You’re viewing a text-only version of this website that uses less data. View the main version of the website including all images and videos.
ਡਾਕਟਰ ਨੂੰਹ ਦੇ ਕਤਲ ਦੇ ਇਲਜ਼ਾਮ 'ਚ ਸੱਸ-ਸਹੁਰਾ ਗ੍ਰਿਫ਼ਤਾਰ, ਵਾਰਦਾਤ ਨੂੰ ਅੰਜਾਮ ਦੇਣ ਦੇ ਤਰੀਕੇ ਨੇ ਸਭ ਨੂੰ ਕੀਤਾ ਹੈਰਾਨ
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੰਗਲੁਰੂ ਤੋਂ ਬੀਬੀਸੀ ਲਈ
ਚੇਤਾਵਨੀ: ਕਹਾਣੀ ਦੇ ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।
ਕਰਨਾਟਕ ਦੇ ਬੇਲਗਾਵੀ ਜ਼ਿਲ੍ਹੇ ਵਿੱਚ ਇੱਕ ਔਰਤ ਦੀ ਮੌਤ ਦੇ ਮਾਮਲੇ ਵਿੱਚ, ਪੁਲਿਸ ਨੇ ਉਸ ਦੇ ਸੱਸ-ਸਹੁਰੇ ਅਤੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਲਜ਼ਾਮ ਹੈ ਕਿ ਬੱਚਾ ਨਾ ਹੋਣ ਕਾਰਨ ਸਹੁਰਿਆਂ ਨੇ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਮਾਮਲੇ ਵਿੱਚ ਪਤੀ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਪਰ ਇਸ ਅਪਰਾਧ ਨੂੰ ਅੰਜਾਮ ਦੇਣ ਲਈ ਵਰਤੇ ਗਏ ਤਰੀਕੇ ਨੇ ਮਹਿਲਾ ਕਾਰਕੁਨਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ।
ਇਲਜ਼ਾਮ ਹੈ ਕਿ ਸ਼ਨੀਵਾਰ ਨੂੰ 34 ਸਾਲਾ ਰੇਣੂਕਾ ਸੰਤੋਸ਼ ਹੋਨਾਕੰਡੇ ਨੂੰ ਉਸ ਦੀ ਸੱਸ ਜਯੰਤੀ ਹੋਨਾਕੰਡੇ ਅਤੇ ਸਹੁਰੇ ਕਮਾਨਾ ਹੋਨਾਕੰਡੇ ਨੇ ਮੋਟਰਸਾਈਕਲ 'ਤੇ ਆਪਣੇ ਨਾਲ ਲੈ ਕੇ ਜਾਣ ਲਈ ਬੁਲਾਇਆ।
ਮਾਮਲੇ ਵਿੱਚ, ਸ਼ੁਰੂ ਵਿੱਚ ਇਹ ਮੰਨਿਆ ਜਾ ਰਿਹਾ ਸੀ ਕਿ ਰੇਣੂਕਾ ਦੀ ਮੌਤ ਅਥਣੀ ਤਾਲੁਕਾ ਦੇ ਨੇੜੇ ਮਾਲਬਾੜੀ ਪਿੰਡ ਵਿੱਚ ਇੱਕ ਮੋਟਰਸਾਈਕਲ ਹਾਦਸੇ ਕਾਰਨ ਹੋਈ ਸੀ। ਇਹ ਜਗ੍ਹਾ ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਤੋਂ ਲਗਭਗ ਦੋ ਘੰਟੇ ਦੀ ਦੂਰੀ 'ਤੇ ਹੈ।
ਪਰ ਸ਼ੁਰੂਆਤੀ ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਰੇਣੂਕਾ ਨੂੰ ਉਸ ਦੇ ਸਹੁਰਿਆਂ ਨੇ ਮੋਟਰਸਾਈਕਲ ਤੋਂ ਧੱਕਾ ਦੇ ਦਿੱਤਾ ਸੀ। ਜਦੋਂ ਉਹ ਡਿੱਗ ਪਈ, ਤਾਂ ਉਸ ਦੇ ਸਿਰ 'ਤੇ ਪੱਥਰ ਨਾਲ ਵਾਰ ਕੀਤਾ ਗਿਆ ਅਤੇ ਉਸ ਦੀ ਸਾੜੀ ਨਾਲ ਉਸ ਦਾ ਗਲਾ ਘੁੱਟ ਦਿੱਤਾ ਗਿਆ।
ਅਜਿਹਾ ਇਸ ਲਈ ਕੀਤਾ ਗਿਆ ਸੀ ਤਾਂ ਜੋ ਇਸ ਨੂੰ ਸੜਕ ਹਾਦਸੇ ਵਰਗਾ ਦਿਖਾਇਆ ਜਾ ਸਕੇ।
ਇਨ੍ਹਾਂ ਦੋਵਾਂ ਬਜ਼ੁਰਗਾਂ ਦੀ ਉਮਰ 64 ਅਤੇ 62 ਸਾਲ ਹੈ। ਇਸ ਤੋਂ ਬਾਅਦ, ਬਜ਼ੁਰਗ ਜੋੜੇ ਨੇ ਰੇਣੂਕਾ ਦੀ ਸਾੜੀ ਮੋਟਰਸਾਈਕਲ ਦੇ ਪਿਛਲੇ ਪਹੀਏ ਨਾਲ ਬੰਨ੍ਹ ਦਿੱਤੀ ਅਤੇ ਉਸ ਨੂੰ ਲਗਭਗ 120 ਫੁੱਟ ਤੱਕ ਘਸੀਟਿਆ।
ਪਤੀ ਦੀ ਕੀ ਭੂਮਿਕਾ ਸੀ?
ਬੇਲਗਾਵੀ ਪੁਲਿਸ ਦੇ ਐੱਸਪੀ ਭੀਮਸ਼ੰਕਰ ਗੁਲੇਦ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਕਤਲ ਦੇ ਮਾਮਲੇ ਵਿੱਚ ਬਜ਼ੁਰਗ ਜੋੜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਰੇਣੂਕਾ ਦੇ ਪਤੀ ਸੰਤੋਸ਼ ਹੋਨਕਾਂਡੇ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਹਾਲਾਂਕਿ, ਉਹ ਅਪਰਾਧ ਵਾਲੀ ਥਾਂ 'ਤੇ ਮੌਜੂਦ ਨਹੀਂ ਸੀ।"
ਐੱਸਪੀ ਗੁਲੇਦ ਨੇ ਕਿਹਾ, "ਆਪਣੀ ਪਤਨੀ ਦੇ ਕਤਲ ਦੀ ਸਾਜ਼ਿਸ਼ ਵਿੱਚ ਉਸ ਦੀ (ਸੰਤੋਸ਼ ਹੋਨਾਕਾਂਡੇ) ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਨੂੰ ਦਾਜ ਮਨਾਹੀ ਐਕਟ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।"
"ਸੰਤੋਸ਼ ਨੇ ਆਪਣੀ ਪਤਨੀ ਦੇ ਪਰਿਵਾਰ ਤੋਂ ਦਾਜ ਵਜੋਂ ਪੰਜ ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਇਸ ਵਿੱਚੋਂ, ਉਸ ਨੂੰ ਪਿਛਲੇ ਮਹੀਨੇ ਹੀ ਪੰਜਾਹ ਹਜ਼ਾਰ ਰੁਪਏ ਮਿਲੇ ਸਨ।"
ਅਧਿਕਾਰੀ ਨੇ ਦੱਸਿਆ ਕਿ ਸੰਤੋਸ਼ ਪੁਣੇ ਸਥਿਤ ਇੱਕ ਸਾਫਟਵੇਅਰ ਕੰਪਨੀ ਵਿੱਚ ਕੰਮ ਕਰਦਾ ਹੈ। ਅਧਿਕਾਰੀਆਂ ਨੇ ਕਿਹਾ, "ਅਜਿਹਾ ਨਹੀਂ ਸੀ ਕਿ ਉਹ (ਔਰਤ) ਘੱਟ ਪੜ੍ਹੀ-ਲਿਖੀ ਸੀ। ਉਸਦੀ ਪਤਨੀ ਬੀਐੱਮਐੱਸ ਦੀ ਡਿਗਰੀ ਵਾਲੀ ਡਾਕਟਰ ਸੀ।"
ਐੱਸਪੀ ਨੇ ਕਿਹਾ ਕਿ ਔਰਤ ਦਾ ਕਤਲ ਇਸ ਲਈ ਕੀਤਾ ਗਿਆ ਕਿਉਂਕਿ ਉਸ ਦੇ ਕੋਈ ਬੱਚੇ ਨਹੀਂ ਸਨ।
ਹਿੰਸਾ ਦਾ ਘਿਨਾਉਣਾ ਰੂਪ
ਮਹਿਲਾ ਕਾਰਕੁਨਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਔਰਤਾਂ ਵਿਰੁੱਧ ਹੋ ਰਹੀ ਹਿੰਸਾ ਦਾ ਤਰੀਕਾ ਬਦਲ ਗਿਆ ਹੈ।
ਉਨ੍ਹਾਂ ਅਨੁਸਾਰ, ਰੇਣੂਕਾ ਦੇ ਮਾਮਲੇ ਅਤੇ ਕੁਝ ਹੋਰ ਹਾਲੀਆ ਮਾਮਲਿਆਂ ਵਿੱਚ ਅਪਣਾਏ ਗਏ ਤਰੀਕੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬੇਰਹਿਮ ਅਤੇ ਅਣਮਨੁੱਖੀ ਹੁੰਦੇ ਜਾ ਰਹੇ ਹਨ।
ਔਰਤਾਂ ਦੇ ਅਧਿਕਾਰਾਂ ਦੀ ਸੰਸਥਾ ʻਅਵੇਕਸ਼ਾʼ ਦੀ ਡੋਨਾ ਫਰਨਾਂਡਿਸ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਅਸੀਂ 1997 ਵਿੱਚ ਬੰਗਲੌਰ ਵਿੱਚ ਇੱਕ ਅਧਿਐਨ ਕੀਤਾ ਸੀ ਅਤੇ ਹਰ ਮਹੀਨੇ ਲਗਭਗ 100 ਔਰਤਾਂ ਦਾਜ ਲਈ ਉਤਪੀੜਨ ਕਾਰਨ ਮਰ ਰਹੀਆਂ ਸਨ।"
"ਇਨ੍ਹਾਂ ਵਿੱਚੋਂ ਲਗਭਗ 70 ਫੀਸਦ ਔਰਤਾਂ ਦੀ ਮੌਤ ਸੜਨ ਕਾਰਨ ਹੋਈ ਸੀ। ਅੱਜ ਵੀ ਸਥਿਤੀ ਬਹੁਤੀ ਨਹੀਂ ਬਦਲੀ ਹੈ, ਕਿਉਂਕਿ ਕਾਨੂੰਨ ਪ੍ਰਭਾਵਸ਼ਾਲੀ ਸਾਬਤ ਨਹੀਂ ਹੋ ਸਕੇ ਹਨ।"
ਉਨ੍ਹਾਂ ਕਿਹਾ, "ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਮਰਦ ਜਾਣਬੁੱਝ ਕੇ ਇਸ ਤਰ੍ਹਾਂ ਗੱਡੀ ਚਲਾਉਂਦੇ ਹਨ ਕਿ ਔਰਤ ਦੀ ਮੌਤ ਹੋ ਜਾਂਦੀ ਹੈ ਜਾਂ ਉਹ ਗੰਭੀਰ ਜ਼ਖਮੀ ਹੋ ਜਾਂਦੀ ਹੈ। ਇਸ ਤੋਂ ਬਾਅਦ, ਉਹ ਦਾਜ ਲੈ ਕੇ ਦੁਬਾਰਾ ਵਿਆਹ ਕਰ ਲੈਂਦੇ ਸਨ। ਹੁਣ ਹਿੰਸਾ ਦਾ ਰੂਪ ਬਦਲ ਗਿਆ ਹੈ।"
ਗਲੋਬਲ ਕੰਸਰਨਜ਼ ਇੰਡੀਆ ਅਤੇ ਮੁਕਤੀ ਅਲਾਇੰਸ ਅਗੇਂਸਟ ਹਿਊਮਨ ਟ੍ਰੈਫਿਕਿੰਗ ਐਂਡ ਬੰਧੂਆ ਮਜ਼ਦੂਰੀ ਦੀ ਡਾਇਰੈਕਟਰ ਬ੍ਰਿੰਦਾ ਅਡਿਗੇ ਨੇ ਕਿਹਾ, "ਜਿਵੇਂ ਕਿ ਬੇਲਾਗਾਵੀ ਕੇਸ ਦਰਸਾਉਂਦਾ ਹੈ, ਜਿਸ ਤਰ੍ਹਾਂ ਦੀ ਹਿੰਸਾ ਕੀਤੀ ਜਾ ਰਹੀ ਹੈ ਉਹ ਬੇਰਹਿਮ ਹੈ ਕਿਉਂਕਿ ਕਾਨੂੰਨ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ।"
ਕਾਨੂੰਨ ਤਾਂ ਹੈ, ਪਰ ਲਾਗੂ ਹੋਣ ʼਤੇ ਸਵਾਲ ਹੈ
ਬ੍ਰਿੰਦਾ ਅਡਿਗੇ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਪੁਲਿਸ ਸਟੇਸ਼ਨ ਵਿੱਚ ਕੋਈ ਵੀ ਕੇਸ ਦਰਜ ਕਰਨ ਵਿੱਚ ਸਮਾਂ ਲੱਗਦਾ ਹੈ ਕਿਉਂਕਿ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਲਈ ਸਬੂਤ ਲੱਭਣੇ ਪੈਂਦੇ ਹਨ ਕਿ ਔਰਤ ਨੇ ਇਸ ਮਾਮਲੇ ਵਿੱਚ ਕੋਈ ਭੜਕਾਊ ਗਤੀਵਿਧੀ ਨਹੀਂ ਕੀਤੀ ਹੈ। ਦੂਜਾ, ਜਦੋਂ ਮਾਮਲਾ ਅਦਾਲਤ ਵਿੱਚ ਪਹੁੰਚਦਾ ਹੈ, ਤਾਂ ਪੁਲਿਸ ਬਹੁਤ ਘੱਟ ਸਬੂਤ ਪੇਸ਼ ਕਰਦੀ ਹੈ।"
"ਸਾਨੂੰ ਲੱਗਦਾ ਹੈ ਕਿ ਪੁਲਿਸ ਸ਼ਿਕਾਇਤ ਦਰਜ ਹੋਣ ਤੋਂ ਤੁਰੰਤ ਬਾਅਦ ਕਾਰਵਾਈ ਨਹੀਂ ਕਰਦੀ ਜਾਂ 24 ਘੰਟਿਆਂ ਦੇ ਅੰਦਰ ਸਬੂਤ ਇਕੱਠੇ ਨਹੀਂ ਕਰਦੀ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਅਦਾਲਤ ਵਿੱਚ ਬਹਾਨੇ ਬਣਾਏ ਜਾਂਦੇ ਹਨ।"
"ਭਾਵੇਂ ਅਸੀਂ ਇਹ ਮੰਨ ਲਈਏ ਕਿ ਉਨ੍ਹਾਂ ਨੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ, ਅਦਾਲਤ ਹਾਲਾਤੀ ਸਬੂਤਾਂ ਨੂੰ ਸਵੀਕਾਰ ਨਹੀਂ ਕਰਦੀ।"
ਫਰਨਾਂਡਿਸ ਨੇ ਇੱਕ ਉਦਾਹਰਣ ਦਿੰਦੇ ਹੋਏ ਕਿਹਾ, "ਸਥਿਤੀ ਇੰਨੀ ਗੰਭੀਰ ਹੋ ਗਈ ਹੈ ਕਿ 498ਏ ਲਾਗੂ ਕਰਨ ਦੇ ਨਿਯਮ ਵੀ ਬਦਲ ਗਏ ਹਨ। ਹੁਣ ਔਰਤਾਂ ਨੂੰ ਪਹਿਲਾਂ ਕਾਉਂਸਲਿੰਗ ਦਿੱਤੀ ਜਾਂਦੀ ਹੈ, ਉਸ ਤੋਂ ਬਾਅਦ ਹੀ 498ਏ (ਜਾਂ ਬੀਐੱਨਐੱਸਐੱਸ ਦੀ ਧਾਰਾ 85) ਦੇ ਤਹਿਤ ਜਾਂਚ ਸ਼ੁਰੂ ਕੀਤੀ ਜਾਂਦੀ ਹੈ।4
"ਪਤੀ ਦੁਬਾਰਾ ਪੁਲਿਸ ਸਟੇਸ਼ਨ ਨਹੀਂ ਆਉਂਦਾ ਅਤੇ ਔਰਤ ਇਕੱਲੀ ਰਹਿ ਜਾਂਦੀ ਹੈ। ਮਰਦ ਭੱਜ ਜਾਂਦੇ ਹਨ ਕਿਉਂਕਿ ਪੁਲਿਸ ਇਸ ਨੂੰ 'ਕਾਉਂਸਲਿੰਗ ਫੇਲ੍ਹ' ਵਜੋਂ ਦਰਜ ਕਰਦੀ ਹੈ। ਇਹ ਬਹੁਤ ਹੀ ਦੁਖਦਾਈ ਸਥਿਤੀ ਹੈ।"
ਇਸੇ ਤਰ੍ਹਾਂ ਦੇ ਮਾਮਲਿਆਂ ਨੂੰ ਵੱਖ-ਵੱਖ ਪੱਧਰ ʼਤੇ ਜਿਸ ਤਰ੍ਹਾਂ ਨਿਪਟਾਇਆ ਜਾਂਦਾ ਹੈ, ਉਸ ਨੂੰ ਲੈ ਕੇ ਐਕਟੀਵਿਸਟ ਸਵਾਲ ਚੁੱਕਦੇ ਹਨ।
ਕਰਨਾਟਕ ਪੁਲਿਸ ਦੇ ਅੰਕੜੇ ਦਰਸਾਉਂਦੇ ਹਨ ਕਿ ਦਸੰਬਰ 2023 ਤੱਕ, ਪਤੀਆਂ ਦੁਆਰਾ ਬੇਰਹਿਮੀ ਦੇ ਕੁੱਲ 3005 ਮਾਮਲੇ ਦਰਜ ਕੀਤੇ ਗਏ ਸਨ। ਦਾਜ ਕਾਰਨ ਹੋਈਆਂ ਮੌਤਾਂ ਦੀ ਗਿਣਤੀ 156 ਸੀ।
ਸਾਲ 2024 ਦੇ ਅੰਤ ਤੱਕ, ਪਤੀ ਦੀ ਬੇਰਹਿਮੀ ਨਾਲ ਸਬੰਧਤ 2,943 ਮਾਮਲੇ ਦਰਜ ਕੀਤੇ ਗਏ ਸਨ ਅਤੇ ਦਾਜ ਕਾਰਨ ਹੋਈਆਂ ਮੌਤਾਂ ਦੀ ਗਿਣਤੀ 110 ਸੀ।
ਅਪ੍ਰੈਲ 2025 ਤੱਕ, ਇਹ ਅੰਕੜੇ ਕ੍ਰਮਵਾਰ 946 ਅਤੇ 45 ਹਨ।
ਇਸ ਦੌਰਾਨ, ਪੁਣੇ ਦੇ ਮੁਲਸ਼ੀ ਇਲਾਕੇ ਦੀ ਵੈਸ਼ਨਵੀ ਹਗਵਾਨੇ ਦੀ ਮੌਤ ਦਾ ਮਾਮਲਾ ਵੀ ਚਰਚਾ ਵਿੱਚ ਹੈ। ਸ਼ੁਰੂ ਵਿੱਚ ਕਿਹਾ ਗਿਆ ਸੀ ਕਿ ਉਸ ਨੇ ਖੁਦਕੁਸ਼ੀ ਕੀਤੀ ਹੈ।
ਹਾਲਾਂਕਿ, ਪੋਸਟਮਾਰਟਮ ਰਿਪੋਰਟ ਵਿੱਚ ਉਸ ਦੇ ਸਰੀਰ 'ਤੇ ਹਮਲੇ ਦੇ ਨਿਸ਼ਾਨ ਮਿਲੇ ਹਨ। ਉਸ ਦੇ ਮਾਤਾ-ਪਿਤਾ ਨੇ ਇਲਜ਼ਾਮ ਲਗਾਇਆ ਕਿ ਵੈਸ਼ਨਵੀ ਨੂੰ ਦਾਜ ਲਈ ਤਸੀਹੇ ਦਿੱਤੇ ਜਾ ਰਹੇ ਸਨ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ।
ਇਸ ਮਾਮਲੇ 'ਚ ਪੁਲਸ ਨੇ ਵੈਸ਼ਨਵੀ ਦੇ ਪਤੀ ਸ਼ਸ਼ਾਂਕ ਹਗਵਾਨੇ, ਸੱਸ ਲਤਾ ਹਗਵਾਨੇ, ਨਨਾਣ ਕਰਿਸ਼ਮਾ ਹਗਵਾਨੇ, ਸਹੁਰਾ ਹਗਵਾਨੇ ਅਤੇ ਉਸ ਦੇ ਦੂਜੇ ਬੇਟੇ ਸੁਸ਼ੀਲ ਹਗਵਾਨੇ ਨੂੰ ਗ੍ਰਿਫ਼ਤਾਰ ਕੀਤਾ ਹੈ।
ਅਡਿਗੇ ਕਹਿੰਦੇ ਹਨ, "ਕੇਸ ਵਧ ਰਹੇ ਹਨ, ਪਰ ਸਜ਼ਾ ਦੀ ਦਰ ਤਿੰਨ ਫੀਸਦ ਤੋਂ ਵੀ ਘੱਟ ਹੈ। ਜੇਕਰ ਕੋਈ ਔਰਤ ਵਿਆਹੀ ਹੋਈ ਹੈ, ਤਾਂ ਉਸਨੂੰ ਅਪਸਰਾ ਵਾਂਗ ਦਿਖਣਾ ਚਾਹੀਦਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਸ ਕਿੰਨੀ ਪੜ੍ਹਾਈ ਕੀਤੀ ਹੈ।"
"ਸਭ ਕੁਝ ਦਾਜ, ਬੱਚੇ ਪੈਦਾ ਕਰਨ ਅਤੇ ਉਹ ਵੀ ਇੱਕ ਪੁੱਤਰ... ਇਸ 'ਤੇ ਅਧਾਰਤ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਇੱਕ ਸਾਫਟਵੇਅਰ ਇੰਜੀਨੀਅਰ ਹੈ, ਇੱਕ ਡਾਕਟਰ ਹੈ ਜਾਂ ਇੱਕ ਪੁਲਾੜ ਯਾਤਰੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ