ਕੰਗਨਾ ਨੇ ਫ਼ਿਲਮ ਐਮਰਜੈਂਸੀ ਦੇ ਰਿਲੀਜ਼ ਹੋਣ ਦਾ ਕੀਤਾ ਐਲਾਨ, ਭਿੰਡਰਾਵਾਲੇ ਤੇ ਸਿੱਖਾਂ ਦੇ ਕਿਰਦਾਰ ਨਾਲ ਕਿਹੜਾ ਵਿਵਾਦ ਖੜ੍ਹਾ ਹੋਇਆ ਸੀ

    • ਲੇਖਕ, ਰਾਜਵੀਰ ਕੌਰ ਗਿੱਲ
    • ਰੋਲ, ਬੀਬੀਸੀ ਪੱਤਰਕਾਰ

ਅਦਾਕਾਰਾ ਅਤੇ ਮੰਡੀ ਤੋਂ ਲੋਕ ਸਭਾ ਮੈਂਬਰ ਕੰਗਨਾ ਰਣੌਤ ਦੀ ਵਿਵਾਦਿਤ ਫ਼ਿਲਮ "ਐਮਰਜੈਂਸੀ" ਨੂੰ ਹਰੀ ਝੰਡੀ ਮਿਲੀ ਗਈ ਹੈ।

ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਇਹ ਫ਼ਿਲਮ 17 ਜਨਵਰੀ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

ਦਰਅਸਲ ਜਦੋਂ 14 ਅਗਸਤ ਨੂੰ ਭਾਰਤ ਵਿੱਚ ਐਮਰਜੈਂਸੀ ਦੇ ਸਮੇਂ ਨੂੰ ਦਰਸਾਉਂਦੀ ਇੱਕ ਫ਼ਿਲਮ ਦਾ ਟਰੇਲਰ ਸੋਸ਼ਲ ਮੀਡੀਆ ਉੱਤੇ ਰਿਲੀਜ਼ ਹੁੰਦਿਆਂ ਹੀ ਫ਼ਿਲਮ ਵਿਵਾਦਾਂ ਵਿੱਚ ਘਿਰ ਗਈ ਸੀ।

‘ਐਮਰਜੈਂਸੀ’ ਨਾਮ ਹੇਠ ਬਣੀ ਇਸ ਫ਼ਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਕੰਗਨਾ ਰਣੌਤ ਹਨ।

ਉਨ੍ਹਾਂ ਨੇ ਫ਼ਿਲਮ ਵਿੱਚ ਐਮਰਜੈਂਸੀ ਸਮੇਂ ਦੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਵੀ ਨਿਭਾਇਆ ਹੈ।

ਭਾਰਤ ਵਿੱਚ ਪਹਿਲੀ ਅੰਦਰੂਨੀ ਐਮਰਜੈਂਸੀ ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਹੁੰਦਿਆਂ 1975 ਵਿੱਚ ਲਗਾਈ ਗਈ। ਇਹ ਐਮਰਜੈਂਸੀ 25-26 ਜੂਨ, 1975 ਤੋਂ 18 ਜਨਵਰੀ, 1977 ਤੱਕ ਐਮਰਜੈਂਸੀ ਲਾਗੂ ਰਹੀ।

ਤਤਕਾਲੀ ਰਾਸ਼ਟਰਪਤੀ ਫਖਰੁੱਦੀਨ ਅਲੀ ਅਹਿਮਦ ਨੇ ਧਾਰਾ 352 ਤਹਿਤ ਦੇਸ਼ ਵਿੱਚ ਵੱਧ ਰਹੀਆਂ 'ਅੰਦਰੂਨੀ ਗੜਬੜੀਆਂ' ਦਾ ਹਵਾਲਾ ਦਿੰਦਿਆਂ ਐਮਰਜੈਂਸੀ ਦੇ ਹੁਕਮ ਜਾਰੀ ਕੀਤੇ ਸਨ।

ਇਸ ਦੌਰਾਨ ਵਿਰੋਧੀ ਧਿਰ ਦੇ ਸਾਰੇ ਹੀ ਪ੍ਰਮੁੱਖ ਆਗੂਆਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ ਸੀ।

ਇਸ ਸਮੇਂ ਨੂੰ ਭਾਰਤ ਵਿੱਚ ਐਮਰਜੈਂਸੀ ਕਾਲ ਕਿਹਾ ਜਾਂਦਾ ਹੈ, ਇਸੇ ਉੱਤੇ ਫਿਲਮ ਬਣਾਉਣ ਦਾ ਦਾਅਵਾ ਕੰਗਨਾ ਰਨੌਤ ਕਰ ਰਹੇ ਹਨ।

ਫ਼ਿਲਮ ਦਾ ਵਿਰੋਧ ਕਰਨ ਵਾਲਿਆਂ ਵਿੱਚ ਫ਼ਰੀਦਕੋਟ ਤੋਂ ਆਜ਼ਾਦ ਚੋਣ ਲੜ ਕੇ ਸੰਸਦ ਮੈਂਬਰ ਬਣੇ ਸਰਬਜੀਤ ਸਿੰਘ ਖ਼ਾਲਸਾ ਅਤੇ ਕੁਝ ਸਿੱਖ ਆਗੂ ਸ਼ਾਮਲ ਹਨ।

ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉੱਤੇ ਫ਼ਿਲਮ ਵਿੱਚ ਜਿਸ ਤਰੀਕੇ ਨਾਲ ਇੰਦਰਾ ਗਾਂਧੀ ਨੂੰ ਪੇਸ਼ ਗਿਆ ਹੈ, ਉਸ ਉੱਤੇ ਇਤਰਾਜ਼ ਜ਼ਾਹਰ ਕੀਤਾ ਜਾ ਰਿਹਾ ਹੈ।

ਸਰਬਜੀਤ ਸਿੰਘ ਖ਼ਾਲਸਾ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ ਕਤਲ ਕਰਨ ਵਾਲੇ ਬੇਅੰਤ ਸਿੰਘ ਦੇ ਪੁੱਤਰ ਹਨ।

ਖ਼ਾਲਸਾ ਦਾ ਇਲਜ਼ਾਮ ਹੈ ਕਿ ਫ਼ਿਲਮ ਵਿੱਚ ਸਿੱਖਾਂ ਬਾਰੇ ਗ਼ਲਤ ਤਰੀਕੇ ਨਾਲ ਪੇਸ਼ ਕਰਕੇ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਗਈ ਹੈ। ਉਨ੍ਹਾਂ ਨੇ ਕੇਂਦਰੀ ਸੰਸਦ ਬੋਰਡ ਤੋਂ ਫ਼ਿਲਮ ਦੀ ਰਿਲੀਜ਼ ਉੱਤੇ ਰੋਕ ਲਾਉਣ ਦੀ ਮੰਗ ਵੀ ਕੀਤੀ ਸੀ।

ਹਾਲਾਂਕਿ, ਕਈ ਸੋਸ਼ਲ ਮੀਡੀਆ ਯੂਜ਼ਰ ਕੰਗਨਾ ਵਲੋਂ ਨਿਭਾਈ ਗਈ ਇੰਦਰਾ ਗਾਂਧੀ ਦੀ ਭੂਮਿਕਾ ਦੀ ਤਾਰੀਫ਼ ਵੀ ਕਰ ਰਹੇ ਹਨ।

ਪੰਜਾਬ ਦੇ ਅਮਨ-ਕਾਨੂੰਨ ਲਈ ਖ਼ਤਰਾ - ਖ਼ਾਲਸਾ

ਸਰਬਜੀਤ ਸਿੰਘ ਖਾਲਸਾ ਫ਼ਰੀਦਕੋਟ ਹਲਕੇ ਤੋਂ ਆਜ਼ਾਦ ਲੋਕ ਸਭਾ ਚੋਣ ਲੜੇ ਅਤੇ ਜਿੱਤੇ ਸਨ।

ਉਹ ਆਪਣੇ ਚੋਣ ਜਲਸਿਆਂ ਵਿੱਚ ਆਪਣੇ ਪਿਤਾ ਬੇਅੰਤ ਸਿੰਘ ਵੱਲੋਂ 'ਆਪਰੇਸ਼ਨ ਬਲੂ ਸਟਾਰ" ਦਾ ਬਦਲਾ ਲੈਣ ਦੀ ਗੱਲ ਅਕਸਰ ਕਰਦੇ ਸੁਣੇ ਗਏ ਸਨ।

ਸਰਬਜੀਤ ਸਿੰਘ ਖ਼ਾਲਸਾ ਨੇ ਐਮਰਜੈਂਸੀ ਫਿਲਮ ਦੇ ਟਰੇਲਰ ਉੱਤੇ ਆਪਣਾ ਇਤਰਾਜ਼ ਜਤਾਉਂਦਿਆਂ ਫ਼ੇਸਬੁੱਕ ਉੱਤੇ ਇੱਕ ਪੋਸਟ ਸਾਂਝੀ ਕੀਤੀ ਸੀ।

ਉਨ੍ਹਾਂ ਕਿਹਾ ਸੀ, ‘ਨਵੀਂ ਫਿਲਮ ‘ਐਮਰਜੈਂਸੀ’ ਵਿੱਚ ਸਿੱਖਾਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਦੀਆਂ ਖਬਰਾਂ ਹਨ, ਜਿਸ ਕਾਰਨ ਸਮਾਜ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿਗੜਨ ਦਾ ਖਦਸ਼ਾ ਹੈ। ਜੇਕਰ ਇਸ ਫਿਲਮ ਵਿੱਚ ਸਿੱਖਾਂ ਨੂੰ ਵੱਖਵਾਦੀ ਜਾਂ ਅੱਤਵਾਦੀ ਵਜੋਂ ਦਿਖਾਇਆ ਗਿਆ ਹੈ ਤਾਂ ਇਹ ਇੱਕ ਡੂੰਘੀ ਸਾਜ਼ਿਸ਼ ਹੈ।”

ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਸਰਬਜੀਤ ਸਿੰਘ ਖ਼ਾਲਸਾ ਨੇ ਕਿਹਾ ਸੀ, “ਫ਼ਿਲਮ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਨੂੰ ਖ਼ਾਲਿਸਤਾਨ ਦੀ ਮੰਗ ਕਰਦੇ ਦਿਖਾਇਆ ਗਿਆ ਹੈ। ਜੋ ਕਿ ਇੱਕ ਗ਼ਲਤ ਤੱਥ ਹੈ।”

ਖ਼ਾਲਸਾ ਦਾ ਦਾਅਵਾ ਹੈ ਕਿ ਭਿੰਡਰਾਵਾਲਾ ਨੇ ਕਦੀ ਵੀ ਖ਼ਾਲਿਸਤਾਨ ਦੀ ਮੰਗ ਨਹੀਂ ਸੀ ਕੀਤੀ।

ਉਨ੍ਹਾਂ ਕਿਹਾ ਸੀ ਕਿ, “ਸਿੱਖਾਂ ਦੇ ਕਿਰਦਾਰ ਨੂੰ ਗ਼ਲਤ ਤਰੀਕੇ ਨਾਲ ਉਲੀਕਿਆ ਗਿਆ ਹੈ। ਅਸੀਂ ਇਸ ਫ਼ਿਲਮ ਦੀ ਰਿਲੀਜ਼ ਉੱਤੇ ਪਾਬੰਦੀ ਦੀ ਮੰਗ ਕਰਦੇ ਹਾਂ। ਕਿਉਂਕਿ ਇਹ ਸਿੱਖਾਂ ਦੀ ਅਸਲੀਅਤ ਤੋਂ ਦੂਰ ਹੈ।”

ਖ਼ਾਲਸਾ ਨੇ ਫ਼ਿਲਮ ਨੂੰ ਸਿੱਖਾਂ ਪ੍ਰਤੀ ਹੋਰਨਾਂ ਕੌਮਾਂ ਅੰਦਰ ਨਫ਼ਰਤ ਪੈਦਾ ਕਰਨ ਲਈ ਇੱਕ ਮਨੋਵਿਗਿਆਨਕ ਹਮਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਉੱਪਰ ਅਗਾਊਂ ਨੋਟਿਸ ਲੈਂਦਿਆਂ ਰੋਕ ਲਗਾਉਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਕੱਟੜਪੰਥੀ ਦਿਖਾਉਣਾ ‘ਇੱਕ ਡੂੰਘੀ ਸਾਜਿਸ਼’ ਹੈ।

ਗਿਆਨੀ ਰਘਬੀਰ ਸਿੰਘ ਦੀ ਕੀ ਪ੍ਰਤੀਕਿਰਿਆ ਸੀ

ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿੰਦਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਸੀ ਕਿ ਸਿੱਖ ਆਪਣੇ ਸ਼ਹੀਦਾਂ-ਮੁਰੀਦਾਂ ਦੀ ਫਿਲਮਾਂ ਵਿੱਚ ਨਕਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ।

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਸੀ, "ਕੰਗਣਾ ਰਣੌਤ ਦੀ ਆਉਣ ਵਾਲੀ ਫਿਲਮ ‘ਐਮਰਜੈਂਸੀ’ ਵਿਚ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਕਿਰਦਾਰ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਹੈ।"

"ਇੱਕ ਪਾਸੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਬਣੀ ਫਿਲਮ ਵਿਚ 80 ਤੋਂ ਵੱਧ ਕੱਟ ਲਗਾਉਣ ਤੋਂ ਬਾਅਦ ਵੀ ਭਾਰਤੀ ਸੈਂਸਰ ਬੋਰਡ ਵਲੋਂ ਉਸ ਨੂੰ ਜਾਰੀ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ।"

"ਜਦਕਿ 1947 ਦੀ ਵੰਡ ਤੋਂ ਬਾਅਦ ਭਾਰਤੀ ਹਕੂਮਤਾਂ ਵੱਲੋਂ ਸਿੱਖਾਂ ਨਾਲ ਕੀਤੀਆਂ ਬੇਇਨਸਾਫੀਆਂ ਅਤੇ ਸਿੱਖਾਂ ਵਲੋਂ ਆਪਣੇ ਹੱਕਾਂ ਦੀ ਆਵਾਜ਼ ਉਠਾਉਣ ਦੇ ਬਦਲੇ ਵਿਚ ਭਾਰਤ ਸਰਕਾਰ ਵੱਲੋਂ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ‘ਤੇ ਕੀਤੇ ਕਹਿਰੀ ਹਮਲੇ ਦੇ ਸੰਦਰਭ ਨੂੰ ਅੱਖੋਂ-ਪਰੋਖੇ ਕਰਕੇ ਸਿੱਖ ਕੌਮ ਬਾਰੇ ਗਲਤ ਤੱਥ ਪੇਸ਼ ਕਰਨ ਵਾਲੀ ‘ਐਮਰਜੈਂਸੀ’ ਫਿਲਮ ਨੂੰ ਪ੍ਰਵਾਨਗੀ ਦੇ ਕੇ ਸਿੱਧੇ ਤੌਰ ‘ਤੇ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਵਾਲੇ ਹਾਲਾਤ ਬਣਾਏ ਜਾ ਰਹੇ ਹਨ।"

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ‘ਐਮਰਜੈਂਸੀ’ ਫਿਲਮ ਵਿਚਲੇ ਇਤਰਾਜ਼ਯੋਗ ਅਤੇ ਸਿੱਖਾਂ ਦੇ ਅਕਸ ਤੇ ਇਤਿਹਾਸ ਦੀ ਗ਼ਲਤ ਪੇਸ਼ਕਾਰੀ ਕਰਨ ਵਾਲੇ ਦ੍ਰਿਸ਼ਾਂ ਨੂੰ ਨਾ ਹਟਾਇਆ ਤਾਂ ਨਿਕਲਣ ਵਾਲੇ ਕਿਸੇ ਵੀ ਤਰ੍ਹਾਂ ਦੇ ਸਿੱਟਿਆਂ ਦੀ ਜ਼ਿੰਮੇਵਾਰ ਸਿੱਧੇ ਤੌਰ ‘ਤੇ ਸਰਕਾਰ ਹੋਵੇਗੀ।

ਹੋਰ ਕਿਹੜੇ ਪ੍ਰਤੀਕਰਮ ਆਏ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਵੀ ਇਸ ਫ਼ਿਲਮ ਉੱਤੇ ਇਤਰਾਜ਼ ਜਤਾਇਆ ਸੀ।

ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਇਸ ਬਾਰੇ ਇੱਕ ਵੀਡੀਓ ਜਾਰੀ ਕੀਤੀ ਸੀ।

ਗਰੇਵਾਲ ਨੇ ਇਲਜ਼ਾਮ ਲਾਇਆ ਕਿ, “ਐਮਰਜੈਂਸੀ ਜਿਹੜੀ ਕਿ ਇੰਦਰਾ ਗਾਂਧੀ ਦੇ ਪਤਨ ਦਾ ਕਾਰਨ ਬਣੀ। ਇਸੇ ਤੋਂ ਬਾਅਦ 1984 ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਹਮਲਾ ਕੀਤਾ ਗਿਆ ਸੀ। ਉਸ ਬਾਰੇ ਆ ਰਹੀ ਫ਼ਿਲਮ ਕੰਗਨਾ ਰਣੌਤ ਵੱਲੋਂ ਬਣਾਈ ਗਈ ਹੈ।”

ਉਨ੍ਹਾਂ ਕਿਹਾ ਕਿ, “ਸੰਸਦ ਮੈਂਬਰ ਸਰਬਜੀਤ ਸਿੰਘ ਵੱਲੋਂ ਫ਼ਿਲਮ ਉੱਤੇ ਇਤਰਾਜ਼ ਜਤਾਇਆ ਗਿਆ ਹੈ ਉਨ੍ਹਾਂ ਦੇ ਪਿਤਾ ਅਤੇ ਪਰਿਵਾਰ ਨੇ ਵੀ ਕਾਂਗਰਸ ਪਾਰਟੀ ਵੱਲੋਂ ਕੀਤੇ ਬਲਿਊ ਸਟਾਰ ਅਪਰੇਸ਼ਨ ਅਤੇ ਦਿੱਲੀ ਦੰਗਿਆਂ ਦਾ ਦਰਦ ਝੱਲਿਆ ਹੈ।”

ਗੁਰਚਰਨ ਸਿੰਘ ਗਰੇਵਾਲ ਨੇ ਕਿਹਾ, “ਫ਼ਿਲਮ ਵਿੱਚ ਸੰਤ ਜਰਨੈਲ ਸਿੰਘ ਭਿੰਡਰਵਾਲਾ ਦਾ ਕਿਰਦਾਰ ਕਿਸੇ ਕਲਾਕਾਰ ਵੱਲੋਂ ਨਿਭਾਇਆ ਗਿਆ ਹੈ ਜਦੋਂ ਸੰਤਾਂ ਦੀ ਸ਼ਖਸ਼ੀਅਤ ਦੀ ਨਕਲ ਦਿਖਾਉਣਾ ਆਪਣੇ-ਆਪ ਵਿੱਚ ਗ਼ਲਤ ਹੈ। ਇਹ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ।”

“ਉਹ ਇੱਕ ਅਧਿਆਤਮਕ ਸ਼ਖਸ਼ੀਅਤ ਸਨ ਜਿਨ੍ਹਾਂ ਨੂੰ ਅਸੀਂ ਬ੍ਰਹਮ-ਗਿਆਨੀ ਵਜੋਂ ਸਤਿਕਾਰ ਦਿੰਦੇ ਹਾਂ। ਉਨ੍ਹਾਂ ਦਾ ਸਿੱਖ ਇਤਿਹਾਸ ਵਿੱਚ ਵੱਡਾ ਸਥਾਨ ਹੈ ਅਤੇ ਕੋਈ ਵੀ ਆਮ ਵਿਅਕਤੀ ਉਨ੍ਹਾਂ ਦੀ ਨਕਲ ਨਹੀਂ ਕਰ ਸਕਦਾ।”

“ਅਜਿਹੀਆਂ ਫ਼ਿਲਮਾਂ ਸਿੱਖਾਂ ਨੂੰ ਨਫ਼ਰਤ ਦੇ ਪਾਤਰ ਬਣਾ ਰਹੀਆਂ ਹਨ। ਸਿੱਖਾਂ ਦੇ ਅਸਲ ਮੁੱਦਿਆ ਤੋਂ ਧਿਆਨ ਭਟਕਿਆ ਜਾ ਰਿਹਾ ਹੈ। ਸਿੱਖ ਮਨੁੱਖਤਾ ਲਈ ਕੰਮ ਕਰਦੇ ਹਨ।”

ਉਨ੍ਹਾਂ ਕਿਹਾ, “ਅਸੀਂ ਇਤਿਹਾਸ ਦੇ ਫ਼ਿਲਮਾਕਣ ਦੀ ਹਾਮੀ ਭਰਦੇ ਹਾਂ ਪਰ ਇਸ ਵਿੱਚ ਤੱਥਾਂ ਦਾ ਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਪਰ ਇਸ ਫ਼ਿਲਮ ਵਿੱਚ ਸਿੱਖਾਂ ਨੂੰ ਨਫ਼ਰਤ ਦਾ ਪਾਤਰ ਬਣਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਨਿਰਦਈ ਅਤੇ ਜ਼ਾਲਮ ਕੌਮ ਵੱਜੋਂ ਪੇਸ਼ ਕੀਤਾ ਗਿਆ ਹੈ।”

ਹਰਸਿਮਰਤ ਬਾਦਲ ਨੇ ਕੀ ਕਿਹਾ ਸੀ

ਬਠਿੰਡਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਹਰਸਿਰਮਤ ਕੌਰ ਬਾਦਲ ਨੇ ਇਸ ਫ਼ਿਲਮ ਬਾਰੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਸੀ, “ਮੈਂ ਫ਼ਿਲਮ ਤਾਂ ਨਹੀਂ ਦੇਖੀ ਪਰ ਜੇ ਇਸ ਫ਼ਿਲਮ ਵਿੱਚ ਸਿੱਖਾਂ ਬਾਰੇ ਸਹੀ ਨਹੀਂ ਦਿਖਾਇਆ ਗਿਆ ਤਾਂ ਸਿਰਫ਼ ਇਹ ਹੀ ਕਿਹਾ ਜਾ ਸਕਦਾ ਹੈ ਕਿ ਸਿੱਖ ਕੌਮ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ।”

ਉਨ੍ਹਾਂ ਕਿਹਾ ਕਿ, “ਜੇ ਫ਼ਿਲਮ ਵਿੱਚ ਕੁਝ ਅਜਿਹਾ ਹੈ ਜਿਸ ਉੱਤੇ ਸਿੱਖ ਕੌਮ ਵੱਲੋਂ ਇਤਰਾਜ਼ ਕੀਤਾ ਜਾ ਸਕਦਾ ਹੈ ਤਾਂ ਇਸ ਨੂੰ ਰਿਲੀਜ਼ ਤੋਂ ਪਹਿਲਾਂ ਐੱਸਜੀਪੀਸੀ ਨੂੰ ਦਿਖਾ ਕਿ ਉਨ੍ਹਾਂ ਦੀ ਸਹਿਮਤੀ ਲਈ ਜਾ ਸਕਦੀ ਹੈ।”

ਫ਼ਿਲਮ ਤੋਂ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਨਹੀਂ ਲੱਗੇਗੀ- ਕੰਗਨਾ

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਕੰਗਨਾ ਦਾ ਕਹਿਣਾ ਹੈ ਕਿ, “ਫ਼ਿਲਮ ਇੰਨੀ ਇਮਾਨਦਾਰੀ ਨਾਲ ਬਣੀ ਹੈ ਕਿ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚੇਗੀ। ਫ਼ਿਲਮ ਵਿੱਚ ਦਰਸਾਏ ਗਏ ਤੱਥਾਂ ਨੂੰ ਇਤਿਹਾਸਕਾਰਾਂ ਦੀ ਵੱਡੀ ਟੀਮ ਵੱਲੋਂ ਘੋਖਿਆ ਤੇ ਪੜਤਾਲਿਆ ਗਿਆ ਹੈ।”

“ਇਸ ਟੀਮ ਵਿੱਚ ਇੰਦਰਾ ਗਾਂਧੀ ਦੇ ਹਿਮਾਇਤੀ ਅਤੇ ਆਲੋਚਕ ਦੋਵੇਂ ਸ਼ਾਮਲ ਸਨ ਜਿਨ੍ਹਾਂ ਨੇ ਫ਼ਿਲਮ ਵਿੱਚਲੇ ਤੱਥਾਂ ਦੇ ਪੁਖ਼ਤਾ ਹੋਣ ਦੀ ਤਸਦੀਕ ਕੀਤੀ।”

ਕੰਗਨਾ ਰਣੌਤ ਨੇ ਫ਼ਿਲਮ ਦੇ ਟਰੇਲਰ ਦੀ ਰਿਲੀਜ਼ ਤੋਂ ਬਾਅਦ ਕਿਹਾ ਕਿ, “ਇਹ ਫ਼ਿਲਮ ਸੱਚੀਆਂ ਘਟਨਾਵਾਂ ਉੱਤੇ ਅਧਾਰਿਤ ਹੈ ਪਰ ਫ਼ਿਲਮ ਨੂੰ ਦੇਖਣ ਤੋਂ ਬਾਅਦ ਅਜਿਹੀਆਂ ਘਟਨਾਵਾਂ ਦੇ ਸੱਚ ਹੋਣ ਉੱਤੇ ਵਿਸ਼ਵਾਸ ਕਰਨਾ ਔਖਾ ਲੱਗਦਾ ਹੈ।”

ਉਨ੍ਹਾਂ ਇਸ ਫ਼ਿਲਮ ਨੂੰ ਇੱਕ ਸਿਆਸੀ ਥਰਿਲਰ ਦੱਸਦਿਆਂ ਕਿਹਾ ਕਿ, “ਫ਼ਿਲਮ ਦੇਖ ਕੇ ਦੇਸ਼ ਦੇ ਇਤਿਹਾਸ ਬਾਰੇ ਜਾਣੋ। ਸਾਡੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਾਰੇ ਜਾਣੋ।”

ਕਈਆਂ ਨੇ ਕੰਗਨਾ ਨੂੰ ਸਰਾਹਿਆ

ਫ਼ਿਲਮ ਦਾ ਟਰੇਲਰ ਇੰਸਟਾਗ੍ਰਾਮ ਉੱਤੇ ਸਾਂਝਾ ਕਰਦਿਆਂ ਕੰਗਣਾ ਨੇ ਲਿਖਿਆ ਹੈ ਕਿ ‘6 ਸਤੰਬਰ, 2024’ ਨੂੰ ਰਿਲੀਜ਼ ਹੋ ਰਹੀ ਹੈ।

ਉਨ੍ਹਾਂ ਦੇ ਇਹ ਪੋਸਟ ਸਾਂਝਾ ਕਰਦੇ ਹੀ ਸੋਸ਼ਲ ਮੀਡੀਆ ਯੂਜ਼ਰਜ ਦਾ ਵਿਰੋਧੀ ਪ੍ਰਤੀਕਰਮ ਜ਼ਿਆਦਾ ਨਜ਼ਰ ਆਇਆ।

ਕਈਆਂ ਨੇ ਲਿਖਿਆ ਕਿ ਇਸ ਫ਼ਿਲਮ ਦਾ ਬਾਈਕਾਟ ਕਰਨਾ ਚਾਹੀਦਾ ਹੈ ਤਾਂ ਕਈਆਂ ਨੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਣ ਉੱਤੇ ਕੰਗਨਾ ਦੀ ਸਰਾਹਨਾ ਕੀਤੀ ਹੈ।

ਇੱਕ ਯੂਜ਼ਰ ਨੇ ਲਿਖਿਆ,“ਇਤਹਾਸ ਦੱਸਿਆ ਜਾਣਾ ਚਾਹੀਦਾ ਹੈ। ਕੰਗਨਾ ਬਿਹਤਰੀਨ ਕੰਮ। ਤੁਸੀਂ ਇਸ ਦੀ ਨਿਰਦੇਸ਼ਨਾ ਵੀ ਕੀਤੀ। ਅਸੀਂ ਇਸ ਦੀ ਕਾਮਯਾਬੀ ਦੀ ਉਮੀਦ ਕਰ ਰਹੇ ਹਾਂ।”

‘ਉਲਾਰ ਫ਼ੈਸਲੇ’

ਇੱਕ ਫ਼ਿਲਮਸਾਜ਼ ਨੇ ਆਪਣਾ ਨਾਮ ਨਾ ਜ਼ਾਹਰ ਕਰਨ ਦੀ ਸ਼ਰਤ ਉੱਤੇ ਕਿਹਾ, “ਸੱਤਰਵਿਆਂ ਵਿੱਚ ਦੇਸ਼ ਨੇ ਐਮਰਜੈਂਸੀ ਦਾ ਦੌਰ ਦੇਖਿਆ ਜੋ ਅੱਜ ਤੱਕ ਚੇਤਿਆਂ ਦਾ ਹਿੱਸਾ ਹੈ। ਕਈਆਂ ਨੇ ਇਸ ਨੂੰ ਹੱਡੀਂ ਹੰਢਾਇਆਂ ਤਾਂ ਕਈਆਂ ਨੇ ਇਸ ਦੇ ਕਿੱਸੇ ਸੁਣੇ ਅਤੇ ਪੜ੍ਹੇ।”

“ਅਜਿਹੇ ਦੌਰ ਬਾਰੇ ਢੁੱਕਵੀਂ ਜਾਣਕਾਰੀ ਫ਼ਿਲਮ ਜ਼ਰੀਏ ਵੀ ਦਿੱਤੀ ਜਾ ਸਕਦੀ ਹੈ। ਪਰ ਇਸ ਮਾਮਲੇ (ਫ਼ਿਲਮ ਐਮਰਜੈਂਸੀ ਨਾਲ ਉੱਠੇ ਵਿਵਾਦ) ਵਿੱਚ ਦੋਵੇਂ ਧਿਰਾਂ ਉਲਾਰ ਹਨ। ਇੱਕ ਖ਼ਾਸ ਏਜੰਡੇ ਨਾਲ ਫ਼ਿਲਮ ਬਣਾਈ ਗਈ ਅਤੇ ਅਗਾਓਂ ਇੱਕ ਹੋਰ ਉਲਾਰ ਧਿਰ ਨੇ ਉਸ ਉੱਤੇ ਆਪਣਾ ਪ੍ਰਤੀਕਰਮ ਦੇ ਦਿੱਤਾ। ਇਹ ਵਰਤਾਰਾ ਤਰਕ ਤੋਂ ਪਰੇ ਤਾਂ ਹੈ ਹੀ, ਕਲਾ ਦੀ ਵੀ ਕੋਈ ਚੰਗੀ ਉਦਾਹਰਣ ਨਹੀਂ ਹੈ।”

ਇੱਕ ਹੋਰ ਫ਼ਿਲਮ ਅਲੋਚਕ ਦਾ ਕਹਿਣਾ ਹੈ ਕਿ ਇਹ ਘਟਨਾਕ੍ਰਮ ਸਿਆਸਤ ਤੋਂ ਪ੍ਰੇਰਿਤ ਹੈ।

ਉਨ੍ਹਾਂ ਕਿਹਾ, “ਭਾਜਪਾ ਦੀ ਸੰਸਦ ਮੈਂਬਰ ਦਾ ਐਮਰਜੈਂਸੀ ਉੱਤੇ ਫ਼ਿਲਮ ਬਣਾਉਣਾ ਆਪਣੇ-ਆਪ ਵਿੱਚ ਇੱਕ ਸਿਆਸੀ ਕਦਮ ਹੈ। ਅਤੇ ਉਸ ਉੱਤੇ ਸਿੱਖ ਭਾਈਚਾਰੇ ਦਾ ਪ੍ਰਤੀਕਰਮ ਵੀ ਸਿਆਸਤ ਦਾ ਹੀ ਹਿੱਸਾ ਹੈ।”

“ਇਤਿਹਾਸਿਕ ਫ਼ਿਲਮਾਂ ਬਣਾਉਣ ਵਿੱਚ ਕੋਈ ਬੁਰਾਈ ਨਹੀਂ। ਪਰ ਜਾਣਕਾਰੀ ਪੁਖ਼ਤਾ ਅਤੇ ਢੁੱਕਵੀਂ ਹੀ ਦੇਣੀ ਚਾਹੀਦੀ ਹੈ ਨਾ ਕਿ ਤੱਥਾਂ ਨੂੰ ਆਪਣੇ ਸੌੜੇ ਸਿਆਸੀ ਮਨਸੂਬਿਆਂ ਲਈ ਬਦਲ ਕੇ ਪੇਸ਼ ਕਰਨਾ ਚਾਹੀਦਾ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)