਲੋਕ ਸਭਾ ਚੋਣਾਂ ਵਿੱਚ ਉਹ ਤੀਜੇ ਥਾਂ ਉੱਤੇ ਰਹੇ।

ਕੰਗਨਾ ਰਣੌਤ ਨਾਲ ਜੁੜੇ ਵਿਵਾਦ

ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ 'ਚ ਕਿਸਾਨ ਅੰਦੋਲਨ 'ਤੇ ਬਿਆਨ ਦਿੱਤਾ ਅਤੇ ਇਸ ਨੂੰ ਬੰਗਲਾਦੇਸ਼ ਦੀ ਘਟਨਾ ਨਾਲ ਜੋੜਿਆ ਸੀ।

ਉਨ੍ਹਾਂ ਨੇ ਕਿਹਾ ਸੀ, "ਇੱਥੇ ਜੋ ਕਿਸਾਨ ਅੰਦੋਲਨ ਹੋਏ, ਉੱਥੇ ਲਾਸ਼ਾਂ ਲਟਕੀਆਂ ਸਨ, ਉੱਥੇ ਬਲਾਤਕਾਰ ਹੋ ਰਹੇ ਸਨ..."

ਕੰਗਨਾ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਭਾਰਤ ਵਿੱਚ ਚੀਨ ਅਤੇ ਅਮਰੀਕਾ ਵਰਗੀਆਂ ਵਿਦੇਸ਼ੀ ਸ਼ਕਤੀਆਂ ਕੰਮ ਕਰਦੀਆਂ ਹਨ।

ਭਾਜਪਾ ਨੇ ਕੰਗਨਾ ਰਣੌਤ ਨੂੰ ਸਖ਼ਤ ਹਦਾਇਤ ਦਿੰਦੇ ਹੋਏ ਕਿਹਾ ਕਿ ਉਹ ਭਵਿੱਖ ਵਿੱਚ ਅਜਿਹਾ ਕੋਈ ਬਿਆਨ ਨਾ ਦੇਣ।

ਭਾਜਪਾ ਦੇ ਕੇਂਦਰੀ ਮੀਡੀਆ ਵਿਭਾਗ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਜਪਾ ਸੰਸਦ ਕੰਗਨਾ ਰਣੌਤ ਵੱਲੋਂ ਕਿਸਾਨ ਅੰਦੋਲਨ 'ਤੇ ਦਿੱਤਾ ਗਿਆ ਬਿਆਨ ਪਾਰਟੀ ਦੀ ਰਾਇ ਨਹੀਂ ਹੈ।

ਇਸ ਤੋਂ ਪਹਿਲਾਂ ਵੀ ਕੰਗਨਾ ਰਣੌਤ ਕਿਸਾਨ ਅੰਦੋਲਨ ਨਾਲ ਜੁੜੀਆਂ ਮਹਿਲਾਵਾਂ ਬਾਰੇ ਵਿਵਾਦਤ ਬਿਆਨ ਦੇ ਚੁੱਕੇ ਹਨ।

ਜੁਲਾਈ 2024 ਵਿੱਚ ਕੁਲਵਿੰਦਰ ਕੌਰ ਨਾਂ ਦੀ ਸੀਆਈਐੱਸਐਫ ਦੀ ਮਹਿਲਾ ਕੌਂਸਟੇਬਲ ਵੱਲੋਂ ਕੰਗਨਾ ਰਣੌਤ ਦੇ ਚੰਡੀਗੜ੍ਹ ਏਅਰਪੋਰਟ ਉੱਤੇ ਥੱਪੜ ਮਾਰਿਆ ਗਿਆ ਸੀ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)