ਔਨਲਾਈਨ ਮੈਚ-ਮੇਕਿੰਗ: ਕੀ ਤੁਸੀਂ ਵੀ ਵਿਆਹ ਲਈ ਇੰਟਰਨੈੱਟ 'ਤੇ ਸਾਥੀ ਭਾਲ ਰਹੇ ਹੋ? ਇਨ੍ਹਾਂ 10 ਗੱਲਾਂ ਦਾ ਰੱਖੋ ਧਿਆਨ ਤਾਂ ਜੋ ਧੋਖਾਧੜੀ ਨਾ ਹੋ ਜਾਵੇ

    • ਲੇਖਕ, ਨਿਤਿਨ ਸੁਲਤਾਨੇ
    • ਰੋਲ, ਬੀਬੀਸੀ ਪੱਤਰਕਾਰ

ਜ਼ਿੰਦਗੀ ਦੇ ਇੱਕ ਖ਼ਾਸ ਮੁਕਾਮ 'ਤੇ ਪਹੁੰਚਣ ਤੋਂ ਬਾਅਦ, ਜ਼ਿਆਦਾਤਰ ਲੋਕ ਆਪਣੇ ਵਿਆਹ ਬਾਰੇ ਗੱਲ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਦੇ ਲਈ, ਆਪਣੇ ਵਾਸਤੇ ਇੱਕ ਚੰਗਾ ਜਾਂ ਸਭ ਤੋਂ ਵਧੀਆ ਜੀਵਨ ਸਾਥੀ ਚੁਣਨਾ ਸਭ ਤੋਂ ਮਹੱਤਵਪੂਰਨ ਪਰ ਓਨਾ ਹੀ ਔਖਾ ਕੰਮ ਹੈ।

ਅਜੋਕੇ ਸਮੇਂ ਜਦੋਂ ਸਭ ਕੁਝ ਇੰਟਰਨੈੱਟ 'ਤੇ ਨਿਰਭਰ ਕਰਦਾ ਹੈ, ਬਹੁਤ ਸਾਰੇ ਲੋਕ ਵਿਆਹ ਲਈ ਸਾਥੀ ਚੁਣਨ ਵਾਸਤੇ ਵੀ ਇਸ ਤਕਨੀਕ ਦੀ ਮਦਦ ਲੈਂਦੇ ਹਨ। ਭਾਵ, ਬਹੁਤ ਸਾਰੇ ਲੋਕ ਔਨਲਾਈਨ ਮੈਚਮੇਕਿੰਗ ਅਤੇ ਵੈੱਬਸਾਈਟਾਂ ਰਾਹੀਂ ਜੀਵਨ-ਸਾਥੀ ਚੁਣਨ ਦੀ ਕੋਸ਼ਿਸ਼ ਕਰਦੇ ਹਨ।

ਪਰ ਕਈ ਵਾਰ ਇਸ ਤਰੀਕੇ ਨਾਲ ਮੈਟਰੀਮੋਨੀਅਲ ਵੈੱਬਸਾਈਟ ਜਾਂ ਔਨਲਾਈਨ ਸਾਥੀ ਦੀ ਚੋਣ ਕਰਦੇ ਸਮੇਂ ਧੋਖਾਧੜੀ ਵੀ ਹੋ ਜਾਂਦੀ ਹੈ। ਕਈ ਵਾਰ ਲੋਕ ਨਕਲੀ ਪ੍ਰੋਫਾਈਲ ਬਣਾ ਕੇ ਧੋਖਾ ਦਿੰਦੇ ਹਨ ਅਤੇ ਸਾਹਮਣੇ ਵਾਲੇ ਵਿਅਕਤੀ ਨੂੰ ਜਾਲ ਵਿੱਚ ਫਸਾ ਕੇ ਬਲੈਕਮੇਲ ਕਰਦੇ ਹਨ।

ਮੈਟਰੀਮੋਨੀਅਲ ਵੈੱਬਸਾਈਟਾਂ 'ਤੇ ਵਿਆਹ ਦੀ ਇੱਛਾ ਰੱਖਣ ਵਾਲੇ ਪੁਰਸ਼ ਅਤੇ ਔਰਤਾਂ ਉਮੀਦਵਾਰਾਂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦੀਆਂ ਹਨ।

ਇਹ ਜਾਣਕਾਰੀ ਸਹੀ ਸਾਥੀ ਦੀ ਚੋਣ ਕਰਨ ਵਿੱਚ ਬਹੁਤ ਮਦਦਗਾਰ ਹੁੰਦੀ ਹੈ। ਪਰ ਇਸ ਦੇ ਨਾਲ ਹੀ, ਜੇਕਰ ਅਜਿਹੀ ਵੈੱਬਸਾਈਟ ਗ਼ੈਰ-ਭਰੋਸੇਯੋਗ ਹੋਵੇ ਤਾਂ ਧੋਖਾਧੜੀ ਦੀ ਸੰਭਾਵਨਾ ਬਣ ਜਾਂਦੀ ਹੈ।

ਇਸ ਤੋਂ ਇਲਾਵਾ, ਘੁਟਾਲੇਬਾਜ਼ ਲੋਕ ਕਈ ਵਾਰ ਗ਼ਲਤ ਜਾਣਕਾਰੀ ਦੇ ਕੇ ਵੀ ਆਪਣੇ ਪ੍ਰੋਫਾਈਲ ਬਣਾਉਂਦੇ ਹਨ। ਅਜਿਹੇ ਵਿੱਚ, ਤੁਹਾਨੂੰ ਔਨਲਾਈਨ ਸਾਥੀ ਦੀ ਚੋਣ ਕਰਦੇ ਸਮੇਂ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ।

ਸਾਈਬਰ ਅਪਰਾਧ ਵਿਭਾਗ ਕੁਝ ਅਜਿਹੀਆਂ ਹੀ ਗੱਲਾਂ ਦੀ ਸੂਚੀ ਬਣਾਈ ਹੈ, ਜਿਨ੍ਹਾਂ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ। ਇਹ ਗੱਲਾਂ ਤੁਹਾਡੇ ਲਈ ਬਹੁਤ ਲਾਭਦਾਇਕ ਹੋ ਸਸਕਦੀਆਂ ਹਨ...

ਆਪਣੀ ਪ੍ਰੋਫਾਈਲ ਬਣਾਉਣ ਜਾਂ ਕਿਸੇ ਵੀ ਵਿਆਹ ਸੰਬੰਧੀ ਵੈੱਬਸਾਈਟ 'ਤੇ ਰਜਿਸਟਰ ਕਰਨ ਤੋਂ ਪਹਿਲਾਂ, ਤੁਹਾਨੂੰ ਵੈੱਬਸਾਈਟ ਦੀ ਭਰੋਸੇਯੋਗਤਾ ਦੀ ਜਾਂਚ ਕਰਨੀ ਚਾਹੀਦੀ ਹੈ। ਉਸ ਵੈੱਬਸਾਈਟ ਬਾਰੇ ਉਪਭੋਗਤਾਵਾਂ ਦੀਆਂ ਸਮੀਖਿਆਵਾਂ ਵੀ ਇਸ ਵਿੱਚ ਮਦਦ ਕਰ ਸਕਦੀਆਂ ਹਨ।

ਤੁਹਾਨੂੰ ਕਿਸ ਵੈੱਬਸਾਈਟ 'ਤੇ ਪ੍ਰੋਫਾਈਲ ਬਣਾਉਣਾ ਚਾਹੀਦਾ ਹੈ, ਇਸ ਬਾਰੇ ਦੋਸਤਾਂ, ਰਿਸ਼ਤੇਦਾਰਾਂ ਜਾਂ ਸਬੰਧਤ ਖੇਤਰ ਨਾਲ ਸਬੰਧਤ ਵਿਅਕਤੀ ਤੋਂ ਸਲਾਹ ਲੈਣਾ ਮਦਦਗਾਰ ਹੋ ਸਕਦਾ ਹੈ।

ਜੇਕਰ ਤੁਹਾਡੇ ਕਿਸੇ ਜਾਣਕਾਰ ਨੇ ਇਸ ਤਰੀਕੇ ਨਾਲ ਔਨਲਾਈਨ ਤਕਨੀਕ ਦੀ ਵਰਤੋਂ ਕਰ ਕੇ ਆਪਣਾ ਸਾਥੀ ਚੁਣਿਆ ਹੈ, ਤਾਂ ਤੁਸੀਂ ਉਨ੍ਹਾਂ ਨਾਲ ਉਨ੍ਹਾਂ ਦੇ ਤਜ਼ਰਬਿਆਂ ਜਾਣ ਕੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਕਿਉਂਕਿ ਇਹ ਬਹੁਤ ਜ਼ਰੂਰੀ ਹੈ ਕਿ ਜੋ ਵੈੱਬਸਾਈਟ ਅਸੀਂ ਚੁਣਦੇ ਹਾਂ ਉਹ ਸੁਰੱਖਿਅਤ ਹੋਵੇ।

ਜੇਕਰ ਤੁਸੀਂ ਕਿਸੇ ਵੀ ਵੈੱਬਸਾਈਟ 'ਤੇ ਪ੍ਰੋਫਾਈਲ ਬਣਾਉਣਾ ਚਾਹੁੰਦੇ ਹੋ ਜਾਂ ਲੌਗਇਨ ਕਰਨਾ ਚਾਹੁੰਦੇ ਹੋ, ਤਾਂ ਤੁਹਾਡੀ ਈਮੇਲ ਆਈਡੀ ਜ਼ਰੂਰੀ ਹੈ। ਨਾਲ ਹੀ, ਤੁਹਾਨੂੰ ਈਮੇਲ ਦੀ ਵਰਤੋਂ ਕਰ ਕੇ ਮੈਟਰੀਮੋਨੀਅਲ ਸਾਈਟਾਂ 'ਤੇ ਰਜਿਸਟਰ ਕਰਨਾ ਪਵੇਗਾ।

ਇਸ ਦੇ ਲਈ ਹਰ ਕੋਈ ਸ਼ਾਇਦ ਆਪਣੀ ਆਮ ਈਮੇਲ ਆਈਡੀ ਦੀ ਵਰਤੋਂ ਕਰਦਾ ਹੈ। ਪਰ ਅਜਿਹਾ ਕਰਨਾ ਕਈ ਵਾਰ ਜੋਖ਼ਮ ਭਰਿਆ ਹੋ ਸਕਦਾ ਹੈ। ਕਿਉਂਕਿ ਸਾਈਬਰ ਅਪਰਾਧੀ ਇਸ ਈਮੇਲ ਦੀ ਵਰਤੋਂ ਕਰ ਕੇ ਤੁਹਾਡੇ ਡੇਟਾ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।

ਇਸ ਲਈ, ਅਜਿਹੀ ਵੈੱਬਸਾਈਟ 'ਤੇ ਪ੍ਰੋਫਾਈਲ ਬਣਾਉਣ ਲਈ ਪਹਿਲਾਂ ਇੱਕ ਨਵੀਂ ਈਮੇਲ ਆਈਡੀ ਬਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਅੱਗੇ ਦੀ ਸਾਰੀ ਗੱਲਬਾਤ ਜਾਂ ਹੋਰ ਸਬੰਧਿਤ ਕੰਮ ਲਈ ਇਸੇ ਆਈਡੀ ਦੀ ਵਰਤੋਂ ਹੋਣੀ ਚਾਹੀਦੀ ਹੈ।

ਨਾਲ ਹੀ, ਜੇ ਸੰਭਵ ਹੋਵੇ ਤਾਂ ਤੁਹਾਨੂੰ ਨਿੱਜੀ ਜਾਣਕਾਰੀ ਜਿਵੇਂ ਕਿ ਫੋਟੋਆਂ, ਫ਼ੋਨ ਨੰਬਰ ਅਤੇ ਘਰ ਦੇ ਪਤੇ ਸਾਂਝੇ ਕਰਨ ਤੋਂ ਬਚਣਾ ਚਾਹੀਦਾ ਹੈ। ਅਜਿਹੀ ਜਾਣਕਾਰੀ ਓਦੋਂ ਤੱਕ ਸਾਂਝਾ ਨਹੀਂ ਕੀਤੀ ਜਾਣੀ ਚਾਹੀਦੀ ਜਦੋਂ ਤੱਕ ਤੁਹਾਨੂੰ ਪੂਰਾ ਵਿਸ਼ਵਾਸ ਨਹੀਂ ਹੋ ਜਾਂਦਾ।

ਵੈੱਬਸਾਈਟ ਪ੍ਰੋਫਾਈਲ ਰਾਹੀਂ ਕਿਸੇ ਉਮੀਦਵਾਰ ਬਾਰੇ ਔਨਲਾਈਨ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ, ਅਗਲਾ ਕਦਮ ਚੁੱਕਣ ਤੋਂ ਪਹਿਲਾਂ ਉਸ ਵਿਅਕਤੀ ਬਾਰੇ ਪੂਰੀ ਤਰ੍ਹਾਂ ਨਾਲ ਜਾਣਕਾਰੀ ਪ੍ਰਾਪਤ ਕਰਨਾ ਬਹੁਤ ਮਹੱਤਵਪੂਰਨ ਹੈ।

ਇਹ ਜਾਂਚ ਕਰਨਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਕਿ ਵਿਅਕਤੀ ਦੁਆਰਾ ਪ੍ਰੋਫਾਈਲ ਵਿੱਚ ਦਿੱਤੀ ਗਈ ਜਾਣਕਾਰੀ ਸੱਚ ਹੈ ਜਾਂ ਨਹੀਂ ਅਤੇ ਉਨ੍ਹਾਂ ਦਾ ਕੀ ਪਿਛੋਕੜ ਹੈ। ਇਸ ਸਬੰਧੀ, ਤੁਹਾਨੂੰ ਉਨ੍ਹਾਂ ਦੇ ਕੰਮ ਵਾਲੀ ਥਾਂ, ਪਰਿਵਾਰ, ਦੋਸਤਾਂ, ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਅਜਿਹਾ ਕਰਨ ਨਾਲ ਤੁਹਾਨੂੰ ਨਾ ਸਿਰਫ਼ ਉਸ ਵਿਅਕਤੀ ਬਾਰੇ ਭਰੋਸਾ ਬਣਦਾ ਹੈ, ਸਗੋਂ ਉਨ੍ਹਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰਨ ਵਿੱਚ ਵੀ ਮਦਦ ਮਿਲਦੀ ਹੈ।

ਔਨਲਾਈਨ ਸਾਥੀ ਦੀ ਚੋਣ ਕਰਦੇ ਸਮੇਂ, ਤੁਹਾਨੂੰ ਆਪਣੇ ਪਰਿਵਾਰ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿਣਾ ਚਾਹੀਦਾ ਹੈ ਕਿ ਤੁਸੀਂ ਕੀ ਕਰ ਰਹੇ ਹੋ।

ਅਜਿਹੇ ਮਾਮਲੇ ਵਿੱਚ ਪਰਿਵਾਰ ਦੇ ਵੱਡੇ ਜੀਆਂ ਦੇ ਤਜ਼ਰਬੇ ਬਹੁਤ ਕੰਮ ਆਉਂਦੇ ਹਨ।

ਨਾਲ ਹੀ, ਜੇਕਰ ਪਰਿਵਾਰ ਨੂੰ ਪਤਾ ਹੋਵੇ ਕਿ ਤੁਸੀਂ ਕਿਸ ਨੂੰ, ਕਦੋਂ ਅਤੇ ਕਿੱਥੇ ਮਿਲਣ ਜਾ ਰਹੇ ਹੋ, ਤਾਂ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ।

ਇਸ ਤੋਂ ਇਲਾਵਾ, ਜੇਕਰ ਤੁਹਾਨੂੰ ਸਹੀ ਸਮੇਂ 'ਤੇ ਕਿਸੇ ਮਦਦ ਦੀ ਲੋੜ ਹੋਵੇ, ਤਾਂ ਤੁਹਾਨੂੰ ਤੁਰੰਤ ਮਦਦ ਮਿਲ ਜਾਵੇਗੀ।

ਜੇਕਰ ਤੁਹਾਡੀ ਪ੍ਰੋਫਾਈਲ ਕਿਸੇ ਨਾਲ ਮੇਲ ਖਾਂਦੀ ਹੈ ਅਤੇ ਸ਼ੁਰੂਆਤੀ ਚਰਚਾ ਤੋਂ ਬਾਅਦ ਤੁਸੀਂ ਇੱਕ ਦੂਜੇ ਨੂੰ ਮਿਲਣ ਜਾ ਰਹੇ ਹੋ, ਤਾਂ ਮੀਟਿੰਗ ਵਿੱਚ ਕੁਝ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।

ਜਿਸ ਵਿਅਕਤੀ ਨੂੰ ਤੁਸੀਂ ਮਿਲਣ ਜਾ ਰਹੇ ਹੋ, ਤੁਸੀਂ ਉਸ ਦੀ ਸ਼ਖਸੀਅਤ ਜਾਂ ਹੋਰ ਚੀਜ਼ਾਂ ਨਹੀਂ ਜਾਣਦੇ, ਸਿਵਾਏ ਉਸ ਦੀ ਔਨਲਾਈਨ ਜਾਣਕਾਰੀ ਦੇ। ਇਸ ਲਈ, ਸਾਵਧਾਨੀ ਵਜੋਂ, ਤੁਹਾਨੂੰ ਮੀਟਿੰਗ ਲਈ ਇੱਕ ਜਨਤਕ ਥਾਂ ਦੀ ਚੋਣ ਕਰਨੀ ਚਾਹੀਦੀ ਹੈ।

ਤੁਹਾਨੂੰ ਆਪਣੇ ਪਰਿਵਾਰ ਜਾਂ ਦੋਸਤਾਂ ਨੂੰ ਵੀ ਇਸ ਬਾਰੇ ਸੂਚਿਤ ਕਰਨਾ ਚਾਹੀਦਾ ਹੈ ਕਿ ਤੁਸੀਂ ਕਿਸ ਨੂੰ ਮਿਲਣ ਜਾ ਰਹੇ ਹੋ।

ਇੱਕ ਵਾਰ ਜਦੋਂ ਤੁਹਾਨੂੰ ਕਿਸੇ ਉਮੀਦਵਾਰ ਦੀ ਪ੍ਰੋਫਾਈਲ ਪਸੰਦ ਆ ਜਾਂਦੀ ਹੈ ਜਾਂ ਤੁਸੀਂ ਉਸ ਨੂੰ ਆਪਣੇ ਲਈ ਇੱਕ ਯੋਗ ਵਿਅਕਤੀ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਉਸ ਵਿਅਕਤੀ ਕੋਲੋਂ ਕਈ ਸਵਾਲ ਪੁੱਛਣੇ ਚਾਹੀਦੇ ਹਨ।

ਤੁਹਾਨੂੰ ਉਸ ਵਿਅਕਤੀ ਨੂੰ ਜਿੰਨਾ ਹੋ ਸਕੇ ਸਮਝਣ ਲਈ ਬਹੁਤ ਸਾਰੇ ਸਵਾਲ ਪੁੱਛਣੇ ਚਾਹੀਦੇ ਹਨ, ਭਾਵੇਂ ਉਹ ਈਮੇਲ ਰਾਹੀਂ ਹੋਣ ਜਾਂ ਕਿਸੇ ਹੋਰ ਤਰੀਕੇ ਨਾਲ, ਜਾਂ ਉਸ ਨੂੰ ਮਿਲ ਕੇ।

ਇਹ ਸਮਝਣ ਲਈ ਕਿ ਦੂਜਾ ਵਿਅਕਤੀ ਤੁਹਾਨੂੰ ਜੋ ਕਹਿ ਰਿਹਾ ਹੈ ਉਹ ਸੱਚ ਹੈ ਜਾਂ ਕੁਝ ਹੋਰ ਹੈ, ਵੱਧ ਤੋਂ ਵੱਧ ਸਵਾਲ ਪੁੱਛਣਾ ਅਤੇ ਆਪਣੇ ਸਾਰੇ ਸ਼ੰਕਿਆਂ ਨੂੰ ਦੂਰ ਕਰਨਾ ਮਹੱਤਵਪੂਰਨ ਹੈ।

ਕਿਸੇ ਮੈਟਰੀਮੋਨੀਅਲ ਵੈੱਬਸਾਈਟ 'ਤੇ ਮਿਲਣ ਵਾਲੇ ਉਮੀਦਵਾਰ ਨਾਲ ਚੈਟਿੰਗ ਕਰਦੇ ਸਮੇਂ ਜਾਂ ਗੱਲਬਾਤ ਕਰਦੇ ਸਮੇਂ ਸਾਵਧਾਨ ਰਹਿਣਾ ਵੀ ਬਹੁਤ ਜ਼ਰੂਰੀ ਹੈ।

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜੇਕਰ ਦੂਜਾ ਵਿਅਕਤੀ ਕੋਈ ਨਿੱਜੀ ਜਾਣਕਾਰੀ ਮੰਗ ਰਿਹਾ ਹੈ, ਤਾਂ ਤੁਹਾਨੂੰ ਸਮੇਂ ਸਿਰ ਸਾਵਧਾਨ ਰਹਿਣਾ ਚਾਹੀਦਾ ਹੈ।

ਅਜਿਹੀ ਕਿਸੇ ਵੀ ਜਾਣਕਾਰੀ ਨੂੰ ਸਾਂਝਾ ਕਰਨ ਤੋਂ ਬਚਣਾ ਚਾਹੀਦਾ ਹੈ। ਦੂਜਾ ਵਿਅਕਤੀ ਤੁਹਾਡਾ ਨੰਬਰ, ਈਮੇਲ ਆਈਡੀ, ਪਤਾ, ਆਦਿ ਜਾਣਕਾਰੀ ਦੀ ਮੰਗ ਸਕਦਾ ਹੈ, ਪਰ ਸਾਨੂੰ ਦੂਜੇ ਵਿਅਕਤੀ ਨੂੰ ਕੀ ਦੱਸਣਾ ਹੈ, ਇਹ ਫ਼ੈਸਲਾ ਕਰਨ ਤੋਂ ਪਹਿਲਾਂ ਧਿਆਨ ਨਾਲ ਸੋਚਣਾ ਚਾਹੀਦਾ ਹੈ।

ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਬਚਣਾ ਚਾਹੀਦਾ ਹੈ ਜਦੋਂ ਤੱਕ ਤੁਹਾਡੇ ਕੋਲ ਦੂਜੇ ਵਿਅਕਤੀ ਦੇ ਪਿਛੋਕੜ ਜਾਂ ਹੋਰ ਚੀਜ਼ਾਂ ਬਾਰੇ ਪੂਰੀ ਜਾਣਕਾਰੀ ਨਾ ਹੋਵੇ।

ਔਨਲਾਈਨ ਅਪਰਾਧਾਂ ਵਿੱਚ, ਅਪਰਾਧੀ ਅਕਸਰ ਬਲੈਕਮੇਲ ਜਾਂ ਸ਼ੋਸ਼ਣ ਲਈ ਫੋਟੋਆਂ ਦੀ ਵਰਤੋਂ ਕਰਦੇ ਹਨ। ਕਿਸੇ ਵਿਅਕਤੀ ਦੀ ਫੋਟੋ ਤੋਂ ਅਪਮਾਨਜਨਕ ਫੋਟੋਆਂ ਬਣਾ ਕੇ ਜਾਂ ਨਿੱਜੀ ਫੋਟੋਆਂ ਰਾਹੀਂ ਬਦਨਾਮੀ ਦਾ ਡਰ ਦਿਖਾ ਕੇ ਸ਼ੋਸ਼ਣ ਕੀਤਾ ਜਾਂਦਾ ਹੈ।

ਇਸ ਲਈ, ਜੇਕਰ ਕਿਸੇ ਘੁਟਾਲੇਬਾਜ਼ ਨੇ ਤੁਹਾਡੇ ਨਾਲ ਇੱਕ ਜਾਅਲੀ ਪ੍ਰੋਫਾਈਲ ਰਾਹੀਂ ਸੰਪਰਕ ਕੀਤਾ ਹੈ, ਤਾਂ ਉਨ੍ਹਾਂ ਨੂੰ ਮੌਕਾ ਨਾ ਦੇਣ ਲਈ ਆਪਣੀਆਂ ਨਿੱਜੀ ਜਾਂ ਸੰਵੇਦਨਸ਼ੀਲ ਫੋਟੋਆਂ ਸ਼ੇਅਰ ਕਰੋ।

ਅਪਰਾਧੀ ਇਨ੍ਹਾਂ ਫੋਟੋਆਂ ਰਾਹੀਂ ਤੁਹਾਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ, ਜਾਂ ਇਹ ਖ਼ਤਰਾ ਹੈ ਕਿ ਤੁਹਾਡੀਆਂ ਕੁਝ ਅਪਮਾਨਜਨਕ ਫੋਟੋਆਂ ਇੰਟਰਨੈੱਟ 'ਤੇ ਲੀਕ ਹੋ ਸਕਦੀਆਂ ਹਨ। ਇਸ ਲਈ, ਫੋਟੋਆਂ ਖਿੱਚਣ ਵੇਲੇ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।

ਇਸ ਤਰ੍ਹਾਂ, ਕਿਸੇ ਨੂੰ ਵੀ ਵਿੱਤੀ ਲੈਣ-ਦੇਣ ਕਰਨ ਜਾਂ ਔਨਲਾਈਨ ਪਛਾਣੇ ਗਏ ਵਿਅਕਤੀ ਨੂੰ ਪੈਸੇ ਦੇਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਧੋਖਾਧੜੀ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ।

ਜੇਕਰ ਕੋਈ ਤੁਹਾਡੇ ਤੋਂ ਕਿਸੇ ਸਮੱਸਿਆ ਦਾ ਹਵਾਲਾ ਦੇ ਕੇ ਪੈਸੇ ਮੰਗਦਾ ਹੈ, ਤਾਂ ਸਮਝੋ ਕਿ ਇਸ ਵਿੱਚ ਕੁਝ ਸ਼ੱਕੀ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਤੁਹਾਨੂੰ ਉਸ ਵਿਅਕਤੀ ਨਾਲ ਹੋਰ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਦੇ ਸਮੇਂ ਬੇਹੱਦ ਸਾਵਧਾਨ ਰਹਿਣਾ ਚਾਹੀਦਾ ਹੈ।

ਜੇਕਰ ਅਜਿਹਾ ਕੁਝ ਹੁੰਦਾ ਹੈ, ਤਾਂ ਤੁਹਾਨੂੰ ਉਸ ਵਿਅਕਤੀ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਹੀ ਫ਼ੈਸਲਾ ਲੈਣਾ ਚਾਹੀਦਾ ਹੈ ਕਿ ਅੱਗੇ ਕੀ ਕਰਨਾ ਹੈ।

ਜੇਕਰ ਤੁਸੀਂ ਜੀਵਨ ਸਾਥੀ ਚੁਣਨ ਲਈ ਵਿਆਹ ਸੰਬੰਧੀ ਵੈੱਬਸਾਈਟਾਂ ਜਾਂ ਔਨਲਾਈਨ ਚੈਨਲਾਂ ਦੀ ਵਰਤੋਂ ਕਰ ਰਹੇ ਹੋ, ਤਾਂ ਤੁਹਾਨੂੰ ਜ਼ਰੂਰ ਐੱਨਆਰਆਈ ਪ੍ਰੋਫਾਈਲਾਂ ਮਿਲਣਗੀਆਂ। ਪਰ ਅਜਿਹੇ ਪ੍ਰੋਫਾਈਲਾਂ ਨਾਲ ਸੰਪਰਕ ਕਰਦੇ ਸਮੇਂ ਸਾਵਧਾਨ ਰਹਿਣਾ ਜ਼ਰੂਰੀ ਹੈ।

ਖ਼ਾਸ ਤੌਰ 'ਤੇ, ਅਜਿਹੇ ਪ੍ਰੋਫਾਈਲਾਂ ਅਤੇ ਔਨਲਾਈਨ ਗੱਲਬਾਤਾਂ ਨੂੰ ਸਿੱਧੇ ਤੌਰ 'ਤੇ ਦੇਖ ਕੇ ਕਿਸੇ ਵੀ ਤਰ੍ਹਾਂ ਦੇ ਵਾਅਦੇ ਜਾਂ ਭਰੋਸਾ ਦੇਣ ਤੋਂ ਬਚੋ।

ਵਿਆਹ ਜਾਂ ਕੋਈ ਹੋਰ ਵਾਅਦਾ ਆਹਮੋ-ਸਾਹਮਣੇ ਮਿਲੇ ਬਿਨਾਂ ਨਹੀਂ ਕਰਨਾ ਚਾਹੀਦਾ। ਸਬੰਧਤ ਉਮੀਦਵਾਰ ਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਕੰਮ ਬਾਰੇ ਪੂਰੀ ਜਾਣਕਾਰੀ ਹਾਸਿਲ ਕੀਤੇ ਬਿਨਾਂ ਕੋਈ ਵੀ ਹੋਰ ਕਦਮ ਚੁੱਕਣ ਤੋਂ ਬਚਣਾ ਚਾਹੀਦਾ ਹੈ।

ਜੇਕਰ ਉਨ੍ਹਾਂ ਨੇ ਵਿਦੇਸ਼ੀ ਪਤੇ ਜਾਂ ਕੋਈ ਜਾਣਕਾਰੀ ਦਿੱਤੀ ਹੈ, ਤਾਂ ਉਸ ਜਾਣਕਾਰੀ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨਾ ਵੀ ਬਹੁਤ ਜ਼ਰੂਰੀ ਹੈ।

ਅਜਿਹੀਆਂ ਸਾਵਧਾਨੀਆਂ ਵਰਤ ਕੇ, ਤੁਸੀਂ ਔਨਲਾਈਨ ਸਾਥੀ ਦੀ ਚੋਣ ਕਰਦੇ ਸਮੇਂ ਧੋਖਾਧੜੀ ਤੋਂ ਆਪਣੇ-ਆਪ ਨੂੰ ਬਚਾ ਸਕਦੇ ਹੋ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)